Bhagat Trilochan Ji
ਭਗਤ ਤ੍ਰਿਲੋਚਨ ਜੀ

Bhagat Trilochan (1267?-?) was born in village Barsi, near Sholapur in Maharashtra. Some scholars say that he was born in Uttar Pradesh and Marathi influence on the language of his hymns is due to his stay in Maharashtra. Trilochan was a contemporary and close friend of Bhagat Namdev (1270-1330). His four hymns are included in Sri Guru Granth Sahib.
ਭਗਤ ਤ੍ਰਿਲੋਚਨ ਜੀ (੧੨੬੭?-?) ਦਾ ਜਨਮ ਸ਼ੋਲਾਪੁਰ ਨੇੜੇ ਪਿੰਡ ਬਾਰਸੀ (ਮਹਾਰਾਸ਼ਟਰ) ਵਿਚ ਹੋਇਆ । ਕਈ ਵਿਦਵਾਨਾਂ ਅਨੁਸਾਰ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਸੰਤ ਗਿਆਨ ਦੇਵ ਨਾਲ ਮਹਾਰਾਸ਼ਟਰ ਚਲੇ ਗਏ, ਇਸ ਲਈ ਉਨ੍ਹਾਂ ਦੀ ਬੋਲੀ ਉੱਤੇ ਮਰਾਠੀ ਦਾ ਅਸਰ ਵਿਖਾਈ ਦਿੰਦਾ ਹੈ । ਉਹ ਸੰਤ ਨਾਮਦੇਵ ਜੀ ਸੇ ਸਮਕਾਲੀ ਅਤੇ ਦੋਸਤ ਸਨ । ਉਨ੍ਹਾਂ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ।

ਸ਼ਬਦ ਭਗਤ ਤ੍ਰਿਲੋਚਨ ਜੀ

1. ਸਿਰੀਰਾਗੁ ਤ੍ਰਿਲੋਚਨ ਕਾ

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥
ਦੂੜਾ ਆਇਓਹਿ ਜਮਹਿ ਤਣਾ ॥
ਤਿਨ ਆਗਲੜੈ ਮੈ ਰਹਣੁ ਨ ਜਾਇ ॥
ਕੋਈ ਕੋਈ ਸਾਜਣੁ ਆਇ ਕਹੈ ॥
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥
ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥
ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥
ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥
ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥
ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥92॥487॥

(ਮਨਿ=ਮਨ ਵਿਚ, ਆਗਲੜਾ=ਬਹੁਤਾ, ਜਰਾ=ਬੁਢੇਪਾ, ਬਿਗਸਹਿ=ਤੂੰ ਖਿੜਦਾ ਹੈਂ ।
ਕਮਲਾ ਜਿਉ=ਕਉਲ ਫੁੱਲ ਵਾਂਗ, ਜੋਹਹਿ=ਤਾੜਦਾ ਹੈਂ, ਦੂੜਾ ਆਇਓਹਿ=ਦੌੜੇ ਆ ਰਹੇ
ਹਨ, ਜਮਹਿ ਤਣਾ=ਜਮ ਦੇ ਪੁੱਤਰ,ਜਮਦੂਤ, ਤਿਨ ਆਗਲੜੈ=ਉਹਨਾਂ ਦੇ ਸਾਮ੍ਹਣੇ, ਸਾਜਣੁ=
ਸੰਤ ਜਨ, ਬਾਹੜੀ ਵਲਾਇ=ਗਲਵੱਕੜੀ ਪਾ ਕੇ, ਪੈ=ਵਿਚ, ਮੂਠਾ=ਠੱਗਿਆ ਹੋਇਆ, ਚੇਤਸਿ
ਨਾਹੀ=ਤੂੰ ਯਾਦ ਨਹੀਂ ਕਰਦਾ, ਬਿਖਮ ਘੋਰ ਪੰਥਿ=ਡਾਢੇ ਹਨੇਰੇ ਰਾਹ ਉਤੇ, ਰਵਿ=ਸੂਰਜ,
ਸਸਿ=ਚੰਦ, ਪ੍ਰਵੇਸੰ=ਦਖ਼ਲ, ਤਜੀਅਲੇ=ਛੱਡਿਆ, ਪੇਖੀਅਲੇ=ਵੇਖਿਆ ਹੈ, ਤਹ=ਉਥੇ, ਕਰ=
ਹੱਥਾਂ ਨਾਲ, ਦਲ ਕਰਨਿ=ਦਲ ਦੇਂਦੇ ਹਨ, ਜੇ ਕੋ=ਜਦੋਂ ਕੋਈ, ਮੂੰ=ਮੈਨੂੰ, ਵਣਿ=ਬਨ ਵਿਚ,
ਤ੍ਰਿਣਿ=ਤਿਨਕੇ ਵਿਚ, ਰਤੜਾ=ਰਵਿਆ ਹੋਇਆ ਹੈ,ਵਿਆਪਕ ਹੈ, ਐ ਜੀ ਰਾਮਈਆ=ਹੇ
ਸੋਹਣੇ ਰਾਮ ਜੀ!, ਬਦਤਿ=ਆਖਦਾ ਹੈ)

2. ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥
ਭਰਮੇ ਭੂਲੀ ਰੇ ਜੈ ਚੰਦਾ ॥
ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥
ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥
ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥
ਲਖ ਚਉਰਾਸੀਹ ਜਿਨ੍ਹ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥
ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥
ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥525-526॥

(ਅੰਤਰੁ=ਅੰਦਰਲਾ (ਮਨ), ਮਲਿ=ਮਲ ਵਾਲਾ, ਕੀਨਾ=ਕੀਤਾ, ਭੇਖ=ਧਾਰਮਿਕ
ਲਿਬਾਸ, ਉਦਾਸੀ=ਵਿਰਕਤ, ਹਿਰਦੈ ਕਮਲੁ ਨ ਚੀਨ੍ਹ੍ਹਾ=ਹਿਰਦੇ ਦਾ ਕਉਲ-ਫੁੱਲ
ਨਹੀਂ ਪਛਾਣਿਆ, ਘਟਿ=ਹਿਰਦੇ ਵਿਚ, ਚੀਨ੍ਹ੍ਹਿਆ=ਪਛਾਣਿਆ,ਪਰਮਾਨੰਦ=
ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਨੂੰ, ਪਿੰਡੁ=ਸਰੀਰ, ਬਧਾਇਆ=ਮੋਟਾ ਕਰ
ਲਿਆ, ਖਿੰਥਾ=ਗੋਦੜੀ, ਮਸਾਣ ਭੂਮਿ=ਉਹ ਧਰਤੀ ਜਿਥੇ ਮੁਰਦੇ ਸਾੜੀਦੇ ਹਨ,
ਭਸਮ=ਸੁਆਹ, ਤਤੁ=ਅਸਲੀਅਤ, ਕਾਇ=ਕਾਹਦੇ ਲਈ? ਜਪਹੁ=ਜਪ ਕਰਦੇ ਹੋ,
ਬਿਲੋਵਹੁ=ਰਿੜਕਦੇ ਹੋ, ਜਿਨਿ=ਜਿਸ (ਪ੍ਰਭੂ) ਨੇ, ਨਿਰਬਾਣੀ=ਵਾਸ਼ਨਾ-ਰਹਿਤ ਪ੍ਰਭੂ,
ਕਮੰਡਲੁ=ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ
ਪਾਸ ਰੱਖਦੇ ਹਨ,ਖੱਪਰ, ਕਾਪੜੀਆ=ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ
ਵਾਲਾ, ਕਣ=ਅੰਨ ਦੇ ਦਾਣੇ, ਅਠਸਠਿ=ਅਠਾਹਠ ਤੀਰਥ, ਬਦਤਿ=ਆਖਦਾ ਹੈ)

3. ਗੂਜਰੀ

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥526॥

(ਅੰਤਿ ਕਾਲਿ=ਅੰਤ ਦੇ ਵੇਲੇ, ਲਛਮੀ=ਮਾਇਆ, ਧਨ,
ਸਿਮਰੈ=ਚੇਤੇ ਕਰਦਾ ਹੈ, ਵਲਿ ਵਲਿ=ਮੁੜ ਮੁੜ,
ਅਉਤਰੈ=ਜੰਮਦਾ ਹੈ, ਅਰੀ ਬਾਈ=ਹੇ ਭੈਣ!, ਮਤਿ=
ਮਤਾਂ, ਸੂਕਰ=ਸੂਰ, ਬਦਤਿ=ਆਖਦਾ ਹੈ। ਮੁਕਤਾ=
ਮਾਇਆ ਦੇ ਬੰਧਨਾਂ ਤੋਂ ਆਜ਼ਾਦ, ਪੀਤੰਬਰੁ=
(ਪੀਤ+ਅੰਬਰ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ,
ਪਰਮਾਤਮਾ, ਵਾ ਕੇ=ਉਸ ਦੇ)

4. ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ੴ ਸਤਿਗੁਰ ਪ੍ਰਸਾਦਿ

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥
ਕੁਲ ਜਨ ਮਧੇ ਮਿਲ੍ਯ੍ਯਿੋ ਸਾਰਗ ਪਾਨ ਰੇ ॥
ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥
ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥
ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥
ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥
ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥
ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
ਕਰਮ ਕਰਿ ਖਾਰੁ ਮਫੀਟਸਿ ਰੀ ॥੪॥
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥
ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥
ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥695॥

(ਨਿੰਦਸਿ ਕਾਇ=ਤੂੰ ਕਿਉਂ ਨਿੰਦਦੀ ਹੈਂ, ਭੂਲੀ ਗਵਾਰੀ=ਹੇ ਭੁੱਲੀ ਹੋਈ ਮੂਰਖ
ਜੀਵ-ਇਸਤ੍ਰੀ, ਦੁਕ੍ਰਿਤੁ=ਪਾਪ, ਸੁਕ੍ਰਿਤੁ=ਕੀਤਾ ਹੋਇਆ ਭਲਾ ਕੰਮ, ਥਾਰੋ=ਤੇਰਾ,
ਸੰਕਰਾ ਮਸਤਕਿ=ਸ਼ਿਵ ਦੇ ਮੱਥੇ ਉਤੇ, ਸੁਰਸਰੀ=ਗੰਗਾ, ਮਧੇ=ਵਿਚ, ਮਿਲ੍ਯ੍ਯਿੋ=
ਆ ਕੇ ਮਿਲਿਆ,ਜੰਮਿਆ, ਸਾਰਗਪਾਨ=ਵਿਸ਼ਨੂੰ, ਕਰਮ ਕਰਿ=ਕੀਤੇ ਕਰਮਾਂ ਦੇ
ਕਾਰਨ, ਮਫੀਟਸਿ=ਨਾਹ ਫਿੱਟਿਆ,ਨਾਹ ਹਟਿਆ, ਬਿਸ੍ਵ=ਸਾਰਾ ਜਗਤ,
ਸੁਆਰਥੀ=ਸਾਰਥੀ,ਰਥਵਾਹੀ, ਪੰਖੀ ਰਾਇ=ਪੰਛੀਆਂ ਦਾ ਰਾਜਾ, ਚੇ=ਦੇ,
ਬਾਧਵਾ=ਰਿਸ਼ਤੇਦਾਰ, ਅਰੁਣ=ਪ੍ਰਭਾਤ,ਪਹੁ-ਫੁਟਾਲਾ, ਪੁਰਾਣਕ ਕਥਾ
ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ
ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ, ਪਾਤਿਕ=ਪਾਪ,
ਹਰਤਾ=ਨਾਸ ਕਰਨ ਵਾਲਾ, ਕਪਾਲੁ=ਖੋਪਰੀ, ਪੁਰਾਣਕ ਕਥਾ ਅਨੁਸਾਰ
ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ
ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ-ਹੱਤਿਆ ਹੋ ਗਈ,
ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ=
ਮੋਚਨ ਤੀਰਥ ਉਤੇ ਜਾ ਕੇ ਲੱਥੀ, ਸਸੀਅ=ਚੰਦ੍ਰਮਾ, ਧੇਨ=ਗਾਂ, ਕਲਪ ਤਰ=ਕਲਪ
ਰੁੱਖ,ਮਨੋ-ਕਾਮਨਾ ਪੂਰੀ ਕਰਨ ਵਾਲਾ ਰੁੱਖ, ਸਿਖਰਿ=ਲੰਮੇ ਕੰਨਾਂ ਵਾਲਾ ਸਤ-ਮੂੰਹਾ
ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ,
ਸੁਨਾਗਰ=ਬੜਾ ਸਿਆਣਾ ਧਨੰਤਰ ਵੈਦ, ਨਦੀ ਚੇ=ਨਦੀਆਂ ਦੇ, ਖਾਰੁ=ਖਾਰਾ-ਪਨ,
ਦਾਧੀਲੇ=ਸਾੜ ਦਿੱਤਾ, ਉਪਾੜੀਲੇ=ਪੁੱਟ ਦਿੱਤਾ, ਬਣੁ=ਬਾਗ਼, ਸਲਿ ਬਿਸਲਿ=ਸਲਿ=
ਸੱਲ,ਪੀੜ, ਬਿਸਲਿ=ਵਿਸ਼ੱਲ,ਦੂਰ ਕਰਨ ਵਾਲੀ, ਆਣਿ=ਲਿਆ ਕੇ, ਤੋਖੀਲੇ=ਖ਼ੁਸ਼
ਕੀਤਾ, ਕ੍ਰਿਤ=ਕੀਤਾ ਹੋਇਆ, ਪੂਰਬਲੇ=ਪਹਿਲੇ ਜਨਮ ਦਾ, ਘਰ ਗੇਹਣਿ=ਹੇ ਮੇਰੀ
ਜਿੰਦੇ! ਤਾ ਚੇ=ਤਾਂ ਤੇ, ਮੋਹਿ=ਮੈਂ)