Beparvahian : S.S.Charan Singh Shaheed

ਬੇਪਰਵਾਹੀਆਂ : ਚਰਨ ਸਿੰਘ ਸ਼ਹੀਦ


ਬੇਪਰਵਾਹੀਆਂ

ਮੈਨੂੰ ਕੀ ? ਜੇ ਨੈਣ ਕਿਸੇ ਦੇ ਸੁੰਦ੍ਰ, ਮਸਤ, ਮਤਵਾਲੇ ਨੇ ਹੋਣ ਪਏ, ਜੇ ਕੇਸ ਕਿਸੇ ਦੇ ਨਾਗ ਸ਼ੂਕਦੇ ਕਾਲੇ ਨੇ ਰੰਗ ਚੰਬੇਲੀ, ਬੁਲ੍ਹ ਗੁਲਾਬੀ, ਚਿਹਨ-ਚਕ੍ਰ ਅਣਿਆਲੇ ਨੇ ਮੈਨੂੰ ਕੀ ? ਜੇ ਹੱਥ ਕਿਸੇ ਦੇ ਕੋਮਲ ਕਮਲ ਨਿਰਾਲੇ ਨੇ ਦੁਨੀਆਂ ਪਾਗਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ ਦੱਸੋ ਭਲਾ, ਵੇਖ ਫੁਲ ਖਿੜਿਆ, ਕਯੋਂ ਤਰਸਾਂ ਲਲਚਾਵਾਂ ਮੈਂ ? ਭੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ ! ਕਯੋਂ ਬੂਟੇ ਵਿਚ ਹੱਥ ਮਾਰ ਕੇ, ਜ਼ਖ਼ਮ ਕੰਡੇ ਦਾ ਖਾਵਾਂ ਮੈਂ ? ਮੂਰਖ ਬਣਾਂ, ਮਖ਼ੌਲ ਕਰਾਵਾਂ, ਕਯੋਂ ਕਪੜੇ ਪੜਵਾਵਾਂ ਮੈਂ ? ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ ! ਅਸਾਂ ਆਪਣੀ ਬੇਪਰਵਾਹੀ ਦੀ ਕਯੋਂ ਸ਼ਾਨ ਗਵਾਣੀ ਹੈ ? ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ? ਕਰ ਕਰ ਯਾਦ 'ਕਿਸੇ' ਦਾ ਮੁਖੜਾ, ਜਾਨ 'ਆਪਣੀ' ਖੋਵਾਂ ਕਿਉਂ ? ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੁਰਾਂ, ਖਲੋਵਾਂ ਕਿਉਂ ? ਦਰਸ਼ਨ ਇਕ 'ਕਿਸੇ' ਦੇ ਖ਼ਾਤਰ, 'ਰਬ' ਦਾ ਅੱਝੀ ਹੋਵਾਂ ਕਿਉਂ ? ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ-ਦਿਲ ਹਥ ਤੇ ਲਈ ਫਿਰਾਂ ? ਹੰਕਾਰੀ ਦੇ ਠੁੱਡ ਖਾਣ ਨੂੰ, ਕਯੋਂ ਪੈਰੀਂ ਸਿਰ ਦਈ ਫਿਰਾਂ ? ਮੈਂ ਬੇਸ਼ਕ ਇਸ ਜਗ ਤੇ ਹਰ ਦਮ ਹਸਦਾ ਅਤੇ ਹਸਾਂਦਾ ਹਾਂ ਪਰ ਨਾ ਚਾਹ-ਸ਼ਿਕੰਜੇ ਅੰਦਰ ਆਪਣਾ ਦਿਲ ਕੁੜਕਾਂਦਾ ਹਾਂ ਫੁਲ ਦੀ ਖ਼ੁਸ਼ਬੂ ਨੂੰ ਹਾਂ ਸੁੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ ਕੋਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ ਮੇਰਾ ਦਿਲ ਹੈ ਮੇਰੇ ਵਸ ਵਿਚ, ਜਿੱਧਰ ਚਹਾਂ ਚਲਾਵਾਂ ਮੈਂ ਤਦੇ ਕਮਲ ਸਮ ਜਗ ਵਿਚ 'ਸੁਥਰਾ' ਬੇ-ਪਰਵਾਹ ਕਹਾਵਾਂ ਮੈਂ

ਮਾਤ ਬੋਲੀ ਪੰਜਾਬੀ

ਕਿਸੇ ਨੂੰ ਹੈ ਭੁੱਖ ਚੰਗੇ ਚੋਖੇ ਛੱਤੀ ਖਾਣਿਆਂ ਦੀ, ਕਿਸੇ ਨੂੰ ਹੈ ਇੱਛਾ ਸੇਜ ਸੋਣ੍ਹੀ ਪੋਲੀ ਪੋਲੀ ਦੀ । ਕਿਸੇ ਨੂੰ ਹੈ ਚਾਹ ਭੜਕੀਲੀਆਂ ਪੁਸ਼ਾਕੀਆਂ ਦੀ, ਕੋਈ ਚਾਹੇ ਮੌਜ ਰੋਜ਼ ਈਦ ਅਤੇ ਹੋਲੀ ਦੀ । ਕਿਸੇ ਨੂੰ ਹੈ ਲਾਲਸਾ ਹਕੂਮਤਾਂ ਯਾ ਲੀਡਰੀ ਦੀ, ਕਿਸੇ ਨੂੰ ਹੈ ਲੱਗੀ ਅੱਗ ਸੋਨੇ ਭਰੀ ਝੋਲੀ ਦੀ । ਕੋਈ ਕੁਝ ਸੋਚਦਾ ਹੈ ਕੋਈ ਕੁਝ ਬੋਚਦਾ ਹੈ ਮੈਂ ਹਾਂ ਸਦਾ ਲੋਚਦਾ ਤਰੱਕੀ ਮਾਤ ਬੋਲੀ ਦੀ । ਸ਼ੇਰ ਜਿਹਾ ਪੁੱਤ ਹਾਂ ਪੰਜਾਬੀ ਮਾਤਾ ਆਪਣੀ ਦਾ, ਕਿਵੇਂ ਦੇਖ ਸੱਕਾਂ ਮੈਂ ਪੰਜਾਬੀ ਖਾਕ ਰੋਲੀ ਦੀ । ਦੇਹੀ ਹੈ ਪੰਜਾਬੀ ਮਿੱਟੀ, ਖੂਨ ਹੈ ਪੰਜਾਬੀ ਜਲ, ਸਵਾਸ ਹੈ ਪੰਜਾਬੀ ਪੌਣ, ਰੋਟੀ ਇਸੇ ਭੋਲੀ ਦੀ । ਹਾਇ ! ਮੇਰੇ ਸਾਹਮਣੇ ਏ ਦੁਰਗਤੀ ਹੋਏ ਏਦ੍ਹੀ, ਰਾਣੀ ਮਾਲਕਾਣੀ ਤਾਈਂ ਜਗ੍ਹਾ ਮਿਲੇ ਗੋਲੀ ਦੀ । ਮੈਨੂੰ ਚੈਨ ਕਿਵੇਂ ਆਵੇ ? ਜਦੋਂ ਤੀਕ ਨਾਹਿ ਹੋਵੇ, ਮਾਤ ਭੂਮੀ ਵਿੱਚ ਬਾਦਸ਼ਾਹੀ ਮਾਤ ਬੋਲੀ ਦੀ । ਹਾਥੀ ਪੈਰ ਹੇਠ ਸਭੇ ਪੈਰ ਵਾਂਗ, ਸੱਭੇ ਗੁਣ, ਲੱਭਦੇ ਨੇ ਜਦੋਂ ਮਾਤ ਬੋਲੀ ਖਾਣ ਫੋਲੀ ਦੀ । ਧਰਮ, ਸ਼ਰਮ ਤੇ ਕਰਮ ਦਾ ਮਰਮ ਦੱਸੇ, ਨਾਲੇ ਦੱਸੇ ਕਿਵੇਂ ਜਿੰਦ ਵਤਨ ਤੋਂ ਹੈ ਘੋਲੀ ਦੀ । ਹੁੰਦੇ ਸਾਂ ਆਜ਼ਾਦ, ਬੀਰ, ਰਿਸ਼ੀ, ਰਾਜੇ, ਵਿੱਦਵਾਨ, ਜਾਚ ਸੀ ਰੂਹਾਨੀ ਯੋਗ ਕਰਮ-ਨਿਓਲੀ ਦੀ । ਖਾਧੇ ਗਏ ਦਿਮਾਗ ਸੁੱਕੇ ਜਿਸਮ, ਪੰਜਾਬੀਆਂ ਦੇ, ਜਦੋਂ ਦੀ ਹੈ ਲੱਗੀ ਏਥੇ ਸਿਓਂਕ ਗ਼ੈਰ ਬੋਲੀ ਦੀ । ਰੱਬ ਵੀ ਜੇ ਮਿਲੇ ਗੱਲਾਂ ਕਰਾਂ ਮੈਂ ਪੰਜਾਬੀ ਵਿੱਚ, ਪਾਯਾ ਕੀ ਹੈ ਹੋਰਨਾਂ ਦੀ ? ਗੱਲ ਨਾ ਠਠੋਲੀ ਦੀ । ਬਾਣੀ ਹੈ ਪੰਜਾਬੀ ਰਚੀ, ਗੁਰੂਆਂ ਪੰਜਾਬੀਆਂ ਨੇ, ਦੱਸਿਆ ਕਿ ਘੁੰਡੀ ਹੈ ਹਕੀਕੀ ਇਉਂ ਖੋਲ੍ਹੀ ਦੀ । ਆਰਫਾਂ, ਗਿਆਨੀਆਂ, ਫ਼ਕੀਰਾਂ, ਸੰਤਾਂ, ਸੂਫ਼ੀਆਂ ਨੇ, ਕਦਰ ਵਧਾਈ ਅਣਤੋਲੀ-ਅਣਮੋਲੀ ਦੀ । ਕਿਉਂ ਨਾ ਅਸੀਂ ਧੋਵੀਏ ਕਲੰਕ ਮੱਥੇ ਆਪਣੇ ਤੋਂ, ਕਿਉਂ ਨਾ ਅਸੀਂ ਲੋਚੀਏ ਤਰੱਕੀ ਮਾਤ ਬੋਲੀ ਦੀ । ਵਾਰ ਦਿਓ ਬੋਲੀਆਂ ਪੰਜਾਬੀ ਤੋਂ ਜਹਾਨ ਦੀਆਂ, ਕਰੋ ਪਰਵਾਹ ਨਾ ਵਿਰੋਧੀਆਂ ਦੀ ਟੋਲੀ ਦੀ । ਦੇਸ਼ ਦੀ ਖੁਸ਼ਹਾਲੀ ਕਦੀ ਹੋਇਗੀ ਨਾ ਖ਼ਾਬ ਵਿੱਚ, ਜਦੋਂ ਤੀਕ ਹੋਊ ਨਾ ਖੁਸ਼ਹਾਲੀ ਮਾਤ ਬੋਲੀ ਦੀ । ਵਧੇ ਚਲੋ 'ਸੁਥਰੇ' ਮਾਤ ਬੋਲੀ ਨੂੰ ਵਧਾਈ ਚੱਲੋ, ਸੁਣੇ ਨ ਕਬੋਲੀ ਬੋਲੀ ਕਿਸੇ ਹਮਜੋਲੀ ਦੀ । ਜੰਮੇਂ ਹਾਂ ਪੰਜਾਬ ਵਿੱਚ, ਮਰਾਂਗੇ ਪੰਜਾਬ ਵਿੱਚ, ਚਾਹੁੰਦੇ ਹਾਂ ਉਨਤੀ ਪੰਜਾਬੀ ਮਾਤ ਬੋਲੀ ਦੀ ।

ਚੌਧਰ ਦਾ ਝਗੜਾ

ਸ਼ਹਿਰ ਗਰਾਵਾਂ ਵਿੱਚ ਹੈ ਚੌਧਰ ਦਾ ਝਗੜਾ ! ਧੀਆਂ ਮਾਵਾਂ ਵਿੱਚ ਹੈ ਚੌਧਰ ਦਾ ਝਗੜਾ ! ਭੈਣ ਭਰਾਵਾਂ ਵਿੱਚ ਹੈ ਚੌਧਰ ਦਾ ਝਗੜਾ ! ਸੁਘੜ ਦਾਨਾਵਾਂ ਵਿੱਚ ਹੈ ਚੌਧਰ ਦਾ ਝਗੜਾ ! ਬੇਸ਼ੱਕ ਦੁੱਖ ਪੁਚਾਂਵਦਾ ਚੌਧਰ ਦਾ ਝਗੜਾ ! ਦਿਨ ਦਿਨ ਵਧਦਾ ਜਾਂਵਦਾ ਚੌਧਰ ਦਾ ਝਗੜਾ ! ਅਜਬ ਰੰਗ ਦਿਖਲਾਂਵਦਾ ਚੌਧਰ ਦਾ ਝਗੜਾ ! ਘੋਲ ਬੜੇ ਕਰਵਾਂਵਦਾ ਚੌਧਰ ਦਾ ਝਗੜਾ ! ਪਾਰਟੀਆਂ ਬਣਵਾਂਵਦਾ ਚੌਧਰ ਦਾ ਝਗੜਾ ! ਲੀਡਰੀਆਂ ਛੁਡਵਾਂਵਦਾ ਚੌਧਰ ਦਾ ਝਗੜਾ ! ਮੀਂਹ ਤੇ ਆਂਧੀ ਵਿੱਚ ਹੈ ਚੌਧਰ ਦਾ ਝਗੜਾ ! ਹਿੰਦੀ, ਪੰਜਾਬੀ, ਵਿੱਚ ਹੈ ਚੌਧਰ ਦਾ ਝਗੜਾ ! ਖ਼ਬਰੇ ਕਿਥੋਂ ਆ ਗਿਆ ਚੌਧਰ ਦਾ ਝਗੜਾ ! ਘਰ ਘਰ ਅੰਦਰ ਛਾ ਗਿਆ ਚੌਧਰ ਦਾ ਝਗੜਾ ! ਬੁਰਛਾ ਕਰ ਕਰ ਪਾੱਲਿਆ ਚੌਧਰ ਦਾ ਝਗੜਾ ! ਛੂਤ ਦਾ ਰੋਗ ਹੈ ਲਾ ਲਿਆ ਚੌਧਰ ਦਾ ਝਗੜਾ ! ਤੱਕਣ ਚਾਰ ਚੁਫੇਰ ਹੁਣ ਚੌਧਰ ਦਾ ਝਗੜਾ ! ਕਢਦੇ ਨਹੀਂ ਦਲੇਰ ਹੁਣ ਚੌਧਰ ਦਾ ਝਗੜਾ ! ਕੌਮੀ ਸ਼ਾਨ ਗਵਾ ਦਊ ਚੌਧਰ ਦਾ ਝਗੜਾ ! ਦੇਸ਼ ਭਗਤ ਰੁਲਵਾ ਦਊ ਚੌਧਰ ਦਾ ਝਗੜਾ ! ਭੁੱਖ ਨੰਗ ਵਧਵਾ ਦਊ ਚੌਧਰ ਦਾ ਝਗੜਾ ! ਠੂਠੇ ਹੱਥ ਫੜਾ ਦਊ ਚੌਧਰ ਦਾ ਝਗੜਾ ! ਕੁਝ ਨ ਕੁਝ ਬਸ ਕਰੂਗਾ ਚੌਧਰ ਦਾ ਝਗੜਾ ! ਮਾਰੂਗਾ ਜਾਂ ਮਰੂਗਾ ਚੌਧਰ ਦਾ ਝਗੜਾ ! ਜਿੰਨਾਂ ਚਿਰ ਨੇ ਚਲਦੀਆਂ ਗੰਦੀਆਂ ਅਖ਼ਬਾਰਾਂ ! ਜਿੱਚਰ ਕਰਨੀ ਲੀਡਰੀ ਹੈ ਟੁੱਕਰ ਗ਼ਦਾਰਾਂ ! ਜਿੱਚਰ ਆਪ ਸੁਵਾਰਥੀ ਲਾਵਣਗੇ ਵਾਰਾਂ ! ਉੱਚਰ ਗਿੱਦੜ ਖਾਣਗੇ ਸ਼ੇਰਾਂ ਦੀਆਂ ਮਾਰਾਂ ! ਉੱਚਰ ਰਹਿਸੀ ਸ਼ੂਕਦਾ ਚੌਧਰ ਦਾ ਝਗੜਾ ! ਰਹੂ ਕੌਮ ਨੂੰ ਫੂਕਦਾ ਚੌਧਰ ਦਾ ਝਗੜਾ ! ਚਾਹੋ ਕੌਮ ਬਚਾਵਣੀ ਤਾਂ ਬਹਿ ਜਾਓ ਰਲਕੇ ! ਦਾਣੇ ਵਾਂਗੂੰ ਛੱਡ ਸੀ ਨਹੀਂ ਝਗੜਾ ਦਲਕੇ ! ਅੱਖਾਂ ਵਿੱਚੋਂ ਪੈਣਗੇ ਸਭਨਾਂ ਦੇ ਡਲ੍ਹਕੇ ! ਪਿੱਟੋਗੇ ਦੋ ਹੱਥੜੀਂ ਫਿਰ ਬਹਿ ਕੇ ਭਲਕੇ ! ਵੈਰੀ ਹੈ ਲੀਹ ਲੱਜਦਾ ਚੌਧਰ ਦਾ ਝਗੜਾ ! ਕੌਮਾਂ ਨੂੰ ਨਹੀਂ ਸੱਜਦਾ ਚੌਧਰ ਦਾ ਝਗੜਾ !

ਪੌਲਿਸੀ

ਇਕ ਇੱਲੜ ਤੇ ਕਾਂ ਨੇ ਰਲਕੇ ਪਾਈ ਭਾਈ-ਵਾਲੀ । ਕਹਿਣ ਲਗੇ ਜੇ ਰਲ ਤੁਰੀਏ ਤਾਂ ਬੀਤੇ ਉਮਰ ਸੁਖਾਲੀ । ਕੀਤਾ ਏਹ ਸਮਝੌਤਾ 'ਜੋ ਕੁਝ ਲੱਭੇ ਖਾਣਾ ਦਾਣਾ । ਅੱਧੋ ਅੱਧ ਦੋਹਾਂ ਨੇ ਕਰਕੇ ਨਾਲ ਸੁਆਦਾਂ ਖਾਣਾ ।' ਕੁਝ ਦਿਨ ਨਿਭਦੀ ਰਹੀ ਇਸ ਤਰ੍ਹਾਂ, ਨਿਸਫਾ ਨਿਸਫ ਵੰਡਾਂਦੇ । ਚੈਨ ਨਾਲ ਢਿਡ ਭਰਦੇ ਖਾਂਦੇ, ਦਿਨ ਦਿਨ ਪ੍ਰੇਮ ਵਧਾਂਦੇ । ਇਕ ਦਿਨ ਜਖ਼ਮੀ ਲੂੰਬੜ ਡਿੱਠਾ, ਬਿਸਮਿਲ, ਭੁੱਖਾ-ਭਾਣਾ । ਦੋਵੇਂ ਲਗੇ ਸਵਾਰਨ ਚੁੰਝਾਂ, ਰਜਵਾਂ ਮਿਲਿਆ ਖਾਣਾ । ਕੀਤੀ ਵੰਡ ਸੀਸ ਤੋਂ ਲੱਕ ਤਕ, ਕਊਆ ਸਾਹਿਬ ਖਾਸਣ । ਪੈਰੋਂ ਲਕ ਤਕ ਬਾਕੀ ਅੱਧਾ, ਇੱਲੜ ਹੁਰੀਂ ਉਡਾਸਣ । ਲੂੰਬੜ ਮਰਦੇ ਮਰਦੇ ਨੇ ਭੀ ਸੋਚੀ ਅਜਬ ਚਲਾਕੀ । ਕਹਿਣ ਲਗਾ 'ਓ ਸਜਣੋਂ, ਮੈਨੂੰ ਜੀਵਨ-ਹਵਸ ਨਾ ਬਾਕੀ । ਐਪਰ ਸਦਾ ਸਮਝਦਾ ਮੈਂ ਸਾਂ, ਕੌਮ ਇੱਲ ਦੀ ਉੱਚੀ । ਸਿਰ ਦਾ ਪਾਸਾ ਇੱਲ ਨੂੰ ਚਾਹੀਏ, ਏਹ ਖੁਰਾਕ ਏ ਸੁੱਚੀ । ਇੱਲ ਬਲਵਾਨ, ਕੌਮ ਭੀ ਤਕੜੀ, ਨਾਲੇ ਉਮਰ ਵਡੇਰੀ । ਓ ਕਊਏ, ਤੂੰ ਸਿਰ ਵਲ ਝਾਕੇਂ, ਕੀ ਹਸਤੀ ਹੈ ਤੇਰੀ ?' ਸੁਣ ਵਡਿਆਈ, ਇੱਲ ਭੜਕਿਆ, ਕਾਂ ਭੀ ਜੋਸ਼ 'ਚ ਆਯਾ । ਲੜ ਮੋਏ, ਲੂੰਬੜ ਨੇ ਦੋਵੇਂ, ਖਾ ਕੇ ਜ਼ੋਰ ਵਧਾਯਾ । ਇਸੇ ਤਰ੍ਹਾਂ ਹੀ ਇੱਲ-ਕਊਏ ਸਮ, ਭਾਰਤਵਾਸੀ ਲੜਦੇ । ਬੇਮਤਲਬ ਵਡਿਆਈ ਅਗ ਵਿਚ 'ਸੁਥਰੇ' ਐਵੇਂ ਸੜਦੇ । (ਬਿਸਮਿਲ=ਘਾਇਲ)

ਬਣ ਗਏ

ਮਜ਼ਦੂਰਾਂ ਦੇ ਲਹੂ ਚੂਸ, ਪੂੰਜੀਦਾਰ ਬਣ ਗਏ । ਕਮਜ਼ੋਰਾਂ ਦੇ 'ਸਿਰ' ਤੋੜ ਕੇ 'ਸਿਰਦਾਰ' ਬਣ ਗਏ । ਕੀ, ਪ੍ਰੀਤਮਾਂ ਸੁੰਦਰ-ਮੁੱਖਾਂ ਨੂੰ ਆਖੀਏ ਯਾਰੋ, 'ਦਿਲ' ਪ੍ਰੇਮੀਆਂ ਦੇ ਖੋਹ ਕੇ ਜੋ 'ਦਿਲਦਾਰ' ਬਣ ਗਏ । ਦਿਨ ਰਾਤ ਬੈਲ ਵਾਂਗ ਢੋਂਦੇ ਭਾਰ ਨੇ 'ਪਤੀ' ਕਿਆ ਚਾਰ ਫੇਰਿਆਂ ਦੇ ਗੁਨਹਗਾਰ ਬਣ ਗਏ । ਹੈ ਕੀ ਸਬਬ ਕਿ ਸਾਡੇ ਤੋਂ ਰਹਿੰਦੇ ਹੋ ਦੂਰ ਦੂਰ ? ਕੁਝ ਖੋਹ ਲਵਾਂਗੇ ? ਐਡੇ ਬੇ-ਇਤਬਾਰ ਬਣ ਗਏ । ਜਦ ਅਸੀਂ ਸਾਂ ਗੁਲਾਮ, ਤੁਸੀਂ ਰਹੇ ਬੇ-ਵਫ਼ਾ, ਤੋੜੀ ਅਸਾਂ, ਤਾਂ ਤੁਸੀਂ ਵਫ਼ਾਦਾਰ ਬਣ ਗਏ । ਥੂ, ਸ਼ੇਮ, ਧ੍ਰਿਗ ਹੈ ਜ਼ਿੰਦਗੀ ਖ਼ੁਦਗ਼ਰਜ਼ਾਂ, ਉਨ੍ਹਾਂ ਦੀ, ਜਿੱਥੇ ਤਵਾ-ਪਰਾਤ ਦੇਖੇ, ਯਾਰ ਬਣ ਗਏ । ਕੈਸੀ ਆਸਾਨ ਮੌਜ ਹੈ ਰਬ ਜੀ ਨੂੰ ਮਿਲ ਗਈ, ਬਸ 'ਕੁਨ' ਕਿਹਾ ਤੇ ਜਗਤ ਦੇ ਕਰਤਾਰ ਬਣ ਗਏ । ਸਭ ਤੋਂ ਸੁਖਾਲਾ ਪੇਸ਼ਾ ਹੈ ਇਹ ਵੇਹਲਿਆਂ ਲਈ, ਪਕੜੀ ਕਲਮ ਤੇ ਅਡੀਟਰ ਅਖ਼ਬਾਰ ਬਣ ਗਏ । ਕੀ ਆ ਗਿਆ ਹਨੇਰ ? ਜੇ ਥੋਡਾ ਹੈ ਚਿਟਾ ਚੰਮ ? ਬਸ ਏਨੀ ਗੱਲ ਤੇ ਏਤਨੇ ਹੰਕਾਰ ਬਣ ਗਏ ? ਮੈਥੋਂ ਪੁੱਛੋ ਤਾਂ ਚੂਹੇ ਨੇ ਸਭ ਦੁਨੀਆਂ ਦੇ ਅਮੀਰ, 'ਜ਼ਰ' ਕੁਤਰ ਕੁਤਰ ਹੋਰਾਂ ਦਾ 'ਜ਼ਰਦਾਰ' ਬਣ ਗਏ । ਅਪਨੀ ਵਲੋਂ ਵਿਛਾਈ ਸੀ ਫੁੱਲਾਂ ਦੀ ਸੇਜ ਮੈਂ, ਜਦ ਲੇਟਿਆ, ਤਾਂ ਫੁੱਲ ਤਿੱਖੇ ਖ਼ਾਰ ਬਣ ਗਏ । ਹੁੰਦੇ ਕਦੀ ਸਨ ਯਾਰ, ਯਾਰਿ-ਗ਼ਾਰ 'ਸੁਥਰਿਆ' ਅਜ ਕਲ ਦੇ ਤਾਂ ਹਨ ਯਾਰ, ਯਾਰ-ਮਾਰ ਬਣ ਗਏ ।

ਨਖ਼ਰੇ ਤੋੜੂ ਗ਼ਜ਼ਲ

ਜੇ ਰੁਸਦੇ ਹੋ ਤਾਂ ਰੁਸ ਜਾਓ, ਅਸਾਡਾ ਕੀ ਵਿਗਾੜੋਗੇ ? ਜੇ ਹਾਂਡੀ ਵਾਂਗ ਉਬਲੋਗੇ ਤਾਂ ਕੰਢੇ ਅਪਨੇ ਸਾੜੋਗੇ । ਏਹ ਠੁੱਡੇ ਆਪਦੇ ਤਦ ਤੀਕ ਹਨ, ਜਦ ਤਕ ਮੈਂ ਨਿਰਧਨ ਹਾਂ, ਕਿਤੋਂ ਧਨ ਮਿਲ ਗਿਆ ਮੈਨੂੰ, ਤਾਂ ਮੇਰੇ ਬੂਟ ਝਾੜੋਗੇ । ਪਾਪੀ ਹੀ ਸਮਝੇ ਜਾਓਗੇ, ਜੇ ਚੰਚਲਤਾ ਤੁਸੀਂ ਕਰ ਕੇ, ਮਿਰੇ 'ਆਸ਼ੋਕ ਬਨ' ਮਨ ਦੇ ਤੁਸੀਂ ਬੂਟੇ ਉਖਾੜੋਗੇ । ਜੁੜੇ, ਕੁਝ ਚਿਰ ਨਾ, ਰਬ ਕਰਕੇ, ਤੁਹਾਨੂੰ ਪਾਰਸੀ ਚਪਲੀ, ਮਿਰੇ ਜਿਹੇ ਹੋਰ ਕਈਆਂ ਦੇ, ਪਏ ਹਿਰਦੇ ਲਤਾੜੋਗੇ । ਹੋ ਐਡੇ ਹੋ ਗਏ, ਪਰ ਸੂਝ ਤਾਂ ਬੰਦੇ ਦੀ ਕੁਝ ਆਂਦੀ, ਹੁਸਨ-ਹੰਕਾਰ ਦੇ ਨਸ਼ਿਓ, ਕਦੋਂ ਅੱਖਾਂ ਉਘਾੜੋਗੇ ? ਹੈ ਬਿਹਤਰ, ਨਾ ਬਣੋ ਸੰਵਰੋ, ਕਰੋਗੇ ਜ਼ੁਲਮ ਹੀ ਸਜ ਕੇ ਕਿਸੇ ਦਾ ਦਿਲ ਵਿਗਾੜੋਗੇ, ਕਿਸੇ ਦਾ ਘਰ ਉਜਾੜੋਗੇ । ਮੈਂ ਸਮਝਾਂਗਾ ਕਿ ਪਿਛਲੇ ਜਨਮ ਦੇ ਬਘਿਆੜ ਹੋ ਸਾਹਿਬ, ਮਿਰਾ ਜੇ ਕਾਲਜਾ, ਨਿਰਦੋਸ਼ ਬਕਰੀ ਵਾਂਗ, ਫਾੜੋਗੇ । ਨ ਵਹਿਸ਼ੀ ਸ਼ੇਰ ਭੀ, ਅੱਗੇ ਪਏ ਨੂੰ, ਹੈ ਕਦੀ ਖਾਂਦਾ, ਅਸੀਂ ਕੀਤਾ ਹੈ ਸੱਤਯਾਗ੍ਰਹਿ, ਕੀ ਹੁਣ ਭੀ ਕ੍ਰੋਧ ਝਾੜੋਗੇ ? ਜਵਾਨੀ ਚਾਰ ਦਿਨ, ਕਹਿੰਦੇ ਨੇ ਗਧਿਆਂ ਤੇ ਭੀ ਔਂਦੀ ਹੈ, ਜ਼ਰਾ ਦੋ ਦੰਦ ਜਦ ਉਖੜੇ, ਨ ਸ਼ੇਰਾਂ ਵਾਂਗ ਧਾੜੋਗੇ । ਬਿਤਰਸੋ, ਦੂਤੀਓ, ਹੁਣ ਤਾਂ ਸ਼ਰਾਰਤ ਦੀ ਛੁਰੀ, ਛੱਡੋ, ਦਿਲਾਂ ਦੇ ਮਿਲਦਿਆਂ ਨੂੰ, ਕਦੋਂ ਤਕ ਚੀਰੋਗੇ, ਪਾੜੋਗੇ । ਜ਼ਰਾ ਸੋਚੋ, ਕਿ ਦੁਨੀਆਂ ਕਹੇਗੀ ਨਾ ਆਪ ਨੂੰ ਭੰਗੀ ਜੇ ਫੜ ਕੇ ਜੀਭ ਦਾ ਝਾੜੂ, ਸਦਾ ਮੈਨੂੰ ਪੈ ਝਾੜੋਗੇ । ਹੈ ਹੁਣ ਤਾਂ ਲਲਚਿਆ ਹੋਯਾ, ਤੁਹਾਨੂੰ ਤਾੜਦਾ 'ਸੁਥਰਾ' ਢਲੂ ਜੋਬਨ, ਤਾਂ ਮੂੰਹ ਚੁਕ ਚੁਕ, ਤੁਸੀਂ 'ਸੁਥਰੇ' ਨੂੰ ਤਾੜੋਗੇ ।

ਚੌਧਰ

ਦੁਆਵਾਂ ਮੰਗਦਾ ਸੀ ਜਣਾ ਇਕ ਹਰ ਰੋਜ਼ ਰਬ ਕੋਲੋਂ ਵਡਾਈ ਬਖ਼ਸ਼ ਦੇ ਮੈਨੂੰ ਮਿਰੇ ਕਰਤਾਰ ਚੌਧਰ ਦੀ ! ਬਿਠਾਵਣ ਲੋਕ ਮੈਨੂੰ ਆਪਣੇ ਹਰ ਕੰਮ ਵਿਚ ਅੱਗੇ, ਦਖ਼ਲ ਦੇਵਾਂ ਮੈਂ ਹਰ ਥਾਂ ਬੰਨ੍ਹ ਕੇ ਦਸਤਾਰ ਚੌਧਰ ਦੀ ! ਕੋਈ ਸ਼ਾਦੀ, ਗ਼ਮੀ, ਜਲਸਾ, ਕਮੇਟੀ, ਚੋਣ ਜਦ ਹੋਵੇ, ਦਿਖਾਵੇ ਸ਼ਾਨ ਦੋਧਾਰੀ ਮਿਰੀ ਤਲਵਾਰ ਚੌਧਰ ਦੀ ! ਖ਼ੁਸ਼ਾਮਦ ਕਰਨ, ਨਾਲ ਡਰਨ, ਪਾਣੀ ਭਰਨ ਸਭ ਲੋਕੀਂ ਲੁਟਾ ਦੇ ਮੌਜ ਦਾਤਾ ਉਮਰ ਵਿਚ ਇਕ ਵਾਰ ਚੌਧਰ ਦੀ ! ਸੀ ਨੇੜੇ ਚੌਧਰੀ ਇਕ ਲੰਘਦਾ, ਸੁਣ ਬੋਲਿਆ ਸੜ ਕੇ ਓਏ ਮੂਰਖ ਪਿਆ ਮੰਗੇਂ ਏ ਕਯੋਂ ਬੇਗਾਰ ਚੌਧਰ ਦੀ ਜ਼ਰਾ ਤਕ ਲੈ ਅਸਾਡਾ ਹਾਲ, ਜੇ ਅੱਖਾਂ ਨੀ ਮੱਥੇ ਤੇ, ਨਜ਼ਰ ਹੈ ਸਾਫ਼ ਮੂੰਹ ਤੋਂ ਆਂਵਦੀ ਫਿਟਕਾਰ ਚੌਧਰ ਦੀ ! ਕੋਈ ਆਖੇ ਉਚੱਕਾ ਚੋਰ, ਚਹੁੰ ਜਣਿਆਂ ਦੀ ਰੰਨ ਕੋਈ, ਕੋਈ ਕਹਿ ਫੁੱਟਦੀ ਹਾਂਡੀ ਸਰੇ ਬਾਜ਼ਾਰ ਚੌਧਰ ਦੀ ਨ ਪੱਲੇ ਕੱਖ ਪੈਂਦਾ ਹੈ, ਬਿਨਾਂ ਨਿੰਦਾ ਮੁਕਾਲਕ ਦੇ, ਹੈ ਬੇੜੀ ਡੋਬਦੀ ਆਖ਼ਰ ਸਦਾ ਵਿਚਕਾਰ ਚੌਧਰ ਦੀ ! ਜੂਏ ਦੀ ਹਾਰ ਤੋਂ ਵਧ ਸੌ ਗੁਣਾਂ ਹੈ ਹਾਰ ਚੌਧਰ ਦੀ ਰੰਡੀ ਦੀ ਖ਼ਾਰ ਤੋਂ ਹੈ ਲੱਖ ਗੁਣਾਂ ਵਧ ਖ਼ਾਰ ਚੌਧਰ ਦੀ ! ਦਵਾਈ ਲੱਖ ਹੈ ਤਪਦਿੱਕ ਹੈਜ਼ੇ, ਸੂਲ ਗਿਲਟੀ ਦੀ ਮਗਰ ਅਜ ਤਕ ਨਹੀਂ ਹੋਈ ਦਵਾ ਤੱਯਾਰ ਚੌਧਰ ਦੀ ਖ਼ੁਦਾ ਏਹ ਤੌਕ ਲਾਨਤ ਦਾ ਕਿਸੇ ਦੇ ਗਲ ਨਾ ਪਾ ਦੇਵੇ ਭਲੇ ਲੋਕਾ ! ਜਗਤ ਉੱਤੇ ਹੈ ਮਿੱਟੀ ਖ਼ਵਾਰ ਚੌਧਰ ਦੀ !' ਸ਼ੁਕਰ 'ਸੁਥਰੇ' ਨੇ ਕੀਤਾ ਰੱਬ ਦਾ ਤੇ ਫ਼ਖ਼ਰ ਕਿਸਮਤ ਦਾ ਨਹੀਂ ਢੋਈ ਕਦੀ ਹੋਈ ਮਿਰੇ ਦਰਬਾਰ ਚੌਧਰ ਦੀ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ