Beera Ji
ਬੀਰਾ ਜੀ

ਨਾਂ-ਕਬੀਰੁੱਦੀਨ ਭੱਟੀ, ਕਲਮੀ ਨਾਂ-ਬੀਰਾ ਜੀ,
ਪਿਤਾ ਦਾ ਨਾਂ-ਮੁਹੰਮਦ ਅਕਬਰ ਭੱਟੀ,
ਜਨਮ ਤਾਰੀਖ਼-1 ਮਾਰਚ 1946,
ਜਨਮ ਸਥਾਨ-ਗਲੀ ਨੰਬਰ 2, ਮਕਾਨ ਨੰਬਰ 6 ਮੀਆਂਮੀਰ ਲਾਹੌਰ,
ਵਿਦਿਆ- ਬੀ. ਏ., ਕਿੱਤਾ-ਵਪਾਰ (ਕਾਰ ਡੀਲਰੀ),
ਛਪੀਆਂ ਕਿਤਾਬਾਂ-ਤੀਜੀ ਅੱਖ ਦਾ ਸੁਫ਼ਨਾ (ਗ਼ਜ਼ਲ ਪਰਾਗਾ), ਤਰੇਲ ਦਾ ਸੇਕ (ਗ਼ਜ਼ਲ ਪਰਾਗਾ), ਅੱਖਰਾਂ ਦੇ ਲਾਂਬੂ (ਪੰਜਾਬੀ ਨਜ਼ਮਾਂ), ਤੇਰੀਆਂ ਤਾਂਘਾਂ (ਨਾਅਤਾਂ, ਹਮਦਾਂ), ਸਾਡੇ ਸੀਨੇ ਸਾੜ੍ਹ (ਆਜ਼ਾਦ ਨਜ਼ਮਾਂ),
ਪਤਾ-ਈ 17, ਫ਼ਾਰੂਕ ਕਾਲੋਨੀ, ਵਾਲਟਨ ਰੋਡ, ਲਾਹੌਰ ਕੈਂਟ ।

ਪੰਜਾਬੀ ਗ਼ਜ਼ਲਾਂ (ਤਰੇਲ ਦਾ ਸੇਕ 1993 ਵਿੱਚੋਂ) : ਬੀਰਾ ਜੀ

Punjabi Ghazlan (Trel Da Sek 1993) : Beera Ji



ਸਭ ਤੋਂ ਵੱਡੀ ਓਸੇ ਦੀ ਫ਼ਨਕਾਰੀ ਏ

ਸਭ ਤੋਂ ਵੱਡੀ ਓਸੇ ਦੀ ਫ਼ਨਕਾਰੀ ਏ । ਜਿਸ ਨੇ ਆਪੇ ਆਪਣੀ ਨਕਲ ਉਤਾਰੀ ਏ । ਮੈਂ ਦੁੱਖਾਂ ਵਿਚ ਖ਼ਵਰੇ ਬਹੁਤਾ ਘਿਰਿਆ ਵਾਂ, ਮੇਰੇ ਸਿਰ ਦੀ ਭੁਚਕੀ ਸਭ ਤੋਂ ਭਾਰੀ ਏ । ਸਾਰੇ ਡਾਕੂ ਸ਼ਹਿਰਾਂ ਦੇ ਵਿਚ ਆ ਗਏ ਨੇ, ਧਰਤੀ ਦਾ ਸੱਜਣ ਬਸ ਇਕ ਪਟਵਾਰੀ ਏ । ਨਵੇਂ ਨਵੇਂ ਨਿੱਤ ਰੋਜ਼ ਤਮਾਸੇ ਵਿਹੰਣੇ ਆਂ, ਹਰ ਬੰਦਾ ਹੁਣ ਸ਼ਹਿਰਾਂ ਵਿਚ ਮਦਾਰੀ ਏ । ਜੰਗਲ ਦੇ ਵਿਚ ਬਚਣਾ ਪੈਂਦੈ ਬੰਦੇ ਨੂੰ, ਸ਼ਹਿਰੀ ਬੰਦਾ ਆਪਣੇ ਆਪ ਸ਼ਿਕਾਰੀ ਏ । ਸੱਚੇ ਦੀ ਕੋਈ ਗੱਲ ਵੀ ਐਥੇ ਸੁਣਦਾ ਨਈਂ, ਝੂਠੇ ਦੇ ਨਾਲ ਸਾਰੇ ਪਿੰਡ ਦੀ ਯਾਰੀ ਏ । ਇਕ ਦਿਨ ਉਸ ਨੇ ਮੇਰੇ ਉੱਤੇ ਡਿਗਣਾ ਏ, ਚਾਵਾਂ ਦੇ ਨਾਲ ਜਿਹੜੀ ਕੰਧ ਉਸਾਰੀ ਏ । ਸੱਚ ਦਾ ਸਾਥੀ ਮੈਂ ਕਿਸਰਾਂ ਬਣ ਸਕਣਾ ਵਾਂ, ਮੈਨੂੰ ਵੀ ਤੇ ਆਪਣੀ ਜਾਨ ਪਿਆਰੀ ਏ । ਮਰਨ ਬਹਾਨੇ ਸਾਰੀਆਂ ਖੇਡਾਂ ਬੀਰਾ ਜੀ, ਓਸ ਦਿਹਾੜੇ ਪੁਗਣਾ ਜਿਸ ਦਿਨ ਵਾਰੀ ਏ ।

ਲੋਕਾਂ ਚਿਹਰਿਆਂ ਉੱਤੇ ਚਾੜ੍ਹੇ

ਲੋਕਾਂ ਚਿਹਰਿਆਂ ਉੱਤੇ ਚਾੜ੍ਹੇ ਨਵੇਂ ਉਛਾੜ । ਘਰ ਦੀ ਕੋਹਝੀ ਕੰਧ ਲੁਕਾਉਂਦੀ ਜਿਸਰਾਂ ਵਾੜ । ਅਫ਼ਸਰ ਸ਼ਾਹੀ ਵਿਚ ਵੀ ਇੱਜ਼ਤ ਲੱਭ ਜਾਂਦੀ, ਰਿਸ਼ਵਤ ਵਾਲੀ ਜੇ ਨਾ ਪਾਈਏ ਆਪ ਦਰਾੜ । ਸੀਤਾ ਸੀ ਜੇ ਪਿਆਰ ਦਾ ਚੋਲਾ ਲੈਲਾ ਨੇ, ਆਪਣਾ ਗਲਮਾ ਮਜਨੂੰ ਲੀਤਾ ਆਪੇ ਪਾੜ । ਤੇਰੇ ਹੱਥ ਜੇ ਮਾਲੀ ਡਾਂਗ ਫੜਾ ਦਿੱਤੀ, ਐਵੇਂ ਸੰਘਣੇ ਰੁੱਖਾਂ ਤੋਂ ਨਾ ਪੱਤੇ ਝਾੜ । ਦੁਖ ਦਰਦਾਂ ਪੀੜਾਂ ਦਾ ਦਾਰੂ ਹੋ ਸਕਦੈ, ਆਪਣਾ ਜੁੱਸਾ ਆਪਣੇ ਲਹੂ ਵਿਚ ਤੇ ਨਾ ਕਾੜ੍ਹ । ਲੋਕ ਨਿਮਾਣੇ ਜੰਗਲ ਵਾਸੀ ਲਗਦੇ ਨੇ, ਭਰਿਆਂ ਸ਼ਹਿਰਾਂ ਵਿਚ ਦਿਸਦੀ ਏ ਜਦੋਂ ਉਜਾੜ । ਅੱਗਾਂ ਕਿਸਰਾਂ ਪਹੁੰਚਣ ਉਹਦੇ ਮਹਿਲਾਂ ਤੀਕ, ਪਹਿਲਾਂ 'ਬੀਰਾ ਜੀ' ਤੂੰ ਉਹਦੇ ਖ਼ਤ ਤੇ ਸਾੜ ।

ਭਾਵੇਂ ਸਾਰੇ ਰਹਿੰਦੇ ਅੱਕੇ ਸੱਜਣਾਂ ਤੋਂ

ਭਾਵੇਂ ਸਾਰੇ ਰਹਿੰਦੇ ਅੱਕੇ ਸੱਜਣਾਂ ਤੋਂ । ਫੇਰ ਵੀ ਦੂਰ ਨਾ ਰਹਿੰਦੇ ਸਕੇ ਸੱਜਣਾਂ ਤੋਂ । ਦਰਿਆਵਾਂ ਦੇ ਹੜ੍ਹ ਨੂੰ ਕਿਹੜਾ ਡੱਕੇਗਾ, ਸੱਜਣ ਤੇ ਨਈਂ ਜਾਂਦੇ ਡੱਕੇ ਸੱਜਣਾਂ ਤੋਂ । ਲਹੂ ਦੇ ਸਾਕ ਵੀ ਲੋੜਾਂ ਨੇ ਡੰਗ ਲੀਤੇ ਨੇ, ਗ਼ੈਰਾਂ ਦੇ ਅੱਜ ਰਿਸ਼ਤੇ ਪੱਕੇ ਸੱਜਣਾਂ ਤੋਂ । ਕਦੀ ਕਦੀ ਜਰ ਲੈਂਦੇ ਨੇ ਗੱਲ ਕੌੜੀ ਵੀ, ਚੰਗੇ ਨੇ ਅੱਜ ਚੋਰ ਉਚੱਕੇ ਸੱਜਣਾਂ ਤੋਂ । ਆਪੇ ਜਰੀਆਂ ਲੰਮੀਆਂ ਭੁੱਖਾਂ 'ਬੀਰਾ ਜੀ', ਆਪੇ ਚਿੜ ਕੇ ਮੋਹਰੇ ਫੱਕੇ ਸੱਜਣਾਂ ਤੋਂ ।

ਕਾਲ ਹਨੇਰਾ ਉੱਤੋਂ ਆਇਆ

ਕਾਲ ਹਨੇਰਾ ਉੱਤੋਂ ਆਇਆ ਕੁੱਖਾਂ ਜੋਗਾ । ਧਰਤੀ ਉੱਤੇ ਸਾਰਾ ਦੁੱਖ ਮਨੁੱਖਾਂ ਜੋਗਾ । ਜਿਹੜਾ ਵੀ ਸੱਚ ਬੋਲੇਗਾ ਇਸ ਧਰਤੀ ਉੱਤੇ, ਉਹ ਕੱਲਾ ਰਹਿ ਜਾਵੇਗਾ ਫਿਰ ਭੁੱਖਾਂ ਜੋਗਾ । ਦੁੱਖਾਂ ਦੇ ਸਿਰ ਨਾਵੇਂ ਦੇ ਨਾਲ ਬਣੀ ਹਿਆਤੀ, ਇਕ ਪਲ ਵੀ ਨਾ ਰੱਖਿਆ ਕਿਧਰੇ ਸੁੱਖਾਂ ਜੋਗਾ । ਚੈਨ ਮਿਲੇ ਤੇ ਕਿਧਰੇ ਬੰਦਾ ਮਰ ਨਾ ਜਾਵੇ, ਦੁਨੀਆ ਦਾ ਇਹ ਕੂੜ ਪਸਾਰਾ ਦੁੱਖਾਂ ਜੋਗਾ । ਮੇਰੇ ਜੋਗੀ 'ਬੀਰਾ ਜੀ' ਰਹਿ ਗਈ ਖ਼ੁਦਗ਼ਰਜ਼ੀ, ਖ਼ੁਸ਼ਬੂ ਫੁੱਲਾਂ ਜੋਗੀ ਸ਼ਬਜ਼ਾ ਰੁੱਖਾਂ ਜੋਗਾ ।

ਯੱਕੇ ਦੇ ਨਾਲ ਜੁੜ ਜੁੜ ਬਹਿੰਦੇ

ਯੱਕੇ ਦੇ ਨਾਲ ਜੁੜ ਜੁੜ ਬਹਿੰਦੇ ਸ਼ਾਹ, ਬੇਗੀ, 'ਤੇ ਗੋਲੇ, ਪਰ ਇਕ ਕੁੱਖ ਦੇ ਜੰਮਿਆਂ ਵੱਖੋ-ਵੱਖ ਬਣਾਏ ਟੋਲੇ । ਆਪਣੀਆਂ ਸਿਫ਼ਤਾਂ ਪਾਰੋਂ ਸਾਫ਼ ਪਛਾਣੀਆਂ ਜਾਂਦੀਆਂ ਜਿਨਸਾਂ, ਬਹੁਤਾ ਚਿਰ ਨਈਂ ਲੁੱਕੇ ਰਹਿੰਦੇ ਕਣਕਾਂ ਦੇ ਵਿਚ ਛੋਲੇ । ਉਹਦਾ ਕਰੇ ਸਵਾਗਤ ਚੰਨ ਵੀ ਖੋਲ੍ਹ ਕੇ ਆਪਣੇ ਬੂਹੇ, ਜਿਹੜਾ ਜੰਮਦਾ ਅਸਮਾਨਾਂ ਵਲ ਉਡਣ ਲਈ ਪਰ ਤੋਲੇ । ਕੁਝ ਰੱਜੇ ਕੁਝ ਭੁੱਖੇ ਰਹਿ ਗਏ ਕਾਣੀ ਵੰਡ ਦੇ ਹੱਥੋਂ, ਇਕ ਦੀ ਸੱਖਮ ਸੱਖਣੀ ਝੋਲੀ ਦੂਜੇ ਭਰੇ ਭੜੋਲੇ । ਉਨ੍ਹਾਂ ਲਈ ਧਰਤੀ 'ਤੇ ਕਿਉਂ ਨਈਂ ਕਾਲੇ ਘੁੱਪ ਹਨੇਰੇ, ਜਿਨ੍ਹਾਂ ਮਾਸੂਮਾਂ ਦੇ ਲਹੂ ਵਿਚ ਜ਼ਹਿਰ ਗ਼ਮਾਂ ਦੇ ਘੋਲੇ । ਬੱਝੀ ਜਦੋਂ ਨਿਆਂ ਦੀਆਂ ਅੱਖਾਂ 'ਤੇ ਗ਼ਰਜ਼ਾਂ ਦੀ ਪੱਟੀ, ਨਾਪਣ ਵਾਲੇ ਫ਼ੀਤੇ ਖਿੱਚਦੇ ਡੰਡੀ ਮਾਰਣ ਤੋਲੇ । ਚੁੱਪਾਂ ਦੇ ਘੇਰੇ ਤੋੜਣ ਲਈ ਬੋਲੇ ਜਿਹੜਾ ਪਹਿਲਾਂ, ਉਹੋ ਚੰਗੇ ਨੇ 'ਬੀਰਾ ਜੀ' ਭਾਵੇਂ ਨੇ ਬੜਬੋਲੇ ।

ਉਹਦੀ ਮੰਜ਼ਿਲ ਖੋਟੀ ਜਾਪੇ

ਉਹਦੀ ਮੰਜ਼ਿਲ ਖੋਟੀ ਜਾਪੇ ਉਹਦਾ ਪਿਆਰ ਨਿਖੁੱਟੇ । ਗ਼ੈਰਾਂ ਦੇ ਨਾਲ ਰਲ ਕੇ ਜਿਹੜਾ ਆਪਣੇ ਘਰ ਨੂੰ ਲੁੱਟੇ । ਓਸ ਅਸੰਬਲੀ ਦੇ ਟੁੱਟਣ ਦਾ ਕੀ ਅਫ਼ਸੋਸ ਮੈਂ ਕਰਦਾ, ਜਿਹੜੀ ਕੱਚੇ ਭਾਂਡੇ ਵਾਂਗੂੰ ਇਕ ਠੁੱਡੇ ਨਾਲ ਟੁੱਟੇ । ਮਰ ਜਾਈਏ ਤੇ ਇੱਕੋ ਜਿਹੀਆਂ ਨੇ ਧੁੱਪਾਂ ਤੇ ਛਾਵਾਂ, ਆਪਣਾ ਮਾਰੇ 'ਤੇ ਕਹਿੰਦੇ ਨੇ ਮਾਰ ਕੇ ਛਾਵੇਂ ਸੁੱਟੇ । ਨਿੱਘੇ ਲੇਫ਼ਾਂ ਦੇ ਵਿਚ ਲੋਕੀ ਸੁਣਦੇ ਰਹੇ ਨੇ ਖ਼ਬਰਾਂ, ਪਾਲੇ ਦੇ ਵਿਚ ਠਰ ਕੇ ਮਰ ਗਏ ਚੰਬੇ, ਮੋਤੀਏ, ਗੁੱਟੇ । ਚੰਗੇ ਲਈ ਚੰਗੀ 'ਤੇ ਭੈੜੇ ਲਈ ਭੈੜੀ ਏ ਦੁਨੀਆ, ਆਪੇ ਹੀ ਵਿਚ ਡਿਗਦੈ ਜਿਹੜਾ ਦੂਜੇ ਲਈ ਖੂਹ ਪੁੱਟੇ । ਪਰ੍ਹਿਆ ਦੇ ਵਿਚ ਅੱਗ 'ਤੇ ਪਾਣੀ ਅੱਜ-ਕੱਲ੍ਹ ਰਲ ਕੇ ਬਹਿੰਦੇ, ਜੁੜ ਜਾਂਦੇ ਨੇ ਪਰਤ ਕੇ ਹੁਣ ਤਾਂ ਸਾਰੇ ਰਿਸ਼ਤੇ ਟੁੱਟੇ । ਦਿਨ ਚੜ੍ਹਿਆ 'ਤੇ ਉਨ੍ਹਾਂ ਦੀਵੇ ਫੂਕਾਂ ਮਾਰ ਬੁਝਾਏ, ਜਿਨ੍ਹਾਂ ਚਿੱਟੇ ਚਾਨਣ ਰਾਤੀਂ ਝੋਲੀਆਂ ਭਰ ਭਰ ਲੁੱਟੇ । ਆਪਣੀ ਮੰਜ਼ਿਲ ਤੱਕ 'ਬੀਰਾ ਜੀ' ਕਦੀ ਵੀ ਨਹੀਂ ਉਹ ਅੱਪੜੇ ਜਿਨ੍ਹਾਂ ਨੇ ਗ਼ਰਜ਼ਾਂ ਦੀ ਖ਼ਾਤਰ ਯਾਰਾਂ ਦੇ ਗਲ ਘੁੱਟੇ ।

ਜੇ ਅੱਜ ਮੈਂ ਅੰਬਰ ਦੇ ਉੱਤੇ ਚੰਨ

ਜੇ ਅੱਜ ਮੈਂ ਅੰਬਰ ਦੇ ਉੱਤੇ ਚੰਨ ਵਾਂਗੂੰ ਤਰ ਸਕਣਾਂ । ਫਿਰ ਕੱਲ ਵੀ ਧਰਤੀ 'ਤੇ ਸੂਰਜ ਬਣ ਕੇ ਲੋਅ ਕਰ ਸਕਣਾਂ । ਮੇਰੇ ਜਜ਼ਬੇ 'ਤੇ ਹਿੰਮਤ ਨਾਲ ਕਿਉਂ ਨਹੀਂ ਫੁੱਟਦੇ ਸੋਮੇ, ਜਦ ਮੈਂ ਹੱਥਾਂ ਦੇ ਨੋਹਾਂ ਨਾਲ ਖੂਹ ਵੀ ਖੋਤਰ ਸਕਣਾਂ । ਪਰਦੇਸਾਂ ਦੀ ਚੂਰੀ ਦੇ ਲਾਰੇ 'ਤੇ ਫਿਰ ਕਿਉਂ ਜੀਵਾਂ, ਜਦ ਮੈਂ ਰੁੱਖੀ ਖਾ ਕੇ ਦੇਸ 'ਚ ਇਜ਼ਤ ਨਾਲ ਮਰ ਸਕਣਾਂ । ਕੱਚੀਆਂ ਪੱਕੀਆਂ ਘੜੀਆਂ ਨੂੰ ਮੈਂ ਕਿਉਂ ਪੱਤਣਾਂ 'ਤੇ ਦੇਖਾਂ, ਜਦ ਮੈਂ ਆਪਣੀ ਹਿੱਕ ਦੇ ਜ਼ੋਰ'ਤੇ ਹੜ੍ਹ ਵਿਚ ਵੀ ਤਰ ਸਕਣਾਂ । ਇਹ ਵੀ ਮੇਰੇ ਦੌਰ ਦਾ ਕਾਰਾ ਹੀਟਰ ਅੱਗੇ ਬਹਿ ਕੇ, ਬੰਦ ਕਮਰੇ ਦੇ ਅੰਦਰ ਆਪਣੇ ਕੰਬਲ ਵਿਚ ਠਰ ਸਕਣਾਂ । ਆਪਣੀ ਗ਼ਲਤੀ ਨੂੰ ਮੰਨ ਲੈਣਾ ਇਹ ਆਦਤ ਏ ਮੇਰੀ, ਚਾਹਵਾਂ ਤੇ ਮੈਂ ਵੇਲੇ ਦੇ ਸਿਰ ਦੋਸ਼ ਆਪਣਾ ਧਰ ਸਕਣਾ । ਖ਼ੁਦਗ਼ਰਜ਼ਾਂ ਵਿਚ ਘਿਰਿਆ ਹੋਇਆਂ ਮੈਂ 'ਬੀਰਾ ਜੀ' ਫਿਰ ਵੀ, ਆਪਣੀ ਝੋਲੀ ਖ਼ਾਲੀ ਕਰਕੇ ਦੂਜੇ ਦੀ ਭਰ ਸਕਣਾਂ ।

ਓਸੇ ਦਿਨ ਤੋਂ ਸਾਰੇ ਪੱਤਰ ਸੜ ਗਏ

ਓਸੇ ਦਿਨ ਤੋਂ ਸਾਰੇ ਪੱਤਰ ਸੜ ਗਏ ਹਰੀਆਂ ਵੇਲਾਂ ਦੇ । ਬੇਦੋਸ਼ਾਂ ਲਈ ਜਿਸ ਦਿਨ ਤੋਂ ਖੁੱਲ੍ਹੇ ਨੇ ਬੂਹੇ ਜੇਲ੍ਹਾਂ ਦੇ । ਪੈਰਾਂ ਦੇ ਛਾਲੇ ਫਿਸ ਕੇ ਵੀ ਤਲੀਆਂ ਨੂੰ ਠੰਢ ਪਾਂਦੇ ਨੇ, ਸ਼ਾਮਾਂ ਵੇਲੇ ਵੀ ਬਾਗ਼ਾਂ ਚੋਂ ਉਠਦੇ ਸੇਕ ਤਰੇਲਾਂ ਦੇ । ਸ਼ਹਿਰਾਂ ਦੇ ਵਿਚ ਮਜ਼ਦੂਰਾਂ ਦੀ ਹੋਰ ਵੀ ਸ਼ਾਮਤ ਆਈ ਏ, ਬੰਜਰ ਧਰਤੀ ਵਿੱਚੋਂ ਜਦ ਤੋਂ ਖੂਹ ਲੱਭੇ ਨੇ ਤੇਲਾਂ ਦੇ । ਆਪਣੇ ਆਲ੍ਹਣੇ ਵਿਚ ਵੀ ਨਹੀਉਂ ਮਿਲਦਾ ਚੈਨ ਪੰਖੇਰੂ ਨੂੰ, ਚਾਰ-ਚੁਫ਼ੇਰਿਉਂ ਦੁੱਖ ਗਿਰਦੇ ਨੇ ਪੱਥਰ ਜਿਵੇਂ ਗੁਲੇਲਾਂ ਦੇ । ਸਦਕੇ ਕੀਤੇ ਦੇਸ ਪਿਆਰ ਦੇ ਜਜ਼ਬੇ ਆਪਣੀਆਂ ਜਾਨਾਂ ਤੋਂ, ਏਸ ਤਰ੍ਹਾਂ ਵੀ ਉੱਘੜੇ ਆਲ-ਦੁਆਲੇ ਰੰਗ ਉਲੇਲਾਂ ਦੇ । ਤਿੱਤਰ ਖੰਭੀ ਬਦਲੀ ਵੀ ਧਰਤੀ ਦੀ ਪਿਆਸ ਬੁਝਾ ਲੈਂਦੀ, ਖੂਹ ਵੀ ਕਦੀ ਕਦਾਈ ਚੁੱਕ ਲੈਂਦੇ ਨੇ ਭਾਰ ਤਰੇਲਾਂ ਦੇ । ਉਨ੍ਹਾਂ ਊਠਾਂ ਦੇ ਰਾਹੀਆਂ ਨੂੰ ਮੰਜ਼ਿਲ ਨੇੜੇ ਲਗਦੀ ਏ, ਜਿਨ੍ਹਾਂ ਪੈਂਡੇ ਪੈਂਦੀਆਂ ਖਿੱਚ ਕੇ ਰੱਖੇ ਸਿਰੇ ਨਕੇਲਾਂ ਦੇ । ਸਾਡੇ ਸੱਜਣ ਨੇ 'ਬੀਰਾ ਜੀ' ਉੱਥੇ ਝੰਡੇ ਗੱਡੇ ਨੇ, ਆਉਂਦੇ ਜਾਂਦੇ ਰਹਿੰਦੇ ਜਿੱਥੇ ਪੁੱਠੇ ਪੈਰ ਚੁੜੇਲਾਂ ਦੇ ।