Punjabi Ghazals Bashir Munzar

ਪੰਜਾਬੀ ਗ਼ਜ਼ਲਾਂ ਬਸ਼ੀਰ ਮੁਨਜ਼ਰ

1. ਖ਼ੌਰੇ ਕੋਈ ਵਾ ਦਾ ਬੁੱਲ੍ਹਾ ਝੁਲ ਕੇ ਹਬਸ ਗਵਾਏ

ਖ਼ੌਰੇ ਕੋਈ ਵਾ ਦਾ ਬੁੱਲ੍ਹਾ ਝੁਲ ਕੇ ਹਬਸ ਗਵਾਏ।
ਚੁਪ ਚੁਪ ਖਲਿਆਂ, ਰ੍ਰੁੱਖਾਂ ਦੀ ਚਲ ਇਕ ਇਕ ਸ਼ਾਖ ਹਿਲਾਈਏ।

ਛਤਰੀ ਤਾਣ ਕੇ ਬਚ ਜਾਨੇ ਆਂ ਮੀਂਹ ਦੀਆਂ ਕਣੀਆਂ ਕੋਲੋਂ,
ਪੱਥਰਾਂ ਦੀ ਵਾਛੜ ਵਿਰ ਕੀਕੂੰ, ਜਾਨ ਦੀ ਖ਼ੈਰ ਮਨਾਈਏ।

ਬਸਤੀ ਬਸਤੀ ਪਏ ਪੁਕਾਰੇ, ਉੱਤਰ ਕੋਈ ਨਾ ਮਿਲਦਾ,
ਕਿਉਂ ਨਾ ਕਿਸੇ ਪਹਾੜ ਦੀ ਖੋਹ ਵਿਚ ਬਹਿਕੇ 'ਵਾਜਾਂ ਲਾਈਏ,

ਰ੍ਹਾਵਾਂ ਇੰਜੇ ਈ ਵਗਦੀਆਂ ਰਹਿਣਾ, ਟੁਰੀਏ ਜਾਂ ਨਾ ਟੁਰੀਏ,
ਸ੍ਹਾਵਾਂ ਇੰਜੇ ਈ ਘਟਦਿਆਂ ਰਹਿਣਾ ਚਾਹੀਏ ਜਾਂ ਨਾ ਚਾਹੀਏ।

ਦਿਲ ਨੂੰ ਖ਼ਾਲੀ ਖ਼ਾਲੀ ਤਕ ਕੇ, ਵਾਪਸ ਮੁੜ ਮੁੜ ਜਾਵਾਂ,
ਘਰ ਵਾਲੇ ਜੇ ਘਰ ਨਾ ਹੋਵਣ, ਕੁੰਡਾ ਕੀ ਖੜਕਾਈਏ।

ਅਗ ਬਰਸਾਂਦਾ ਸੂਰਜ 'ਮੁਨਜ਼ਰ' ਸਿਰ ਤੇ ਆਣ ਖਲੋਤਾ,
ਆ ਕਿਸੇ ਸੰਘਣੇ ਜੇਹੇ ਰੁੱਖ ਦੀ ਛਾਂ ਹੇਠਾਂ ਬਹਿ ਜਾਈਏ।

2. ਤਪਦੀਆਂ ਰੇਤਾਂ ਅੰਦਰ ਬਰਫ ਖਿਲਾਰ ਦਿਓ

ਤਪਦੀਆਂ ਰੇਤਾਂ ਅੰਦਰ ਬਰਫ ਖਿਲਾਰ ਦਿਓ।
ਜਾਂ ਇਕ ਬੰਨ੍ਹ ਸੂਰਜ ਦੇ ਅੱਗੇ ਮਾਰ ਦਿਓ।

ਉੱਚੀ ਟੀਸੀ ਵਾਲ਼ਿਓ ! ਅਸੀਂ ਗਵਾਂਢੀ ਸਾਂ,
ਭੁੱਲ ਭੁਲੇਖੇ 'ਵਾਜ ਕਦੀ ਤਾਂ ਮਾਰ ਦਿਓ।

ਰਾਤੀਂ ਮੈਨੂੰ ਅਪਣੇ ਖ਼ਾਬ ਡਰਾਉਂਦੇ ਨੇ,
ਦਿਨ ਨਿਕਲੇ ਤਾਂ ਕਹਿੰਦਾ ਵਾਂ ਅਖ਼ਬਾਰ ਦਿਓ।

ਸਜਣੋ ! ਮੇਰਾ ਅੰਦਰ ਕੋਈ ਸ਼ੈ ਲੂਹ ਚੱਲੀ,
ਮੈਨੂੰ ਦੋ ਘੁੱਟ ਪਾਣੀ ਠੰਢਾ ਠਾਰ ਦਿਓ।

ਅੰਨ੍ਹਿਆਂ ਨੂੰ ਅੱਖੀਂ ਦੇਕੇ ਖ਼ੁਸ਼ ਫ਼ਿਰਦੇ ਹੋ,
ਤਾਂ ਮੰਨਾਂ ਜੇ ਗੁੰਗਿਆਂ ਨੂੰ ਗੁਫ਼ਤਾਰ ਦਿਓ।

ਪਹਿਲੇ ਈ ਸੋਚਕੇ ਗਲੀਂ ਗਲਾਵੇਂ ਪਾਉਣੇ ਸਨ,
'ਮੁਨਜ਼ਰ' ਸਾਹਿਬ ! ਹੁਣ ਕਿਉਂ ਚੀਕਾਂ ਮਾਰਦੇ ਓ?

3. ਸੌਂ ਗਈਆਂ ਰ੍ਹਾਵਾਂ ਤੇ ਸਭ ਗਲੀਆਂ ਸੌਂ ਜਾਵੋ

ਸੌਂ ਗਈਆਂ ਰ੍ਹਾਵਾਂ ਤੇ ਸਭ ਗਲੀਆਂ ਸੌਂ ਜਾਵੋ।
ਚੁਪ ਹੋਈਆਂ ਉਠਾਂ ਦੀਆਂ ਟੱਲੀਆਂ ਸੌਂ ਜਾਵੋ।

ਤਾਰ ਸਕੇਗਾ ਮੁਲ ਕਿਹੜਾ ਜਗਰਾਤੇ ਦਾ,
ਨੀਂਦਾਂ ਮਿਲਦੀਆਂ ਬਹੁਤ ਸਵੱਲੀਆਂ ਸੌਂ ਜਾਵੋ।

ਖ਼ੌਰੇ ਦੂਰ ਕਿਤੇ ਕੋਈ ਦਰਦੀ ਰਹਿੰਦਾ ਏ,
ਜਿਸਨੇ ਠੰਢੀਆਂ ਵਾਵਾਂ ਘੱਲੀਆਂ ਸੌਂ ਜਾਵੋ।

ਆਪੇ ਕਾਲੀਆਂ ਸ਼ਾਹ ਰਾਤਾਂ ਮੁਕ ਜਾਣਗੀਆਂ,
ਦਿਲ ਨੂੰ ਦੇ ਕੇ ਤਿਫ਼ਲ ਤਸੱਲੀਆਂ ਸੌਂ ਜਾਵੋ।

ਅੱਧੀ ਰਾਤੀਂ ਹੁਣ ਏਥੇ ਕਿਸ ਆਉਣਾ ਏਂ,
ਅੰਭ ਗਈਆਂ ਪੈਰਾਂ ਦੀਆਂ ਤਲੀਆਂ ਸੌਂ ਜਾਵੋ।

4. ਕੀ ਦੱਸਾਂ ਮੈਂ ਦਿਲ ਪਾਗਲ ਏ, ਦਿਲ ਪਾਗਲ ਸੀ

ਕੀ ਦੱਸਾਂ ਮੈਂ ਦਿਲ ਪਾਗਲ ਏ, ਦਿਲ ਪਾਗਲ ਸੀ।
ਅਜ ਵੀ ਮੇਰਾ ਹਾਲ ਦੇ ਓਹੋ ਜਿਹੜਾ ਕਲ ਸੀ।

ਹਸਦਿਆਂ ਹਸਦਿਆਂ ਅੱਖਾਂ ਦੇ ਵਿਚ ਅਥਰੂ ਆ ਗਏ,
ਵਿਛੜਨ ਵਾਲਿਆ ! ਨਾ ਮਿਲਦੋਂ ਤੇ ਚੰਗੀ ਗੱਲ ਸੀ।

ਮੈਂ ਤੂੰ ਦੋਵੇਂ, ਅਧ-ਵਿਚਕਾਰ ਗਵਾਚ ਗਏ ਆਂ,
ਮੇਰੀ ਤੇਰੀ ਰਾਹ ਵਿਚ ਇਕ ਸੰਘਣਾ ਜੰਗਲ ਸੀ।

ਅਖ ਖੁੱਲ੍ਹੀ ਤੇ ਮੈਨੂੰ ਸਭ ਸੁਪਨਾ ਲੱਗਿਆ,
ਮੁੱਠੀ ਅੰਦਰ ਨਾ ਕੋਈ ਜੁਗਨੂੰ ਨਾ ਕੋਈ ਪਲ ਸੀ।

ਕਹਿ ਗਏ ਨੀਤਾਂ ਵਾਲੇ ਲੋਕ ਸਿਆਣੇ 'ਮੁਨਜ਼ਰ',
ਭੈੜੀ ਨੀਤ ਦਾ ਰੁੱਖ ਜਗ ਉੱਤੇ ਕਦੀ ਨਾ ਫਲ ਸੀ।

5. ਰੁੱਤ ਦੀ ਰੰਗਤ ਕੁਝ ਹਲਕੀ ਕੁਝ ਗਹਿਰੀ ਹੋਈ

ਰੁੱਤ ਦੀ ਰੰਗਤ ਕੁਝ ਹਲਕੀ ਕੁਝ ਗਹਿਰੀ ਹੋਈ।
ਇੰਜ ਲਗਦੈ ਜਿਉਂ ਫੁੱਲਾਂ ਨੂੰ ਫੁਲ-ਬਹਿਰੀ ਹੋਈ।

ਮੈਂ ਬੋਲਾਂ ਤੇ ਲੋਕੀ ਮੈਨੂੰ ਬਹਿਰਾ ਸਮਝਣ,
ਮੇਰੇ ਲਈ ਏ ਦੁਨੀਆਂ ਸਾਰੀ ਬਹਿਰੀ ਹੋਈ।

ਮੈਂ ਇਕ ਰੇਤੜ ਬੱਦਲਾਂ ਮੈਨੂੰ ਕੀ ਦੇਣਾ ਏਂ,
ਧੁੱਪ ਚੰਗੀ ਏ ਮੇਰੀ ਸ਼ਕਲ ਸੁਨਹਿਰੀ ਹੋਈ।

ਸ੍ਹਾਵਾਂ ਦੀ ਵਿਸ਼ ਰੋਜ਼ ਫ਼ਿਜ਼ਾ ਵਿਚ ਘੁਲਦੀ ਰਈ ਏ,
ਇਕ ਦਿਨ ਆਇਆ ਮਸਤ ਹਵਾ ਵੀ ਜ਼ਹਿਰੀ ਹੋਈ।

ਹੁਣ ਕਿੱਥੇ ਉਹ ਸ਼ਾਮਾਂ ਕਿੱਥੇ ਫ਼ਜਰਾਂ 'ਮੁਨਜ਼ਰ',
ਵੇਲੇ ਦੀ ਗਰਦਸ਼ ਲਗਦੀ ਏ ਠਹਿਰੀ ਹੋਈ।