Bashir Bawa ਬਸ਼ੀਰ ਬਾਵਾ

ਨਾਂ-ਬਸ਼ੀਰ ਅਹਿਮਦ, ਕਲਮੀ ਨਾਂ-ਬਸ਼ੀਰ ਬਾਵਾ,
ਜਨਮ ਤਾਰੀਖ਼ 10 ਅਕਤੂਬਰ 1933,
ਜਨਮ ਸਥਾਨ-ਕੜਿਆਲ ਕਲਾਂ, ਜ਼ਿਲਾ ਗੁਜਰਾਂਵਾਲਾ,
ਪਿਤਾ ਦਾ ਨਾਂ-ਮੁਹੰਮਦ ਅਬਦੁੱਲਾ,
ਵਿਦਿਆ-ਅੱਠਵੀਂ, ਕਿੱਤਾ-ਠੇਕੇਦਾਰੀ,
ਛਪੀਆਂ ਕਿਤਾਬਾਂ-ਦੁਖ ਸਾਗਰ ਨੂੰ ਲਾਈਆਂ ਡੀਕਾਂ (ਪੰਜਾਬੀ ਗ਼ਜ਼ਲਾਂ), ਸੁੱਖ ਦੇ ਸ਼ੌਹ ਵਿਚ ਤਾਰ ਗਈ ਏ (ਪੰਜਾਬੀ ਗ਼ਜ਼ਲਾਂ), ਮੈਂ ਸਮੁੰਦਰ ਨਾਲ ਲਾਈਆਂ (ਪੰਜਾਬੀ ਗ਼ਜ਼ਲਾਂ), ਹੈ ਸੂਰਜ ਰੂਪ ਮਾਹੀ ਦਾ (ਪੰਜਾਬੀ ਗ਼ਜ਼ਲਾਂ), ਚੰਨ ਛੂਹਣ ਦਾ ਚਾਅ (ਕਾਫ਼ੀਆਂ),
ਪਤਾ-ਚਾਚਾ ਬਸ਼ੀਰ ਠੇਕੇਦਾਰ, ਗਲੀ ਅਬਦੁਲ ਗ਼ਫ਼ੂਰ ਬੱਟ, ਮੁਹੱਲਾ ਚੂੜੀਗਰਾਂ, ਸ਼ੇਖ਼ੂਪੁਰਾ ।

ਪੰਜਾਬੀ ਗ਼ਜ਼ਲਾਂ (ਦੁਖ ਸਾਗਰ ਨੂੰ ਲਾਈਆਂ ਡੀਕਾਂ 1997 ਵਿੱਚੋਂ) : ਬਸ਼ੀਰ ਬਾਵਾ

Punjabi Ghazlan (Dukh Sagar Nu Laaian Deekan 1997) : Bashir Bawa

ਸਾਕੀ ਨੈਣ ਖ਼ੁਮਾਰ ਭਰੀਚੇ

ਸਾਕੀ ਨੈਣ ਖ਼ੁਮਾਰ ਭਰੀਚੇ, ਭਰ-ਭਰ ਵੰਡਣ ਕਾਸੇ ।
ਜਿਹੜੇ ਆਉਣ ਸਵਾਲੀ ਬਣ ਕੇ ਉਹ ਨਾ ਰਹਿਣ ਪਿਆਸੇ ।

ਜਗ ਤੋਂ ਦਰਦ ਛੁਪਾਵਣ ਖ਼ਾਤਰ ਬੁੱਲ੍ਹੀਂ ਰੱਖਾਂ ਹਾਸੇ,
ਮੇਰੇ ਵੱਸੋਂ ਬੇਵਸ ਹੋ ਕੇ ਰਹਿੰਦੇ ਨੈਣ ਉਦਾਸੇ ।

ਮੇਰੇ ਸਾਹਵੇਂ ਭੱਜ ਜਾਂਦਾ ਏ ਇੱਕ ਅਜੀਬ ਅਖਾੜਾ,
ਨੱਚਦੇ ਨੇ ਖ਼ਾਹਸਾਂ ਦੇ ਸਾਏ ਮੂੰਹ 'ਤੇ ਬੰਨ੍ਹ ਮਡਾਸੇ ।

ਦਿਲ ਦੇ ਵਿਹੜੇ ਬਣ-ਬਣ ਬੈਠੇਂ ਨਿੱਜ ਜੰਮਨਾ ਏ ਤੇਰਾ,
ਤੈਥੋਂ ਯਾਰ ਮੈਂ ਨੀਚਾ ਨਾਹੀਂ, ਮਰ ਮੁੱਕ ਜਾਣੀ ਆਸੇ ।

ਬੇਥੂਈਆਂ ਲੋੜਾਂ ਦੀ ਧੁੱਪੇ, ਸੂਰਜ ਦੀ ਛਾਂ ਥੱਲੇ,
ਹਾੜ੍ਹ 'ਚ ਦਿਲ ਦੀਆਂ ਲਗ਼ਰਾਂ ਛਾਂਗਣ ਤਿੱਖੇ ਬੋਲ ਗੰਡਾਸੇ ।

ਹਿੰਮਤ ਨਾਲ ਪਹਾੜ ਉਡਾਵੇ, ਰੂੰ ਦੇ ਵਾਂਗਰ ਪਿੰਜ ਕੇ,
'ਬਾਵਾ' ਦਾਬ ਅਜਲ ਦੀ ਪਾਉਂਦੀ ਜੀਵਨ ਵਾਂਗ ਪਤਾਸੇ ।

ਅੱਖੀਆਂ ਵਿੱਚੋਂ ਜੁਗਨੂੰ ਬਣ ਕੇ

ਅੱਖੀਆਂ ਵਿੱਚੋਂ ਜੁਗਨੂੰ ਬਣ ਕੇ ਭਖਦੇ ਹੰਝੂ ਡੁੱਲੇ੍ਹ ਨੇ,
ਅੱਥਰੂ ਹੋਰ ਮਚਾਵਣ ਮੱਚ ਨੂੰ ਦਰਦ ਵਧੇਰੇ ਮੁੱਲੇ ਨੇ ।

ਜਿਸ ਦੇ ਹੁਕਮ ਬਿਨਾਂ ਪੱਤਾ ਵੀ ਅਪਣੀ ਥਾਂ ਤੋਂ ਹਿਲਦਾ ਨਹੀਂ,
ਉਸ ਤੇ ਆਪਣਾ ਪੁਖਤ ਯਕੀਨ ਏਂ, ਭਾਵੇਂ ਕੱਚੇ ਕੁੱਲੇ ਨੇ ।

ਮਿਸ਼ਲ ਅਸਲ ਦੀ ਸ਼ੀਸ਼ਾ ਬਣ ਕੇ, ਰੌਸ਼ਨ ਸੂਰਜ ਵਾਂਗ ਕਰੇ,
ਵਕਤ ਦੇ ਸ਼ਾਹ ਅਨਾਇਤ ਸਾਹਵੇਂ ਕਈ ਬੁੱਲੇ ਵੀ ਭੁੱਲੇ ਨੇ ।

ਵੇਲਾ ਈ ਹੁਣ ਆ ਜਾ ਜੀਵੇਂ, ਫਿਰ ਆਈਉਂ ਤੇ ਕੀ ਆਇਉਂ,
ਫਿਰ ਨਾ ਆਖੀਂ ਏਸ ਤੱਤੀ ਦੇ ਨੈਂਣ ਅਜੇ ਤੱਕ ਖੁੱਲੇ ਨੇ ।

ਬੰਦੇ 'ਤੇ ਰੂਬੋਟ 'ਚ 'ਬਾਵਾ' ਫ਼ਰਕ ਏ ਹੁਣ ਬੱਸ ਐਨਾ ਈ,
ਰੰਗ ਵਸਾਰੀ ਨੈਣ ਸਲ੍ਹਾਭੇ, ਬੰਦੇ ਦੋਵੇਂ ਖੁੱਲੇ ਨੇ ।

ਦਿਲ ਦਾ ਬਾਲਕ ਛੜੀਆਂ ਮਾਰੇ

ਦਿਲ ਦਾ ਬਾਲਕ ਛੜੀਆਂ ਮਾਰੇ, ਰੋ-ਰੋ ਬੜਾ ਸਤਾਂਦਾ ਏ,
ਵੇਖ ਲਵੇ ਜਦ ਚੰਨ ਖਿਡੌਣਾ, ਆਪੇ ਚੁੱਪ ਕਰ ਜਾਂਦਾ ਏ ।

ਉਹ ਨਹੀਂ ਆਇਆ, ਦੋਸ਼ ਮੇਰਾ ਕੀ, ਬੇ ਵੱਸਾ ਬੇਦੋਸ਼ਾ ਵਾਂ,
ਸੂਲੀ ਜੋਗਾ ਹਿਜਰ ਕੁਪੱਤਾ, ਮੈਨੂੰ ਵੱਢ-ਵੱਢ ਖਾਂਦਾ ਏ ।

ਯਾਰ ਵਿਛੁੰਨਾ ਮਿਲਸੀ ਤੈਨੂੰ ਪਾਂਧੇ ਨੇ ਵੀ ਦੱਸਿਆ ਸੀ,
ਤਾਹੀਉਂ ਬੈਠ ਬਨੇਰੇ ਉੱਤੇ ਕਾਗ ਬੜਾ ਕੁਰਲਾਂਦਾ ਏ ।

ਉੱਨਾਂ ਚਿਰ ਤੇ ਵੇਖਾਂ ਮੈਂ ਵੀ ਤੇਰਿਆਂ ਰੂਪਾਂ ਰੰਗਾਂ ਨੂੰ,
ਜਿੰਨਾਂ ਚਿਰ ਇਹ ਜੁੱਸੇ ਅੰਦਰ ਅਮਰ ਤੇਰਾ ਕੁਰਲਾਂਦਾ ਏ ।

ਭੂਤ ਗਿਆ ਵੇਲੇ ਦਾ ਘੋੜਾ 'ਬਾਵਾ' ਵਾਗ ਨੂੰ ਖਿੱਚ ਕੇ ਰੱਖ,
ਵੇਲਾ ਵਲ-ਵਲ ਵਲੇ ਵਲਾਣੇ ਜਦ ਵੀ ਦੌੜ ਵਿਖਾਂਦਾ ਏ ।

ਅੰਬਰ ਉੱਤੇ ਸ਼ਫ਼ਕ ਦੇ ਵਿੱਚੋਂ

ਅੰਬਰ ਉੱਤੇ ਸ਼ਫ਼ਕ ਦੇ ਵਿੱਚੋਂ ਸੱਜਰੇ ਸੂਰਜ ਚੜ੍ਹਦੇ ਵੇਖੇ ।
ਝੀਲ ਦੇ ਅੰਦਰ ਕਿੱਕਲੀ ਪਾ-ਪਾ ਸੱਤੇ ਰੰਗ ਮੈਂ ਲੜਦੇ ਵੇਖੇ ।

ਸੁਹਜ ਦੀ ਖ਼ਾਤਰ, ਹੁਸਨ ਪੁਜਾਰੀ, ਬਾਗਾਂ ਅੰਦਰ, ਫੁੱਲਾਂ ਉੱਤੋਂ,
ਆਇਤ ਕੁਰਆਨੀ, ਵਰਗੀ ਤਿਤਲੀ, ਬੋਤਲ ਦੇ ਵਿਚ, ਤੜਦੇ ਵੇਖੇ ।

ਖ਼ਿਜ਼ਾਂ ਸਮੇਂ ਨੇ ਬਾਗਾਂ ਉੱਤੇ, ਜਾਲ ਸੁਨਹਿਰਾ ਇੰਜ ਦਾ ਪਾਇਆ,
ਸੋਨੇ ਵਰਗੀ ਰੰਗਤ ਪਾ ਕੇ ਰੁੱਖੋਂ ਪੱਤਰ ਝੜਦੇ ਵੇਖੇ ।

ਗ਼ਜ਼ਲਾਂ ਦੀ ਮੁਟਿਆਰ ਦੇ ਗਲ ਵਿਚ ਸੂਝ ਦੇ ਹਾਰ ਪਰੋਵਣ ਸ਼ਾਇਰ
ਸ਼ਿਅਰਾਂ ਦੇ ਵਿਚ ਅੱਖਰ-ਅੱਖਰ ਵਾਂਗ ਨਗੀਨੇ ਜੜਦੇ ਵੇਖੇ ।

ਐਡ ਤਰੱਕੀ ਹੋਈ 'ਬਾਵਾ', ਲੱਭ ਜਾਂਦੇ ਨੇ ਕਾਂ ਦੇ ਅੱਥਰੂ,
ਦੁੱਧ ਬਣੇ ਹੁਣ ਕੰਗਲਦਾਨੀ ਸੁੱਕੇ ਦੁੱਧ ਮੈਂ ਕੜ੍ਹਦੇ ਵੇਖੇ ।

ਬਿਰਹੋਂ ਦੀ ਅੱਗ ਢਾਲ ਬਣਾਏ

ਬਿਰਹੋਂ ਦੀ ਅੱਗ ਢਾਲ ਬਣਾਏ, ਸਾਫ਼ ਆਈਨੇ ਜਗਦੇ ਅੱਖਰ ।
ਨੋਕ ਕਲਮ ਕੁਰਤਾਸ ਸਜਾਏ, ਵਾਂਗ ਨਗੀਨੇ ਜਗਦੇ ਅੱਖਰ ।

ਰੂਪ-ਸਰੂਪ ਤੋਂ ਸੁਹਜ-ਸੁਹੱਪਣ, ਕੌਸ-ਕਜ਼ਾ ਦੇ ਰੰਗ ਚੜ੍ਹਾਕੇ,
ਅੱਲੜ੍ਹ ਸੋਚ ਨੇ ਇੰਜ ਲਿਆਂਦੇ, ਵਿੱਚ ਕਰੀਨੇ ਜਗਦੇ ਅੱਖਰ ।

ਲਫ਼ਜ਼ ਖ਼ਿਆਲ 'ਤੇ ਖ਼ਾਬ ਹਕੀਕਤ, ਹਿਕਮਤ ਅਕਲ ਦਾਨਾਈ ਰਮਜ਼ਾਂ,
ਯਾਰ ਨੇ ਯਾਰ ਨੂੰ ਜਦੋਂ ਨਜੂਲੇ ਖ਼ਾਸ ਮਹੀਨੇ ਜਗਦੇ ਅੱਖਰ ।

ਨਰਮ ਸਰੀਰ ਜੇ ਇੱਕਲਵਾਂਝੇ, ਪੜ੍ਹਨ ਕਦੀ ਜਾ ਸ਼ੋਖ਼ ਤਹਿਰੀਰਾਂ,
ਨਾਜ਼ੁਕ ਤਬਾਅ 'ਤੇ ਕਿੰਜ ਲਿਆਵਣ, ਸਖ਼ਤ ਪਸੀਨੇ ਜਗਦੇ ਅੱਖਰ ।

ਨੈਣਾਂ ਦੇ ਕਸ਼ਕੌਲ ਮੇਰੇ ਵਿਚ ਨਜ਼ਰ ਕਰਮ ਦੀ ਭਿੱਖਿਆ ਪਾ ਦੇ,
ਪੇਸ਼ ਕਰਾਂਗਾ 'ਬਾਵਾ' ਜਾ ਕੇ ਜਦੋਂ 'ਮਦੀਨੇ' ਜਗਦੇ ਅੱਖਰ ।

ਨਾਲ ਮੇਰੇ ਅਣਹੋਣੀਆਂ ਹੋਈਆਂ

ਨਾਲ ਮੇਰੇ ਅਣਹੋਣੀਆਂ ਹੋਈਆਂ ਜੋ ਹੋਈਆਂ ਸੋ ਹੋਈਆਂ ।
ਮੈਨੂੰ ਰਾਤੀਂ ਸੌਣ ਨਾ ਦੇਵਣ ਸੋਚਾਂ ਕਾਕੂ ਮੋਈਆਂ ।

ਹਾੜ੍ਹੇ ਪਾਵਾਂ ਉਹ ਨਾ ਮੰਨੇ ਹਾੜ੍ਹ ਅੰਦਰ ਹੜ੍ਹ ਆਇਐ,
ਪਾਣੀ ਪਾਣੀ ਹੋਈਆਂ ਸੱਜਣਾ ਖ਼ੁਸ਼ਕ ਅੱਖਾਂ ਦੀਆਂ ਟੋਈਆਂ ।

ਕੌਣ ਕੋਈ ਦੁਖਿਆਰ ਦੀ ਸੁਣਦਾ ਮਿਲੇ ਨਾ ਵਿਹਲ ਕਿਸੇ ਨੂੰ,
ਬੇਹਿੱਸਾ ਸੰਸਾਰ ਏ ਬੋਲਾ ਕਿਉਂ ਮੈਂ ਦਿਆਂ ਤਰੋਈਆਂ ।

ਉੱਥੇ ਉੱਥੇ ਮਹਿਕ ਪਈਆਂ ਨੇ ਖ਼ੁਸ਼ਬੂਆਂ ਗੁਲਜ਼ਾਰਾਂ,
ਚਾਰੇ ਕੰਨੀਆਂ ਚਿੱਕੜ ਭਰੀਆਂ ਮੈਂ ਜਿੱਥੇ ਵੀ ਧੋਈਆਂ ।

ਹਿਜਰ ਨਬੀ ਦੀ ਜਰ ਨਾ ਸਕਿਆ ਤੂੰ ਕੀ ਸ਼ੈ ਏਂ 'ਬਾਵਾ',
ਯੂਸਫ਼ ਦੇ ਟੁਰ ਜਾਣ ਤੋਂ ਅੱਖੀਆਂ ਕਦੇ ਨਾ ਰਹਿਣ ਨਰੋਈਆਂ ।

ਮੌਜ 'ਚ ਆਪਣੀ ਮੌਤ ਚਿਤਾਰਾਂ

ਮੌਜ 'ਚ ਆਪਣੀ ਮੌਤ ਚਿਤਾਰਾਂ, ਪੁਖਤਾ ਇੰਜ ਈਮਾਨ ਕਰਾਂ ।
ਕਰਕੇ ਆਪਣਾ ਉੱਚ ਤਖ਼ਯਲ ਮੈਂ ਸਦੀਆਂ ਦੀ ਹਾਣ ਕਰਾਂ ।

ਮੈਂ ਸ਼ਾਇਰ ਹਾਂ ਹੱਥ ਵਿਚ ਮੇਰੇ ਕਲਮ ਜਿਹੀਆਂ ਤਲਵਾਰਾਂ ਨੇ,
ਮੁਲਕ ਮੇਰੇ ਨੂੰ ਲੋੜ ਪਵੇ ਤੇ, ਆਪਣੀ ਜ਼ਿੰਦ ਕੁਰਬਾਨ ਕਰਾਂ ।

ਮੈਂ ਗੀਤਾਂ 'ਤੇ ਨਜ਼ਮਾਂ ਗ਼ਜ਼ਲਾਂ ਲਿਖ-ਲਿਖ ਫ਼ਰਜ਼ ਕਰਾਂ ਪੂਰਾ,
ਜਗ ਨੂੰ ਅਮਨ ਸੁਨੇਹੜੇ ਦੇ ਕੇ ਫ਼ਨ ਆਪਣੇ 'ਤੇ ਮਾਨ ਕਰਾਂ ।

ਚੋਰੀ, ਬਦੀ, ਬਖ਼ੀਲੀ, ਡਾਕੇ, ਖ਼ੂਨ, ਖ਼ੁਆਰੀ ਮੁੱਕ ਜਾਵੇ,
ਖ਼ਤਮ ਗ਼ਰੀਬੀ ਹੋਵੇ ਦਿਲ ਦੇ ਫਿਰ ਪੂਰੇ ਅਰਮਾਨ ਕਰਾਂ ।

ਰੱਬ ਸੱਚਾ ਜੇ ਕੁੱਝ ਦਿਨ ਮੈਨੂੰ ਪਿਆਰ ਭੰਡਾਰਾ ਬਖ਼ਸ਼ ਦਵੇ,
ਸਾਰੇ ਜੱਗ ਦੇ ਮੁਲਕਾਂ ਤਾਈਂ ਮੁੜ-ਮੁੜ ਇੱਕੋ ਜਾਨ ਕਰਾਂ ।

ਮਹਿਕੇ ਟਹਿਕੇ ਬਾਗ਼ ਵਤਨ ਦਾ, ਤੱਤੀਆਂ 'ਵਾਵਾਂ ਵੱਗਣ ਨਾਂ,
ਫੁੱਲ ਖਿੜਦੇ ਤੱਕ ਰਾਜ਼ੀ ਹੋਵਾਂ, ਜਿੰਦੜੀ 'ਤੇ ਅਹਿਸਾਨ ਕਰਾਂ ।

ਮੇਰੀ ਤਾਂਘ ਘਰੋਕੀ ਤਾਈਂ, 'ਬਾਵਾ' ਕਦੀ ਵਜੂਦ ਮਿਲੇ,
ਦਿਲ ਨੂੰ ਮਿਲੇ ਸਕੂਨ 'ਤੇ ਪੈਦਾ ਫਿਰ ਨਜ਼ਮਾਂ ਦੀ ਕਾਨ ਕਰਾਂ ।

ਝਿਲਮਿਲ-ਝਿਲਮਿਲ ਕਰਦੀ ਆਈ

ਝਿਲਮਿਲ-ਝਿਲਮਿਲ ਕਰਦੀ ਆਈ ਮੈਂ ਤੱਕਿਆ ਉਹ ਸੰਗੀ,
ਕਸਮ ਖ਼ੁਦਾ ਦੀ ਮੌਤ ਸੀ ਮੇਰੇ ਕੋਲੋਂ ਹੋ ਕੇ ਲੰਘੀ ।

ਉਦਮੀ ਬਣ ਕੇ ਕਾਰ ਕਰਾਂ ਮੈਂ ਏਹੋ ਸੀ ਵਸ ਮੇਰੇ,
ਕਾਰ ਕਰਾਂ ਮੈਂ ਰੱਬ ਹਵਾਲੇ ਦੂਰ ਕਰੇਗਾ ਤੰਗੀ ।

ਮਨ ਵਿਚ ਵਾਸ ਵਸਾਵਣ ਵਾਲਾ ਕਿਧਰੇ ਨਜ਼ਰ ਨਾ ਆਵੇ,
ਮੈਂ ਤੇ ਵਿਚ ਤਖ਼ੱਯਲ ਦਿਲ ਦੀ ਖੂਹੰਦਰ-ਖੂਹੰਦਰ ਹੰਗੀ ।

ਗਿਰਜਾਂ ਵਾਂਗ ਭਰੇ ਢਿੱਡ ਆਪਣਾ, ਚੁਰ-ਚੁਰ ਵੀ ਰਹੇ ਕਰਦੀ,
ਜ਼ਿੰਦਾ ਲਾਸ਼ਾਂ ਖਾਵਣ ਵਾਲੀ ਦੁਨੀਆਂ ਕਦੋਂ ਏ ਚੰਗੀ ।

ਜੇ ਨਾ ਦਿਲੋਂ ਕਰੋਧ ਗਵਾਈਏ, ਨ੍ਹਾਵਨ ਨਹੌਣ ਕਰੇਂਦਾ,
ਗੰਗਾ ਵਿਚ ਇਸ਼ਨਾਨ ਕਰਨ 'ਤੇ ਹੁੰਦੀ ਨਹੀਂ ਜ਼ਿੰਦ ਗੰਗੀ ।

ਰੰਗਾਂ ਵਾਲਿਆਂ ਵੇਖਣ ਬਿਟ-ਬਿਟ ਬੇਰੰਗਿਆਂ ਨੂੰ ਰੰਗੇ,
ਨਾਜ਼ ਪਸੰਦ ਕਰੇ ਨਾ ਰੰਗੀ ਕਿਸ ਕੰਮ ਚੁਨਰੀ ਰੰਗੀ ।

ਇਹਦੀ ਮੁੱਢਲੀ ਵਾਦੀ ਗੱਲਾਂ

ਇਹਦੀ ਮੁੱਢਲੀ ਵਾਦੀ ਗੱਲਾਂ ਨਾਲ ਜਹਾਨ ਫੜੇ ।
ਭਲਿਆ ਲੋਕਾ ਦੱਸ ਖ਼ਾਂ ਜੱਗ ਦੀ ਕੌਣ ਜ਼ੁਬਾਨ ਫੜੇ ।

ਇਸ ਭੁਖਿਆਲੇ ਦੌਰ ਨੇ ਲਗਦੈ ਸਾਕ-ਸਕੀਰੀ ਛੱਡੀ,
ਹਾਤਮ ਵਾਂਗ ਨਾ ਰਾਹ 'ਤੇ ਬਹਿ ਕੇ ਹੁਣ ਮਹਿਮਾਨ ਫੜੇ ।

ਇਕ ਮਜਜ਼ੂਬ ਧਮਾਲ 'ਚ ਬੇਖ਼ੁਦ ਹੋ ਹੋ ਕਰੇ ਕੁਕਾਰੇ,
ਮਸਤੀ ਵਿਚ ਪਤਾਲ ਨੂੰ ਛੂਹ ਕੇ ਫਿਰ ਅਸਮਾਨ ਫੜੇ ।

ਫ਼ਾਕੇ ਨਾਲ ਫ਼ਕੀਰ ਦਿਲੇ ਨੂੰ ਫੜ ਫੜ ਕੇ ਚਮਕਾਂਦੇ,
ਮਨ ਵਿਚ ਜਦੋਂ ਤਵੱਕਲ ਵਾਲੀ ਨਾਮ ਦੀ ਸਾਨ ਫੜੇ ।

ਹਰ ਦੀ ਪੂਰੀ ਸੱਥ ਵਿਚ ਬਹਿ ਕੇ ਝੋਸੇ ਨਾਲ ਤਰੋੜੇ,
ਕਿਹੜਾ ਮੌਤ ਦੀ ਅੱਥਰੀ ਵੀਣੀ ਆਣ ਜਵਾਨ ਫੜੇ ।

ਵੇਖ ਦਿਲਾ ਮਿਤ ਪੱਥਰ ਦਿਲ ਦੀ ਵਿਨ੍ਹ ਵਿਨ੍ਹ ਰੱਖੀ ਜਾਵੇ,
'ਬਾਵਾ' ਯਾਰ ਨੇ ਤਿੱਖੀਆਂ ਨਜ਼ਰਾਂ ਦੇ ਹੁਣ ਬਾਣ ਫੜੇ ।

ਜਦੋਂ ਵੀ ਜ਼ਿਹਨ ਮੇਰੇ ਵਿਚ ਕਦੀ ਵੀ

ਜਦੋਂ ਵੀ ਜ਼ਿਹਨ ਮੇਰੇ ਵਿਚ ਕਦੀ ਵੀ ਹਿੱਲ-ਹਿਲਾ ਆਇਆ ।
ਤਸੱਲੀ ਦੇਣ ਨੂੰ ਮੇਰੇ ਖ਼ਿਆਲਾਂ ਦਾ ਖ਼ੁਦਾ ਆਇਆ ।

ਕਦੋਂ ਕੀਤਾ ਹਿਆਤੀ ਦਾ ਗਿਲਾ ਓ ਵੇਲਿਆ ਦੱਸ ਖਾਂ,
ਕਿਸੇ ਵੀ ਜਦ ਗਿਲਾ ਕੀਤਾ ਤੇ ਮੇਰੇ 'ਤੇ ਗਿਲਾ ਆਇਆ ।

ਤੁਸੀਂ ਦੱਸੋ ਭਰਾਉ ਨਾਲ ਮੇਰੇ ਬੀਤੀਆਂ ਕੀ ਸਨ,
ਬਿਨਾ ਪਰਦੇ ਸਰੇ ਮਹਫ਼ਿਲ ਜਦੋਂ ਉਹ ਬੇਵਫ਼ਾ ਆਇਆ ।

ਕੋਈ ਵੀ ਆਮ ਬੰਦਾ ਵੇਖ ਜੰਡ ਤੋਂ ਉਡ ਗਏ ਪੰਛੀ,
ਉਨ੍ਹਾਂ ਇਹ ਸਮਝ ਲੀਤਾ ਕਿ ਇਹ ਸਾਹਿਬਾਂ ਦਾ ਭਰਾ ਆਇਆ ।

ਮੇرا ਅਰਮਾਨ ਇਹ 'ਬਾਵਾ' ਉਹਦੇ ਮੈਂ ਦੇਸ ਨੂੰ ਜਾਵਾਂ,
ਜੀਹਦੇ ਦਰ ਜੋ ਵੀ ਜਾਂਦਾ ਏ, ਉੇਹ ਪੜ੍ਹਦਾ ਈ 'ਸਨਾ' ਆਇਆ ।