Bashir Abid Punjabi Ghazals

ਪੰਜਾਬੀ ਗ਼ਜ਼ਲਾਂ ਬਸ਼ੀਰ ਆਬਿਦ

1. ਗ਼ਮ ਦੀ ਵਾਛੜ ਨਾਲ ਕਿਨਾਰਾ ਟੁੱਟ ਗਿਆ

ਗ਼ਮ ਦੀ ਵਾਛੜ ਨਾਲ ਕਿਨਾਰਾ ਟੁੱਟ ਗਿਆ।
ਬੁੱਲ੍ਹਾਂ ਚੋਂ ਚੁੱਪ ਰਹਿਣ ਦਾ ਪਾਰਾ ਟੁੱਟ ਗਿਆ।

ਜਿਸ ਤੇ ਉਂਗਲੀ ਰੱਖੀ ਮੇਰੀ ਕਿਸਮਤ ਨੇ,
ਫ਼ਲਕ ਦੇ ਮੱਥਿਉਂ ਉਹ ਹੀ ਤਾਰਾ ਟੁੱਟ ਗਿਆ।

ਦੁਨੀਆਂ ਰੱਖਣ ਖ਼ਾਤਰ ਵੀ ਨਾ ਹਸਿਆ ਉਹ,
ਦਿਲ ਮੇਰੇ ਦਾ ਮਾਨ-ਉਭਾਰਾ ਟੁੱਟ ਗਿਆ।

ਮਨ ਦੇ ਅਸਮਾਨੀ ਜੋ ਰੋਸ਼ਨ ਕੀਤਾ ਸੀ,
ਉਹ ਵੀ ਅੱਜ ਉਮੀਦ ਸਿਤਾਰਾ ਟੁੱਟ ਗਿਆ।

ਖੁਲ੍ਹਿਆ ਸੱਚ ਤਾਂ ਹੱਕ ਸੱਚ ਦੀ ਪਚਿਚਾਣ ਹੋਈ,
ਕਦ ਤੱਕ ਰਹਿੰਦਾ ਝੂਠਾ ਲਾਰਾ ਟੁੱਟ ਗਿਆ।

ਅੱਖੀਆਂ ਵੀ ਰੋਣਾ ਭੁੱਲ ਗਈਆਂ ਨੇ 'ਆਬਿਦ',
ਜਦ ਤੋਂ ਦਿਲ ਦਾ ਦਰਦ ਸਹਾਰਾ ਟੁੱਟ ਗਿਆ।

2. ਇਹ ਖ਼ੂਨੀ ਤੂਫ਼ਾਨ, ਇਸ਼ਾਰੇ ਮੌਸਮ ਦੇ

ਇਹ ਖ਼ੂਨੀ ਤੂਫ਼ਾਨ, ਇਸ਼ਾਰੇ ਮੌਸਮ ਦੇ।
ਖ਼ਤਰੇ ਦਾ ਸਾਮਾਨ ਇਸ਼ਾਰੇ ਮੌਸਮ ਦੇ।

ਹੱਥਾਂ ਪੈਰਾਂ ਵਿੱਚ ਜ਼ੰਜੀਰਾਂ ਕਸੀਆਂ ਨੇ,
ਸੋਚ ਜ਼ਰਾ, ਪਹਿਚਾਣ ਇਸ਼ਾਰੇ ਮੌਸਮ ਦੇ।

ਬਦਲੇ ਰੁਖ ਹਵਾਵਾਂ ਦੇ ਪਏ ਦੱਸਦੇ ਨੇ,
ਹੋ ਗਏ ਬੇਈਮਾਨ ਇਸ਼ਾਰੇ ਮੌਸਮ ਦੇ।

ਵੱਜ ਰਹੇ ਮੁੱਦਤ ਤੋਂ ਪੱਥਰ ਜੁੱਸਿਆਂ ਨੂੰ,
ਇੰਜ ਪਏ ਫੁੱਲ ਵਰਸਾਣ ਇਸ਼ਾਰੇ ਮੌਸਮ ਦੇ।

ਦਰਦ ਵਿਛੋੜੇ ਵਾਲੀਆਂ ਲੰਮੀਆਂ ਰਾਤਾਂ 'ਤੇ,
ਕਰਦੇ ਨੇ ਅਹਿਸਾਨ ਇਸ਼ਾਰੇ ਮੌਸਮ ਦੇ।

'ਆਬਿਦ' ਮੇਰੇ ਯਾਰ ਕਵੇਲੇ ਰੋਵੇਂਗਾ,
ਅੱਖਾਂ ਖੋਲ੍ਹ ਪਛਾਣ ਇਸ਼ਾਰੇ ਮੌਸਮ ਦੇ।

3. ਨਿੰਮੋਂ ਝਾਣੇ ਸੋਹਲ-ਸਵੇਰੇ ਦੇਖ ਰਿਹਾ ਵਾਂ

ਨਿੰਮੋਂ ਝਾਣੇ ਸੋਹਲ-ਸਵੇਰੇ ਦੇਖ ਰਿਹਾ ਵਾਂ।
ਚਾਨਣ ਲੱਭਦੇ ਫਿਰਨ ਹਨੇਰੇ ਦੇਖ ਰਿਹਾ ਵਾਂ।

ਦਿਲ ਦੀ ਦੁਨੀਆਂ ਹਰ ਇਕ ਦੀ ਏ ਉਜੜੀ ਪੁਜੜੀ,
ਹਸਦੇ ਚਿਹਰੇ ਚਾਰ-ਚੁਫੇਰੇ ਦੇਖ ਰਿਹਾ ਵਾਂ।

ਸੱਚਿਆਂ ਦੀ ਹਰ ਗੱਲ ਹੀ ਕੱਖੋਂ ਹੌਲੀ ਜਾਪੇ,
ਝੂਠਿਆਂ ਦੇ ਸਭ ਕੌਲ ਸਚੇਰੇ ਦੇਖ ਰਿਹਾ ਵਾਂ।

ਅੱਖੀਆਂ ਦੇ ਵਿੱਚ ਸੌ ਵਰ੍ਹਿਆਂ ਦੇ ਜਗਰਾਤੇ ਨੇ,
ਗਲ ਵਿੱਚ ਖਿਲਰੇ ਵਾਲ ਘਨੇਰੇ ਦੇਖ ਰਿਹਾ ਵਾਂ।

ਮੱਥੇ 'ਤੇ ਹੱਥ ਧਰਕੇ ਹਰ ਕੋਈ ਬੈਠਾ ਏ ਹੁਣ,
ਉਮਰੋਂ ਵੱਡੇ ਗ਼ਮ ਦੇ ਘੇਰੇ ਦੇਖ ਰਿਹਾ ਵਾਂ।

ਜਿਉਂ ਜਿaਂ ਮੰਜ਼ਲ ਨੇੜੇ ਢੁਕਦੀ ਆਉਂਦੀ ਜਾਪੇ,
ਦੁੱਖਾਂ ਦੇ ਪੰਧ ਹੋਰ ਲਮੇਰੇ ਦੇਖ ਰਿਹਾ ਵਾਂ।

'ਆਬਿਦ' ਲਗਦੈ ਹੋਰ ਉਡੀਕਾਂ ਵਧੀਆਂ ਨੇ ਹੁਣ,
ਬਿਟ-ਬਿਟ ਤੱਕਣ ਪਏ ਬਨੇਰੇ ਦੇਖ ਰਿਹਾ ਵਾਂ।

4. ਮੈਂ ਇਸ ਪਾਰ ਗਵਾਚਾ ਉਹ ਉਸ ਪਾਰ ਗਵਾਚੇ

ਮੈਂ ਇਸ ਪਾਰ ਗਵਾਚਾ ਉਹ ਉਸ ਪਾਰ ਗਵਾਚੇ।
ਇਸ ਸੰਸਾਰ ਦੇ ਅੰਦਰ ਕਈ ਸੰਸਾਰ ਗਵਾਚੇ।

ਖੋਹ ਕੇ ਲੈ ਗਈ ਫੁੱਲ ਹਨੇਰੀ ਵੇਲੇ ਵਾਲੀ,
ਰੁੱਖਾਂ ਨਾਲੋਂ ਪੱਤਰ ਛਾਇਆਦਾਰ ਗਵਾਚੇ।

ਚੱਲ ਨਹੀਂ ਸਕਦੀ ਬੇੜੀ ਹੋਰ ਹਿਆਤੀ ਵਾਲੀ,
ਅੱਜ ਹੱਥਾਂ 'ਚੋਂ ਸਾਹਵਾਂ ਦੇ ਪਤਵਾਰ ਗਵਾਚੇ।

ਉਹਲੇ ਹੋਇਆ ਇੰਜ ਉਹ ਮੇਰੀਆਂ ਨਜ਼ਰਾਂ ਕੋਲੋਂ,
ਬੱਦਲਾਂ ਪਿੱਛੇ ਜਿਉਂ ਕੂੰਜਾਂ ਦੀ ਡਾਰ ਗਵਾਚੇ।

'ਆਬਿਦ' ਖ਼ੁਸ਼ੀਆਂ ਖਾਤਰ ਸਾਂਭੇ ਸਨ ਜੋ ਅੱਥਰੂ,
ਅੱਖੀਆਂ ਵਿੱਚੋਂ ਅੱਜ ਉਹ ਵੀ ਦੋ ਚਾਰ ਗਵਾਚੇ।

5. ਵੇਲੇ ਦੀ ਰਫ਼ਤਾਰ ਨੂੰ ਜਿਹੜੇ ਭੁੱਲਦੇ ਨੇ

ਵੇਲੇ ਦੀ ਰਫ਼ਤਾਰ ਨੂੰ ਜਿਹੜੇ ਭੁੱਲਦੇ ਨੇ।
ਉਹ ਗਲੀਆਂ ਵਿੱਚ ਕੱਖਾਂ ਵਾਂਗੂੰ ਰੁਲਦੇ ਨੇ।

ਸਹਿਮੇ ਸਹਿਮ ਬੁੱਲੇ ਤੇਰੀਆਂ ਯਾਦਾਂ ਦੇ,
ਅੱਜ ਵੀ ਮੇਰੇ ਜ਼ਹਿਨ ਦੇ ਵਰਕੇ ਥੁੱਲਦੇ ਨੇ।

ਏਸੇ ਲਈ ਤੇ ਰੋਣਾ ਵੀ ਛੱਡ ਦਿਤਾ ਹੈ,
ਏਥੇ ਮਿਲਦੇ ਹੰਝੂ ਵੀ ਹੁਣ ਮੁੱਲ ਦੇ ਨੇ।

ਸੋਚਾਂ ਵਿੱਚ ਹੀ ਬਲਦਾ ਤਕਿਆ ਫ਼ਿਕਰਾਂ ਨੂੰ,
ਦਿਲ ਦੇ ਬੂਹੇ ਜਦ ਵੀ ਦੇਖੇ ਖੁੱਲਦੇ ਨੇ।

ਮੇਰੀਆਂ ਅੱਖਾਂ ਨੇ ਬਰਸਾਤਾਂ ਲਾਈਆਂ ਨੇ,
ਹੰਝੂ ਮੇਰੇ ਮੋਤੀ ਬਣ ਬਣ ਡੁੱਲ੍ਹਦੇ ਨੇ।

ਪੁਤਲੀ ਵਾਂਗੂੰ ਉਹਦੀ ਸੂਰਤ ਦੇ ਜਲਵੇ,
ਮੈਨੂੰ ਹਰ ਪਲ ਦਿਸਦੇ ਹਿਲਦੇ ਜੁਲਦੇ ਨੇ।

ਮੈਨੂੰ ਆਪਣੇ ਘਰ ਦੀ ਚਿੰਤਾ ਲੱਗਦੀ ਏ,
ਜਦ ਵੀ 'ਆਬਿਦ' ਖ਼ੂਨੀ ਝੱਖੜ ਝੁੱਲਦੇ ਨੇ।