Baranmah-Heer : Budh Singh

ਬਾਰਾਂਮਾਹ-ਹੀਰ : ਬੁਧ ਸਿੰਘ

ਰੱਬਾ ਚੜ੍ਹਿਆ ਚੇਤ ਮਹੀਨਾ, ਇਸ਼ਕੇ ਜ਼ੋਰ ਤਪਾਇਆ ਸੀਨਾ
ਮੈਂਡਾ ਦਿਲ ਮਾਹੀ ਨੇ ਲੀਨਾ, ਖੇੜਾ ਹੁੰਦਾ ਕੌਣ ਕਮੀਨਾ
ਮੌਲਾ ਮੇਲੀਂ ਯਾਰ ਨਗੀਨਾ, ਮੈਂ ਤਾਂ ਹੋਈਆਂ ਬਹੁਤ ਅਧੀਨਾ, ਬਾਝੋਂ ਯਾਰ ਦੇ ।

ਕੇਸੂ ਫੁਲੇ ਰੰਗ ਗੁਲਾਲੀ, ਜਾਨਕ ਅੱਗ ਬਿਰਹੁੰ ਨੇ ਬਾਲੀ
ਕੋਇਲ ਕੁਹਕੇ ਅੰਬ ਸੁ ਡਾਲੀ, ਭੌਰੇ ਗੂੰਜਨ ਲੈਣ ਭਵਾਲੀ
ਕੁੜੀਆਂ ਖੇਡਣ ਰਾਤ ਚੰਦਾਲੀ, ਗਾਵਣ ਗੀਤ ਬਜਾਵਣ ਤਾਲੀ
ਹਭਾ ਫੁਲੀ ਹੈ ਬਨ ਮਾਲੀ, ਨਾਲ ਬਹਾਰ ਦੇ ।

ਮੈਨੂੰ ਕੁਝ ਨ ਭਲਾ ਸੁਝੇ, ਕਲੇਜਾ ਵਾਂਗੁ ਕਬਾਬੇ ਭੁਜੇ
ਬਿਰਹੋਂ ਤੀਰ ਚਲੇਂਦਾ ਗੁੱਝੇ, ਮੈਂਡੀ ਜਾਨ ਹਮੇਸ਼ਾ ਲੁੱਝੇ
ਸਈਓ ਕਰੋ ਇਲਾਜੁ ਨੀ ਕੁਝੇ, ਭੜਕੀ ਅੱਗ ਇਸ਼ਕ ਦੀ ਬੁਝੇ
ਪਿਆਰਾ ਆਣ ਮਿਲਾਵੋ ਮੁਝੇ, ਆਇ ਕਰਾਰ ਦੇ ।

ਪਿਆਰੇ ਬਾਝੋਂ ਘੜੀ ਨ ਜੀਵਾਂ, ਪਿਆਲਾ ਘੋਲਿ ਜ਼ਹਿਰ ਦਾ ਪੀਵਾਂ
ਬੁਧ ਸਿੰਘ ਹੀਰ ਰਾਂਝਣ ਦੀ ਥੀਵਾਂ, ਖੇੜੇ ਨਾਉਂ ਨ ਮੂਲੇ ਲੀਵਾਂ
ਫੇੜੇ ਅਪਣੇ ਨੂੰ ਪਛਤੀਵਾਂ, ਚਸ਼ਮਾਂ ਤਾਰ ਸਾਰ ਦੀਆਂ ਸੀਵਾਂ, ਬਾਝ ਦੀਦਾਰ ਦੇ ।੧।
ਫੁਲ ਹਰੀ ਕਿ ਹਰ ਦੀ ਹਾਂ, ਕਿ ਵਹਿਦੀ ਤਖ਼ਤ ਹਜ਼ਾਰੇ ਜਾਂ, ਮਹੀਨਾ ਗੁਜ਼ਰਿਆ ।੧।ਰਹਾਉ।

ਵੈਸਾਖ ਵੈਸਾਖੀ ਆਈ, ਬਿਰਹੋਂ ਧੁੰਮ ਘਨੇਰੀ ਪਾਈ
ਕੁੱਠੀ ਬਕਰੇ ਵਾਂਗੁ ਕਸਾਈ, ਕੇਹੀ ਫੂਕ ਕਲੇਜੇ ਲਾਈ
ਤੱਤੀ ਹੀਰ ਤਨੇ ਤਪ ਤਾਈ, ਇਸ਼ਕੇ ਨਾਲ ਅਸਾਂ ਦੇ ਚਾਈ, ਰੱਬਾ ਕੀ ਕਰਾਂ ।

ਹਭੇ ਫੁਲੇ ਬਾਗ਼ ਬਗੀਚੇ, ਜਾਨਕ ਦੁਖ ਰੁਖੇ ਨੀ ਸੀਚੇ
ਇਸ਼ਕੇ ਪਕੜਿ ਨਿਵਾਈ ਨੀਚੇ, ਬੈਠਾ ਸੀਨੇ ਆਇ ਦੁਲੀਚੇ
ਫੜਿ ਫੜਿ ਦਿਲ ਦੇਵਾਨਾ ਖੀਂਚੇ, ਬਿਰਹੋਂ ਫਾਥੀ ਫੰਧੀ ਬੀਚੇ, ਸਈਓ ਮੈਂ ਮਰਾਂ ।

ਮੈਂਡਾ ਹਾਲ ਨ ਕੋਈ ਜਾਣੇ, ਪੁੜੀਆਂ ਦੇਂਦੇ ਰਹੇ ਸਿਆਣੇ
ਪੜਿ ਪੜਿ ਥਕੇ ਇਲਮ ਮੁਲਾਣੇ, ਇਸ਼ਕੇ ਭੂਤ ਬਹਾਏ ਠਾਣੇ
ਭੁੰਨੀ ਭੱਠ ਸੁ ਵਾਂਗੂੰ ਦਾਣੇ, ਪਿਆਰੇ ਬਾਝੋਂ ਕੌਣ ਪਛਾਣੇ, ਧੀਰਜ ਕਿਉਂ ਧਰਾਂ ।

ਦੇਖੋ ਸਈਓ ਮੈਂ ਕੀ ਕੀਤਾ, ਪਿਆਲਾ ਜ਼ਹਿਰ ਆਪ ਫੜਿ ਪੀਤਾ
ਬੁਧ ਸਿੰਘ ਦਿਲ ਜਾਨ ਹਥਿ ਦਿਤਾ, ਪਿਆਰਾ ਵੰਞਿ ਗਿਆ ਚੁਪ ਕੀਤਾ
ਤੜਫਾਂ ਰਾਮੇ ਬਾਝੋਂ ਸੀਤਾ, ਬਿਰਥਾ ਜੋਬਨ ਤਕਦੀ ਬੀਤਾ, ਜੀਵਾਂ ਨ ਮਰਾਂ ।੨।

ਸਈਓ ! ਆਇਆ ਜੇਠ ਨਿਮਾਣੀ, ਕੇਹੀ ਬਾਬ ਅਸਾਂ ਦੇ ਵਾਣੀ
ਬਿਰਹੋਂ ਕੁਟ ਕੁਟ ਨਿਕੀ ਛਾਣੀ, ਰਿੜਕੀ ਵਾਂਗੂੰ ਦੁਧ ਮਧਾਣੀ
ਤੜਫਾਂ ਬਾਝੋਂ ਮਛਲੀ ਪਾਣੀ, ਫਾਥੀ ਆਣ ਦੁਖਾਂ ਦੀ ਘਾਣੀ ਤੱਤੀ ਕਰਮ ਦੀ ।

ਪਾਂਧੀ ਪੰਧ ਨ ਮੂਲੇ ਚਲੇ, ਤੱਤੀ ਪੌਣ ਸੁ ਜਾਨ ਭਖੱਲੇ
ਬਿਰਹੁ ਜਾਨ ਕਰੇਂਦਾ ਹੱਲੇ, ਤਪੇ ਧਰਤੀ ਮਾਰੂ ਥਲੇ
ਡਾਢਾ ਸੂਲ ਕਲੇਜਾ ਸੱਲੇ, ਮੈਂ ਵਲਿ ਜਾਨੀ ਕੋਇ ਨ ਘੱਲੇ ਸਾਈਆਂ ਸ਼ਰਮਦੀ ।

ਸਾਨੂੰ ਡੁਖੋ ਡੁਖ ਵਿਹਾਵੇ, ਮਰੀਏ ਮਾਹੀ ਦੇ ਹੀ ਹਾਵੇ
ਦੂਜਾ ਖੇੜਾ ਝਿੜਕ ਡਰਾਵੇ, ਕੇਹੜਾ ਤਖ਼ਤ ਹਜ਼ਾਰੇ ਜਾਵੇ
ਮੈਂਡਾ ਹਭੋ ਹਾਲ ਸੁਣਾਵੇ, ਪਿਆਰਾ ਅਜੁ ਇਥਾਈਂ ਲਿਆਵੇ ਥੱਕੀ ਭਰਮਦੀ ।

ਸਾਨੂੰ ਹਭੋ ਕਦੀਆ ਭੁਲੇ, ਸਿਰ ਪਰ ਛੱਤ ਇਸ਼ਕ ਦਾ ਝੁਲੇ
ਬੁਧ ਸਿੰਘ ਬਾਗ਼ ਸਲੇਟੀ ਫੁਲੇ, ਗੂੰਨਾ ਗੂੰਨ ਚਮਨ ਗੁਲ ਖਿਲੇ
ਅਰਸ਼ੋਂ ਬਾਦ ਸੁਬਹਿ ਦੀ ਝੁਲੇ, ਪਿਆਰਾ ਵਲਿ ਅਸਾਂ ਦੀ ਜੁੱਲੇ ਘੜੀ ਸੁ ਧਰਮ ਦੀ ।੩।

ਚੜ੍ਹਿਆ ਹਾੜ੍ਹ ਹਵਾਈ ਕਰਦਾ, ਸੁਣਿ ਸੁਣਿ ਜੀਉ ਸੁ ਮੈਂਡਾ ਡਰਦਾ
ਅਸ਼ਕ ਅੱਗ ਥੀਂ ਅੱਗੋਂ ਮਰਦਾ, ਅਸਾਂ ਤੇ ਚਾਇ ਕੀਤਾ ਦਿਲ ਬਰਦਾ
ਬਿਰਹੋਂ ਦੁਖ ਹੱਡਾਂ ਨੂੰ ਚਰਦਾ, ਸਾਂਈਂਆਂ ਹੋਇ ਰਹੀ ਗੁਲਜ਼ਰਦਾ ਤਲਬ ਦੀਦਾਰ ਦੀ ।

ਤ੍ਰਿਖੀ ਧੁਪ ਸਿਰਾਹਾਂ ਪਾਂਦੀ, ਦੁਯਾ ਅੱਗ ਬ੍ਰਿਹੁੰ ਦੀ ਖਾਂਦੀ
ਤੱਤੀ ਰਾਤ ਡਿਹੇਂ ਬਿਲਲਾਂਦੀ, ਖੇੜੇ ਘੱਤਿ ਕਚਾਵੇ ਆਂਦੀ
ਬਾਬੁਲ ਬੰਨ੍ਹਿ ਦਿਤੀ ਕਰ ਬਾਂਦੀ, ਮੈਂਡੀ ਨ ਕਾਈ ਪਾਰ ਵਸਾਂਦੀ ਨਾਅਰੇ ਮਾਰਦੀ ।

ਮੈਂ ਤਾਂ ਹੋਈਆਂ ਅਹਿਲ ਦੀਵਾਨੀ, ਸੀਨੇ ਉਠਣ ਸੂਲ ਤੂਫ਼ਾਨੀ
ਇਸ਼ਕੇ ਛਿਕ ਜੜੀ ਤਨ ਕਾਨੀ, ਸਾਨੂੰ ਲਹਿਰ ਦੇਵੇ ਜਵਾਨੀ
ਪਿਆਰਾ ਛੋੜਿ ਗਿਆ ਸੈਲਾਨੀ, ਰੱਬਾ ਮੇਲਿਆ ਸਾਨੂੰ ਜਾਨੀ ਸ਼ਗਨ ਵੀਚਾਰਦੀ ।

ਸਈਓ ! ਕੁੱਠੀ ਓਨ ਕਸਾਈ, ਜਿਨ ਚਾ ਸੱਸੀ ਥਲੀਂ ਰੁਲਾਈ
ਬੁਧ ਸਿੰਘ ਸੋਹਣੀ ਨੈਂਇੰ ਡੁਬਾਈ, ਮਜਨੂੰ ਜੁਸੇ ਦੱਭ ਵਧਾਈ
ਜ਼ੁਲੈਖ਼ਾਂ ਰੋਂਦੀ ਉਮਰ ਉਮਰ ਗਵਾਈ, ਸਾਹਿਬਾਂ ਕੁੱਠੀ ਸਕੇ ਭਾਈ ਖਾਤਰ ਯਾਰ ਦੀ ।੪।

ਰੱਬਾ ਚੜ੍ਹਿਆ ਮਹੀਨਾ ਸਾਵਣ, ਕੁੜੀਆਂ ਹੱਸਣ ਖੇਡਣ ਗਾਵਣ
ਮੌਲੀ ਮਹਿੰਦੀ ਕੱਜਲ ਪਾਵਣ, ਬਣਿ ਬਣਿ ਰੰਗ ਸ਼ਹਾਨੇ ਆਵਣ
ਛੱਤੇ ਗੁੰਦ ਫੁਲੇਲ ਲਗਾਵਣ, ਝੂਟਣ ਪਿਪਲ ਜੂਹ ਸੁਹਾਵਣ, ਜੋਬਨ ਮੱਚਿਆ ।

ਸਾਨੂੰ ਬਿਜਲ ਲਿਸ਼ਕ ਡਰਾਵੇ, ਡਾਇਣ ਕਢਿ ਕਲੇਜਾ ਖਾਵੇ
ਮਰੀਏ ਮਾਹੀ ਦੇ ਨੀ ਹਾਵੇ, ਰਾਤੀਂ ਰੱਤੀ ਨੀਂਦ ਨ ਆਵੇ
ਰੋਵਾਂ ਲਗਿ ਲਗਿ ਪਲੰਘੇ ਪਾਵੇ, ਪਿਆਰੇ ਬਾਝ ਤੇ ਕੁਝ ਨ ਭਾਵੇ ਆ ਰਣੁ ਰਚਿਆ ।

ਜਿਉਂ ਜਿਉਂ ਮੌਲਾ ਮੇਂਹ ਵਰਸੇ, ਤਿਉਂ ਤਿਉਂ ਪੀੜ ਕਲੇਜਾ ਕੱਸੇ
ਸੀਨੇ ਉਠਣ ਸੂਲ ਸਰੱਸੇ, ਸਾਨੂੰ ਲੋਕ ਵਿਡਾਣਾ ਹੱਸੇ
ਪਿਆਰਾ ਤਖ਼ਤ ਹਜ਼ਾਰੇ ਵੱਸੇ, ਜੈਂਦੇ ਡਿਠੇ ਹਭ ਦੁਖ ਨੱਸੇ ਦਿਲ ਮੈਂ ਖਿਚਿਆ ।

ਕੇਹੀ ਕੀਤੀ ਬੇਪਰਵਾਹੀ, ਮੈਂ ਤਾਂ ਸਾਈਆਂ ਤੈਂਡੀ ਆਹੀ
ਜੇ ਮੈਂ ਭਰੀਹਾਂ ਲੱਖ ਗੁਨਾਹੀਂ, ਤੂੰ ਤਾਂ ਆਲਮ ਕੁਲ ਪਨਾਹੀ
ਬਿਰਹੋਂ ਦਧੀ ਤੈਂ ਕੀ ਦਾਹੀ, ਬੁਧ ਸਿੰਘ ਕੂਕਾਂ ਮਾਹੀ ਮਾਹੀ ਮੇਲੀਂ ਸੱਚਿਆ ।੫।

ਭਾਦ੍ਰੋਂ ਭਰਮ ਨ ਜੀਉ ਫੁਟਦਾ, ਸੀਨੇ ਸੂਲ ਕਹਿਰ ਦਾ ਉਠਦਾ
ਜਾਨਕ ਮੂਲ ਸੁਖਾਂ ਦੇ ਪੁਟਦਾ, ਡਾਢੀ ਪੀੜ ਕਲੇਜਾ ਘੁਟਦਾ
ਦੇ ਦੇ ਤਾਉ ਵਦਾਣੀਂ ਕੁਟਦਾ, ਵਾਂਗੂੰ ਸਾਰ ਦੇ ।

ਬਣ ਤ੍ਰਿਣ ਫੁਲੇ ਭੌਰੁ ਗੁੰਜਾਰਨ, ਬੋਲਣ ਬਿੰਡੇ ਮੋਰ ਝਿੰਕਾਰਨ
ਬਿਰਹੋਂ ਫੌਜਾਂ ਜਾਣ ਲਲਕਾਰਨ, ਤਣਿ ਤਣਿ ਤੀਰ ਕਹਿਰ ਦੇ ਮਾਰਨ
ਚਾਤ੍ਰਿਕ ਪੀ ਪੀ ਸ਼ਬਦ ਉਚਾਰਨ, ਸੁਣਿ ਸੁਣਿ ਜਾਨ ਕਲੇਜਾ ਠਾਰਨ ਬਿਰਹੀ ਯਾਰ ਦੇ ।

ਮੈਂਡੀ ਸੁੰਞੀ ਸੇਜਿ ਅਕੇਲੀ, ਜੈਂਦੀ ਤ੍ਰੈ ਸੈ ਸੱਠ ਸਹੇਲੀ
ਮੈਂ ਬਿਨ ਹੱਭਾ ਕੰਤ ਮਹੇਲੀ, ਬਿਰਹੋਂ ਪੀੜ ਸੁਟੀ ਤਿਲ ਤੇਲੀ
ਸੁੱਕੀ ਮਜਨੂੰ ਵਾਂਗ ਸੁ ਲੇਲੀ, ਰੱਬਾ ਮੇਲੁ ਅਸਾਨੂੰ ਬੇਲੀ ਆਇ ਦੀਦਾਰ ਦੇ ।

ਮੈਂ ਤਾਂ ਸੁਖ ਨ ਸੇਜੇ ਸੋਵਾਂ, ਰੋ ਰੋ ਹੰਝੂ ਹਾਰ ਪਰੋਵਾਂ
ਮਲਿ ਮਲਿ ਦਾਗ਼ ਬਿਰਹੋਂ ਦੇ ਧੋਵਾਂ, ਚੜਿ ਚੜਿ ਉਚੇ ਪੰਧ ਸੁ ਜੋਵਾਂ
ਯਾਰਾਂ ਮਿਲਿਆਂ ਦੁਖੜਾ ਖੋਵਾਂ, ਬੁਧ ਸਿੰਘ ਹੀਰ ਰਾਂਝਣ ਦੀ ਹੋਵਾਂ ਰਹਿਮ ਸਤਾਰ ਦੇ ।੬।

ਚੜ੍ਹਿਆ ਅਸੂ ਆਸ ਕਰੇਂਦੀ, ਮੁੰਧਣ ਰੋ ਰੋ ਨੈਣ ਭਰੇਂਦੀ
ਸਾਧਨ ਸੱਜਣ ਗੁਣ ਸਾਰੇਂਦੀ, ਸੂਰਤ ਸੋਹਣੀ ਚਿਤ ਧਰੇਂਦੀ
ਬਾਝੋਂ ਤੁਲਹੇ ਨਾਇੰ ਤਰੇਂਦੀ, ਵਾਂਗ ਸੋਹਣੀ ਡੁਬ ਮਰੇਂਦੀ ਜੇ ਮੈਂ ਜਾਣਦੀ ।

ਸਈਓ ! ਅਸੂ ਮਾਹੁ ਨਿਰਾਲਾ, ਦਿਹੇਂ ਧੁਪਿ ਸੁ ਰਾਤੀਂ ਪਾਲਾ
ਬਿਰਹੋਂ ਤਾਉ ਅਸਾਂ ਤੇ ਡਾਲਾ, ਸਾਨੂੰ ਛੋੜਿ ਗਇਆ ਮੇਹੀਵਾਲਾ
ਜੈਂ ਦੇ ਰੁਖਸਰ ਮਾਹੁ ਉਜਾਲਾ, ਹਲਕੇ ਜ਼ੁਲਫ਼ਾਂ ਬਿਸੀਅਰ ਕਾਲਾ ਫਾਹੀ ਜਾਨ ਦੀ ।

ਮੈਂਡੀ ਜਿੰਦ ਤਿਸੈ ਵਿਚ ਅਟਕੀ, ਸਾਨੂੰ ਭੁਲਿ ਗਈ ਸੁਧ ਘਟ ਕੀ
ਬਿਰਹੋਂ ਬਾਜ਼ ਲਵੇ ਜਿਉਂ ਪਟਕੀ, ਸਿਰ ਥੀਂ ਚਾਇ ਸੁਟੀ ਜਲ ਮਟਕੀ
ਸੀਨੇ ਸਾਂਗ ਕਹਰੁ ਦੀ ਖਟਕੀ, ਮੈਂ ਤਾਂ ਹੋਇ ਰਹੀ ਬਟ ਨਟ ਕੀ ਕਸਮ ਕੁਰਾਨ ਦੀ ।

ਬੁਧ ਸਿੰਘ ਇਸ਼ਕ ਕੀ ਕਾਰੇ ਕਰਦਾ, ਯੂਸਫ਼ ਚਾਇ ਕੀਤੋ ਨੇ ਬਰਦਾ
ਪੁੰਨੂੰ ਨਾਉਂ ਨ ਲੀਤਾ ਘਰ ਦਾ, ਸੂਲੀ ਚਾ ਮਨਸੂਰ ਸੁ ਚੜ੍ਹਦਾ
ਮਜਨੂੰ ਲਖ ਲਖ ਸਿਜਦੇ ਧਰਦਾ, ਮੇਹੀਂਵਾਲ ਨੈਂਇ ਡੁਬ ਮਰਦਾ ਖਾਤਰ ਆਣ ਦੀ ।੭।

ਚੜ੍ਹਿਆ ਕੱਤਕ ਕੀ ਸੁਣਿ ਕਹਿਣਾ, ਕਰਿਕੈ ਸਬਰ ਪਇਆ ਹੁਣ ਬਹਿਣਾ
ਕੀਤਾ ਸਾਈਂ ਦਾ ਸਿਰ ਸਹਿਣਾ, ਲਿਖਿਆ ਪਾਇ ਅਸਾਡੇ ਕਹਿਣਾ
ਪਾਈਏ ਧੁਰ ਦਰਗਾਹੋਂ ਲਹਿਣਾ, ਜਿਉਂ ਰਬ ਰਖੇ ਤਿਉਂ ਰਹਿਣ ਜ਼ੋਰ ਨ ਚਲਦਾ ।

ਦੇਖੋ ਇਸ਼ਕ ਅਵੱਲੀ ਚਾਲੀ, ਬਾਝੁ ਚਿਰਾਗ ਦੀਵਾਲੀ ਬਾਲੀ
ਸਿਰ ਤੇ ਖੇੜਾ ਜਮ ਜੰਦਾਲੀ, ਵਹਿੰਦੇ ਨੈਣ ਸੁ ਰੱਤੁ ਪਰਨਾਲੀ
ਸਾਨੂੰ ਵੇਦਨ ਪਈ ਕਮਾਲੀ, ਰੱਬਾ ਮੇਂਹੀਵਾਲ ਵਿਖਾਲੀ ਰੋਜ਼ ਅਜ਼ਲ ਦਾ ।

ਤੈਂਡੇ ਬਾਝ ਨ ਕੋਈ ਮੇਰਾ, ਸਾ ਕੂੰ ਆਸ ਭਰੋਸਾ ਤੇਰਾ
ਸਿਜਦਾ ਕਰਸਾਂ ਲਖ ਲਖ ਬੇਰਾ, ਬਿਰਹੋਂ ਦੁਸ਼ਮਣ ਪਾਇਆ ਘੇਰਾ
ਪਿਆਰੇ ਮੂਲ ਨ ਕੀਤੋਸੁ ਫੇਰਾ, ਸਈਓ ਕਿਚਰਕ ਰਖਾਂ ਜੇਰਾ, ਖੇੜਾ ਖਲਕਦਾ ।

ਦਿਲਬਰ ਟੁਕ ਅਸਾਂ ਵਲਿ ਆਵੀਂ, ਸੋਹਣਾ ਮੁਖੜਾ ਆਣ ਦਿਖਾਵੀਂ
ਭੋਰਾ ਬੰਸੀ ਧੁਨਕ ਸੁਣਾਵੀਂ, ਬੁਧ ਸਿੰਘ ਸਚ ਸਨੇਹੁ ਅਲਾਵੀਂ
ਆਤਸ਼ ਸੀਨੇ ਲਗਿ ਬੁਝਾਵੀਂ, ਆਜ਼ਜ ਬੰਦੀ ਆਣ ਛੁਡਾਵੀਂ ਬਿਰਹੋਂ ਸੱਲਦਾ ।੮।

ਮਘਰ ਮਾਹੀ ਨੂੰ ਜੇ ਪਾਵਾਂ, ਚੁਣ ਚੁਣ ਕਲੀਆਂ ਸੇਜ ਵਿਛਾਵਾਂ
ਜਾਨੀ ਖੋਲ੍ਹਿ ਤਣੀ ਗਲ ਲਾਵਾਂ, ਭਾਗਠ ਹੀਰ ਸਿਆਲ ਸਦਾਵਾਂ
ਬੇਸਰ ਮਾਂਗ ਸੰਧੂਰ ਭਰਾਵਾਂ, ਸੀਨੇ ਲਗਿ ਸੁ ਅੱਗ ਬੁਝਾਵਾਂ ਸਾਈਆਂ ਮੇਰਿਆ ।

ਭਾਈਏ ਯੂਸਫ਼ ਖੂਹੇ ਵਹਾਇਆ, ਤਿਥੋਂ ਕਢਿ ਸੌਦਾਗਰ ਲਿਆਇਆ
ਸੱਸੀ ਪੁੰਨੂੰ ਸੇਜ ਸਵਾਇਆ, ਸ਼ੀਰੀਂ ਆਸ਼ਕ ਨੂੰ ਜੀਵਾਇਆ ਮੈਂ ਕੀ ਫੇੜਿਆ ।

ਏਵਡ ਹੋਰ ਨ ਕੋਈ ਸੁਝਦਾ, ਤੁਧ ਬਿਨ ਕੌਣ ਦਿਲਾਂ ਦੀ ਬੁਝਦਾ
ਬਿਰਹੋਂ ਆਇ ਹਮੇਸ਼ਾਂ ਲੁਝਦਾ, ਸੀਨੇ ਘਾਉ ਕਿ ਥਾਈਂ ਗੁਝਦਾ
ਬਾਲਣ ਹੱਡ ਕਲੇਜਾ ਭੁਜਦਾ, ਸਾਨੂੰ ਆਸ ਭਰੋਸਾ ਤੁਝਦਾ ਰੱਖ ਹਥੇੜਿਆ ।

ਮੈਂ ਤਾਂ ਹੋਈਆਂ ਅਹਿਲ ਦਿਵਾਨੀ, ਫਿਰਦੀ ਰਾਤ ਡਿਹੈਂ ਹੈਰਾਨੀ
ਬੁਧ ਸਿੰਘ ਹਿਕੋ ਯਾਰ ਹਕਾਨੀ, ਜੀਵਨ ਕੂੜ ਫ਼ਨਾਹ ਜਵਾਨੀ
ਆ ਮਿਲ ਮੈਂਡੀ ਜਾਨ ਸੁਜਾਨੀ, ਸੋਹਣੀ ਸੂਰਤ ਥੋਂ ਕੁਰਬਾਨੀ ਮਰੁ ਵੇ ਖੇੜਿਆ ।੯।

ਰੱਬਾ ਪੋਹੁ ਮਹੀਨਾ ਆਇਆ, ਸਈਆਂ ਸੇਜ ਸ਼ੀਂਗਾਰ ਬਣਾਇਆ
ਪਿਆਰਾ ਅੰਕ ਭਰੇ ਗਲ ਲਾਇਆ, ਕਾਮਣ ਕੀਤੋ ਨੇਹੁ ਸਵਾਇਆ
ਮੈਂ ਕੀ ਤੱਤੀ ਲੇਖ ਬਣਾਇਆ, ਪਾਂਧੀ ਨੇਹੁ ਸੁ ਜੀਉ ਤਰਸਾਇਆ
ਬਿਰਹੋਂ ਕਢਿ ਛੁਰੀ ਹੁਣ ਧਾਇਆ, ਮੈਨੂੰ ਮਾਰਣੇ ।

ਕੇਹੀ ਕੀਤੀ ਹੈਂਸਿਆਰੇ, ਕਰਿਕੇ ਕੌਲ ਕਰਾਰ ਵਿਸਾਰੇ
ਵੁੱਠਾ ਆਪ ਸੁ ਤਖ਼ਤ ਹਜ਼ਾਰੇ, ਗੁਜ਼ਰੇ ਰਾਤ ਗਿਣੇਂਦੀ ਤਾਰੇ
ਕੜਕਨ ਕੱਕਰ ਜਾਡੇ ਭਾਰੇ, ਲੇਫ ਨਿਹਾਲੀ ਬਿਸੀਅਰ ਕਾਰੇ ਵਿਸੁ ਵਿਥਾਰਣੇ ।

ਹਾਇ ਨੀ ਆਖ ਕਰਾਂ ਕੀ ਮਾਏ, ਕੇਹੜੇ ਖੂਹ ਪਵਾਂ ਹੁਣ ਜਾਏ
ਪਿਆਰੇ ਛਡਿ ਸੁ ਲਡ ਸਿਧਾਏ, ਰੋਂਦੀ ਦਸ ਮੈਂ ਮਾਹ ਬਿਤਾਏ
ਹਥੋਂ ਛੁੜਕੇ ਹੋਣ ਪਰਾਏ, ਉਡੇ ਬਾਜ਼ ਸੁ ਬਾਜ਼ ਨ ਆਏ, ਦੁਖ ਸਹਾਰਣੇ ।

ਸਈਓ ! ਭੱਠ ਅਵੇਹੀ ਯਾਰੀ, ਕਰਦਾ ਇਸ਼ਕ ਹਮੇਸ਼ਾ ਖੁਆਰੀ
ਸਾਨੂੰ ਵੇਦਨ ਪਈਆ ਭਾਰੀ, ਬੁਧ ਸਿੰਘ ਮਰਸਾਂ ਮਾਰ ਕਟਾਰੀ
ਰੋਂਦੀ ਉਮਰ ਵਞਾਈਆ ਸਾਰੀ, ਮਿਲ ਜਾਨੀ ਮੈਂ ਵੇ ਵਾਰੀ ਵਾਰੀ
ਭਰਿ ਭਰਿ ਨੈਣ ਝਰੇਂਦੀ ਝਾਰੀ, ਤੈਂਡੇ ਕਾਰਣੇ ।੧੦।

ਮਾਘੀ ਮਾਘ ਬਾਘ ਜਿਉਂ ਬੁਕੇ, ਸੁਣਿਕੈ ਜਾਨ ਸੁ ਮੈਂਡੀ ਸੁੱਕੇ
ਲਗਾ ਨੇਹੁ ਅਵੇਹਾ ਲੁੱਕੇ, ਬਿਰਹੋਂ ਕਰਕੇ ਗਰਕ ਗਏ ਤੁਕੇ
ਕਰਿਕੈ ਢੋਇ ਦੁਖ ਸਭ ਢੁਕੇ, ਤੱਤੀ ਹੀਰ ਕਿਵੇਂ ਮਰ ਮੁਕੇ, ਤਾਂ ਵਿਸੁ ਖਾਨੀਆਂ ।

ਲਗੇ ਪਤ ਝੜੇ ਝੜਿ ਜਾਣ, ਦਿਸਨ ਰੁਖ ਸੁ ਦੱਧੇ ਜਾਣ
ਕਾਨ੍ਹ ਤੁਧ ਬਾਝੋਂ ਮੁਲਖ ਵੈਰਾਨ, ਬਿਰਹੋਂ ਉਠਣ ਸੂਲ ਤੂਫ਼ਾਨ
ਨਿਕਲ ਜਾਇ ਸੁ ਮੈਂਡੀ ਜਾਨ, ਤੈਂਡੀ ਸੂਰਤ ਥੋਂ ਕੁਰਬਾਨ ਮੈਂ ਕਸਮ ਕੁਰਾਨੀਆਂ ।

ਰਾਤੀਂ ਸੁਪਨੇ ਸਜਣ ਮਿਲੀਆਂ, ਚੁਣ ਚੁਣ ਸੇਜ ਵਿਛਾਈਆਂ ਕਲੀਆਂ
ਰਲ ਮਿਲ ਨਾਹ ਮਨੇਂਦੀ ਰਲੀਆਂ, ਮੈਂ ਤਾਂ ਭਾਗ ਸੁਬਾਹੇ ਫਲੀਆਂ
ਉਘੜ ਗਈਆਂ ਭਾਹੇ ਬਲੀਆਂ, ਕੂਕਾਂ ਬਾਂਹ ਕਰੇ ਕਰਿ ਖਲੀਆਂ ਆਉ ਗੁਮਾਨੀਆਂ ।

ਬਾਜ਼ੂ ਅਜ ਨੀ ਫੁਰਦੇ ਮੇਰੇ, ਬੁਧ ਸਿੰਘ ਹੁੰਦੇ ਸੌਣ ਭਲੇਰੇ
ਜਾਣਾ ਮਿਲਸਨ ਸੰਝ ਸਵੇਰੇ, ਹੱਭੇ ਜਾਸਨ ਦੁਖ ਪਰੇਰੇ
ਪਾਸਾ ਮਿਲਿਆ ਸੁਖ ਘਨੇਰੇ, ਉਜੜ ਫੇਰ ਵਸਾਸੀ ਡੇਰੇ ਰਹਿਮ ਰਬਾਨੀਆਂ ।੧੧।

ਫੱਗਣ ਮਾਹ ਸੁ ਨਾਹ ਪਿਆਰੇ, ਆਏ ਛੈਲ ਛਬੀਲੇ ਭਾਰੇ
ਸੋਹਣੀ ਸੂਰਤ ਦੇ ਮਤਵਾਰੇ, ਜੈਂਦੀ ਜ਼ੁਲਫ਼ਾਂ ਬਿਸੀਅਰ ਕਾਰੇ
ਤ੍ਰਿਖੇ ਨੈਣ ਸੁ ਐਨ ਕਟਾਰੇ, ਚੰਪਕ ਦੰਦ ਸੁ ਚੰਦ ਲਿਲਾਰੇ, ਮੋਤੀ ਮਣ ਲੜੀ ।

ਜੈਂਦੀ ਲਟਕ ਕਟਕ ਹੋਇ ਲੁਟਦੀ, ਕੁੰਡੀ ਮੱਛ ਅਟਕ ਜਿਉਂ ਮੁਠਦੀ
ਦਿਲੀ ਥੀ ਲੇ ਜੁ ਤਟਕ ਦੈ ਤੁਟਦੀ, ਡਿਠਿਆਂ ਪ੍ਰੀਤਿ ਚਟਕ ਦੈ ਚੁਟਦੀ
ਵਿਛੜਿਆਂ ਜਾਨ ਪਟਕ ਦੈ ਫੁਟਦੀ, ਲਗੀ ਲਗਨ ਝਟਕ ਨ ਛੁਟਦੀ ਹੀਰੇ ਜਿਉਂ ਜੜੀ ।

ਆਵੋ ਸਈਓ ! ਖੇਡਾਂ ਫਾਗ, ਮਿਲਿਆ ਜਾਨੀ ਚੰਦ ਚਰਾਗ਼
ਮੌਲੇ ਮਸਤਕਿ ਲਾਇਆ ਭਾਗ, ਬਿਰਹੋਂ ਸਿਕਲ ਕਰੇਹਾਂ ਦਾਗ
ਖਿਲੇ ਖ਼ੂਬ ਸ਼ਗੂਫਾ ਫਾਗ, ਗਵੇਹਾਂ ਗੀਤ ਸੁਹਾਨੇ ਰਾਗ, ਜੜੇਹਾਂ ਸਿਰ ਧੜੀ ।

ਬੁਧ ਸਿੰਘ ਹੀਰ ਸੁ ਹੀਰਾ ਪਾਇਆ, ਬਿਰਹੋਂ ਦਾਰਦ ਦੁਖ ਵੰਞਾਇਆ
ਮੌਲੇ ਮੁਲਖ ਸੁ ਸੁਖਿ ਵਸਾਇਆ, ਸੀਨੇ ਸਚੁ ਸਲੇਟੀ ਆਇਆ
ਹੱਭੋ ਹਾਰ ਸੀਂਗਾਰ ਸੁਹਾਇਆ, ਦੂਜਾ ਭਾਉ ਕੁਦਾਉ ਮਿਟਾਇਆ ਸੁਲੱਖਣੀ ਇਹ ਘੜੀ ।੧੨।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ