Baramah : Sayyed Shah Murad

ਬਾਰਾਮਾਹ : ਸੱਯਦ ਸ਼ਾਹ ਮੁਰਾਦ

ਦੋਹਰਾ

ਬਾਝੁਨਿ ਸਾਈ ਮਾਹ ਸਾਲ, ਸੋ ਸਾਰੀ ਉਮਰਹ ਸਾਲ
ਦਯੁ ਵਿਛੋੜਾ ਨਾ ਮਿਲੈ, ਹੋਰੁ ਜੋ ਮਿਲੈ ਸੋ ਜਾਲ ।

ਝੂਲਨਾ

ਬਾਰਹਮਾਹ ਭਠ ਯਾਰ ਬਿਨਾ ਹਰ
ਇਕ ਮਹੀਨਾ ਆਇ ਸਤਾਂਵਦਾ ਏ ।
ਕੋਈ ਘਾਉ ਕਰੇ ਕੋਈ ਲੂਣ ਧੂੜੇ,
ਕੋਈ ਲਤਿ ਦਿਵਾਇ ਕੁਹਾਂਵਦਾ ਏ
ਬਾਰਾਮਾਹ ਦਾ ਝੂਲਨਾ ਜੀ ਵਾਰੋ
ਵਾਰੀ ਕੇਹਾ ਕੋਈ ਆਂਵਦਾ ਏ ।੧।

ਦੋਹਰਾ

ਚੇਤ੍ਰ ਨੇਤ੍ਰ ਤੋ ਲਾਲ ਹੈ, ਜ਼ਰਦ ਰੰਗ ਸਭ ਦੇਹ
ਦਯੁ ਵਿਛੋੜਾ ਨਾ ਦਿਵੀਂ, ਹੋਰ ਜੋ ਭਾਵੀ ਸੋ ਦੇਹ ।

ਝੂਲਨਾ

ਚੇਤ੍ਰ ਚਿਤ ਉਦਾਸ ਜੋ ਨਿਤ ਹੋਇਆ,
ਫੁਟ ਆਈਆਂ ਨੀ ਹੰਝੂ ਬਹਾਰ ਜਿਵੇਂ
ਅੱਖੀਂ ਲਾਲ ਗੁਲਾਬ ਭਈਆਂ ਕਲ
ਪਿਪਣੀਆਂ ਦਿਸਨਿ ਖ਼ਾਰ ਜਿਵੇਂ
ਸਬਜ਼ ਰੰਗ ਵਜੂਦ ਜ਼ਿਮੀਨ ਪਇਆ
ਉਤੇ ਹੰਝੂ ਨੀ ਤ੍ਰੇਲ ਫੁਹਾਰ ਜਿਵੇਂ
ਚੇਤ੍ਰ ਮਾਹ ਦਾ ਝੂਲਨਾ ਦਿਲ
ਕਢ ਖੜੋਂਦਾ ਯਾਰ ਜਿਵੇਂ ।੨।

ਦੋਹਰਾ

ਵੈਸਾਖ ਸਖੀ ਕੋ ਸੁਖ ਨਹੀਂ ਆਪੇ ਤਜੋ ਪਰਾਨ
ਦਯੁ ਵਿਛੋੜਾ ਨਾ ਦਿਵੀਂ, ਹੋਰੁ ਸਭ ਕੁਛ ਮੋ ਪਰਵਾਨ ।

ਝੂਲਨਾ

ਆਈ ਰੁਤ ਵੈਸਾਖ ਦੀ ਬਾਗ਼ ਫੂਲੇ,
ਸਾਵੇ ਦਿਸਣਿ ਜੰਗਲ ਵਣ ਤ੍ਰਿਣਾ
ਹਲ ਤ੍ਰਿੰਞਣਿ ਗਾਂਵਦੇ ਗਲੀ ਗਲੀ,
ਸਈਓ ਆਇਆ ਵੈਸਾਖ ਰੁਤ ਲੁਣਾ
ਬੈਠੀ ਰੋਵਾਂ ਨਾ ਦਿਸਦਾ ਜਾਨੀ ਮੇਰਾ,
ਹਛਾ ਸੋਹਣਾ ਬੂਬਣਾ ਗਣਾ ਮਿਣਾ
ਮੈਨੂੰ ਰੁਤ ਵੈਸਾਖ ਦੀ ਦੁਖ ਘਣੇ
ਲੱਖ ਸੌ ਕਰੋੜ ਗਿਣਾ ਮਿਣਾ ।੩।

ਦੋਹਰਾ

ਜੇਠ ਜੇ ਠਾਕਰ ਘਰ ਨਹੀਂ, ਮਨ ਤਜਿਆ ਘਰ ਦੇ
ਰਸਨੀ ਭੀ ਘਰਿ ਛੋਡਿਆਂ, ਹੋਠ ਦੁਤਾਕਾ ਦੇਹ ।

ਝੂਲਨਾ

ਸੁੰਞੇ ਜੇਠ ਮੈਂਢੀ ਭੁੱਖ ਨੀਂਦ ਗਈ,
ਆਇਆ ਸੂਲ ਹੈਰਾਨੀ ਕੀ ਕਰਸਾਂ ਨੀ ?
ਬਾਝ ਮੀਤ ਪਿਆਰੇ ਘਰੀ ਘਰੀ,
ਰਾਤੀਂ ਦਿਹਾਂ ਈਵੇਂ ਪਈ ਸਰਸਾਂ ਨੀ ।
ਹੁਣ ਕੂਕਨੀਆਂ ਕਿਕੇ ਕੂਕਸਾਂ ਨੀ,
ਦੁੱਖ ਇਤਨਾ ਕਿਉਂਕਰ ਜਰਸਾਂ ਨੀ ?
ਜੇਠ ਮਾਹ ਦਾ ਝੂਲਨਾ ਬੂਝਨਾ,
ਮੈਨੂੰ ਆਇਆ ਵਿਛੋੜਾ ਮੈਂ ਮਰਸਾਂ ਨੀ ।੪।

ਦੋਹਰਾ

ਹਾੜ ਜੁ ਪੀਆ ਘਰ ਨਹੀਂ, ਘਰਿ ਦਰਿ ਬਹੇ ਬਲਾਇ ।
ਅੱਖੀਆਂ ਭੀ ਘਰਿ ਛੋਡਿਆ, ਦਰਿ ਪਿਪਣੀਆਂ ਛਾਪੇ ਲਾਇ ।

ਝੂਲਨਾ

ਆਇ ਅਹਾੜ ਅਰਾਮ ਕਰਾਰੁ ਗਇਆ
ਨਹੀਂ ਅੰਦਰਿ ਬਾਹਰਿ ਥਾਂਉਂ ਮੈਨੂੰ ।
ਠੰਢਾ ਪਾਣੀ ਲਗੇ ਮੈਨੂੰ ਤੱਤੇ ਜਿਹਾ,
ਜਿਹੀ ਧੁੱਪ ਲਗੇ ਤੇਹੀ ਛਾਂਉਂ ਮੈਨੂੰ ।
ਵਾਉ ਬਾਝ ਨਾ ਸਾਈਂ ਸਾੜਦੀ ਏ
ਘਿਰੀ ਕੋਠੀ ਘਰੀ ਹਾਉ ਮੈਨੂੰ ।
ਭੱਠ ਹਾੜ ਮਹੀਨਾ ਕਮੀਨਾ ਸਈਓ,
ਕੋਈ ਵਤ ਨਾ ਘਿੰਨੋ ਨਾਂਉਂ ਮੈਨੂੰ ।੫।

ਦੋਹਰਾ

ਸਾਵਣ ਬਾਝੁਨਿ ਸਾਂਵਲੇ ਆਇਆ ਘਟ ਦੁਖ ਨਾਲ
ਮਾੜੀ ਸੜੇ ਸਰੀਰ ਕੀ, ਮਾਹ ਵਿਛੋੜੇ ਨਾਲ ।

ਝੂਲਨਾ

ਸੁੰਞਾ ਸਾਵਣ ਆਇ ਸੰਤਾਵਦਾ ਈ,
ਦੁਖ ਲਾਇ ਰਿਹਾ ਮੈਨੂੰ ਝਰੀ ਝਰੀ ।
ਕੂਕਾਂ ਵਾਂਗ ਬਬੀਹੜੇ ਪੀਆ ਪੀਆ,
ਰੋਵਾਂ ਵਾਂਗੂੰ ਬੱਦਲ ਮੈਂ ਘਰੀ ਘਰੀ ।
ਗਲੀ ਗਲੀ ਵੇਹੜੇ ਸਭ ਚਿਕੜ ਹੋਇਆ,
ਹੁਣ ਝਬ ਟੁਰਾਂ ਮੈਂ ਤਾਂ ਝੜੀ ਝੜੀ ।
ਸਾਵਣ ਮਾਹ ਸਈਓ ਕੋਈ ਹਾਥ ਨਾਪੇ,
ਦਰਿਆਓ ਬ੍ਰਿਹਾ ਦੇ ਖੜੀ ਖੜੀ ।੬।

ਦੋਹਰਾ

ਤੋੜ ਨਾ ਚੜ੍ਹਦਾ ਭਾਦਰੋਂ ਨਦਰ ਨਾ ਆਵੇ ਪੀਉ
ਮਰੌ ਵਿਛੋੜਾ ਅਤਿ ਬੁਰਾ, ਜ਼ਹਿਰ ਪਿਆਲਾ ਪੀਉ ।

ਝੂਲਨਾ

ਭਾਦੋਂ ਰੁਤ ਭਲੇਰੀ ਨਾ ਭਾਂਵਦੀ ਏ,
ਮੈਨੂੰ ਆਇ ਵਿਛੋੜਾ ਸਤਾਂਵਦਾ ਏ ।
ਜ਼ਰਾ ਭੋਰਾ ਤਾਮ ਨਾ ਰੁਚਦੀ ਏ,
ਘੁਟ ਪਾਣੀ ਨਾ ਮੁਹਿ ਸਮਾਂਵਦਾ ਏ ।
ਸਾਵੇ ਪੀਲੜੇ ਰੰਗ ਨਾ ਰੰਗ ਕੋਈ,
ਸੁਖ ਭੋਰਾ ਕਦੀ ਨਾ ਆਂਵਦਾ ਏ ।
ਭੱਠ ਭਾਦਰੋ ਰੁਤ ਆਵੇ ਮੈਨੂੰ,
ਜਿਹੜਾ ਤੱਤੀ ਨੂੰ ਆਇ ਤਪਾਂਵਦਾ ਏ ।੭।

ਦੋਹਰਾ

ਅਸੂ ਆਂਸੂ ਤੱਤੀਆਂ, ਆਹੀਂ ਸਰਦ ਹਜ਼ਾਰ,
ਤੱਤੀ ਠੰਢੀ ਸੁਖ ਨਹੀਂ, ਰਾਤੀਂ, ਦਿਹਾਂ ਅਜ਼ਾਰ ।

ਝੂਲਨਾ

ਅਸੂ ਮਾਹ ਅਸਾਨ ਨਹੀਂ ਕਦੀ,
ਰੋਵਾਂ ਤੇ ਕਦੀ ਉਸਾਸ ਭਰਾਂ ।
ਹੰਝੂ ਤੱਤੀਆਂ ਆਹੀਂ ਠੰਢੀਆਂ ਨੀ,
ਰਾਤੀਂ ਦਿਹਾਂ ਏਵੇਂ ਪਈ ਮਰਾਂ ਡਰਾਂ ।
ਭੱਠ ਵਿਹੜੇ ਤੇ ਨਾਲ ਹਵੇਲੀਆਂ ਨੀ,
ਮੈਂ ਤਾਂ ਭਾਹਿ ਲਾਏਨੀਆਂ ਦਰਾਂ ਘਰਾਂ ।
ਅਸੂ ਮਾਹ ਵਿਲਾਲਾ ਕਿਸਾਲਾ ਸਈਓ,
ਜ਼ਰਾ ਭੋਰਾ ਨ ਕੋਈ ਮੈਂ ਧੀਰ ਧਰਾਂ ।੮।

ਦੋਹਰਾ

ਕੱਤਕ ਬ੍ਰਿਹੁੰ ਦਾ ਕਟਕ ਹੈ, ਕੈ ਵਲਿ ਜਾਈਏ ਧਾਇ
ਖਾਵਣਹਾਰੀ ਹਰਿ ਬਿਨਾਂ, ਹਾਰੀ ਨੂੰ ਹਰਿ ਜਾਇ ।

ਝੂਲਨਾ

ਸੁੰਞਾ ਕੱਤਕ ਆਇ ਸਤਾਂਵਦਾ ਈ,
ਨਿਤ ਨਿਤ ਮੈਥੋਂ ਸੁਧ ਬੁਧ ਰਹੀ ।
ਮਾਸਾ ਮਾਸ ਨਾ ਦਮੜੀ ਦਮ ਨਾਹੀ,
ਜ਼ਰਾ ਜ਼ੋਰ ਨਾ ਰਤੀਆ ਰਤ ਰਹੀ ।
ਥਕ ਪਈਅਸ ਸਾਈਂ ਨਾ ਦਿਸਦਾ ਏ,
ਗਲੀ ਗਲੀ ਵੇੜ੍ਹੇ ਵੇੜ੍ਹੇ ਵਤ ਰਹੀ ।
ਭੱਠ ਕੱਤਕ ਕਿਤ ਨੂੰ ਆਂਵਦਾ ਵੇ,
ਛੋੜੇ ਨਾਹਿ ਵਿਛੋੜਾ ਨ ਸਤ ਰਹੀ ।੯।

ਦੋਹਰਾ

ਮੰਘਰੁ ਮੈਂ ਘਰਿ ਨ ਪੀਆ, ਆਇਆ ਕਿਤੁ ਨਿਰਾਸ
ਬਾਝੁਨਿ ਸਾਈਂ ਜੀਉ ਲਗੇ ਧੁੱਪ ਤੇ ਅੱਗ ਨਿਰਾਸ ।

ਝੂਲਨਾ

ਮੈਨੂੰ ਮੰਘਰੁ ਆਇ ਡਰਾਂਵਦਾ ਏ,
ਬਾਝੁ ਸਾਈਂ ਥਰੇ ਥਰ ਕੰਬਨੀ ਹਾਂ ।
ਕਹੁੰ ਬਣੇ ਝੜੀ ਹਿਕੇ ਘਰੀ ਝੜੀ,
ਮੈਂ ਤਾਂ ਆਪਣਾ ਆਪੁ ਨਾ ਥੰਮਨੀ ਹਾਂ ।
ਮੇਰੀ ਜਿੰਦ ਨੂੰ ਕਿਹਾ ਕਿ ਸਾਲ ਪਇਆ,
ਨਿਤ ਮਰ ਕੇ ਫੇਰ ਮੈਂ ਜੰਮਨੀ ਹਾਂ ।
ਭੱਠ ਮੰਘਰ ਕਿ ਕਰੀ ਕਕਰ ਹੈ,
ਮੈਂ ਤਾਂ ਲੇਫ਼ ਨਿਹਾਲੀ ਨ ਸੰਮਨੀ ਹਾਂ ।੧੦।

ਦੋਹਰਾ

ਪੋਹ ਵਿਛੋੜਾ ਨ ਪਵੇ, ਪਵੇ ਤਾਂ ਫੇਰਿ ਵਿਛੋੜਿ
ਮੈਨੂੰ ਸਾਈਆਂ ਮਿਹਰ ਕਰ, ਮੇਰਾ ਹੱਥ ਨਾ ਛੋੜਿ ।

ਝੂਲਨਾ

ਭੱਠ ਪੋਹ ਮਹੀਨਾ ਕਮੀਨਾ ਸਈਓ,
ਬਿਨ ਜਾਨੀ ਕਿਹੜੇ ਮੂੰਹੇਂ ਆਂਵਦਾ ਏ ?
ਜ਼ਰਾ ਭੋਰਾ ਨ ਭਾਵੇ ਚੰਦ੍ਰੋੜਾ ਮੈਨੂੰ,
ਜੇੜ੍ਹਾ ਤੱਤੀ ਨੂੰ ਢਾਹ ਲਗਾਂਵਦਾ ਏ ।
ਰਾਤੀਂ ਵੱਡੀਆਂ ਆਹੀਂ ਵਡੇਰੀਆਂ ਨੀ,
ਹਿਕ ਦਮ ਨਾ ਕਦੀ ਵਿਹਾਂਵਦਾ ਏ ।
ਭੱਠ ਪੋਹ ਵਿਛੋੜਾ ਵਿਛੋੜ ਮੈਥੂੰ,
ਮੈਨੂੰ ਮਿਲ ਜੁ ਬੇਲੀ ਜੀਵਾਂਵਦਾ ਏ ।੧੧।

ਦੋਹਰਾ

ਮਾਹ ਮਹੀਨਾ ਇਤ ਭਲਾ, ਘਰਿ ਜਾਨੀ ਆਇਆ ਫੇਰਿ ।
ਆਇਆ ਸੁਖ ਦੁਖ ਫਿਰਿ ਗਿਆ, ਫਿਰਦੀ ਦਾ ਇਹੁ ਫੇਰਿ ।

ਝੂਲਨਾ

ਮਾਹ ਮਹੀਨਾ ਜੋ ਆਂਵਦਾ ਏ,
ਮੈਨੂੰ ਸ਼ਾਦੀਆਂ ਲੱਖ ਹਜ਼ਾਰ ਭਲਾ ।
ਅੰਗਣੁ ਵਿਹੜੇ ਵਿਹੜੇ ਗਲੀ ਬਾਗ਼ ਫੁਲੇ,
ਮੈਂ ਤਾਂ ਆਪ ਹਈਅਸੁ ਬਹਾਰ ਭਲਾ ।
ਸਾਵੇ ਤੇ ਪੀਲੜੇ ਕੇਸਰੀ ਪਟ ਜੋੜੇ,
ਹੋਰ ਕੇਤੜੇ ਲੱਖ ਸ਼ਿੰਗਾਰ ਭਲਾ ।
ਘਰਿ ਆਵੇ ਸਖੀ ਰਾ ਯਾਰ ਮੇਰਾ,
ਮੱਥੇ ਨੂਰ ਤੇ ਨੂਰ ਦੀਦਾਰ ਭਲਾ ।੧੨।

ਦੋਹਰਾ

ਫੱਗਣ ਔਗਣੁ ਮੈਂ ਸਜਣ, ਸਹਿਜ ਸੁਹਾਰੇ ਭਾਗ
ਹੋਇ ਨਿਹਾਲ ਵਿਸਾਲ ਨਾਲ, ਗਿਆ ਵਿਛੋੜਾ ਭਾਗ ।

ਝੂਲਨਾ

ਫੱਗਣੁ ਭਾਗ ਭਰੇ ਵੱਡੇ ਭਾਗ ਜਾਗੇ,
ਘਰਿ ਆਇ ਜਾਨੀ ਮੈਂਢੇ ਕੋਲ ਬਹੇ ।
ਮੈਂ ਤਾਂ ਘੋਲ ਘੁਮਾਈ ਸਦਕੜੇ ਵੇ,
ਘਰੀ ਇਹਾ ਮੁਬਾਰਕ ਲੱਖ ਲਹੇ ।
ਸੁੰਞਾ ਰੋਵਣਾ ਧੁੱਖਣਾ ਭੱਠ ਪਇਐ,
ਤਾਂ ਹੋਸਾਂ ਖੇਡਾਂ ਬੈਠੀ ਕੌਣ ਰਹੇ ।
ਜੋ ਕੋਈ ਦੁਖ ਸਹੇ ਸੋਈ ਸੁਖ ਲਹੇ,
ਸਚ 'ਸ਼ਾਹ ਮੁਰਾਦ' ਫ਼ਕੀਰ ਕਹੇ ।੧੩।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੱਯਦ ਸ਼ਾਹ ਮੁਰਾਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ