Bandargah : Bawa Balwant

ਬੰਦਰਗਾਹ : ਬਾਵਾ ਬਲਵੰਤ

1. ਉਸ਼ਾ

ਵਿਸ਼ਵ ਜੋਤ ਦੇ ਖਿਲਾਰ,
ਦਿਨ ਤੇ ਰਾਤ ਦੇ ਪਿਆਰ,
ਚੰਦ ਤਾਰਿਆਂ ਦੇ ਰਸ 'ਚ ਘੁਲ ਰਹੇ ਹਜ਼ਾਰ ਰੰਗ,
ਸ਼ਿਵ-ਅਕਾਸ਼ ਦੇ ਮਹਾਨ ਨੇਤ੍ਰਾਂ 'ਚੋਂ ਵਗਦੀ ਗੰਗ
ਹੇ ਚਿੰਤਨ, ਹੇ ਉਸ਼ੇ, ਹੇ ਸੂਰਜਾਂ ਦੇ ਰਥ-ਸਵਾਰ
ਮੇਟ ਮੇਰੇ ਅੰਧਕਾਰ !

ਬਿਨ ਕਲਮ ਹਿਮਾਲੀਆ 'ਤੇ ਪੈ ਗਏ ਅਨੇਕ ਰੰਗ;
ਫੁੱਲ-ਪੱਤੀਆਂ ਦੀ ਰੂਹ 'ਚ ਵੱਜ ਰਹੇ ਨੇ ਜਲ ਤਰੰਗ ।
ਨੂਰ ਪੀ ਕੇ ਚਮਕਦੇ ਨੇ ਨਵ-ਬਨਸਪਤੀ ਦੇ ਨੈਣ;
ਉੱਡਦਾ ਏ ਪੰਛੀਆਂ ਦੇ ਦਮ-ਪਰਾਂ 'ਚੋਂ ਸੁੰਨ ਚੈਨ ।
ਝੂਮਦੀ ਹੈ ਮਸਤ ਹੋ ਕੇ ਸਾਗਰਾਂ ਦੀ ਲਹਿਰ ਲਹਿਰ;
ਮੰਗਦਾ ਹਾਂ ਮੈਂ ਭੀ ਆਦਮੀ ਦੇ ਸਾਗਰਾਂ ਦੀ ਖ਼ੈਰ !
ਹੇ ਉਸ਼ੇ, ਹੇ ਇਨਕਲਾਬ-ਕਾਰ ਬਦਲੀਆਂ ਦੀ ਮਾਂ,
ਮੈਂ ਫੇਰ ਦੇਵਤਾ ਬਣਾਂ ।

ਦੌੜਦੀ ਏ ਨੀਂਦ ਤੇਰੇ ਸੁਖ-ਸੁਨਹਿਰੀ ਰਾਗ ਤੋਂ,
ਹਨੇਰ ਜਾਲ ਲਹਿਣ ਸਾਗਰਾਂ ਦੇ ਮੂੰਗਾ-ਬਾਗ ਤੋਂ ।
ਬਿਨਾਂ ਗ਼ਰਜ਼ ਛਿਣਕ ਰਹੀ ਤੂੰ ਖ਼ੂਨ ਇਸ ਜ਼ਮੀਨ 'ਤੇ,
ਤੇਰਾ ਕਰਮ ਸਮਾਨ ਹੈ ਅਜ਼ਾਦ 'ਤੇ ਅਧੀਨ 'ਤੇ,
ਜ਼ਮੀਨ-ਵਾਸੀਆਂ ਨੂੰ ਗ਼ਰਜ਼-ਹੀਨ ਕਰਮ-ਯੋਗ ਦੇ !
ਸਮੇਂ ਦੇ ਰੋਗੀਆਂ ਨੂੰ ਹੁਣ ਕੋਈ ਕਿਰਨ ਅਰੋਗ ਦੇ !
ਹੇ ਉਸ਼ੇ, ਹੇ ਦਿਵ ਜੋਤ,
ਖੋਲ੍ਹ ਸਾਂਝਤਾ ਦੇ ਸੋਤ !

ਚਮਕ ਤੇਰੀ ਹੈ ਹਲਕੇ ਹਲਕੇ ਬੁੱਲ੍ਹੀਆਂ ਦੇ ਨੂਰ 'ਤੇ,
ਤੇਰਾ ਨਸ਼ਾ ਹੈ ਪਿਆਰ ਦੇ ਨਵੇਂ ਨਵੇਂ ਸਰੂਰ 'ਤੇ ।
ਤੇਰਾ ਹੀ ਰੰਗ ਹੁਸਨ 'ਤੇ, ਅਪਾਰ ਦਿਲਕਸ਼ੀ ਹੈ ਜੋ;
ਤੂੰ ਹੀ ਹੈਂ ਤੜਪ ਇਸ਼ਕ ਦੀ, ਮਹਾਨ ਜ਼ਿੰਦਗੀ ਹੈ ਜੋ ।
ਖ਼ਿਆਲ ਦੇ ਯਾਕੂਤ ਦੀ ਚਮਕ, ਸਦਾ-ਸਵੇਰ ਤੂੰ;
ਹੁਣ ਆਦਮੀ ਦੇ ਵੀ ਦਿਲ 'ਚੋਂ ਗਵਾ ਨਵੇਂ ਹਨੇਰ ਤੂੰ ।
ਆਦਰਸ਼ ਹਰ ਮਨੁੱਖ ਨੂੰ ਮਹਾਨ ਤੋਂ ਮਹਾਨ ਦੇ,
ਪਸ਼ੂ ਤੇ ਪੰਛੀਆਂ ਦੇ ਦੁੱਖ ਦਰਦ ਨੂੰ ਜ਼ਬਾਨ ਦੇ ।
ਜਗਾਉਣ ਵਾਲੀ ਖ਼ਾਕ ਨੂੰ ਦਿਲਾਂ ਦੇ ਨੈਣ ਖੋਲ੍ਹ ਦੇ !
ਮਿਲਾਪ-ਨੂਰ ਬੰਦਿਆਂ ਦੀ ਆਤਮਾ 'ਤੇ ਡੋਲ੍ਹ ਦੇ !

ਹੇ ਉਸ਼ਾ, ਹੇ ਮਾਤ ਉੱਨਤੀ ਦੇ ਹਰ ਵਿਚਾਰ ਦੀ,
ਹੇ ਆਸ ਹਰ ਬਹਾਰ ਦੀ,
ਸਮੇਂ ਨੂੰ ਏਕਤਾ, ਸਮਾਨਤਾ ਦਾ ਗੂੜ੍ਹਾ ਰੰਗ ਦੇ,
ਮਿਟਾ ਜਹਾਨ ਤੋਂ ਕਲੇਸ਼ ਇਸ ਫ਼ਰੇਬ-ਜੰਗ ਦੇ !
ਉਸ਼ਾ, ਹੇ ਜਾਗ੍ਰਤ ਨਵੀਂ, ਹੇ ਨਿਤ ਨਵੀਂ ਬਹਾਰ, ਸੁਣ;
ਦਿਲਾਂ ਦੀ ਵੀ ਪੁਕਾਰ ਸੁਣ !
ਤੂੰ ਝੁੱਗੀਆਂ ਦਾ ਆ ਕੇ ਅੰਦਰੋਂ ਵੀ ਰੰਗ ਲਾਲ ਕਰ !
ਤੂੰ ਹੱਡੀਆਂ ਦੀ ਗਾਰ ਦਾ ਕਦੀ ਤਾਂ ਕੁਝ ਖ਼ਿਆਲ ਕਰ !
ਦੂਰ 'ਤੇ ਕਰੀਬ 'ਤੇ,
ਅਮੀਰ 'ਤੇ ਗਰੀਬ 'ਤੇ,
ਤੂੰ ਆਪਣੀ ਕਲਮ ਫੇਰਦੀ ਜਾ ਹਰ ਬੁਰੇ ਨਸੀਬ 'ਤੇ;
ਤੂੰ ਸੁਰਮਾ ਬਣ ਕੇ, ਨੈਣ-ਆਤਮਾ 'ਚ ਨਿੱਤ ਸਮਾਈ ਜਾ;
ਨਵੇਂ ਜ਼ਮਾਨਿਆਂ ਦੇ ਰੂਪ ਰੰਗ ਨੂੰ ਜਗਾਈ ਜਾ !
ਮੇਰੀ ਕਲਮ ਨੂੰ, ਹੇ ਉਸ਼ੇ, ਕੋਈ ਨਵੀਂ ਸਵੇਰ ਦੇ !
ਮੇਰੇ ਖ਼ਿਆਲ ਜ਼ੱਰੇ ਜ਼ੱਰੇ 'ਤੇ ਕਦੀ ਖਲੇਰ ਦੇ !
ਵਿਸ਼ਵ ਜੋਤ ਦੇ ਖਿਲਾਰ,
ਮੇਟ ਮੇਰੇ ਅੰਧਕਾਰ !
ਹੇ ਉਸ਼ਾ, ਹੇ ਇਨਕਲਾਬ-ਕਾਰ ਬਦਲੀਆਂ ਦੀ ਮਾਂ,
ਮੈਂ ਫੇਰ ਦੇਵਤਾ ਬਣਾਂ !

2. ਊਠਾਂ ਵਾਲੇ

ਲੰਘ ਗਏ ਹਨ ਊਠਾਂ ਵਾਲੇ !
ਅਰਸ਼ਾਂ ਤੱਕ ਪਰਛਾਵੇਂ ਪਾ ਕੇ,
ਮਾਰੂਥਲ ਦੇ ਥੰਮ ਹਿਲਾ ਕੇ
ਲੰਘੇ ਨਕਸ਼ ਸਦੀਵੀ ਦੇ ਕੇ
ਤਰਦੇ ਰੇਤ ’ਚ ਬੇੜੀ ਖੇ ਕੇ;
ਇਸ ਸਾਗਰ, ਇਸ ਲਹਿਰ-ਨਗਰ 'ਚੋਂ
ਦਿੰਦੇ ਲੈਂਦੇ ਪੁਨਰ ਉਛਾਲੇ-
ਲੰਘ ਗਏ ਹਨ ਊਠਾਂ ਵਾਲੇ !

ਸੁਪਨ-ਸੁਨਹਿਰੀ ਦੇਸ ਦੇ ਮਾਲਕ,
ਅਨਜਾਣੇ ਪ੍ਰਦੇਸ ਦੇ ਮਾਲਕ,
ਲੰਘ ਗਏ ਹਨ ਚੁੱਪ-ਚੁਪੀਤੇ,
ਦੇਖ ਕੇ ਨੈਣ ਖ਼ੁਸ਼ੀ ਵਿਚ ਸੀਤੇ !
ਕੀ ਹੋਇਆ ਇਹ ਕਹਿਰ ਖ਼ੁਦਾਈ ?
ਟੱਲੀਆਂ ਦੀ ਆਵਾਜ਼ ਨਾ ਆਈ !
ਲੱਖਾਂ ਚਾਅ ਪਿਘਲਾ ਜੋਬਨ ਦੇ,
ਘੋਲ ਕੇ ਸੁਪਨ-ਜੁਆਨੀ ਮਨ ਨੇ,
ਭਰਿਆ ਸੀ ਇਕ ਸ਼ੌਕ-ਪਿਆਲਾ,
ਲੰਘ ਗਿਆ ਪਰ ਪੀਵਣ ਵਾਲਾ !
ਟੁੱਟ ਜਾ ਹੁਣ ਜੀਵਨ ਦੇ ਪਿਆਲੇ !
ਲੰਘ ਗਏ ਹਨ ਊਠਾਂ ਵਾਲੇ !

ਹੇ ਛਾਇਆ ਦੇ ਪੂਜਕ ਨੈਣੋ,
ਆਕੀ ਹਾਂ ਇਹ ਹਾਸੇ ਸਹਿਣੋਂ !
ਕੌਣ ਸਤਾਰੇ ਤੋੜ ਕੇ ਜਾਏ,
ਉਸ ਪੁਨੂੰ ਨੂੰ ਮੋੜ ਲਿਆਏ ?
ਨੀ ਕਿਰਨੋ, ਕੁਝ ਤੇਜ ਵਿਖਾਓ,
ਆਸ-ਨਿਰਾਸਾ ਫੂਕ ਮੁਕਾਓ ।
ਸੱਸੀ-ਪ੍ਰੀਤ ਨਾ ਉਸ ਨੂੰ ਭਾਈ,
ਸੁੱਤੀ ਦੇਖ ਕੇ ਹੋ ਗਿਆ ਰਾਹੀ !
ਮਿੱਟ ਜਾ ਹੁਣ ਮਿੱਟੀ ਦੇ ਛਾਲੇ !
ਲੰਘ ਗਏ ਹਨ ਊਠਾਂ ਵਾਲੇ !

3. ਮੁਹੱਬਤ

ਮੈਂ ਮੁਹੱਬਤ ਉਸ ਨੂੰ ਕਰਦਾ ਹੀ ਰਿਹਾ,
ਰੋਜ਼ ਜੀਉਂਦਾ, ਰੋਜ਼ ਮਰਦਾ ਰਿਹਾ,
ਪਰ ਉਸ਼ਾ ਮੇਰੀ ਨੂੰ ਨਫਰਤ ਹੀ ਰਹੀ,
ਪ੍ਰੀਤ ਮੇਰੀ ਫਿਰ ਵੀ ਜੀਵਤ ਰਹੀ

ਅਕਲ ਨੇ ਸਮਝਾਇਆ, "ਇਹ ਪ੍ਰੀਤੀ ਨਹੀਂ,
"ਉਸ ਦੇ ਦਿਲ ਵਿਚ ਜੇ ਨਹੀਂ, ਕੁਝ ਵੀ ਨਹੀਂ
"ਤੇਰੀ ਇਸ ਮਿਹਨਤ ਦਾ ਫਲ ਕੁਝ ਵੀ ਨਹੀਂ,
"ਬੇਅਸਰ ਤੇਰਾ ਅਮਲ, ਕੁਝ ਵੀ ਨਹੀਂ
"ਕੀ ਤਮਾਸ਼ਾ ਏ ਕਿ ਤੂੰ ਮਰਦਾ ਰਹੇਂ?
ਤੀਰ ਪਰ ਹਿਰਦੇ ਤੇ ਜਰਦਾ ਹੀ ਰਿਹਾ,
ਮੈਂ ਮੁਹੱਬਤ ਉਸ ਨੂੰ ਕਰਦਾ ਹੀ ਰਿਹਾ

ਪਿਆਰ ਦੇਖੇ ਸਭ 'ਚੋਂ ਅਪਣੇ ਆਪ ਨੂੰ,
ਪੁੰਨ ਕਰ ਸਕਦਾ ਹੈ ਇਹ ਹਰ ਪਾਪ ਨੂੰ
ਦਰਦ ਨੂੰ ਨਫਰਤ ਦੀ ਪਰਵਾਹ ਕੁਝ ਨਹੀਂ,
ਇਸ਼ਕ ਨੂੰ ਫਲ-ਰੂਪ ਦੀ ਚਾਹ ਕੁਝ ਨਹੀਂ
ਹੇ ਮੁਹੱਬਤ, ਤੇਰੀ ਛੁਹ ਨੇ ਜ਼ਿੰਦਗੀ
ਕਰ ਵਿਖਾਈ ਰੌਸ਼ਨੀ ਹੀ ਰੌਸ਼ਨੀ
ਤੇਰੀ ਛੁਹ ਤੋਂ ਆਤਮਾ ਗੀਤਾਂ 'ਚ ਹੈ
ਮੇਰਾ ਦਿਲ ਸਭ ਦੀਆਂ ਪ੍ਰੀਤਾਂ 'ਚ ਹੈ

ਹੇ ਮੁਹੱਬਤ, ਤੇਰੀ ਛੁਹ ਤੋਂ ਹੀ ਕਦੀ
ਆਦਮੀ ਹੋਵੇਗਾ ਪੂਰਨ ਆਦਮੀ;
ਇਸ ਲਈ ਨਫਰਤ ਨੂੰ ਜਰਦਾ ਹੀ ਰਿਹਾ
ਮੈਂ ਮੁਹੱਬਤ ਉਸ ਨੂੰ ਕਰਦਾ ਹੀ ਰਿਹਾ

4. ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ-ਗ਼ਜ਼ਲ

ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ
ਜ਼ਿੰਦਗੀ ਨੂੰ ਮਾਨਣਾ ਔਗੁਣ ਨਹੀਂ।

ਕਿਉਂ ਖ਼ਿਆਲਾਂ ਦੇ ਲਈ ਹਨ ਬੇੜੀਆਂ
ਜੇ ਹਵਾ ਨੂੰ, ਵਕਤ ਨੂੰ, ਬੰਧਨ ਨਹੀਂ?

ਇਕ ਜ਼ਖ਼ਮ, ਕੋਈ ਉਮੰਗ, ਕਿ ਢੂੰਡ-ਭਾਲ,
ਤੜਪ ਤੋਂ ਬਿਨ ਮੌਤ ਹੈ, ਜੀਵਨ ਨਹੀਂ।

ਰੋਜ਼ ਲੰਘਦਾ ਹਾਂ ਗਲੀ ਤੇਰੀ 'ਚੋਂ ਮੈਂ
ਚਾਹੇ ਕਿਸਮਤ ਵਿੱਚ ਤੇਰਾ ਦਰਸ਼ਨ ਨਹੀਂ।

ਫ਼ੇਰ ਵੀ ਕੁਝ ਮੇਰੀ ਲਗਦੀ ਹੈਂ ਜ਼ਰੂਰ
ਜ਼ਿੰਦਗੀ ਦੀ ਚਾਹੇ ਤੂੰ ਸਾਥਣ ਨਹੀਂ।

ਕਿਸ ਤਰ੍ਹਾਂ ਪੂਰਨ ਹੁਨਰ ਦਰਸ਼ਨ ਦਏ
ਜ਼ਿੰਦਗਾਨੀ ਉਸ ਦੇ ਜੇ ਅਰਪਣ ਨਹੀਂ।

ਭਾਰ ਮਾਨਵਤਾ ਦਾ, ਜਗ-ਦੁਖ ਹਰਨ ਦਾ
ਜੇ ਨਹੀਂ ਉਹ ਸਿਰ ਨਹੀਂ, ਗਰਦਨ ਨਹੀਂ।

5. ਤੇਰਾ ਖ਼ਿਆਲ

ਤੇਰਾ ਖ਼ਿਆਲ ਹੀ ਕਾਫ਼ੀ ਏ ਜ਼ਿੰਦਗੀ ਦੇ ਲਈ;
ਤੜਪ ਹੀ ਕਾਫ਼ੀ ਏ ਇਕ ਉਮਰ ਭਰ ਕਵੀ ਦੇ ਲਈ ।
ਚਮਕ ਉਹ ਦੱਬੀ ਪਈ ਏ ਪਹਾੜ-ਭੈਅ ਹੇਠਾਂ
ਕਿਰਨ ਵੀ ਜਿਸ ਦੀ ਹੈ ਕਾਫ਼ੀ ਹਰ ਇਕ ਰਵੀ ਦੇ ਲਈ ।
ਸਮੇਂ ਨੂੰ ਲੋੜ ਹੈ ਅੱਜ ਉਸ ਮਿਲਾਪ-ਜੀਵਨ ਦੀ,
ਕੋਈ ਬਿਗਾਨਾ ਨਹੀਂ ਜਿਸ ਬਰਾਦਰੀ ਦੇ ਲਈ ।
ਕਰਾਂ ਇਹ ਪਹਿਲਾਂ ਕਿ ਉਹ, ਕੀ ਕਰਾਂ ਤੇ ਕੀ ਨ ਕਰਾਂ ?
ਸਦਾ ਹੀ ਹੈ ਮੁਸੀਬਤ ਇਹ ਆਦਮੀ ਦੇ ਲਈ ।
ਇਹ ਜੰਗ ਮੌਤ ਹੈ ਮਾਨਵ ਦੀ ਉੱਨਤੀ ਦੇ ਲਈ;
ਜ਼ਮਾਨਾ ਜਾਗ ਪਏ ਕਾਸ਼ ! ਸ਼ਾਂਤੀ ਦੇ ਲਈ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬਲਵੰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ