Baghi : Kidar Nath Baghi
ਬਾਗ਼ੀ (ਕਾਵਿ ਸੰਗ੍ਰਹਿ) : ਕਿਦਾਰ ਨਾਥ ਬਾਗ਼ੀ
1. ਮੈਂ ਬਾਗ਼ੀ ਹਾਂ
ਮੈਂ ਬਾਗ਼ੀ ਹਾਂ ਉਸ ਦੁਨੀਆਂ ਤੋਂ,
ਜਿਥੋਂ ਇਨਸਾਨ ਨਹੀਂ ਮਿਲਦਾ ।
ਘਰ ਘਰ ਮੰਦਰ ਮਿਲਦਾ ਏ,
ਐਪਰ ਭਗਵਾਨ ਨਹੀਂ ਮਿਲਦਾ ।
ਕੋਈ ਭਗਵਾਨ ਦੇ ਨਾਂ ਉੱਤੇ,
ਤੂਫ਼ਾਨ ਤੋਲਦਾ ਫਿਰਦਾ ਏ ।
ਕਿਧਰੇ ਇਨਸਾਨ ਦੇ ਮੂੰਹ ਵਿੱਚੋਂ,
ਸ਼ੈਤਾਨ ਬੋਲਦਾ ਫਿਰਦਾ ਏ ।
ਜੋ ਵੇਖ ਨਾ ਸੱਕੇ ਹਿੰਦੂ ਨੂੰ,
ਉਸ ਮੁਸਲਮਾਨ ਤੋਂ ਬਾਗ਼ੀ ਹਾਂ ।
ਨਾ ਅਮਲਾਂ ਨੂੰ ਪਹਿਚਾਨ ਸਕੇ,
ਮੈਂ ਉਸ ਈਮਾਨ ਤੋਂ ਬਾਗ਼ੀ ਹਾਂ ।
ਜੋ ਇੱਜ਼ਤ ਜਾਂਦੀ ਵੇਖ ਸਕੇ,
ਮੈਂ ਉਸ ਬਲਵਾਨ ਤੋਂ ਬਾਗ਼ੀ ਹਾਂ ।
ਜੋ ਚੋਰਾਂ ਦੇ ਨਾਲ ਮਿਲ ਜਾਵੇ,
ਮੈਂ ਉਸ ਦਰਬਾਨ ਤੋਂ ਬਾਗ਼ੀ ਹਾਂ ।
ਮੈਂ ਉਸ ਦਰੀਆ ਤੋਂ ਬਾਗ਼ੀ ਹਾਂ,
ਜਿਸ ਵਿੱਚ ਤੂਫ਼ਾਨ ਨਹੀਂ ਔਂਦਾ ।
ਮੈਂ ਉਸ ਅਰਜਨ ਤੋਂ ਬਾਗ਼ੀ ਹਾਂ,
ਜੋ ਵਿਚ ਮੈਦਾਨ ਨਹੀਂ ਔਂਦਾ ।
ਰਾਵਨ ਦੇ ਕਹਿਰ ਤੋਂ ਬਾਗ਼ੀ ਹਾਂ,
ਜੋ ਸਤੀ ਤੇ ਟੁੱਟੀ ਜਾਂਦਾ ਏ ।
ਮਹਿਮੂਦ ਤੋਂ ਵੀ ਜੋ ਸੋਮਨਾਥ ਦਾ,
ਮੰਦਰ ਲੁਟੀ ਜਾਂਦਾ ਏ ।
ਜੋ ਲੱਤਾਂ ਮਾਰੇ ਕਬਰਾਂ ਤੇ,
ਮੈਂ ਉਸ ਤੈਮੂਰ ਤੋਂ ਬਾਗ਼ੀ ਹਾਂ ।
ਜੋ ਨਹੀਂ ਮਜ਼ਦੂਰੀ ਲੈ ਸਕਦਾ,
ਮੈਂ ਉਸ ਮਜ਼ਦੂਰ ਤੋਂ ਬਾਗ਼ੀ ਹਾਂ ।
ਜਿਥੇ ਮਾਸੂਮ ਦੀ ਗਰਦਨ ਤੇ,
ਨਿਤ ਛੁਰਾ ਚਲਾਇਆ ਜਾਂਦਾ ਏ ।
ਮੋਟਰ ਲਈ ਲਹੂ ਮਜ਼ਦੂਰਾਂ ਦਾ,
ਪਟਰੌਲ ਬਣਾਇਆ ਜਾਂਦਾ ਏ ।
ਉਸ ਬੰਦੇ ਤੋਂ ਜੋ ਬੰਦੇ ਦੇ,
ਲਹੂ ਨੂੰ ਪੀ ਪੀ ਕੇ ਪਲਦਾ ਏ ।
ਜਿਸ ਚੁਲ੍ਹੇ ਵਿਚ ਗਰੀਬਾਂ ਦੀ,
ਹੱਡੀਆਂ ਦਾ ਬਾਲਨ ਬਲਦਾ ਏ ।
ਉਸ ਮੁਸਲਮਾਨ ਤੋਂ ਜੋ ਹਿੰਦੂ ਦੀ,
ਧੀ ਨੂੰ ਧੀ ਨਹੀਂ ਕਹਿ ਸਕਦਾ ।
ਉਸ ਪੱਥਰ ਜੀ ਤੋਂ ਬਾਗ਼ੀ ਹਾਂ,
ਜੋ ਜੀ ਨੂੰ ਜੀ ਨਹੀਂ ਕਹਿ ਸਕਦਾ ।
ਬਣ ਬਣ ਕੇ ਬਗਲੇ ਮੀਟ ਅਖਾਂ,
ਮਛੀਆਂ ਨੂੰ ਖਾਇਆ ਜਾਂਦਾ ਏ ।
ਸੂਰਜ ਦੇ ਸਾਹਵੇਂ ਸਿਖਰ ਦੁਪਹਿਰੇ,
ਹਨੇਰ ਮਚਾਇਆ ਜਾਂਦਾ ਏ ।
ਉਸ ਹਿੰਦੂ ਤੋਂ ਜੋ ਮੁਸਲਮਾਨ
ਗੁਜ਼ਰੇ ਤੇ ਕਬਰ ਬਣੌਂਦਾ ਨਹੀਂ ।
ਉਸ ਮੋਮਨ ਤੋਂ ਜੋ ਹਿੰਦੂ ਮਰੇ
ਤੇ ਹੱਥੀਂ ਲਾਂਬੂੰ ਲਾਉਂਦਾ ਨਹੀਂ ।
ਉਸ ਹਿੰਦੂ ਤੋਂ ਜੋ ਈਦ ਨੂੰ ਵੀ
ਦੀਵਾਲੀ ਵਾਂਗ ਮਨੌਂਦਾ ਨਹੀਂ ।
ਦੀਵਾਲੀ ਨੂੰ ਦੀਵੇ ਮੁਸਲਮ
ਸ਼ਬਰਾਤ ਦੇ ਵਾਂਗ ਜਗੌਂਦਾ ਨਹੀਂ ।
ਉਸ ਸਿਖ ਤੋਂ ਜੋ ਦੀਵਾਲੀ ਨੂੰ
ਹਿੰਦੂ ਨਾਲ ਖ਼ਾਰਾਂ ਖਾਂਦਾ ਏ ।
ਤੇ ਜਿਉਂ ਜਿਉਂ ਦੀਵੇ ਜਗਦੇ ਨੇ
ਦਿਲ ਉਸ ਦਾ ਬੁਝਦਾ ਜਾਂਦਾ ਏ ।
ਉਸ ਭਾਈ ਤੋਂ ਜੋ ਬੁੱਧੂ ਸ਼ਾਹ ਦੀ
ਨਾ ਵਡਿਆਈ ਜਾਨ ਸਕੇ ।
ਮੈਂ ਉਸ ਜੌਹਰੀ ਤੋਂ ਬਾਗ਼ੀ ਹਾਂ
ਜੋ ਹੀਰਾ ਨਾ ਪਹਿਚਾਨ ਸਕੇ ।
ਉਸ ਰਾਗੀ ਤੋਂ ਜੋ ਮਾਰੂ ਵੇਲੇ
ਸੋਰਠ ਗਾਈ ਜਾਂਦਾ ਏ ।
ਉਸ ਟੀਚਰ ਤੋਂ ਜੋ ਗੇਮਾਂ ਵੇਲੇ
ਸਬਕ ਪੜ੍ਹਾਈ ਜਾਂਦਾ ਏ ।
ਉਸ ਔਰਤ ਤੋਂ ਜੋ ਗ਼ਮ ਦੇ ਵੇਲੇ
ਮਹਿੰਦੀ ਲਾ ਕੇ ਬਹਿ ਜਾਵੇ ।
ਮੈਦਾਨ 'ਚ ਜਾਂਦਾ ਵੇਖ ਪਤੀ
ਸ਼ਿੰਗਾਰ ਲਗਾ ਕੇ ਬਹਿ ਜਾਵੇ ।
ਬਾਗੀ ਹਾਂ ਉਹਨਾ ਅਮੀਰਾਂ ਤੋਂ
ਜੋ ਦਾਜ ਦਖੌਣ ਦਿਖਾਵੇ ਲਈ।
ਕੁੜੀਆਂ ਵਿਚ ਜ਼ਿੱਦਾਂ ਭਰਨ ਲਈ
ਮਾਪੇ ਦੇ ਹੌਕੇ ਹਾਵੇ ਲਈ।
ਉਸ ਸ਼ਾਇਰ ਤੋਂ ਜੋ ਕਹਿਰ ਵਿਚ
ਨਾ ਕੰਮ ਕਰੇ ਬਲਵਾਨਾਂ ਦਾ।
ਜਿਸਦੇ ਸ਼ੇਅਰਾਂ ਨੂੰ ਸੁਣ ਸੁਣ ਕੇ
ਨਾ ਉਬਲੇ ਖ਼ੂਨ ਜਵਾਨਾਂ ਦਾ।
ਜੋ ਅੱਗ ਲੌਣ ਦੀ ਥਾਂ ਤੇ
ਦਿਲ ਤੇ ਪਾਣੀ ਪੌਂਦਾ ਫਿਰਦਾ ਏ।
ਜੋ ਖ਼ੂਨੀ ਸਾਕਾ ਆਖਣ ਵੇਲੇ
ਹੀਰਾਂ ਗੌਂਦਾ ਫਿਰਦਾ ਏ ।
ਜੋ ਵੇਲੇ ਸਿਰ, ਨਹੀਂ ਬੀਰਾਂ ਦੇ
ਸੀਨੇ ਵਿਚ ਲਾਂਬੂ ਲਾ ਸਕਦਾ।
ਜੋ ਸ਼ੇਅਰ ਨਾਲ ਨਹੀਂ ਦਿਲਾਂ ਦੀਆਂ
ਫ਼ੌਜਾਂ ਵਿਚ ਭੜਥੂ ਪਾ ਸਕਦਾ।
ਉਸ ਨੌਜਵਾਨ ਤੋਂ, ਜੋ ਵੇਲੇ ਸਿਰ
ਕੌਮ ਦੀ ਆਂਨ ਭੁਲਾ ਦੇਵੇ।
ਗੈਰਾਂ ਦੇ ਹੱਥੀਂ ਚੜ੍ਹ ਕੇ ਤੇ
ਜਿਹੜਾ ਸ੍ਵੈਮਾਨ ਭੁਲਾ ਦੇਵੇ ।
ਜਿਨ੍ਹਾਂ ਸੁਰਖ਼ੀ ਥਾਂ ਕੋਠੀ ਤੇ
ਮਲਿਆ ਏ ਖ਼ੂਨ ਗ਼ਰੀਬਾਂ ਦਾ।
ਜਿਨ੍ਹਾਂ ਦੀ ਤੀਊੜੀ ਮੱਥੇ ਦੀ
ਬਣਿਐਂ ਕਾਨੂਨ ਗ਼ਰੀਬਾਂ ਦਾ।
ਜੋ ਸੌਂ ਕੇ ਟੁੱਟੀ ਮੰਜੀ ਤੇ
ਲੋਕਾਂ ਦੇ ਪਲੰਗ ਬਣੌਂਦਾ ਏ।
ਜੋ ਅਪਣਾ ਮਹਿਲ ਬਨੌਣ ਲਈ
ਲੋਕਾਂ ਦੇ ਕੋਠੇ ਢੌਂਦਾ ਏ ।
ਜੋ ਅੱਲਾ ਦੇ ਘਰ ਫੂਕ ਫਾਕ ਕੇ
ਖ਼ਾਕ ਬਨਾਈ ਜਾਂਦੇ ਨੇ।
ਜੋ ਪਾਕ ਪਾਕ ਦਾ ਨਾਂ ਲੈਕੇ
ਨਾਪਾਕ ਬਨਾਈ ਜਾਂਦੇ ਨੇ।
ਉਸ ਭਾਈ ਤੋਂ ਜੋ ਸਿਖਾਂ ਨੂੰ
ਹਿੰਦੂ ਦੇ ਨਾਲ ਲੜੌਂਦਾ ਏ।
ਜੋ ਜ਼ਬਰ ਬਨਾਵੇ ਜ਼ੇਰਾਂ ਦੀ
ਤੇ ਵੀਰ ਨੂੰ ਵੈਰ ਬਨੌਂਦਾ ਏ।
ਮੈਂ ਉਸ ਵਾੜ ਤੋਂ ਬਾਗ਼ੀ ਹਾਂ
ਜੇਹੜੀ ਕਿ ਖੇਤ ਨੂੰ ਖਾਂਦੀ ਏ।
ਉਸ ਦੇਸ਼ ਤੋਂ ਜਿਸ ਦੇ ਵਿਚ
ਕੁੜੀਆਂ ਦੀ ਇਸਮਤ ਲੁਟੀ ਜਾਂਦੀ ਏ।
ਇਸ ਹਿੰਦ ਦੀ ਸੋਹਣੀ ਧਰਤੀ ਤੇ
ਲੱਖਾਂ ਨੂੰ ਭੁਖ ਸਤਾਂਦੀ ਏ।
ਰੋਟੀ ਨੂੰ ਬੰਦਾ ਨਹੀਂ ਖਾਂਦਾ
ਬੰਦੇ ਨੂੰ ਰੋਟੀ ਖਾਂਦੀ ਏ।
ਮੈਂ ਉਸ ਮੁਲਾਂ ਤੋਂ ਬਾਗ਼ੀ ਹਾਂ
ਜੋ ਸਿਖ ਨੂੰ ਕਾਫ਼ਰ ਕਹਿੰਦਾ ਏ ।
ਉਸ ਪੰਡਤ ਤੋਂ ਜੋ ਵੇਖ ਭੀਲਨੀ
ਦੂਰ ਦੂਰ ਹੋ ਬੈਂਹਦਾ ਏ ।
ਜਿਹੜੇ ਕਮਜ਼ੋਰੀ ਅਪਨੀ ਤੇ
ਤਕਦੀਰ ਦਾ ਪਰਦਾ ਪੌਂਦੇ ਨੇ।
ਜਿਹੜੇ ਤਦਬੀਰ ਨਹੀਂ ਕਰਦੇ
ਕਿਸਮਤ ਕਹਿ ਜੀ ਪਰਚੌਂਦੇ ਨੇ ।
ਜੇ ਮੈਥੋਂ ਸਾਰੇ ਬਾਗ਼ੀ ਨੇ
ਤਾਂ ਫਿਰ ਮੈਂ ਸਭ ਤੋਂ ਬਾਗ਼ੀ ਹਾਂ।
ਜੇ ਲਾਲਚ ਦੇਵੇ ਹੂਰਾਂ ਦਾ
ਤਾਂ ਫਿਰ ਮੈਂ ਰਬ ਤੋਂ ਬਾਗ਼ੀ ਹਾਂ।
2. ਸਰ ਪਰ ਪੁੱਜਣਾ ਪੰਥ ਨੇ ਸਿੱਧੇ ਨਨਕਾਣੇ
ਹੇ ਸਤਿਗੁਰ ਸੱਚੇ ਪਾਤਸ਼ਾਹ, ਤੇਰੇ ਚੋਜ ਵਡਾਣੇ।
ਕਈ ਗਿਆਨੀ, ਗੁਣੀ, ਫ਼ਲ਼ਾਸਫ਼ਰ ਲਖ ਫਿਰਨ ਸਿਆਣੇ।
ਔਹ ਪੰਡਤ ਏਧਰ, ਭਾਈ ਵੀ ਪਿਆ ਕਥਾ ਬਖਾਣੇ।
ਪਏ ਪੰਜੇ ਵਕਤ ਨਮਾਜ਼ ਨੇ ਪੜ੍ਹਦੇ ਮੌਲਾਣੇ।
ਤੇਰੇ ਆਦਿ ਅੰਤ ਲਈ ਲਾਂਵਦੇ ਸਭ ਜ਼ੋਰ ਧਗਾਣੇ।
ਕੋਈ ਤੇਰੀ ਪੈਂਤੀ ਅਖਰੀ ਦਾ ਊੜਾ ਨਾ ਜਾਣੇ।
ਕੀ ਸਮਝਾਂ ਤੇਰੇ ਦਾਤਿਆ, ਮੈਂ ਤਾਣੇ ਬਾਣੇ?
ਜਿਨ੍ਹਾਂ ਲਈ ਅਰਬ ਈਰਾਨ ਦੇ ਤੂੰ ਰੇਤੇ ਛਾਣੇ।
ਉਹ ਤੇਰੇ ਘਰ ਪਏ ਫੂਕਦੇ ਪਾਪੀ ਜਰਵਾਣੇ।
ਅਸੀਂ ਵੈਰੀ ਤਾਂਈਂ ਪਿਆਰਦੇ ਰਹੇ ਭਰਮ ਭੁਲਾਣੇ।
ਅਸੀਂ ਵੇਲਾ ਵਕਤ ਪਛਾਣਿਆਂ, ਅਸੀਂ ਮੰਨੇ ਭਾਣੇ।
ਹੁਣ ਲਾਸ਼ਾਂ ਉਤੋਂ ਲੰਘ ਲੰਘ ਵੈਰੀ ਝਟਕਾਣੇ ।
ਸਰ ਪਰ ਪੁੱਜਣਾ ਪੰਥ ਨੇ ਸਿੱਧਾ ਨਨਕਾਣੇ ।
ਇਹ ਵੈਰੀ ਦੋਂਹ ਚੌਂਹ ਦਿਨਾਂ ਦਾ ਮਿਹਮਾਨ ਹੈ ਤੇਰਾ।
ਵੰਡਿਆਂ ਰਹਿ ਜਾਊ ਕਿਸ ਤਰਾਂ, ਅਸਥਾਨ ਹੈ ਤੇਰਾ।
ਜੋਗਾ ਸਿੰਘਾ ਗੁਰੂ ਵੀ, ਦਰਬਾਨ ਹੈ ਤੇਰਾ।
ਅਰਜਨ ਹੈਂ ਤੂੰ ਕਰਿਸ਼ਨ ਵੀ ਰਥਵਾਨ ਹੈ ਤੇਰਾ।
ਸ਼ੇਰ ਹੈਂ ਤੂੰ ਮੈਦਾਨ ਦਾ ਮੈਦਾਨ ਹੈ ਤੇਰਾ।
ਭਗਤ ਹੈਂ ਤੂੰ ਭਗਵਾਨ ਦਾ, ਭਗਵਾਨ ਹੈ ਤੇਰਾ ।
ਅਰਬ ਵੀ ਤੇਰਾ ਯੋਧਿਆ, ਈਰਾਨ ਹੈ ਤੇਰਾ ।
ਯੌਰਪ ਤੈਥੋਂ ਕੰਬਦਾ, ਜਾਪਾਨ ਹੈ ਤੇਰਾ।
ਮੁੱਕਦੀ ਗਲ, ਜ਼ਮੀਨ ਕੀ ਅਸਮਾਨ ਹੈ ਤੇਰਾ ।
ਹੁਣ ਦੁਨੀਆਂ ਵੇਖੂ, ਸਿਰਾਂ ਦੇ ਬਣਦੇ ਹਦਵਾਣੇ।
ਸਰ ਪਰ ਪੁੱਜਣਾ ਪੰਥ ਨੇ ਸਿੱਧਾ ਨਨਕਾਣੇ ।
ਓ ਸ਼ਹਿਜ਼ਾਦੇ ਖਾਲਸਾ, ਗਭਰੂ ਅਲਬੇਲੇ।
ਕਢ ਲਾ ਡੇਲੇ ਵੇਖਦੈ, ਜੋ ਕਢਕੇ ਡੇਲੇ।
ਤੇਰੀ ਨਿੱਸਰੀ ਖਿੜੀ ਕਪਾਹ ਤੇ, ਕਿਉਂ ਪੈ ਗਏ ਤੇਲੇ।
ਤੇਰੀ ਫ਼ਸਲ ਨੂੰ ਕਾਂਵਾਂ ਚੂੰਡਿਆ, ਦੁਧ ਪੀ ਗਏ ਛੇਲੇ।
ਫੜ ਗੋਪੀਆ ਹੱਥ 'ਚ ਰਾਖਿਆ, ਕੁਛ ਪੱਕੇ ਢੇਲੇ ।
ਅਜ ਦੁਧ ਮਲਾਈਆਂ ਲੇਹੜ ਕੇ ਤੇਰੇ ਭੁੜਕਨ ਚੇਲੇ।
ਅਜ ਬਨ ਬਨ ਪੌਂਡ ਵਖਾਂਵੰਦੇ, ਕਈ ਖੋਟੇ ਧੇਲੇ ।
ਇਕ ਨੰਗੀ ਭੁਖੀ ਆਖਦੀ, ਮੈਂ ਜਾਣਾਂ ਮੇਲੇ।
ਅਜ ਭੇਡਾਂ ਮਸਤੀਆਂ ਵੇਖ ਕੇ ਕਈ ਮਸਤੇ ਲੇਲੇ।
ਕਰਕੇ ਸ਼ੇਰਾ ਯਾਦ ਹੁਣ, ਇਤਹਾਸ ਪੁਰਾਣੇ।
ਕਹਿ ਦੇ ਸਰ ਪਰ ਪੁੱਜਣਾ ਸਿੱਧੇ ਨਨਕਾਣੇ ।
ਤੇਰੇ ਜਨਮ ਦੀ ਧਰਤੀ ਖ਼ਾਲਸਾ, ਤੈਨੂੰ ਵਾਜਾਂ ਮਾਰੇ।
ਕਹੇ ਕਿੱਥੋਂ ਘੱਲੇ ਦਾਤਿਆ, ਪਾਪੀ ਹਤਿਆਰੇ।
ਓਹ ਧਰਤੀ ਜਿੱਥੇ ਸਤਿਗੁਰਾਂ ਸੀ ਡੰਗਰ ਚਾਰੇ।
ਤੇ ਜਿੱਥੇ ਛਾਵਾਂ ਕਰ ਰਹੇ ਸਨ, ਬਿਸੀਅਰ ਕਾਰੇ।
ਓਥੇ ਗਊਆਂ ਭੋਲੀਆਂ ਤੇ ਅਜ ਚੱਲਨ ਆਰੇ।
ਉਹ ਤੜਫ ਤੜਫ ਕੇ ਮਰਦੀਆਂ ਖਾ ਛੁਰੇ ਕਟਾਰੇ।
ਤੇ ਨਿਮਰਤਾਈ ਦੇ ਜੇਸ ਥਾਂ ਸੀ ਭਰੇ ਭੰਡਾਰੇ।
ਓਸ ਧਰਤ ਤੇ ਅਜ ਨੇ ਭਖਦੇ ਅੰਗਿਆਰੇ।
ਘਰ ਦੀ ਫੁਟ ਤਿਆਗ ਕੇ ਬੋਲੋ ਜੈਕਾਰੇ।
ਅਸੀਂ ਪੌਂ ਬਾਰਾਂ ਵਿਚ ਬਦਲਨੇ ਨੇ ਹੁਣ ਤਿਨੇ ਕਾਣੇ।
ਸਰ ਪਰ ਪੁੱਜਣਾ ਪੰਥ ਨੇ ਸਿੱਧਾ ਨਨਕਾਣੇ ।
ਜਾਦੂ ਹੁੰਦੈ ਜੋ ਸਿਰ ਚੜ੍ਹ ਕੇ ਬੋਲੇ।
ਮਾਂਝੀ ਹੋਵੇਂ ਜੱਗ ਦਾ, ਖਾਵੇਂ ਹਚਕੋਲੇ।
ਤੇਰੀ ਨੱਯਾ ਭੰਵਰ ਵਿਚ ਕਿਉਂ ਡਗਮਗ ਡੋਲੇ।
ਫਿਰ ਨਾਲ ਅਨਾਜ ਦੇ ਕੋਠੀਆਂ ਤੇਰੇ ਭਰਨ ਭੜੋਲੇ।
ਫਿਰ ਉਡਦੇ ਫਿਰਨ ਆਕਾਸ਼ ਤੇ ਤੇਰੇ ਉਡਨ ਖਟੋਲੇ।
ਫਿਰ ਨਵੀਆਂ ਗੁਡੀਆਂ ਔਣ ਦੇ ਫਿਰ ਨਵੇਂ ਪਟੋਲੇ।
ਢੋਲ ਵਜਾ ਕੇ ਕੌਮ ਦਾ, ਗਾ ਕੌਮੀ ਢੋਲੇ।
ਤੈਨੂੰ ਹੋਵੇ ਵੈਰੀ ਵੇਖਕੇ, ਸੜ ਬਲ ਕੇ ਕੋਲੇ।
ਛੱਜ ਤੇ ਬੋਲੇ ਸਾਹਮਣੇ, ਕਿਉਂ ਛਾਨਣੀ ਬੋਲੇ।
ਅਸਾਂ ਵਾਢੀ ਪੌਨੀ ਜਿਸ ਤਰਾਂ ਹਾੜੀ ਕਿਰਸਾਣੇ।
ਸਰ ਪਰ ਪੁੱਜਣਾ ਪੰਥ ਨੇ ਸਿੱਧਾ ਨਨਕਾਣੇ ।
ਜੋ ਤੇਰਾ ਸੀਨਾ ਸਾੜਦੇ ਰਹੇ ਬੋਲ ਬੋਲ ਕੇ।
ਕਹਿ ਦੇ ਸੁਣ ਲਓ ਬੇਲੀਓ ਕੰਨ ਖੋਲ ਖੋਲ ਕੇ।
ਮੈਂ ਦੱਸਾਂ ਕੁਲ ਸ਼ਕਾਇਤਾਂ ਹੁਣ ਫੋਲ ਫੋਲ ਕੇ।
ਤੁਸੀਂ ਜ਼ਹਿਰ ਪਿਲੌਂਦੇ ਰਹੇ ਜੇ ਮੈਨੂੰ ਘੋਲ ਘੋਲ ਕੇ।
ਮੈਂ ਇਕ ਇਕ ਵੈਰੀ ਮਾਰਸਾਂ ਹੁਣ ਰੋਲ ਰੋਲ ਕੇ।
ਮੈਂ ਹੱਥ ਦਿਖਾਊਂ ਤੇਗ਼ ਤੇ ਹੁਣ ਤੋਲ ਤੋਲ ਕੇ।
ਲੁਕਣ ਨਹੀਂ ਦੇਣੇ ਫੜਾਂਗਾ ਸਭ ਟੋਲ ਟੋਲ ਕੇ।
ਯਾਦ ਕਰਾ ਦੇ ਨਾਨਕੇ, ਦਿਲ ਖੋਲ ਖੋਲ ਕੇ।
ਸਿੰਜ ਦੇ ਬੂਟਾ ਪੰਥ ਦਾ, ਰਤ ਡੋਲ੍ਹ ਡੋਲ੍ਹ ਕੇ।
ਜੋ ਅੜੂ ਸੋ ਝੜੂ ਬਲੋਚੀਆ, ਕੀ ਮੁਗ਼ਲ ਪਠਾਣੇ।
ਸਰ ਪਰ ਪੁੱਜਣਾ ਪੰਥ ਨੇ ਸਿੱਧੇ ਨਨਕਾਣੇ ।
ਆ ਗਈ ਰੁਤ ਫਿਰ ਜੰਗ ਦੀ ਸੰਸਾਰ ਦੇ ਉਤੇ।
ਰਿਹਾ ਭਰੋਸਾ ਯਾਰ ਨੂੰ ਨਹੀਂ ਯਾਰ ਦੇ ਉਤੇ।
ਫਿਰ ਸੜੇਗੀ ਦੁਨੀਆਂ ਫੁਟ ਦੇ ਅੰਗਿਆਰ ਦੇ ਉਤੇ।
ਹਰ ਕੋਈ ਫਿਰਦਾ ਸੱਜਨਾਂ, ਕਿਸੇ ਮਾਰ ਦੇ ਉਤੇ।
ਸਾਨੂੰ ਹੁਣ ਵਿਸ਼ਵਾਸ ਹੈ ਕਰਤਾਰ ਦੇ ਉਤੇ।
ਓਦੂੰ ਥੱਲੇ ਆਪਣੀ ਤਲਵਾਰ ਦੇ ਉਤੇ।
ਔਹ ਭੂੰਡ ਫਿਰਨ ਕਸ਼ਮੀਰ ਦੇ ਰੁਖ਼ਸਾਰ ਦੇ ਉਤੇ।
ਮੈਂ ਸਦਕੇ ਅਣਖੀ ਕੌਮ ਦੇ ਸਰਦਾਰ ਦੇ ਉਤੇ।
ਤੂੰ ਰੰਗ ਸ਼ਹੀਦੀ ਛਿੜਕ ਲਾ ਦਸਤਾਰ ਦੇ ਉਤੇ।
ਆ ਵੇਲਾ ਈ ਸ਼ੇਰਾ ਨੱਚ ਤੇਗ਼ ਦੀ ਧਾਰ ਦੇ ਉਤੇ।
'ਬਾਗ਼ੀ' ਵੈਰੀ ਭੇਜ ਕੇ ਤੂੰ ਕਬਰਸਤਾਣੇ।
ਆਪ ਤੂੰ ਚੱਨਾ ਪਹੁੰਚ ਜਾ ਸਿੱਧਾ ਨਣਕਾਣੇ।
3. ਵੇਲਾ
ਜੋ ਰੋਂਦੇ ਸੀ ਉਹਨਾਂ ਦੇ ਹਸਨ ਦਾ ਵੇਲਾ।
ਜੋ ਫੌਂਹਦੇ ਸੀ ਉਹਨਾਂ ਦੇ ਫਸਨ ਦਾ ਵੇਲਾ।
ਇਹ ਸੁਖਾਂ ਨੂੰ ਸੁਖ ਸੁਖ ਕੇ ਆਜ਼ਾਦੀ ਆਈ,
ਓ 'ਬਾਗ਼ੀ' ਗ਼ੁਲ਼ਾਮਾਂ ਦੇ ਹਸਨ ਦਾ ਵੇਲਾ।
4. ਭਰੋਸਾ
ਪੋਹ ਮਾਘ ਦੀ ਸਵੇਰ ਨਰੋਈ ਸੀਤਲ
ਤਾਰੇ ਗਗਨ ਉਤੇ ਟਿਮਟਿਮਾ ਰਹੇ ਸਨ।
ਭਾਨ ਹੋਰੀਂ ਵੀ ਵਰਦੀਆਂ ਕੱਸ ਰਹੇ ਨੇ
ਚਲੋ ਚਲੀਏ ਮਤਾ ਪਕਾ ਰਹੇ ਸਨ।
ਰੱਬੀ ਫੁਲ ਦੇ ਜਾਨ ਨਿਸਾਰ ਭੌਰੇ
ਨੌਆਂ ਦਸਾਂ ਦੇ ਪੰਧ ਮੁਕਾ ਰਹੇ ਸਨ।
ਕਈ ਕੋਟ ਰਜਾਈ ਵਿਚ ਘੂਕ ਸੁਤੇ
ਦੀਨ ਦੁਨੀ ਨੂੰ ਮਨੋਂ ਭੁਲਾ ਰਹੇ ਸਨ।
ਸਾਧੂ ਇਕ ਮਜੀਠੜੇ ਰੰਗ ਰੱਤਾ
ਇਕ ਸੜਕ ਤੋਂ ਲੰਘਦਾ ਜਾ ਰਿਹਾ ਸੀ।
ਉਹਦੇ, ਰੋਣ ਦੀ ਪਈ ਆਵਾਜ਼ ਕੰਨੀਂ
ਸੁਣਕੇ ਅਰਸ਼ ਜਿਹਨੂੰ ਗੋਤੇ ਖਾ ਰਿਹਾ ਸੀ।
ਖੜਾ ਹੋ ਗਿਆ ਬਿੜਕ ਲਈ ਪਤਾ ਲਗਾ
ਕੁਲੀ ਜੇਹੀ ਵਿਚੋਂ ਵਾਜ ਆਂਵਦੀ ਏ।
ਅੱਗੇ ਵੱਧ ਝਰੋਖੇ ਥੀਂ ਵੇਖਿਓ ਸੂ
ਇਕ ਮਾਈ ਬੁਢੀ ਵੈਣ ਪਾਂਵਦੀ ਏ।
ਲੜਫ ਜਹੀ ਵਿਚ ਦੋ ਮਾਸੂਮ ਬਚੇ
ਪਈ ਘੁਟਦੀ ਤੇ ਥਰਥਰਾਂਵਦੀ ਏ।
ਇਕ ਆਖਦਾ ਏ ਹਾਏ ਮਾਂ ਪਾਲਾ
ਮੈਂ ਕੀ ਕਰਾਂ ? ਕਹਿਕੇ ਗਲੇ ਲਾਂਵਦੀ ਏ
ਦੂਜਾ ਪਿਆ ਬੀਮਾਰ ਬੇਸੁਧ ਹੋਇਆ
ਐਪਰ ਕਿਤੇ ਕਿਤੇ ਹੂੰਗਰ ਮਾਰਦਾ ਏ।
ਇਕ ਠੰਢ ਤੇ ਦੂਜਾ ਗ਼ਰੀਬ ਬਚਾ
ਤੀਜਾ ਪੈ ਗਿਆ ਜ਼ੋਰ ਬੁਖ਼ਾਰ ਦਾ ਏ।
ਮਾਈ ਵਾਸਤਾ ਘਤ ਕੇ ਕਹਿਣ ਲਗੀ
ਬਸ ਬਸ ਪੁਤ ਵਹਿਣ ਵਿਹਾਈ ਨਾ ਜਾ।
ਅੱਕੀ ਹੋਈ ਨੂੰ ਹੋਰ ਅਕਾਈ ਨਾ ਤੂੰ
ਜਲੀ ਹੋਈ ਨੂੰ ਹੋਰ ਜਲਾਈ ਨਾ ਜਾ।
ਮੇਰਾ ਭੁਜ ਕੇ ਸੀਨਾ ਕਬਾਬ ਹੋਇਆ
ਹੱਥੀਂ ਅਪਣੀ ਤੇਲ ਉਲਟਾਈ ਨਾ ਜਾ।
ਗਲ ਉੱਤੇ ਗ਼ਰੀਬ ਨੇ ਛੁਰੀ ਰਖੀ
ਮੇਰਾ ਹੋਕੇ ਮੈਨੂੰ ਮਰਵਾਈ ਨਾ ਜਾ।
ਰੱਬਾ ਛਡ ਖਹਿੜਾ, ਮੈਨੂੰ ਜਾਣ ਵੀ ਦੇ
ਮੇਰੇ ਰੋਂਦਿਆਂ ਨੈਣ ਵੀ ਹੋਏ ਸੱਜਲ।
ਸੁਖਾਂ ਲਈ ਲਡਿੱਕੜੇ ਬਚਿਆਂ ਦੇ
ਬੂਹੇ ਬੂਹੇ ਉਤੇ ਦਾਸੀ ਹੋਈ ਖੱਜਲ।
ਅੱਛਾ ਕਾਹਨੂੰ ਤੂੰ ਸੁਣੇਂ ਫ਼ਰੀਯਾਦ ਮੇਰੀ
ਤੈਨੂੰ ਕਿਸੇ ਵੀ ਚੀਜ਼ ਦਾ ਘਾਟਾ ਜੂ ਨਹੀਂ।
ਹੁੰਦਾ ਨੰਗਾ ਤੇ ਆਕੜਾਂ ਫੇਰ ਕਰਦੋਂ
ਕਦੀ ਪਹਿਨਿਆਂ ਕਪੜਾ ਪਾਟਾ ਜੂ ਨਹੀਂ।
ਦਾਣੇ ਵਾਲਿਆਂ ਦੇ ਅਕਲਮੰਦ ਕਮਲੇ
ਕਦੀ ਮੁਕਾ ਭੜੋਲੀ ਚੋਂ ਆਟਾ ਜੂ ਨਹੀਂ।
ਤੂੰ ਵੀ ਰੀਝਨੈਂ ਚੋਪੜੇ ਬੋਦਿਆਂ ਤੇ
ਮੇਰਾ ਦਿਸਦਾ ਖਿਲਿਰਆ ਝਾਟਾ ਜੂ ਨਹੀਂ।
ਸੱਚੀ ਗੱਲ ਹਮਦਰਦ ਗ਼ਰੀਬੜੇ ਦਾ
ਹੈ ਨਹੀਂ ਕੋਈ ਵੀ ਏਸ ਸੰਸਾਰ ਅੰਦਰ।
ਸੱਤੀਂ ਵੀਂਹ ਸੌ ਡਾਹਢੇ ਦਾ ਹੋਂਵਦਾ ਏ
ਤੂੰ ਵੀ ਹੋਇਆ ਏਂ ਕੁਫ਼ਰ ਹੰਕਾਰ ਅੰਦਰ।
ਉਸ ਜੋਗੀ ਦਾ ਚੀਰਿਆ ਗਿਆ ਸੀਨਾ
ਕੋਝੇ ਵੈਣ ਦੀ ਤੇਜ਼ ਕਟਾਰ ਦੇ ਨਾਲ।
ਜ਼ਰਾ ਖੰਘਿਆ ਖੰਘ ਕੇ ਗਿਆ ਅੰਦਰ
ਐਪਰ ਬੋਲਿਆ ਬੜੇ ਸਤਕਾਰ ਦੇ ਨਾਲ।
ਮਾਤਾ ਠਿਲ, ਹੰਝੂ ਕਾਹਨੂੰ ਭਰੇਂ ਹੌਕੇ
ਹੈ ਨਹੀਂ ਜ਼ੋਰ ਕੋਈ ਓਸ ਕਰਤਾਰ ਦੇ ਨਾਲ।
ਬੱਚਾ ਚੀਰ ਬਾਝੋਂ ਜਿਹੜਾ ਵਿਲਕਦਾ ਸੀ
ਕੁਛੜ ਚੁਕਿਆ ਡਾਹਢੇ ਪਿਆਰ ਦੇ ਨਾਲ।
ਨਿੱਘਾ ਹੋ ਗਿਆ ਲੋਈ ਦੇ ਵਿਚ ਜਾ ਕੇ
ਪਰਚ ਗਿਆ ਉਹ ਲਾਡ ਮਲ੍ਹਾਰ ਦੇ ਨਾਲ।
ਹੱਥ ਲਾਏ ਤੇ ਫੁਲ ਕੇ ਉਠ ਬੈਠਾ
ਵਿਆਕੁਲ ਪਿਆ ਸੀ ਜਿਹੜਾ ਬੁਖ਼ਾਰ ਦੇ ਨਾਲ।
ਫੇਰ ਕਿਹਾ ਮਾਤਾ ਦਾਤਾ ਪ੍ਰੇਮ ਭੁਖਾ
ਓਹ ਤੇ ਜੂਠੇ ਹੀ ਬੇਰ ਮੰਜ਼ੂਰ ਕਰਦਾ।
ਉਹ ਤੇ ਸੁਕੀਆਂ ਉਤੇ ਈ ਰੀਝਦਾ ਏ
ਤਲੀਆਂ ਦੁਪੜਾਂ ਨੂੰ ਦਿਲੋਂ ਦੂਰ ਕਰਦਾ।
ਉਹਨੂੰ ਸਾਗ ਅਲੂਣਾ ਹੀ ਭਾਂਵਦਾ ਸੀ
ਰਾਜਾ ਤਿਆਗਿਆ ਬਿਦਰ ਮਸਰੂਰ ਕਰਦਾ।
ਕੋਹ ਤੂਰ ਨੂੰ ਪਕੜ ਮਨੂਰ ਕਰਦਾ
ਅਤੇ ਕਿਣਕਿਆਂ ਨੂੰ ਕੋਹਿਤੂਰ ਕਰਦਾ।
ਧੱਨੇ ਵਰਗਿਆਂ ਸੱਚਿਆਂ ਸਿਰੜੀਆਂ ਤੋਂ
ਉਹ ਤੇ ਕੁਲ ਸੰਸਾਰ ਨੂੰ ਵਾਰ ਦੇਵੇ।
ਉਹਨੂੰ ਕਹਿਣ ਲੋਕੀ ਸਾਰੇ ਭਗਤ ਵੱਸਲ
ਸ਼ਬਦ ਓਸ ਦਾ ਭਵਜਲੋਂ ਤਾਰ ਦੇਵੇ।
ਮਾਯਾ ਧਾਰੀਆਂ ਦਾ ਹੋਵੇ ਮਾਹੀ ਜੇਕਰ
ਤੱਤੀ ਲੋਹਾਂ ਤੇ ਛਾਲੇ ਪਵਾਂਵਦਾ ਨਾ।
ਸੀਸ ਕਦੀ ਨਾ ਦਿੱਲੀ ਦੇ ਵਿਚ ਦੇਂਦਾ
ਸੁਲੇਮਾਨ ਤੋਂ ਭਠ ਝੁਕਵਾਂਵਦਾ ਨਾ।
ਰਾਵਨ ਵਰਗਿਆਂ ਨੂੰ ਕਦੀ ਰੰਦਦਾ ਨਾ
ਸੱਜਨ ਜਿਹਾਂ ਨੂੰ ਸੱਜਨ ਬਣਾਂਵਦਾ ਨਾ ।
ਪੁਤ ਚਾਰ ਨਾ ਮੂਲ ਸ਼ਹੀਦ ਕਰਦਾ
ਅੱਟੀ ਕਿਸੇ ਦਾ ਮੁਲ ਪਵਾਂਵਦਾ ਨਾ।
ਨਾ ਉਹ ਲੱਜਿਆ ਰਖਦਾ ਦਰੋਪਦੀ ਦੀ
ਨਾ ਉਹ ਕਦੀ ਸੁਦਾਮੇ ਦਾ ਯਾਰ ਬਣਦਾ।
ਨਾਮ ਦੇਵ ਦੀ ਗਊ ਜਿਵਾਂਵਦਾ ਕਿਉਂ
ਕਾਹਨੂੰ ਡਾਂਗ ਫੜ ਕੇ ਪਹਿਰਦਾਰ ਬਣਦਾ।
ਨਾਨਕ ਸਾਹਿਬ ਬਾਣੀ ਅੰਦਰ ਨੀਚ ਬਣਕੇ
ਬਦੋ ਬਦੀ ਗ਼ਰੀਬ ਅਖਵਾਈ ਜਾਂਦੇ।
ਸਧਨਾ, ਸੈਨ, ਕਬੀਰ, ਫ਼ਰੀਦ, ਤਾਈਂ
ਗੁਰੂ ਗਰੰਥ ਦਾ ਅੰਗ ਬਨਾਈ ਜਾਂਦੇ।
ਬਾਣੀ ਭਾਈ ਗੁਰਦਾਸ ਦੀ ਬਨ੍ਹਦੇ ਨਹੀਂ
ਉਹਨੂੰ ਝਾੜ ਕੇ ਪਰੇ ਬਠਾਈ ਜਾਂਦੇ।
ਓਸ ਖ਼ਾਸ ਨੂੰ ਖ਼ਾਸ ਨਹੀਂ ਰਹਿਣ ਦਿੱਤਾ
ਕੁੰਜੀ ਓਸ ਦੇ, ਹੱਥ ਫੜਾਈ ਜਾਂਦੇ।
ਨਰ ਸਿੰਘ ਦਾ ਧਾਰਿਆ ਰੂਪ ਕਿਸ ਨੇ ?
ਤੇ ਪ੍ਰਹਿਲਾਦ ਦੇ ਤਾਈਂ ਬਚਾਇਆ ਤੇ ਕਿਸ ?
ਬਾਰਾਂ ਸਾਲ ਪਿੱਛੋਂ ਖੂਹੋਂ ਕਢ ਪੂਰਣ
ਸਾਵਧਾਨ ਜੇ ਉਹਨੂੰ ਬਨਾਯਾ ਤੇ ਕਿਸ ?
ਰਸ ਭਿੱਨੜੇ ਗਿਆਨ ਦੇ ਵਾਕ ਸੁਣਕੇ
ਮਾਈ ਚਿਤ ਅੰਦਰ ਸ਼ਰਮਸਾਰ ਹੋ ਗਈ।
ਬਕੀ ਗਈ ਐਵੇਂ ਲੋਹੜਾ, ਮਾਰਿਆ ਮੈਂ
ਭੋਰਾ ਸੋਚਿਆ ਨਾ ਬੇ ਮੁਹਾਰ ਹੋ ਗਈ।
ਨਾਲ ਹੰਜੂਆਂ ਦੇ ਚਰਨ ਧੋਣ ਲੱਗੀ
ਮੈਨੂੰ ਬਖ਼ਸ਼ ਲਓ ਮੈਂ ਭੁਲਣ ਹਾਰ ਹੋ ਗਈ।
ਅੱਗੇ ਵਾਸਤੇ ਕੱਨਾਂ ਨੂੰ ਹੱਥ ਲਾਇਆ
ਭੁਲੀ ਹੋਈ ਨੂੰ ਗੋਹਜ ਵਿਚਾਰ ਹੋ ਗਈ।
ਵੇਖ ਨਵਾਂ ਨਰੋਆ ਅਰੋਗ ਪੁਤ੍ਰ
ਸੋਨੇ ਉਤੇ ਸੁਹਾਗੇ ਦਾ ਕੰਮ ਹੋਇਆ।
ਉਹਦੇ ਚੋਜ ਨਿਆਰੇ ਤੇ ਬੇ ਅੰਤ ਲੀਲਾ
ਸਮਝ ਗਈ ਤੇ ਦੂਰ ਸਭ ਗ਼ਮ ਹੋਇਆ।
ਸ਼ਹਿਦ ਵਾਂਗਰਾਂ ਮਾਇਆ ਦਾ ਜਾਲ ਵਿਛਿਆ
ਲੋਕੀਂ ਮੱਖੀ ਦੇ ਵਾਂਗਰਾਂ ਫਸ ਰਹੇ ਨੇ।
ਪੰਜ ਪਤ ਇਹਦੇ ਲੋਕਾਂ ਭੋਲਿਆਂ ਨੂੰ
ਦੇ ਦੇ ਸਿਪੀਆਂ ਤੇ ਮੋਤੀ ਖਸ ਰਹੇ ਨੇ।
ਜਿੱਨਾਂ ਬਹੁਤਾ ਇਹ ਪੈਰ ਪਸਾਰਦੀ ਏ
ਓਨੇ ਮਗਨ ਹੋਕੇ ਲੋਕੀ ਹੱਸ ਰਹੇ ਨੇ।
ਤਾਹੀਂ ਦਯਾ ਤੇ ਧਰਮ ਨੂੰ ਖੰਭ ਲੱਗੇ
ਵਾਹੋ ਦਾਹੀ ਇਹਨਾਂ ਵਿੱਚੋਂ ਨੱਸ ਰਹੇ ਨੇ।
ਵਿੱਦਵਾਨ ਭੀ ਕੁਲ ਬੇਹੋਸ਼ ਹੁੰਦੇ
ਬੁਰੀ ਤਰਾਂ ਕੁਲਹਿਣੀ ਪ੍ਰੇਰਦੀ ਏ।
ਇਹ ਅਟੇਰਨ ਦੇ ਵਾਂਗ ਅਟੇਰਦੀ ਏ
ਏਨੀ ਗਲ ਕਰਦੀ ਹੇਰ ਫੇਰ ਦੀ ਏ।
ਤੂੰ ਕੀ ਲੈਣਾ ਜੰਜਾਲ ਵਿਚ ਪੈਰ ਪਾ ਕੇ
ਧੀਰਜ ਨਾਲ ਤੂੰ ਸਮਾਂ ਗੁਜ਼ਾਰਦੀ ਰਹਿ।
ਪੈਣ ਦੇਈਂ ਨਾ ਇਕ ਦੀ ਵਟ ਮੱਥੇ
ਸਦਾ ਰਾਮ ਦਾ ਨਾਮ ਚਿਤਾਰਦੀ ਰਹਿ।
ਫੁਲ ਨਾਲ ਹੁੰਦੇ ਜਿਵੇਂ ਕੰਡਿਆਂ ਦੇ
ਪ੍ਰਭੂ ਜਿੱਤਨਾ ਈਂ ਤਾਂ ਫਿਰ ਹਾਰਦੀ ਰਹਿ।
ਜਿੱਨੀਂ ਉਤੋਂ ਏਂ ਦਿਲੋਂ ਗਰੀਬ ਹੋ ਜਾ
ਖ਼ਿਜ਼ਾਂ ਵਿਚ ਵੀ ਕਵੀ ਅਨਾਰ ਦੀ ਰਹਿ।
ਕਰ ਸਕੇ ਨਾ ਮੇਰੀ ਮੁਰਾਦ ਪੂਰੀ
"ਬਾਗ਼ੀ" ਰੱਬ ਕੋਈ ਏਨਾ ਗਰੀਬ ਤਾਂ ਨਹੀਂ।
ਉਹ ਤੇ ਸਿਰਫ਼ ਭਰੋਸੇ ਨੂੰ ਵੇਖਦਾ ਏ
ਭਗਤ ਬਾਝ ਕੋਈ ਉਹਦਾ ਹਬੀਬ ਤੇ ਨਹੀਂ।
.....................
ਹੰਝੂਆਂ ਨੂੰ ਜਜ਼ਬੇ ਦੇਂਦਾ ਹਾਂ,
ਇਹੋ ਈ ਸਖ਼ਾਵਤ ਹੈ ਮੇਰੀ।
ਮੈਂ ਹਰ ਪਾਖੰਡ ਤੋਂ ਬਾਗ਼ੀ ਹਾਂ,
ਏਨੀ ਹੀ ਬਗ਼ਾਵਤ ਹੈ ਮੇਰੀ।
5. ਪੰਜਾਬੀ ਗਈ ਪੰਜਾਬ ਗਿਆ
ਜੇ ਜ਼ਰਾ ਵੀ ਏਸ ਪੰਜਾਬੀ ਤੋਂ
ਮਿਲ ਸਾਨੂੰ ਕਿਤੇ ਜਵਾਬ ਗਿਆ।
ਤਾਂ ਸਮਿਝਓ ਹਰ ਇਕ ਸਿਰ ਉਤੋਂ
ਫਿਰ ਲਥ ਏ ਪਰ ਸੁਰਖ਼ਾਬ ਗਿਆ।
ਇਹ ਨਸ਼ਾ ਜੋ ਚੜ੍ਹਿਆ ਰਹਿੰਦਾ ਏ
ਸਭ ਲਥ ਏ ਵਾਂਗ ਸ਼ਰਾਬ ਗਿਆ।
ਤੇ ਸੀਨਾ ਹਰ ਪੰਜਾਬਨ ਦਾ
ਸੜ ਭੁਜ ਏ ਵਾਂਗ ਕਬਾਬ ਗਿਆ।
ਗਈ ਮਸਤੀ, ਗਿਆ ਸੁਹੱਪਣ ਵੀ
ਇਹ ਸਮਝਿਉ ਉਡ ਸ਼ਬਾਬ ਗਿਆ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
ਸੌਂ ਗਏ ਉਬਾਲੇ ਰਾਵੀ ਦੇ
ਤੇ ਰੁਕ ਝਨਾਂ ਦਾ ਵਹਿਣ ਗਿਆ
ਤੇ ਸਾਡਾ ਨਾਲ ਮੁਸੀਬਤ ਦੇ
ਸਭ ਲੜਨ ਭਿੜਨ ਤੇ ਖਹਿਣ ਗਿਆ।
ਸਭ ਰਹਿਣ ਗਿਆ ਸਭ ਬਹਿਣ ਗਿਆ।
ਸਭ ਸਹਿਣ ਗਿਆ ਸਭ ਕਹਿਣ ਗਿਆ।
ਮੁੱਦਾ ਕੀ ਪੂਰਨਮਾਸ਼ੀ ਦੇ ਵਿਚ
ਚੰਦ ਨੂੰ ਲਗ ਗਰਹਿਨ ਗਿਆ।
ਜੋ ਰੋਹਬ ਰਾਅਬ ਲਈ ਫਿਰਦੇ ਓ
ਸਭ ਲੱਥ ਏ ਵਾਂਗ ਜੁਰਾਬ ਗਿਆ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
ਇਹ ਸਮਝਿਓ ਫ਼ਿਰਕਾਦਾਰੀ ਦੀ
ਤੌੜੀ ਵਿਚ ਸਾਰੇ ਰਿੱਧੇ ਗਏ
ਜਾਂ ਸ਼ੇਰੇ ਪੰਜਾਬੀ ਲੂਮੜੀਆਂ ਦੇ
ਪੈਰਾਂ ਥੱਲੇ ਮਿੱਧੇ ਗਏ।
ਜੋ ਡਾਂਡੇ ਮੀਂਡੇ ਫਿਰਦੇ ਨੇ
ਜੇ ਹੁਣ ਵੀ ਨਾ ਹੋ ਸਿੱਧੇ ਗਏ।
ਤਾਂ ਗਏ ਲਗੋਜੇ ਵੰਝਲੀਂਆਂ
ਸਭ ਬੋਲੀਆਂ ਟੱਪੇ ਗਿੱਧੇ ਗਏ।
ਕਿਉਂ ਨਾ ਫਿਰ ਤੋਤੇ ਉੜਨਗੇ
ਜਾਂ ਹੱਥੋਂ ਉਡ ਉਕਾਬ ਗਿਆ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
ਮੈਦਾਨ ਚ ਹੁਣ ਵੀ ਨਿਕਲੇ ਨਾ
ਤਾਂ ਵੇਖਿਓ ਮਿਲਨੀ ਸੋ ਵੀ ਨਹੀਂ।
ਦਿਨ ਦੂਨੀ ਇਜ਼ਤ ਚੌਂਹਦੇ ਓ
ਜੋ ਹੈ ਜੇ ਰਹਿਣੀ ਉਹ ਵੀ ਨਹੀਂ।
ਚੌਂਹਦੇ ਓ ਸੂਰਜ ਚਮਕੇ
ਪਰ ਰਹਿਣੀ ਦੀਵੇ ਦੀ ਲੋ ਵੀ ਨਹੀਂ।
ਤੁਸੀਂ ਰੋਂਦੇ ਪਏ ਓ ਤਿੰਨਾਂ ਨੂੰ
ਪਰ ਰਹਿਣੇ ਦਰਯਾ ਦੋ ਵੀ ਨਹੀਂ।
ਕੀ ਫੇਰ ਕਿਨਾਰਾ ਫੂਕੋਗੇ ?
ਜਾਂ ਬੇੜਾ ਹੀ ਹੋ ਗ਼ਰਕਾਬ ਗਿਆ ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
ਜਦ ਮਾਂ ਦੀ ਸੌਕਨ ਆ ਬੈਠੀ
ਵਿਚ ਰਾਜ ਹੋਊ ਤੇ ਸੌਂਕਨ ਦਾ।
ਕੀ ਹੁਣ ਦਾ ਤੇ ਕੀ ਪਿਛਲਾ
ਜੇ ਸਭ ਦਾਜ ਹੋਊ ਤੇ ਸੌਂਕਨ ਦਾ।
ਜੋ ਮੂਲ ਹੋਊ ਤੇ ਸੌਂਕਨ ਦਾ
ਜੋ ਬਿਆਜ ਹੋਊ ਤੇ ਸੌਂਕਨ ਦਾ।
ਜੇ ਤਾਜ ਹੋਊ ਤੇ ਸੌਂਕਨ ਦਾ
ਸਰਤਾਜ ਹੋਊ ਤੇ ਸੌਂਕਨ ਦਾ।
ਸੌਂਕਨ ਨਹੀਂ ਭੇਸ ਵਟਾ ਕੇ ਤੇ
ਘਰ ਸਾਡੇ ਪੁਜ ਕਸਾਬ ਗਿਆ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
ਕਈ ਵਾਰੀ ਗ਼ਲਤੀ ਨਿੱਕੀ ਜਿਹੀ
ਜਾ ਵਰ੍ਹਿਆਂ ਉਤੇ ਸੁਟਦੀ ਏ।
ਫਿਰ ਟੁੱਟਦੀ ਇੰਜ ਜਵਾਨੀ ਏਂ
ਜਿਉਂ ਸਾਗ ਦੀ ਗੰਦਲ ਟੁਟਦੀ ਏ।
ਜੋ ਕੌਮ ਵਲ੍ਹੇਟ ਕੇ ਕੱਨਾਂ ਨੂੰ
ਆਪੋ ਦੇ ਵਿਚ ਈ ਜੁਟਦੀ ਏ।
ਤਕਦੀਰ ਬਾਗ਼ ਵਿਚ ਚਿਰ ਪਿਛੋਂ
ਫਿਰ ਕੋਈ ਕਰੂੰਬਲ ਫੁਟਦੀ ਏ।
ਜੇ ਹੁਣ ਵੀ 'ਬਾਗ਼ੀ' ਨਾ ਹੋਏ
ਤਾਂ ਮੁਕ ਹਿਸਾਬ ਕਿਤਾਬ ਗਿਆ।
ਪੰਜਾਬ 'ਚੋਂ ਹਰ ਪੰਜਾਬੀ ਦੀ
ਪੰਜਾਬੀ ਗਈ, ਪੰਜਾਬ ਗਿਆ।
6. ਪੰਜਾਬੀ ਬੋਲੀ
ਗਲ ਮੇਰੀ ਪੰਜਾਬੀ ਮਾਤਾ ਦੇ ਨੂੰ ਘੁੱਟਣ ਵਾਲਿਓ
ਮੈਂ ਕਵੀ ਹਾਂ ਇਸ ਬੋਲੀ ਦਾ, ਫ਼ਰਜ਼ ਨੂੰ ਜਾਣਨਾਂ।
ਇਹ ਮੇਰੀ ਮਾਂ ਏਂ ਮੈਂ ਇਹਦਾ ਦੁਧ ਪੀਤੈ ਜਮਦਿਆਂ
ਪੁਤ ਦੇ ਸਿਰ ਉਤੇ, ਮੈਂ ਮਾਂ ਦੇ ਕਰਜ਼ ਨੂੰ ਜਾਣਨਾਂ।
ਮੰਗ ਜਾਇਜ਼ ਨੂੰ ਵੀ ਫਿਰਕੂ ਆਖ ਕੇ ਓ ਠੱਪਦੇ
ਛਡ ਦਿਉ ਖ਼ੁਦਗ਼ਰਜ਼ੀਆਂ ਮੈਂ ਵੀ ਗ਼ਰਜ਼ ਨੂੰ ਜਾਣਨਾਂ।
ਫੇਰ ਜਮੋਂਗੇ ਤੇ ਫਿਰ ਵੀ ਮਰਜ਼ੀਆਂ ਨਹੀਂ ਹੋਣੀਆਂ
ਬਗਲਿਓ ਤਸ਼ਖ਼ੀਸ਼ ਕਰ ਸਕਨਾਂ, ਮਰਦ ਨੂੰ ਜਾਣਨਾਂ।
ਜਿਹੜਾ ਹੋਤਾਂ ਨਾਲ ਤੁਰ ਜਾਊੂਗਾ ਇਹ ਪੁੱਨੂੰ ਨਹੀਂ
ਇਹ ਬਰੇਤੇ ਵਿਚ ਸੱਸੀ ਨਾਲ ਹੀ ਸੜ ਜਾਏਗਾ।
ਇਹ ਜ਼ਨੂੰਨੀ ਰਾਂਝਿਆਂ ਤੋਂ ਬਹੁਤ ਅਗੇ ਲੰਘ ਗਿਐ
ਮਨਸੂਰ ਸੋਚੇਗਾ ਅਜੇ, ਸੂਲੀ ਤੇ ਇਹ ਚੜ੍ਹ ਜਾਏਗਾ।
ਬਾਲਪਨ ਵਿਚ ਏਸ ਬੋਲੀ ਵਿਚ ਹੀ ਦੇ ਦੇ ਲੋਰੀਆਂ
ਮੈਨੂੰ ਥਾਪੜ ਕੇ ਮੇਰੀ ਮਾਤਾ ਸਲੌਂਦੀ ਰਹੀ ਏ।
ਕੋਈ ਕੰਜਕ ਆਪਣੇ ਵੀਰੇ ਦੀ ਕੁੜਮਾਈ ਉੱਤੇ
ਢੋਲਕੀ ਦੇ ਨਾਲ ਸੋਹਣੇ ਗੀਤ ਗੌਂਦੀ ਰਹੀ ਏ।
ਕਰ ਕਰ ਕੇ ਕੁੜੀਆਂ ਕਠੀਆਂ, ਪਾ ਪਾ ਕੇ ਗਿੱਧੇ ਨਚਕੇ
ਭੈਣ ਆਪਣੇ ਵੀਰ ਨੂੰ ਘੋੜੀ ਚੜ੍ਹੌਂਦੀ ਰਹੀ ਏ।
ਰਾਣੀ ਮਨੌਂਦੀ ਰਹੀ ਏ ਏਸੇ 'ਚ ਰੁਸੇ ਕੰਤ ਨੂੰ
ਸਾਵਨ 'ਚ ਸਈਆਂ ਨਾਲ ਕੋਈ ਪੀਂਘਾਂ ਚੜ੍ਹੌਂਦੀ ਰਹੀ ਏ।
ਅੱਲ੍ਹੜ ਕਵਾਰੀ ਕਿਲਕਲੀ ਪਾਕੇ ਤੇ ਬੋਲੀ ਏਸ ਵਿਚ
ਬਾਲਪਨ ਦੇ ਵਿਚ ਜਵਾਨੀ ਨੂੰ ਬਣੌਂਦੀ ਰਹੀ ਏ।
ਏਸੇ 'ਚ ਝਿੜਕਾਂ ਖਾਧੀਆਂ, ਏਸੇ 'ਚ ਰੋਸੇ ਕੱਢ ਲਏ
ਮਿਹਣੇ ਵੀ ਦਿਤੇ ਤੇ ਕਦੀ ਕੋਈ ਵੈਣ ਪੌਂਦੀ ਰਹੀ ਏ।
ਇਹ ਰਚੀ ਹੋੲੀ ਏ ਸਾਡੇ ਖ਼ੂਨ, ਜੁਸੇ, ਰੂਹ ਵਿਚ
ਇਹ ਅਸਾਥੋਂ, ਅਸੀਂ ਇਸ ਤੋਂ ਵਖ ਰਹਿ ਸਕਦੇ ਨਹੀਂ
ਜਦੋਂ ਤੀਕਰ ਏਸ ਦੀ ਗੁਡੀ ਚੜ੍ਹਾ ਲੈਂਦੇ ਨਹੀਂ
ਅਸੀਂ ਪੰਜਾਬੀ ਕਦੀ ਵੀ ਟਿਕ ਕੇ ਬਹਿ ਸਕਦੇ ਨਹੀਂ।
ਇਹ ਤੇ ਪੂਰਾ ਪਤਾ ਏ, ਕਾਗ਼ਜ਼ ਦੇ ਟੋਟੇ ਨਰਮ ਜਹੇ
ਕੈਂਚੀਆਂ ਦੇ ਨਾਲ ਖਹਿਣਾ ਚੌਹਣ ਖਹਿ ਸਕਦੇ ਨਹੀਂ।
ਦਾਣਿਆਂ ਨੇ ਹੁਣ ਸਲਾਹ ਕੀਤੀ ਏ, ਭੱਠੀ ਢੌਣ ਦੀ
ਸਮਝਦੇ ਨਹੀਂ ਗਿਦੜਾਂ ਤੋਂ ਸ਼ੇਰ ਛਹਿ ਸਕਦੇ ਨਹੀਂ।
ਮਰਦ ਸੱਚੇ ਝੂਠਿਆਂ ਤੋਂ ਤੇ ਕਦੀ ਨਹੀਂ ਯਰਕਦੇ
ਉਹ ਤੇ ਕਾਇਰ ਨੇ ਜੋ ਸੱਚੀ ਮੂੰਹ ਤੇ ਕਹਿ ਸਕਦੇ ਨਹੀਂ।
ਰੋਅਬ ਨਾਜਾਇਜ਼ ਕਿਸੇ ਤੇ ਪੌਣ ਦੀ ਆਦਤ ਨਹੀਂ
ਰੋਅਬ ਨੌਂਹ ਜਿੰਨਾ ਕਦੀ ਸ਼ਾਹਬਾਜ਼ ਜਰ ਸਕਦੇ ਨਹੀਂ।
ਪੰਜਾਬ ਅੰਦਰ ਸਾਰੇ ਪੰਜਾਬੀ, ਇਹ ਪੰਜਾਬੀ ਬਿਨਾਂ
ਦਬ ਦਬਾ ਹੁਣ ਗ਼ੈਰ ਦਾ ਮੰਜ਼ੂਰ ਕਰ ਸਕਦੇ ਨਹੀਂ।
ਮੌਤ ਵਿਚੋਂ ਜਿਹੜੇ ਆਸ਼ਕ ਜਿੰਦਗੀ ਨੂੰ ਲਭਦੇ
ਸ਼ਮਾਂ ਉਤੇ ਸੜਨ ਪਿਛੋਂ ਵੀ ਉਹ ਮਰ ਸਕਦੇ ਨਹੀਂ।
ਉਹ ਜਿਨਹਾਂ ਦੇ ਕੋਲ ਆਕੇ ਕਾਲ ਤਲੀਆਂ ਝਸਦੇ
ਕਾਲ ਦੇ ਉਹ ਕੋਲੇ ਕਰ ਸਕਦੇ ਨੇ, ਡਰ ਸਕਦੇ ਨਹੀਂ।
ਜੇਸ ਮਾਂ ਦੀ ਮਾਮਤਾ ਪ੍ਰਸਿਧ ਹੈ ਸੰਸਾਰ ਵਿਚ
ਅਜ ਮੂੰਹ ਤੇ ਪੁਤ ਕਹਿੰਦੇ ਨੇ ਤੂੰ ਸਾਡੀ ਮਾਂ ਈ ਨਹੀਂ।
ਆਖ ਲਉ ਹਿੰਦੀ ਨੂੰ ਮਾਸੀ ਰਲਕੇ ਸਾਰੇ ਆਖ ਲਉ,
ਮਾਂ ਨੂੰ ਕਿੱਦਾਂ ਆਖਦੇ ਓ, ਤੇਰੀ ਘਰ ਵਿਚ ਥਾਂ ਈ ਨਹੀਂ।
ਵੇਖੋ ਕਿਨੇ ਘੇਸਲੇ ਤੇ ਮੀਸਣੇ ਨੇ ਬਨ ਗਏ
ਛਾਂ 'ਚ ਬੈਠੇ ਆਖਦੇ ਨੇ, ਧੁਪ ਹੈ ਇਹ ਛਾਂ ਈ ਨਹੀਂ।
ਜਿਧੇ ਦੁਧ ਦੀ ਦਾਈ ਨੇ ਦਿਤੀ ਏ ਗੁੜਤੀ ਜੰਮਦਿਆਂ
ਦੁਧ ਪੀ ਲੈਂਦੇ ਨੇ ਓਂ ਕਹਿੰਦੇ ਨੇ ਇਹ ਤੇ ਗਾਂ ਹੀ ਨਹੀਂ।
ਲੋਕ ਕਹਿੰਦੇ ਨੇ ਕਿ ਇਹ ਰੀਜ਼ਰਵ ਹੈ ਸਿਖਾਂ ਲਈ
ਅਸਲ ਵਿਚ ਫ਼ਿਰਕੂ ਨੇ ਓਹ, ਉਹਨਾ ਦਾ ਉਲਟਾ ਖ਼ਿਆਲ ਏ।
ਵਾਰਸ ਤੇ ਬੁਲ੍ਹੇ ਸ਼ਾਹ, ਕਾਦਰ ਯਾਰ. ਦੌਲਤਰਾਮ ਦਾ,
ਵੀਰ ਸਿੰਘ ਤੇ ਤੀਰ ਜੀ ਦਾ ਏਹ ਤੇ ਸਾਂਝਾ ਮਾਲ ਏ।
ਵਾਰਸ ਅਸੀਂ ਹਾਂ ਏਸ ਦੇ ਤਾਹੀਂ ਆਂ ਬੁੱਲੇ ਲੁਟਦੇ
ਵੀਰ ਸਿੰਘ ਵੀ ਤੀਰ ਦੀ ਦੌਲਤ 'ਚ ਮਾਲਾਮਾਲ ਏ।
ਏਸੇ ਦੀ ਗੋਦੀ ਖੇਡਿਆ ਏਸੇ ਪੰਘੂੜੇ ਪਾਲਿਆ
ਏਸੇ ਦਾ ਉਹ 'ਇਕਬਾਲ' ਸੀ ਉਰਦੂ ਦਾ ਜੋ ਇਕਬਾਲ ਏ।
ਤੜਫ਼ਦਾ ਪੰਜਾਬ ਏ ਏਦਾਂ ਈ ਕਾਲੀਦਾਸ ਲਈ
ਜਿਸਤਰਾਂ 'ਟੈਗੋਰ' ਦੇ ਲਈ ਤੜਫ਼ਦਾ ਬੰਗਾਲ ਏ।
ਜੇ ਤਅੱਸਬ ਦੀ ਜਰਾ ਅੱਖਾਂ ਤੋਂ ਐਨਕ ਲਾਹ ਦਿਓ
ਪਤਾ ਲਗਦਾ ਏ ਕਿ ਸਾਰੀ ਮਜ਼੍ਹਬੀਆਂ ਦੀ ਚਾਲ ਏ।
ਹਮਦਮ ਤੇ ਇਸਨੂੰ ਨਾਜ਼ ਏ ਆਸੀ ਤੇ ਇਸਨੂੰ ਫ਼ਖ਼ਰ ਏ
ਸਾਬਰ ਹੈ ਇਸਦਾ ਮਾਹੀਆ 'ਦਾਮਨ' ਤੇ ਇਸਨੂੰ ਮਾਨ ਏਂ।
ਬਰਕਤ ਹੈ ਬਰਕਤ ਏਸਦੀ, ਕੁੰਦਨ ਹਜ਼ਾਰਾ ਏਸਦਾ
ਦਰਦੀ, ਸੁਖੀ ਹੈ ਏਸ ਲਈ ਆਜ਼ਾਦ, ਦਿਸਦੀ ਜਾਨ ਏਂ
ਇਹਤੇ 'ਇਸ਼ਕ ਦੀ ਲਹਿਰ' ਏ ਖੰਜਰ ਉਪਾਸ਼ਕ ਏਸ ਦਾ
ਪਾਰਸ ਕੋਈ ਦਰਵੇਸ਼, ਕੋਈ ਸ਼ਮਸ਼ੇਰ ਕੋਈ ਕਿਰਪਾਨ ਏਂ।
ਏਸੇ ਸ਼ਮਾਂ ਲਈ ਕਮਲਾ ਪਰਵਾਨਾ ਆਵਾਰਾ ਬਨ ਗਿਆ
ਦੀਵਾਨਾ, ਜ਼ਿੰਦਾ ਦਿਲ ਹੈ ਤੇ ਸੁਥਰਾ ਤੇ ਇਸਦੀ ਖਾਨ ਏਂ।
ਹਿੰਦੂ 'ਚ ਇਸਦਾ ਦਰਦ ਏ ਮੁਸਲਮ 'ਚ ਇਸਦਾ ਸੋਜ਼ ਏ
ਸਿੱਖਾਂ 'ਚ ਇਸਦੀ ਸ਼ਾਨ ਏ ਹਿੰਦੀ 'ਚ ਇਸਦੀ ਤਾਨ ਏਂ।
ਏਸੇ ਦਾ ਅਖ਼ਤਰ ਚਮਕਦਾ ਗੁਲਸ਼ਨ 'ਚ ਇਹਦੀ ਮਹਿਕ ਏ
ਕੇਸਰ 'ਚ ਇਹਦਾ ਰੰਗ ਤੇ ਖ਼ੁਸ਼ਦਿਲ਼ 'ਚ ਇਸਦੀ ਆਨ ਏਂ।
ਈਸ਼ਰ ਨੇ ਬਨ੍ਹੇ ਕਾਫ਼ੀਏ ਲਿਖੀਆਂ ਨੇ ਕਾਫ਼ੀ ਕਾਫ਼ੀਆਂ
ਨੂਰਪੁਰ ਦਾ ਕਵੀ ਏਸੇ ਨਾਲ ਨੂਰੋ ਨੂਰ ਹੈ।
ਏਸੇ ਲਈ ਨੇ ਸ਼ਰਫ਼ ਨੇ ਕਲੀਆਂ ਸੁਨਹਿਰੀ ਗੁੰਦੀਆਂ
ਅਨਮੋਲ ਗੌਹਰ ਨਾਲ ਮੇਰੀ ਰਾਏ ਵਿਚ ਭਰਪੂਰ ਹੈ।
ਚਾਤ੍ਰਿਕ, ਹਾਸ਼ਮ ਹਦਾਇਤ ਉੱਲਾ ਯੁਮਨ ਦੀ ਕਲਮ ਵੀ
ਏਸ ਗੁਝੇ ਨੌ ਦੀ ਮਸਤੀ ਦੇ ਵਿਚ ਮਖ਼ਮੂਰ ਹੈ।
ਦਾਤ ਇਕ ਗੁਰ ਬਖ਼ਸ਼ ਦਿਤੀ ਖ਼ਾਸ ਇਕ ਗੁਰਬਖ਼ਸ਼ ਨੂੰ
ਇਕ ਜਾਦੂ ਭਰਿਆ ਨਾਨਕ ਸਿੰਘ ਦਾ ਦਸਤੂਰ ਹੈ।
ਗੀਤ ਸਾਦਿਕ ਹੋਕੇ ਗਾਏ ਇਹਦੇ ਪੰਜਾਂ ਪਾਣੀਆਂ
ਏਸ ਸੋਹਣੀ ਲਈ ਕੱਚਾ ਘੜਾ ਈ ਕੋਹਤੂਰ ਹੈ।
ਗੁਰੂ ਅੰਗਦ ਦੇਵ ਨੇ ਕੀਤਾ ਹੈ ਪੈਦਾ ਏਸ ਨੂੰ
ਮੇਰੇ ਕਲਗ਼ੀ ਵਾਲੜੇ ਦੀ ਇਹ ਤੇ ਬਾਂਕੀ ਹੂਰ ਏ।
ਮੇਰਾ ਕਲਚਰ ਏਸ ਵਿਚ ਤਹਿਜ਼ੀਬ ਵੀ ਅਪਣਤ ਵੀ
ਤਾਹੀਂ ਤੇ 'ਬਾਗ਼ੀ' ਏਸ ਦੀ ਸੇਵਾ ਲਈ ਮਜਬੂਰ ਏ।
7. ਉਪਕਾਰ ਤੇਰੇ
ਦੁਸ਼ਟ ਦਮਨ ਅਣਖੀਲਿਆ ਸ਼ਾਹ ਸਵਾਰਾ
ਹੈਸਨ ਰਬ ਜਿੰਨੇ ਅਖ਼ਤੀਆਰ ਤੇਰੇ।
ਦੀਨ ਦੁਖੀ ਨੂੰ ਪਿਤਾ ਦਾ ਦਾਨ ਦੇਣਾ
ਇਹ ਸਨ ਬਚਪਨੇ ਦੇ ਚਮਤਕਾਰ ਤੇਰੇ।
ਬੇਚਾਰੇ, ਅਨਾਥ ਯਤੀਮ, ਬੇਕਸ
ਜਦੋਂ ਆਣਕੇ ਡਿਗੇ ਦਰਬਾਰ ਤੇਰੇ।
ਹਾਰ ਹੰਝੂਆਂ ਦੀ ਥਾਂ ਤੇ ਪਏ ਵੇਖੇ
ਗਲੀਂ ਉਹਨਾਂ ਦੇ ਲਾਲਾਂ ਦੇ ਹਾਰ ਤੇਰੇ।
ਤਾਰੇ ਚਮਕਦੇ ਵਿਚ ਆਕਾਸ਼ ਨੇ ਜਾਂ
ਛਾਲੇ ਚਰਨਾਂ 'ਚ ਨੇ ਬੇ ਸ਼ੁਮਾਰ ਤੇਰੇ।
ਸਾਰਾ ਜਗ ਪੁਕਾਰ ਪੁਕਾਰ ਆਖੇ
ਮੈਥੋਂ ਗਿਣੇ ਨਾ ਜਾਨ ਉਪਕਾਰ ਤੇਰੇ।
ਵਾਹਣੇ ਪੈਰ ਸੀ ਵਾਹਣਾਂ' 'ਚ ਕਦੀ ਤੇਰੇ
ਕਦੀ ਨੀਲੇ ਦਾ ਸ਼ਾਹ ਸਵਾਰ ਸੈਂ ਤੂੰ।
ਕਿਸੇ ਵੇਲੇ ਜੇ ਹੋਇਉਂ ਯਤੀਮ ਹੋਇਉਂ
ਕਦੀ ਤਖ਼ਤ ਉਤੇ ਤਾਜਦਾਰ ਸੈਂ ਤੂੰ।
ਕਦੀ ਦੇਵਤੇ, ਸਨ ਪਹਿਰੇਦਾਰ ਤੇਰੇ
ਕਦੀ ਵੇਸਵਾ ਦਾ ਪਹਿਰੇਦਾਰ ਸੈਂ ਤੂੰ।
ਜੇਕਰ ਤੇਜ਼ ਕਟਾਰ ਸੈਂ ਬਾਦਸ਼ਾਹ ਲਈ
ਭੁਖੇ ਨੰਗਿਆਂ ਦਾ ਗੂੜ੍ਹਾ ਯਾਰ ਸੈਂ ਤੂੰ।
ਅਜ਼ਰਾਈਲ ਦੇ ਸਿਰ ਸਵਾਰ ਹੋਕੇ
ਵੇਖੇ ਨਾਚ ਕਰਦੇ ਸ਼ਾਹਸਵਾਰ ਤੇਰੇ।
ਚੀਕ ਚੀਕ ਕੇ ਕਲਮ ਪਈ ਆਖਦੀ ਏ
ਮੈਥੋਂ ਗਿਣੇ ਨਾ ਜਾਣ ਉਪਕਾਰ ਤੇਰੇ।
ਜਦੋਂ ਜੰਗ ਵਿਚ ਲਾਲ ਸ਼ਹੀਦ ਹੋਇਆ
ਤੈਥੋਂ ਉਦੋਂ ਵੀ ਖਾ ਗਏ ਹਾਰ ਹੰਝੂ।
ਜਦੋਂ ਮਾਹੀ ਨੇ ਮਾਹੀਆ ਖ਼ਬਰ ਦਿੱਤੀ
ਲੱਭਾ ਫੇਰ ਨਾ ਨੈਣ ਵਿਚਕਾਰ ਹੰਝੂ।
ਏਨਾਂ ਵੇਖਕੇ ਜਗ ਨੇ ਸਮਝਿਆ ਸੀ
ਧੁਰੋਂ ਲਿਆਇਆ ਈ ਨਹੀਂ ਦਾਤਾਰ ਹੰਝੂ।
ਏਨੇਂ ਚਿਰਾਂ ਨੂੰ ਡੁਲ੍ਹਦੇ ਵੇਖ ਲੀਤੇ
ਮਹਾਂ ਸਿੰਘ ਉਤੇ ਬੇਸ਼ੁਮਾਰ ਹੰਝੂ।
ਜੇਕਰ ਡੁਲ੍ਹੇ ਬੇਦਾਵੇ ਨੂੰ ਪਾੜ ਡੁਲ੍ਹੇ
ਕਿੰਨੇਂ ਹੰਝੂ ਵੀ ਸੀ ਅੱਲੋਕਾਰ ਤੇਰੇ।
ਪਰਲੋ ਤੀਕ ਸਾਰਾ ਜਗ ਗਿਣਨ ਲੱਗੇ
ਤਾਂ ਵੀ ਗਿਣੇ ਨਾ ਜਾਣ ਉਪਕਾਰ ਤੇਰੇ।
8. ਤੇਗ਼ ਬਹਾਦਰ ਸੀ ਕ੍ਰਿਆ
ਜਦ ਆਵੇ ਵਾਂਗੂੰ ਸੀ ਬਲ ਰਿਹਾ,
ਮੇਰਾ ਦੇਸ਼ ਸੀ ਹਿੰਦੁਸਤਾਨ।
ਜਾਂ ਹਿੰਦੂਆਂ ਉਤੇ ਟੁਟ ਪਏ,
ਬਣ ਪਰਲੋ ਮੁਗ਼ਲ ਪਠਾਨ।
ਜਾਂ ਸੱਜਣ ਬਾਝ ਸੁਹਾਗਣਾਂ,
ਦਿਨ ਰਾਤੀਂ ਔਂਸੀਆਂ ਪਾਨ।
ਚੁਕ ਬਾਹਵਾਂ ਚੂੜੇ ਵਾਲੀਆਂ,
ਕਈ ਕੂੰਜ ਵਾਂਗ ਕੁਰਲਾਨ।
ਜਾਂ ਮਾਂਗ ਸੰਧੂਰੀ ਆਪਣੀ
ਖੋਹ ਖੋਹ ਕੇ ਵਾਲ ਮਟਾਨ।
ਜਾਂ ਕਾਂਟੇ, ਕਾਂਟੇ ਬਣ ਗਏ
ਜਾਂ ਤੀਲੀਆਂ, ਤੀਲੀਆਂ ਲਾਨ।
ਜਾਂ ਕੰਡੇ ਲੱਗ ਪਏ ਫੁਲ ਨੂੰ
ਤੇ ਵਾੜ ਖੇਤ ਨੂੰ ਖਾਨ।
ਜਾਂ ਮਹਿੰਦੀ ਖ਼ੂਨਣ ਬਣ ਗਈ
ਤੇ ਬਾਗ਼ ਬਣੇ ਸ਼ਮਸ਼ਾਨ।
ਜਾਂ ਨਾਗਨ ਜ਼ੁਲਫ਼ਾਂ ਕਾਲੀਆਂ
ਹੁਸਨ ਤੇ ਡੰਗ ਚਲਾਨ।
ਜਾਂ ਰੋਜ਼ ਸਵਾ ਮਨ ਜੰਜੂਆਂ
ਦਾ ਸੀ ਬਾਦਸ਼ਾਹੀ ਏਲਾਨ।
ਜਾਂ ਕਸਮਾਂ ਪਾਈਆਂ ਕਾਜ਼ੀਆਂ
ਧਰ ਧਰ ਕੇ ਸਿਰੀਂ ਕੁਰਾਨ।
ਜਾਂ ਲਾਕੇ ਨਾਅਰੇ ਹੈਦਰੀ
ਸੀ ਭੁੜਕ ਪਿਆ ਈਮਾਨ।
ਜਾਂ ਸਾਥ ਛਡ ਗਏ ਦੇਵਤੇ
ਪਏ ਮੰਦਰ ਵੱਢ ਵੱਢ ਖਾਨ।
ਚੁਕ ਅਡੀਆਂ ਹਿੰਦੂ ਕੌਮ ਤੇ
ਸੀ ਟੁਟ ਪਿਆ ਅਸਮਾਨ।
ਜਾਂਂ, ਧਰਤ ਦਾ ਮੰਡਲ ਡੋਲਿਆ
ਤਕ ਸਤੀਆਂ ਦਾ ਅਪਮਾਨ।
ਜਾਂ ਕਰੇ ਕਰਾਵੇ ਕੋਈ ਤੇ
ਕਈ ਬੈਠੇ ਵੇਹਲੜ ਖਾਨ।
ਸੀ ਚੋਰ ਉਚੱਕਾ ਚੌਧਰੀ
ਤੇ ਗੁੰਡੀ ਰੰਨ ਪ੍ਰਧਾਨ।
ਜਾਂ ਹਿੰਦੂ ਹੋ ਰਹੇ ਨਾਸਤਕ
ਨਾ ਬਹੁੜਿਆ ਜਦ ਭਗਵਾਨ।
ਖੂਹ ਖਾਰੇ, ਖਾਰੇ ਬਣ ਗਏ
ਜਾਂ ਵੇਦੀ ਬਣੀ ਮਸਾਨ।
ਜਾਂ ਤੇਗ਼ਾਂ ਗਈਆਂ ਜੰਗਾਲੀਆਂ
ਜਾਂ ਤੀਵੀਂਆਂ ਬਣੇ ਜਵਾਨ।
ਜਾਂ ਪਾਣੀਉਂ ਪਤਲੇ ਹੋ ਗਏ
ਮਾਵਾਂ ਦੇ ਪੀਤੇ ਸ਼ੀਰ।
ਜਾਂ ਸਾਰੀਆਂ ਥੰਮੀਆਂ ਟੁਟੀਆਂ
ਤੇ ਹੋ ਗਈ ਜਦੋਂ ਅਖ਼ੀਰ।
ਇਹ ਲਗਾ ਪਤਾ ਕਿ ਤੇਗ਼ ਦੀ
ਨਹੀਂ ਜਗ 'ਚ ਕੋਈ ਨਜ਼ੀਰ।
ਹੁਣ ਉਸ ਸੋਢੀ ਸੁਲਤਾਨ ਬਿਨ
ਹੈ ਕੌਣ ਜੋ ਕਟੇ ਭੀਰ।
ਆ ਪੁਜੇ ਰੋ ਰੋ ਆਖਿਆ,
ਕਰ ਰਖ਼ਸ਼ਾ ਹੇ ਗੁਰ ਪੀਰ।
ਇਹ ਬਿਰਛ ਹੀ ਫਲ ਨੂੰ ਖਾ ਗਏ,
ਤੇ ਨਦੀ ਨੇ ਪੀਤਾ ਨੀਰ।
ਅਜ ਰਬ ਦੇ ਘਰ ਵਿਚ ਆਕੇ,
ਨਾ ਖਾਲੀ ਜਾਣ ਫ਼ਕੀਰ।
ਸੁਣ ਕਿਹਾ, ਗੁਰਾਂ ਨੇ, ਕਰ ਦਿਓ
ਇਕ ਮਹਾਂਪੁਰਸ਼ ਸਿਰ ਦਾਨ।
ਇਹ ਤਾਹੀਏਂ ਸਿਰ ਤੋਂ ਟਲੇਗੀ,
ਜੋ ਆ ਗਈ ਬਿਪਤ ਮਹਾਨ।
ਤਾਂ ਬਾਲਾ ਪ੍ਰੀਤਮ ਕੋਲ ਸਨ,
ਸੁਣ ਖੋਲੀ, ਇੰਜ ਜ਼ਬਾਨ।
ਵਧ ਤੁਹਾਥੋਂ ਕੌਣ ਹੈ,
ਜੋ ਅਜ ਹੋਵੇ ਕੁਰਬਾਨ।
ਤੁਸੀਂ ਮੇਰਾ ਫ਼ਿਕਰ ਨਾ ਕਰੋ ਜੀ,
ਮੇਰੇ ਸਿਰ ਤੇ ਹੈ ਭਗਵਾਨ।
"ਅਜ ਵਿਚ ਚਾਂਦਨੀ ਚੌਕ ਦੇ,
ਹੇ ਸਤਿ ਪੁਰਖ ਸੁਜਾਨ"।
ਉਸ ਚੰਦ ਅਗੱਮੀ ਡੁਬ ਕੇ,
ਆ ਚਾੜ੍ਹੇ ਲੱਖਾਂ ਭਾਨ।
ਆ ਤੇਗ਼ ਤੇ ਚਲੀ ਤੇਗ਼ ਜਾਂ,
ਕੰਬ ਉਠਿਆ ਆਪ ਸ਼ਤਾਨ।
ਫਿਰ ਬੇੜਾ ਪਾਪ ਦਾ ਡੁਬਿਆ,
ਹੋਈ ਦੁਖੀਆਂ ਦੀ ਕਲਿਆਨ।
'ਬਾਗ਼ੀ' ਸਭ ਗੁਰਾਂ ਨੇ ਸਾਂਭ ਲੈ,
ਉਹ ਨਾਢੂ ਫੱਨੇ ਖਾਨ।
ਠੀਕਰ ਫੋਰ ਦਿਲੀਸ ਸਰ
ਪ੍ਰਭ ਪੁਰ ਕੀਉ ਪਿਆਨ॥
ਤੇਗ਼ ਬਹਾਦਰ ਸੀ ਕ੍ਰਿਆ,
ਕਰੀ ਨਾ ਕਿਨਹੂੰ ਆਨ॥