Baghawat : Darshan Singh Awara

ਬਗ਼ਾਵਤ (ਕਾਵਿ ਸੰਗ੍ਰਹਿ) : ਦਰਸ਼ਨ ਸਿੰਘ ਅਵਾਰਾ

1. ਰੱਬ ਬੰਦੇ ਨੂੰ !

ਓ ਜੂਨਾਂ 'ਚੋਂ ਉਤਮ ਨੂਰ ਬੰਦੇ !
ਮੇਰੀ ਅੰਸ਼ ਤੇ ਨਾਂ ਤੇ ਮਸ਼ਹੂਰ ਬੰਦੇ !
ਓ ਮਜ਼ਹਬ ਦੀ ਮਸਤੀ 'ਚ ਮਸਰੂਰ ਬੰਦੇ !
ਓ 'ਹੋਣੀ' ਤੇ 'ਕਿਸਮਤ' ਤਂੋ ਮਜ਼ਬੂਰ ਬੰਦੇ !
ਤੂੰ ਅਜ ਹੋਰ ਦਾ ਹੋਰ ਹੀ ਬਣ ਗਿਆ ਏਂ,
ਤੈਨੂੰ ਕੀ ਬਣਾਇਆ ਸੀ ? ਕੀ ਬਣ ਗਿਆ ਏਂ ?

ਤੇਰਾ ਦਿਲ ਸੀ ਫੁੱਲਾਂ ਤੋਂ ਨਾਜ਼ਕ ਬਣਾਇਆ।
ਉਹਦੇ ਵਿਚ ਸੀ ਦਰਦਾਂ ਦਾ ਅਹਿਸਾਸ ਪਾਇਆ।
ਤੇਰੇ ਤਨ 'ਚ ਬੁੱਧੀ ਦਾ ਦੀਵਾ ਜਗਾਇਆ।
ਮੁਹੱਬਤ ਦਾ ਨਾਲ ਇਕ ਫੁਹਾਰਾ ਸੀ ਲਾਇਆ।
ਤੇਰੇ ਨਾਲ ਗੰਢਿਆ ਉਹ ਪਿਆਰਾਂ ਦਾ ਰਿਸ਼ਤਾ,
ਕਿ ਲਗਾ ਕਰਨ ਰਸ਼ਕ ਹਰ ਇਕ ਫ਼ਰਿਸ਼ਤਾ।

ਤੇਰੇ ਜ਼ਿੰਮੇ ਲਾਈ ਸੀ 'ਸੱਚ' ਦੀ ਹਮਾਇਤ।
ਮੁਥਾਜੀ ਤੋ ਘਿਰਣਾ, ਗੁਲਾਮੀ ਤੋਂ ਨਫਰਤ।
ਦੁਖੀ ਵਾਸਤੇ ਦਰਦ, ਹੰਝੂ ਤੇ ਖ਼ਿਦਮਤ।
ਤੇਰੇ ਕੋਲ ਸੀ ਅਮਨ, ਜਗ ਦੀ ਅਮਾਨਤ।
ਸੈਂ ਹੋਣੀ ਦਾ ਕਾਦਰ, ਤੇ ਕਿਸਮਤ ਦਾ ਸੁਆਮੀ।
ਲਿਖੀ ਨਹੀਂ ਸੀ ਤੈਨੂੰ ਕਿਸੇ ਦੀ ਗੁਲਾਮੀ।

ਪਰ ਅਜ ਤੂੰ ਫੜੇ ਨੇ ਇਹ ਕੀ ਉਲਟ ਚਾਲੇ?
ਤੇਰੇ ਅਮਲ ਹੋ ਗਏ ਨੇ ਮੱਸਿਆ ਤੋਂ ਕਾਲੇ।
ਤੇਰੇ ਹੱਥ 'ਚ ਛਵ੍ਹੀਆਂ, ਕੁਹਾੜੇ ਤੇ ਭਾਲੇ।
ਤੇ ਆਂਢੀ ਗੁਆਂਢੀ ਦੇ ਦਿਲ ਛਾਲੇ ਛਾਲੇ।
ਮੈਂ ਇਹ ਹਾਲ ਤਕ ਤਕ ਦੁਖੀ ਹੋ ਰਿਹਾ ਹਾਂ।
ਤੇਰੀ ਅਕਲ ਉਤੇ ਲਹੂ ਚੋ ਰਿਹਾ ਹਾਂ।

ਤੂੰ ਬਣ ਬੈਠੋਂ ਚਿੰਨ੍ਹਾਂ ਤੇ ਰੀਤਾਂ ਦਾ ਕੈਦੀ।
ਕਿਤਾਬਾਂ ਤੇ ਮੰਦਰਾਂ ਮਸੀਤਾਂ ਦਾ ਕੈਦੀ।
ਕਰਾਮਾਤ, ਟੂਣੇ, ਤਵੀਤਾਂ ਦਾ ਕੈਦੀ।
ਨਾ ਬਣਿਓਂ ਮੁਹੱਬਤਾਂ ਪਰੀਤਾਂ ਦਾ ਕੈਦੀ।
ਦਮਾਗੀ ਜ਼ੰਜ਼ੀਰਾਂ ਕਿਆਸੀ ਇਹ ਕੜੀਆਂ,
ਤੂੰ ਆਪੇ ਬਣਾਈਆਂ ਨੇ, ਮੈਂ ਤੇ ਨਹੀਂ ਘੜੀਆਂ।

ਤੇਰੇ ਹੱਥ 'ਚ' ਮਾਲਾ ਤੇ ਸੀਨੇ 'ਚ' ਸਾੜੇ।
ਤਿਲਕ ਤੇਰੇ ਮੱਥੇ ਤੇ ਹੱਥੀਂ ਕੁਹਾੜੇ।
ਮਾਰਾ ਨਾਂ ਲੈ ਲੈ ਤੂੰ ਪਾਏ ਪੁਆੜੇ।
ਕਈ ਦਿਲ ਤਰੋੜੇ, ਤੇ ਕਈ ਘਰ ਉਜਾੜੇ।
ਤੇਰੀ ਪਿਠ ਤੇ ਮੁਫ਼ਤੀ, ਹਮਾਇਤ ਤੇ ਕਾਜ਼ੀ।
ਜੋ 'ਕਾਤਿਲ' ਤੋਂ ਤੈਨੂੰ ਬਣਾ ਦੇਣ 'ਗਾਜ਼ੀ'।

'ਦਲੀਲਾਂ' ਨੂੰ ਛੱਡ ਕੇ, 'ਕਿਆਸਾਂ' ਨੂੰ ਮੰਨੇ।
ਤੂੰ 'ਸ਼ਰਧਾ' ਤੋਂ ਚਿੜ੍ਹ ਕੇ ਦਮਾਗ਼ਾਂ ਨੂੰ ਡੰਨੇਂ ।
ਹਨੇਰੇ ਦਾ ਆਸ਼ਕ ਹੈਂ ਲੰਪਾਂ ਨੂੰ ਭੰਨੇਂ।
ਖ਼ੁਦਾਈ 'ਚ ਪਾਨੈਂ ਲਕੀਰਾਂ ਤੇ ਬੰਨੇਂ।
ਜੋ ਸੱਚੀ ਸੁਣਾਏ ਉਹ ਤੈਨੂੰ ਬੁਰਾ ਹੈ,
ਕਲੇਜਾ ਹੈ ਉਹਦਾ ਤੇ ਤੇਰਾ ਛੁਰਾ ਹੈ।

ਤੂੰ ਮੰਦਰ 'ਤੋਂ ਚਿੜ੍ਹ ਖਾ ਕੇ ਮਸਜਿਦ ਨੂੰ ਢਾਇਆ।
ਤੂੰ ਮਸਜਿਦ ਨੂੰ ਢਾਹ ਗੁਰਦਵਾਰਾ ਬਣਾਇਆ।
ਤੇਰਾ 'ਰਾਮ' ਅਪਣਾ ਤੇ 'ਅੱਲਾ' ਪਰਾਇਆ।
ਇਨ੍ਹਾਂ ਝਗੜਿਆਂ ਵਿਚ ਤੂੰ ਮੈਨੂੰ ਰੁਸਾਇਆ।
ਮੇਰੇ ਪੁੱਤਰਾਂ ਨਾਲ ਠਗੀਆਂ, ਬਹਾਨੇ।
ਮੇਰੇ ਨਾਲ ਗੰਢਨਾ ਏਂ, ਆ ਕੇ ਯਰਾਨੇ!

ਤੂੰ ਛੁਰੀਆਂ ਚਲਾਨੈਂ, ਮੇਰਾ ਨਾਮ ਲੈ ਕੇ।
ਤੂੰ ਵੰਡੀਆਂ ਪਵਾਨੈਂ, ਮੇਰਾ ਨਾਮ ਲੈ ਕੇ।
ਤੂੰ ਲੜਨੈਂ ਲੜਾਨੈਂ, ਮੇਰਾ ਨਾਮ ਲੈ ਕੇ।
ਦਿਲਾਂ ਨੂੰ ਦੁਖਾਨੈਂ, ਮੇਰਾ ਨਾਮ ਲੈ ਕੇ।
ਤੂੰ ਹਿੰਦੂ ਨਹੀਂ, ਖ਼ੂਨ ਮੁਸਲਿਮ ਦਾ ਚੋਂਦਾ,
ਛੁਰੀ ਤੇਰੀ ਹੇਠਾਂ, ਗਲਾ ਮੇਰਾ ਹੋਂਦਾ।

ਕਰਾਏ ਨੇ ਲੰਗਰ ਤੂੰ ਨਿਤ ਗੁਰਦੁਆਰੇ।
ਤੂੰ ਠਾਕਰ-ਦਵਾਰੇ ਤੇ ਮੰਦਰ ਉਸਾਰੇ।
ਮਸੀਤਾਂ ਦੇ ਉੱਚੇ ਤੂੰ ਕੀਤੇ ਮੁਨਾਰੇ।
ਤੇਰੀ ਟੀਸੀ ਗਿਰਜੇ ਦੀ ਗਿਣਦੀ ਏ ਤਾਰੇ।
ਤੂੰ ਲੱਖ ਹੋ ਖਾਂ ਧਰਮੀ ਤੇ ਨੇਮੀ ਨਮਾਜ਼ੀ,
ਜੇ ਬੰਦੇ ਰੁਸਾਏਂ ਤਾਂ ਮੈਂ ਵੀ ਨਹੀਂ ਰਾਜ਼ੀ।

ਤੂੰ ਕਿਸ ਨੂੰ ਭੁਲਾਨੈਂ ਮਰਾਬਾਂ ਵਿਖਾ ਕੇ?
ਤੂੰ ਠਗਨਾਂ ਏਂ ਕਿਸ ਨੂੰ ਨਿਆਜ਼ਾਂ ਚੜ੍ਹਾ ਕੇ?
ਫਸਾਏਂ ਕਿਨੂੰ ਫੰਧ ਮਾਲਾ ਦੇ ਲਾ ਕੇ?
ਤੇ ਮੱਥੇ ਤੇ ਤਿਲਕਾਂ ਦਾ ਚੋਗਾ ਵਿਖਾਕੇ।
ਸ਼ਰਮ ਨਾਲ ਟਿਚਕਰ, ਹਯਾ ਨਾਲ ਧੋਖਾ!
ਤੂੰ ਟਲਦਾ ਨਹੀਂ ਕਰਨੋਂ ਖ਼ੁਦਾ ਨਾਲ ਧੋਖਾ।

ਕਿਨੂੰ ਇਹ ਕੜਾਹ ਦੇ ਚੜ੍ਹਾਵੇ ਚੜ੍ਹਾਨੈਂ?
ਕਿਨੂੰ ਭੇਟਾ ਫੁੱਲਾਂ ਦੀ ਦੇ ਕੇ ਰਿਝਾਨੈਂ?
ਤੂੰ ਕਰਤੂਤ ਫੁੱਲਾਂ ਦੇ ਉਹਲੇ ਲੁਕਾਨੈਂ?
ਤੇ ਮੈਨੂੰ ਵੀ ਆ ਆ ਕੇ ਵੱਢੀਆਂ ਵਿਖਾਨੈਂ?
ਇਹ ਇਨਸਾਫ਼ ਦਾ ਘਰ ਹੈ, ਠਾਣਾ ਨਹੀਂ ਹੈ।
ਤੇ ਵੱਢੀਆਂ ਦਾ ਏਥੇ ਟਿਕਾਣਾ ਨਹੀਂ ਹੈ।

ਤੂੰ ਕਰਨਾ ਏਂ ਠੱਗੀਆਂ, ਪਵਾਨਾ ਏਂ ਡਾਕੇ,
ਕਮਾਨਾ ਏਂ ਵੱਢੀਆਂ, ਖਵਾ ਕੇ ਤੇ ਖਾ ਕੇ।
ਗਰੀਬਾਂ ਦੀ ਰੱਤ ਚੋ ਕੇ, ਉਸ ਵਿਚ ਨਹਾ ਕੇ।
ਮੇਰੇ ਅੱਗੇ ਧਰਨੈਂ, ਚੜ੍ਹਾਵੇ ਲਿਆ ਕੇ।
ਕੜਾਹ ਤੇ ਮੈਂ ਭੁਲ ਜਾਵਾਂ ਲੋਲਾ ਨਹੀਂ ਹਾਂ।
ਤੂੰ ਭੁਲਨਾਂ ਏਂ, ਮੈਂ ਏਡਾ ਭੋਲਾ ਨਹੀਂ ਹਾਂ।

ਕਦੇ ਕੋਈ ਰੋਂਦਾ ਹਸਾਇਆ ਈ? ਦਸ ਖਾਂ?
ਕਦੇ ਕੋਈ ਢਹਿੰਦਾ ਉਠਾਇਆ ਈ? ਦਸ ਖਾਂ?
ਕਦੇ ਕੋਈ ਰੁੜ੍ਹਦਾ ਬਚਾਇਆ ਈ? ਦਸ ਖਾਂ?
ਕਦੇ ਕੋਈ ਰੁਠਾ ਮਨਾਇਆ ਈ? ਦਸ ਖਾਂ?
ਜੇ ਹੱਥੀਂ ਨਹੀਂ ਫੱਟ, ਕਿਸੇ ਦਾ ਤੂੰ ਸੀਤਾ,
ਨਿਰੀ ਮਾਲਾ ਫੇਰੀ ਤਾਂ ਕੱਖ ਵੀ ਨਹੀਂ ਕੀਤਾ।

ਮਸੀਤਾਂ ਦੇ ਵਿਚ ਸਿਰ ਝੁਕਾ ਨਾ ਝੁਕਾ ਤੂੰ!
ਕਿਸੇ ਅਗੇ ਮੱਥਾ ਘਸਾ ਨਾ ਘਸਾ ਤੂੰ!
ਤੇ ਮੰਦਰਾਂ ਦੀ ਟਲੀ ਵਜਾ ਨਾ ਵਜਾ ਤੂੰ!
ਪਰ ਇਕ ਦਿਲ ਹੈ ਬੰਦੇ ਦਾ ਉਹ ਨਾ ਦੁਖਾ ਤੂੰ!
ਖ਼ੁਦਾਈ ਦੇ ਦਿਲ ਵਿਚ ਟਿਕਾਣਾ ਹੈ ਮੇਰਾ,
ਤੂੰ ਖ਼ਲਕਤ ਦਾ ਬਣਜਾ ਮੈਂ ਬਣ ਜਾਂ ਗਾ ਤੇਰਾ।

ਤੂੰ ਫੁੱਲ ਬਣਕੇ ਬਾਗਾਂ 'ਚ ਰੌਣਕ ਲਗਾ ਦੇ।
ਤੂੰ ਸਹਿ ਨੋਕ ਕੰਡੇ ਦੀ ਖੁਸ਼ਬੂ ਲੁਟਾ ਦੇ।
ਤੂੰ ਖਿੜਕੇ ਕਲੀ ਬੰਦ ਕੋਈ ਖਿੜਾ ਦੇ।
ਕਿਸੇ ਰੋਂਦੀ ਬੁਲਬੁਲ ਨੂੰ ਗਾਣਾ ਸਿਖਾ ਦੇ।
ਇਹੋ ਤੇਰੀ ਭਗਤੀ ਇਹੋ ਬੰਦਗੀ ਹੈ,
ਤੇਰੇ ਜਗ ਤੇ ਆਵਣ ਦਾ ਮਕਸਦ ਇਹੀ ਹੈ।

2. ਬਾਬੇ ਦੀ ਗੰਢੜੀ

ਜੀਵਨ ਦੀ ਵਗਦੀ ਸੜਕੇ, ਰਾਹੀ ਹਨ ਟੁਰਦੇ ਜਾਂਦੇ,
ਨੱਚਦੇ, ਦੋੜੰਗੇ ਲਾਂਦੇ, ਹਸਦੇ, ਖਿੱਚ-ਕਿਲੀਆਂ ਪਾਂਦੇ।
'ਭਲਕੇ' ਦਾ ਨਕਸ਼ਾ ਹੱਥੀਂ, ਅਗੇ ਵਲ ਨੀਝ ਲਗਾਈ,
ਛੁਹਲੇ ਤੇ ਹਲਕੇ ਫੁਲਕੇ, ਜਾਂਦੇ ਨੇ ਵਾਹੋ-ਦਾਹੀ।
ਵਧਦੇ ਇੱਕ ਦੂਜੇ ਨਾਲੋਂ, ਆਪੋ ਵਿਚ ਸ਼ਰਤਾਂ ਲਾ ਕੇ,
ਹੋਰਾਂ ਤੋਂ ਸ਼ਾਬਸ਼ ਲੈਂਦੇ, ਅਪਣੇ ਗੁਣ-ਜਹੂਰ ਦਿਖਾ ਕੇ।
ਦਰਿਆ ਦੀਆਂ ਲਹਿਰਾਂ ਵਾਂਗਰ, ਅਟਕਾਇ, ਅਟਕ ਨਾ ਰਹਿੰਦੇ।
ਕੰਢਿਆਂ ਦੀ ਰੌਣਕ ਤਕਦੇ, ਅਗੇ ਹੀ ਅਗੇ ਵਹਿੰਦੇ।
ਦਿਲ ਵਿਚ ਪੁਜਣ ਦੀਆਂ ਤਾਂਘਾਂ, ਲੱਤਾਂ ਦੇ ਵਿਚ ਉਡਾਰੀ,
ਹਿੰਮਤ ਕਰ ਦੇਂਦੀ ਹੌਲੀ, ਮੰਜ਼ਿਲ ਹੈ ਭਾਵੇਂ ਭਾਰੀ।
ਇੱਕ ਦੂਜੇ ਤੋਂ ਵਧ ਚੜ੍ਹ ਕੇ, ਰਾਹੀਆਂ ਵਿਚ ਹੈ ਹਰ ਕੋਈ,
ਹੈ ਅਜਬ ਸੁਰੰਗੀ ਰੌਣਕ, ਲਾਂਘੇ ਵਿਚ ਲਗੀ ਹੋਈ।
ਇਸ ਭੀੜ ਭੜਕਿਉਂ ਲਾਂਭੇ, ਦਿਸਦੈ ਇੱਕ ਬੁੱਢਾ ਰਾਹੀ,
ਜਿਦ੍ਹੀਆਂ ਅੱਖੀਆਂ ਦੀ ਜਯੋਤੀ, 'ਬੀਤੇ' ਦੀ ਦਏ ਗਵਾਹੀ।
ਝੁਰੜਾਇ ਹੱਥਾਂ ਅੰਦਰ, ਇੱਕ ਵਿੰਗੀ ਜਿਹੀ ਡੰਗੋਰੀ।
ਲੱਤਾਂ ਦਾ ਕਾਂਬਾ ਦਸਦੈ, ਹੱਦੋਂ ਵਧ ਕੇ ਕਮਜ਼ੋਰੀ।
ਪੈਰਾਂ ਤੋਂ ਨੰਗ-ਮੁਨੰਗਾ, ਢਿੱਡ ਅੰਦਰ ਵੜਿਆ ਹੋਇਆ,
ਜੁੱਸੇ ਦਾ ਰੰਗ ਜਿਵੇਂ ਹੈ ਧੁੱਪਾਂ ਵਿਚ ਸੜਿਆ ਹੋਇਆ।
ਹੱਥਾਂ ਤੇ ਫੁਟੀਆਂ ਚੰਢੀਆਂ, ਪੈਰਾਂ ਦੇ ਵਿਚ ਬਿਆਈਆਂ,
ਗੱਲ੍ਹਾਂ ਵਿਚ ਗਿਠ ਗਿਠ ਟੋਏ, ਹਡਬਾਂ ਹਨ ਨਿਕਲ ਆਈਆਂ।
ਹੋਠਾਂ ਤੇ ਜਮੀ ਪਿਲਛੀ, ਹੈ ਥਕਿਆ ਟੁਟਿਆ ਹੋਇਆ,
ਮੱਥੇ ਤੇ ਪੈਰਾਂ ਤੀਕਰ, ਪਰਸੀਨਾ ਛੁਟਿਆ ਹੋਇਆ।
ਚਾਈ ਸੂ ਵਾਹਣੇ ਸਿਰ ਤੇ, ਇੱਕ ਗੰਢੜੀ ਵੱਡੀ ਸਾਰੀ,
ਬਾਬੇ ਦੀ ਹਾਲਤ ਦਸਦੀ, ਹੋਵੇਗੀ ਚੋਖੀ ਭਾਰੀ।
ਇਸ ਭੀੜ ਸਜੀਲੀ ਅੰਦਰ, ਜਿਥੇ ਹੈ ਨਖ਼ਰਾ ਟਖ਼ਰਾ।
ਇਹ ਸੁੱਕਾ ਢੀਂਗਰ ਬੁੱਢਾ, ਦਿਸਦੈ ਕੁਝ ਵਖਰਾ ਵਖਰਾ।
ਜਿਉਂ ਵਸਦੇ ਪਿੰਡ ਵਿਚ ਖੋਲਾ, ਜਿਉਂ ਮੇਲੇ ਵਿਚ ਜਨਾਜ਼ਾ,
ਇੱਕ ਟੁਰਦਾ ਫਿਰਦਾ ਹੌਕਾ, ਇੱਕ ਅਥਰੂੰ ਤਾਜ਼ਾ ਤਾਜ਼ਾ।
ਚਿਹਰੇ ਦੀਆਂ ਝੁਰੜੀਆਂ ਅੰਦਰ, ਹੈ ਘੱਟਾ ਰਾਹ ਦਾ ਜੰਮਿਆ,
ਤੇ ਸਿਰ ਦਾ ਭਾਰਾ ਬੁਚਕਾ, ਹੈ ਕੰਬਦੇ ਹੱਥਾਂ ਥੰਮਿਆ।
ਜੋ 'ਭਾਰ' ਅਗਲਿਆਂ ਰਾਹੀਆਂ, ਬੇ-ਅਰਥ ਸਮਝ ਸੁਟ ਛੋੜੇ,
ਉਹ ਇਸ ਬੁੱਢੇ ਦੇ ਰਾਹ ਵਿਚ, ਬਣ ਬੈਠੇ ਅਡੋ-ਖੋੜੇ।
ਇਹ ਮਠੀ ਟੋਰੇ ਟੁਰਦਾ, ਇਹਨਾਂ ਦੇ ਠੇਡੇ ਖਾਂਦੈ,
ਤੇ ਭਾਰ ਸਿਰੇ ਦਾ ਸਾਰਾ, ਇਕ ਪਾਸੇ ਉਲਰ ਜਾਂਦੈ।
ਸੰਭਲਣ ਦੇ ਜਤਨ ਬਤੇਰੇ, ਕਰਦਾ ਏ ਕੰਮਦਾ ਕੰਮਦਾ,
ਪਰ ਡਿਗ ਪੈਂਦੈ ਚੱਕਰਾ ਕੇ, ਗੰਢੜੀ ਨੂੰ ਥੰਮਦਾ ਥੰਮਦਾ।
ਫਿਰ ਗੰਢੜੀ ਤੇ ਸਿਰ ਧਰ ਕੇ ਕੋਈ ਪਲ ਭਰ ਸਾਹ ਲੈ ਲੈਂਦੈ,
ਸਾਹ ਲੈ ਕੇ ਗੰਢੜੀ ਚੁਕਦੈ, ਚੁਕਦੈ ਤੇ ਫਿਰ ਟੁਰ ਪੈਂਦੈ।
ਟੁਰਦੈ, ਫਿਰ ਠੇਡਾ ਖਾਂਦੈ, ਠੇਡਾ ਖਾ ਕੇ ਫਿਰ ਢਹਿੰਦੈ,
ਲੱਤਾਂ ਬਾਹਾਂ ਨੂੰ ਘੁਟ ਕੇ, 'ਹਮਲੇ' ਕਹਿ ਫਿਰ ਉਠ ਬਹਿੰਦੈ।
ਇਸ ਨੂੰ ਆ ਪਈਆਂ ਸ਼ਾਮਾਂ, ਟੁਰਦੇ ਨੂੰ ਇਸ ਸ਼ਾਹਰਾ ਤੇ,
ਪਰ ਅਜੇ ਤੀਕ ਨਹੀਂ ਪੁਜਾ, ਜੀਵਨ ਦੇ ਨਵੇਂ ਪੜਾ ਤੇ।
ਇਉਂ ਲਗਦੈ ਜੀਕਰ ਇਸ ਦੇ, ਹਨ ਪੈਰ ਜ਼ਿਮੀਂ ਵਿਚ ਗੱਡੇ,
ਨਾ ਇਹ ਗੰਢੜੀ ਨੂੰ ਛੱਡੇ, ਨਾ ਗੰਢੜੀ ਇਹਨੂੰ ਛੱਡੇ,
ਲੰਘ ਗਏ ਏਨੇ ਅਗੇ, ਜਿਹੜੇ ਸਨ ਟੁਰੇ ਚਿਰਾਕੇ,
ਮੰਜ਼ਿਲ ਦੇ ਨੇੜੇ ਪੁਜੇ, ਓਹ ਅਪਣਾ ਪੰਧ, ਮੁਕਾ ਕੇ।
ਜਿਸ ਸ਼ੈ ਦਾ ਠੇਢਾ ਖਾ ਕੇ, ਇਹ ਮੂੰਧੇ ਮੂੰਹ ਢਹਿ ਪੈਂਦੈ।
ਉਹਨੂੰ ਵੀ ਚੁਕ ਕੇ ਅਪਣੀ, ਗੰਢੜੀ ਦੇ ਵਿਚ ਧਰ ਲੈਂਦੈ।
ਇਕਣ ਹੀ ਹੋਂਦੀ ਜਾਂਦੀ, ਇਹ ਗੰਢੜੀ ਹੋਰ ਭਰੇਰੀ,
ਤੇ ਨਾਲੇ ਕਰਦੀ ਜਾਂਦੀ, ਬਾਬੇ ਦੀ ਟੋਰ ਮਠੇਰੀ।
ਗੰਢੜੀ ਨੇ ਏਨੇ ਚਿਰ ਵਿਚ ਖਾਧਾ ਇਕ ਜਿਹਾ ਹੁਲਾਰਾ,
ਢਹਿ ਪਿਆ ਭਵਾਟੀ ਖਾ ਕੇ, ਜੀਕਣ ਸਣ-ਬੁਰਜ ਮੁਨਾਰਾ।
ਮਚਕੋੜ ਲੱਕ ਨੂੰ ਆਈ, ਜਿੰਦ ਖਾਵਣ ਲੱਗੀ ਗ਼ੋਤੇ,
ਮੱਥਿਓਂ ਛੁਟ ਪਈ ਤਰੇਲੀ, ਉਡ ਗਏ ਅਕਲ ਦੇ ਤੋਤੇ।
ਇਹ ਤੱਕ ਕੇ ਇਕ 'ਫ਼ਰਿਸ਼ਤਾ', ਝਟ ਉਸਦੇ ਨੇੜੇ ਆਇਆ,
ਸੀ ਜਿਸ ਦੀ ਛੱਬ ਨੂਰਾਨੀ, ਦਰਦਾਂ ਦਾ ਜਾਮਾ ਪਾਇਆ।
ਹਮਦਰਦੀ ਦਾ ਪਟ ਧਰਿਆ, ਇਸ ਜ਼ਿੰਦਾ-ਲਾਸ਼ ਸਰ੍ਹਾਣੇ,
ਸਿਰ ਘੁਟ ਕੇ, ਤਲੀਆਂ ਝੱਸ ਕੇ, ਉਦ੍ਹੀ ਆਂਦੀ ਹੋਸ਼ ਟਿਕਾਣੇ।
ਫਿਰ ਸੌਂਦੇ ਤੇ ਉਂਘਲਾਂਦੇ, ਬਾਬੇ ਨੂੰ ਜ਼ਰਾ ਲਿਟਾ ਕੇ,
ਇਉਂ ਦਿਲ ਵਿਚ ਸੋਚਣ ਲਗਾ, ਗੰਢੜੀ ਵਲ ਨਿਗ੍ਹਾ ਦੁੜਾ ਕੇ।
ਇਸ ਪਿਛੇ ਮਰਦਾ ਜਾਂਦੈ, ਬਾਬੇ ਦਾ ਇਸ ਵਿਚ 'ਜੀਅ' ਏ।
ਏਨੀ ਵਡਮੁੱਲੀ ਵਧੀਆ, ਦੇਖਾਂ ਇਸ ਵਿਚ ਸ਼ੈ ਕੀ ਏ?'
ਇਹ ਕਹਿ ਕੇ ਘੁਟ ਘੁਟ ਬਧੀਆਂ, ਗੰਢਾਂ ਨੂੰ ਖੋਹਲਣ ਲਗਾ,
ਬਾਬੇ ਦੀ ਧਰੀ-ਧਰਾਈ, ਦੇਖਣ ਤੇ ਫੋਲਣ ਲਗਾ।
ਉਸ ਦੇ ਸਧਰਾਏ ਨੈਣਾਂ, ਜਦ ਵਿਚਲਾ ਨਿਕ-ਸੁਕ ਤਕਿਆ,
ਨੈਣਾਂ 'ਚੋਂ ਅੱਥਰੂ ਕਿਰ ਪਏ, ਹਉਕੇ ਨੂੰ ਰੋਕ ਨਾ ਸਕਿਆ।
ਵਿਚੋਂ ਨਿਕਲੇ ਰੰਗ-ਲੱਥੇ, ਦੋ ਟੁਟੇ ਜਹੇ ਖਡੌਣੇ,
ਇਕ ਦੀ ਸੀ ਸ਼ਕਲ ਪਿਆਰੀ, ਦੂਜੇ ਦੇ ਨਕਸ਼ ਡਰੌਣੇ।
ਇਹ 'ਨਰਕ' 'ਸੁਰਗ' ਸਨ ਦੋਵੇਂ, ਇਸ ਦੇ ਬਚਪਨ ਦੇ ਹਾਣੀ,
ਬਾਬੇ ਨੇ ਨਿੱਕਿਆਂ ਹੁੰਦਿਆਂ, ਸੀ ਖੇਡ ਇਨ੍ਹਾਂ ਦੀ ਮਾਣੀ।
ਤ੍ਰੈ ਪਿੱਤਲ ਦੇ ਬੁੱਤ ਨਿਕਲੇ, ਹਰ ਇੱਕ ਸੀ ਪੀਢਾ ਭਾਰਾ,
ਸੀ ਲਿਖਿਆ ਇੱਕ ਇੱਕ ਉੱਪਰ, 'ਮੰਦਰ','ਮਸਜਿਦ','ਗੁਰਦਵਾਰਾ'।
ਗੰਢੜੀ ਵਿਚ ਬੋਝੇ ਤਿੰਨੇ, ਸਨ ਆਪੋ ਵਿਚ ਟਕਰਾਂਦੇ,
ਕਦੇ ਚੋਖੀ ਖੜ ਖੜ ਕਰ ਕੇ, ਬਾਬੇ ਨੂੰ ਰਾਹ ਅਟਕਾਂਦੇ।
ਕੁਝ "ਸ਼ਰਹ-ਮਜ਼੍ਹਬ' ਦੇ ਝਗੜੇ, ਕੁਝ 'ਰਸਮਾਂ', 'ਵਹਿਮ-ਪ੍ਰਸਤੀ'।
ਕੁਝ ਬੁੱਤ ਤੇ ਕੁਝ 'ਬੁਤ-ਖ਼ਾਨੇ', ਕੁਝ 'ਭੁੱਖ' ਤੇ ਫ਼ਾਕਾ-ਮਸਤੀ।
'ਕੁਝ ਗੁਟਕੇ ਕੁਝ ਬਿਤਾਬਾਂ', ਉਹ ਪੋਥੇ-ਚੜ੍ਹੇ ਪੁਰਾਣੇ,
ਮਾਲਾ ਦੇ ਖਿੰਡੇ ਮਣਕੇ, ਤਸਬੀ ਦੇ ਟੁੱਟੇ ਦਾਣੇ।
'ਭਰਮਾਂ ਦੇ ਪੀਢੇ ਸੰਗਲ', 'ਤਸਬਾਂ ਦਾ ਤਿਖਾ ਟੋਕਾ',
'ਬੀਤੇ ਦਾ ਝੂਠਾ ਮਾਣਾ', 'ਸਾਊ-ਪਨ ਫੋਕਾ ਫੋਕਾ'।
'ਇਤਿਹਾਸ ਲੜਾਈਆਂ ਭਰਿਆ, ਸਾਂਭੇ ਹੋਏ ਵੈਰ ਪੁਰਾਣੇ',
'ਭੁਲੇ ਹੋਏ ਸਾਂਝ ਭਰੱਪਣ', 'ਇਤਫ਼ਾਕ ਵਲੋਂ ਤਿੰਨ ਕਾਣੇ'।
'ਸਹਿਮਿਆ, ਅਣ-ਖਿੜਿਆ ਬਚਪਨ', ਬੇਮਕਸਦ ਜਹੀ ਜਵਾਨੀ,
'ਰੁੱਖਾ ਤੇ ਸਰਦ ਬੁੱਢਾਪਾ', ਬੇ-ਰੀਝ ਜਹੀ, ਜ਼ਿੰਦਗਾਨੀ।
'ਪਰਦੇ ਬੁਰਕੇ ਦੀਆਂ ਲੀਰਾਂ', 'ਭੋਲੀ ਵਿਧਵਾ ਦੇ ਝੋਰੇ',
ਬੱਧੀ ਜਕੜੀ ਹੋਈ ਤੀਵੀਂ ਦੇ ਹੌਕੇ ਤੇ ਹਟਕੋਰੇ।
'ਅੰਨ੍ਹੀ ਬੇਮੇਚੀ-ਸ਼ਰਧਾ', 'ਡੰਡੋਤਾਂ', 'ਗਦੀ-ਦਾਰੀ'।
'ਖ਼ੁਦਗਰਜ਼ੀ', 'ਨਿੱਜੀ-ਨੁਕਤੀ', 'ਅਣ-ਪੜ੍ਹਤਾ' ਤੇ 'ਬੇਕਾਰੀ'।
'ਸਹਿਮੀ ਹੋਈ ਜਹੀ ਮੁਰੀਦੀ', ਮਗ਼ਰੂਰ ਫਿੱਟੀ ਹੋਈ ਪੀਰੀ',
"ਸਾਬਤ ਸੰਤੁਸ਼ਟ ਕੰਗਾਲੀ', 'ਭੁੱਖੀ ਨਿਰਲੱਜ ਅਮੀਰੀ'।
ਭਗਤਾਂ ਦੀਆਂ ਲਿਲ੍ਹਕਾਂ 'ਮਿੰਨਤਾਂ', ਪੰਡਤਾਂ ਦੀ ਆਕੜ-ਖ਼ਾਨੀ',
'ਗੂਰੂਆਂ ਦਾ ਖੜਕਾ-ਦੜਕਾ', ਸ਼ਿਸ਼ਾਂ ਦੀ ਦਰਦ ਕਹਾਣੀ'।
'ਬਖ਼ਸ਼ਸ਼ ਤੇ ਨਿਸਫਲ ਆਸਾਂ', 'ਰਹਿਮਤ ਦੇ ਝੂਠੇ ਲਾਰੇ',
'ਨਫ਼ਰਤ-ਭੜਕਾਊ ਨਾਹਰੇ', ਕੁਝ ਅੱਗ-ਲਾਊ ਜੈਕਾਰੇ'।
'ਚਿਥੇ ਤੇ ਚਿੜ੍ਹੇ ਤਅੱਸਬ', ਰੀਤਾਂ ਦੇ ਗੋਰਖ-ਧੰਦੇ'।
'ਬੇ-ਲਚਕ ਜਹੀ ਮਜ਼੍ਹਬੀਅਤ', ਸਾਧਾਂ, ਸੰਤਾਂ ਦੇ ਫੰਦੇ'।
'ਪਰਲੋ ਕਿਆਮਤ ਦੀਆਂ ਬਹਿਸਾਂ', ਜੂਨਾਂ ਦੇ ਝਗੜੇ ਝੇੜੇ',
'ਤਬਲੀਗ਼ੀ ਰੌਲਾ-ਰੱਪਾ', ਸ਼ੁੱਧੀ ਦੇ ਨਾਲ ਬਖੇੜੇ'।
ਕੁਝ 'ਪਾਠ', 'ਹਵਨ' ਕੁਝ 'ਸੰਧਿਆ', ਕੁਝ 'ਰੋਜ਼ੇ ਹੱਜ ਨਮਾਜ਼ਾਂ',
'ਪਰਸ਼ਾਦ','ਚੜ੍ਹਾਵੇ', 'ਨਜ਼ਰਾਂ', ਕੁਝ "ਸੁਖਨਾਂ', 'ਭੇਟਾਂ' 'ਨਿਆਜ਼ਾਂ'।
ਕੁਝ 'ਤਿਲਕ','ਮਰ੍ਹਾਬਾਂ', 'ਜੰਜੂ', ਕੁਝ 'ਕਛੇ' ਕੁਝ 'ਕਿਰਪਾਨਾਂ',
ਕੁਝ 'ਦਾਰੇ' ਕੁਝ 'ਖ਼ਾਨਗਾਹਾਂ', ਕੁਝ 'ਵਾਜੇ', ਵਾਹਜ਼ 'ਆਜ਼ਾਨਾਂ'।
ਕੁਝ 'ਜੰਤਰ', 'ਜਾਦੂ', 'ਟੂਣੇ', 'ਪਰਕਰਮਾਂ', 'ਵਰਤ', ਨਰਾਤੇ'
ਕੁਝ 'ਜੋਤਾਂ' 'ਚੌਰ', 'ਪੁਸ਼ਾਕੇ', ਕੁਝ 'ਜਾਗੇ', ਕੁਝ 'ਜਗਰਾਤੇ'।
ਸੀ ਇਹਨਾਂ ਵਿਚੋਂ ਹਰ ਸ਼ੈ, ਬੇਨਕਸ਼ ਜਹੀ, ਬੇ-ਢੰਗੀ।
ਕੋਈ ਟੁਟੀ ਭਜੀ ਹੋਈ, ਕੋਈ ਬੇ-ਖਿੱਚ ਤੇ ਬੇ-ਰੰਗੀ।
ਕੋਈ 'ਆਦਮ' ਤੋਂ ਵੀ ਪਹਿਲੀ, ਬੇਲੋੜੀ ਤੇ ਬੇਢੱਬੀ,
ਉਸ ਗੰਢੜੀ ਵਿਚੋਂ ਉਸ ਨੂੰ, ਇੱਕ ਚੀਜ਼ ਨਾ ਕੰਮ ਦੀ ਲੱਭੀ।
ਜਦ ਹੌਲੀ ਹੌਲੀ ਕਰਕੇ, ਤਕ ਚੁਕਾ ਗੰਢੜੀ ਸਾਰੀ,
ਮੰਜ਼ਿਲ ਦੀ ਦੂਰੀ ਵਲ ਫਿਰ, ਉਠ ਕੇ ਇੱਕ ਝਾਤੀ ਮਾਰੀ।
ਫਿਰ ਭਿਜ ਨੈਣੀਂ ਦੇਖੀ, ਉਸ ਬਾਬੇ ਦੀ ਕਮਜ਼ੋਰੀ,
ਇਕ ਆਹ ਠੰਢੀ ਜਹੀ ਆ ਗਈ, ਹੋਠਾਂ ਤੇ ਜ਼ੋਰੀ-ਜ਼ੋਰੀ।
ਐ ਕਾਸ਼! ਇਹ ਲਿੱਸਾ ਰਾਹੀ, ਇਹ ਭਾਰੀ ਪੰਡ ਨਾ ਚਾਂਦਾ,
ਦਿਨ ਢਲਣੋਂ ਪਹਿਲਾਂ ਪਹਿਲਾਂ, ਮੰਜ਼ਿਲ ਤੇ ਪੁਜ ਵੀ ਜਾਂਦਾ।
'ਬੇ-ਲੋੜਾ' ਵਸਤ ਵਲੇਵਾ, ਇਹ ਇਉਂ ਨਾ ਕੱਠਾ ਕਰਦਾ,
ਅਧਵਾਟੇ ਰਹਿ ਨਾ ਜਾਂਦਾ, ਇਉਂ ਹਉਕੇ ਵੀ ਨਾ ਭਰਦਾ।
ਇਹ ਗੰਢੜੀ, ਤੇ ਇਹ ਪੈਂਡਾ, ਇਹ ਰਾਹੀ ਨਿਬਲ ਨਿਤਾਣਾ,
'ਮੈਨੂੰ ਤਾਂ ਔਖਾ ਦਿਸਦੈ, ਇਦ੍ਹਾ ਮੰਜ਼ਿਲ ਤੇ ਪੁਜ ਜਾਣਾ।
'ਜਦ ਤਕ ਇਹ ਸਿੜੀ ਸਿਆਪਾ, ਬਾਬੇ ਦੇ ਸਿਰੋਂ ਨਾ ਲਹਿਸੀ,
ਇਹ ਕਦਮ ਕਦਮ ਦੇ ਉਤੇ, ਠੇਢੇ ਹੀ ਖਾਂਦਾ ਰਹਿਸੀ'।
ਇਉਂ ਝੁਰਦਾ ਝੁਰਦਾ ਉਠ ਕੇ, ਬਾਬੇ ਦੇ ਨੇੜੇ ਆਇਆ,
ਇਸ ਮਿਨੀ ਨੀਂਦਰ ਵਿਚੋਂ, ਭਰ ਮੁਠੀਆਂ ਉਹਨੂੰ ਜਗਾਇਆ।
ਹੋਠਾਂ ਤੋਂ ਕਠੀ ਕਰ ਕੇ, ਹਮਦਰਦੀ ਭਿਜੀ ਬੋਲੀ,
ਬਾਬੇ ਨੂੰ ਪੁਛਣ ਲੱਗਾ, ਸਿਰ ਝਸ ਕੇ ਹੌਲੀ ਹੌਲੀ।
ਬਾਬਾ ਜੀ ! ਤੁਹਾਡੀ ਉਪਮਾ ਜਾਣਨ ਤੇ ਮੇਰਾ ਜੀ ਏ।
'ਦੱਸਣ ਦੀ ਕਿਰਪਾ ਕਰਸੋ? ਸ਼ੁਭ ਨਾਮ ਤੁਹਾਡਾ ਕੀ ਏ'?
ਸੁਕੇ ਹੋਏ ਬੁਲ੍ਹ ਕੁਝ ਫਰਕੇ, ਵਿਚ ਜੀਭ ਜ਼ਰਾ ਥੱਰਾਈ,
ਮੈਂ ਇਤਨਾ ਹੀ ਸੁਣ ਸਕਿਆ, ਬਾਕੀ ਦੀ ਸਮਝ ਨਾ ਆਈ।
ਹਿੰ… ਦੁ…ਸ…ਤਾਂ… …

  • ਮੁੱਖ ਪੰਨਾ : ਕਾਵਿ ਰਚਨਾਵਾਂ, ਦਰਸ਼ਨ ਸਿੰਘ ਅਵਾਰਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ