Badshahian : S.S.Charan Singh Shaheed

ਬਾਦਸ਼ਾਹੀਆਂ : ਚਰਨ ਸਿੰਘ ਸ਼ਹੀਦ

1. ਮੇਰੀ ਕਲਮ

ਮੇਰੇ ਲਈ ਆਨੰਦ ਦਾ ਭੰਡਾਰ ਹੈ, ਮੇਰੀ ਕਲਮ!
ਦੁਨੀਆਂ ਲਈ ਪੱਚੀਸਵਾਂ ਅਵਤਾਰ ਹੈ, ਮੇਰੀ ਕਲਮ!
ਨਾ ਸੋਚਣਾ, ਬੇ ਜੀਭ ਯਾ ਬੇਜਾਨ ਹੈ, ਮੇਰੀ ਕਲਮ!
ਜ਼ਿੰਦਾ ਸੁਰਸਤੀ ਜਗਤ ਤੇ ਵਿਦਮਾਨ ਹੈ, ਮੇਰੀ ਕਲਮ!
ਕੰਨਾਂ 'ਚ ਅੰਮ੍ਰਿਤ ਡੋਲ੍ਹਦੀ, ਜਦ ਬੋਲਦੀ, ਮੇਰੀ ਕਲਮ!
ਲਖ ਰਾਜ਼-ਰੱਬੀ ਹਸਦਿਆਂ ਹੈ ਖੋਲ੍ਹਦੀ, ਮੇਰੀ ਕਲਮ!
ਸ਼ੇਰਾਂ ਦੇ ਹਿਰਦੇ ਕੰਬਦੇ ਜਦ ਗੱਜਦੀ, ਮੇਰੀ ਕਲਮ!
ਪਰਬਤ ਦੇ ਉੱਡਣ ਪਰਖ਼ਚੇ ਜਦ ਵੱਜਦੀ, ਮੇਰੀ ਕਲਮ!
ਨਿਰਬਲ, ਦੁਖੀ, ਮਾੜੇ ਦੀ ਪੁਸ਼ਤ-ਪਨਾਹ ਹੈ, ਮੇਰੀ ਕਲਮ!
ਜ਼ਾਲਿਮ-ਬਲੀ ਨੂੰ ਫੂਕ ਕੁਰਦੀ ਸ੍ਵਾਹ ਹੈ, ਮੇਰੀ ਕਲਮ!
ਇੰਦਰ ਦੇ ਬਜਰੋਂ ਤੇਜ, ਤਕੜੀ, ਸਖ਼ਤ ਹੈ, ਮੇਰੀ ਕਲਮ!
ਸਭ ਤਖ਼ਤ ਬਖ਼ਤ ਹਿਲਾਂਵਦੀ ਯਕਲਖ਼ਤ ਹੈ, ਮੇਰੀ ਕਲਮ!
ਤਲਵਾਰ, ਨੇਜ਼ਾ, ਤੋਪ ਤੇ ਬੰਦੂਕ ਹੈ, ਮੇਰੀ ਕਲਮ!
ਜਾਦੂ ਭਰੇ ਬੰਬਾਂ ਦਾ ਇਕ, ਸੰਦੂਕ ਹੈ, ਮੇਰੀ ਕਲਮ!
ਬੁਢਿਆਂ ਤੇ ਬਾਲਾਂ ਨੂੰ ਯੁਬਾ ਦੇਵੇ ਬਣਾ, ਮੇਰੀ ਕਲਮ!
ਮੋਯਾਂ ਨੂੰ ਕਬਰਾਂ 'ਚੋਂ ਜਿਵਾ ਦੇਵੇ ਉਠਾ, ਮੇਰੀ ਕਲਮ!
ਪੱਥਰ ਦਿਲਾਂ ਨੂੰ ਮੋਮ ਕਰ, ਦੇਵੇ ਰੁਆ, ਮੇਰੀ ਕਲਮ!
ਰੋਂਦੂ ਦੁਖੀ; ਰੋਗੀ ਤਾਈਂ ਦੇਵੇ ਹਸਾ, ਮੇਰੀ ਕਲਮ!
ਨਾ ਹੈ ਡਰਾਂਦੀ ਕਿਸੇ ਨੂੰ, ਡਰਦੀ ਨਹੀਂ, ਮੇਰੀ ਕਲਮ!
ਭੁੱਖੀ ਖ਼ੁਸ਼ਾਮਦ, ਹੁਕਮ ਯਾ ਜ਼ਰ ਦੀ ਨਹੀਂ, ਮੇਰੀ ਕਲਮ!
ਹੈ ਕਲਪ ਬ੍ਰਿਛ ਤੇ ਕਾਮਧੇਨੁ, ਆਪ ਏ, ਮੇਰੀ ਕਲਮ!
ਜੋ ਕਹੇ ਮੂੰਹੋ ਲਓ, ਵਡ ਪਰਤਾਪ ਏ, ਮੇਰੀ ਕਲਮ!
ਅਪਨੀ ਨਚਾਂਦੀ ਨੋਕ ਤੇ ਤ੍ਰੈਲੋਕ ਨੂੰ, ਮੇਰੀ ਕਲਮ!
ਤਾਬੇ ਹੈ ਰਖਦੀ ਹਰਖ ਨੂੰ ਤੇ ਸ਼ੋਕ ਨੂੰ, ਮੇਰੀ ਕਲਮ!
ਜੇ ਚਾਹੇ ਤਾਂ ਸਭ ਜਗਤ ਵਿਚ ਅਗ ਲਾ ਦਏ, ਮੇਰੀ ਕਲਮ!
ਜੇ ਚਾਹੇ ਜਲਦੇ ਦਿਲਾਂ ਤੇ ਜਲ ਪਾ ਦਏ, ਮੇਰੀ ਕਲਮ !
ਲੈ ਕੇ ਆਜ਼ਾਦੀ ਖੜੀ ਭਾਰਤਵਰਸ਼ ਦੀ, ਮੇਰੀ ਕਲਮ !
ਸਚ ਕਹਿ ਦਿਆਂ ? ਸਿੱਧੀ ਹੈ ਪੌੜੀ ਅਰਸ਼ ਦੀ, ਮੇਰੀ ਕਲਮ !
ਮੈਨੂੰ ਹੀ, ਸਭ ਜੱਗ ਵਿਚ ਕਰਦੀ ਪਿਆਰ ਹੈ, ਮੇਰੀ ਕਲਮ !
ਮੇਰੇ ਇਕੱਲਾਂ ਵਿਚ ਸੱਚੀ ਯਾਰ ਹੈ, ਮੇਰੀ ਕਲਮ !
ਮੇਰੀ ਮੁਹੱਬਤ ਵਿਚ, ਸੀਨਾ ਚਾਕ ਹੈ, ਮੇਰੀ ਕਲਮ !
ਨਿਸ਼ਕਾਮ, ਆਗ੍ਯਾਕਾਰ, ਨਿਰਛਲ, ਪਾਕ ਹੈ, ਮੇਰੀ ਕਲਮ !
ਮੇਰੇ ਹੁਕਮ ਵਿਚ, ਨਿਤ ਨਵੀਂ, ਦੁਨੀਆਂ ਰਚੇ, ਮੇਰੀ ਕਲਮ !
ਪਰ ਆਪ ਜਲ ਦੇ ਕਮਲ ਸਮ, ਸਭ ਤੋਂ ਬਚੇ, ਮੇਰੀ ਕਲਮ !
ਮੈਂ ਬ੍ਰਹਮ ਹਾਂ 'ਸੁਥਰਾ' ਤੇ ਮਾਯਾ ਰੂਪ ਹੈ, ਮੇਰੀ ਕਲਮ !
ਨਿਤ ਹੁਕਮਰਾਨੀ ਕਰੇ, ਭੂਪਾਂ-ਭੂਪ ਹੈ, ਮੇਰੀ ਕਲਮ !
ਮੰਗੋ ਦੁਆ, ਪਾਟੇ ਰਿਦੇ ਸ੍ਯੂਂਦੀ ਰਹੇ, ਮੇਰੀ ਕਲਮ !
ਦਿਲ ਗੁਦਗੁਦੌਂਦੀ, ਗੁਟ੍ਹਕਦੀ, ਜ੍ਯੂਂਦੀ ਰਹੇ, ਮੇਰੀ ਕਲਮ !

2. ਸਰਬ-ਸੁਖ-ਦਾਤਾ ?

ਇਕ ਗ਼ਰੀਬ ਕਵੀ ਨੇ ਸਤ ਕੇ ਧਨ ਦੀ ਉਪਮਾ ਗਾਈ ।
ਕਹਿਣ ਲਗਾ ਬਈ ਸੱਚ ਪੁਛੋ ਤਾਂ ਧਨ ਦੀ ਬੜੀ ਕਮਾਈ ।
ਸੋਨਾ ਭਾਵੇਂ ਰੱਬ ਨਹੀਂ ਪਰ ਘਟ ਭੀ ਨਜ਼ਰ ਨ ਆਵੇ ।
ਢੱਕੇ ਐਬ, ਪੁਗਾਵੇ ਲੋੜਾਂ, ਕਾਂ ਤੋਂ ਹੰਸ ਬਣਾਵੇ ।
ਬੋਲ ਪਿਆ ਇਕ ਧਨੀ ਨੇੜਿਓਂ ਗਲਤ ਕਹੇਂ ਤੂੰ ਭਾਈਆ !
ਧਨ ਸਭ ਕਰੇ ਪੂਰੀਆਂ ਲੋੜਾਂ, ਝੂਠਾ ਤੇਰਾ ਦਾਈਆ ।
ਭੋਜਨ ਲੱਖ ਖਰੀਦੇ ਸੋਨਾ, ਭੁਖ ਖ਼ਰੀਦ ਨਾ ਸੱਕੇ ।
ਭੁਖ ਬਿਨਾਂ ਕਿਸ ਕੰਮ ਖੁਰਾਕਾਂ ? ਫੋੜੇ ਜਿਉਂ ਦਿਲ ਪੱਕੇ ।
ਸੇਜ ਗੁਦਗੁਦੀ, ਨਰਮ ਬਿਸਤਰੇ, ਧਨ ਬੇ ਸ਼ਕ ਲੈ ਆਵੇ ।
ਪਰ ਨਾ ਨੀਂਦ ਖ਼ਰੀਦ ਸਕੇ ਛਿਨ, ਕੀ ਕੋਈ ਲੁਤਫ ਉਠਾਵੇ ?
ਵਧੀਆ ਵਧੀਆ ਲੱਖ ਐਨਕਾਂ, ਦੌਲਤ ਧਰੇ ਲਿਆ ਕੇ ।
ਐਪਰ ਨਜ਼ਰ ਲਿਆ ਕੇ ਦੱਸੇ, ਸੌ ਭੰਡਾਰ ਲੁਟਾ ਕੇ ।
'ਨੌਕਰ ਅਤੇ ਖੁਸ਼ਾਮਦ ਵਾਲੇ, ਸੋਨਾ ਲੱਖ ਖਰੀਦੇ।
'ਪਰ ਇਕ ਵਾਰ ਵਿਹਾਝ ਵਿਖਾਵੇ, ਪ੍ਰੇਮ ਭਰੇ ਦਿਲ-ਦੀਦੇ।
'ਜ਼ੇਵਰ, ਹੀਰੇ, ਲਾਲ, ਜਵਾਹਰ, ਕਪੜੇ ਲੱਖ ਲੈ ਦੇਵੇ।
'ਪਰ ਦੌਲਤ ਤੋਂ ਕਦੇ ਨਾ ਮਿਲਦੇ, ਸੁੰਦਰਤਾ ਦੇ ਮੇਵੇ।
'ਦਾਰੂ ਦਵਾ ਖਰਚ ਕੇ ਪੈਸੇ, ਜੋ ਚਾਹੀਏ ਲੈ ਆਈਏ।
'ਨੈਣ-ਪ੍ਰਾਣ ਨਾ ਮਿਲਨ ਨਰੋਏ, ਕੀ ਫਿਰ ਇਦ੍ਹਾ ਬਣਾਈਏ?
'ਦੌਲਤ ਨਾਲ ਬਣਾ ਲੌ ਬੇਸ਼ਕ ਦਸ ਲੱਖ ਮਸਜਿਦ ਮੰਦਰ।
'ਐਪਰ ਕਿਤਿਓਂ ਮੁੱਲ ਨਾ ਲੱਭਦਾ, ਧਰਮ ਭਾਵ ਦਿਲ ਅੰਦਰ।
'ਮੁੱਦਾ ਕੀ, ਰਬ ਨਹੀਂ ਹੈ ਪੈਸਾ, ਨਾ ਹੀ ਰਬ ਦਾ ਭਾਈ ।
'ਡਿੱਠਾ ਬਹੁਤ ਜੋੜ ਕੇ ਇਸ ਨੂੰ; ਜ਼ਰਾ ਨਾ ਤ੍ਰਿਪਤੀ ਪਾਈ।
ਸੱਚ ਕਿਹਾ ਈ 'ਸੁਥਰੇ' ਧਨੀਆਂ, ਸੁਖ-ਸੋਮਾਂ ਨਹੀਂ ਪੈਸਾ।
ਜਿਸ ਦੇ ਖੱਟਣ-ਸਾਂਭਣ ਵਿਚ ਦੁਖ, ਉਸ ਦੇ ਵਿਚ ਸੁਖ ਕੈਸਾ।

3. ਇਕ ਔਂਦਾ ਹੈ ਇਕ ਜਾਂਦਾ ਹੈ

ਇਕ ਗਿਆ ਬਾਦਸ਼ਾਹ, ਇਕ ਆਯਾ, ਮੈਂ ਦੇਖਣ ਜਾਣੋਂ ਨਾਂਹ ਕੀਤੀ,
ਕੀ ਕੀ ਜਾ ਤਕੀਏ! ਜਗ ਨਿਤ ਹੀ, ਇਕ ਔਂਦਾ ਹੈ ਇਕ ਜਾਂਦਾ ਹੈ!
ਜੇ ਨਜ਼ਰ ਅਕਾਸ਼ਾਂ ਵਲ ਕਰੋ, ਚੰਦ ਸੂਰਜ ਚਮਕਣ ਰਾਤ ਦਿਨੇ,
ਹਰ ਰੋਜ਼ ਉਨ੍ਹਾਂ 'ਚੋਂ ਪੁਲਪਿਟ ਤੇ, ਇਕ ਔਂਦਾ ਹੈ ਇਕ ਜਾਂਦਾ ਹੈ!
ਜੇ ਤੱਕੋ ਹਵਾਈ ਕੁੱਰੇ ਨੂੰ, ਤਾਂ ਅੱਠ ਪਹਿਰ ਉਸ ਅੰਦਰ ਭੀ,
ਅਣੂਆਂ-ਪਰਮਣੂਆਂ ਦਾ ਜੱਥਾ, ਇਕ ਔਂਦਾ ਹੈ ਇਕ ਜਾਂਦਾ ਹੈ!
ਜੇ ਧ੍ਯਾਨ ਸਮੁੰਦਰ ਵਲ ਜਾਵੇ, ਦਿਨ ਰਾਤੀਂ ਜਲ ਬੇਚੈਨ ਦਿਸੇ,
ਹਰ ਛਿਨ ਵਿਚ ਲਸ਼ਕਰ ਲਹਿਰਾਂ ਦਾ, ਇਕ ਔਂਦਾ ਹੈ ਇਕ ਜਾਂਦਾ ਹੈ!
ਅਪਣੇ ਹੀ ਅੰਦਰ ਜੇ ਤਕੀਏ, ਫਿਫੜੇ ਨਿਤ ਟਪ ਟਪ ਕਰਦੇ ਨੇ,
ਜਾਰੀ ਹੈ ਲੜੀ ਸਵਾਸਾਂ ਦੀ, ਇਕ ਔਂਦਾ ਹੈ ਇਕ ਜਾਂਦਾ ਹੈ।
ਇਨਸਾਨੀ ਜੇਬਾਂ ਟੋਹੀਏ ਜੇ, ਹੈ ਆਮਦ-ਰਫਤ ਉਨ੍ਹਾਂ ਵਿਚ ਭੀ,
ਹਰ ਵਕਤ ਰੁਪੱਯਾ ਤੇ ਪੈਸਾ, ਇਕ ਔਂਦਾ ਹੈ ਇਕ ਜਾਂਦਾ ਹੈ!
ਘਰ ਕਿਸੇ ਗ੍ਰਹਸਤੀ ਦਾ ਦੇਖੋ, ਜਾਰੀ ਹੈ ਇਹੀ ਨਜ਼ਾਰਾ ਹੀ,
ਇਕ ਜੰਮਦਾ ਹੈ ਇਕ ਮਰਦਾ ਹੈ, ਇਕ ਔਂਦਾ ਹੈ ਇਕ ਜਾਂਦਾ ਹੈ !
ਸਭ ਸ਼ਾਹੀ ਤਖਤ ਪਏ ਰਹਿੰਦੇ, ਪਰ ਬੈਠਣਹਾਰ ਬਦਲਦੇ ਨੇ,
ਜਯੋਂ ਨਾਟਕ-ਐਕਟਰ ਵਾਰੀ ਸਿਰ, ਇਕ ਔਂਦਾ ਹੈ ਇਕ ਜਾਂਦਾ ਹੈ !
ਜੰਗਲ ਵਿਚ ਪਿਪਲ ਨਜ਼ਰ ਪਿਆ, ਤਾਂ ਓਥੇ ਭੀ ਮੈਂ ਕੀ ਡਿੱਠਾ ?
ਹਰ ਵੇਲੇ ਪੰਛੀ ਨਵਾਂ ਨਵਾਂ, ਇਕ ਔਂਦਾ ਹੈ ਇਕ ਜਾਂਦਾ ਹੈ !
ਕੁਲ ਜੀਵ-ਮਨੁਖੀ-ਰਿਦਿਆਂ ਵਿਚ, ਹੈ ਔਣ ਜਾਣ ਦੀ ਸੜਕ ਬਣੀ,
ਸਦ ਖ਼ਯਾਲ ਨੇਕੀਆਂ-ਬਦੀਆਂ ਦਾ, ਇਕ ਔਂਦਾ ਹੈ ਇਕ ਜਾਂਦਾ ਹੈ !
ਅਸਟੇਸ਼ਨ, ਜੇਲ੍ਹ, ਸ਼ਫ਼ਾਖਾਨੇ, ਗੁਰਦ੍ਵਾਰੇ, ਮੰਦਰ, ਮਸਜਿਦ ਤੇ,
ਅਸਕੂਲਾਂ, ਸ਼ਹਿਰਾਂ, ਹਟੀਆਂ ਵਿਚ, ਇਕ ਔਂਦਾ ਹੈ ਇਕ ਜਾਂਦਾ ਹੈ !
ਹੈ ਔਣ ਜਾਣ ਤੇ ਜਗ ਜ਼ਿੰਦਾ 'ਸੁਥਰੇ’ ਦੇ ਦਿਲ ਵਿਚ ਭੀ ਫੁਰਨਾ,
ਨਿਤ ਨਵੀਆਂ ਨਵੀਆਂ ਨਜ਼ਮਾਂ ਦਾ, ਇਕ ਔਂਦਾ ਹੈ ਇਕ ਜਾਂਦਾ ਹੈ !

4. ਇਕ ਪਿਆਲਾ ਪਾਣੀ ਦਾ

ਅਕਬਰ ਨੂੰ, ਦਰਬਾਰ ਬੈਠਿਆਂ, ਤ੍ਰੇਹ ਨੇ ਬਹੁਤ ਸਤਾਯਾ !
ਸੈਨਤ ਹੁੰਦਿਆਂ, ਨਫ਼ਰ ਪਿਆਲਾ ਜਲ ਠੰਢੇ ਦਾ ਲਿਆਯਾ !
ਪਕੜ ਪਿਆਲਾ ਬਾਦਸ਼ਾਹ ਨੇ ਮੂੰਹ ਨੂੰ ਚਾਹਿਆ ਲਾਣਾ !
ਪਾਸੋਂ ਬੋਲ ਬੀਰਬਲ ਉਠਿਆ 'ਜ਼ਰਾ ਹੱਥ ਅਟਕਾਣਾ !
'ਪਹਿਲਾਂ ਦੱਸੋ ਆਪ ਇਕ ਗਲ, ਜੇ ਪਾਣੀ ਮੁਕ ਜਾਵੇ !
'ਸੈ ਕੋਹਾਂ ਤਕ ਜਤਨ ਕੀਤਿਆਂ ਇਕ ਬੂੰਦ ਨਾ ਥ੍ਯਾਵੇ !
'ਅਤੀ ਪ੍ਯਾਸ ਲਗੀ ਹੋ ਤੁਹਾਨੂੰ, ਜਲ ਬਿਨ ਮਰਦੇ ਜਾਵੋ !
'ਮਾਹੀ ਵਾਂਗ ਆਬ ਬਿਨ ਤੜਫੋ ਉਲਟ ਬਾਜ਼ੀਆਂ ਖਾਵੋ !
'ਸੱਚ ਦਸੋ, ਜੇ ਉਸ ਵੇਲੇ ਕੁਈ ਇਕ ਜਲ-ਪ੍ਯਾਲਾ ਲ੍ਯਾਵੇ,
'ਕੀ ਕੁਝ ਦਿਓ ਹਜ਼ੂਰ ਓਸ ਨੂੰ ? ਕੀ ਕੀਮਤ ਉਹ ਪਾਵੇ ?'
ਹਸ ਕੇ ਅਕਬਰ ਕਹਿਣ ਲਗਾ 'ਜੇ ਐਸੀ ਦਸ਼ਾ ਵਿਆਪੇ !
'ਅਧਾ ਰਾਜ ਦਿਆਂ ਮੁਲ ਇਸ ਦਾ ਖ਼ੁਸ਼ੀ ਨਾਲ ਮੈਂ ਆਪੇ !'
ਏਹ ਕਹਿਕੇ ਓਹ ਜਲ ਦਾ ਪ੍ਯਾਲਾ ਗਟ ਗਟ ਸ਼ਾਹ ਚੜ੍ਹਾਯਾ !
ਫੇਰ ਬੀਰਬਲ ਨੇ ਸ਼ਾਹ ਅੱਗੇ ਸ੍ਵਾਲ ਦੂਸਰਾ ਪਾਯਾ :-
'ਦੱਸੋ ਭਲਾ, ਜਿ ਹੁਣ ਏਹ ਪਾਣੀ ਦੇਹ ਅੰਦਰ ਰੁਕ ਜਾਵੇ !
'ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆ ਤੜਫਾਵੇ !
'ਬਚਣ ਲਈ ਉਸ ਕਸ਼ਟੋਂ ਕਿਨੇ ਪੀਰ ਪੈਗ਼ੰਬਰ ਸੇਵੋ ?
'ਅੱਧਾ ਰਾਜ ਮੰਗੇ ਜੇ ਕੋਈ ਦੇਵੋ ਯਾ ਨਾ ਦੇਵੋ ?'
ਚੱਕ੍ਰਿਤ ਹੋ ਕੇ ਸ਼ਾਹ ਬੋਲਿਆ, 'ਜ਼ਰਾ ਢਿੱਲ ਨਾ ਲਾਵਾਂ !
'ਬੇਸ਼ਕ ਅੱਧਾ ਰਾਜ ਭਾਗ ਮੈਂ ਫ਼ੌਰਨ ਭੇਟ ਕਰਾਵਾਂ !'
ਹਸ ਕੇ ਕਿਹਾ ਬੀਰਬਲ ਨੇ ਫਿਰ, 'ਇਸ ਤੋਂ ਸਾਬਤ ਹੋਯਾ !
'ਇਕ ਪਿਆਲੇ ਜਲ ਦਾ ਮੁਲ ਹੈ ਰਾਜ ਤੁਹਾਡਾ ਗੋਯਾ !
ਜੋ ਅਣਮਿਣਿਆ ਤੁਲਿਆ ਇਹ ਜਲ ਸਭ ਨੂੰ ਮੁਫ਼ਤ ਪੁਚਾਵੇ !
'ਉਸ ਰਬ 'ਸੁਥਰੇ' ਦੀ ਬਖ਼ਸ਼ਿਸ਼ ਦਾ ਬੰਦਾ ਕੀ ਮੁਲ ਪਾਵੇ ?'

5. ਗਧਿਆਂ ਦੀ ਅਕਲ

ਸ੍ਰਿਸ਼ਟੀ ਦੇ ਅਰੰਭ ਵਿੱਚ ਸਨ ਖੋਤੇ ਬੜੇ ਸਿਆਣੇ !
ਏਹਨਾਂ ਤੋਂ ਸਨ ਅਕਲ ਸਿਖਦੇ ਮੰਤ੍ਰੀ, ਰਾਜੇ ਰਾਣੇ !
ਇਕ ਪੁਰਸ਼ ਨੇ ਪਾਲ ਰੱਖੇ ਸਨ ਪੰਝੀ ਖੋਤੇ ਸੋਹਣੇ !
ਚੁਣਵੇਂ ਬੁੱਧੀਮਾਨ, ਸਜੀਲੇ, ਨੀਤੀਵਾਨ ਮਨ ਮੋਹਣੇ !
ਹਜ਼ਰਤ ਸੁਲੇਮਾਨ ਨੇ ਸਿਫ਼ਤਾਂ ਉਨ੍ਹਾਂ ਦੀਆਂ ਜਦ ਸੁਣੀਆਂ !
ਦਰਸ਼ਨ ਕਰਨ ਲਈ ਚਲ ਆਏ, ਸਣੇ ਸੈਂਕੜੇ ਗੁਣੀਆਂ !
ਡੂੰਘੇ-ਔਖੇ ਸਵਾਲ ਅਨੇਕਾਂ ਪਾ ਕੇ, ਉੱਤਰ ਮੰਗੇ !
ਖ਼ੁਸ਼ ਹੋਯਾ, ਗੋਡੀਂ ਹਥ ਲਾਯਾ, ਜਵਾਬ ਮਿਲੇ ਜਦ ਚੰਗੇ !
ਆਖ਼ਰ ਕੀਤੀ ਅਰਜ਼ 'ਸੱਜਣੋ, ਚਰਨ ਮਿਰੇ ਘਰ ਪਾਓ !
'ਮੈਂ ਚਾਹੁੰਦਾ ਹਾਂ ਇਕ ਦਿਨ ਓਥੇ ਚਲ ਦਰਬਾਰ ਸਜਾਓ !
'ਤਿੰਨ ਦਿਨਾਂ ਦਾ ਰਾਹ ਹੈ ਏਥੋਂ, ਹੁਕਮ ਕਰੋ, ਕਦ ਵੈਸੋ ?
'ਏਹ ਭੀ ਦੱਸੋ ਸਫ਼ਰ ਖ਼ਰਚ ਦਾ, ਕੀ ਕੁਝ ਮੈਥੋਂ ਲੈਸੋ ?'
ਗਧਿਆਂ ਕਰ ਮਨਜ਼ੂਰ ਆਖਿਆ: 'ਇਕ ਇਕ ਖੋਤੇ ਤਾਈਂ !
ਤਿੰਨ ਤਿੰਨ ਪੰਡਾਂ ਘਾਹ ਦਾਣਾ ਤੇ ਜਲ ਰਜਵਾਂ ਦਿਲਵਾਈਂ !'
ਸੁਲੇਮਾਨ ਸਿਰ ਫੇਰ ਬੋਲਿਆ 'ਪੈਸੇ ਦਾ ਹੈ ਤੋੜਾ !
'ਪੰਜ ਦਸ ਸੱਜਣ ਚਲੇ ਚਲੋ ਤੇ ਖ਼ਰਚ ਕਰਾਓ ਥੋੜਾ!'
ਗਧਿਆਂ ਦੇ ਛਿੜ ਪੈ ਮੁਕਾਬਲੇ, ਮੰਗਣ ਲਗ ਪਏ ਢਾਈ!
ਕਈਆਂ ਦੋ ਤੇ ਡੇਢ ਮੰਗ ਕੇ, ਕੀਮਤ ਆਪ ਘਟਾਈ!
ਆਖ਼ਰ ਘਟਦੇ, ਡਿਗਦੇ, ਢੈਂਦੇ, ਗਿਰੇ ਇਥੋਂ ਤਕ ਥਲੇ!
ਤਿੰਨ ਤਿੰਨ ਦਿਨ ਦੀ ਇੱਕ ਪੰਡ ਹਿਤ ਅੱਡਣ ਲਗ ਪੈ ਪੱਲੇ!
ਸੁਲੇਮਾਨ ਨੇ ਕਿਹਾ ਹੱਸਕੇ 'ਓ ਉਲੂਆਂ ਦੇ ਪੀਰੋ !
'ਬੇਸਬਰੋ, ਖ਼ੁਦਗ਼ਰਜ਼ੋ ! ਭੁਖਿਓ, ਲਾਲਚ ਮਰੇ ਅਧੀਰੋ !
'ਸਵਾਰਥ ਹਿਤ ਜੋ ਅਪਨੀ ਕੀਮਤ, ਸ਼ਾਨ, ਮਾਨ ਘਟਵਾਂਦੇ!
'ਮੂੜ੍ਹ ਸਦਾ ਬੇਇਜ਼ਤ ਹੁੰਦੇ, ਦੁਖ ਪਾਂਦੇ ਪਛਤਾਂਦੇ!
'ਬੱਧੇ ਰਹੋ, ਇਥੇ ਹੀ ਹੁਣ ਤਾਂ, ਪਰਖ ਬਤੇਰੀ ਹੋਈ!
'ਮੂੜ੍ਹਾਂ ਤਈਂ ਲਿਜਾਵਣ ਦੀ ਨਾ ਚਾਹ 'ਸੁਥਰੇ' ਨੂੰ ਕੋਈ !'
ਤਦ ਤੋਂ ਬੇਅਕਲੀ ਦਾ ਧੱਬਾ ਗਧਿਆਂ ਨੂੰ ਹੈ ਲੱਗਾ!
ਕਿਉਂਕਿ ਸਵਾਰਥ ਵੱਸ ਉਨ੍ਹਾਂ 'ਚੋਂ ਹਰ ਕੋਈ ਬਣਿਆ ਢੱਗਾ!

6. ਸੌ ਗਾਲ੍ਹਾਂ

'ਸ੍ਰੀ ਕ੍ਰਿਸ਼ਨ' ਦੀ ਦੇਖ ਵਡਾਈ, ਦੁਖ 'ਸ਼ਿਸ਼ੁਪਾਲ' ਮਨਾਯਾ!
ਐਵੇਂ, ਅਪਨਾ ਰਿਦਾ ਸਾੜਿਆ, ਅਤੇ ਦਿਮਾਗ ਧੁਖਾਯਾ!
ਜਿਉਂ ਜਿਉਂ ਵਧੇ ਪ੍ਰਤਾਪ ਕ੍ਰਿਸ਼ਨ ਦਾ,ਤਿਉਂ ਤਿਉਂ ਖਾਇ ਉਬਾਲੇ!
ਅੱਗ ਈਰਖਾ ਦੀ ਵਿਚ ਕੁਦ ਕੁਦ, ਅਪਨਾ ਤਨ-ਮਨ ਜਾਲੇ!
ਜਦੋਂ ਪਾਂਡਵਾਂ ਅੱਸ਼੍ਵ ਮੇਧ, ਦਾ ਜੱਗ ਮਹਾਨ-ਰਚਾਯਾ!
ਕੁੱਲ ਰਾਜਿਆਂ ਵਿਚੋਂ ਚੁਣ ਕੇ, ਕ੍ਰਿਸ਼ਨ ਪ੍ਰਧਾਨ ਬਣਾਯਾ!
ਫਿਰ ਤਾਂ ਮਾਨੋ ਤੇਲ ਪੈ ਗਿਆ, ਅੱਗ ਹਸਦ ਦੀ ਭੜਕੀ!
ਅਪਨੇ ਕੰਢੇ ਸਾੜਨ ਲੱਗੀ ਹਾਂਡੀ ਉਬਲੀ ਗੜ੍ਹਕੀ!
ਹਸਦ ਨਾਲ ਓਹ ਪਾਗਲ ਹੋ ਕੇ, ਗਾਲ੍ਹਾਂ ਲੱਗਾ ਕੱਢਣ!
ਝੱਗ ਭਰੇ ਮੁਖ ਨਾਲ ਲਗ ਪਿਆ, ਆਪਣੇ ਬੁਲ੍ਹ ਹੱਥ ਵੱਢਣ!
ਗੱਜੇ, ਗੜ੍ਹਕੇ, ਤੜਫੇ, ਭੁੜਕੇ, ਬਕੇ, ਝਖੇ ਤੇ ਭੌਂਕੇ!
ਨਾਸਾਂ ਫੁਲ ਗਈਆਂ, ਸਾਹ ਚੜ੍ਹਿਆ, ਵਲ ਖਾਵੇ ਤੇ ਹੌਂਕੇ!
ਸ਼ਾਂਤ, ਅਡੋਲ ਕ੍ਰਿਸ਼ਨ ਜੀ ਬੈਠੇ, ਸੁਣ ਸੁਣ ਕੇ ਮੁਸਕਾਵਨ!
ਮੱਥੇ ਵੱਟ ਨਾ ਕ੍ਰੋਧ ਨੇਤ੍ਰੀਂ, ਗਾਲ੍ਹਾਂ ਗਿਣਦੇ ਜਾਵਨ!
ਕਈ ਰਾਜਿਆਂ ਖਿਚੀਆਂ ਤੇਗ਼ਾਂ, ਝਟ ਕ੍ਰਿਸ਼ਨ ਨੇ ਰੋਕੇ:
'ਸੌ ਗਾਲ੍ਹਾਂ ਮੈਂ ਮਾਫ਼ ਕਰਾਂਗਾ, ਕੋਈ ਨ ਇਸ ਨੂੰ ਟੋਕੇ!'
ਬਦ ਕਿਸਮਤ ਸ਼ਿਸ਼ੁਪਾਲ ਫੇਰ ਵੀ ਗਾਲ੍ਹਾਂ ਕੱਢੀ ਜਾਵੇ
ਕਹੇ 'ਗਵਾਲਾ ਬੁਜ਼ਦਿਲ! ਕਯੋਂ ਨ ਉਠ ਕੇ ਹੱਥ ਦਿਖਾਵੇ?'
ਸੌ ਗਾਲ੍ਹਾਂ ਸੰਪੂਰਨ ਹੋ ਕੇ ਇਕ ਹੋਰ ਜਦ ਕੱਢੀ!
ਚੱਕ੍ਰ ਸੁਦਰਸ਼ਨ ਛਿਨ ਵਿਚ ਗਿੱਚੀ ਨਿੰਦਕ ਦੀ ਜਾ ਵੱਢੀ!
ਗਾਲ੍ਹਾਂ ਮਾਫ਼ ਸ਼ਰਾਫ਼ਤ ਹਿਤ ਸਨ ਸ਼ਿਰੀ ਕ੍ਰਿਸ਼ਨ ਜੀ ਕਰਦੇ!
ਪਰ ਸ਼ਿਸ਼ੁਪਾਲ ਬਿਸ਼ਰਮ ਸਮਝਦਾ, 'ਸੁਥਰੇ' ਮੈਥੋਂ ਡਰਦੇ!

7. ਨਕਲੀ ਤੋਂ ਅਸਲੀ

ਇਕ ਰਾਜੇ ਦੀ ਲੜਕੀ ਤੇ ਇਕ ਕੰਗਲਾ ਮੋਹਿਤ ਹੋਯਾ!
ਮਾਨੋ ਸੁਣ ਅਕਾਸ਼ੀ ਗੱਲਾਂ ਕੀੜਾ ਬੁੜ੍ਹਕ ਖਲੋਯਾ!
ਕਿਰਲੀ ਜੀਕੁਰ ਨਾਲ ਸ਼ਤੀਰਾਂ ਪਾਉਣੇ ਚਾਹੇ ਜੱਫੇ!
ਹਫ਼ਤੇ ਭਰ ਦਾ ਭੁੁੱਖਾ ਲੱਭੇ ਅਰਬਾਂ ਖ਼ਰਬਾਂ ਗੱਫੇ!
ਕਿੱਥੇ ਰਾਜਾ ਭੋਜ ਬਹਾਦਰ, ਕਿੱਥੇ ਗੰਗਾ ਤੇਲੀ!
ਕਿੱਥੇ ਇਕ ਅੱਕ ਦਾ ਤੀਲਾ, ਕਿੱਥੇ ਚੰਦਨ-ਗੇਲੀ!
ਸੋਚ ਸੋਚ ਕੇ ਉਸ ਪ੍ਰੇਮੀ ਨੇ ਜੋਗੀ ਭੇਖ ਬਨਾਇਆ!
ਰਾਜ ਮਹਿਲ ਦੇ ਬੂਹੇ ਲਾਗੇ ਆਸਣ ਆਣ ਜਮਾਇਆ।
ਅੱਖਾਂ ਮੀਟ ਰਖੇ ਦਿਨ ਰਾਤੀਂ ਨਾ ਖਾਵੇ ਨਾ ਪੀਵੇ!
ਲੋਕ ਹਰਾਨ ਹੋਣ, ਕਿਵ ਜੋਗੀ ਪੌਣ ਆਸਰੇ ਜੀਵੇ?
ਸ਼ਹਿਰ ਵਿਚ ਅਤਿ ਉਪਮਾ ਫੈਲੀ, ਲੋਕੀ ਭਜ ਭਜ ਆਵਣ!
ਦੁੱਧ ਮਲਾਈਆਂ, ਚਾਂਦੀ ਸੋਨੇ, ਭੇਟਾ ਢੇਰ ਲਗਾਵਣ!
ਜੋਗੀ ਨਾ ਪਰਵਾਹ ਕਰੇ ਕੁਝ, ਭਰਕੇ ਅਖ ਨਾ ਤੱਕੇ!
ਉਸ ਦੇ ਭਾਣੇ ਸਭ ਕੁਝ ਮਿੱਟੀ, ਕੋਈ ਰੱਖੇ ਕੋਈ ਚੱਕੇ!
ਹੁੰਦਿਆਂ ਹੁੰਦਿਆਂ ਰਾਜਾ ਰਾਣੀ ਚਲ ਦਰਸ਼ਨ ਨੂੰ ਆਏ।
ਨਾਲ ਆਪਣੀ ਚੰਦ੍ਰਮੁਖੀ ਸ਼ਾਹਜ਼ਾਦੀ ਨੂੰ ਭੀ ਲਿਆਏ!
ਜਿਸ ਸ਼ਾਹਜ਼ਾਦੀ ਦੀ ਜੁੱਤੀ ਦੀ ਖ਼ਾਕ ਨਹੀਂ ਸੀ ਮਿਲਦੀ!
ਮੱਥਾ ਟੇਕਣ ਲਗੀ ਜਦੋਂ ਉਹ ਦੇਵੀ ਉਸ ਦੇ ਦਿਲ ਦੀ!
ਕੰਬ ਗਿਆ ਓਹ ਕੰਗਲਾ ਆਸ਼ਕ, ਚੀਕ ਜ਼ੋਰ ਦੀ ਮਾਰੀ!
'ਆਹ ਕਿਤਨੀ ਹੈ ਸ਼ਕਤੀ ਮਿਲ ਗਈ, ਨਕਲ ਸੰਤ ਦੀ ਧਾਰੀ!
'ਨਕਲੀ ਦੀ ਥਾਂ ਅਸਲੀ ਸਾਧੂ ਜੇਕਰ ਮੈਂ ਬਣ ਜਾਵਾਂ!
'ਫਿਰ ਤਾਂ ਪ੍ਰਭੂ ਮੁੱਠ ਵਿਚ ਹੋਵੇ, ਸਰਬ ਸ਼ਕਤੀਆਂ ਪਾਵਾਂ!'
ਫੌਰਨ ਉਠ ਕੇ ਬਨ ਨੂੰ ਭੱਜਾ, ਪਿਆ ਵਜਾਵੇ ਛੈਣੇ-
‘ਲੋਕੋ! ਨਕਲੋਂ ਅਸਲੀ ਬਣ ਜਾਓ, ਜੇ 'ਸੁਥਰੇ' ਸੁਖ ਲੈਣੇ!'

8. ਰਿਸ਼ੀਆਂ ਦੀ ਤੋਬਾ

ਜੂਠੇ ਬੇਰ ਭੀਲਣੀ ਦੇ ਜਦ, ਰਾਮ ਪ੍ਰੇਮ-ਵਸ ਖਾਧੇ!
ਜਾਤ-'ਭਿਮਾਨੀ ਰਿਸ਼ੀਆਂ ਕੀਤੇ ਸ਼ੁਰੂ ਜ਼ੁਲਮ ਤੇ ਵਾਧੇ:-
'ਹਰੇ ਹਰੇ, ਇਸ ਛਤ੍ਰੀ ਹੋਕਰ, ਜੂਠ ਨੀਚ ਕੀ ਖਾਈ?
'ਦ੍ਵਿਜ ਜਾਤੀ ਕੀ ਮਾਨ ਪ੍ਰਤਿਸ਼ਟਾ, ਮੱਟੀ ਮਾਹਿ ਮਿਲਾਈ?
‘ਰਾਜ-ਪੂਤ ਹੋ, ਕੰਗਲੀ, ਗੰਦੀ, ਸ਼ੂਦ੍ਰਾਣੀ ਸੋ ਛੂਆ?
'ਭ੍ਰਸ਼ਟ ਨਾਰ ਕੇ ਬੇਰ ਖਾਇ ਕਰ, ਭ੍ਰਸ਼ਟ ਆਪ ਭੀ ਹੂਆ?
'ਹਮ ਸਮਝੇ, 'ਅਵਤਾਰ’ ਇਸੇ, ਯਿਹ ਜੂਠੇ ਬੇਰ ਉਡਾਵੈ,
'ਹਮ ਤੋਂ ਇਸੇ ਨਾਂ ਛੂਹੇਂ ਭਈਆ, ਮਹਾਂ ਗਿਲਾਨੀ ਆਵੈ!'
ਬਾਈਕਾਟ 'ਭਗਵਾਨ ਰਾਮ' ਦਾ, ਇਉਂ ਕਰ ਰਾਤੀਂ ਸੁੱਤੇ!
ਤੜਕੇ ਉਠ ਇਸ਼ਨਾਨ ਲਈ ਜਦ, ਗਏ ਤਲਾ ਦੇ ਉੱਤੇ!
ਜਲ ਦੀ ਥਾਂ ਕੀੜੇ ਦਿਸ ਆਏ ਕੁਰਬਲ ਕੁਰਬਲ ਕਰਦੇ!
ਦਸ ਦਸ ਕਦਮ ਤਲਾ ਤੋਂ ਸਾਰੇ, ਨੱਸ ਗਏ ਮੁਨਿ ਡਰਦੇ!
ਸੌਚ, ਇਸ਼ਨਾਨ, ਆਚਮਨ, ਪੂਜਨ ਹੇਤ ਨ ਲੱਭੇ ਪਾਣੀ!
ਤੜਫਣ ਲੱਗੀ, ਖਾਣ ਪੀਣ ਬਿਨ ਰਿਸ਼ੀਆਂ ਦੀ ਸਭ ਢਾਣੀ!
ਸੋਚ ਸੋਚ ਕੇ ਸੀਸ ਨਿਵਾ 'ਸ਼੍ਰੀ ਰਾਮ' ਪਾਸ ਸਭ ਆਏ!
‘ਭਗਵਾਨ, ਛਿਮਾ ਕਰੋ ਜੋ ਹਮ ਨੇ ਬਚਨ ਅਯੋਗ ਸੁਣਾਏ!
ਹਸ ਕੇ ਬੋਲੇ ਰਾਮ ਚੰਦ ਜੀ 'ਪਾਸ ਭੀਲਣੀ ਜਾਓ!
'ਉਸ ਦੀ ਜੋ ਬੇਅਦਬੀ ਕੀਤੀ, ਉਸ ਤੋਂ ਛਿਮਾਂ ਕਰਾਓ!
'ਚਰਨ ਓਸ ਸ਼ੂਦ੍ਰਾਣੀ ਦੇ, ਖ਼ੁਦ ਓਸ ਤਲਾ ਵਿਚ ਧੋਵੋ!
'ਨਿਰਮਲ ਜਲ ਤਤਛਿਨ ਬਣ ਜਾਸੀ, ਅੱਗੋਂ ਸਿਧੇ ਹੋਵੋ!'
ਤ੍ਰਾਹਿ ਤ੍ਰਾਹਿ ਸਭ ਰਿਸ਼ੀਆਂ ਮੁਨੀਆਂ ਹੱਥ ਜੋੜ ਕੇ ਕੀਤੀ!
ਉਸੇ ਭੀਲਣੀ ਦੀ ਕਰ ਪੂਜਾ, ਖੁਸ਼ੀ ‘ਰਾਮ’ ਦੀ ਲੀਤੀ!
ਹੱਤੇਰੀ ਅਭਿਮਾਨ ਜ਼ਾਤ ਦੇ, ਖ਼ੂਬ ‘ਰਾਮ’ ਤੁਧ ਕਸਿਆ!
'ਸੁਥਰਾ' ਹਸਿਆ, ਜਾਤ-ਜੂਤ ਤੋਂ ਸੌ ਸੌ ਕੋਹਾਂ ਨਸਿਆ!

9. ਨਾ ਝਰਨ ਵਾਲਾ ਝਰਨਾ

ਹੈਰਾਨੀ ਹੈ, ਇਸ ਦੁਨੀਆਂ ਵਿਚ, ਮਾੜਾ ਯਾ ਤਕੜਾ ਹਰ ਬੰਦਾ,
ਕਈ ਕੰਮ ਲਾਭ, ਜਸ, ਨੇਕੀ ਦੇ ਕਰ ਸਕਦਾ ਹੈ ਪਰ ਕਰਦਾ ਨਹੀਂ।
ਜੇ ਨਫ਼ਸ ਪਰੇਰੇ ਪਾਪਾਂ ਵਲ, ਤਾਂ ਵਾਜ ਆਤਮਾ ਦੀ ਸੁਣ ਕੇ,
ਉਸ ਅੰਤਰਜਾਮੀ ਕਰਤੇ ਤੋਂ ਡਰ ਸਕਦਾ ਹੈ ਪਰ ਡਰਦਾ ਨਹੀਂ।
ਕੁਝ ਲਗੇ ਨਾ ਮਿੱਠਾ ਬੋਲਣ ਤੇ, ਦੋ ਲਫ਼ਜ਼ ਮੁਲਾਇਮ ਆਖ ਮੁਖੋਂ,
ਦੁਖ ਰੋਜ਼ ਅਨੇਕਾਂ ਦੁਖੀਆਂ ਦੇ, ਹਰ ਸਕਦਾ ਹੈ ਪਰ ਹਰਦਾ ਨਹੀਂ।
ਕਰਤਾਰ ਜਿ ਤਾਕਤ ਧਨ ਬਖਸ਼ੇ, ਫਲਦਾਰ ਬਿਰਛ ਸਮ ਨਿਊਂ ਨਿਊਂ ਕੇ,
ਨਿਜ ਸ਼ਕਤੀ, ਧੱਕੇ ਲੋਕਾਂ ਦੇ, ਜਰ ਸਕਦਾ ਹੈ ਪਰ ਜਰਦਾ ਨਹੀਂ।
ਸੁਖ ਕੇਵਲ ਹੈ ਭਲਿਆਈ ਵਿਚ, ਦਿਲ ਸ਼ਾਂਤੀ ਹੈ ਉਪਕਾਰਾਂ ਵਿਚ,
ਮਨ-ਤਪਸ਼ ਮਿਟਾ ਕੇ ਹੋਰਾਂ ਦੀ, ਠਰ ਸਕਦਾ ਹੈ ਪਰ ਠਰਦਾ ਨਹੀਂ।
ਉਚ ਸਿਫ਼ਤਾਂ ਮਾਨੋ ਹੂਰਾਂ ਨੇ, ਵਰ ਮਾਲਾ ਲੈ ਕੇ ਫਿਰ ਰਹੀਆਂ,
ਸਿਰ ਜ਼ਰਾ ਝੁਕਾ, ਗਲ ਹਾਰ ਪੁਆ, ਵਰ ਸਕਦਾ ਹੈ ਪਰ ਵਰਦਾ ਨਹੀਂ।
ਹੈ ਪਤਾ ਕਿ ਅੱਗੇ ਸਫ਼ਰ ਬੜਾ ਦੁਖ ਹੋਊ ਜਿ ਪੱਲਾ ਖਾਲੀ ਹੈ,
ਨਿਜ ਦਾਮਨ ਸ਼ੁਭ ਸ਼ੁਭ ਅਮਲਾਂ ਦਾ, ਭਰ ਸਕਦਾ ਹੈ ਪਰ ਭਰਦਾ ਨਹੀਂ।
ਗੁਣ ਔਗੁਣ ਸਭ ਵਿਚ ਹੁੰਦੇ ਨੇ, ਗੁਣ ਗਾਹਕ ਹੋਸੀ ਸਮ ਬਣ ਕੇ,
ਭੁੱਲ-ਨੁਕਸ ਖ਼ਿਮਾਂ ਦੇ ਛਿੱਕੇ ਤੇ, ਧਰ ਸਕਦਾ ਹੈ ਪਰ ਧਰਦਾ ਨਹੀਂ।
ਝਖ਼ ਮਾਰੇ ਫ਼ਾਨੀ ਇਸ਼ਕ ਮਗਰ, ਪਰ ਸ੍ਰਿਸ਼ਟੀ ਤਾਂਈ ਹੀਰ ਜਾਣ,
ਜੰਗਲ ਵਿਚ ਰਾਂਝੇ ਸਮ ਚੂਰੀ, ਚਰ ਸਕਦਾ ਹੈ ਪਰ ਚਰਦਾ ਨਹੀਂ।
ਹੈ ਤ੍ਰਿਸ਼ਨਾ ਸਾਗਰ ਦੇ ਪਾਯਾ, ਡੁਬ ਜਾਣ ਏਸ ਵਿਚ ਨਿ੫-ਯੋਗੀ,
ਸੰਤੋਖ ਦੀ ਬੇੜੀ ਚੜ੍ਹ ਇਸ ਨੂੰ, ਤਰ ਸਕਦਾ ਹੈ ਪਰ ਤਰਦਾ ਨਹੀਂ ।
ਹਾਂ ! ਅਸੀਂ ਜਿਦ੍ਹੇ ਤੇ ਮਰਦੇ ਹਾਂ, ਉਸ ਭੋਲੇ ਨੂੰ ਕੁਝ ਸੂਝ ਨਹੀਂ,
ਜੇ ਚਾਹੇ ਤਾਂ ਉਹ ਭੀ ਸਾਡੇ ਤੇ ਮਰ ਸਕਦਾ ਹੈ ਪਰ ਮਰਦਾ ਨਹੀਂ।
ਹਰ ਪ੍ਰਾਣੀ ਚਸ਼ਮਾ-ਝਰਨਾ ਹੈ, ਨੇਕੀ ਖੁਸ਼ਦਿਲੀ, ਮੁਹੱਬਤ ਦਾ,
'ਸੁਥਰੇ' ਸਮ ਚਾਹੇ ਤਾਂ ਹਰ ਕੋਈ, ਝਰ ਸਕਦਾ ਹੈ ਪਰ ਝਰਦਾ ਨਹੀਂ॥

10. ਘਰ ਦੀ ਮਲਕਾਂ ਕਿ ਜੁੱਤੀ

ਇਕ ਧਨੀ ਨੂੰ ਆਦਤ ਡਾਢੀ ਭੈੜੀ ਪਈ ਕੁਰੁੱਤੀ ਹੈ।
ਮੁੜ ਮੁੜ ਕਹਿੰਦੇ 'ਔਰਤ ਕੀ ਹੈ? ਸਿਰਫ ਪੈਰ ਦੀ ਜੁੱਤੀ ਹੈ।'
ਅਜ ਮੈਂ ਜ਼ਹਿਰੀ ਹਾਸਾ ਹਸ ਕੇ, ਕਿਹਾ ਸੱਚ ਫੁਰਮਾਂਦੇ ਹੋ।
ਬੜੀ ਸਿਆਣਪ ਨਾਲ ਨਾਰ ਨੂੰ, ਠੀਕ ਖ਼ਿਤਾਬ ਦਿਵਾਂਦੇ ਹੋ।
'ਜਗ ਵਿਚ ਜਿੰਨ-ਭੂਤ ਸਭ ਕੇਵਲ ਜੁੱਤੀ ਅੱਗੇ ਭਜਦੇ ਨੇ।
'ਜੁੱਤੀ ਬਿਨਾਂ ਕੁਹੱਡ ਆਦਮੀ ਕਦੀ ਨਾ ਬਣਦੇ ਚਜ ਦੇ ਨੇ।
'ਚੂੰਕਿ ਤੁਸੀਂ ਨਾਰ ਦੇ ਹੁਕਮਾਂ ਅਗੇ ਨਿਊਂ ਕੇ ਰਹਿੰਦੇ ਹੋ।
'ਹੁਕਮਰਾਨ ਨਾਰੀ ਨੂੰ ਇਸ ਹਿਤ ਸਚ ਹੀ ਜੁੱਤੀ ਕਹਿੰਦੇ ਹੋ।
'ਚੂੰਕਿ ਨਿਜ ਅਰਧੰਗੀ ਦੇ ਹੋ ਪੂਰੇ ਆਗਿਆਕਾਰ ਤੁਸੀਂ।
'ਇਸ ਦਾ ਮਤਲਬ ਇਹੋ ਨਿਕਲਿਆ, ਜੁੱਤੀ ਦੇ ਹੋ ਯਾਰ ਤੁਸੀਂ?
'ਰਬ ਨੇੜੇ ਕਿ ਜੁੱਤੀ ਨੇੜੇ? ਜੁੱਤੀ ਜਗ ਨੂੰ ਥਪਦੀ ਹੈ।
ਨਾਰ-ਸ਼ਕਤਿ ਨੂੰ ਜੀਭ ਤੁਹਾਡੀ ਤਦ ਜੁੱਤੀ ਕਹਿ ਜਪਦੀ ਹੈ।
'ਗਜ਼ਬ ਖ਼ੁਦਾ ਦਾ, ਜੁੱਤੀਓਂ ਜੰਮਕੇ, ਗੋਦ ਜੁੱਤੀ ਵਿਚ ਪਲ ਪਲ ਕੇ।
'ਜੁੱਤੀ ਚੁੰਘ ਚੁੰਘ ਵੱਡੇ ਹੋ ਕੇ, ਖ਼ਾਕ ਸੁੱਤੀ ਮੂੰਹ ਮਲ ਮਲ ਕੇ।
'ਸੇਹਰੇ ਬੰਨ੍ਹ ਜੁੱਤੀ ਦੇ ਸ੍ਵਾਗਤ ਲਈ ਜਲੂਸ ਲਿਜਾਂਦੇ ਹੋ।
'ਡੋਲ੍ਹੇ ਚਾੜ੍ਹ, ਲਿਆ ਕੇ, ਤਨ ਮਨ, ਧਨ ਘਰ ਭੇਟ ਕਰਾਂਦੇ ਹੋ।
'ਓਹ ਵਿੱਟਰੇ ਤਾਂ ਹੋ ਮੁਰਝਾਂਦੇ, ਓਹ ਹੱਸੇ ਤਾਂ ਖਿੜਦੇ ਹੋ।
'ਜਾਨ ਦੇਣ ਨੂੰ ਤਤਪਰ ਹੋਵੋ, ਉਸ ਤੋਂ ਐਸੇ ਚਿੜਦੇ ਹੋ।
'ਉਸ ਦੇ ਬੱਚਿਆਂ ਉਤੋਂ ਸਦਕੇ ਮਾਲ-ਦੌਲਤਾਂ ਕਰਦੇ ਹੋ।
'ਨੌਕਰ ਬਣ ਕੇ ਉਹਨਾਂ ਦੇ, ਨਿਤ ਸੇਵਾ ਕਰਦੇ ਮਰਦੇ ਹੋ!
'ਓਹ ਮਲਕਾਂ ਜੋ ਤੁਹਾਡੇ ਘਰ ਦੀ ਦੁਨੀਆਂ ਤਾਂਈ ਖਿੜੌਂਦੀ ਹੈ!
'ਉਸ ਨੂੰ ਜੁੱਤੀ ਆਖਦਿਆਂ ਨਾ ਸ਼ਰਮ ਤੁਹਾਨੂੰ ਔਂਦੀ ਹੈ?
'ਅੱਧਾ ਅੰਗ ਨਾਰ ਨੂੰ ਕਹਿੰਦੇ ਸਾਰੇ ਗ੍ਰੰਥ ਪਵਿੱਤਰ ਨੇ।
‘ਨਾਰੀ ਨੂੰ ਜੋ ਜੁੱਤੀ ਆਖਣ ਓਹ ਖੁਦ ਭੀ ਇਕ ਛਿੱਤਰ ਨੇ।
‘ਜੀਭ ਉਨਾਂ ਦੀ ਕੁੱਤੀ ਹੈ ਤੇ ਅਕਲ ਉਹਨਾਂ ਦੀ ਸੁੱਤੀ ਹੈ।
'ਨਾਰੀ ਦੇ ਸੁਤ ਹੋ ਕੇ ਜੇਹੜੇ ਕਹਿਣ ਨਾਰ ਇਕ ਜੁੱਤੀ ਹੈ।
ਹੌਲਾ 'ਸੁਥਰਾ' ਇਉਂ ਕਰ ਉਸ ਨੂੰ ਠੰਢਾ ਮੇਰਾ ਜੀ ਹੋਯਾ।
ਪਤਾ ਨਹੀਂ ਕਿ ਉਸ ਦੇ ਦਿਲ ਤੇ, ਅਸਰ ਹੋਯਾ ਯਾ ਕੀ ਹੋਯਾ?

11. ਹਰਿ ਪਾਉਣ ਦੀ ਜੁਗਤੀ

ਇਕ ਸ਼ਰਧਕ ਨੇ ਹੱਥ ਜੋੜ ਕੇ, ਪੁਛਿਆ, ਸੀਸ ਨਿਵਾ ਕੇ:-
'ਮਹਾਂਰਾਜ! ਮੈਂ 'ਹਰ' ਨੂੰ ਪਾਵਾਂ ਕੇਹੜੇ ਪੁੰਨ ਕਮਾ ਕੇ?'
ਬੇਪਰਵਾਰੀ ਨਾਲ ਕਿਹਾ ਮੈਂ 'ਹਰ ਸੂ ਨਜ਼ਰ ਦੁੜਾਓ।
'ਹਰ-ਸੇਵਾ ਕਰ, ਹਰ-ਖੁਸ਼ ਕਰ ਕੇ, ਹਰ-ਦਮ ‘ਹਰ’ ਨੂੰ ਪਾਓ।
'ਹਰ ਨੂੰ ਤਦ ਹੀ ਹਰ ਹਨ ਕਹਿੰਦੇ, ਹਰ ਥਾਂ ਹੈ ਹਰ ਵੇਲੇ।
'ਹਰ ਪਰਬਤ, ਹਰ ਨਦੀ-ਸਮੁੰਦਰ, ਹਰ ਜੰਗਲ, ਹਰ ਬੇਲੇ।
'ਹਰ ਜ਼ੱਰੇ, ਹਰ ਪੱਤੇ ਬੂਟੇ, ਹਰ ਕਿਣਕੇ, ਹਰ ਕਤਰੇ।
'ਹਰ ਮੰਦਰ, ਮਸਜਿਦ, ਗੁਰਦ੍ਵਾਰੇ, ਹਰ ਪੋਥੀ, ਹਰ ਪਤਰੇ।
'ਹਰਘਰ, ਹਰਦਰ, ਹਰਸਰ, ਹਰ ਨਰ, ਹਰ ਦਿਲ, ਹਰ ਤਿਲ ਹਰ ਹੈ।
'ਹਰ ਰੋਟੀ, ਹਰ ਜਲ, ਹਰ ਵਾਯੂ, ਹਰ ਮਿੱਟੀ, ਹਰ ਜ਼ਰ ਹੈ।
'ਹਰ ਦਿਸਦਾ, ਹਰ ਹੀ ਅਣਦਿਸਦਾ, ਹਰ ਸੀ, ਹਰ ਹੈ ਹੋਸੀ।
'ਸੱਜਣ ਵੈਰੀ, ਸੁਤ ਸਨਬੰਧੀ, ਹਰ ਹਾਕਮ, ਹਰ ਦੋਸੀ।
'ਹਰ ਪਾਸੇ ਹਰ ਹੀ ਪਿਆ ਦਿਸੇ, ਹਰ ਬਿਨ ਕੋਈ ਨਾ ਜਾਪੇ।
'ਹਰ ਨੂੰ ਹਰ ਕੋਈ ਪ੍ਰੇਮ ਕਰੇ ਤਾਂ, ਆਪੇ ਮੁਕਣ ਸਿਆਪੇ।
'ਦਿਲ ਤੋਂ ਦੂਈ-ਨਫ਼ਰਤ ਹਰ ਕੇ, ਹਰ ਦੇ ਦੁਖੜੇ ਹਰ ਕੇ।
'ਹਰ ਮਿਲਨਾ ਕੀ ? ਆਪ ਬਣੋ ਹਰ, ਹਰ ਨੂੰ ਕਾਬੂ ਕਰ ਕੇ ।
'ਜਗ ਵਿਚ ਜਿਸ ਨੇ ਭੀ ਹਰ ਪਾਯਾ, ਹਰ ਖੁਸ਼ ਕਰ ਕੇ ਪਾਯਾ ।
'ਹਰ ਦਿਲ ਜਿਤ ਕੇ ਹਰ ਪਾਵਣ ਦਾ, ਇਕੋ ਰਾਹ ਦਿਖਾਯਾ ।
'ਜਿਸ ਨੇ ਹਰ ਦਿਲ ਖੁਸ਼ ਨਾ ਰਖਿਆ, ਉਸ ਨੇ ਹਰ ਕੀ ਪਾਣਾ ?
'ਇਸ 'ਸੁਥਰੇ' ਗੁਰ ਬਿਨ ਫਜ਼ੂਲ ਹੈ ਲੰਮਾ ਗਿਆਨ ਸੁਨਾਣਾ।'

12. ਗ਼ਲਤ ਫ਼ਹਿਮੀਆਂ

ਮੈਂ ਦੇਖ ਹਮਾਕਤ ਦੁਨੀਆਂ ਦੀ ਹੁੰਦਾ ਹਾਂ ਦੂਰ੍ਹਾ ਹਸ ਹਸਕੇ
ਪੈ ਲੋਕ ਮੁਫ਼ਤ ਦੁਖ ਝਲਦੇ ਨੇ ਵਿਚ ਗ਼ਲਤ ਫ਼ਹਿਮੀਆਂ ਫਸ ਫਸਕੇ

'ਕੋਝੇ' ਨੂੰ ਲਗਾ ਭੁਲੇਖਾ ਹੈ ਬਣ ਬਣ ਕੇ 'ਸੋਣ੍ਹਾ' ਫੁਲਦਾ ਹੈ
ਜਦ ਲੋਕ ਟਿਚਕਰਾਂ ਕਰਦੇ ਨੇ ਤਾਂ ਅੰਦਰ ਅੰਦਰ ਘੁਲਦਾ ਹੈ

'ਮੂਰਖ' ਖ਼ੁਦ ਤਈਂ ਸਮਝਦਾ ਹੈ ਅਕਲਈਆ ਵਧ ਵਿਦਵਾਨਾਂ ਤੋਂ
ਫਿਰ ਰੋਂਦਾ ਹੈ, ਜਦ ਜਗਤ ਕਰੇ ਵਰਤਾਉ ਬੁਰਾ ਹੈਵਾਨਾਂ ਤੋਂ

ਕੰਗਲਾ ਹੈ ਫਸਿਆ ਗ਼ਲਤੀ ਵਿਚ ਧਨੀਆਂ ਦੀਆਂ ਰੀਸਾਂ ਕਰਦਾ ਹੈ
ਜਦ ਕਰਜ਼ੇ-ਸੂਦ ਕੁਚਲਦੇ ਨੇ ਤਾਂ ਰੋਂਦਾ ਹਉਕੇ ਭਰਦਾ ਹੈ

ਕਮਜ਼ੋਰ 'ਬਲੀ' ਸਮ ਆਕੜਕੇ ਜਾ ਨਾਲ ਤਕੜਿਆਂ ਖਹਿੰਦਾ ਹੈ
ਤਦ ਹੋਸ਼ ਮਗ਼ਜ਼ ਵਿਚ ਔਂਦੀ ਹੈ ਜਦ ਹੱਡ ਤੁੜਾਕੇ ਬਹਿੰਦਾ ਹੈ

ਕੋਈ 'ਸੋਨੇ' ਸੂਲੀ ਚੜ੍ਹਿਆ ਹੈ, ਕੋਈ 'ਜ਼ਾਤ' ਭੁੱਲ ਵਿਚ ਫਸਿਆ ਹੈ
ਕੋਈ 'ਰਾਜ' ਭੁਲੇਖੇ ਭੁਲਿਆ ਹੈ, ਸਪ 'ਰੰਗ' ਕਿਸੇ ਨੂੰ ਡਸਿਆ ਹੈ

'ਬੁੱਧੂ' ਦੇ ਭਾਣੇ ਹਥਕੰਡੇ ਸਭ ਜਗ ਦੇ ਉਸਨੂੰ ਆਂਦੇ ਨੇ
ਪਛਤਾਂਦਾ ਹੈ, ਜਦ ਚਤੁਰ ਲੋਕ, ਤਿਸ ਵੇਚ ਪਕੌੜੇ ਖਾਂਦੇ ਨੇ

ਪਿਉ ਜਿਸਦਾ ਕਾਲੇ ਅੱਖਰ ਤੋਂ ਮਹਿੰ ਕਾਲੀ ਵਾਂਗੂੰ ਡਰਦਾ ਹੈ
ਓਹ 'ਡੰਗਰ' ਅਪਨੀ ਉਪਮਾ ਕਰ, 'ਕਵੀਆਂ' ਦੀ ਨਿੰਦਾ ਕਰਦਾ ਹੈ

ਕਹਿੰਦੇ ਹਨ 'ਬੰਦੇ' ਘੜਨ ਸਮੇਂ, ਰਬ ਸਭ ਦੇ ਕੰਨ 'ਚ ਕਹਿੰਦਾ ਹੈ
'ਨਹੀਂ ਘੜਿਆ ਤੇਰੇ ਜਿਹਾ ਹੋਰ' ਬਸ 'ਬੰਦਾ' ਆਕੜ ਬਹਿੰਦਾ ਹੈ

ਭੁਲ ਇਸੇ ਤਰਾਂ 'ਸ਼ੈਤਾਨ' ਹੁਰਾਂ ਨਾ ਅਦਬ 'ਆਦਮ' ਦਾ ਕੀਤਾ ਸੀ
'ਏਹ ਖ਼ਾਕੀ ਹੈ ਮੈਂ ਨਾਰੀ ਹਾਂ' ਕਹਿ ਤੌਕ ਲਾਨ੍ਹਤੀ ਲੀਤਾ ਸੀ

ਜਗ ਰੀਸ 'ਸ਼ਤਾਨੀ' ਕਰਦਾ ਹੈ, ਨਾ ਸਬਕ ਓਸ ਤੋਂ ਸਿਖਦਾ ਹੈ
ਵਧ 'ਗ਼ਲਤ ਫ਼ਹਿਮੀਆਂ' ਸਿਖਦਾ ਹੈ, ਜਯੋਂ ਜਯੋਂ ਵਧ ਪੜ੍ਹ ਲਿਖਦਾ ਹੈ

ਜੇ 'ਗ਼ਲਤ ਫ਼ਹਿਮੀਆਂ' ਤਜ ਬੰਦਾ ਅਪਨੇ ਸਮ ਸਮਝੇ ਹੋਰਾਂ ਨੂੰ
ਸੁਖ ਮਾਨ ਦਵੇ, ਸੁਖ ਮਾਨ ਲਵੇ, ਤਜ ਜ਼ੋਰਾਂ, ਸ਼ੋਰਾਂ, ਖੋਰਾਂ ਨੂੰ

ਤਦ ਇਹੋ ਨਰਕ ਜਗ, ਸੁਰਗ ਬਣੇ, ਲੁਤਫ਼ਾਂ ਦਾ ਤੰਬੂ ਤਣ ਜਾਵੇ
ਦਿਲ ਗੰਦ ਮੰਦ ਤੋਂ ਸਾਫ਼ ਹੋਣ, ਹਰ ਬੰਦਾ 'ਸੁਥਰਾ' ਬਣ ਜਾਵੇ

13. ਮਿੱਠਾ ਜ਼ਹਿਰ

ਤਿੰਨ ਯਾਰ ਸਨ ਖੱਟਣ ਜਾਂਦੇ ਅੱਗੋਂ ਮਿਲਿਆ ਸਾਧੂ!
ਸਾਹ ਚੜ੍ਹਿਆ, ਹਫ਼ਿਆ ਅਤਿ ਘਰਕੇ, ਰੌਲਾ ਪਾਵੇ ਵਾਧੂ!
ਕਹਿਣ ਲੱਗਾ 'ਉਸ ਬਿਰਛ ਹੇਠ ਮੈਂ ਕੁੰਡ ਜ਼ਹਿਰ ਦਾ ਡਿੱਠਾ!
ਵਿਹੁ ਚੜ੍ਹਦੀ ਹੈ ਦੂਰੋਂ ਤਕਿਆਂ ਪਰ ਖਾਵਣ ਵਿਚ ਮਿੱਠਾ!'
ਹੋ ਅਸਚਰਜ ਉਥੇ ਜਦ ਪੁੱਜੇ, ਆਯਾ ਨਜਰ ਖਜ਼ਾਨਾ!
ਹੀਰੇ, ਮੋਤੀ, ਸੋਨਾ, ਚਾਂਦੀ, ਓਰ ਨ ਛੋਰ ਠਿਕਾਨਾ!
ਕਹਿਣ ਲੱਗੇ 'ਓ ਮੂਰਖ ਬਾਵੇ ! ਏਹ ਤਾਂ ਦੇਲਤ ਭਾਰੀ!
'ਰਾਜੇ ਭੀ ਹਨ ਭੁੱਖੇ ਜਿਸ ਦੇ, ਤਰਸਨ ਸਭ ਨਰ ਨਾਰੀ!'
ਸਾਧੂ ਡਰ ਕੇ ਪਿਛੇ ਹਟਿਆ 'ਨਾ ਬਾਬਾ ! ਵਿਸ ਭਾਰਾ!
'ਮੈਂ ਤਾਂ ਇਸ ਨੂੰ ਹਥ ਨ ਲਾਵਾਂ, ਢਕੋ ਖਾਕ ਪਾ ਸਾਰਾ!'
ਇਹ ਕਹਿ ਸਾਧੂ ਚਲਦਾ ਬਣਿਆ, ਤਿੰਨੇ ਸਜਨ ਗੁੜ੍ਹਕੇ!
ਉਛਲਣ, ਕੁੱਦਣ, ਛਾਲਾਂ ਮਾਰਨ, ਖਿੜ ਖਿੜ ਹੱਸੇ ਲੁੜ੍ਹਕੇ:-
'ਵਾਹਵਾ ਕਿਸਮਤ ਨਾਲ ਖ਼ਜ਼ਾਨਾ, ਇਤਨਾ ਬੜਾ ਥਿਆਯਾ!
ਪਿਛਲੇ ਜੁਗ ਦਾ ਪੁੰਨ ਦਾਨ ਕੋਈ ਸਾਡੇ ਅਗੇ ਆਯਾ!'
ਇਕ ਨੂੰ ਰੋਟੀ ਲੈਣ ਭੇਜਿਆ, ਬੈਠ ਰਹੇ ਦੋ ਰਾਖੀ!
ਸੋਚ ਸੋਚ ਕੇ ਇਕ ਯਾਰ ਨੇ ਦੂਜੇ ਨੂੰ ਗਲ ਆਖੀ:-
'ਕ੍ਯੋਂ ਨਾ ਦੋਵੇਂ ਤੀਜੇ ਤਾਈਂ ਕਤਲ ਇਥੇ ਹੀ ਕਰੀਏ ?'
ਦੂਜੇ ਕਿਹਾ 'ਠੀਕ ਹੈ ਅੱਧੋ ਅੱਧ ਘਰੀਂ ਜਾ ਧਰੀਏ!'
ਉਧਰ ਤੀਜੇ ਨੇ ਮਨ ਵਿਚ ਮਿਥ ਕੇ, ਖਾਣੇ ਜ਼ਹਿਰ ਮਿਲਾਯਾ!
ਕੱਲਿਆਂ ਹੀ ਧਨ ਸਾਂਭਣ ਖਾਤਿਰ, ਜ਼ਹਿਰੀ ਫੰਦਾ ਲਾਇਆ!
ਇਨ੍ਹਾਂ ਦੁਹਾਂ ਕਰ ਕਤਲ ਓਸ ਨੂੰ, ਰਜਕੇ ਖਾਣਾ ਖਾਇਆ!
ਤਿੰਨੇ ਮਰੇ ਖ਼ਜ਼ਾਨਾ ਓਵੇਂ ਰਿਹਾ ਨ ਕਿਸੇ ਉਠਾਯਾ!
ਜਗ ਤੇ ਥਾਂ ਥਾਂ ਲੋਭ-ਜ਼ਹਿਰ ਦਾ ਮਿਲੇ ਨਜ਼ਾਰਾ ਐਸਾ!
'ਸੁਥਰਾ' ਸਭ ਦੁਨੀਆਂ ਤੋਂ ਚੰਗਾ ਪਾਸ ਨ ਰਖੇ ਪੈਸਾ!

14. ਸ਼ਾਂਤੀ ਦਾ ਇਮਤਿਹਾਨ

ਮੈਂ ਸੁਣਿਆਂ ਕਿ ਨਗਰ ਅਸਾਡੇ, ਇਕ ਸਾਧੂ ਹੈ ਆਯਾ ।
ਮੜ੍ਹੀਆਂ ਲਾਗੇ, ਛੱਪੜ ਕੰਢੇ, ਡੇਰਾ ਹੈ ਉਸ ਲਾਯਾ ।
'ਸ਼ਾਂਤਿ ਸਰੂਪ' ਨਾਮ ਹੈ ਉਸਦਾ, ਰੱਖੇ ਪੂਰਨ ਸ਼ਾਂਤੀ ।
ਅਤਿ ਗੰਭੀਰ, ਧੀਰ, ਤੇ ਨਿੰਮਰ, ਸੀਤਲ ਹੈ ਹਰ ਭਾਂਤੀ ।
ਕ੍ਰੋਧ-ਦਮਨ ਦੀ ਸਿੱਖਯਾ ਦੇਵੇ, ਬੋਲੇ ਹੌਲੀ-ਮਿੱਠਾ ।
ਸਾਧੂ ਨਹੀਂ ਦੇਵਤਾ ਹੈ ਓਹ, ਸੰਤ ਨ ਐਸਾ ਡਿੱਠਾ ।
ਭੇਡਾਂ ਚਾਲ, ਹਜ਼ਾਰਾਂ ਲੋਕੀ, ਜਾ ਧਨ-ਬਸਤ੍ਰ ਚੜ੍ਹਾਂਦੇ ।
ਸਾਧੂ ਜੀ ਹਰ ਹਾਲਤ ਸਭ ਨੂੰ, ਸ਼ਾਂਤੁਪਦੇਸ਼ ਸੁਣਾਂਦੇ ।
ਮੈਂ ਭੀ ਕਿਹਾ 'ਮਨਾ ਚਲ ਦਰਸ਼ਨ, ਮਹਾਂ ਪੁਰਖ ਦਾ ਪਾਈਏ ।
ਨਾਲੇ ਉਸਦੀ ਸ਼ਾਂਤਿ-ਨਿਮ੍ਰਤਾ ਨੂੰ ਭੀ ਕੁਝ ਅਜ਼ਮਾਈਏ ।'
ਲੋਕ ਸੈਂਕੜੇ ਬੈਠੇ ਸਨ, ਮੈਂ ਜਾ 'ਆਦੇਸ' ਉਚਾਰੀ ।
'ਮਹਾਰਾਜ ਕੀ ਨਾਮ ਆਪਦਾ ? ਹਥ ਬੰਨ੍ਹ ਅਰਜ਼ ਗੁਜ਼ਾਰੀ ।
ਕਹਿਣ ਲਗੇ 'ਗੁਰ ਦਰ ਦਾ ਕੂਕਰ, ਅਪਰਾਧੀ, ਅਤਿ ਪਾਪੀ ।
'ਸੰਗਤ-ਜੋੜੇ ਝਾੜਨ ਵਾਲਾ, ਸ਼ਾਂਤਿ-ਸਰੂਪ ਸਰਾਪੀ ।'
ਕੁਝ ਪਲ ਮਗਰੋਂ ਫਿਰ ਮੈਂ ਪੁਛਿਆ 'ਨਾਮ ਪਵਿੱਤਰ ਥਾਰਾ ?'
ਬੋਲੇ 'ਸ਼ਾਂਤਿ-ਸਰੂਪ ਆਖਦੇ ਭੁੱਲਣ ਹਾਰ ਵਿਚਾਰਾ ।'
ਇਕ ਦੋ ਗੱਲਾਂ ਬਾਦ ਫੇਰ ਮੈਂ ਕੀਤੀ ਅਰਜ਼ 'ਸਵਾਮੀ !
ਭੁੱਲ ਗਿਆ ਹੈ ਫੇਰ ਦਾਸ ਨੂੰ ਨਾਮ ਆਪਦਾ ਨਾਮੀ ?'
ਜ਼ਰਾ ਕੁ ਤਲਖ਼ੀ ਨਾਲ ਤੱਕ ਕੇ ਬੋਲੇ 'ਭਗਤ ਪਯਾਰੇ
ਸ਼ਾਂਤਿ-ਸਰੂਪ ਨਾਮ ਹੈ ਮੇਰਾ, ਦੱਸਿਆ ਹੈ ਸੌ ਵਾਰੇ ।'
ਯਾਨੀ ਛੱਡ ਨਿੰਮ੍ਰਤਾ ਸਾਰੀ, ਖਰ੍ਹਵੇ ਹੋਵਣ ਲੱਗੇ ।
ਮੈਂ ਦਿਲ ਦੇ ਵਿਚ ਕਿਹਾ ਹੱਸਕੇ, ਦੇਖੋ ਅੱਗੇ ਅੱਗੇ ।
ਚੌਥੀ ਵਾਰ ਫੇਰ ਮੈਂ ਪੁਛਿਆ 'ਨਾਮ ਤਾਂ ਫਿਰ ਫ਼ਰਮਾਓ ?'
'ਸ਼ਾਂਤਿ-ਸਰੂਪ ਸੰਤ ਹਾਂ ਮੈਂ ਜੀ ! ਸਿਰ ਨਾ ਬਹੁਤਾ ਖਾਓ ।'
ਪਲ ਪਿੱਛੋਂ ਮੂੰਹ ਪੀਡਾ ਕਰਕੇ, ਓਹੋ ਬਿਨੈ ਉਚਾਰੀ ।
'ਸ਼ਾਂਤਿ-ਸਰੂਪ ਯਾਦ ਨਹੀਂ ਰਹਿੰਦਾ ? ਮੱਤ ਤੇਰੀ ਕਯੋਂ ਮਾਰੀ ?'
ਛੇਵੀਂ-ਸਤਵੀਂ ਵਾਰ ਜਦੋਂ ਫਿਰ ਪ੍ਰਸ਼ਨ ਉਹੀ ਮੈਂ ਕੀਤਾ ।
ਫਿਰ ਤਾਂ ਮਾਨੋ ਲੱਗ ਗਿਆ ਝਟ ਖ਼ੁਸ਼ਕ-ਬਰੂਦ ਪਲੀਤਾ ।
ਧੂਣੇ 'ਚੋਂ ਫੜ ਮੁੱਢੀ ਬਲਦੀ ਮੈਨੂੰ ਮਾਰਨ ਦੌੜੇ ।
ਮਣ ਮਣ ਫੱਕੜ ਮੂੰਹ 'ਚੋਂ ਤੋਲਣ ਨਥਣੇ ਹੋਏ ਚੌੜੇ ।
ਸ਼ਾਂਤੀ 'ਸ਼ਾਂਤ ਸਰੂਪ ਸੰਤ' ਦੀ ਦੇਖ ਹੱਸੇ ਸਭ ਲੋਕੀ ।
'ਵਾਹ ਸੰਤੋ ! ਭਜ ਗਈ ਤਿਹਾਰੀ, ਕਿਧਰ ਨਿਮ੍ਰਤਾ ਫੋਕੀ ?'
ਓਸੇ ਵਕਤ ਬਰਾਗਨ-ਚਿੱਪੀ ਅਪਨੀ ਉਨ੍ਹਾਂ ਉਠਾਈ ।
ਐਸੇ ਗਏ ਪਿੰਡ ਤੋਂ 'ਸੁਥਰੇ' ਫਿਰ ਨਾ ਸ਼ਕਲ ਦਿਖਾਈ ।

15. ਜੀਭ

ਬੋਟੀ ਤੋਲਾ ਨਰਮ ਮਾਸ ਦੀ, ਬਣ ਜਾਇ ਤੇਜ਼ ਕਰਾਰੀ ਜੀਭ
ਲਕੜੀ ਵਾਂਗ ਦਿਲਾਂ ਨੂੰ ਚੀਰੇ, ਬਿਨ ਦੰਦਿਆਂ ਦੇ ਆਰੀ ਜੀਭ
ਓ ਬੜਬੋਲੇ ਮੂੰਹ ਭੈੜੇ ਥੀਂ, ਗੱਲ ਤਾਂ ਚੰਗੀ ਕਰਿਆ ਕਰ,
ਚੁਲ੍ਹੇ ਮੂੰਹ ਵਿਚ ਧੁਖਦੀ ਭਖ਼ਦੀਂ, ਦਿੱਸੇ ਤੇਰੀ ਅੰਗਾਰੀਂ ਜੀਭ
ਸਤਿਆਨਾਸ ਨਾ ਹਿੰਦ ਦਾ ਹੁੰਦਾ ਛਿੜ ਕੇ ਕੌਰਵ-ਪਾਂਡੋ ਜੰਗ,
ਜੇ ਦਰੋਪਦੀ ਸਾਂਭੀ ਰਖਦੀ ਮੂੰਹ ਵਿਚ ਤੇਗ਼-ਦੁਧਾਰੀ ਜੀਭ
ਯਾ ਅੱਲਾ, ਨਿਭ ਸਕੇ ਕਿਸ ਤਰ੍ਹਾਂ, ਉਸ ਕਾਫ਼ਰ ਸੰਗ ਮੇਰਾ ਪ੍ਰੇਮ,
ਸੂਰਤ ਚੰਗੀ ਭਾਵੇਂ ਉਸ ਦੀ, ਪਰ ਹੈ ਬੜੀ ਨਿਕਾਰੀ ਜੀਭ
ਮੁਸ਼ਕੀ-ਰੰਗੇ ਪ੍ਰੀਤਮ ਨੂੰ ਮੈਂ ਕਿਹਾ, 'ਬੋਲਿਆ ਕਰ ਮਿੱਠਾ'
ਆਖਣ ਲੱਗਾ 'ਸਲੂਣੇ ਮੂੰਹ ਵਿਚ ਚਾਹੀਏ ਬੜੀ ਕਰਾਰੀ ਜੀਭ
ਬੜੇ ਬੜੇ ਜੋਧੇ ਜੋ ਡਰਦੇ ਨਹੀਂ ਤੋਪਾਂ ਬੰਦੂਕਾਂ ਤੋਂ,
ਸਹਿਮ ਜਾਣ, ਜਦ ਵਾਂਗ ਪਟਾਕੇ ਛਡਦੀ ਘਰ ਦੀ ਨਾਰੀ ਜੀਭ
ਰਬੜੋਂ ਨਰਮ, ਫੁਲਾਂ ਤੋਂ ਹੌਲੀ, ਨਾ ਹੱਡੀ ਨਾ ਪਸਲੀ ਮੂਲ,
ਫਿਰ ਭੀ ਬਣ ਜਾਇ ਤੇਜ਼ ਤੀਰ ਤੋਂ ਤੇ ਪਰਬਤ ਤੋਂ ਭਾਰੀ ਜੀਭ
ਜੀਭ ਚੜ੍ਹਾਏ ਹਾਥੀ ਉਤੇ, ਜੀਭ ਲਤਾੜੇ ਹਾਥੀ ਪੈਰ,
ਜੀਭ ਸ਼ੱਤਰੂ ਮਿਤ੍ਰ ਬਣਾਵੇ, ਤੋੜੇ ਰਿਸ਼ਤੇਦਾਰੀ ਜੀਭ
ਵਾਂਗ ਮਸ਼ੂਕਾਂ, ਵਿਚ ਚੁਬਾਰੇ, ਨੱਚੇ, ਟੱਪੇ, ਭੁੜਕੇ ਖੂਬ,
ਦੰਦਾਂ ਨੂੰ ਹੈ ਚਿਕਾਂ ਸਮਝਦੀ ਤੇ ਬੁਲ੍ਹਾਂ ਨੂੰ ਬਾਰੀ ਜੀਭ
ਬੱਤੀ ਪਹਿਰੇਦਾਰ ਬਿਠਾਏ ਰੱਬ ਨੇ ਇਸ ਨੂੰ ਕਰਕੇ ਕੈਦ,
ਫਿਰ ਭੀ ਮਾਰ ਦੂਰ ਤਕ ਕਰਦੀ ਚੰਡੀ-ਔਗੁਣਹਾਰੀ ਜੀਭ
ਬੋਲੇ ਦੀ ਸੀ ਵਹੁਟੀ ਸੁੰਦਰ ਕਹਿਣ ਲਗਾ 'ਹੈ ਡਾਢੀ ਮੌਜ,
ਸ਼ਕਲ ਦੇਖ ਕੇ ਰਜ ਜਾਂਦੇ ਹਾਂ, ਦੁਖ ਦੇਂਦੀ ਨਹੀਂ ਭਾਰੀ ਜੀਭ
ਸ਼ੇਰ-ਮੱਥਿਓਂ ਫੱਟ ਮਿਲ ਗਿਆ, ਥੋੜੇ ਦਿਨੀਂ ਕੁਹਾੜੇ ਦਾ,
ਪਰ ਨਾ ਮਿਟਿਆ ਘਾਉ ਰਿਦੇ ਦਾ ਜੋ ਸੀ ਲਾਯਾ ਕਾਰੀ, ਜੀਭ
ਜਿਉਂ ਰਾਹ ਵਿਚੋਂ ਤਿੱਖਾ ਕੰਡਾ, ਜੜ੍ਹ ਤੋਂ ਹਨ ਸਭ ਪੁਟ ਸੁਟਦੇ,
ਦਿਲ ਕਰਦਾ ਹੈਂ ਬਦਜ਼ਬਾਨ ਦੀ ਖਿਚ ਸੁਟੀਏ, ਤਿਉਂ ਸਾਰੀ ਜੀਭ
'ਸੁਥਰਾ' ਕਦੀ ਨ ਬੋਲੇ ਕੁਥਰਾ, ਜੀਭ ਲਗਾਮਾਂ ਕੱਸ ਰਖਦਾ,
ਨਰ-ਦਿਮਾਗ਼ ਦੇ ਤਾਬੇ ਰਖਦਾ ਪਤੀਬ੍ਰੱਤਾ ਸਮ ਨਾਰੀ ਜੀਭ

16. ਨਿਰਬਲ ਯਾਰ ਤੇ ਬਲੀ ਯਾਰ

ਇਕ ਕੰਜਰੀ ਡਾਢੀ ਆਕੜ ਵਿਚ ਸੀ ਤੁਰਦੀ ਜਾਂਦੀ!
ਅਪਨੇ ਹੁਸਨ ਜਵਾਨੀ, ਗਹਿਣੇ, ਕਪੜੇ ਤੇ ਇਤਰਾਂਦੀ !
ਠੁਮਕ ਠੁਮਕ ਉਹ ਕਦਮ ਉਠਾਵੇ, ਬਾਹਾਂ ਤਾਂਈ ਹਿਲਾਵੇ!
ਮਾਨੋਂ ਧਰਤੋਂ ਦੋ ਗਿੱਠ ਉੱਚੀ ਵਾ ਵਿਚ ਉਡਦੀ ਜਾਵੇ!
ਡਾਢੇ ਸੋਹਣੇ ਕਪੜੇ ਉਸ ਦੇ, ਡਾਢੇ ਸੋਹਣੇ ਗਹਿਣੇ!
ਪੌਡਰ, ਪਾਨ, ਲਵਿੰਡਰ, ਸੁਰਖੀ, ਬਿੰਦੀ ਦੇ ਕਯਾ ਕਹਿਣੇ!
ਇਕ ਅਯਾਸ਼ ਓਸ ਦਾ ਮਿੱਤਰ ਨਾਲ ਨਾਲ ਸੀ ਜਾਂਦਾ!
ਵਫ਼ਾਦਾਰ ਜਿਉਂ ਕੁੱਤਾ ਮਾਲਕ ਪਿੱਛੇ ਪੂਛ ਹਿਲਾਂਦਾ!
ਅੱਗੋਂ ਇਕ ਫ਼ਕੀਰ, ਸ਼ਹਿਰ ਦਾ ਚੱਕਰ ਸਾਰਾ ਲਾ ਕੇ!
ਥਕਿਆ ਟੁਟਿਆ ਆਉਂਦਾ ਸੀ ਕੁਝ ਖਾਣਾ ਮੰਗ ਮੰਗਾ ਕੇ!
ਮਸਤ ਹੋਈ ਤੇ ਹਿਲਦੀ ਜੁਲਦੀ ਕੰਜਰੀ ਦਾ ਵੱਜ ਧੱਕਾ!
ਡੁਲ੍ਹ ਗਈ ਦਾਲ ਫਕੀਰ ਸਾਈਂ ਦੀ, ਰਹਿ ਗਿਆ ਹੱਕਾ ਬੱਕਾ!
ਉਸਦੀਆਂ ਛਿੱਟਾਂ ਕੰਜਰੀ ਦੇ ਭੀ ਕਪੜਿਆਂ ਤੇ ਪਈਆਂ!
ਫ਼ੌਰਨ ਉਸ ਦਾ ਯਾਰ ਉਛਲਿਆ ਲੈ ਗੁਸੇ ਵਿਚ ਝਈਆਂ!
ਮੁਕਾ ਮਾਰ ਫਕੀਰ ਸਾਈਂ ਨੂੰ ਉਸ ਨੇ ਭੋਇੰ ਗਿਰਾਯਾ!
ਕਪੜੇ ਬਦਲਨ ਹਿਤ ਕੰਜਰੀ ਨੇ ਬੈਠਕ ਵਲ ਮੂੰਹ ਚਾਯਾ!
ਯਾਰ ਭੀ ਉਸਦਾ ਪਿੱਛੇ ਪਿੱਛੇ ਚੜ੍ਹਨ ਪੌੜੀਆਂ ਲੱਗਾ!
ਸਿਖਰ ਪੌੜੀਓਂ ਪੈਰ ਤਿਲਕਿਆ, ਭੁਲਿਆ ਪਿੱਛਾ ਅੱਗਾ!
ਥੱਲੇ ਡਿੱਗਾ ਗਰਦਨ ਟੁੱਟੀ, ਮਚ ਗਈ ਹਾਹਾਕਾਰੀ!
ਕੰਜਰੀ ਨੇ ਸਾਈਂ ਨੂੰ 'ਜ਼ਾਲਿਮ' ਕਹਿ ਕੇ ਬੋਲੀ ਮਾਰੀ!
ਸ਼ਾਂਤੀ ਨਾਲ ਫ਼ਕੀਰ ਬੋਲਿਆ 'ਮੈਂ ਤਾਂ ਕੁਝ ਨਹੀਂ ਕੀਤਾ!
'ਏਹ ਤਾਂ ਮਿਰੇ ਯਾਰ ਨੇ ਬਦਲਾ ਤਿਰੇ ਯਾਰ ਤੋਂ ਲੀਤਾ!
'ਤਿਰੇ ਯਾਰ ਨੇ ਤੈਥੋਂ ਚਿੜ ਕੇ, ਮੈਨੂੰ ਮੁੱਕਾ ਲਾਯਾ!
'ਮਿਰੇ ਯਾਰ ਨੇ ਮੈਥੋਂ ਚਿੜਕੇ, ਉਸਨੂੰ ਮਾਰ ਮੁਕਾਯਾ!
'ਤਿਰਾ ਯਾਰ ਸੀ ਨਿਰਬਲ ਬੰਦਾ, ਮਿਰਾ ਯਾਰ ਬਲ ਵਾਲਾ'!
'ਸੁਥਰਾ' ਯਾਰ ਗ਼ਰੀਬਾਂ ਦਾ ਹੈ ਈਸ਼੍ਵਰ ਅੱਲਾ-ਤਾਲਾ!
ਚੀਕ ਮਾਰ, ਕੰਜਰੀ ਬੋਲੀ, 'ਬਖਸ਼ ਫ਼ਕੀਰਾ ਅੜਿਆ!
ਮੈਂ ਭੀ ਅਜ ਤੋਂ ਹੋਰ ਯਾਰ ਤਜ, ਉਸੇ ਯਾਰ ਨੂੰ ਫੜਿਆ'!

17. ਪਹਿਲ

ਜਾਨਵਰਾਂ ਦੇ ਹਸਪਤਾਲ ਇਕ ਬੁੱਧੂ, ਖੋਤਾ ਲਿਆਯਾ !
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਇਆ !
ਕਹਿਣ ਲਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ !
'ਨਲਕੀ ਇਸਦੀ ਨਾਸ ਵਿੱਚ ਰਖ, ਫੂਕ ਜ਼ੋਰ ਦੀ ਲਾਈਂ !
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ !
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ !'
ਕੁਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ !
ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ !
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ !
ਹਾਸਾ ਰੋਕ ਪੁੱਛਿਆ, 'ਬੁੱਧੂ, ਏਹ ਕੀ ਸ਼ਕਲ ਬਣਾਈ ?'
ਕਹਿਣ ਲੱਗਾ ਹਟਕੋਰੇ ਲੈ ਕੇ, 'ਮੈਂ ਚੀਜ਼ਾਂ ਸਭ ਲਈਆਂ !
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਹੋ ਗਈਆਂ !
'ਨਲਕੀ ਵਿਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ !
'ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ !
'ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ !
'ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ !
'ਅੱਲਾ ਬਖ਼ਸ਼ੇ, ਫੂਕ ਓਸਦੀ, ਵਾਂਗ ਹਨੇਰੀ ਆਈ !
'ਨਲਕੀ ਭੀ ਲੰਘ ਜਾਣੀ ਸੀ ਮੈਂ ਫੜਕੇ ਮਸਾਂ ਬਚਾਈ !'
ਉਸਦੀ ਸੁਣਕੇ ਗੱਲ ਡਾਕਟਰ, ਹਸ ਹਸ ਦੂਹਰਾ ਹੋਯਾ !
ਬੁੱਧੂ ਉਸ ਨੂੰ ਵੇਖ ਹਸਦਿਆਂ, ਦੂਣਾ ਚੌਣਾ ਰੋਯਾ !
ਹਸਦੇ-ਰੋਂਦੇ ਦੇਖ ਦੁਹਾਂ ਨੂੰ, 'ਸੁਥਰਾ' ਭੀ ਮੁਸਕਾਇਆ :-
'ਸੁਣ ਓ ਬੁੱਧੂ ਇਸ ਜਗ ਨੇ ਹੈ, 'ਪਹਿਲ' ਤਾਈਂ ਵਡਿਆਇਆ !
'ਜਿਦ੍ਹੀ ਫੂਕ ਵਜ ਜਾਵੇ ਪਹਿਲਾਂ, ਜਿੱਤ ਓਸਦੀ ਕਹਿੰਦੇ !
ਤੇਰੇ ਜਿਹੇ ਸੁਸਤ ਪਿਛ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ !'

18. ਦੋਹੀਂ ਹੱਥੀਂ ਲੱਡੂ

ਹਜ਼ਰਤ ਅਲੀ ਪਾਸ ਇਕ ਮੂਰਖ ਬਹਿਸ ਕਰਨ ਹਿਤ ਆਇਆ
ਕਹਿਣ ਲਗਾ, 'ਰੱਬ ਚੀਜ਼ ਨ ਕੋਈ, ਲੋਕਾਂ ਮੁਫ਼ਤ ਧੁਮਾਇਆ
'ਪਾਣੀ, ਪੌਣ, ਅੱਗ ਤੇ ਮਿੱਟੀ ਰਲ ਬੰਦਾ ਬਣ ਜਾਵੇ
'ਚੂਨਾ, ਕੱਥਾ, ਪਾਨ ਜਿਵੇਂ ਰਲ, ਆਪੇ ਸੁਰਖ਼ੀ ਆਵੇ
'ਕਣਕ ਕਣਕ ਤੋਂ ਪੈਦਾ ਹੁੰਦੀ ਜੌਂ ਤੋਂ ਜੌਂ ਹਨ ਉਗਦੇ
'ਸ਼ੇਰ ਸ਼ੇਰ ਤੋਂ, ਗਊ ਗਊ ਤੋਂ ਜੰਮ ਕੇ ਖਾਂਦੇ, ਚੁਗਦੇ
'ਸਤ ਪੌਦੀਨਾ, ਸਤ ਅਜਵਾਇਣ, ਮੁਸ਼ਕ-ਕਫ਼ੂਰ ਮਿਲਾਵੋ
'ਅਪਨੇ ਆਪ ਤੇਲ ਬਣ ਜਾਸੀ, ਰੱਬ ਧਯਾਵੋ ਨਾ ਧਯਾਵੋ
'ਖ਼ਾਸ ਖ਼ਾਸ ਕੁਝ ਚੀਜ਼ਾਂ ਮਿਲਕੇ ਖ਼ਾਸ ਚੀਜ਼ ਬਣ ਜਾਂਦੀ
'ਇਸ ਵਿਚ ਰੱਬ ਦੀ ਹਿਕਮਤ ਕੀ ਹੈ ? ਦੁਨੀਆਂ ਕਿਉਂ ਚਿਚਲਾਂਦੀ ?
'ਬਾਰਸ਼ ਪਿਆਂ ਖੁੰਬ ਖ਼ੁਦ ਫੁਟ ਕੇ, ਖ਼ੁਦ ਹੀ ਸੁਕ ਸੜ ਜਾਵੇ
'ਇਸੇ ਤਰਾਂ ਬੰਦਾ ਜਗ ਜੰਮੇ, ਕੁਝ ਚਿਰ ਪਾ, ਮਰ ਜਾਵੇ
'ਨਾ ਕੁਈ ਅੱਲਾ, ਨਾ ਕੁਈ ਕਯਾਮਤ, ਸਜ਼ਾ, ਜਜ਼ਾ, ਨਾ ਲੇਖੇ
'ਨਾ ਬਹਿਸ਼ਤ, ਨਾ ਦੋਜ਼ਖ ਕੋਈ, ਅਜ ਤਕ ਕਿਸੇ ਨਾ ਦੇਖੇ
'ਪੀਰਾਂ ਫ਼ਕਰਾਂ ਐਵੇਂ ਰੱਬ ਦਾ, ਦੁਨੀਆਂ ਨੂੰ ਡਰ ਪਾਯਾ
'ਦੱਸੋ, ਅਜ ਤਕ ਕਿਸੇ ਪੁਰਸ਼ ਨੂੰ, ਰੱਬ ਨਜ਼ਰ ਹੈ ਆਯਾ ?
'ਫਿਰ ਕਯੋਂ ਅਸੀਂ ਹਰੇਕ ਕੰਮ ਵਿਚ, ਖ਼ਯਾਲੀ ਰੱਬ ਤੋਂ ਡਰੀਏ ?
'ਕਯੋਂ ਨਾ ਬਣੇ ਨਾਸਤਿਕ ਰਹੀਏ ? ਦਿਲ ਚਾਹੇ ਸੋ ਕਰੀਏ ?'
ਹਜ਼ਰਤ ਅਲੀ ਨੈਣ ਭਰ ਬੋਲੇ, 'ਰੱਬ ਉੱਚਾ ਹੈ ਖ਼ਯਾਲੋਂ
'ਉਸ ਉੱਚੇ ਦੀ ਗੱਲ ਉਸ ਦੱਸੀ ਜੋ ਆਯਾ ਉਸ ਨਾਲੋਂ
'ਘਰ ਦੀ ਉਤਲੀ ਮੰਜ਼ਲ ਦਾ ਜੇ ਚਾਹੀਏ ਪਤਾ ਲਗਾਈਏ
'ਯਾ ਕੋਈ ਉਪਰੋਂ ਆਕੇ ਦੱਸੇ ਯਾ ਖ਼ੁਦ ਉਪਰ ਜਾਈਏ
'ਮੈਂ ਕਹਿੰਦਾ ਹਾਂ ਉਤਲੀ ਮੰਜ਼ਲੇ, ਬੇਸ਼ਕ ਰੱਬ ਹੈ ਭਾਈ !
'ਤੂੰ ਕਹਿੰਦਾ ਹੈਂ, ਪੀਰ ਪਿਗ਼ੰਬ੍ਰਾਂ ਐਵੇਂ ਗੱਪ ਉਡਾਈ
'ਜਦੋਂ ਮਰਾਂਗੇ, ਜੇ ਰੱਬ ਹੋਇਆ, ਅਸੀਂ ਬਚੇ, ਤੂੰ ਮੋਇਆ ।
'ਜੇ ਨਾ ਹੋਇਆ, ਦੋਵੇਂ ਯਕਸਾਂ, ਮਿਰਾ ਹਰਜ ਕੀ ਹੋਇਆ ?'
'ਸੁਥਰੇ' ਕਿਹਾ 'ਧੰਨ ਹੋ ਹਜ਼ਰਤ ! ਸ਼ੰਕਾ ਖ਼ੂਬ ਮਿਟਾਈ !
ਲੱਡੂ ਦੋਨੋਂ ਹੱਥ ਰੱਖਣ ਦੀ, ਸੋਹਣੀ ਜਾਚ ਸਿਖਾਈ !'

19. ਪੜ੍ਹੇ ਅਨਪੜ੍ਹੇ ਦੀ ਪਛਾਣ

ਇਕ ਪੜ੍ਹੇ ਹੋਏ ਨੇ ਅਨਪੜ੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ:-
'ਓ ਅਨਪੜ੍ਹ ਡੰਗਰ ਕਿਉਂ ਜੰਮਿਓਂ ? ਬੇਫੈਦਾ ਉਮਰ ਗੁਆ ਦਿੱਤੀ ।
'ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ
'ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ !
ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ,
'ਨਾ ਅਕਲ ਸ਼ਊਰ ਤਮੀਜ਼ ਕੋਈ, ਪੜ੍ਹਿਆਂ ਦਾ ਪਾਣੀ ਭਰਦਾ ਹੈ !
'ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ,
'ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ !'
ਅਨਪੜ੍ਹ ਨੇ ਧੀਰਜ ਨਾਲ ਕਿਹਾ, 'ਹੈ ਸ਼ੁਕਰ ਨਹੀਂ ਮੈਂ ਪੜ੍ਹਿਆ ਹਾਂ,
'ਨਾ ਵਾਂਗ ਤੁਹਾਡੇ ਕੜ੍ਹਿਆ ਹਾਂ, ਨਾ ਮਾਣ ਮੁਹਾਰੇ ਚੜ੍ਹਿਆ ਹਾਂ !
ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ,
'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋੜ ਦੁਹਾਈਆਂ ਨੇ !
ਮੈਂ ਬੇਸ਼ਕ ਪੜ੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ,
'ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਭੋਰਾ ਚੁਣਿਆ ਹੈ !
ਕਹਿੰਦੇ ਨੇ ਪੜ੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ,
'ਤੇ ਸ+ਯਾਨਾ ਓਹ, ਜੋ ਪੜ੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ !
'ਕੋਈ ਪੜ੍ਹ ਪੜ੍ਹ ਗੱਡੀਆਂ ਲੱਦ ਲਵੇ, ਪੜ੍ਹ ਪੜ੍ਹ ਉਮਰਾਂ ਗਾਲ ਲਵੇ,
'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ !
'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ?
'ਉਹ ਕੀੜਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ !
'ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ,
'ਪੜ੍ਹਿਆ ਅਨਪੜ੍ਹਿਆ ਹਰ ਕੋਈ, ਜੋ ਧ+ਯੌਂਦਾ ਹੈ ਸੋ ਪੌਂਦਾ ਹੈ !
ਮਤਲਬ ਕੀ ? ਅਨਪੜ੍ਹ ਪੜ੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ,
ਜ+ਯੋਂ, ਧੂਤੂ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ !
'ਜੋ 'ਆਲਿਮ' ਹੈ ਤੇ 'ਆਮਿਲ' ਭੀ, ਉਹ ਬੇਸ਼ਕ ਸਾਥੋਂ 'ਸੁਥਰਾ' ਹੈ !
'ਪਰ ਪੜ੍ਹ ਪੜ੍ਹ ਕੇ ਜੋ ਕੜ੍ਹਿਆ ਹੈ, ਉਹ ਅਨਪੜ੍ਹ ਤੋਂ ਵੀ ਕੁਥਰਾ ਹੈ !'

20. ਮੁਫ਼ਤ ਦੀਆਂ ਰੋਟੀਆਂ

ਨ੍ਯਾਜ਼ ਯਾਰ੍ਹਵੀਂ ਦੀਆਂ ਰੋਟੀਆਂ ਢੇਰ ਮੁੱਲਾਂ ਨੂੰ ਆਈਆਂ!
ਵਾਂਗ ਪਾਥੀਆਂ, ਬਾਹਰ ਮਸੀਤੋਂ, ਧੁੱਪੇ ਸੁਕਣੇ ਪਾਈਆਂ!
'ਕਿੰਨੇ ਪੈਸੇ ਮਿਲਸਨ ?' ਮੁੱਲਾਂ ਪਾਸ ਖਲੋਤਾ ਸੋਚੇ
'ਰੱਬਾ ! ਹਰ ਕੁਈ ਦਏ ਨਿਆਜ਼ਾਂ' ਦਿਲ ਵਿਚ ਏਹੋ ਲੋਚੇ
ਇਕ ਧੋਬੀ ਦਾ ਬਲਦ ਲੰਘਿਆ, ਨਜ਼ਰ ਰੋਟੀਆਂ ਪਈਆਂ
ਬੁਰਕ ਮਾਰਕੇ ਉਸਨੇ ਇਕਦਮ, ਝਟ ਇਕ ਦੋ ਚੱਬ ਲਈਆਂ
ਮੁੱਲਾਂ-ਅੱਖੀਂ ਖ਼ੂਨ ਉਤਰਿਆ, ਕੱਸ ਕੱਸ ਡੰਡੇ ਲਾਏ
ਧੋਬੀ ਨੂੰ ਵੀ ਨਾਲ ਤਬੱਰ੍ਹੇ ਅਰਬੀ ਵਿੱਚ ਸੁਣਾਏ
ਧੋਬੀ ਭੁੱਬੀਂ ਰੋਣ ਲਗ ਪਿਆ, ਲੋਕ ਹੋਏ ਆ ਕੱਠੇ
ਮੁੱਲਾਂ ਦੰਦ ਕਰੀਚੇ, ਆਖੇ 'ਓ ਉੱਲੂ ਕੇ ਪੱਠੇ !
'ਮਿਰੀ ਰੋਟੀਆਂ ਜ਼ਾਇਆ ਕਰਕੇ, ਊਪਰ ਸੇ ਹੈ ਰੋਤਾ
'ਇਕ ਦੋ ਛੜੀਆਂ ਲਗਨੇ ਸੇ ਹੈ ਕਿਆ ਬੈਲ ਕੋ ਹੋਤਾ ?'
ਕਿਹਾ ਧੋਬੀ ਨੇ 'ਮੁੱਲਾਂ ਜੀ, ਮੈਂ ਇਸ ਮਾਰੋਂ ਨਹੀਂ ਰੋਯਾ
'ਮੇਰਾ ਤਾਂ ਨੁਕਸਾਨ ਹੋਰ ਇਕ ਬਹੁਤ ਵਡਾ ਹੈ ਹੋਯਾ
'ਮੁਫ਼ਤ ਦੀਆਂ ਜੋ ਤੇਰੀਆਂ ਮੰਨੀਆਂ, ਬਲਦ ਮੇਰੇ ਖਾ ਲਈਆਂ
'ਬੂੰਦਾਂ ਪਾਰੇ-ਜ਼ਹਿਰ ਦੀਆਂ ਹਨ ਉਸਦੇ ਅੰਦਰ ਗਈਆਂ
'ਤਿਰੇ ਵਾਂਗ ਹੀ ਬਲਦ ਮੇਰਾ ਭੀ ਹੁਣ ਹੋ ਜਾਊ ਨਿਕੰਮਾਂ
'ਲੁਟਿਆ ਗਿਆ, ਅੱਜ ਮੈਂ ਹਾਇ ! ਬਹੁੜੀਂ ਮੇਰੀ ਅੰਮਾਂ !'
ਮੁੱਲਾਂ ਹੋਇਆ ਅਤਿ ਸ਼ਰਮਿੰਦਾ, ਲੋਕੀਂ ਖਿੜ ਖਿੜ ਹੱਸੇ
ਪਰ ਧੋਬੀ ਦੇ ਲਫ਼ਜ਼ ਕੀਮਤੀ 'ਸੁਥਰੇ' ਦੇ ਦਿਲ ਵੱਸੇ
'ਪੂਜਾ ਦਾ ਧਨ' ਦਸਵੇਂ ਗੁਰ ਨੇ, ਹੈਸੀ ਤਦੇ ਰੁੜ੍ਹਾਯਾ
ਉਸ 'ਪਾਰੇ' ਤੋਂ ਅਪਨੇ ਸਿੱਖਾਂ ਬੀਰਾਂ ਤਈਂ ਬਚਾਯਾ
'ਆਬਿ ਹਯਾਤ' ਵਾਂਗ ਹੈ ਜਗ ਤੇ ਮਿਹਨਤ-ਕਿਰਤ-ਕਮਾਈ
'ਪੂਜਾ ਅਤੇ ਮੁਫ਼ਤ ਦੀ ਰੋਟੀ' ਜ਼ਹਿਰ-ਹਲਾਹਲ ਭਾਈ !'

21. ਖੂਹ ਦੇ ਆਸ਼ਕ

ਇਕ ਆਦਮੀ ਖੂਹ ਤੇ ਆਇਆ ਲੈ ਕੇ ਅਪਨਾ ਡੋਲ!
ਪਿਆਸ ਨਾਲ ਘਬਰਾਇਆ, ਪੁੱਜਾ ਭਜ ਕੇ ਭੌਣੀ ਕੋਲ!
ਤਿਲਕ ਧਾਰੀਆ ਇਕ ਸੀ ਨੇੜੇ, ਉਸ ਫੜ ਲੀਤੀ ਡਾਂਗ!
'ਉਤਰ ਅਛੂਤਾ ਇਸ ਕੂਏਂ ਤੋਂ, ਮੂੰਹੋਂ ਮਾਰੀ ਚਾਂਗ!
ਦਿੱਤਾ ਕੜਕ ਉਸ ਨੇ ਉੱਤਰ 'ਖਬਰਦਾਰ, ਮੂੰਹ ਰੋਕ!
'ਨਿਕਲ ਜਾਣਗੇ ਦੰਦ, ਜੇ ਮੈਂ ਇਕ ਥਪੜ ਦਿਤਾ ਠੋਕ!
'ਖੰਨਾ-ਖਤਰੀ ਮੈਂ ਲਾਹੌਰੀਆ, ਤੂੰ ਕਿਉਂ ਕਿਹਾ ਅਛੂਤ ?
'ਹੱਥ ਜੋੜ ਕੇਂ ਮੰਗ ਮੁਆਫ਼ੀ ਵਰਨਾ ਫੇਰੂੰ ਜੂਤ'!
ਤਿਲਕਧਾਰੀਏ ਨੇ ਹਥ ਜੋੜੇ: 'ਲਾਲਾ ਜੀ ਰਾਮ ਰਾਮ!
'ਖਿਮਾਂ ਕਰੋ ਮੈਂ ਪ੍ਰੋਹਤ ਤੁਹਾਡਾ, ਹਾਂ ਗੁਲਾਮ ਬਿਨ ਦਾਮ!
'ਕ੍ਰਿਸ਼ਨ ਰੰਗ ਮੈਂ ਦੇਖ ਆਪ ਦਾ, ਕੀਤਾ ਸੀ ਸੰਦੇਹ!
ਅਜ ਕਲ ਫਿਰਨ ਅਛੂਤ ਆਕੜੇ ਭੁਲ ਦਾ ਕਾਰਨ ਏਹ'!
ਲਾਲਾ ਜੀ ਨੂੰ ਗਿਆਨ ਹੋ ਗਿਆ-'ਸੁਣ ਪੰਡਤ ਨਾਦਾਨ!
'ਊਚ-ਨੀਚ ਦੀ ਤਦ ਤਾਂ ਪੱਕੀ ਹੋਈ ਨ ਕੋ ਪਹਿਚਾਨ?
'ਜੇ ਮੈਂ ਨੀਵੀਂ ਜਾਤੋਂ ਹੁੰਦਾ, ਫ਼ਰਕ ਤਦੋਂ ਸੀ ਕੀਹ?
'ਭਰਮ ਫਸੇ ਹੀ ਤੁਸਾਂ, ਠੋਕ ਸਨ ਦੇਣੇ ਡੰਡੇ ਵੀਹ!
'ਓਹੋ ਮੈਂ ਹਾਂ, ਓਹੋ ਡੋਲ ਹੈ, ਓਹੋ ਲੱਜ, ਓਹ ਖੂਹ!
'ਜੇ ਮੈਂ ਹੁੰਦਾ ਨੀਵੀਂ ਜਾਤੋਂ, ਤੂੰ ਲੈਣਾ ਸੀ ਧੂਹ!
'ਲਖ ਲਾਨ੍ਹਤ ਇਸ ਮੂਰਖਤਾ ਤੇ, ਫੜ ਬੇ-ਮਤਲ਼ਬ ਖਿਆਲ!
'ਅਪਨੇ ਕ੍ਰੋੜਾਂ ਵੀਰਾਂ ਉੱਤੇ, ਜ਼ੁਲਮ ਕਰੋ ਬਲ ਨਾਲ!
'ਉਸੇ ਪੌਣ ਵਿਚ ਸਾਹ ਉਹ ਲੈਂਦੇ ਉਸੇ ਨਦੀ ਵਿਚ ਨ੍ਹਾਣ!
'ਜੇ ਉਹ ਭਿਟੀਆਂ ਜਾਵਣ ਨਹੀਂ, ਖੂਹ ਕਿਉਂ ਭਿੱਟੇ ਜਾਣ!
'ਰੱਬ ਦਾ ਜਲ ਤੇ ਰੱਬ ਦੀ ਧਰਤੀ, ਤੁਸੀਂ ਕੌਂਣ ਜਮਦੂਤ ?
'ਬੰਦੇ ਉਦ੍ਹੇ ਤਿਹਾਏ ਮਾਰੋ, ਕਹਿ ਕੇ ਨੀਚ-ਅਛੂਤ!
'ਕੁੱਤੇ ਚੜ੍ਹ ਕੇ ਖੂਹਾਂ ਉੱਤੇ ਗੰਦ ਖਿਲਾਰਨ ਨਿੱਤ!
'ਪਰ ਜੇ ਕਾਲਾ ਬੰਦਾ ਵੇਖੋ, ਸੜੇ ਤੁਹਾਡਾ ਚਿੱਤ!
'ਜੇ ਹੋ ਐਡੇ ਆਸ਼ਕ ਖੂਹ ਦੇ, ਖੂਹ ਹਿੱਤ ਤੜਫੇ ਰੂਹ!
'ਤਦ 'ਸੁਥਰੇ' ਦੀ ਗੱਲ ਮੰਨ ਲੋ, ਡੁੱਬ ਮਰੋ ਵਿਚ ਖੂਹ'!

22. ਸੁਆਣੀ ਦਾ ਸੱਤਯਾਗ੍ਰਹਿ

ਇਕ ਰਿਆਸਤ ਦੇ ਰਾਜੇ ਨੂੰ ਪੈ ਗਈ ਐਸੀ ਵਾਦੀ!
ਅੱਠੇ ਪਹਿਰ ਸ਼ਰਾਬ ਪੀਣ ਦਾ ਹੋ ਗਿਆ ਭਾਰਾ ਆਦੀ!
ਉਠਦਾ ਬਹਿੰਦਾ ਤੁਰਦਾ ਫਿਰਦਾ ਗਟਗਟ ਪੈੱਗ ਉੜਾਵੇ!
ਚੰਗੇ ਭਲੇ ਰਾਜਿਓਂ ਦਿਨ ਦਿਨ ਬਿੱਜੂ ਬਣਦਾ ਜਾਵੇ!
ਰਾਜ ਕਾਜ ਵਲ ਧਿਆਨ ਨ ਕੋਈ ਨਾ ਸੁਧ ਬੁਧ ਤਨ ਮਨ ਦੀ!
ਲੱਗੀ ਹੋਣ ਤਬਾਹੀ ਦਿਨ ਦਿਨ ਮਾਨ, ਸਿਹਤ, ਸੁਖ, ਧਨ ਦੀ!
ਉੱਡਿਆ ਰ੍ਹੋਬ-ਦਾਬ ਸ਼ਾਹਾਨਾ, ਗੜ ਬੜ ਸਭ ਥਾਂ ਫੈਲੀ!
ਜ਼ਿਮੀਂਦਾਰ ਦੀ ਗ਼ਫਲਤ ਤੋਂ ਜਿਉਂ ਉੱਜੜ ਜਾਂਦੀ ਪੈਲੀ!
ਵੈਦ, ਹਕੀਮ, ਵਜ਼ੀਰ, ਡਾਕਟਰ, ਬਿਨਤੀ ਕਰ ਕਰ ਥੱਕੇ!
ਰਾਜਾ ਮਦਰਾ ਮੁਖੋਂ ਨਾ ਲਾਹੇ, ਸਭ ਨੂੰ ਮਾਰੇ ਧੱਕੇ!
ਰਾਣੀ ਨੇ ਏ ਹਾਲਤ ਦੇਖੀ, ਜੋਸ਼ ਰਿਦੇ ਵਿਚ ਆਇਆ!
ਮੋੜਨ ਹੇਤ ਪਤੀ ਦੀ ਪਤ ਨੂੰ, ਮਨ ਵਿਚ ਮਤਾ ਪਕਾਇਆ!
ਹੱਥ ਜੋੜ ਕੇ ਤਰਲੇ ਕੀਤੇ, ਅੱਗੋਂ ਝਿੜਕਾਂ ਪਈਆਂ!
ਹੋਰ ਵਿਓਂਤਾਂ ਬਹੁਤ ਕੀਤੀਆਂ, ਸਭ ਹੀ ਬਿਰਥਾ ਗਈਆਂ!
ਆਖ਼ਿਰ ਦ੍ਰਿੜ੍ਹਤਾ ਕਰ ਕੇ ਉਸ ਨੇ ਛੱਡੀ ਰੋਟੀ ਖਾਣੀ!
'ਰਾਜਾ ਜੀ, ਯਾ ਮਦਰਾ ਰਖ ਲੌ, ਯਾ ਰਖ ਲੌ ਨਿਜ ਰਾਣੀ!'
ਇਕ ਦਿਨ ਲੰਘਿਆ ਦੋ ਦਿਨ ਲੰਘੇ, ਰਾਣੀ ਫ਼ਾਕਾ ਕਟਿਆ!
ਰਾਜੇ ਦੇ ਫਿਰ ਸਿਰ ਤੋਂ ਕੁਝ ਕੁਝ ਜ਼ੋਰ ਡੈਣ ਦਾ ਘਟਿਆ!
ਤੀਜੇ ਦਿਨ ਵੀ ਜਦ ਰਾਣੀ ਨੇ ਰੋਟੀ ਮੂਲ ਨ ਖਾਧੀ!
ਰਾਜਾ ਲਗ ਪਿਆ ਥਰ ਥਰ ਕੰਬਣ ਜਿਉਂ ਭਾਰਾ ਅਪਰਾਧੀ!
ਹੱਥ ਜੋੜ ਕੇ ਮਾਫ਼ੀ ਮੰਗੀ, ਬੋਤਲ ਦੂਰ ਸੁਟਾਈ!
ਮੁੜ ਨਾ ਕਦੀ ਸ਼ਰਾਬ ਪੀਣ ਦੀ ਲਖ ਲਖ ਕਸਮ ਉਠਾਈ!
ਬਚ ਗਿਆ ਰਾਜਾ, ਬਚ ਗਈ ਪਰਜਾ, ਬਚਿਆ ਰਾਜ-ਘਰਾਣਾ!
'ਧੰਨ ਧੰਨ' ਰਾਣੀ ਨੂੰ ਆਖੇ, ਹਰ ਕੋਈ ਨੇਕ ਸਿਆਣਾ!
'ਸੁਥਰੇ' ਨੂੰ ਸੁਣ ਸੋਚਾਂ ਸੁਝੀਆਂ, ਜੇ ਔਰਤ ਡਟ ਜਾਵੇ!
ਸਭ ਟੱਬਰ ਦੇ ਔਗੁਣ ਕੱਢ ਕੇ, ਘਰ ਨੂੰ ਸੁਰਗ ਬਣਾਵੇ!

23. ਬਾਪ ਦਾ ਮੰਤਰ

ਇਕ ਆਦਮੀ ਨਦੀ ਕਿਨਾਰੇ ਰੋਜ਼ ਭਜਨ ਸੀ ਕਰਦਾ
ਜਿਉਂ ਕੋਈ ਵਡਾ ਜੁਗੀਸ਼ਰ ਰਬ ਦੇ ਦਰਸ਼ਨ ਹਿਤ ਹੋ ਮਰਦਾ
ਇਕ ਦਿਨ ਮੈਨੂੰ ਸੋਚ ਫੁਰੀ ਕਿ ਨੇੜੇ ਇਸ ਦੇ ਜਾਈਏ
'ਕਿਸ ਮੰਤਰ ਦਾ ਜਾਪ ਕਰੇ ਏ ? ਇਸ ਦਾ ਪਤਾ ਲਗਾਈਏ'
ਖਿਸਕ ਖਿਸਕ ਕੇ ਨੇੜੇ ਢੁਕ ਕੇ, ਸੁਣਿਆ ਏਹ ਕੁਝ ਜਪਦਾ:-
'ਰੱਬਾ ਮੈਂਥੋਂ ਦੂਰ ਰਖੀਂ ਤੂੰ ਰੋਗ, ਬੁਢੇਪਾ ਅਪਦਾ
'ਤਾਕਿ ਆਪਣੇ ਬੱਚਿਆਂ ਹਿਤ ਮੈਂ ਰਹਾਂ ਕਮਾਈ ਕਰਦਾ
'ਬੋਝ ਉਠਾ ਸੱਕਾਂ ਨਿਤ ਹਸ ਹਸ, ਘਰ ਵਾਲੀ ਤੇ ਘਰ ਦਾ
'ਐਸਾ ਤਕੜਾ ਰਖ ਤੂੰ ਮੈਨੂੰ ਮੇਹਨਤ ਤੋਂ ਨਾ ਥੱਕਾਂ
'ਭੁਖ, ਤੇਹ, ਨੀਂਦ ਨ ਆਵੇ ਨੇੜੇ, ਕੰਮ ਕਰਦਾ ਨਾ ਅੱਕਾਂ
'ਬੈਲ ਵਾਂਗ ਜਗ-ਖੂਹ ਨੂੰ ਗੇੜਾਂ, ਘੋੜੇ ਵਾਂਗੂੰ ਦੌੜਾਂ
'ਊਠ-ਗਧੇ ਸਮ ਭਾਰ ਚੁੱਕ ਕੇ ਝੱਲਾਂ ਔੜਾਂ-ਸੌੜਾਂ
'ਖ਼ੂਬ ਕਮਾਵਾਂ, ਖਟ ਖਟ ਲਿਆਵਾਂ, ਬੱਚਿਆਂ ਤਾਈਂ ਖੁਆਵਾਂ
'ਅਧ-ਨੰਗਾ-ਅਧ-ਭੱਖਾ ਖ਼ੁਦ ਰਹਿ, ਬੱਚਿਆਂ ਸੁਰਗ ਭੁਗਾਵਾਂ
'ਉਨ੍ਹਾਂ ਤਾਈਂ ਮੁਸਕਾਂਦੇ ਦੇਖਾਂ, ਉਛਲਨ ਮੇਰੀਆਂ ਨਾੜਾਂ
'ਜੇ ਕੋਈ ਦੁਸ਼ਟ ਉਨ੍ਹਾਂ ਵਲ ਘੂਰੇ, ਸ਼ੇਰ ਵਾਂਗ ਢਿਡ ਪਾੜਾਂ
'ਸੁਰਗ, ਬਹਿਸ਼ਤ, ਵਿਕੁੰਠ, ਮੁਕਤੀਆਂ ਵਾਰ ਦਿਆਂ ਮੈਂ ਲੱਖਾਂ
'ਮੈਨੂੰ ਰੱਬਾ, ਤਕੜਾ ਰਖ ਨਿਤ ਖੁਸ਼ ਬੱਚਿਆਂ ਨੂੰ ਰੱਖਾਂ'
ਸੁਣ ਏ ਜਾਪ, ਸਜਲ ਹੋਏ ਨੇਤਰ, ਅਤੇ ਸਮਝ ਏਹ ਆਈ
ਮਾਤਾ ਵਾਂਗੂੰ ਪਿਉ ਦੀ ਭੀ ਹੈ 'ਸੁਥਰੇ' ਬੜੀ ਕਮਾਈ

24. ਮੰਗਤਾ ਬਾਦਸ਼ਾਹ

ਸ਼ਾਹ ਸਕੰਦਰ ਹਾਥੀ ਤੇ ਚੜ੍ਹ, ਸ਼ਾਨ ਨਾਲ ਸੀ ਜਾਂਦਾ
ਅੱਗੇ ਪਿੱਛੇ ਸੱਜੇ ਖੱਬੇ ਲਸ਼ਕਰ ਜ਼ੋਰ ਦਿਖਾਂਦਾ
ਹੱਟੀਆਂ ਵਾਲੇ, ਸ਼ਹਿਰ ਵਾਸੀਆਂ ਦੇ ਦਿਲ ਡਰ ਅਤ ਛਾਯਾ
ਹਰ ਕੋਈ ਸਹਿਮੇ, ਸੀਸ ਝੁਕਾਵੇ, ਮਾਨੋਂ ਹਊਆ ਆਯਾ
ਰਸਤੇ ਵਿਚ, ਫ਼ਕਰ ਇਕ ਬੈਠਾ, ਉਹ ਨਾ ਡਰਿਆ ਹਿਲਿਆ
ਬਾਦਸ਼ਾਹ ਨੂੰ ਰੋਅਬ ਦਿਖਾਵਣ ਦਾ ਮੌਕਾ ਚਾ ਮਿਲਿਆ
ਕਹਿਣ ਲਗਾ 'ਓ ਮੰਗਤੇ ! ਕੀ ਹੈ ਸ਼ਾਮਤ ਆਈ ਤੇਰੀ ?
'ਅੰਨ੍ਹਾ ਹੈਂ ਤੂੰ ! ਦਿਸਦੀ ਨਹੀਂਉਂ ਸ਼ਾਹੀ ਸਵਾਰੀ ਮੇਰੀ ?'
ਉੱਤਰ ਕੁਝ ਨਾ ਦਿਤਾ ਮੰਗਤੇ, ਸਗੋਂ ਪ੍ਰਸ਼ਨ ਏ ਕੀਤਾ:-
'ਕਿੰਨੇ ਮੁਲਕਾਂ ਦਾ ਹੈਂ ਮਾਲਕ ? ਦਸ ਖਾਂ ਪਯਾਰੇ ਮੀਤਾ ?'
ਆਕੜ ਨਾਲ ਸਕੰਦਰ ਕੂਯਾ 'ਸਤ ਵਲੈਤਾਂ ਮੇਰੀਆਂ
'ਤਰੀਆਂ ਅਤੇ ਖੁਸ਼ਕੀਆਂ ਸਭ ਹਨ ਮੇਰੇ ਹੁਕਮ ਵਿਚ ਘਿਰੀਆਂ!'
ਨਾਲ ਜਲਾਲ ਫ਼ਕੀਰ ਬੋਲਿਆ 'ਸੱਚ ਕਹੁ, ਛੱਡ ਵਖੇਵਾ
'ਸਾਂਭ ਕਰੇਂਗਾ ? ਸੱਤ ਵਲੈਤਾਂ ਹੋਰ ਜੇ ਤੈਨੂੰ ਦੇਵਾਂ ?'
ਸ਼ਾਹ ਦੇ ਮੂੰਹ ਝਟ ਪਾਣੀ ਭਰਿਆ, ਉਤਰ ਹਾਥੀਓਂ ਆਯਾ!
ਗੋਡੇ ਟੇਕੇ ਜੋਗੀ ਅੱਗੇ, ਹੱਥ ਬੰਨ੍ਹ ਸੀਸ ਨਿਵਾਯਾ:-
'ਬਖਸ਼ੋ ਹੁਣੇ ਜ਼ਰੂਰ ਪੀਰ ਜੀ ਪੰਜ ਸਤ ਹੋਰ ਵਲੈਤਾਂ
ਹੁਕਮ ਪਾਲਸਾਂ, ਸੇਵਕ ਰਹਿਸਾਂ, ਮੰਨਸਾਂ ਕੁੱਲ ਹਦੈਤਾਂ!'
ਦਿਤੀ ਝਿੜਕ ਫ਼ਕੀਰ ਹਸ ਕੇ 'ਓ ਮੰਗਤੇ ਹਟ ਅੱਗੋਂ।
ਨਹੀਂ ਖ਼ੈਰ ਮੈਂ ਤੈਨੂੰ ਪਾਣਾ, ਕਯੋਂ ਤੂੰ ਚੰਬੜਨ ਲੱਗੋਂ?'
ਸ਼ਰਮ ਨਾਲ ਸ਼ਾਹ ਪਾਣੀ ਹੋਇਆ, 'ਸੁਥਰਾ' ਖਿੜ ਖਿੜ ਹਸਿਆ
'ਬੇਸ਼ਕ ਅਸਲ ਮੰਗ਼ਤਾ ਓਹ ਹੈ ਜੋ ਲਾਲਚ ਵਿਚ ਫਸਿਆ!'

25. ਤਿੰਨ ਪੱਥਰ

ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ!
'ਜੀਵਨ ਮੁਕਤੀ' ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ!
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ 'ਵਾਹਿਗੁਰੂ' ਪੜ੍ਹ ਕੇ,
'ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚੜ੍ਹ ਕੇ!'
ਭਾਰੇ ਤਿੰਨ ਪੱਥਰਾਂ ਦੀ ਗੱਠੜੀ ਰਾਜੇ ਨੂੰ ਚੁਕਵਾਈ!
ਹੁਕਮ ਦਿੱਤਾ 'ਏਹ ਲੈ ਚੱਲ ਉੱਪਰ ਨਾਲ ਅਸਾਡੇ ਭਾਈ!
ਜ਼ਰਾ ਦੂਰ ਚੱਲ, ਰਾਜਾ ਹਫਿਆ, ਕਹਿਣ ਲੱਗਾ ਲੜਖਾਂਦਾ!
'ਮਹਾਰਾਜ ! ਬੋਝਾ ਹੈ ਭਾਰਾ, ਕਦਮ ਨਾ ਪੁੱਟਿਆ ਜਾਂਦਾ!'
ਇਕ ਪੱਥਰ ਸੁਟਵਾਇ ਭਗਤ ਨੇ ਉਸ ਨੂੰ ਅੱਗੇ ਚਲਾਇਆ!
ਥੋੜ੍ਹੇ ਕਦਮ ਫੇਰ ਚੱਲ ਉਸ ਨੇ ਚੀਕ ਚਿਹਾੜਾ ਪਾਇਆ!
ਦੂਜਾ ਪੱਥਰ ਵੀ ਸੁਟਵਾ ਕੇ ਫੇਰ ਤੋਰਿਆ ਅੱਗੇ!
ਪਰ ਹਾਲੀ ਭੀ ਭਾਰ ਓਸ ਨੂੰ ਲੱਕ-ਤੋੜਵਾਂ ਲੱਗੇ!
ਔਖੀ ਘਾਟੀ ਬਿਖੜਾ ਪੈਂਡਾ, ਉੱਚਾ ਚੜ੍ਹ ਕੇ ਜਾਣਾ!
ਨਾ-ਮੁਮਕਿਨ ਸੀ ਭਾਰ ਚੁਕ ਕੇ ਅਗੋਂ ਕਦਮ ਉਠਾਣਾ!
ਤੀਜਾ ਪੱਥਰ ਵੀ ਸੁਟਵਾਇਆ ਰਾਜਾ ਹੌਲਾ ਹੋਇਆ!
ਝਟ ਪਟ ਜਾ ਚੋਟੀ ਤੇ ਚੜ੍ਹਿਆ ਝਟ ਟੱਪ ਟਿੱਬਾ ਟੋਇਆ!
ਹਸ ਕੇ ਭਗਤ ਹੋਰਾਂ ਫੁਰਮਾਇਆ, 'ਏਹੋ ਮੁਕਤੀ ਰਸਤਾ!
'ਤਦ ਤੱਕ ਚੋਟੀ ਚੜ੍ਹ ਨ ਸਕੀਏ ਜਦ ਤਕ ਬੱਝਾ ਫਸਤਾ!
'ਤ੍ਰਿਸ਼ਨਾ, ਮੋਹ, ਹੰਕਾਰ ਤਿੰਨ ਹਨ, ਪੱਥਰ ਤੈਂ ਸਿਰ ਚਾਏ!
'ਭਾਰਾ ਬੋਝ ਲੈ ਪਰਬਤ ਤੇ ਕੀਕੁਰ ਚੜ੍ਹਿਆ ਜਾਏ!
'ਮੁਕਤੀ ਚਾਹੇਂ ਤਾਂ ਤਿੰਨੇ ਪੱਥਰ ਸੁੱਟ ਕੇ ਹੋ ਜਾ ਹਲਕਾ!
'ਮਾਰ ਦੁੜੰਗੇ ਉੱਚਾ ਚੜ੍ਹ, ਪਾ ਪਰਮ ਜੋਤ ਦਾ ਝਲਕਾ!
ਰਾਜੇ ਤਾਈਂ ਗਿਆਨ ਹੋ ਗਿਆ, ਜੀਵਨ-ਮੁਕਤੀ ਪਾਈ!
'ਸੁਥਰੇ' ਨੂੰ ਭੀ ਮੁਫ਼ਤ, ਕੀਮਤੀ ਇਹ ਘੁੰਡੀ ਹੱਥ ਆਈ!

26. ਤੈਂ ਕੀ ਲੱਭਾ ? ਮੈਂ ਕੀ ਲੱਭਾ ?

ਦੋ ਭਾਈਆਂ 'ਚੋਂ ਇਕ ਨੇ ਸਾਧੂ ਬਿਰਤੀ ਧਾਰਨ ਕੀਤੀ
ਦੂਜਾ ਘਰ ਹੀ ਰਿਹਾ ਆਪਣੇ ਤੇ ਸ਼ਾਦੀ ਕਰ ਲੀਤੀ
ਸਾਧੂ ਬਨਾਂ ਵਿਚ ਫਿਰ ਫਿਰ ਕੇ ਰਿਹਾ ਤਪੱਸਿਆ ਕਰਦਾ
ਗ੍ਰਹਸਤੀ ਬੱਚਿਆਂ ਨਾਲ ਆਪਨੀ ਰਿਹਾ ਗੋਦ ਨੂੰ ਭਰਦਾ
ਕਈ ਸਾਲ ਦੇ ਬਾਅਦ ਜੰਗਲੋਂ ਸਾਧ ਸ਼ਹਿਰ ਨੂੰ ਆਇਆ
ਵੇਖ ਗ੍ਰਹਸਤੀ ਵੀਰ ਤਾਈਂ ਉਸ ਡਾਢਾ ਨੱਕ ਚੜ੍ਹਾਇਆ
ਕਹਿਣ ਲਗਾ 'ਕਿਆ ਹਾਸਲ ਕੀਆ ਤੁਮ ਨੇ ਮੁਰਖ ਭਾਈ ?
ਹਮ ਨੇ ਭਜਨ ਨਿਰੰਤਰ ਕਰ ਕੇ ਅਪਨੀ ਸ਼ਕਤਿ ਬੜ੍ਹਾਈ'
ਗ੍ਰਹਸਤੀ ਨੇ ਹਸ ਕੇ ਇਕ ਸੋਟੀ, ਕੁਝ ਗਜ਼ ਪਰੇ ਸੁਟਾ ਕੇ
ਕਿਹਾ 'ਦਿਖਾ ਤੂੰ ਇਸ ਸੋਟੀ ਨੂੰ ਆਪਣੇ ਪਾਸ ਬੁਲਾ ਕੇ !'
ਸਾਧ ਵਿਚਾਰਾ ਡੌਰਾ ਭੌਰਾ ਹੋਇਆ ਤੇ ਚਕਰਾਇਆ
ਕਹਿਣ ਲਗਾ 'ਯਿਹ ਬਲ ਮੇਰੇ ਮੇਂ ਅਭੀ ਨਹੀਂ ਹੈ ਆਇਆ!'
ਗ੍ਰਹਸਤੀ ਨੇ ਮੁਸਕਾਇ ਆਖਿਆ, 'ਹੁਣ ਮੈਂ ਸ਼ਕਤਿ ਦਿਖਾਵਾਂ ?'
'ਏਥੇ ਬੈਠਾ ਬੈਠਾ ਛਿਨ ਵਿਚ, ਸੋਟੀ ਉਰੇ ਬੁਲਾਵਾਂ ?'
ਏਹ ਕਹਿ ਅਪਨੇ ਇਕ ਪੁੱਤਰ ਨੂੰ ਕੀਤਾ ਤੁਰਤ ਇਸ਼ਾਰਾ
ਛਿਨ ਵਿਚ ਸੋਟੀ ਚੁਕ ਲਿਆਇਆ, ਸਾਧੂ ਖਿਝਆ ਭਾਰਾ
ਗ੍ਰਹਸਤੀ ਨੇ ਫਿਰ ਕਿਹਾ ਭਰਾਵਾ ! ਤੈਂ ਕੀ ਹਾਸਲ ਕੀਤਾ ?
'ਅਫ਼ਲ ਪਖੰਡ ਉਮਰ ਭਰ ਕਰ ਕੇ, ਖ਼ੂਨ ਜਗਤ ਦਾ ਪੀਤਾ
ਤੈਨੂੰ ਕੁਝ ਨਾ ਹਾਸਲ ਹੋਇਆ, ਮੈਨੂੰ ਮਿਲ ਗਏ ਬੱਚੇ
ਰੱਬ ਉਨ੍ਹਾਂ ਨੂੰ ਮਿਲੂ, ਜਿਨ੍ਹਾਂ ਦੇ ਜੀਵਨ 'ਸੁਥਰੇ' ਸੱਚੇ

ਅਕਲ ਦੀਆਂ ਖੁਰਾਕਾਂ

ਅਕਬਰ ਨੂੰ ਦਰਬਾਰ ਭਰੇ ਵਿਚ ਸੁੱਝਾ ਪ੍ਰਸ਼ਨ ਸਿਆਣਾ !
'ਕੋਈ ਦੱਸੇ 'ਅਕਲ' ਹੂਰ ਦਾ ਕੀ ਹੈ ਖਾਣਾ-ਦਾਣਾ ?
'ਯਾਨੀ ਕੀ ਕੁਝ ਖਾ ਕੇ ਬੁੱਧੀ ਤਕੜੀ ਉੱਚੀ ਹੋਵੇ !
'ਕਿਸ ਖ਼ੁਰਾਕ ਨੂੰ ਖਾਈਏ, ਜੇਹੜੀ ਮੈਲ ਮਗਜ਼ ਦੀ ਧੋਵੇ ?'
ਭਾਂਤੋ ਭਾਂਤੀ ਇਸ ਸਵਾਲ ਦੇ ਸਭ ਨੇ ਉਤਰ ਸੁਣਾਏ !
ਸ੍ਵਾਦਾਂ ਭਰੇ 'ਅਕਲ' ਦੇ ਖਾਣੇ ਗਿਣ ਗਿਣ ਕਈ ਬਤਾਏ !
ਕਿਸੇ ਕਿਹਾ, ਦੁਧ, ਮੱਖਣ, ਘੀ, ਫਲ ਖਾਇ ਅਕਲ ਹੈ ਬੜ੍ਹਦੀ !
ਕਿਸੇ ਕਿਹਾ ਖਾ ‘ਬ੍ਰਹਮੀ ਬੂਟੀ' ਅਕਲ ਉਚੇਰੀ ਚੜ੍ਹਦੀ !
ਵਰੁਚ, ਬਦਾਮ, ਮਜੂਨਾਂ, ਯਖ਼ਨੀ, ਗਰਮਾਈਆਂ, ਸਰਦਾਈਆਂ !
ਜਿੰਨੇ ਮੂੰਹ ਸਨ ਉਨੀਆਂ ਦਸੀਆਂ ਅਕਲ-ਵਧਾਊ ਦਵਾਈਆਂ !
ਛੇਕੜ ਕਿਹਾ ਬੀਰਬਲ 'ਬੁੱਧੀ, ਕੇਵਲ ਗ਼ਮ ਹੈ ਖਾਂਦੀ !
'ਯਾਨੀ ਸੋਚਾਂ ਤੇ ਗ਼ਮ ਖਾ ਕੇ ਅਕਲ ਤੇਜ਼ ਹੋ ਜਾਂਦੀ !'
ਫਿਰ ਪੁੱਛਿਆ ਅਕਬਰ ਨੇ 'ਬੁੱਧੀ, ਕੀ ਕੁਝ ਪੀ ਕੇ ਜੀਂਦੀ ?'
'ਯਾਨੀ ਗ਼ਮ ਦੀ ਖਾ ਕੇ ਰੋਟੀ ਜਲ ਦੀ ਥਾਂ ਕੀ ਪੀਂਦੀ ?
ਹੋਰ ਕਿਸੇ ਨੂੰ ਜਵਾਬ ਨਾ ਆਯਾ, ਕਿਹਾ ਉਸੇ ਗ਼ਮ ਖਾ ਕੇ:-
'ਗੁੱਸਾ ਹੈ ਨਿਤ ਪੀਂਦੀ ਬੁੱਧੀ ਗ਼ਮ ਦੇ ਨਾਲ ਰਲਾ ਕੇ !
'ਜਿਸ ਮਨੁੱਖ ਦੀ ਬੁੱਧ ਸਦਾ ਗ਼ਮ ਖਾਵੇ, ਗੁੱਸਾ ਪੀਵੇ !
'ਓਹੋ ਬਣੇ ਬੜਾ ਅਕਲੱਯਾ ਸਖੀ ਸ਼ਾਂਤ ਰਹਿ ਜੀਵੇ !
'ਜੋ ਮੂਰਖ ਗ਼ਮ-ਗੁੱਸਾ ਬੁੱਧੀ ਨੂੰ ਨਾ ਖੁਆਂਦੇ ਪਿਆਂਦੇ !
'ਨਿਤ ਬੇ-ਇੱਜ਼ਤ ਦੁਖੀਏ ਰਹਿੰਦੇ ‘ਸੁਥਰੇ ਤੋਂ ਠੁਡ ਖਾਂਦੇ !'

ਇਸ਼ਕ ਤੇ ਇਨਸਾਫ਼

ਸੈਰ ਕਰਨ ਨੂੰ ਨੂਰ ਜਹਾਂ ਨੇ ਕਦਮ , ਬਾਗ਼ ਵਿਚ ਪਾਏ
ਰੋਅਬ ਅਦਬ ਸੰਗ ਬੂਟੇ ਸਹਿਮੇ, ਸਰੂਆਂ ਸੀਸ ਝੁਕਾਏ
ਹੁਸਨ-ਹਕੂਮਤ ਦੀ ਮਸਤੀ ਸੀ, ਨੂਰ ਜਹਾਂ ਤੇ ਛਾਈ
ਲੋੜ੍ਹ ਜਵਾਨੀ ਹੜ੍ਹ ਜੋਬਨ ਦਾ ਕਾਂਗ ਸ਼ਾਨ ਦੀ ਆਈ
ਇਕ ਮਾਲੀ ਤੜਕੇ ਤੋਂ ਮੇਹਨਤ ਕਰਦਾ ਕਰਦਾ ਧੌਂ ਕੇ
ਲਾਹ ਰਿਹਾ ਸੀ ਜ਼ਰਾ ਥਕਾਵਟ, ਠੰਢੀ ਛਾਵੇਂ ਸੌਂ ਕੇ
ਗ਼ਜ਼ਬ ਚੜ੍ਹ ਗਿਆ ਨੂਰ ਜਹਾਂ ਨੂੰ, ਦੇਖ ਓਸ ਨੂੰ ਸੁੱਤਾ
'ਹੈਂ? ਏਹ ਅਦਬ ਲਈ ਨਹੀਂ ਉਠਿਆ ਮੇਰੇ ਦਰ ਦਾ ਕੁੱਤਾ'
ਹੁਕਮ ਸਿਪਾਹੀ ਨੂੰ ਦੇ ਫੌਰਨ ਠਾਹ ਗੋਲੀ ਮਰਵਾਈ
ਅਪਨੀ ਜਾਚੇ ਨਿਮਕ ਹਰਾਮੀ ਦੀ ਚਾ ਸਜ਼ਾ ਦਿਵਾਈ
ਉਸ ਮਾਲੀ ਦੀ ਵਿਧਵਾ ਮਾਲਣ ਵਾਲ ਸੀਸ ਦੇ ਪੁਟਦੀ
ਜਾ ਕੂਕੀ ਦਰਬਾਰ ਸ਼ਾਹੀ ਵਿਚ, ਪਿਟਦੀ ਛਾਤੀ ਕੁਟਦੀ
ਜਹਾਂਗੀਰ ਸਭ ਵਿਥਿਆ ਸੁਣਕੇ ਦੁਖੀ ਹੋਇਆ ਘਬਰਾਇਆ
ਰਿਦੇ ਜੋਸ਼ ਇਨਸਾਫ਼ ਭੜਕਿਆ, ਖ਼ੂਨ ਨੇਤਰੀਂ ਆਇਆ
ਪਰ ਫ਼ੌਰਨ ਹੀ ਇਸ਼ਕ ਹੁਰਾਂ ਇਕ ਤਰਫ਼ੋਂ ਸਿਰੀ ਦਿਖਾਈ
'ਹਾਇ ! ਪਿਆਰੀ ਨੂਰ ਜਹਾਂ ਤੇ ਕਰਾਂ ਕਿਵੇਂ ਕਰੜਾਈ ?'
ਨੇਹੁੰ-ਨਿਆਉਂ ਦੋਹਾਂ ਦੀ ਸੁਣ ਕੇ, ਸ਼ਾਹ ਨੇ ਅਕਲ ਲੜਾ ਕੇ
ਉਸ ਮਜ਼ਲੂਮ ਮਾਲਣ ਦੇ ਹਥ ਵਿਚ, ਖੁਦ ਬੰਦੂਕ ਫੜਾ ਕੇ
ਅਪਨੀ ਛਾਤੀ ਅਗੋਂ ਡੋਰੀ ਚਪਕਨ ਦੀ ਚਾ ਖੋਲ੍ਹੀ
ਕਿਹਾ 'ਮਾਰ ਮਜ਼ਲੂਮ ਮਾਲਣੇ, ਮੇਰੇ ਕਲੇਜੇ ਗੋਲੀ
'ਉਸ ਨੇ ਤੇਰਾ ਪਤੀ ਮਾਰ ਕੇ, ਕੀਤਾ ਰੰਡੀ ਤੈਨੂੰ
'ਤੂੰ ਭੀ ਉਸ ਨੂੰ ਰੰਡੀ ਕਰ ਦੇ, ਗੋਲੀ ਲਾ ਕੇ ਮੈਨੂੰ'
ਸੁਟ ਦਿਤੀ ਬੰਦੂਕ ਮਾਲਨ ਨੇ, ਲਗ ਪਈ ਭੁੱਬਾਂ ਮਾਰਨ
ਦ੍ਰਵ ਗਏ ਸਭ ਦਰਬਾਰੀ-ਦਰਸ਼ਕ ਸ਼ਾਵਾ ਲਗੇ ਉਚਾਰਨ
ਮਾਯਾ ਰੱਜਵੀਂ ਲੈ ਮਾਲਨ ਨੇ ਦਾਵਿਉਂ ਹੱਥ ਉਠਾਏ
ਇਬਕ ਅਤੇ ਇਨਸਾਫ ਸ਼ਾਹ ਨੇ 'ਸੁਥਰੇ' ਦੋਇ ਨਿਭਾਏ

ਗੌਂ ਭੁਨਾਵੇ ਜੌਂ

ਅਕਬਰ ਕੀਤਾ ਪ੍ਰਸ਼ਨ 'ਬੀਰਬਲ, ਖੋਲ੍ਹ ਘੁੰਡੀ ਇਕ ਭਾਰੀ
‘ਦੁਨੀਆਂ ਵਿਚ ਕੁਝ ਚੀਜ਼ਾਂ ਨਾਲੋਂ ਕੇਹੜੀ ਸਭ ਨੂੰ ਪਿਆਰੀ ?'
ਉਸ ਨੇ ਕਿਹਾ ਮਸਾਣਾਂ ਵਿਚ ਇਕ ਸਿੱਧ ਸਾਧ ਹੈ ਰਹਿੰਦਾ
'ਫ਼ੈਜ਼ੀ, ਭੇਜੋ, ਉਸ ਤੋਂ ਪੁਛੋ, ਕੀ ਕੁਝ ਹੈ ਓਹ ਕਹਿੰਦਾ ?
ਏਹ ਕਹਿ ਆਪ ਬਹਾਨਾ ਕਰ ਕੇ, ਚਲਾ ਬੀਰਬਲ ਆਇਆ
ਝਟ ਸਾਧੂ ਬਣ, ਝੁੰਬ ਮਾਰ, ਸ਼ਮਸ਼ਾਨੀਂ ਡੇਰਾ ਲਾਇਆ
ਸ਼ਾਹ ਵੱਲੋਂ ਜਦ ਫ਼ੈਜ਼ੀ ਪਹੁੰਚਾ, ਉੱਤਰ ਦਿਤਾ ਤਿਸ ਨੂੰ:-
'ਆਪੇ ਆ ਕੇ ਉੱਤਰ ਪੁੱਛੇ ਲੋੜ ਪਈ ਹੈ ਜਿਸ ਨੂੰ'
ਏਹ ਸੁਣ ਅਕਬਰ ਬਾਦਸ਼ਾਹ ਖ਼ੁਦ ਪਹੁੰਚਾ ਜਾਇ ਮਸਾਣੀ
ਸਾਧੂ ਨੇ ਏਹ ਮੱਖਣ ਕੱਢਿਆ, ਫੇਰ ਵਿਚਾਰ ਮਧਾਣੀ :-
'ਦੁਨੀਆਂ ਵਿਚ ਹਰ ਬੰਦੇ ਤਾਈਂ ਗੌਂ ਸਭ ਤੋਂ ਪਿਆਰੀ
‘ਗੌਂ ਤਾਈਂ ਹੀ ਸ੍ਵਾਸ ਸ੍ਵਾਸ ਹਨ ਜਪਦੇ ਸਭ ਨਰ ਨਾਰੀ
‘ਗੌਂ ਪਿਛੇ ਹੀ ਨਾਰੀ ਸੇਵਾ ਭਰਤੇ ਦੀ ਹੈ ਕਰਦੀ
'ਗੌਂ ਖਾਤਰ ਹੀ ਬੈਲ ਬਣੇ ਨਰ, ਗੱਡੀ ਰੇੜ੍ਹੇ ਘਰ ਦੀ
'ਗੁਰ ਚੇਲੇ ਨੂੰ, ਚੇਲਾ ਗੁਰ ਨੂੰ, ਗੌਂ ਹਿਤ ਪ੍ਰੇਮ ਦਿਖਾਂਦੇ
'ਗੌਂ ਹਿਤ ਰਬ ਜਗ ਰਚਦਾ, ਗੌਂ ਹਿਤ ਲੋਕੀ ਰੱਬ ਧਿਆਂਦੇ
'ਗੌਂ ਨਾ ਹੁੰਦੀ ਤਾਂ ਮਜਨੂੰ ਨਾ ਲੇਲੀ ਖ਼ਾਤਰ ਸੁਕਦਾ
'ਗੌਂ ਨਾ ਹੋਵੇ, ਕੋਈ ਕਿਸੇ ਦੇ ਮੂੰਹ ਤੇ ਭੀ ਨਹੀਂ ਥੁਕਦਾ
‘ਜੰਮਦਾ ਬੱਚਾ ਦੁਧ ਦੀ ਗੌਂ ਹਿਤ ਮਾਂ ਦੀ ਛਾਤੀ ਲਗਦਾ
'ਗੌਂਦਾ ਹੀ ਦੁੱਧ ਜੋਸ਼ ਚ' ਆ ਕੇ ਮਾਂ ਦੇ ਥਣ `ਚੋਂ ਵਗਦਾ
'ਗੋਂ ਬੱਧੇ ਹੀ ਆਪ ਮਹਿਲ ਤੋਂ ਚਲ ਮਸਾਣੀ ਆਏ
'ਗੌਂ ਖ਼ਾਤਰ ਹੀ ਅਸਾਂ ਤੁਹਾਨੂੰ ਬਚਨ ਅਮੋਲ ਸੁਣਾਏ ।'
ਸ਼ੱਕ ਪਿਆ ਸਾਧੂ ਪੁਰ ਸ਼ਾਹ ਨੂੰ, ਖਿਚ ਕੇ ਝੁੰਬ ਹਟਾਇਆ
ਵਿਚੋਂ ਹਸਦਾ ਹਸਦਾ 'ਸੁਥਰਾ' ਨਿਕਲ ਬੀਰਬਲ ਆਇਆ

ਯਕੀਨ ਦੇ ਬੇੜੇ ਪਾਰ

ਦੇਸ਼ ਹਬਸ਼ੀਆਂ ਦਾ ਇਕ ਵਾਰੀ ਔੜ ਹਥੋਂ ਤੰਗ ਆਇਆ
ਫ਼ਸਲਾਂ ਸੁਕੀਆਂ, ਕਾਲ ਪੈ ਗਿਆ, ਘਰ ਘਰ ਮਾਤਮ ਛਾਇਆ
ਭਖੇ ਨੰਗੇ ਬੱਚੇ ਵਿਲਕਣ, ਡੰਗਰ ਮਰ ਮਰ ਜਾਵਣ
ਉਡਦੇ ਪੰਛੀ ਗਸ਼ ਖਾ ਡਿੱਗਣ, ਗਊਆਂ ਰੂੜੀ ਖਾਵਣ
ਉਡਦੀ ਦਿਸੇ ਖ਼ਾਕ ਹਰ ਜਗ੍ਹਾ, ਪਾਣੀ ਨਜ਼ਰ ਨਾ ਆਵੇ
ਮੂੰਹ ਚੁੱਕਣ ਅਸਮਾਨ ਵਲ ਤਾਂ ਸੂਰਜ ਅੱਗ ਵਰ੍ਹਾਵੇ
ਅਤੀ ਦੁਖ ਦੇ ਸਮੇਂ ਉਨ੍ਹਾਂ ਨੂੰ ਈਸ਼੍ਵਰ ਚੇਤੇ ਆਇਆ
‘ਦੁਖ ਦਾਰੂ ਸੁਖ ਰੋਗ ਹੋਂਵਦਾ ਗੁਰ ਨੇ ਹੈ ਫ਼ੁਰਮਾਇਆ
ਪ੍ਰਾਰਥਨਾ ਹਿਤ ਇਕ ਦਿਨ ਮਿਥਕੇ ਦੁਖੀ ਹੋਏ ਸਭ ਕੱਠੇ
ਰੱਬ ਪਾਸੋਂ ਮੀਂਹ ਮੰਗਣ ਖਾਤਰ ਆਏ ਸਾਰੇ ਨੱਠੇ
ਅਰਦਾਸੇ ਹਿਤ ਇਕ ਹਬਸ਼ੀ ਉਪਦੇਸ਼ਕ ਉੱਠ ਖਲੋਇਆ
ਕਹਿਣ ਲਗਾ 'ਮੈਂ ਦੇਖ ਤੁਹਾਨੂੰ ਸ਼ਰਮਸਾਰ ਹਾਂ ਹੋਇਆ
'ਵੀਰੋ ਭੈਣੋ, ਤੁਸੀਂ ਰੱਬ ਤੋਂ ਮੀਂਹ ਮੰਗਣ ਹੋ ਆਏ
ਐਪਰ ਅਪਨੇ ਨਾਲ ਛਤਰੀਆਂ ਬਿਲਕੁਲ ਨਹੀਂ ਲਿਆਏ
'ਜੇ ਰੱਬ ਤੇ ਨਹੀਂ ਸਿਦਕ ਤੁਹਾਨੂੰ, ਤਾਂ ਬਿਰਥਾ ਸੀ ਔਣਾ
'ਜੇ ਯਕੀਨ ਸੀ ਤਾਂ ਸੀ ਲਾਜ਼ਿਮ ਨਾਲ ਛਤਰੀਆਂ ਲਿਔਣਾ
'ਰੱਬ ਤਾਂ ਨਿੱਤ ਹੈ ਸੁਣਦਾ ਮੰਨਦਾ, ਸਭ ਅਰਦਾਸੇ ਸੱਚੇ
'ਹਾਇ ਸ਼ੋਕ! ਪਰ ਸਾਡੇ ਦਿਲ ਹੀ ਰੱਖਣ ਨਿਸਚੇ ਕੱਚੇ!
ਹਬਸ਼ੀ ਦੀ ਸੁਣ 'ਹਿਕਮਤ’ ‘ਸੁਥਰਾ' ਕੰਬਿਆ ਤੇ ਥੱਰਾਇਆ
'ਬੇੜੇ ਪਾਰ ਸਿਦਕ ਦੇ ਹੁੰਦੇ' ਰਗ ਰਗ ਵਿਚ ਸਮਾਇਆ

ਬੇਬਸੀਆਂ

ਪ੍ਰੇਮ-ਕੁੰਡੀ ਵਿਚ ਖੁਸ਼ ਹੋ ਅੜੁੰਬਿਆ ਦਿਲ
ਸਾਰੀ ਵਾਹ ਲਾਈ, ਨਾ ਛੁਡਾ ਸਕਿਆ
ਜਿਵੇਂ ਚੂਹਾ ਇਕ ਪਿੰਜਰੇ ਵਿਚ ਫਾਥਾ
ਮੁੜ ਨਾ ਪੌਣ ਆਜ਼ਾਦੀ ਦੀ ਖਾ ਸਕਿਆ

ਅੱਚਣਚੇਤ ਮੇਰੀ ਕੁੱਲੀ ਚੰਦ ਚੜਿਆ
ਯਾਨੀ ਭੁੱਲ ਰਸਤਾ ਓਥੇ ਆ ਗਏ 'ਓਹ'
ਹੱਥਾਂ ਪੈਰਾਂ ਦੀ ਮੈਨੂੰ ਪੈ ਗਈ ਐਸੀ
ਮੂੰਹੋਂ ਬੰਦਗੀ ਭੀ ਨਾ ਬੁਲਾ ਸਕਿਆ

ਦਿਨੇ ਰਾਤ ਹਮੇਸ਼ਾ ਏ ਸੋਚਦਾ ਸਾਂ,
ਕਦੇ ਮਿਲੇ ਤਾਂ ਰੋਵਾਂਗਾ ਕੁਲ ਰੋਣੇ
ਜਦੋਂ ਟੱਕਰੇ ਤਾਂ ਗਿਆ ਭੁਲ ਸਭ ਕੁਝ
ਪੈਰੀਂ ਸੁਟ ਕੇ ਸਿਰ ਨਾ ਉਠਾ ਸਕਿਆ

ਸ਼ਰਬਤ ਪਾਣੀ ਨਾ ਕੋਈ ਬਣਾ ਸਕਿਆ
ਨਾ ਕੋਈ ਬੜੀ-ਬੋਰੀ ਹੀ ਵਿਛਾ ਸਕਿਆ
ਨਾ ਖ਼ੁਦ ਰੋ ਸਕਿਆ, ਨਾ-ਰੁਆ ਸਕਿਆ
ਨਾ ਦਿਲ ਚੀਰ ਕੇ ਅਪਨਾ ਦਿਖਾ ਸਕਿਆ

ਮੈਂ ਹੀ ਨਹੀਂ ਹੋਇਆ, ਬੇਬਸ ਸਿਰਫ ਕੱਲਾ
ਬੇਬਸ ਆਪ ਭੀ ਹੈ ਬੇਬਸ ਕਰਨ ਵਾਲਾ
ਅੱਖਾਂ ਨਾਲ ਜੋ ਅੱਗ ਤਾਂ ਲਾ ਬੈਠਾ
ਪਰ ਨਾ ਆਪ ਭੀ ਉਸ ਨੂੰ ਬੁਝਾ ਸਕਿਆ

ਹੋਰ ਕੁੱਲ ਬੇਬਸੀਆਂ ਤਾਂ ਝੱਲੀਆਂ ਸਨ
ਐਪਰ ਡੁੱਲ੍ਹਿਆ ਓਸ ਦਿਨ ਸਬਰ-ਪ੍ਯਾਲਾ
ਡਿੱਠਾ ਉਨ੍ਹਾਂ ਨੂੰ ਹਸਦਿਆਂ ਨਾਲ ਵੈਰੀ
ਨਾ ਕੁਝ ਜ਼ੋਰ ਚਲਿਆ, ਨਾ ਹਟਾ ਸਕਿਆ।

‘ਸੁਥਰਾ' ਸਦਾ ਹਸਾਂਦਾ ਹੈ ਜਗਤ ਤਾਈਂ
ਕੇਹੜੇ ਕੰਮ ਉਸ ਦੀ ਕਰਾਮਾਤ ਹੈ ਏਹ?
ਰੋਸਾ ਉਨਾਂ ਦਾ ਜੇ ਨਾ ਹਟਾ ਸਕਿਆ,
ਕੁਤਕੁਤਾਰੀਆਂ ਕਰ ਨਾ ਹਸਾ ਸਕਿਆ।

ਪਿਓ ਦੀ ਕਮਾਈ ਤੇ ਆਪਣੀ ਕਮਾਈ

ਪੁੱਤਰ ਦੀਆਂ ਫ਼ਜ਼ੂਲ ਖ਼ਰਚੀਆਂ ਤੋਂ ਡਾਢਾ ਦਿਕ ਹੋ ਕੇ
ਕਿਹਾ ਪਿਤਾ ਨੇ, ‍‍‌‍‍‌ਕ੍ਰੋਧ-ਬਿਤਰਸੀ ਵਿਚ ਸਿਖਿਆ ਨੂੰ ਗੋ ਕੇ:-
'ਹੁਣ ਨਹੀਂ ਦੇ ਸਕਦਾ ਮੈਂ ਪੈਸਾ, ਜਾਹ ਕਰ ਆਪ ਕਮਾਈ
'ਜਵਾਨ ਹੋ ਗਿਓਂ, ਦਸ ਕਦੀ ਤਾਂ, ਖਟ ਕੇ ਪੈਸਾ ਪਾਈ'
ਦਿਨ ਭਰ ਫਿਰ ਤੁਰ ਬਾਹਰ ਬੇਟਾ, ਖ਼ਾਲੀ ਘਰ ਨੂੰ ਆਇਆ
ਮਾਂ ਨੇ ਕਰ ਕੇ ਰਹਿਮ ਓਸ ਨੂੰ ਚੋਰੀ ਪੌਂਡ ਫੜਾਇਆ
ਪਿਓ ਨੂੰ ਦਸਿਆ ਪੌਂਡ ਪੁਤ ਨੇ, ਖਟ ਕੇ ਹੈ ਮੈਂ ਲਿਆਂਦਾ!'
ਉਸ ਨੂੰ ਬੜੀ ਹਰਾਨੀ ਲੱਗੀ, ਦਿਲ ਵਿਚ ਸੋਚ ਦੁੜਾਂਦਾ
ਛੇਕੜ ਕਿਹਾ ਹੱਸ ਕੇ 'ਬੇਟਾ, ਖੂਹ ਵਿਚ ਸੁਟ ਦੇ ਇਸ ਨੂੰ'
ਬੇਟੇ ਨੇ ਝਟ ਖੂਹ ਵਿਚ ਸਿਟਿਆ ਪੌਂਡ ਦਿਖਾ ਕੇ ਤਿਸ ਨੂੰ
ਅਗਲੀ ਸੰਧ੍ਯਾ ਲਾਲ ਹੁਰੀ ਜਦ ਫਿਰ ਖਾਲੀ ਘਰ ਆਏ
ਤਰਸ ਭੈਣ ਨੂੰ ਆਇਆ, ਚੁਪਕੇ ਪੰਜ ਰੁਪਏ ਫੜਾਏ
ਕਿਹਾ ਪਿਤਾ ਨੇ ਹੱਸਕੇ ‘ਇਹ ਭੀ ਖੂਹ ਵਿਚ ਸੁਟ ਭੁਆ ਕੇ!'
ਪੁੱਤਰ ਨੇ ਝਟ ਹੁਕਮ ਮੰਨਿਆ ਪੰਜ ਰੁਪਏ ਗੁਆ ਕੇ!
ਤੀਜੇ ਦਿਨ ਨਾ ਮਾਂ-ਭੈਣ ਨੇ ਪੈਸਾ ਦਿਤਾ ਕੋਈ
ਬੜੀ ਗੜਬੜੀ ਲੱਗੀ ਲਾਲ ਨੂੰ, ਡਾਢੀ ਚਿੰਤਾ ਹੋਈ
ਦੋ ਤਿੰਨ ਪੰਡਾਂ ਚੁਕੀਆਂ ਜਾ ਕੇ ਹੱਡ ਅਪਨੇ ਕੁੜਕਾਏ
ਮਸਾਂ ਕਿਤੇ ਕਰ ਕਠਨ ਮਜੂਰੀ ਦੋ ਆਨੇ ਹੱਥ ਆਏ
ਪਿਉ ਨੇ ਪੈਸੇ ਦੇਖ ਹੱਸ ਕੇ ਕਿਹਾ, 'ਖੂਹੇ ਵਿਚ ਸੁਟ ਦੇ !'
ਪਿਆ ਲੜਨ ਨੂੰ ਪੁਤ ਅਗੋਂ, 'ਪੈਸੇ ਹਨ ਕੋਈ ਲੁਟ ਦੇ?'
'ਗਰਦਨ ਤੋੜੀ, ਮੋਢੇ ਤੋੜੇ, ਹਡ ਗੋਡੇ ਤੁੜਵਾਏ
'ਲਹੂ ਵੀਟ ਕੇ ਆਪਨਾ, ਪੈਸੇ ਮਰ ਕੇ ਅਠ ਕਮਾਏ
'ਏਹਨਾਂ ਨੂੰ ਖੂਹ ਵਿਚ ਸੁਟ ਦੇਵਾਂ? ਕਿਉਂ ਨਾ ਖੁਦ ਡੁਬ ਜਾਵਾਂ?
'ਜੇ ਪੈਸੇ ਹਨ ਖੂਹ ਵਿਚ ਸੁਟਣੇ, ਕਾਹਨੂੰ ਪਿਆ ਕਮਾਵਾਂ?'
ਪਿਓ ਨੇ ਕਿਹਾ ਹਸ ਕੇ 'ਬੇਟਾ, ਖੁਸ਼ੀ ਹੋਈ ਅਜ ਮੈਨੂੰ
'ਹੱਕ-ਹਲਾਲ ਕਮਾਈ ਦੀ ਕੁਝ ਕਦਰ ਪਈ ਹੈ ਤੈਨੂੰ
‘ਮੁਫ਼ਤ-ਮਾਲ ਤੇ ਪਿਉ ਦੀ ਦੌਲਤ, ਖੁਲ੍ਹ ਕੇ ਲੋਕ ਉਡਾਂਦੇ
ਲਹੂ-ਪਸੀਨਾ ਕਰ ਜੋ ਖਟਦੇ 'ਸੁਥਰੇ' ਕਦਰਾਂ ਪਾਂਦੇ!'ਨਿੱਜ ਹੋਣਾ ਕਪੁੱਤਰ

ਮੰਨੀਆਂ ਮੰਨਤਾਂ ਲੱਖਾਂ, ਇਲਾਜ ਕੀਤੇ, ਕਿਸੇ ਤਰ੍ਹਾਂ ਬਖਸ਼ੇ ਇਕ ਕਰਤਾਰ ਪੁੱਤਰ! ਚਾਲੀ ਸਾਲ ਮੀਆਂ ਬੀਵੀ ਰੋਇ ਤੜਫੇ ਸਿੱਕਾਂ ਸਿੱਕ, ਹੋਇਆ ਆਖ਼ਰਕਾਰ ਪੁੱਤਰ! ਕੀ ਕੀ ਚਾਉ ਮਲਾਰ ਨਾ ਲਾਡ ਕੀਤੇ? ਕਿਵੇਂ ਪਾਲਿਆ ਨਾਲ ਪਿਆਰ ਪੁੱਤਰ! ਬੁੱਢਾ ਬੁੱਢੀ ਬੇ-ਦਾਮ ਗੁਲਾਮ ਦੋਵੇਂ, ਪਰਜਾ ਬਣੇ ਮਾਨੋ ਸੀ ਸਰਕਾਰ ਪੁੱਤਰ! ਰਿੜਿਆ, ਖੇਡਿਆ, ਪੜ੍ਹਿਆ ਜਮਾਤ ਦਸਵੀਂ, ਕਾਲਜ ਭੇਜ ਦਿਤਾ ਹੋਣਹਾਰ ਪੁੱਤਰ! ਖ਼ਰਚ ਭੇਜ ਸੌ ਸੌ, ਸੌ ਸੌ ਆਸ ਰੱਖਣ, ਸੁਖੀ ਕਰੂ ਸਾਨੂੰ ਬਰਖੁਰਦਾਰ ਪੁੱਤਰ! ਆਇਆ ਛੁਟੀਆਂ ਘਰ ਵਿਚ ਹੋਏ ਅਚਰਜ, ਡਿੱਠਾ 'ਸਾਹਿਬ' ਬਣਿਆ ਫੈਸ਼ਨਦਾਰ ਪੁੱਤਰ! ਕਿੱਲੇ ਵਾਂਗ ਆਕੜ ਸਭ ਨੂੰ ਡੈਮ ਆਖੇ, ਸਭ ਨੇ ਸਮਝ ਲੀਤਾ ਕਰੂ ਖ਼੍ਵਾਰ ਪੁੱਤਰ! ਡਰਦੇ ਡਰਦਿਆਂ ਫੇਰ ਕੇ ਹੱਥ ਸਿਰ ਤੇ, ਕਿਹਾ ਪਿਤਾ ਨੇ ਨਾਲ ਪਿਆਰ, ਪੁੱਤਰ ! 'ਕਦੇ ਨਾਮ ਹੀ ਰੱਬ ਦਾ ਲੈ ਲਿਆ ਕਰ, ਨਾਲੇ ਖ਼ਰਚ ਕਰ ਸੋਚ ਵਿਚਾਰ ਪੱਤਰ !' ੧ 'ਡੋਂਟ ਦੱਚ ਮੀ ਵਿਦ ਡਰਟੀ ਹੈਂਡ' ਕਹਿ ਕੇ, ਟੱਪ ਗਿਆ ਬਰੂਹਾਂ ਤੋਂ ਪਾਰ ਪੁੱਤਰ ! ੨'ਆਈ ਨੋ ਬੈਟਰ ਐਵਰੀ ਥਿੰਗ ਦੈਨ ਯੂ', 'ਓਲਡ ਮੈਨ', ਕਹਿ ਮੂੰਹੋਂ ਉਚਾਰ ਪੁੱਤਰ ! ਉਸ ਦਾ ਖ਼ਰਚ ਵਧਦਾ ਵੇਖ ਲਿਖੀ ਚਿੱਠੀ:- 'ਕਿੱਥੋਂ ਕਾਰੂੰ ਦਾ ਲਿਆਵਾਂ ਭੰਡਾਰ ਪੁੱਤਰ ?' ੩'ਵ੍ਹਾਈ ਡਿਡ ਯੂ ਬ੍ਰਿੰਗ ਮੀ ਇਨ ਦੀ ਵ੍ਰਲਡ ? 'ਇਫ ਯੂਕੁਡੰਟ ਐਫੋਰਡ ?' ਭੇਜੀ ਤਾਰ ਪੁੱਤਰ ! ਨੌਕਰ ਹੋਇਆ ਤਾਂ ਇਕ ਦਿਨ ਜਾ ਰਹੇ ਸੀ, ਪਿੱਛੇ ਪਿਤਾ ਅੱਗੇ ਠਾਣੇਦਾਰ ਪੁੱਤਰ ! ਕਿਸੇ ਮਿੱਤ੍ਰ ਪੁਛਿਆ, 'ਬੁਢਾ ਕੌਣ ਹੈ ਇਹ ? ੪'ਓਲਡ ਸਰਵੈਂਟ' ਸੁਣਾਇਆ ਸਵਾਰ ਪੁੱਤਰ ! ਪਿਓ ਤੋਂ ਰਿਹਾ ਨਾ ਗਿਆ, ਪੁਕਾਰ ਉਠਿਆ, ਲਾਨ੍ਹਤ ਰੱਬ ਦੀ ਤੈਨੂੰ ਹਜ਼ਾਰ ਪੁੱਤਰ ! ਨਿੱਜ ਹੋਣਿਆ, ਚੰਗਾ ਤੁਧ ਬਿਨਾਂ 'ਸੁਥਰਾ’ ਖ਼੍ਵਾਰ ਕਰਨ ਵਾਲਾ ਕੇਹੜੇ ਕਾਰ ਪੁੱਤਰ ! ੧ ਮੈਂਨੂੰ ਗੰਦੇ ਹੱਥ ਨਾ ਲਾ। ੨ ਬੁੱਢੇ ਆਦਮੀ ! ਮੈਂ ਹਰ ਇਕ ਗੱਲ ਤੈਥੋਂ ਬਿਹਤਰ ਜਾਣਦਾ ਹਾਂ । ੩ ਜੇ ਤੂੰ ਮੇਰਾ ਖ਼ਰਚ ਬਰਦਾਸ਼ਤ ਨਹੀਂ ਕਰ ਸਕਦਾ ਸੈਂ ਤਾਂ ਮੈਨੂੰ ਦੁਨੀਆਂ ਵਿਚ ਕਿਉਂ ਲਿਆਂਦਾ ਸੀ ? ੪ ਪੁਰਾਣਾ ਨੌਕਰ ।

ਅਮੀਰ ਦਾ ਬੰਗਲਾ

ਕਈ ਵਿਘੇ ਧਰਤੀ ਦੇ ਉਦਾਲੇ ਮਰਦ ਕਦ ਦੀਵਾਰ ਸੀ ਲੋਹੇ ਦੇ ਫਾਟਕ ਦੇ ਅਗੇ ਖੜਾ ਇਕ ਪਹਿਰੇਦਾਰ ਸੀ ਅੰਦਰ ਚੁਤਰਫੀਂ ਬਿਰਛ-ਬੂਟੇ ਸੈਂਕੜੇ ਲਾਏ ਹੋਏ ਕੁਝ ਸੁੰਦਰਾਂ ਫੁਲਾਂ ਦੇ ਲਦੇ ਕੁਝ ਫਲਾਂ ਤੇ ਆਏ ਹੋਏ ਵਿਚਕਾਰ ਉਸ ਸੋਹਣੇ ਬਗ਼ੀਚੇ ਦੇ, ਸੁਨਹਿਰੀ ਰੰਗਲਾ ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ ਉਸ ਦੀ ਬਨਾਵਟ ਤੇ ਸਜਾਵਟ ਤੋਂ ਅਮੀਰੀ ਟਪਕਦੀ ਉਸ ਦੀ ਸਫ਼ਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ ਸੀ 'ਡੈਕੋਰੇਸ਼ਨ’ ਓਸ ਦੀ 'ਐਕਸਪਰਟ' ਨੇ ਕੀਤੀ ਹੋਈ ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ ਸਭ ਕਮਰਿਆਂ ਵਿਚ 'ਫ਼ਰਨੀਚਰ ਸੀ 'ਫ਼ੈਸ਼ਨੇਬਲ’ ਸਜ ਰਿਹਾ ਹਰ ਚੀਜ਼ ਵਿਚ ਸੀ 'ਯੂਰਪੀਅਨ ਫ਼ੁੱਲ ਸਟਾਈਲ' ਗਜ ਰਿਹਾ ਇਉਂ 'ਨਯੂ ਥ੍ਰਾਈਡ' ਸਮ ‘ਡਰਾਇੰਗ ਰੂਮ' ਸੰਦੀ ਸ਼ਾਨ ਸੀ ਜੇ 'ਸੈੱਟ ਇੰਗਲਿਸਤਾਨ ਸੀ ਤਾਂ 'ਕਾਰਪੈੱਟ' ਈਰਾਨ ਸੀ ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ ਉਚ 'ਸਿਵਲੀਜ਼ੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ ਟੇਬਲ ਡਰੈੱਸਿੰਗ ਰੂਮ ਦੀ ਸੈਂਟਾਂ ਕਰੀਮਾਂ ਭਰੀ ਸੀ ਪਫ਼, ਕੂੰਬ, ਬ੍ਰਸ਼ ਪੌਡਰ, 'ਲਵਿੰਡਰ, ਲੈਨ ਲੰਮੀ ਧਰੀ ਸੀ ਦੇਖੋ ਜੇ 'ਡਾਈਨਿੰਗ ਰੂਮ' ਤਾਂ ਭੁਖ ਚਮਕ ਝਟ ਦੂਣੀ ਪਵੇ ਛੁਰੀਆਂ ਤੇ ਕਾਂਟੇ ਬਿਨਾਂ ਇਕ ਭੀ ਚੀਜ਼ ਨਾ ਛੂਹਣੀ ਪਵੇ ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਿਠਾਈਆਂ ਅਧਨੰਗੀਆਂ ਫੋਟੋਜ਼, 'ਮੈਂਟਲਪੀਸ’ ਤੇ ਟਿਕਵਾਈਆਂ ਵਿਚ 'ਲਾਇਬ੍ਰੇਰੀ, ਬੁਕਸ ਲੇਟੈਸਟ' ਦਿਸਦੀਆਂ ਸਨ ਸਾਰੀਆਂ ਨਾਵਲ-ਡਰਾਮੇ ਨਾਲ ਸਨ ਲਦੀਆਂ ਹੋਈਆਂ ਅਲਮਾਰੀਆਂ ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ 'ਆਥਰ’ ਤੇ ‘ਪੋਇਟ' ਇੰਗਲਸ਼ ਹਰ ਇਕ ਸੀ ਧਰਿਆ ਪਿਆ ਮੁੱਦਾ ਕੀ ਉੱਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ 'ਚਿੜੀਆਂ ਦਾ ਦੁਧ' ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ ਜੇ ਨਹੀਂ ਸੀ ਤਾਂ ਸਿਰਫ, 'ਨਿਤਨੇਮ ਦਾ ਗੁਟਕਾ' ਨ ਸੀ

ਲਹੂ, ਪਾਣੀ ਨਾਲੋਂ ਗਾੜ੍ਹਾ ਹੈ

ਲੁਟ ਪੁਟ ਜੂਏ ਵਿਚ ਕੌਰਵਾਂ, ਪਾਂਡਵ ਖ਼ਾਕ ਮਿਲਾਏ ਤੇਰਾਂ ਸਾਲ ਜੰਗਲੀਂ ਵੱਸੇ, ਕਰੜੇ ਹੁਕਮ ਸੁਣਾਏ ਪੰਜੇ ਪਾਂਡਵ ਅਤੇ ਦ੍ਰੋਪਦੀ ਨਾਲ ਮਾਤ ਨੂੰ ਲੈ ਕੇ ਸਿਰ ਨੀਵਾਂ ਕਰ ਸ਼ਹਿਰੋਂ ਨਿਕਲੇ, ਰਾਹ ਜੰਗਲ ਦੇ ਪੈ ਕੇ ਦੁਰਯੋਧਨ ਨੂੰ ਕੁਝ ਦਿਨ ਪਿਛੋਂ ਸੋਚ ਕਮੀਨੀ ਆਈ ਦੁਖੀਏ ਵੀਰਾਂ ਦੇ ਤਾਉਣ ਨੂੰ ਭੱਠੀ ਹੋਰ ਤਪਾਈ ਕਹਿਣ ਲਗਾ ‘ਓ ਕੌਰਵ ਭਾਈਓ, ਸਜ ਬਣ ਕੇ ਸਭ ਜਾਈਏ ‘ਜੰਗਲ ਵਿਚ ਪਾਂਡਵਾਂ ਤਾਈਂ, ਤਾਈਏ, ਦੁਖ ਪੁਚਾਈਏ' ਐਸਾ ਨੀਚ ਇਰਾਦਾ ਕਰ ਕੇ, ਇਕ ਸੌ ਕੌਰਵ ਭਾਈ ਬੜੇ ਲਾਉ ਲਸ਼ਕਰ ਲੈ ਅਪਨੇ, ਕਰ ਕੇ ਤੁਰੇ ਚੜ੍ਹਾਈ ਹੀਰੇ, ਲਾਲ, ਜਵਾਹਰ, ਮੋਤੀ, ਬਸਤਰ ਪਾ ਵਡਮੁਲੇ ਸ਼ਸਤ੍ਰ ਸਜਾਏ, ਮੁਛਾਂ ਵਟੀਆਂ, ਵਾਂਗ ਕੁਪਿਆਂ ਫੁਲੇ ਐਪਰ ਬਨ ਵਿਚ ਜਾਂਗਲੀਆਂ ਨੇ ਸਭ ਨੂੰ ਘੇਰਾ ਪਾਇਆ ਸਣੇ ਰਾਣੀਆਂ ਕੁਲ ਕੌਰਵਾਂ ਤਾਈਂ ਬੰਨ੍ਹ ਬਿਠਾਇਆ ਸੁਣ ਕੇ ਖ਼ਬਰ ਯੁਧਿਸ਼ਟਰ ਜੀ ਝਟ ਮਦਦ ਲਈ ਉਠ ਭੱਜੇ ਕਿਹਾ ਭੀਮ , ਨੇ 'ਭ੍ਰਾਤਾ ! ਉਹ ਤਾਂ ਵੈਰੀ ਹੈਨ ਨਿਲੱਜੇ ਉੱਤਰ ਮਿਲਿਆ 'ਵੀਰ’ ਵੀਰ ਹੈ, ਭਾਵੇਂ ਵੈਰ ਕਮਾਵੇ 'ਦੁਖ ਵਿਚ ਦੇਖ ਵੀਰ ਨੂੰ, ਉਸ ਦਾ ਵੈਰ ਕੁਲ ਭੁਲ ਜਾਵੇ' ਤੀਰ-ਕਮਾਨ ਸੰਭਾਲ ਪਾਂਡਵਾਂ, ਕੌਰਵ ਕੁਲ ਛੁਡਾਏ ਵੀਰ-ਪ੍ਰੇਮ ਦੇ ਮਹਾਂ ਪੂਰਨੇ 'ਸੁਥਰੇ' ਜਗ ਤੇ ਪਾਏ

ਪਿਆਰੇ ਦੀ ਖੁਸ਼ੀ ਨਾਲ ਖੁਸ਼ੀ

ਮਾਂਗ ਵਿਚ ਸੰਧੂਰ ਵੇਖ ਕੇ, ਹਨੂਮਾਨ ਚਕਰਾਇਆ ! 'ਖ਼ਬਰੇ ਮਾਤਾ ਨੇ ਇਹ ਸਿਰ ਤੇ ਰੰਗ ਜਿਹਾ ਕਿਉਂ ਲਾਇਆ ?' ਰਹਿ ਨ ਸਕਿਆ, ਪੁਛ ਹੀ ਲੀਤਾ 'ਮਾਤਾ, ਰਾਮ ਪਿਆਰੀ ! 'ਲਾਲ ਸੰਧੂਰ ਨਾਲ ਕਿਉਂ ਚਿੱਟੀ ਮਾਂਗ ਰੰਗੀ ਹੈ ਸਾਰੀ ?' ਮਾਤਾ ਸੀਤਾ ਦੇ ਹਿਰਦੇ ਵਿਚ ਫ਼ੋਰਨ ਕੁਛ ਕੁਛ ਹੋਇਆ ! ਅੱਖਾਂ ਅੱਗੇ ਰਾਮ ਪਿਆਰੇ ਦਾ ਆ ਚਿਤ੍ਰ ਖਲੋਇਆ ! ਕਹਿਣ ਲਗੀ 'ਏਹ ਲੀਕ ਸੰਧੂਰੀ ਮਿਰੀ ਸੁਹਾਗ ਨਿਸ਼ਾਨੀ ! 'ਕਹਿੰਦੀ ਹੈ ਕਿ ਜਗ ਜੁਗ ਜੀਵੇ ਮੇਰਾ ਮਾਨੀ ਤਾਨੀ ! 'ਏਹ ਸੰਧੂਰ ਵੇਖ ਖੁਸ਼ ਹੋਵੇ ਮੇਰੇ ਸਿਰ ਦਾ ਸਾਈਂ !' ‘ਤਦੇ ਮਾਂਗ ਵਿਚ ਇਸ ਨੂੰ ਨਿਤ ਹਾਂ ਲਾਂਦੀ ਚਾਈਂ ਚਾਈਂ !' ਹਨੁਮਾਨ ਇਹ ਸੁਣ ਕੇ ਟਪਿਆ, ਆਹਾ ਕਿਰਪਾ ਵੱਸੀ ! ‘ਬੀਬੀ ਮਾਤਾ ! ਧੰਨ ਧੰਨ ਤੂੰ, ਜਿਨ ਏਹ ਘੁੰਡੀ ਦੱਸੀ ! 'ਜੇ ਉਂਗਲ ਭਰ ਲੀਕ ਸੰਧੂਰੀ, ਖੁਸ਼ੀ ਰਾਮ ਕਰਵਾਵੇ ! 'ਇਸ ਦੇ ਲਾਇਆਂ ਉਮਰ ਰਾਮ ਦੀ ਆਹਾ, ਜੇ ਵਧ ਜਾਵੇ ! 'ਕਿਉਂ ਨਾ ਮੈਂ ਫਿਰ ਸਿਰੋਂ ਪੈਰ ਤਕ ਸਭ ਸੰਧੂਰ ਲਗਾਵਾਂ ? 'ਕਿਉਂ ਨਾ ਮੈਂ ਪੂਰੀ ਖੁਸ਼ੀ ਓਸ ਦੀ ਜੁਗੋ ਜੁਗੰਤਰ ਪਾਵਾਂ ? ਇਹ ਕਹਿ ਸਿਰ ਤੋਂ ਪੈਰਾਂ ਤਕ, ਇਕ ਦਮ ਸੰਧੂਰ ਲਗਾਇਆ ! ਪਰਲੈ ਤੀਕਰ ਹਨੂਮਾਨ ਨੇ 'ਪਰਮ ਭਗਤ' ਪਦ ਪਾਇਆ ! ਪਿਆਰਾ ਜਿਸ ਗੱਲੋਂ ਖੁਸ਼ ਹੋਵੇ 'ਸੁਥਰੇ’ ਜੇ ਓਹ ਕਰੀਏ ! ਬਸ ਫਿਰ ਖ਼ੁਸ਼ੀਆਂ, ਖੁਸ਼ੀਆਂ, ਖ਼ੁਸ਼ੀਆਂ, ਕਦੀ ਨ ਹਾਵੇ ਮਰੀਏ !

ਪੈਸਿਓਂ ਟੁੱਟਾ

ਪੈਸਿਓਂ ਟੁੱਟਾ ਯਾਰ ਮਿਰਾ ਇਕ ਡਾਢਾ ਇਕ ਦਿਨ ਝੁਰਿਆ ! ਕਹਿਣ ਲੱਗਾ 'ਬਈ ਪੈਸਿਓਂ ਟੁਟ ਮੈਂ ਵਿਚੇ ਵਿਚ ਹਾਂ ਖੁਰਿਆ ! 'ਜਾਨ-ਜਵਾਨੀਓਂ ਟੁਟ ਜਾਏ ਭਾਵੇਂ, ਪੈਸਿਓਂ ਕੋਈ ਨਾ ਟੁੱਟੇ ! 'ਧਨ-ਮਸ਼ੂਕ ਇਕ ਵਾਰ ਗਲੇ ਲਾ, ਫੇਰ ਪਰ੍ਹੇ ਨਾ ਸੁੱਟੇ ! 'ਪੈਸਿਓਂ ਟੁੱਟੇ ‘ਹਾਤਮ’ ਨੂੰ ਭੀ, ਮੂੰਹ ਨਾ ਕੋਈ ਲਗਾਵੇ! 'ਪੈਸਿਓਂ ਟੁੱਟੇ 'ਮਜਨੂੰ' ਨੂੰ ਭੀ 'ਲੇਲਾਂ' ਠੁੱਠ ਦਖਾਵੇ ! 'ਪੈਸਿਓਂ ਟੁੱਟੇ ਗਭਰੂ ਤਾਈਂ ਵਹੁਟੀ ਹਰਦਮ ਝਾੜੇ ! 'ਪੈਸਿਓਂ ਟੁੱਟਾ ਪਿਓਂ ਮੋਇਆ ਨ ਚੱਜ ਨਾਲ ਕੋਈ ਸਾੜੇ ! 'ਪੈਸਿਓਂ ਟੁੱਟੇ ਰਾਜੇ ਨੂੰ ਭੀ ਨੌਕਰ ਦੰਦ ਦਿਖਾਵਨ ! 'ਪੈਸਿਓਂ ਟੁੱਟੇ ਗਾਹਕਾਂ ਤੋਂ, ਹਟ ਵਾਲੇ ਸੜ ਬਲ ਜਾਵਨ ! 'ਪੈਸਿਓਂ ਟੁੱਟੇ ਮਿੱਤਰ ਤੋਂ ਸਭ ਮਿੱਤਰ ਅਖ ਚੁਰਾਂਦੇ ! 'ਪੈਸਿਓਂ ਟੁੱਟੇ ਰਾਹੀ ਨੂੰ ਮੰਗਤੇ ਭੀ ਨਹੀਂ ਬੁਲਾਂਦੇ ! 'ਪੈਸਿਓਂ ਟੁੱਟੇ ਸੌਦਾਗਰ ਦਾ ਨਿਕਲੇ ਝਟ ਦਿਵਾਲਾ ! 'ਪੈਸਿਓਂ ਟੁੱਟੇ ਭਣਵਈਏ ਨੂੰ ਸਾਲੇ ਆਖਣ ਸਾਲਾ ! 'ਪੈਸਿਓ ਜੇ ਰੱਬ ਭੀ ਟੁੱਟ ਜਾਵੇ, ਬੈਠਾ ਢੋਲੇ ਗਾਵੇ ! 'ਸ਼ਰਤ ਲਾਓ ਜੇ ਕੋਈ ਭੀ ਉਸਦਾ ਨਾਮ ਜੀਭ ਤੇ ਲਿਆਵੇ ! 'ਲਛਮੀ ਤੇ ਵਿਸ਼ਨੂੰ ਨੇ ਇਕ ਦਿਨ ਪ੍ਰਸਪਰ ਸ਼ਰਤ ਲਗਾਈ ! 'ਕਿਸ ਦੇ ਲੋਕ ਭਗਤ ਹਨ ਬਹੁਤੇ ? ਮਿਥ ਕੇ ਸ਼ਕਲ ਵਟਾਈ ! 'ਦੋਵੇਂ ਇਕ ਮੰਦਰ ਜਾ ਬੈਠੇ, ਆਏ ਭਗਤ ਪਿਆਰੇ ! 'ਲਛਮੀ ਦੇ ਸਭ ਚਰਨੀਂ ਲੱਗੇ, ਰਬ ਨੂੰ ਧੱਕੇ ਮਾਰੇ ! 'ਜਗ ਵਿਚ ਸਭ ਕੁਝ ਐਸਾ ਵੈਸਾ ਜੈਸਾ ਕੈਸਾ ਤੈਸਾ ! 'ਪੈਸਾ ਪੈਸਾ ਪੈਸਾ ਪੈਸਾ ਪੈਸਾ ਹੈ ਬਈ ਪੈਸਾ !' 'ਉਸ ਦਾ ਰੋਣਾ ਸੁਣ ਮੈਂ ਹਸਿਆ, ਨਾਲ ਇਸ਼ਾਰੇ ਦਸਿਆ:- 'ਸੁਥਰਾ’ ਸਬਕ ਕਮਲ ਤੋਂ ਸਿਖ ਜੋ ਚਿੱਕੜ ਵਿਚ ਨਹੀਂ ਫ਼ਸਿਆ !

ਮੇਰੀ ਜਵਾਨੀ ਮੋੜ ਦੇਹ

ਬੁੱਢਾ ਸੀ ਇਕ ਕੁਰਲਾ ਰਿਹਾ:- ਰੱਬਾ, ਬਿਤਰਸੀ ਛੋੜ ਦੇਹ-ਮੇਰੀ ਜਵਾਨੀ ਮੋੜ ਦੇਹ! ਲੈ ਲੈ ਜੋ ਦਿਤੀਆਂ ਦੌਲਤਾਂ, ਲੈ ਲੈ ਜ਼ਮੀਨਾਂ ਖੇਤੀਆਂ! ਚੁਕ ਲੈ ਮਹਿਲ ਤੇ ਮਾੜੀਆਂ, ਲੈ ਰੇੜ੍ਹ ਗਡੀਆਂ ਮੋਟਰਾਂ ! ਫੂਕਾਂ ਮੈਂ ਇਸ ਧਨ ਮਾਲ ਨੂੰ ? ਜੋ ਦੇ ਜਵਾਨੀ ਖੱਟਿਆ ? ਕਰ ਕੇ ਪਸੀਨਾ ਖੂਨ ਇਕ, ਚਰਬੀ ਵਗਾ ਕੇ ਆਪਣੀ, ਕੜਕਾ ਕੇ ਅਪਨੀ ਹੱਡੀਆਂ, ਕਢ ਮਿੱਝ ਅਪਨੇ ਮਗ਼ਜ਼ ਦੀ ਅੱਠ ਪਹਿਰ ਕਰ ਕੇ ਮੇਹਨਤਾਂ ਰਾਤੀਂ ਬਿਰਾਤੀਂ ਜਾਗ ਕੇ, ਕਈ ਸਾਲ ਟੱਕਰਾਂ ਮਾਰੀਆਂ, ਦਿਨ ਰਾਤ ਕੋਹਲੂ ਗੇੜਿਆ, ਰੋ ਕੇ ਜਵਾਨੀ ਦੇ ਮਜ਼ੇ, ਖੋ ਕੇ ਜਵਾਨੀ ਦੇ ਮਜ਼ੇ, ਕੀ ਲਿਆ ਤੈਥੋਂ ਮਾਲਕਾ ? ਏਹ ਢੇਰ ਚਿੱਟੀਆਂ ਠੀਕਰਾਂ ? ਲੈ ਲ, ਏਹ ਮਾਇਆ ਮੋੜ ਲੈ, ਨਹੀਂਂ ਲੋੜ ਮੈਨੂੰ ਏਸ ਦੀ, ਆਹ ਵੇਖ, ਹਥ ਹਾਂ ਜੋੜਦੇ, ਸਾਡੀ ਜਵਾਨੀ ਮੋੜ ਦੇ ! ਆਹ ! ਕਰੜਿਆ, ਵਯੋਪਾਰੀਆ, ਮੇਰੀ ਜਵਾਨੀ ਠਗ ਲਈ, ਬਦਲੇ ’ਚ ਦਿਤੀ ਚੀਜ਼ ਜੋ, ਮੇਰੇ ਕਿਸੇ ਭੀ ਕੰਮ ਨਾ, ਰੋਟੀ ਹਜ਼ਮ ਨਹੀਂ ਹੋਂਵਦੀ, ਘੋੜੇ ਨੇ ਚੜ੍ਹਿਆ ਜਾਂਵਦਾ, ਕਪੜੇ ਨ ਸੁੰਦਰ ਪਾ ਸਕਾਂ, ਹੈ ਜਿਸਮ ਭੁਗੜੀ ਹੋ ਗਿਆ । ਪੀਤਮ ਜੇ ਭੇਜੇ ਖ਼ਤ ਅੱਜ, ਹਾਂ ! ਪੜ੍ਹਨ ਤੋਂ ਲਾਚਾਰ ਹਾਂ, ਲਿਖਣਾ ਚਹਾਂ ਹੱਥ ਕੰਬਦੇ, ਬੋਲਾਂ ਤਾਂ ਮੂੰਹ ਥੱਰਾਉਂਦਾ, ਕੋਈ ਨ ਕਰਦਾ ਪਯਾਰ ਹੈ, ਕੋਈ ਨਾ ਪੁਛਦਾ ਸਾਰ ਹੈ, ਨਖ਼ਰੇ ਨ ਕਰ ਕੁਈ ਰੁਸਦਾ ! ਨਾ ਦਿਲ ਹਿਜ਼ਰ ਵਿਚ ਖੁਸਦਾ ਉੱਠਣ ਨ ਹਿਰਦੇ ਵਲਵਲੇ ਨਾ ਫੁਰਨ ਨਜ਼ਮਾਂ-ਚੁਟਕਲੇ, ਕੀ ਹੱਜ ਇਸ ਜੀਵਨ ਦਾ ਹੈ ? ਕੀ ਕਰਾਂ ਸੋਨੇ ਢੇਰ ਨੂੰ ? ਚਕ ਲੈ ਏ ਸੋਨਾ ਆਪਣਾ, ਲੈ ਲੈ ਬੁਢੇਪਾ ਆਪਣਾ, ਬਿਜਨਸ ਦਾ ਇਹ ਦਸਤੂਰ ਹੈ, ਸੌਦਾ ਨਾ ਇਹ ਮਨਜ਼ੂਰ ਹੈ, ਨਹੀਂ ਹੋਰ ਕੁਝ ਭੀ ਲੋੜਦੇ, ਸਾਡੀ ਜਵਾਨੀ ਮੋੜ ਦੇ- ਬਾਬਾ, ਜਵਾਨੀ ਮੋੜ ਦੇਹ !

ਅੰਬ ਖਾਣੇ ਕਿ ਬੂਟੇ ਗਿਣਨੇ?

ਅੰਬਾਂ ਦੇ ਇਕ ਬਾਗ ਵਿਚ ਦੋ ਸੱਜਣ ਫਿਰਦੇ ਆਏ ਪੱਕੇ ਅੰਬ ਦੇਖ ਦਿਲ ਡਾਢੇ ਦੋਹਾਂ ਦੇ ਲਲਚਾਏ ਇਕ ਤਾਂ ਫ਼ੌਰਨ ਲਾਣ ਲਗ ਪਿਆ ਸਭ ਬਿਰਛਾਂ ਦੇ ਲੇਖੇ ਬੂਟੇ, ਤਨੇ, ਟਾਹਣੀਆਂ ਪੱਤੇ ਨੀਝਾਂ ਲਾ ਲਾ ਦੇਖੇ ਤਫ਼ਰੀਕਾਂ, ਤਕਸੀਮਾਂ, ਜ਼ਰਬਾਂ, ਅਰਬੇ ਸੱਤੇ ਲਾਵੇ ਧਰਤੀ ਮਿਣੇ, ਗਿਣੇ ਰੁਖ ਬੂਟੇ ਪਿਆ ਦਿਮਾਗ਼ ਖਪਾਵੇ:- 'ਕਿੰਨੇ ਦੀ ਇਹ ਭੋਂ ਹੋਵੇਗੀ ? ਬਾਗ ਉਤੇ ਕੀ ਲੱਗਾ ? ਖੂਹ ਤੇ ਕਿੰਨੀ ਮਾਇਆ ਲੱਗੀ ? ਕਿੰਨੇ ਦਾ ਹੈ ਢੱਗਾ ? ਕਿੰਨੇ ਬਣੇ ? ਤੇ ਫਲ ਕਿੰਨੇ ? ਕੀ ਭਾ ਵਟਕ ਆਊ ? 'ਖੱਟੀ ਖੱਟੂ ਮਾਲਕ ਇਸ ਤੋਂ ? ਯਾ ਕੁਝ ਘਾਟਾ ਪਾਊ ? 'ਉਗ ਪੈਂਦੇ ਨੇ ਅੰਬ ਕਿਸ ਤਰ੍ਹਾਂ ? ਫਲ ਕੀਕੂੰ ਪੈ ਜਾਵੇ ? 'ਕਿਉਂ ਨਾ ਅੰਬ ਨੂੰ ਲੱਗਣ ਆੜੂ ? ਭੇਤ ਨ ਕੋਈ ਸੁਣਾਵੇ !' 'ਉਸ ਨੂੰ ਬੂਟੇ ਗਿਣਦਾ ਛਡ ਕੇ, ਦੂਜੇ ਕੀਤੀ ਧਾਈ ਮਾਲੀ ਨੂੰ ਜਾ 'ਸਾਹਬ ਸਲਾਮਤ’ ਆਖ ਦੋਸਤੀ ਲਾਈ ਮਾਲੀ ਨੇ ਉਠ ਆਦਰ ਕੀਤਾ, ਮੰਜੇ ਤੇ ਬਿਠਲਾਇਆ ਸੁਖ ਪੁੱਛੀ, ਜਲ ਪਾਣੀ ਪੁਛਿਆ, ਪੱਖਾ ਪਕੜ ਹਿਲਾਇਆ ਮਿੱਠੇ ਪੱਕੇ ਅੰਬ ਤੋੜ ਕੇ, ਅੱਗੇ ਆਣ ਟਿਕਾਏ ਉਸ ਪੱਠੇ ਨੇ ਮਜ਼ੇ ਨਾਲ ਰਜ ਚੂਸੇ, ਗੱਫੇ ਲਾਏ ਪਹਿਲਾ ਬੂਟੇ-ਪੱਤੇ ਗਿਣ ਗਿਣ ਐਵੇਂ ਖਪਿਆ ਤਪਿਆ ਦੂਜੇ ਨੇ ਅੰਬ ਖਾਧੇ ਰੱਜ ਕੇ, ਨਾਮ ਰੱਬ ਦਾ ਜਪਿਆ ਇਸੇ ਤਰ੍ਹਾਂ ਇਸ ਜਗ ਤੇ ਬਹੁਤੇ ਲੋਕੀ ਹਨ ਦੁਖ ਪਾਂਦੇ ਅੰਬ ਨ ਖਾਂਦੇ, ਬੂਟੇ ਗਿਣਦੇ, ਬਿਰਥਾ ਜਨਮ ਗੁਆਂਦੇ ਕੀ ? ਕਯੋਂ ? ਕਦੋਂ? ਕਿਸਤਰ੍ਹਾਂ ? ਕਿੰਨਾ? 'ਸੁਥਰਾ' ਕਦੀ ਨ ਸੋਚੇ ਅੰਬ ਖਾਵੇ, ਨਾ ਬਿਰਛ ਗਿਣੇ ਤੇ ਨਾ ਆ ਜੜ੍ਹਾਂ ਖਰੋਚੇ

ਸੰਜੀਵਨੀ ਬੂਟੀ

ਬਰਛੀ ਖਾਇ ਲਛਮਨ ਮੁਰਦੇ ਵਾਂਗ ਡਿੱਗਾ, ਸੈਨਾ ਰਾਮ ਅੰਦਰ ਹਾਹਾਕਾਰ ਹੋਈ ! ਰਾਮ ਰੋਣ ਲੱਗੇ, ਜਾਨ ਖੋਣ੍ਹ ਲੱਗੇ:- 'ਕਿੱਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ ! ਵੈਦ ਲੰਕਾ ਦਾ ਸੱਦਿਆ, ਸੀਸ ਫੇਰੇ:- ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ ! ਰਾਤੋ ਰਾਤ 'ਸੰਜੀਵਨੀ' ਕੋਈ ਲਿਆਵੇ, ਜਾਨ ਬਚੂ, ਜੇ ਮਿਹਰ ਕਰਤਾਰ ਹੋਈ ! ਹਨੂਮਾਨ ਆਂਦੀ ਬੂਟੀ, ਜਾਨ ਬਚ ਗਈ, ਖੁਸ਼ੀਆਂ ਚੜ੍ਹੀਆਂ ਜਾਂ ਗਿੱਚੀ ਉਠਾਈ ਲਛਮਨ ! ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਊ ? 'ਤੇਰੀ ਜਾਨ ਕਿਸ ਚੀਜ਼ ਬਚਾਈ ਲਛਮਨ ? 'ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ, 'ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ ! 'ਉਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ, 'ਓਹਨਾ ਮਿੱਠਿਆਂ ਤੋਂ ਘੋਲੀ ਥਾਲ ਮਿੱਠੇ ! ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ, 'ਭਰੇ ਹੋਏ ਸਨ ਜੋ ਜਲ ਦੇ ਤਾਲ ਮਿੱਠੇ ! 'ਲੱਖਾਂ ਮਾਫ਼ੀਆਂ ਬਾਦ ਮੁੜ ਮਸਾਂ ਕੀਤੇ, 'ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ ! ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ, ਦੱਸਾਂ ਗੱਲ ਤੇਰੀ ਅੱਜ ਨਈ ਤੈਨੂੰ ! 'ਵੀਰ! ਤੂੰ ਭੀ ਸੀ ਓਦੋਂ ਇੱਕ ਭੁੱਲ ਕੀਤੀ, ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ ! 'ਕਰ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ, 'ਤੂੰ ਸੈਂ ਬੇਰ ਮੂੰਹ ਪਾਂਦਾ ਮਜ਼ਬੂਰ ਹੋ ਕੇ ! ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ, 'ਤੂੰ ਸੈਂ ਵੇਖਦਾ 'ਜ਼ਾਤ' ਮਗ਼ਰੂਰ ਹੋ ਕੇ ! 'ਆਹਾ! ਭੀਲਣੀ ਭੁੱਲੀ ਸੀ ਦੀਨ ਦੁਨੀਆਂ, 'ਭਗਤੀ ਭਾਵ ਦੇ ਵਿਚ ਮਖ਼ਮੂਰ ਹੋ ਕੇ ! ਮੋਟੇ ਮੋਟੇ ਜੋ ਬੇਰ ਉਸ ਪਕੜ ਹੱਥੀਂ, ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ ! 'ਉਸ ਅਮੋਲ-ਅਲੱਭ ਸੁਗਾਤ 'ਚੋਂ ਮੈਂ, ਵੀਰ ! ਜਾਣ ਤੁਧ ਬੇਰ ਇਕ ਵੰਡ ਦਿੱਤਾ ! 'ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ, 'ਉਸ ਨੂੰ ਸੁਟ ਹਾਇ! ਪਿੱਛੇ ਕੰਡ ਦਿੱਤਾ ! ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ, ਉਸ ਤੋਂ 'ਬੂਟੀ ਸੰਜੀਵਨੀ' ਉਗਾ ਦਿੱਤੀ ! ਮੇਘ ਨਾਥ ਤੋਂ ਬਰਛੀ ਲੁਆ ਏਥੇ, ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ ! 'ਓਸੇ ਬੇਰ ਦੀ ਬੂਟੀ ਖੁਆ ਤੈਨੂੰ, 'ਤੇਰੀ ਲੋਥ ਵਿਚ ਜਾਨ ਮੁੜ ਪਾ ਦਿੱਤੀ ! ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ, 'ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ ! 'ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ, ਵੇਂਹਦੋਂ ਨੂਰ ਭਰਿਆ ਜੇ ਦਿਲ ਪਾਕ ਉਸ ਦਾ ! 'ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ, 'ਕਰਦੀ ਘ੍ਰਿਣਾ 'ਸੁਥਰਾ' ਦਿਲ ਨਾ ਚਾਕ ਉਸ ਦਾ !

ਨਰਮ ਦਿਲੀ

ਮੇਰੀ ਨਰਮ ਦਿਲੀ ਤੋਂ ਜਣਾ ਖਣਾ, ਨਾਜਾਇਜ਼ ਲਾਭ ਉਠਾਂਦਾ ਹੈ ! ਮੈਂ ਸਭ ਨੂੰ ਪੁਚ ਪੁਚ ਕਰਦਾ ਹਾਂ, ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ ! ਮਿਤਰਾਂ ਨੂੰ ਕਰਾਂ ਮੁਹੱਬਤ ਮੈਂ ਵੈਰੀ ਨੂੰ ਘ੍ਰਿਣਾ ਨ ਕਰਦਾ ਹਾਂ, ਦਿਲ ਢਾਣਾ ਕਤਲ ਸਮਾਨ ਜਾਣ, ਇਸ ਘੋਰ ਪਾਪ ਤੋਂ ਡਰਦਾ ਹਾਂ, ਮੈਂ 'ਲਾਇਕ' ਕਹਾਂ 'ਨਾਲਾਇਕ' ਨੂੰ, 'ਕੋਝੇ' ਨੂੰ ਸੋਹਣਾ ਕਹਿੰਦਾ ਹਾਂ, ਜੇ ਮੇਰੀ ਨਿੰਦਾ ਕੋਈ ਕਰੇ, ਚੁਪ ਕੀਤਾ ਹੱਸ ਕੇ ਸਹਿੰਦਾ ਹਾਂ, ਪਰ ਗ਼ਜ਼ਬ, ਮੇਰੀ ਦਿਲ-ਰਖਣੀ ਦੀ, ਕੋਈ ਕਦਰ ਜ਼ਰਾ ਨ ਪਾਂਦਾ ਹੈ! ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ! ਵਡਿਆਂ ਦੀ ਘੂਰੀ ਝਲਦਾ ਹਾਂ, ਕਿਉਂ ? ਮਾਨ-ਅਦਬ ਹੈ ਫ਼ਰਜ਼ ਮਿਰਾ, ਨਿਕਆਂ ਦੇ ਰੋਸੇ ਸਹਿੰਦਾ ਹਾਂ, ਕਿਉਂ? ਦਿਲ ਜਾਂਦਾ ਹੈ ਲਰਜ਼ ਮਿਰਾ, ਨਾਰੀ ਦੇ ਨਾਜ਼ ਉਠਾਂਦਾ ਹਾਂ, ਕਿਉਂ? ਅਬਲਾ ਹੈ ਤੇ ਪਿਆਰੀ ਹੈ, ਯਾਰਾਂ ਦੀ ਭੁੱਲ ਨਾ ਚਿੱਤ ਧਰਾਂ, ਕਿਉਂ? ਇਉਂ ਹੀ ਨਿਭਦੀ ਯਾਰੀ ਹੈ, ਪਰ ਸ਼ੋਕ! ਏਸ ਦਾ ਮਤਲਬ ਹੀ, ਕੁਝ ਹੋਰ ਸਮਝਿਆ ਜਾਂਦਾ ਹੈ! ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ! ਕੀ ਟੰਗ ਜਿੰਨਾ ਹੈ ਪੁੱਤ ਮਿਰਾ, ਓਹ ਭੀ ਨਾ ਮੈਥੋਂ ਡਰਦਾ ਹੈ, ਸੌ ਗੱਲ ਮੰਨ ਕੇ ਇਕ ਨਾ ਮੰਨਾ, ਫ਼ੌਰਨ, ਮੂੰਹ ਗੁੱਸੇ ਕਰਦਾ ਹੈ, ਕਹਿੰਦਾ ਹੈ ‘ਕਦੀ ਨ ਬੋਲਾਂਗਾ, ਨੈਣਾਂ ਵਿਚ ਜਲ ਭਰ ਲੈਂਦਾ ਹੈ, ਇਸ ਧੌਂਸੋਂ ਡਰ ਕੇ ਮੈਨੂੰ ਝਟ, ਜੋ ਕਹੇ ਸੋ ਕਰਨਾਂ ਪੈਂਦਾ ਹੈ, ਆਹ ! ਪ੍ਰੇਮ, ਨਿੰਮ੍ਰਤਾ, ਸ਼ਾਂਤੀ, ਮੋਹ, ਇਖ਼ਲਾਕ, ਹਮੇਸ਼ ਝੁਕਾਂਦਾ ਹੈ! ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ! ਜੇ ਮੈਂ ਭੀ 'ਹਊ ਹਊ' ਸਿਖ ਲਵਾਂ, ਤਾਂ ਬੇਸ਼ਕ ਮੈਥੋਂ ਡਰਨ ਸਭੀ, ਮੇਰੀ ਦਿਲ-ਰਖਣੀ ਖੁਸ਼ੀ ਲਈ, ਸੌ ਖੜੀ-ਖੁਸ਼ਾਮਦ ਕਰਨ ਸਭੀ, ਪਰ ਲੋੜ ਭਲਾ ਹੈ ਸਾਨੂੰ ਕੀ? ਅਪਨਾ ਇਖ਼ਲਾਕ ਗਵਾ ਲਈਏ? ਦੁਨੀਆ ਹੈ ਮੂਰਖ, ਬਣੀ ਰਹੇ, ਕਿਉਂ ਅਸੀਂ ਗਿਆਨ ਵੰਞਾ ਲਈਏ? ਜੋ ‘ਹੁੰਦੇ ਮਾਣ ਨਿਮਾਣਾ' ਹੈ, ਓਹ 'ਸੁਥਰਾ' ਲੁਤਫ਼ ਉਠਾਂਦਾ ਹੈ! ਮੈਨੂੰ ਹਰ ਕੋਈ ਧੌਂਸ ਦਿਖਾਂਦਾ ਹੈ?

ਓ ਯਾਰਾ ਦੌੜ ਦੌੜ ਦੌੜ

ਜਗ ਵਿਚ ਲਗਾਤਾਰ ਹੈ ਜਾਰੀ, ਹਰ ਥਾਂ ਜ਼ੋਰ ਸ਼ੋਰ ਦੀ ਦੌੜ ਬਹੁਤਾ ਦੌੜੇ ਬਣੇ ਸੁ ਮੀਰੀ, ਸੁਸਤੀ ਕਰੇ ਤਾਂ ਝੁੱਗਾ ਚੌੜ ਸਾਰੀ ਕਾਇਨਾਤ ਨੂੰ ਰਬ ਨੇ, ਲਾਏ ਦੌੜਨ ਵਾਲੇ ਪੌੜ ਹਰਦਮ ਦੌੜ ਕਰਾਵਣ ਖ਼ਾਤਰ, ਏ ਹੈ ਰਚੀ ਜਗਤ ਦੀ ਰੌੜ ਸੂਰਜ, ਚੰਦ, ਅਣੂ ਪਰਮਾਣੂ, ਵਾਹੋ ਦਾਹੀ ਨੱਠੀ ਜਾਨ, ਕੋਈ ਨ ਪਿੱਛੇ ਭੌਂ ਕੇ ਵੇਖੇ, ਅੱਗੇ ਹੀ ਅੱਗੇ ਕਦਮ ਵਧਾਨ, ਜਲ ਭੀ ਦੌੜੇ, ਵਾਯੂ ਦੌੜੇ, ਪਸ਼ੂ ਪੰਛੀ ਦੌੜੇ ਇਨਸਾਨ, ਹਰ ਕੋਈ ਅੱਗੇ ਲੰਘਣਾ ਚਾਹੇ, ਕੋਈ ਨ ਰਹਿਣਾ ਚਾਹੇ ਪਿਛੌੜ, ਜੇ ਹੈ ਤੂੰ ਵੀ ਅੱਗੇ ਲੰਘਣਾ, ਮੰਡਿਆ, ਦੌੜ ਦੌੜ, ਹਾਂ ਦੌੜ ! ਤੂੰ ਹੈਂ 'ਦੌੜ-ਭੂਮਿ’ ਵਿਚ ਆਇਆ, ਸੁਪਨੇ ਵਿਚ ਨ ਮੰਗ ਅਰਾਮ, ਵਰਨਾ ਰਹਿ ਜਾਵੇਂਗਾ ਫਾਡੀ, ਅੱਗੇ ਲੰਘਸਨ ਲੋਕ ਤਮਾਮ, ਦੌੜੇ ਵੇਖ, ਕਿਸ ਤਰ੍ਹਾਂ ਪ੍ਰਿਥਵੀ, ਰਾਤ, ਦੁਪਹਿਰ, ਸਵੇਰੇ, ਸ਼ਾਮ, ਤੂੰ ਭੀ ਦੌੜ ਦਬਾਦਬ, ਮਰਦਾ ! ਨਾ ਤਕ ਔੜ ਤੇ ਨਾ ਹੀ ਮੌੜ, ਅੱਗੇ ਲੰਘਣਾ ਧਰਮ ਤਿਰਾ ਹੈ, ਬਸ ਫਿਰ ਦੌੜ, ਦੌੜ, ਹਾਂ ਦੌੜ ! ਅਪਨੇ ਧਿਆਨ ਦੌੜਦਾ ਚਲ ਤੂੰ, ਨਾ ਚਖ ਮਿੱਠਤ ਨਾ ਛੁਹ ਕੌੜ, ਤੇਰੀ ਲਗਨ ਤੁੜਾਵਨ ਹਿਤ ਹਨ, ਖੜੇ ਅਨੇਕ ਗਪੌੜ ਲਪੌੜ, ਨਾ ਦਿਲ ਲੁਭ ਕੇ ਦੇਖ ਪਤੌੜ ਤੇ ਨਾ ਗਬਰਾਵੇ ਦੇਖ ਚਿਤੌੜ ਗੱਜਣਾਂ ਸ਼ੇਰਾਂ ਦਾ ਇਉਂ ਜਾਪੇ, ਨਿੱਕੀ ਚੂਹੀ ਦੀ ਜਿਉਂ ਵੌੜ, ਜਾਵਣ ਇਕ ਜਹੇ ਰਾਜੇ ਮੰਗਤੇ, ਭੰਗੀ, ਬ੍ਰਾਹਮਣ ਗੌੜ, ਜੇ ਤੂੰ ਜੱਗ ਦੀ ਇੱਜ਼ਤ ਲੋੜੇਂ, ਮਿਤਰਾ ਦੌੜ, ਦੌੜ, ਹਾਂ ਦੌੜ ! ਜੇ ਤੂੰ ਮੁਕਤੀ ਭੁਕਤੀ ਚਾਹੇਂ, ਉਠ ਕੇ ਦੌੜ, ਦੌੜ, ਹਾਂ ਦੌੜ ! ਜੇਹੜਾ ਕਰੇ ਸੁਸਤੀਆਂੱ ਉਸ ਦਾ, ਅੱਗਾ ਰੌੜ ਤੇ ਪਿੱਛਾ ਚੌੜ 'ਸੁਥਰੇ' ਭੇਤ ਸਫਲਤਾ ਦਾ ਹੈ ਕੇਵਲ ਦੌੜ ਦੌੜ ਹੀ ਦੌੜ, ਓ ਯਾਰਾ, ਦੌੜ, ਦੌੜ, ਦੌੜ ! ਭਰਾਵਾ, ਦੌੜ, ਦੌੜ, ਹਾਂ ਦੌੜ !

ਪਾਟੇ ਖ਼ਾਂ ਤੇ ਨਾਢੂ ਖ਼ਾਂ

ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ ਪਾਟੇ ਖ਼ਾਂ ਸੀ ਤੁਰਿਆ ਜਾਂਦਾ, ਗਰਦਨ ਨੂੰ ਅਕੜਾ ਕੇ ਉਧਰੋਂ ਨਾਢੂ ਖ਼ਾਂ ਭੀ ਆਯਾ, ਛਾਤੀ ਖ਼ੂਬ ਫੁਲਾ ਕੇ ਇਕ ਦੀ ਗਰਦਨ ਕੁੱਕੜ ਵਾਂਗੂੰ, ਉੱਚੀ ਸਿਧੀ ਅਕੜੀ ਦੂਜਾ ਸਾਨ੍ਹੇ ਵਾਂਗੂੰ ਜਾਪੇ, ਸੁੱਕੀ ਮੁੜੇ ਨ ਲਕੜੀ ਪਹਿਲਾ ਨੱਕੋਂ ਠੂੰਹੇਂ ਡੇਗੇ, ਦੂਜਾ ਕੰਨ ਖਜੂਰੇ ਮੂੰਹ 'ਚੋਂ ਫੂੰ ਫੂੰ ਕਰੇ ਇੱਕ, ਤੇ ਦੂਜਾ ਗਲੋਂ ਖੰਘੂਰੇ ਡੂੰਘੀ ਨਦੀ ਉਤੇ ਪੁਲ ਸੌੜਾ, ਕੱਲਾ ਹੀ ਲੰਘ ਸੱਕੇ ਆਮ੍ਹੋ ਸਾਹਵੇਂ ਟਕਰੇ ਦੋਵੇਂ, ਲੱਗੇ ਮਾਰਨ ਧੱਕੇ ਪਾਟੇ ਖ਼ਾਂ ਕਹੇ 'ਹਟ ਸੁਸਰੇ, ਅੜਾ ਖੜਾ ਕਿਉਂ ਆਗੇ ? ਹਮ ਹੈਂ ਪਾਟੇ ਖ਼ਾਨ, ਸ਼ੇਰ ਭੀ ਹਮ ਸੇ ਡਰ ਕਰ ਭਾਗੇ !' ਨਾਢੂ ਖ਼ਾਂ ਨੇ ਮੁੱਛਾਂ ਵਟੀਆਂ, ਅਤੇ ਕਹਿਕਹਾ ਲਾਇਆ:- 'ਵਾਹ ਰੇ ਪੱਠੇ ਚਿੜੀਆ ਘਰ ਸੇ ਨਿਕਲ ਕਿਸ ਤਰ੍ਹਾ ਆਇਆ ? 'ਨਾਕ ਪਕੜ ਕੇ ਰੁਖ਼ਸਾਰੇ ਪਰ ਚੱਪਤ ਏਕ ਜਮਾਊਂ ! 'ਧੀਂਗਾ-ਧੀਂਗੀ ਅਕੜ ਫਕੜ ਸਭ ਫ਼ੌਰਨ ਤੁਝੇ ਭੁਲਾਊਂ !' ਪਾਟੇ ਖ਼ਾਂ ਨੇ ਧੌਲ ਜਮਾਈ, ਨਾਢੂ ਖ਼ਾਂ ਨੇ ਮੁੱਕਾ ਨਾਲੇ ਐਸੀ ਦੰਦੀ ਵੱਢੀ, ਮਾਸ ਨ ਛਡਿਆ ਉੱਕਾ ਚੀਕ ਮਾਰ ਕੇ ਡਿੱਗਣ ਲੱਗਾ, ਜੱਫੀ ਉਸਨੂੰ ਪਾਈ ਗਿਰੇ ਨਦੀ ਵਿਚ, ਗੋਤੇ ਖਾਵਣ, ਫਿਰ ਭੀ ਕਰਨ ਲੜਾਈ ਓਵੇਂ, ਓਸੇ ਪੁਲ ਤੇ, ਪਿੱਛੋਂ ਬੱਕਰੀਆਂ ਦੋ ਆਈਆਂ ਪ੍ਰੇਮ-ਨਿੰਮ੍ਰਤਾ ਨਾਲ ਮੁਸ਼ਕਲਾਂ ਓਹਨਾਂ ਦੂਰ ਕਰਾਈਆਂ ਲੇਟ ਗਈ ਇਕ ਬਕਰੀ ਪਹਿਲੇ, ਦੂਜੀ ਉਸ ਤੋਂ ਲੰਘੀ ਰਾਜੀ ਬਾਜੀ ਘਰ ਨੂੰ ਗਈਆਂ, ਨਾ ਕੋਈ ਘੂਰੀ-ਖੰਘੀ ਪਾਟੇ ਖ਼ਾਂ ਨੇ ਵੇਖ ਤਮਾਸ਼ਾ, ਕਿਹਾ 'ਅਬੇ ਓ ਉੱਲੂ ! 'ਤੁਮ ਸੇ ਬਕਰੀ ਭੀ ਹੈ ਅੱਛੀ, ਡੂਬ ਮਰੋ ਭਰ ਚੁੱਲੂ ! ਜਾਤੇ ਲੇਟ ਅਗਰ ਤੁਮ ਪਹਿਲੇ, ਹੋਤੀ ਕਾਹੇ ਲੜਾਈ ?' ਨਾਢੂ ਕਿਹਾ, 'ਗਧੇ, ਯੇਹ ਹਿਕਮਤ, ਤੁਮ ਕੋ ਕਿਉਂ ਨ ਆਈ ? 'ਤੁਮ ਤੁਮ' ਕਹਿ ਇਕ ਦੂਜਾ ਕੋਸਣ, ਗੋਤੇ ਐਨੇ ਆਏ ਪਾਟੇ ਖ਼ਾਂ ਤੇ ਨਾਢੂ ਖ਼ਾਂ ਜੀ, ਦੋਵੇਂ ਨਰਕ ਸਿਧਾਏ

ਪਾਗ਼ਲ

ਗ਼ੈਰ ਮਜ਼੍ਹਬ ਦੇ ਇਕ ਬੰਦੇ ਦਾ ਅੱਫਲ ਖ਼ੂਨ ਵਗਾ ਕੇ ‘ਪਾਗ਼ਲ ਵਾਂਗੂੰ ਬਣਿਆਂ ਕਾਤਲ, ਵਿਚ ਅਦਾਲਤ ਜਾ ਕੇ ਉਸ ਦੇ ਇਕ ਭਰਾ ਮਜ਼੍ਹਬੀ ਨੂੰ ਚੌਥੇ ਜਾ ਤੜਫਾਇਆ ਬਚਣ ਲਈ ਕਾਨੂੰਨੋਂ ਉਸ ਭੀ 'ਪਾਗ਼ਲ' ਰੂਪ ਬਣਾਇਆ। ਇਸ ਪਰ ਲੋਕੀ ਛਿੱਥੇ ਹੋ ਕੇ ਲਗੇ ਲਾਨ੍ਹਤਾਂ ਪਾਵਣ ਕਹਿੰਦੇ 'ਪਹਿਲਾਂ ਹਤਿਆ ਕਰ ਕੇ, ਪਾਗ਼ਲ ਕਿਉਂ ਬਣ ਜਾਵਣ? ਮੈਂ ਪੁੱਛਿਆ ਕਿ ਪਾਗ਼ਲ ਨਹੀਂ ਤਾਂ ਕੀ ਓਹ ਹੈਨ ਸਿਆਣੇ? ਕੀ ਹੈ ਅਕਲਮੰਦਾਂ ਦਾ ਕੰਮ ਏ? ਚਾਕੂ-ਛੁਰੇ ਚਲਾਣੇ? 'ਕੀ ਹੈ ਉਨ੍ਹਾਂ ਸ਼ਰਾਰਤੀਆਂ ਦੀ ਬੁੱਧੀ-ਅਕਲ ਟਿਕਾਣੇ ? 'ਮਜ਼੍ਹਬੀ-ਪਰਦੇ ਹੇਠ ਜੋ ਵਰਤਣ ਲਫ਼ਜ਼ ਸਖ਼ਤ ਭੜਕਾਣੇ ? 'ਨਿੱਕੀ ਨਿੱਕੀ ਗੱਲ ਹੇਤ ਜੋ ਲੜਨ ਲਈ ਤੁਰ ਪੈਂਦੇ । 'ਓਹ ਤਾਂ ਅਪਨੇ ਆਪ ਸ਼ੁਦਾਈਆਂ ਦੀ ਪਦਵੀ ਨੇ ਲੈਂਦੇ । 'ਤੁਸੀਂ ਤਾਂ ਰੋਵੋ ਦੋ ਵਹਿਸ਼ੀ ਕਿਉਂ ਪਾਗ਼ਲ ਬਣਕੇ ਦਸਦੇ ? 'ਗ਼ੈਰ-ਦੇਸ਼ ਹਨ ਕੁਲ ਹਿੰਦ ਦੇ ਪਾਗ਼ਲਪਨ ਤੇ ਹਸਦੇ । 'ਲੰਮਾ-ਚੌੜਾ ਦੇਸ਼ ਇੰਡੀਆ ਬਣਿਆ ਪਾਗ਼ਲ ਖ਼ਾਨਾ । 'ਹਰ ਇਕ ਬੰਦਾ ਭਾਰਤਵਾਸੀ ਹੈ ਮਜ਼੍ਹਬੀ ਦੀਵਾਨਾ । 'ਪਾਗ਼ਲ ਹੀ ਹਨ ਗੈਰ ਮਜ਼੍ਹਬ ਨੂੰ ਗਾਲ੍ਹਾਂ ਮੰਦੇ ਕਢਦੇ । 'ਪਾਗ਼ਲ ਹੀ ਹਨ ਗੈਰ ਮਜ਼੍ਹਬੀਆਂ ਦੇ ਗਲ-ਗਾਟੇ ਵਢਦੇ । ‘ਪਾਗ਼ਲ ਹੀ ਹਨ ਦੇਸ਼ ਭਰਾਵਾਂ ਦੇ ਦਿਲ ਸਾੜ ਦੁਖਾਂਦੇ । 'ਪਾਗ਼ਲ ਹੀ ਹਨ ਨਾਮ ਮਜ਼੍ਹਬ ਦੇ ਬਦ-ਅਮਨੀ ਫੈਲਾਂਦੇ । 'ਇਨ੍ਹਾਂ ਪਾਗ਼ਲਾਂ ਭਾਰਤ ਵਿਚ ਹੈ ਐਸਾ ਝਖੜ ਝੋਇਆ । 'ਸਭ ਘਰ ਪਾਗ਼ਲ,ਸਭ ਘਰ ਪਾਗ਼ਲ,ਸਭ ਘਰ ਪਾਗ਼ਲ ਹੋਇਆ । 'ਏਹ ਪਾਗ਼ਲਪਨ ਦੂਰ ਕਰੋ ਝਬ, ਧੋਵੋ ਮੁਖੋਂ ਸਿਆਹੀ ਹਿੰਦੂ, ਮੁਸਲਮ, ਸਿਖ ਭਰਾਓ, ਬਚੋ, ਨੇ ਕਰੋ ਤਬਾਹੀ, ਮਜ਼੍ਹਬ ਕੋਈ ਭੀ, ਕਦੇ ਨਾ ਦਸਦਾ, ਪ੍ਰਸਪਰ ਵੈਰ ਵਧਾਣਾ ਪਾਪੀ ਹੈ, ਜੋ ਵੈਰ ਵਧਾਵੇ, ਪੰਡਤ, ਭਾਈ, ਮੁਲਾਣਾ ਮਜ਼੍ਹਬ ਤਾਈਂ ਬਦਨਾਮ ਜੋ ਕਰਦੇ, ਹੈਨ ਵਿਚਾਰੇ ਪਾਗ਼ਲ ਸੁਥਰਾ ਹੈ ਬੇਤੱਸਬ ਦਾੱਨਾ, ਤੱਸਬ ਮਾਰੇ ਪਾਗ਼ਲ।'

ਅੱਧੀ ਰਾਤੀਂ ਕੌੜੇ ਸੋਤੇ

ਘੂਕ ਘੁਰਾੜੇ ਮਾਰ ਰਹੇ ਸਾਂ, ਵਰ੍ਹਨ ਲਗ ਪਿਆ ਛਮ ਛਮ ਛਮ ਜਾਹ ਓਏ ਚੰਦਰੇ ਨੀਂਦ ਗੁਆਈ, ਕਿਸੇ ਸ਼ੁਦਾਈ ਸਮ ਸਮ ਸਮ ਫ਼ੌਜਾਂ ਦੀ 'ਵੌਲੀ’ ਜਿਉਂ ਆਈਆਂ, ਬੂੰਦ ਬੁਛਾੜਾਂ ਘਮ ਘਮ ਘਮ ਦੌੜ ਭੱਜ ਸੰਗ ਕੋਠੇ ਉੱਤੇ, ਲਗ ਪਈ ਹੋਵਣ ਧਮ ਧਮ ਧਮ ਡਰੇ ਨਵੇਲੀ ਨਾਰ ਕਿਸੇ ਦੀ, ਜਾਪਣ ਬਦਲ ਯਮ ਯਮ ਯਮ ਪਲ ਪਲ ਬਿਜਲੀ ਝਾਤੀ ਮਾਰੇ, ਮਾਨੋ ਆਖੇ 'ਕਮ ਕਮ ਕਮ' ਡਿਗਦੇ ਢਹਿੰਦੇ ਵੜੇ ਕੋਠੜੀ ਲੈ ਕੇ ਬਿਸਤਰ ਨਮ ਨਮ ਨਮ ਪੱਖੇ, ਬਾਰਾਂਦਰੀ, ਚੁਬਾਰੇ, ਬਾਝ ਘੁਟਿਆ ਦਮ ਦਮ ਦਮ ਮੱਛਰ, ਖਟਮਲ, ਪਿੱਸੂ, ਕੀੜੇ ਡੰਗਣ, ਖਾਵਣ ਚਮ ਚਮ ਚਮ 'ਦੁਲਹਨ ਕੋਈ ਖੁਰਕੇ, ਗਿੱਟੇ ਕਰਨ ਪਜੇਬਾਂ ਛਮ ਛਮ ਛਮ ਇਕ ਛਮ ਛਮ ਤਾਂ ਦਿਲ ਨੂੰ ਭਾਵੇ ਦੁਈ ਚੜ੍ਹਾਵੇ ਤਮ ਤਮ ਤਮ ਦਿਲ ਘਬਰਾਵੇ, ਨੀਂਦ ਨ ਆਵੇ, ਦਿਲ ਨੂੰ ਖਾਵੇ ਗ਼ਮ ਗ਼ਮ ਗ਼ਮ ਤੰਗ ਆਣ ਕੇ, ਕ੍ਰੋਧ ਠਾਣ ਕੇ, ਸਿਰ ਤੇ ਛਜ ਲੈ ਬਾਹਰ ਗਿਆ ਚੀਕ ਮਾਰ ਕੇ ਕਿਹਾ 'ਪਾਪੀਆ, ਹੁਣ ਤਾਂ ਸਾਹ ਲੈ, ਥਮ ਥਮ ਥਮ 'ਨੀਂਦ-ਅਰਾਮ ਕਿਸੇ ਦੀ ਤੈਨੂੰ, ਨਾ ਪਰਵਾਹ, ਨਾ ਚਿੰਤਾ ਹੈ 'ਅੱਧੀ ਰਾਤੀਂ ਕੌੜੇ ਸੋਤੇ, ਆਵੇਂ ਕਰਦਾ ਡਮ ਡਮ ਡਮ ‘ਜਦੇ ਦਾ ਤੈਨੂੰ ਸਿਰੇ ਚੜ੍ਹਾਇਆ, ਕਾਲੀ ਦਾਸ ਬਣਾ ਕੇ ਦੂਤ 'ਤਦੇ ਦਾ ਆਕੜਿਆ ਤੂੰ ਸਮਝੇਂ, ਸਬ ਸੇ ਬੜ੍ਹ ਕਰ ਹਮ ਹਮ ਹਮ ਤਿਰਾ ਫਰਜ਼ ਹੈ ਵਿਛੜੇ ਮੇਲੇਂ ਨਾ ਕਿ ਮਿਲਿਆਂ ਤਾਈਂ ਸਤਾ, 'ਸੁਤਿਆਂ ਸਿਰ ਤੇ, ਕੀ ਕੰਮ ਤੇਰਾ ? ਆ ਕੇ ਕਰਨਾ ਢਮ ਢਮ ਢਮ ਪ੍ਰੀਤਮ ਦਾ ਮੋਹਿ ਨਹੀਂ ਵਿਛੋੜਾ, ਨਹੀਂ ਸੁਨੇਹਾ ਕੋ ਦੇਣਾ, 'ਕਾਲੇ ਦੂਤ ! ਤੇਰੇ ਬਿਨ ਥੁੜਿਆ ਕੰਮ ਨ ਕੋਈ ਮਮ ਮਮ ਮਮ 'ਸੌਣ ਲਈ ਨਾ ਹੈ ਬਰਸਾਤੀ, ਨਾ ਬਿਜਲੀ ਦਾ ਪੱਖਾ ਹੈ ‘ਮੁਫ਼ਤ ਗ਼ਰੀਬਾਂ ਦੇ ਸਿਰ ਰਾਤੀਂ, ਆਣ ਚਲਾਵੇਂ ਬਮ ਬਮ ਬਮ 'ਰਾਤੀਂ ਤੂੰ ਸਵਿਆਂ ਕਰ ਤੇ ਸੌਣ ਦਿਆ ਕਰ ਸਾਨੂੰ ਭੀ, 'ਦਿਨੇ ਖੁੱਲ੍ਹ ਕੇ ਗੜ ਗੜ ਕਰ ਕੇ, ਵੱਸਿਆ ਕਰ ਤੂੰ ਜਮ ਜਮ ਜਮ 'ਓਦੋਂ ਬੇਸ਼ੱਕ ਵੱਸੀਂ ਰਾਤੀਂ 'ਸੁਥਰਾ' ਜਦੋਂ ਅਮੀਰ ਬਣੂ, ‘ਯਾ ਜਦੋਂ ਬੁੱਢਾ ਖੌਢਾ ਹੋ ਕੇ, ਪਊ ਕਮਰ ਵਿਚ ਖਮ ਖ਼ਮ ਖ਼ਮ !

ਸੜੂ

ਪੁੱਤ ਦੇ ਸਾਹੁਰੇ ਜਾਣ ਲਈ ਮੈਂ ਰੇਲ ਗੱਡੀ ਵਿਚ ਚੜ੍ਹਿਆ ਭਲਾ ਲੋਕ ਇਕ ਬੈਠਾ ਸੀ ਓਹ ਬਿਨ ਕਾਰਨ ਹੀ ਸੜਿਆ ਲੰਮੀ, ਚੌੜੀ, ਖੁੱਲ੍ਹੀ ਗੱਡੀ ਬੈਠਣ ਜਿਸ ਵਿਚ ਚਾਲੀ ਕੱਲਾ ਸੀ ਓਹ ਡਟਿਆ ਹੋਇਆ, ਕਾਕੇ ਤਾਈਂ ਸੰਭਾਲੀ ਮੇਰੇ ਬੈਠਣ ਨਾਲ ਓਸ ਨੂੰ ਖ਼ਬਰੇ ਕੀ ਦੁਖ ਪੁਜਾ ! ਮੱਥਾ ਹੋਇਆ ਠੀਕਰੀਆਂ, ਤੇ ਮੂੰਹ ਸੁਜ ਹੋਇਆ ਕੁੱਜਾ ! ਮੈਂ ਉਸ ਨੂੰ ਖੁਸ਼ ਕਰਨ ਲਈ, ਕਾਕੇ ਨੂੰ ਪੁਚ ਪੁਚ ਕੀਤਾ ਪਰ ਉਸ ਉਲਟਾ 'ਲਾਲ ਅੱਖਾਂ ਕਰ, ਘੁੱਟ ਲਹੂ ਦਾ ਪੀਤਾ ਫਿਰ ਭੀ ਮੈਂ ਦਿਲ ਤਕੜਾ ਕਰ ਕੇ, ਪ੍ਰਸ਼ਨ ਪੁਛਿਆ ਸਾਦਾ:- 'ਲਾਲਾ ਜੀ ! ਏਹ ਥੋਡਾ ਪੁਤ ਹੈ ਸੁੰਦਰ ਸਾਹਿਬਜ਼ਾਦਾ ?' ਹਲਕੇ ਕੁੱਤੇ ਵਾਂਗ ਭੁੜਕ ਕੇ, ਦਿਤਾ ਉਸ ਨੇ ਉੱਤਰ:- 'ਜੇ ਏਹ ਮਿਰਾ ਨਹੀਂ ਤਾਂ ਕੀ ਹੈ ਤੇਰੇ ਬਾਪ ਦਾ ਪੁੱਤਰ ? ਹੋ ਕੇ ਢੀਠ ਕਿਹਾ ਮੈਂ 'ਕਾਕਾ ਹੈ ਅਤੇ ਬੀਬਾ ਸੋਹਣਾ' ਕਹਿਣ ਲਗਾ 'ਕੀ ਲਾ ਕੇ ਨਜ਼ਰਾਂ, ਰੂਪ ਇਦ੍ਹਾ ਈ ਖੋਹਣਾ ? ਮੈਂ ਫਿਰ ਕਿਹਾ 'ਵਾਹਿਗੁਰੂ ਬਖਸ਼ੇ, ਨਜ਼ਰ ਕੋਈ ਕਿਉਂ ਲਾਵੇ ? ਰਾਜ਼ੀ ਰਹੇ, ਜਵਾਨੀ ਮਾਣੇ, ਸੁਖ ਸੰਸਾਰਕ ਪਾਵੇ ? ਕਿਹਾ ਪਰਤ ਉਸ 'ਕਿਸੇ ਹੋਰ ਦੀ, ਖਾਣੀ ਨਹੀਂ ਇਸ ਖੱਟੀ ! ‘ਭੋਗੇ ਯਾ ਨਾ ਭੋਗੇ ਐਸ਼ਾਂ ਤੈਨੂੰ ਕੀ ਹੈ ਚੱਟੀ ?' ਕਿਹਾ ਸਨਿੰਮਰ 'ਬੱਚਾ ਹੈ ਇਕ ਜੈਸਾ ਹਮਰਾ ਤੁਮਰਾ 'ਮੈਂ ਕਿਉਂ ਬੁਰਾ ਏਸ ਦਾ ਚਿਤਵਾਂ ? ਭੋਗੇ ਵੱਡੀ ਉਮਰਾ !' ਘੁਰਕ ਕਿਹਾ ਉਸ ‘ਪਰੇ ਬੈਠ ਤੁਧ ਕਿਹਾਂ ਨ ਇਸ ਮਰ ਜਾਣਾ ‘ਕਾਂ ਦੇ ਕਿਹਾਂ ਢੋਰ ਨਹੀਂ ਮਰਦੇ, ਹੁੰਦਾ ਰਬ ਦਾ ਭਾਣਾ !' ਫਿਰ ਨ ਹਿੰਮਤ ਪਈ ਸੜੂ, ਸੰਗ, ਗੱਲ ਨਾ ਕੋਈ ਕੀਤੀ 'ਸੁਥਰੇ’ ਬਚਨ ਬਨੌਣੇ 'ਕੁਥਰੇ', ਏਹ ਸੜੂਆਂ ਦੀ ਰੀਤੀ !

ਕਥਾ ਤੇ ਗਾਲ੍ਹਾਂ

ਇਕ ਮੰਦਰ ਵਿਚ ਪੰਡਤ ਜੀ ਸਨ ਕਥਾ ਵੇਦ ਦੀ ਕਰਦੇ ਰੋਜ਼ ਹਜ਼ਾਰਾਂ ਸ਼੍ਰੋਤੇ ਜਾ ਕੇ ਸੁਣ ਸਿੱਖਿਆ ਢਿਡ ਭਰਦੇ ਇਕ ਦਿਨ ‘ਸੁਥਰਾ’ ਫਿਰਦਾ ਫਿਰਦਾ ਚੱਲ ਓਸ ਥਾਂ ਆਇਆ ਸ਼੍ਰੁਤੀ, ਸ਼ਲੋਕ ਅਰਥ ਤੇ ਵਯਾਖਯਾ, ਸੁਣ ਕੇ ਬੜਾ ਰਸ ਪਾਇਆ ਫੇਰ ਅਚਾਨਕ ਉਠ ਕੇ ਬੋਲਣ ਲਗਾ ਲਫ਼ਜ਼ ਅਤਿ ਕੌੜੇ ਮੰਦ-ਵਾਕ ਸੁਣ ਭੜਕੇ ਲੋਕੀ, ਝਟ ਫੜਨ ਨੂੰ ਦੌੜੇ ਪਰ ਸੁਥਰੇ ਨ ਡਾਹੀ ਦਿਤੀ, ਲੁਕਿਆ ਕਿਧਰੇ ਜਾ ਕੇ ਪੰਜ ਦਸ ਦਿਨ ਤਕ ਨਜ਼ਰ ਨ ਆਇਆ, ਥੱਕੇ ਲੱਭ ਲਭਾ ਕੇ ਇਕ ਦਿਨ ਆਣ ਸਿਰੀ ਉਸ ਕੱਢੀ, ਲੋਕਾਂ ਪਿੱਛਾ ਕੀਤਾ ਭੱਜੇ ਭੱਜੇ ਗੁਰ ਦਰਬਾਰੇ 'ਸੁਥਰੇ' ਆ ਦਮ ਲੀਤਾ ਸਤਿਗੁਰ ਅੱਗੇ ਲੋਕ ਸ਼ਕੈਤਾਂ ਕਰਨ ਲਗੇ ਬੰਨ੍ਹ ਪਾਲਾਂ 'ਮਹਾਰਾਜ ! ਇਸ ਕਥਾ ਹੁੰਦਿਆਂ ਸਾਨੂੰ ਕਢੀਆਂ ਗਾਲ੍ਹਾਂ !' ਸੁਥਰੇ ਕਿਹਾ ਇਨ੍ਹਾਂ ਨੂੰ, ਗੁਰ ਜੀ ! ਪੁੱਛੋ, ਓਸ ਦਿਹਾੜੇ 'ਕੀ ਸੀ ਕਥਾ ਹੋਂਵਦੀ ? ਤੇ ਮੈਂ ਕੀ ਪਰਸੰਗ ਵਿਗਾੜੇ ? 'ਏਹ ਕਹਿੰਦੇ ਨੇ ਕਥਾ ਹੁੰਦਿਆਂ ਮੈਂ ਦੁਰਬਚਨ ਸੁਣਾਏ, 'ਕਥਾ ਸ਼ਲੋਕ ਦਸਣ ਜੇ ਮੈਨੂੰ, ਸ਼ੈਦ ਯਾਦ ਆ ਜਾਏ, ਬਿਤਰ ਬਿਤਰ ਸਭ ਤੱਕਣ ਲੱਗੇ ਡੌਰ ਭੌਰ ਜਹੇ ਹੋ ਕੇ ਕਹਿਣ 'ਕਥਾ ਤਾਂ ਯਾਦ ਨਹੀਂ, ਇਸ ਕਹੇ ਕੁਬਚਨ ਖਲੋ ਕੇ’ ‘ਸੁਥਰਾ' ਹੋਇਆ ਲਾਲ 'ਮੂਰਖੋ ! ਸ਼ਰਮ ਤੁਸਾਂ ਨਾ ਆਂਦੀ ? ‘ਗਾਲੀ ਰਹਿੰਦੀ ਯਾਦ ਤੁਹਾਨੂੰ, ਕਥਾ ਭੁਲ ਹੈ ਜਾਂਦੀ ? 'ਦੋ ਘੰਟੇ ਤਕ ਕਥਾ ਹੋਈ, ਮੈਂ ਇਕ ਛਿਨ ਮੰਦਾ ਕਹਿਆ ? 'ਕਥਾ ਕੁਲ ਹੀ ਵਿਸਰੀ, ਕੌੜਾ ਬਚਨ ਯਾਦ ਇਕ ਰਹਿਆ ? 'ਨਿਤ ਸੁਣਦੇ ਹੋ, ਗੁਣ ਬੰਨ੍ਹ ਪਲੇ, ਅਵਗੁਣ ਨੂੰ ਵਿਸਰਾਓ ? 'ਕੀ ਫ਼ੈਦਾ ਹੈ ਕਥਾ ਸੁਣਨ ਦਾ, ਜੇ ਨਾ ਰਿਦੇ ਵਸਾਓ? ਹੋਇ ਸ਼ਿਕੈਤੀ ਅਤਿ ਸ਼ਰਮਿੰਦੇ, ਸੰਗਤ ਹਸ ਹਸ ਲੇਟੀ 'ਸੁਥਰਾ' ਚਾਲੀ ਸੇਰੀ ਕਹਿੰਦਾ, ਹਾਸੇ ਵਿਚ ਲਪੇਟੀ

ਵੇਹਲਾ

ਕੇਰਾਂ ਇਕ ਫ਼ਰਿਸ਼ਤੇ ਮੈਨੂੰ, ਰਾਤੀਂ ਆਣ ਜਗਾਇਆ:- 'ਮੰਗ ਲੈ ਜੋ ਕੁਛ ਮੰਗਣਾ ਹੋਵੇ ।' ਰੱਬੀ ਹੁਕਮ ਲਿਆਇਆ ਮੈਂ ਮੰਗਿਆ ਕਿ ‘ਕੰਮ ਕਾਰ ਤੋਂ ਮੈਨੂੰ ਮੁਕਤ ਕਰਾਓ ਪੰਜ ਰੁਪੱਯੇ ਟਣ ਟਣ ਕਰਦੇ, ਗ਼ੈਬੋਂ ਰੋਜ਼ ਦਿਵਾਓ ਝੱਟ 'ਐਜ਼ ਯੂ ਪਲੀਜ਼’ ਆਖ ਕੇ ਛਪਨ ਫ਼ਰਿਸ਼ਤਾ ਹੋਇਆ ਪੰਜ ਰੁਪੱਯੇ ਰੋਜ਼ ਮਿਲਣ ਦਾ ਸ਼ੁਰੂ ਨਵਿਸ਼ਤਾ ਹੋਇਆ ਤੜਕੇ ਉਠਦੇ ਸਾਰ ਸਰ੍ਹਾਣੇ ਚਿੱਟੇ ਚੇਹਰੇ ਸ਼ਾਹੀ ਪੰਜ ਰੁਪੱਯੇ ਹੱਥ ਲਗਦੇ ਬਿਨਾਂ ਮਜੂਰੀ-ਫ਼ਾਹੀ ਦਸ ਵੀਹ ਦਿਨ ਤਾਂ ਮੌਜਾਂ ਰਹੀਆਂ, ਜਦ ਚਾਹੀਏ ਤਦ ਸਵੀਏਂ ਉਠੀਏ, ਨ੍ਹਾਹੀਏ, ਖਾਈਏ, ਵੇਹਲੇ, ਗਲੀ ਬਜ਼ਾਰੀਂ ਭਵੀਏਂ ਕੁਝ ਦਿਨ ਬਾਅਦ ਤਬੀਅਤ ਅੰਦਰ, ਆਵਨ ਲਗੀ ਉਦਾਸੀ ਬੈਠੇ-ਉੱਠੇ ਆਣ ਆਓੜਾਂ, ਸੌ ਸੌ ਆਇ ਉਬਾਸੀ ਮਾਰੀ ਵਾਜ ਨਾਰ ਨੂੰ ਬੋਲੀ: ਕੰਮ ਹਜ਼ਾਰਾਂ ਮੈਨੂੰ 'ਵੇਹਲਾ ਬੈਠਾ ਵਾਜਾਂ ਮਾਰੇ ਕੰਮ ਨਾ ਕੋਈ ਤੈਨੂੰ ? ਸੜ ਬਲ ਕੇ ਮੈਂ ਘਰੋਂ ਨਿਕਲਿਆ, ਗਿਆ ਯਾਰ ਦੀ ਹੱਟੀ ਓਸ ਕਿਹਾ 'ਜਾਹ ਗੱਲੀਂ ਲਾ ਕੇ ਮੇਸ ਨਾ ਮੇਰੀ ਖੱਟੀ !' ਪਗਵੱਟ ਮਿਰਾ ਭਰਾ ਸੀ, ਉਸ ਦੇ ਦਫ਼ਤਰ ਫੇਰ ਸਿਧਾਇਆ ਉਸ ਨੇ ਕਿਹਾ 'ਵੇਹਲਿਆ ! ਮੇਰਾ ਵਕਤ ਖਾਣ ਕਿਉਂ ਆਇਆ ? ਉਥੋਂ ਉਠ ਕੇ ਮੌਜੀ ਦਫ਼ਤਰ ਵਿਚ ਜਾ ਪਾਏ ਫੇਰੇ 'ਡੀਟਰ ਕਹੇ ਵੇਹਲਿਆਂ ਖਾਤਰ ਵਕਤ ਪਾਸ ਨਹਿ ਮੇਰੇ!' ਹੋ ਹੈਰਾਨ ਚੁਫੇਰੇ ਫਿਰਿਆ ਘਰ ਘਰ ਚੱਕਰ ਲਾਇਆ ਪਰ ਵੇਹਲੇ ਨੂੰ ਜਿਸ ਨੇ ਡਿੱਠਾ ਸੌ ਵੱਟ ਮੱਥੇ ਪਾਇਆ ਕੰਮ ਕਾਰ ਵਿਚ ਰੁਝੇ ਸਾਰੇ, ਵੇਹਲਾ ਕਿੱਥੇ ਜਾਵੇ ! ਵੇਹਲੇ ਦਾ ਦਿਲ ਦੁਖੀ ਹੋ ਗਿਆ ਦਿਨ ਬੀਤਣ ਨ ਆਵੇ ਨੱਕ ਰਗੜ ਕੇ ਆਖਰ ਪਿੱਛਾ ਰਬ ਨੂੰ ਆਖ ਛੁਡਾਇਆ ਪੰਜ ਰੁਪੱਯੇ 'ਸੁਥਰੇ' ਛੱਡੇ, ਕੰਮ ਵਲ ਦਿਲ ਲਾਇਆ

ਦੂਜਾ ਵਿਆਹ

ਪੁੱਤਰ ਧੀਆਂ ਹੁੰਦਿਆਂ ਸੁੰਦਿਆਂ ਯਾਰ ਮੇਰੇ ਝਖ ਮਾਰੀ ਯਾਨੀ ਇਕ ਦੇ ਮਰਨ ਸਾਰ, ਲੈ ਆਂਦੀ ਦੂਜੀ ਨਾਰੀ ਮਿੰਨਤ ਕੀਤੀ, ਦਮੜੇ ਖਰਚੇ, ਝਟ ਪਟ ਵਿਆਹ ਕਰਾਇਆ ਕਹੇ 'ਬੰਦ ਸੀ ਬੂਹਾ ਸ਼ਾਦ-ਕੰਜੀ ਨਾਲ ਖੁਲ੍ਹਾਇਆ ਕੁਝ ਦਿਨ ਬਾਦ ਜਦੋਂ ਮੈਂ ਮਿਲਿਆ, ਝਾੜ ਓਸ ਨੂੰ ਪਾਈ:- 'ਭਲਿਆ ਲੋਕਾ ! ਬੱਚੇ ਹੁੰਦਿਆਂ, ਸੰਗ ਨਾ ਤੈਨੂੰ ਆਈ ? 'ਅੱਧੀ ਦਰਜਣ ਕੁੜੀਆਂ ਮੁੰਡੇ, ਫਿਰ ਕਿਉਂ ਸ਼ਾਦੀ ਕੀਤੀ ? ‘ਮਰਨ ਵਾਲੀ ਦੀ ਰੂਹ ਕੀ ਆਖੂ ? ਸ਼ਰਮ ਘੋਲ ਹੀ ਪੀੜੀ ਕਹਿਣ ਲਗਾ 'ਓ ਗਲ ਤਾਂ ਸੁਣ ਲੈ, ਐਵੇਂ ਰੌਲਾ ਪਾਵੇਂ 'ਦੂਜੇ ਦੀ ਨਾ ਸੁਣੇਂ ਸੁਣਾਵੇਂ, ਅਪਨੀ ਦੱਬੀ ਜਾਵੇਂ, ਜੇ ਨਾ ਦੂਜੀ ਸ਼ਾਦੀ ਕਰਦਾ ਕੌਣ ਪਾਲਦਾ ਬੱਚੇ ? 'ਬਚਿਆਂ ਹਿਤ ਹੀ ਸ਼ਾਦੀ ਕੀਤੀ, ਬਚਨ ਸੁਣਾਵਾਂ ਸੱਚੇ 'ਕੌਣ ਨੁਹਾਂਦਾ ? ਕੌਣ ਧੁਆਂਦਾ ? ਰੋਟੀ ਕੌਣ ਪਕਾਂਦਾ ? ਬਚਿਆਂ ਦੀ ਮੈਂ ਸੇਵਾ ਕਰਦਾ, ਯਾ ਰੁਜ਼ਗਾਰ ਕਮਾਂਦਾ ? 'ਬਚਿਆਂ ਦੇ ਸੁਖ ਲਈ ਸੱਜਣਾ ਸ਼ਾਦੀ ਹੋਰ ਕਰਾਈ 'ਵਰਨਾ ਬਚੇ ਰੁਲ ਖੁਲ ਜਾਂਦੇ, ਝੂਠ ਨ ਬੋਲਾਂ ਰਾਈ !' ਮੈਂ ਪੁਛਿਆ 'ਤਾਂ ਖ਼ੈਰ, ਖ਼ੂਬ ਹੁਣ ਬੱਚੇ ਹੋਸਣ ਪਲਦੇ ? 'ਸਕੀਆਂ ਵਾਂਗ ਲਾਡ ਹੋਊ ਕਰਦੀ ? ਖ਼ੁਸ਼ੀ, ਖੇਡਦੇ ਮਲਦੇ ?' ਕਹਿਣ ਲਗਾ 'ਹਾਂ, ਨਾਨਕਿਆਂ ਘਰ ਘਲ ਛੱਡੇ ਨੇ ਸਾਰੇ 'ਨਵੀਂ ਨਾਰ ਸੰਗ ਦੋ ਦਿਨ ਭੀ ਨਾ ਬਦ-ਕਿਸਮਤਾਂ ਗੁਜ਼ਾਰੇ !' ਹਾਸਾ-ਰੋਣਾ ਦੋਵੇਂ ਆਏ, ਸੁਣ ਕੇ ਦਸ਼ਾ ਨਿਆਰੀ 'ਸੁਥਰਾ' ਇਸ ਬਿਨ ਹੋਰ ਕਹੇ ਕੀ ? ਯਾਰਾ ! ਤੂੰ ਝਖ਼ ਮਾਰੀ !'

ਹੋਲੀ ਸੀ

ਨਿਕਲ ਅਡੋਲ ਡੋਲੀਓਂ ਆਈ, ਨਾ ਥਿੜਕੀ ਨਾ ਡੋਲੀ ਸੀ ਗੁਟਕੂੰ ਗੁਟਕੂੰ ਘੁੱਗੀ ਵਾਂਗੂੰ, ਨਾਜ਼ਕ ਜਿਵੇਂ ਮਮੋਲੀ ਸੀ ਸੰਗ ਸੁੰਦਰੀਆਂ ਦੀ ਇਕ ਟੋਲੀ, ਖ਼ਬਰੇ ਕਿੱਥੋਂ ਟੋੱਲੀ ਸੀ ਗੋਲੀ ਵਾਂਗ ਪੈਰ ਤੇ ਡਿੱਗੀ, ਮਾਨੋ ਮੇਰੀ ਗੋੱਲੀ ਸੀ ਘੁੰਡ ਚੁਕਿਆ ਮੈਂ ਦੋਹੀਂ ਹੱਥੀਂ, ਬਿਜਲੀ ਆਲੀ ਭੋਲੀ ਸੀ ਵੀਣੀ ਵਿਚ ਉਂਗਲਾਂ ਖੁਭ ਗਈਆਂ, ਜਹੀ ਗੁਦਗੁਦੀ ਪੋਲੀ ਸੀ ਡੋਲ੍ਹੀ ਓਸ ਕਟੋਰੀ-ਕੇਸਰ, ਤੇ ਗੁਲਾਲ ਦੀ ਝੋਲੀ ਸੀ ਸਭ ਸਖੀਆਂ ਰੰਗ ਛਿੜਕਣ ਲਗੀਆਂ,ਪਲ ਵਿਚ ਮਚ ਗਈ ਹੋਲੀ ਸੀ ਕੋਈ ਮਾਰ ਪਚਕਾਰੀ ਭੱਜੇ, ਕਿਸੇ ਗੁਲਾਲੀ ਖੋਲੀ ਸੀ ਕਰਨ ਮਖ਼ੌਲ ਵਿਚਕਰਾਂ ਹਾਸੇ, ਭਾਂਤ ਭਾਂਤ ਦੀ ਬੋਲੀ ਸੀ ਸੰਗਾ ਲਾਹ ਕੇ ਮੈਂ ਭੀ, ਅਪਣੀ ਹਿੰਮਤ-ਅਕਲ ਟਟੋਲੀ ਸੀ ਸਵਰਣ-ਕੌਲ ਕਸਤੂਰੀ ਘੋਲੀ, ਛਿਣਕ ਜਿੰਦੜੀ ਘੋੱਲੀ ਸੀ ਮੇਰੀ ਪੱਗ ਗੜੁਚੂੰ ਹੋਈ, ਉਸ ਦੀ ਭਿੱਜੀ ਚੋਲੀ ਸੀ ਇੱਕ ਸਹੇਲੀ ਬੜੀ ਠਠੋਲੀ, ਬੁੱਲ੍ਹੀ ਲਾਲ ਨਿਓਲੀ ਸੀ ਚੂਚੇ ਵਾਂਗੂੰ ਫੜ ਕੇ ਉਸ ਨੇ, ਤੇਰੀ ਧੌਣ ਮਧੋਲੀ ਸੀ ਇਕ ਹੋਰ ਤੱਤਾਰੋ ਐਸੀ, ਮਾਨੋ ਵਾਉ-ਵਰੋਲੀ ਸੀ ਲਾਟੂ ਵਾਂਗੂੰ ਭੌਂਦੀ ਫਿਰਦੀ, ਸਭ ਦੀ ਜਿਵੇਂ ਵਿਚੋਲੀ ਸੀ ਉਸ ਤੋਂ ਭੀ ਇਕ ਵਧ ਚੰਚਲ ਨੇ, ਗੁਤ ਫੜ ਉਦ੍ਹੀ ਘਚੋਲੀ ਸੀ ਮੈਂ ਮੂਰਖ ਨੇ ਜੋਸ਼ ’ਚ ਆ ਕੇ, ਖੁਸ਼ਬੋ ਸੁਟੀ ਅਮੋਲੀ ਸੀ ਰਾਣੀ ਦੀ ਅੱਖੀਂ ਛਿਟ ਪੈ ਗਈ, ਚੀਕ ਵਜੀ ਜਿਉਂ ਗੋਲੀ ਸੀ ਹਾ ! ਹਾ ! ਕੁਝ ਵੀ ਨਜ਼ਰ ਨ ਆਯਾ ਤਬ੍ਹਕ ਅੱਖ ਜਦ ਖੋਲੀ ਸੀ ਘੜੀ ਮੁੜੀ ਮੈਂ ਮੀਟ ਅੱਖੀਆਂ, ਰੋ ਰੋ ਜਿੰਦੜੀ ਰੋਲੀ ਸੀ ਫੇਰ ਕਦੀ ਨ ਖੇਡੀ ਹੋਲੀ, ਓਹ ਹੋਲੀ, ਹੋ-ਲੀ ਸੀ ਲੋਕ ਆਖਦੇ 'ਹੋਲੀ ਹੈ' ਪਰ 'ਸੁਥਰਾ’ ਕਹਿੰਦਾ 'ਹੋਲੀ ਸੀ'

ਆਦਮ ਬੋ

ਸਾਡਾ ਇਕ ਗੁਆਂਢੀ ਬਾਬੂ, ਪੈਰ ਜਦੋਂ ਘਰ ਧਰਦਾ 'ਆਦਮ ਬੋ' 'ਆਦਮ ਬੋ' ਕਹਿੰਦਾ, ਫ਼ੂੰ ਫੂੰ ਫੂੰ ਫੂੰ ਕਰਦਾ ਹਊਏ ਵਾਂਗੂੰ ਹਊ ਹਊ ਹਊ ਕਰ ਕੇ, ਸਭ ਨੂੰ ਘੂਰੇ ਤਾੜੇ ਜੀਭ-ਦਾਤਰੀ ਤਿੱਖੇ-ਦੰਦੀ, ਟੱਬਰ ਦੇ ਦਿਲ ਪਾੜੇ ਕੜਕੇ, ਭੁੜਕੇ, ਗਾਲਾਂ ਕੱਢੇ ਦਬਕਾਏ ਤੇ ਝਿੜਕੇ ਚਿਣਗੀ ਕੋਲੇ ਵਾਂਗ ਪਟਾਕੇ ਮਾਰ ਮਾਰ ਕੇ ਤਿੜਕੇ ਉਸ ਦੀ ਸ਼ਕਲ ਵੇਂਹਦਿਆਂ ਬੱਚੇ, ਸਹਿਮਣ, ਲੁਕ ਛਿਪ ਜਾਵਣ ਹੋਵੇ ਦਫ਼ਾ ਘਰੋਂ ਜਦ ਬਾਬੂ, ਸਾਰੇ ਸ਼ੁਕਰ ਮਨਾਵਣ ਇਕ ਦਿਨ ਉਸ ਦੀ ਵਹੁਟੀ ਛੋਟੇ ਬੱਚੇ ਤਾਈਂ ਪੜ੍ਹਾਂਦੀ 'ਊੜੇ ਐੜੇ' ਨਾਲ ਨਾਲ ਸ਼ੁਭ ਗੁਣ ਸੀ ਦਸਦੀ ਜਾਂਦੀ:- 'ਬੇਟਾ ! ਊੜਾ ਆਖੇ:-ਚੰਗਾ ਹੈ ਉਪਕਾਰ ਕਮਾਣਾ 'ਜਿਥੋਂ ਤੀਕਰ ਬਣੇ, 'ਯਤੀਮ' ਨੂੰ ਆਰਾਮ ਪੁਚਾਣਾ ਤੇਰਾ ਹਾਣੀ ਲਾਲੂ ਭੀ ਹੈ, ਦੀਨ ਅਨਾਥ ਵਿਚਾਰਾ ਪਿਤਾ ਓਸ ਦਾ ਮਰ ਚੁਕਾ ਹੈ, ਹੋਰ ਨ ਕੋਈ ਸਹਾਰਾ 'ਕੌਣ ਓਸ ਨੂੰ ਲਾਡ ਲਡਾਵੇ ? ਖੇਡਾਂ ਕੌਣ ਖਿਡਾਵੇ ? ‘ਕੌਣ ਓਸ ਨੂੰ ਪੈਸੇ ਦੇਵੇ ? ਕਿੱਥੋਂ ਖਰਚੇ ਖਾਵੇ ? ਫਰਜ਼ ਤਿਰਾ ਹੈ ਕਦੀ ਕੁਝ, ਉਸ ਤੇ ਤਰਸ ਕਮਾਵੇਂ 'ਅਪਨੇ ਜੇਬ ਖਰਚ 'ਚੋਂ ਪੈਸੇ, ਉਸ ਨੂੰ ਭੀ ਖਰਚਾਵੇਂ !' ਬੇਟੇ ਕਿਹਾ “ਝਾਈ ਜੀ ! ਕਿਉਂ ਨ ਪੂਰਾ ਪੁੰਨ ਕਮਾਈਏ ? 'ਬਾਬੂ ਹੀ ਚਾ ਉਸ ਨੂੰ ਦਈਏ, ਖ਼ੁਦ ਯਤੀਮ ਹੋ ਜਾਈਏ ਝਿੜਕਾਂ ਝੰਬਾਂ ਤੋਂ ਸਾਡੀ ਵੀ ਹੋਵੇ ਜਾਨ ਸੁਖੱਲੀ 'ਲਾਲੂ ਦੀ ਭੀ ਹਟੇ ਯਤੀਮੀ, ਹੋਵੇ ਮੌਜ ਦੁਵੱਲੀ!' ਮੈਂ ਸੁਣਿਆਂ ਤਾਂ ਬਾਬੂ ਜੀ ਨੂੰ ਹਸ ਹਸ ਪੀਪੂ ਕੀਤਾ:- 'ਵਾਹ ਜੀ ! ਫੂੰ ਫੂੰ ਸੰਦਾ ‘ਸੁਥਰਾ’ ਸਵਾਦ ਪੁੱਤ ਤੋਂ ਲੀਤਾ ।'

ਹੋਛਾ ਗੱਭਰੂ

ਇਕ ਅੰਨ੍ਹੀ ਦਾ ਦੂਲੋ ਇਕ ਦਿਨ, ਪ੍ਰੇਮ ਲਗਾ ਦਿਖਲਾਵਣ -- 'ਪਿਆਰੀ ! ਤੇਰੇ ਨਾਲੋਂ ਮੈਨੂੰ ਪਰੀਆਂ ਭੀ ਨਾ ਭਾਵਣ 'ਭਾਵੇਂ ਤੂੰ ਹੈਂ ਅੱਖੋਂ ਅੰਨ੍ਹੀਂ, ਮੈਂ ਦੋ ਨੈਣਾਂ ਵਾਲਾ ਰੰਗ ਮੇਰਾ ਹੈ ਗੋਰਾ ਚਿੱਟਾ, ਤੇਰਾ ਤਵਿਓਂ ਕਾਲਾ 'ਤੇਰੇ ਮੁਖ ਤੇ ਦਾਗ ਸੀਤਲਾ ਖੱਖਰ ਵਾਂਗੂੰ ਡਰਾਂਦੇ 'ਮਿਰਾ ਚੰਦ ਮੁਖ ਵੇਖ ਤਾਰਿਆਂ ਵਾਂਗੂੰ ਲੋਕ ਲਜਾਂਦੇ 'ਤੂੰ ਅਨਪੜ੍ਹ ਤੇ ਬਾਪ ਤਿਰਾ ਹੈ ਟੁੱਟੀ ਹੱਟੀ ਵਾਲਾ 'ਮੈਂ ਵਿਦਵਾਨ, ਸ਼ੁਕੀਨ, ਸਜੀਲਾ, ਅਫ਼ਸਰ ਖੱਟੀ ਵਾਲਾ 'ਜਿਸ ਤਰਫ਼ੋਂ ਲੰਘ ਜਾਵਾਂ ਕੇਰਾਂ, ਉਂਗਲਾਂ ਲੋਕ ਉਠਾਵਣ 'ਸ਼ਾਦੀ ਲਈ ਅਮੀਰ ਘਰਾਂ ਤੋਂ, ਰੋਜ਼ ਸੁਨੇਹੇ ਆਵਣ 'ਪਰ ਮੈਂ ਤੇਰੀ ਖ਼ਾਤਰ ਦਿਲ ਵਿਚ ਕੋਈ ਗੱਲ ਨ ਲਿਆਵਾਂ 'ਅਕਲ ਸ਼ਕਲ ਨ ਅੱਖਾਂ ਤਿਰੀਆਂ, ਫਿਰ ਭੀ ਲਾਡ ਲਡਾਵਾਂ 'ਕਾਸ਼ ! ਰੱਬ ਤੋਂ ਇਕ ਛਿਨ ਖਾਤਰ, ਹੀ ਅੱਖਾਂ ਤੂੰ ਪਾਵੇਂ ਮੇਰੀ ‘ਹੁਸਨ, ਜਵਾਨੀ ਤੇ ਕੁਰਬਾਨੀ ਦੇ ਗੁਣ ਗਾਵੇਂ !' ਹਉਕਾ ਭਰ ਕੇ ਅੰਨ੍ਹੀ ਬੋਲੀ ਕਹਿ ਲੌ ਜੋ ਕੁਝ ਕਹਿਣਾ 'ਮਾਰੋ ਰੱਜ ਗਪੌੜ-ਸ਼ੇਖੀਆਂ, ਪਰ ਧੋਖੇ ਨਾ ਰਹਿਣਾ 'ਠੀਕ ਸਮਝਦੀ ਹਾਂ ਮੈਂ, ਹੋਸੋ ਤੁਸੀਂ ਮੇਰੇ ਹੀ ਜੈਸੇ 'ਕੀ ਹੋਇਆ ਜੇ ਅੱਖਾਂ ਵਾਲੇ ? ਬਾਕੀ ਐਸੇ ਵੈਸੇ 'ਹੋਛੇ ਸਵਾਮੀ ! ਤੁਸੀਂ ਜੇਕਰਾਂ ਸਚ ਮੁਚ 'ਸੁਥਰੇ' ਹੋਵੋ ! 'ਇੰਜ ਹਸਾਨ ਨੂੰ ਕਦੀ ਜਤਾਓ, ਮਿਰੇ ਦੁਖ ਵਿਚ ਰੋਵੋ !'

ਅਮੀਰ ਗ਼ਰੀਬ

ਇਕ ਧਨੀ ਦੀ ਵਾਦੀ ਹੀ ਸੀ, ਹਰ ਦਮ ਝੁਰਦਾ ਰਹਿੰਦਾ :- 'ਬਾਬਾ ! ਦੌਲਤ ਹੈ ਦੁਖਦਾਈ, ਸਚ ਸਚ ਮੈਂ ਹਾਂ ਕਹਿੰਦਾ 'ਲੋਕ ਸਮਝਦੇ ਸੁਖੀ ਅਸਾਨੂੰ, ਪਰ ਸਾਨੂੰ ਦੁਖ ਭਾਰੀ 'ਮਾਇਆ ਕਾਰਣ ਵਧੀ ਸੌ ਗੁਣਾਂ, ਸਾਡੀ ਜ਼ਿੰਮੇਵਾਰੀ 'ਚੰਦਾ ਮੰਗਣ ਵਾਲੇ ਹੀ ਨਹੀਂ, ਖਹਿੜਾ ਸਾਡਾ ਛਡਦੇ 'ਚਿੱਚੜ ਵਾਂਗੂੰ ਚੰਬੜ ਜਾਂਦੇ, ਰੋਜ਼ ਤਲੀ ਆ ਟਡਦੇ 'ਸਕੇ ਸੋਧਰੇ ਕਰਜ਼ਾ ਮੰਗਣ, ਰਾਤ ਦਿਨੇ ਸਿਰ ਖਾਂਦੇ 'ਗੂੜ੍ਹੇ ਯਾਰ ਉਂਜ ਹੀ ਲੁੱਟਣ ਮਾਲ ਝਪਟ ਲੈ ਜਾਂਦੇ 'ਵਹੁਟੀ, ਪੁੱਤਰ, ਧੀਆਂ, ਭੈਣਾਂ ਭਾਈ, ਬਹੂ, ਜਵਾਈ 'ਚੂਸਣ ਲਹੂ, ਬੋਟੀਆਂ ਨੋਚਣ, ਫਿਰ ਭੀ ਦੇਣ ਦੁਹਾਈ 'ਸਭਾ ਸੁਸੈਟੀ ਵਿਚ ਜੇ ਜਾਈਏ, ਫੜ ਪਰਧਾਨ ਬਣਾਵਣ 'ਫੇਰ ਕਹਿਣ 'ਦਿਓ ਗੱਫੇ ਬਹੁਤੇ' ਖੀਸੇ ਨੂੰ ਹਥ ਪਾਵਣ ਖੁਲ੍ਹੇ ਫੰਡ ਜੇ ਕੋ ਸਰਕਾਰੀ, ਅਫਸਰ ਕਰਨ ਇਸ਼ਾਰੇ :- 'ਰਾਇ ਸਾਹਬ ! ਡੋ ਚੰਡਾ ਇਸ ਮੇਂ, ਲੋ ਖ਼ਿਟਾਬ ਫਿਰ ਭਾਰੇ' 'ਜਿਧਰ ਦੇਖੋ ਓਧਰ ਹਰ ਕੋਈ, ਮੰਗਦਾ ਦਿੱਸੇ ਪੈਸਾ 'ਵਿਚ ਸਿਕੰਜੇ ਕੁੜਕਣ ਹਡੀਆਂ, ਫਸਿਆ ਹਾਂ ਮੈਂ ਐਸਾ 'ਯਾਰੋ ਪੈਸਾ ਬਹੁ ਦੁਖਦਾਈ, ਨਿਰਧਨ ਅਤਿ ਸੁਖ ਪਾਵਣ 'ਦਿਨੇ ਖੱਟਣ ਤੇ ਰਾਤੀਂ ਖਾਵਣ, ਮੌਜ ਨਿਚਿੰਤ ਉਡਾਵਣ !' ਪਾਸੋਂ ਇੱਕ ਗ਼ਰੀਬ ਮਖੌਲੀ, ਕਿਹਾ 'ਨ ਜੀ ਕਲਪਾਓ 'ਦੁੱਖ-ਮੂਲ ਧਨ ਮੈਨੂੰ ਚਾ ਦਿਓ, ਆਪ ਅਨੰਦ ਉਡਾਓ !' ਪਾ ਲਿਆ ਸੇਠ ਹੁਰਾਂ ਸਿਰ ਨੀਵਾਂ, 'ਸੁਥਰਾ' ਖਿੜ ਖਿੜ ਹਸਿਆ 'ਨਿਰਧਨ-ਧਨੀ ਖ਼ੁਸ਼ ਨਹੀਂ ਕੋਈ, ਜਗ-ਚਿੱਕੜ ਜੋ ਫਸਿਆ'

ਹੁਸਨ ਕਿ ਹਕੂਮਤ?

ਭਗਤੀ ਕੀਤੀ, ਰੱਬ ਪ੍ਰਗਟਿਆ, ਖੁਸ਼ੀ ਕਮਾਲ ਦਿਖਾ ਦਿਤੀ:- 'ਹੁਸਨ-ਹਕੂਮਤ’ ’ਚੋਂ ਇਕ ਲੈ ਲੈ, ਅਜਬ ਅੜੌਣੀ ਪਾ ਦਿਤੀ ਡਿੱਠਾ 'ਹੁਸਨ’ ਨੈਣ ਚੁੰਧਿਆਏ, ਕਹਿਣ ਲਗਾ ਮੈਂ ਮਾਲਕ ਹਾਂ 'ਧਰਤ, ਅਕਾਸ਼, ਪਤਾਲ, ਸਰਿਸ਼ਟੀ ਜੜ੍ਹ ਚੇਤਨ ਦਾ ਪਾਲਕ ਹਾਂ 'ਸ਼੍ਰਿਸ਼ਟਾ ਹੁਸਨ, ਸ਼੍ਰਿਸ਼ਟੀ ਹੁਸਨ, ਹੁਸਨ ਹੁਸਨ ਸਭ ਪਸਰ ਰਿਹਾ 'ਅਤੀ ਕਠੋਰ ਹਿਰਦਿਆਂ ਵਿਚ ਭੀ,ਸਿਰਫ਼ ਹਸਨ ਕਰ ਅਸਰ ਰਿਹਾ 'ਸਰ, ਨਰ, ਦੇਵ, ਬਨਸਪਤ ਪੰਛੀ, ਮਸਤ ਹੁਸਨ ਤੇ ਸਾਰੇ ਨੇ 'ਹਸਨ ਅਗੇ ਹਥ ਜੋੜ ਡਿਗਦੇ, ਹਾਕਮ - ਰਾਜੇ ਭਾਰੇ ਨੇ 'ਮੰਗ ਲੈ ਮੈਨੂੰ ਓ ਖੁਸ਼-ਕਿਸਮਤ ! ਲੁਤਫ ਜ਼ਿੰਦਗੀ ਪਾਵੇਂਗਾ 'ਹਸਨ ਸਰੂਰ ਵਿਚ ਮਤਵਾਲਾ, ਸੁਖ ਦੀ ਉਮੇਰ ਬਿਤਾਵੇਂਗਾ !' ਰੁਸ ਕੇ ਫ਼ੇਰ ਹਕੂਮਤ ਬੋਲੀ, ਦੇਖ:-ਮਿਰਾ ਸ਼ਿਰ ਨਿਊਂਦਾ ਨਹੀਂ 'ਮਿਰੇ ਹੁਕਮ ਵਿਚ ਹੈ ਜਗ ਸਾਰਾ, ਆਕੜਕ ਕੋਈ ਜਿਉਂਦਾ ਨਹੀਂ 'ਸੁੰਦਰ ਪਹਾੜ ਬਾਗ਼ ਖ਼ੁਸ਼ ਸੂਰਤ, ਸੋਹਣੇ ਸ਼ਹਿਰ ਅਨੂਪ ਕਿਲੇ 'ਮਿਰੇ ਹੁਕਮ ਵਿਚ ਬੱਧੇ ਸਾਰੇ, ਕਹੁ ਖਾਂ ਕੋਈ ਜਰਾ ਹਿਲੇ ! 'ਹੁਸਨ ਗ਼ੁਲਾਮ ਮਿਰਾ ਮਾਮੂਲੀ, ਦੇਵਾਂ ਟਕੇ ਖ਼ਰੀਦ ਲਵਾਂ 'ਸਾਰਾ ਸਾਲ ਹੁਸਨ ਦੇ ਝੁਰਮਟ ਵਿਚ ਮੌਜਾਂ ਜ੍ਯੋਂ ਈਦ ਲਵਾਂ 'ਯੂਸਫ਼ ਜਹੇ ਹੁਸੀਨ ਕਰੋੜਾਂ, ਹੁਕਮ ਪਿਛੇ ਫਿਰਦੇ ਨੇ 'ਮੰਗ ਲੈ ਮੈਨੂੰ, ਉਹ ਸੁਖ ਲੈ ਜੋ ਕੁਲ ਲੋਚਦੇ ਹਿਰਦੇ ਨੇ !' 'ਸੁਥਰਾ ਸਿਰ ਚਕਰਾਇਆ ਮੇਰਾ, ਮੋਹਲਤ ਮੰਗ ਲਿਆਇਆ ਹਾਂ 'ਦਸੋ, ਲਵਾਂ ਦੁਹਾਂ 'ਚੋਂ ਕੀ ਮੈਂ ? ਸ਼ਰਨ ਸ਼ਾਇਰਾਂ ਆਇਆ ਹਾਂ

ਜ਼ਿੰਮੇਵਾਰੀ ਦਾ ਭਾਰ

{ਸਆਦਤ ਅਲੀ ਖ਼ਾਂ ਬਾਵਰਚੀ ਨੂੰ ਅਵਧ ਦੀ ਨਵਾਬੀ ਮਿਲਣ ਦਾ ਸੱਚਾ ਵਾਕਿਆ} ਬਾਵਰਚੀ ਨੇ ਖਾਣਾ ਐਸਾ ਮਜ਼ੇਦਾਰ ਖਿਲਵਾਇਆ ਮੁਗਲ ਸ਼ਹਿਨਸ਼ਾਹ ਨੇ ਖੁਸ਼ ਹੋ ਕੇ ਉਸ ਨੂੰ ਸੱਦ ਬੁਲਾਇਆ ਫ਼ਖ਼ਰ ਨਾਲ ਬਾਵਰਚੀਖ਼ਾਨੇ ਤੋਂ ਬਾਵਰਚੀ ਹਲਿਆ ਨਚਦਾ ਟਪਦਾ ਛਾਲਾਂ ਲਾਂਦਾ ਬਾਦਸ਼ਾਹ ਵਲ ਚਲਿਆ ਸ਼ਾਹੀ ਕਿਲਾ ਦਿੱਲੀ ਦਾ ਭਾਰੀ, ਵਿਚ ਨਹਿਰ ਹੈ ਵਗਦੀ ਨਹਿਰ ਬਹਿਸ਼ਤੀ ਵਾਂਗ ਨਹਿਰ ਏ, ਡਾਢੀ ਸੁੰਦਰ ਲਗਦੀ ਬਾਵਰਚੀ ਉਸ ਨਹਿਰ ਪਾਸ ਆ, ਨਾ ਰੁਕਿਆ ਨਾ ਖਪਿਆ ਭੱਜਾ ਜਾਂਦਾ ਛਾਲ ਮਾਰ ਕੇ ਝੱਟ ਨਹਿਰ ਤੋਂ ਟਪਿਆ ਅੱਗੇ ਸ਼ਹਿਨਸ਼ਾਹ ਸੀ ਬੈਠਾ, ਉਸ ਨੇ ਕ੍ਰਿਪਾ ਕਰ ਕੇ ਖ਼ਿਲਅਤ ਅਤੇ ਇਨਾਮ ਓਸ ਨੂੰ ਬਖਸ਼ੇ ਝੋਲੇ ਭਰਕੇ ਨਾਲੇ ਅਵਧ ਦੇਸ ਦਾ ਉਸ ਨੂੰ ਚੁਕ ਬਣਾਇਆ ਯਾਨੀ ਬਾਵਰਚੀ ਨੂੰ ਚਾ ਕੇ ਰਾਜ ਤਖਤ ਬਠਲਾਇਆ ਧੰਨਵਾਦ ਕਰ ਕੇ ਬਾਵਰਚੀ ਵਾਪਸ ਘਰ ਨੂੰ ਮੁੜਿਆ ਪਰ ਹੁਣ ਉਸ ਦੇ ਮਗਰ ਮਗਰ ਸੀ ਝੁੰਡ ਨੌਕਰਾਂ ਜੁੜਿਆ ਨੱਚਣ ਟੱਪਣ ਦੌੜਨ ਦੀ ਥਾਂ ਹੁਣ ਉਹ ਹੌਲੀ ਚੱਲੇ ਮਾਨੋ ਕੰਡੇ ਤੇਜ ਵਿਛੇ ਸਨ ਉਸ ਦੇ ਪੈਰਾਂ ਥੱਲੇ ਓਹ ਸੋਹਣੀ ਨਹਿਰ ਫੇਰ ਜਦ ਰਸਤੇ ਦੇ ਵਿਚ ਆਈ ਤਾਂ ਬਾਵਰਚੀ-ਬਾਦਸ਼ਾਹ ਤੋਂ ਛਾਲ ਨ ਗਈ ਲਗਾਈ ਪੱਬਾਂ ਭਾਰ ਮਸਾਂ ਤੁਰ ਤੁਰ ਕੇ ਪਾਣੀ ਵਿਚ ਦੀ ਲੰਘਿਆ ਦੇਖ ਹਾਲ ਇਹ ਮੁਗਲ ਸ਼ਹਿਨਸ਼ਾਹ ਮੁਸਕਾਇਆ ਤੇ ਖੰਘਿਆ ਫੇਰ ਬੁਲਾ ਕੇ ਬਾਵਰਚੀ ਨੂੰ ਪੁਛਿਆ ਇਹ ਕੀ ਹੋਇਆ? 'ਹੁਣ ਤੈਥੋਂ ਨਹੀਂ ਟਪਿਆ ਜਾਂਦਾ ਇਹ ਨਿਕਾ ਜਿਹਾ ਟੋਇਆ ? ਕਹਿਣ ਲਗਾ 'ਹੁਣ ਸਿਰ ਮੇਰੇ ਹੈ ਲੱਦੀ ਗਈ ਅਮੀਰੀ 'ਇਸ ਦਾ ਭਾਰ ਨਾ ਦੌੜਨ ਦੇਵੇ, ਪੈਰੀਂ ਪਈ ਜ਼ੰਜੀਰੀ !' ਸਚ ਪੁਛੋ ਤਾਂ ਸਿਰਫ਼ ਬੋਝ ਹੈ, ਦੋਲਤ ਜ਼ਿੰਮੇਵਾਰੀ 'ਸੁਥਰਾ' ਜੋ ਇਸ ਭਾਰੇ ਖਾਲੀ, ਮੌਜ ਉਡਾਵੇ ਭਾਰੀ

ਖ਼ਾਲੀ ਖ਼ੀਸਾ

ਬੀਬਾ ! ਕੀ ਦਸਦਾ ਹੈਂ ਤੂੰ ਅਪਨੀ ਪਾਰਸਾਈ ਭੁੱਖ-ਨੰਗ ਦੀ ਹੈ ਕਿਰਪਾ ਪੱਟੀ ਏ ਜਿਸ ਪੜ੍ਹਾਈ ਪੀਂਦੇ ਅਸੀਂ ਤਾਂ ਹੈਸਾਂ ਭਰ ਭਰ ਕੇ, ਨਿਤ, ਉਧਾਰੀ ਬਣ ਬੈਠੇ ਭਗਤ ਜਦ ਤੋਂ ਕੁਰਕੀ ਕਿਸੇ ਕਰਾਈ ਓ ਲਹਿਣਦਾਰਾ ! ਤੇਰੀ ਹਸਤੀ ਕੀ ਗਾਲ ਕੱਢੇਂ ? ਕਰੀਏ ਕੀ ? ਧੌਣ ਸਾਡੀ ਦੇਣੇ ਨੇ ਹੈ ਝੁਕਾਈ ਜਦ ਭੁੜਕਦਾ ਸੀ ਪੈਸਾ, ਤਾਂ ਭੁੜਕਦਾ ਸੀ ਦਿਲ ਵੀ ਜਦ ਜੇਬ ਹੋਈ ਖਾਲੀ, ਦਿਲ ਨੂੰ ਭੀ ਸ਼ਾਂਤ ਆਈ ਜੇ ਸੀਸ ਮੰਗੇ, ਹਾਜ਼ਰ, ਜੇ ਜਾਨ ਚਾਹੇਂ, ਸਦਕੇ, ਪਰ ਟੁੱਟਸੀ ਏ ਯਾਰੀ ਜੇ ਮੰਗਸੇਂ ਤੂੰ ਪਾਈ ਹੈਰਾਨ ਹਾਂ ਕਿ ਉਮਰਾ ਕਟ ਲਵਾਂਗੇ ਰੋ ਧੋ, ਖੱਫਣ ਮਿਲੇਗਾ ਕਿੱਥੋਂ ? ਜਦ ਕਰ ਗਏ ਚੜ੍ਹਾਈ ਪੈਸੇ ਦੇ ਸਿਰ ਤੇ 'ਮੈਂ' ਤਾਂ ਪੌਲੇ ਲਗਾਵਾਂ ਸੌ ਸੌ ਪਰ ਹਾਇ, ਕੀ ਕਰੇਗੀ ? ਆ ਕੇ 'ਓਹ' ਧੀ ਪਰਾਈ ! ਮੈਂ ਚੀਕਿਆ ਬਥੇਰਾ, ਦਿਲ ਦੇਖ, ਨਾ ਕਿ ਪੈਸਾ ਮਹਿਫ਼ਲ’ਚੋਂ ਫਿਰ ਭੀ ਕਢਿਆ,ਤਾਂ ਸਖਤ ਸ਼ਰਮ ਆਈ ! ਡੁਬ ਜਾਏ ਏਹ ਗ਼ਰੀਬੀ, ਇਖ਼ਲਾਕ ਜੇ ਦਿਖਾਈਏ, ਤਾਂ ਸਮਝ ਕੇ ਖੁਸ਼ਾਮਦ, ਨੱਕ ਵਟਦੀ ਲੁਕਾਈ ਹਨ ਕਹਿਣ ਨੂੰ ਏਹ ਗੱਲਾਂ,ਮੂਰਤ ਹੈ 'ਉਸ' ਦੀ ਦਿਲ ਵਿਚ ਪੈਸਾ ਜੂ ਸੀ ਨਾ ਪੱਲੇ, ਮੂਰਤ ਭੀ ਨਾ ਖਿਚਾਈ ! ਰੱਬਾ ! ਮੈਂ ਕੀ ਕਰਾਂ ਅਜ, ਓਹ ਆਵਸਣ ਮਿਰੇ ਘਰ, ਨਾ ਬਹਿਣ ਨੂੰ ਹੈ ਕੁਰਸੀ, ਨਾ ਖਾਣ ਨੂੰ ਮਿਠਾਈ ! 'ਸੁਥਰੇ' ਦੀ ਸ਼ਾਨ ਦੇਖੋ, ਲੋਕੀ ਨੇ ਧਨ ਨੂੰ ਰੋਂਦੇ ਇਸ ਪਾਸ ਆਈ ਲਛਮੀ, ਪਰ ਇਸ ਨੇ ਪਿਠ ਭੁਆਈ ।

ਪਾਪ ਦੀ ਬੁਰਕੀ

ਇਕ ਰਾਜੇ ਦਾ ਗੁਰ-ਤਪੀਸ਼ਰ ਚੋਰੀ ਦੇ ਵਿਚ ਫੜਿਆ ਚੋਰਾਂ ਵਾਂਗੂੰ ਰਾਜੇ ਅਗੇ ਸਿਰ ਨੀਵਾਂ ਕਰ ਖੜਿਆ ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਇਆ ਮੌਕਾ ਪਾ ਕੇ ਰਾਣੀ ਦਾ ਨੌਲੱਖਾ ਹਾਰ ਚੁਰਾਇਆ ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਆਵੇ ਜੇ ਧਨ ਦੀ ਸੀ ਲੋੜ ਏਸ ਨੂੰ ਇਕ ਇਸ਼ਾਰਾ ਕਰਦਾ ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ ਪੂਰੀ ਖੋਜ ਉਨ੍ਹਾਂ ਨੇ ਕਰ ਕੇ ਸਿੱਟਾ ਇਹ ਦਿਖਲਾਇਆ ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਾਲਾਕੀ ਪੀਤਾ ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਇਆ ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਪਾਇਆ ਓਸ ਮਾਲ ਦਾ ਆਟਾ, ਘੀ ਤੇ ਲਕੜੀ ਲੂਣ ਲਿਆ ਕੇ ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ ਰਾਜ-ਗੁਰੂ ਨੇ ਰਾਜ ਮਹਿਲ ਵਿਚ, ਓਹ ਭੋਜਨ ਸੀ ਪਾਇਆ ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਇਆ ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋੜ ਦਿਖਾਏ ਇਕ ’ਚੋਂ ਦੁੱਧ, ਦੁਏ ’ਚੋਂ ਲਹੂ, ਕਢ ਕੇ ਸਬਕ ਪੜ੍ਹਾਏ ਅੰਨ ਪਾਪ ਦਾ ਖਾ ਖਾ ਬੰਦਾ, ਪਾਪ ’ਚ ਡੁਬਦਾ ਜਾਵੇ 'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ

ਅਸ਼ਰਫ਼ ਕਿ ਰਜ਼ੀਲ?

ਇਕ ਕਊਏ ਨੇ, ਦੇਖ ਮਨੁਖ ਨੂੰ, ਨਕ ਵਟ, ਤਾਨ੍ਹਾ ਲਾਇਆ:- 'ਅਸ਼ਰਫ਼ ਮਖ਼ਲੂਕਾਤ’ ਨਾਮ ਤੂੰ ਅਪਨਾ ਕਿਵੇਂ ਰਖਾਇਆ ? ਤੇਰਾ ਨਾਮ 'ਰਜ਼ੀਉਲ ਮਖਖ਼ਲੂਕਾਤ' ਹੋਵਣਾ ਚਾਹੀਏ 'ਆ ਖਾਂ ਜ਼ਰਾ ਤਿਰੇ ਗੁਣ ਗਿਣ ਕੇ ਤੇਰੀ ਆਕੜ ਲਾਹੀਏ 'ਅਕਲ ਵਿਚ ਹੈ ਤੈਥੋਂ ਵਧ ਕੇ ਇਕ ਨਿੱਕਾ ਜਿਹਾ ਕਊਆ 'ਖ਼ੌਫ਼ਨਾਕ ਹੈ ਤੈਥੋਂ ਬਹੁਤਾ ਇਕ ਬੇ-ਹਸਤੀ ਹਊਆ 'ਜ਼ੋਰ ਵਿਚ ਇਕ ਸ਼ੇਰ ਜੰਗਲੀ ਤੈਨੂੰ ਪਿਛੇ ਸੁਟੇ 'ਦੌੜਨ ਵਿਚ ਘੋੜਿਆਂ ਅਗੇ ਮਾਣ ਤਿਰਾ ਸਭ ਟੁਟੇ 'ਚੁਸਤੀ ਵਿਚ ਇਕ ਬੰਦਰ ਅਗੇ ਕੀ ਹੈ ਤੇਰੀ ਹਸਤੀ? ਹਾਥੀ ਅਗੇ ਭੁਲੇ ਤੈਨੂੰ ਅਪਨੀ ਦੇਹ ਦੀ ਮਸਤੀ 'ਸੁੰਦਰਤਾ ਵਿਚ ਮੋਰ ਮਾਮੂਲੀ ਤੈਨੂੰ ਪਿਆ ਸ਼ਰਮਾਵੇ 'ਰਾਗ-ਰਾਗਣੀ ਗਾ ਕੇ ਬੁਲਬੁਲ ਤੈਨੂੰ ਬੁਤ ਬਣਾਵੇ 'ਗਿਟ ਮਿਟ ਗੱਲਾਂ ਕਰਨ ਵਿਚ ਹੈ ਤੈਥੋਂ ਵਧ ਕੇ ਤੋਤਾ 'ਕੰਮ ਕਰਨ ਤੇ ਭਾਰ ਢੋਣ ਵਿਚ ਤੈਥੋਂ ਤਕੜਾ ਖੋਤਾ 'ਹਿੰਮਤ ਵਿਚ ਪ੍ਰੋਫੈਸਰ ਕੀੜੀ ਤੈਨੂੰ ਸਬਕ ਸਿਖਾਂਦੀ ਕੰਡੇ ਖਾ ਕੇ ਦੁਧ ਦੇਣ ਦੀ ਬਕਰੀ ਜਾਚ ਸਿਖਾਂਦੀ 'ਲੱਖ ਜਤਨ ਕਰ ਮਸਾਂ ਤਰੇਂ ਤੂੰ, ਤਰੇ ਸੁਤੇ ਹੀ ਮੱਛੀ 'ਤਿਰੇ ਹਵਾਈ ਜਹਾਜ਼ ਨਾਲੋਂ ਘੁੱਗੀ ਉਡੇ ਹੱਛੀ 'ਇੰਜੀਨੀਅਰੀ ਮਾਤ ਹੈ ਤੇਰੀ ਬਿਜੜੇ ਦੇ ਘਰ ਅੱਗੇ 'ਇਸ਼ਕ ਵਿਚ ਵਧ ਜਾਵੇ ਭੰਬਟ ਜਦ ਦੀਵੇ ਸੰਗ ਲੱਗੇ 'ਕੁੱਲ ਜਾਨਵਰ ਜੀਂਵਦਿਆਂ ਤੇ ਮਰ ਕੇ ਵੀ ਕੰਮ ਆਵਣ 'ਐਪਰ ਤੇਰੇ ਹਡ ਚੰਮ ਜਗ ਨੂੰ ਕੋਈ ਨਾ ਲਾਭ ਪੁਚਾਵਣ 'ਕਿਸ ਕਾਰਨ ਤੂੰ 'ਅਸ਼ਰਫ਼ ਮਖ਼ਲੂਕਾਤ' ਬਣੇਂ, ਖੁਸ਼ ਹੋਵੇਂ ? 'ਕਿਉਂ ਨਾ ਨਾਮ ‘ਰਜ਼ੀਉਲ ਮਖ਼ਲੂਕਾਤ’ ਰਖੇਂ ਤੇ ਰੋਵੇਂ ? ਹੋਰ ਨ ਗੁਣ ਤੂੰ ਸਿਖਿਆ ਕੋਈ ਮਕਰ ਢਿਡ ਵਿਚ ਪਾਇਆ 'ਇਸੇ ਸ਼ੋਰ ਤੇ ਸਾਰਾ ਜਗ ਤੂੰ ਉਂਗਲ ਨਾਲ ਨਚਾਇਆ?' ਉੱਤਰ ਕੁਝ ਨ ਆਇਆ ਨਰ ਨੂੰ, ਫੜ ਬੰਦੂਕ ਚਲਾਈ ਕਾਂ ਉੱਡਿਆ, ਗੋਲੀ ਗਈ ਖਾਲੀ 'ਸੁਥਰੇ' ਤੌੜੀ ਲਾਈ

ਹਾਇ ! ਜਾਨ ਪਿਆਰੀ !

ਇਕ ਵਸਨੀਕ ਸਕਾਟਲੈਂਡ ਦਾ, ਤੰਗ ਬਹੁਤ ਹੀ ਹੋਇਆ, ਭੁਖ, ਨੰਗ, ਕੰਗਾਲੀ ਹਥੋਂ ਸੜ ਕੇ ਡਾਢਾ ਰੋਇਆ ਅੱਤ ਗ਼ਰੀਬੀ, ਟੱਬਰ ਬਹੁਤਾ, ਨਾਲੇ ਘਰ ਬੀਮਾਰੀ ਲਹਿਣਦਾਰ ਧਮਕਾਵਣ ਬਾਹਰ, ਘਰ ਵਿਚ ਗਿਰੀਆਜ਼ਾਰੀ ਨਾ ਲੱਭੇ ਰੁਜ਼ਗਾਰ ਕਿਤੇ ਭੀ, ਕਰਜ਼ਾ ਕੋਈ ਨਾ ਦੇਵੇ ਵਹੁਟੀ ਬੱਚੇ ਰੋਗੀ ਤੜਫਣ, ਕਿਥੋਂ ਦਾਰੂ ਲੇਵੇ ? ਨਾ ਕੋਈ ਮਿੱਤਰ, ਨਾ ਸਨਬੰਧੀ, ਨਾ ਕੋਈ ਦਰਦੀ ਪਿਆਰਾ ਅਤਿ ਮਾਯੂਸੀ ਨਾਲ ਜਗਤ ਸਭ ਦਿਸੇ ਅੰਧ ਅੰਧਾਰਾ ਹੋਇ ਨਿਰਾਸ, ਮਰਨ ਦਾ ਫੁਰਨਾ ਦਿਲ ਦੁਖੀਏ ਦੇ ਫੁਰਿਆ ਚੁਪ ਚਾਪ, ਡੁਬਣ ਹਿਤ ਘਰ ਤੋਂ, ਸਾਗਰ ਦੇ ਵਲ ਤੁਰਿਆ ਸਰਦ ਹਨੇਰੀ ਰਾਤ, ਅਕਾਸ਼ੋਂ ਤੂੰਬੇ-ਬਰਫ਼ ਵਸਾਵੇ ਜੋਸ਼ ਵਿਚ ਉਹ ਦੁਖੀਆ ਅਗੇ ਅਗੇ ਤੁਰਦਾ ਜਾਵੇ ਠੇਡੇ ਖਾਂਦਾ, ਡਿਗਦਾ ਢਹਿੰਦਾ, ਪਹੁੰਚਾ ਸਿੰਧ ਕਿਨਾਰੇ ਛਾਲ ਲਾਣ ਹਿਤ ਬੂਟ ਜੁਰਾਬਾਂ ਪੈਰੋਂ ਓਸ ਉਤਾਰੇ ਪਾਣੀ ਵਿਚ ਪੈਰ ਜਾਂ ਪਾਇਆ, ਤੀਰ ਵਾਂਗ ਜਲ ਲੱਗਾ ਫ਼ੌਰਨ ਪੈਰ ਖਿੱਚਿਆ ਪਿਛੇ, ਮੂੰਹ ਡਰ ਹੋਇਆ ਬੱਗਾ ਝਟ ਪਟ ਬੂਟ ਜੁਰਾਬਾਂ ਪਾ ਕੇ, ਕਿਹਾ ਫੁਲਾ ਕੇ ਨਾਸਾਂ:- 'ਅੱਜ ਤਾਂ ਪਾਣੀ ਬਹੁਤ ਸਰਦ ਹੈ, ਫੇਰ ਕਿਸੇ ਦਿਨ ਆਸਾਂ !' ਸਚ ਹੈ ਬਾਬਾ 'ਸੁਥਰੇ’ ਜਗ ਤੇ ਜਿਉਣਾ ਹੈ ਅਤਿ ਪਿਆਰਾ ਦੁਖੜੇ ਹੋਣ ਲੱਖ ਪਰ ਫਿਰ ਵੀ ਮਰਨਾ ਔਖਾ ਭਾਰਾ

ਜਾਨਵਰਾਂ ਦੀ ਸ਼ਾਗਿਰਦੀ

ਦੁਨੀਆਂ ਭਰ ਦੇ ਨੀਤੀਵਾਨਾਂ ਕਾਨਫ੍ਰੰਸ ਇਕ ਕੀਤੀ ਸੋਚਣ ਲਗੇ ਪੁਰਸ਼ ਲਈ ਕੀ ਹੈ, ਸਭ ਤੋਂ ਚੰਗੀ ਨੀਤੀ ? ਯਾਨੀ ਜਗ ਵਿਚ ਕਿਸ ਬਿਧ ਸਾਨੂੰ ਚਾਹੀਏ ਰਹਿਣਾ ਬਹਿਣਾ ਜਿਸ ਤੋਂ ਇੱਜ਼ਤ ਰੋਹਬ ਵਧੇ ਤੇ ਦੁਖ ਪਵੇ ਨ ਸਹਿਣਾ ਇਕ ਬੋਲਿਆ “ਉੱਲੂ ਵਾਂਗ ਰਹੋ ਵੀਰ ਪਿਆਰੇ 'ਘੁਟੇ ਵੱਟੇ ਨਰ ਪਾਸੋਂ ਹਨ ਡਰਦੇ ਲੋਕੀ ਸਾਰੇ ?' ਦੂਜੇ ਕਿਹਾ 'ਗਧੇ' ਦੇ ਵਾਂਗਰ ਬੋਝਾ ਚਾਹੀਏ ਢੋਣਾ ਜਗ ਵਿਚ ਸਭ ਤੋਂ ਵਧ ਕੇ ਜੇ ਧਨ ਪਾਤਰ ਹੋ ਹੋਣਾ ।' ਕਿਸੇ ਆਖਿਆ ‘ਕੁਤੇ ਵਾਂਗੂੰ ਵਫ਼ਾਦਾਰੀਆਂ ਚਾਹੀਏ 'ਗਊ ਵਾਂਗ ਖਾ ਖਾ ਕੇ ਤੂੜੀ ਹੋਰਾਂ ਦੁਧ ਪਿਆਈਏ ਪਤ ਕੰਡੇ ਖਾ, ਪਿਆਸ ਝੱਲ ਕੇ, ਊਠ ਵਾਂਗ ਸੁਖ ਪਾਈਏ ਕੋਈ ਕਹੇ 'ਸ਼ੇਰ' ਸਮ ਗੱਜ ਕੇ ਕਢ ਕਲੇਜਾ ਖਾਈਏ 'ਬਾਂਦਰ' ਵਾਂਗ ਚਾਲਾਕੀ ਹੋਵੇ, ਬਗਲੇ ਵਾਂਗ ਸਮਾਧਾਂ 'ਕਊਏ' ਵਰਗੀ ਤਾੜ ਚੁਫੇਰੇ ਰੱਖੇ ਦੂਰ ਵਿਆਧਾਂ 'ਮੱਖੀ' ਵਾਗੂੰ ਭਿਣ ਭਿਣ ਕਰ ਕੇ ਖਹਿੜਾ ਕੋਈ ਨ ਛੱਡੇ 'ਸੱਪ' ਵਾਂਗ ਦੁੱਧ ਪੀ ਕੇ ਭੀ ਚਾ ਦੰਦ ਜ਼ਹਿਰ ਦੇ ਗੱਡੇ 'ਮੁਰਗੇ' ਵਾਂਗੂੰ ਸਿਰ ਅਕੜਾ ਕੇ, ਪੈਲ 'ਮੋਰ' ਸਮ ਪਾਵੇ 'ਹਾਥੀ' ਵਾਂਗੂੰ ਮਸਤ ਚਲੇ ਤੇ 'ਬੁਲਬੁਲ' ਵਾਂਗੂੰ ਗਾਵੇ ਡੰਗ ਚਲਾਵੇ 'ਬਿੱਛੂ' ਵਾਂਗੂੰ, ਖੂਨ ‘ਜੋਕ’ ਸਮ ਚੂਸੇ ਯਾਨੀ ਆਪ ਸਦਾ ਸੁਖ ਪਾਵੇ, ਹੋਰਾਂ ਦੇ ਦਿਲ ਲੂਸੇ ਸਭ ਕੁਝ ਸੁਣ ਕੇ ਮੈਂ ਪਿਆ ਹੱਸਾਂ, ਦੇਖੋ ਪੁਰਸ਼ ਸਿਆਣੇ ਜਾਨਵਰਾਂ ਤੋਂ 'ਨੀਤੀ’ ਮੰਗ ਕੇ ਸੁਖ ਚਾਹੁਣ ਮਨ ਭਾਣੇ ਧਰਤੀ ਦੇ ਸਰਦਾਰ, ਪਏ ਉਸਤਾਦ ਜਨੌਰ ਬਨਾਵਣ ਦਸ 'ਸੁਥਰੇ' ਉਸਤਾਦ-ਸ਼ਗਿਰਦੋਂ ਚੰਗੇ ਕੌਣ ਸਦਾਵਣ

ਸਭ ਤੋਂ ਪਿਆਰੀ ਚੀਜ਼

ਅਕਬਰ ਸ਼ਾਹ ਬੇਗਮ ਸੰਗ ਲੜਿਆ,ਕਿਹਾ, ਨਿਕਲ ਜਾਹ ਮਹਿਲੋਂ 'ਨਜ਼ਰ ਬੰਦੀ ਦੇ ਘਰ ਵਿਚ ਜਾ ਰਹੁ, ਦਿਨ ਚੜ੍ਹਦੇ ਤੋਂ ਪਹਿਲੋਂ 'ਏਹ ਭੀ ਤੈਨੂੰ ਦਿਆਂ ਇਜਾਜ਼ਤ, ਜੋ ਸ਼ੈ ਸਭ ਤੋਂ ਪਿਆਰੀ ਓਹ ਭੀ ਬੇਸ਼ਕ ਨਾਲ ਆਪਣੇ, ਲੈ ਜਾਹ ਜਾਂਦੀ ਵਾਰੀ' ਬੇਗ਼ਮ ਕਿਹਾ 'ਗਲਾਸ ਅਖ਼ੀਰੀ, ਸ਼ਰਬਤ ਦਾ ਪੀ ਜਾਓ 'ਤੜਕਸਾਰ ਮੈਂ ਚਲੀ ਜਾਵਸਾਂ, ਜਿਵੇਂ ਤੁਸੀਂ ਫ਼ੁਰਮਾਓ ।' ਸ਼ਰਬਤ ਵਿਚ ਸੀ ਦਵਾ ਬਿਹੋਸ਼ੀ, ਉਸ ਨੇ ਸੁਰਤ ਭਲਾਈ ਬੇਗ਼ਮ ਪਾ ਕੇ ਡੋਲੀ ਸ਼ਾਹ ਨੂੰ ਬੰਦੀ ਘਰ ਲੈ ਆਈ ਆਈ ਹੋਸ਼, ਤਾਂ ਕਾਰਨ ਪੁਛਿਆ, ਦੇ ਕੇ ਝਿੜਕ ਕਰਾਰੀ ਆਖਣ ਲਗੀ 'ਤੁਸੀਂ ਹੀ ਸਭ ਤੋਂ ਮੇਰੀ ਸ਼ੈ ਹੋ ਪਿਆਰੀ !' ਉਛਲ ਪਿਆ ਅਕਬਰ ਖੁਸ਼ ਹੋ ਕੇ, ਗੁੱਸਾ-ਗਿਲਾ ਭੁਲਾਇਆ ਅਗੋਂ ਲਈ ਉਸੇ ਦਾ ਬਣਿਆ, ਪ੍ਰੇਮ-ਫੰਧ ਵਿਚ ਆਇਆ ਮੈਨੂੰ ਆਇਆ ਖ਼ਿਆਲ, ਇਸ ਤਰ੍ਹਾਂ ਕਹੇ ਜੇ ਕੋਈ ਮੈਨੂੰ - 'ਘਰੋਂ ਨਿਕਲ ਤੇ ਲੈ ਜਾ ਚੁਕ ਕੇ, ਚੀਜ਼ ਜੁ ਪਿਆਰੀ ਤੈਨੂੰ' ਤਾਂ ਮੈਂ ਕੇਵਲ ਚੁਕ ਲਿਆਵਾਂ, ਆਪਣੇ ਸੋਹਣੇ ਡੰਡੇ ਆਕੜਖਾਨਾਂ ਦੇ ਸਿਰ ਭੰਨਣ ਵਾਂਗਰ ਕੱਚੇ ਅੰਡੇ ਬੇਗਮ ਜੇ ਨਾ ਘਰੋਂ ਨਿਕਲਦੀ, ਡੰਡਾ ਪਾਸੇ ਘੜਦਾ ਡੰਡਾ ਹੀ ਜੇ ਪਾਸ ਨਾ ਹੁੰਦਾ, ਫਿਰ ਅਕਬਰ ਕੀ ਕਰਦਾ ਹੈ? ਡੰਡੇ ਦਾ ਹੈ ਯਾਰ ਜਗਤ ਸਭ, ਰਬ ਭੀ ਡੰਡਾ ਵਰਤੇ ਇਸੀ ਲੀਏ ਤੋ ਹਮ ਭੀ 'ਸੁਥਰੇ’ ਡੰਡੇ ਕੋ 'ਲਵ' ਕਰਤੇ

ਦੋ ਪੁਤਲੀਆਂ

ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਇਆ, ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਇਆ । ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ, ਮਾਨੋਂ ਦੋਇ ਜੌੜੀਆਂ, ਕੁੜੀਆਂ, ਇਕਸੇ ਛਿਨ ਹਨ ਜੰਮੀਆਂ । ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁਲ੍ਹ ਸੂਹੇ, ਅੰਗ ਸੁਡੌਲ, ਪਤਲੀਆਂ ਬੁਲ੍ਹੀਆਂ, ਹੁਸਨ ਕਲੇਜੇ ਧੂਹੇ । ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ, ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ । ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ, ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਜਾ ਸਾਰੀ । ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ, ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਭਾਰਾ ਫ਼ਰਕ ਟਿਕਾਇਆ । ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁਲੀ ਹੈ ਪਿਆਰੀ, 'ਦੂਜੀ ਪੁਤਲੀ ਕੌਡੀਓਂ ਖੋਟੀ ਦੁਖ ਦੇਣੀ ਹੈ ਭਾਰੀ । ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ, 'ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ ।' ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ, ਕੁਲ ਵਜ਼ੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ ਆਖ਼ਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫੜ ਲੀਤੀ, ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜ਼ਾਰਤ ਕੀਤੀ ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ, ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿਡ ਵਿਚ ਰਹਿੰਦੀ, ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ, ਦੂਜੀ ਪੁਤਲੀ ਉਤੇ 'ਸੁਥਰੇ' ਸਦਕੇ ਦੁਨੀਆਂ ਜਾਵੇ

ਆਦਮ ਖੋਰ

ਇਕ ਕਰੋੜ ਪਤੀ ਵਿਉਪਾਰੀ ਵੇਹਲਾ ਚੁਗਦਾ, ਚਰਦਾ ਅਫ਼ਰੀਕਾ ਦੇ ਜੰਗਲ ਪਹੁੰਚਾ ਸੈਲ ਸਪੱਟੇ ਕਰਦਾ ਆਦਮ ਖ਼ੋਰਾਂ ਦੇ ਰਾਜੇ ਨੂੰ, ਮਿਲ ਕੇ ਨੱਕ ਉਸ ਵੱਟਿਆ ਨੰਗ-ਮਨੰਗੇ ਵਹਿਸ਼ੀ ਨੂੰ ਨਾ ਟਿਚਕਰ ਕਰਨੋਂ ਹਟਿਆ- ਪਰ੍ਹੇ ਰਹੀਂ ਨਾ ਛੋਹੀਂ ਮੈਨੂੰ, ਵਹਿਸ਼ੀ ਆਦਮ ਖ਼ੋਰਾ, 'ਮਾਣਸ ਨੂੰ ਖਾ ਜਾਏ ਮਾਣਸ, ਸ਼ਰਮ ਨਾ ਆਵੇ ਭੋਰਾ ? ਹਸ ਕੇ ਕਿਹਾ ਓਸ ਨੇ ਬੇਸ਼ਕ, ਅਸੀਂ ਆਦਮੀ ਖਾਈਏ 'ਭੁਖਾਂ ਵਿਚ ਜੇ ਮਿਲੇ ਆਦਮੀ, ਉਸ ਨੂੰ ਮਾਰ ਮੁਕਾਈਏ ਐਪਰ ਤੁਸੀਂ ਸੁਣਾਓ ਅਪਨੀ, ਸ਼ਰਮ ਜ਼ਰਾ ਨਹੀਂ ਕਰਦੇ ? 'ਆਦਮ-ਲਹੂ' ਚੂਸ ਚੂਸ ਕੇ ਪੇਟ ਦਾ ਹੋ ਭਰਦੇ ? ਜਿਉਂ ਜਿਉਂ ਖ਼ੂਨ ਜ਼ਿਆਦਾ ਪੀਓ, ਤਿਉਂ ਤਿਉਂ ਤਿ੍ਰਸ਼ਨਾਂ ਭੜਕੇ, 'ਰੱਜ ਕੇ ਕਦੀ ਬਸ ਨਹੀਂ ਕਰਦੇ, ਲੱਗੇ ਰਹਿੰਦੇ ਤੜਕੇ ‘ਸੱਜਣਾਂ, ਮਿਤ੍ਰਾਂ, ਸਾਕਾਂ, ਗਾਹਕਾਂ, ਸਭ ਦਾ ਖੂਨ ਨਚੋੜੋ 'ਮਿੱਝ, ਮਜੂਰ-ਨੌਕਰਾਂ ਦੀ ਕਢ, ਮਾਇਆ ਬੰਕੀਂ ਜੋੜੋ 'ਅਸੀਂ ਤਾਂ ਵਹਿਸ਼ੀ ਹਾਂ, ਇਸ ਕਾਰਨ ਮਾਰ ਆਦਮੀ ਖਾਂਦੇ 'ਤੁਸੀਂ ਮੁਹੱਜ਼ਬ ਹੋ ਕੇ ਕੀਕਰ ਆਦਮ-ਲਹੂ ਪਚਾਂਦੇ ? 'ਜਿਸ ਨੂੰ ਅਸੀਂ ਮਾਰੀਏ, ਉਸ ਦਾ ਝੱਟ ਸਿਆਪਾ ਮੁਕੇ 'ਰੱਤ, ਬਿਕਾਰ ਤੁਹਾਡੇ ਦੀ ਪਰ ਵਰਿਹਾਂ ਬੱਧੀ ਸੁਕੇ 'ਜਿਉਂ ਜਿਉਂ ਹੋਏ ਨਵੀਂ ਰਤ ਪੈਦਾ, ਤੁਸੀਂ ਚੱਟਦੇ ਜਾਂਦੇ 'ਨਾਲ ਸੁਆਦਾਂ ਰੋਜ਼ ਨਵੇਂ ਸਿਰ ਤੁਸੀਂ ਓਸ ਨੂੰ ਖਾਂਦੇ 'ਆਪੇ ਦੱਸੋ ਕਿਸ ਦੇ ਵਿਚ ਹੈ, ਵੱਧ ਬਿਤਰਸੀ ਮਾਦਾ ? ਸੋਚ ‘ਸੁਥਰਿਆ' ਕੌਣ ਦੁਹਾਂ 'ਚੋਂ ਨਫ਼ਰਤ ਲਾਇਕ ਜ਼੍ਯਾਦਾ?'

ਪੇਟ ਦੀ ਖ਼ਾਤਰ

ਕਿਹਾ 'ਸੁਥਰੇ' ਨੂੰ ਟਿਚਕਰ ਨਾਲ,ਇਕ ਵਿਗੜੇ ਮਖੌਲੀ ਨੇ- 'ਸ਼ਰਮ ਨਹੀਂ ਆਉਂਦੀ? ਡੰਡੇ ਵਜਾਵੇਂ ਪੇਟ ਦੀ ਖ਼ਾਤਰ ?' 'ਕਿਵੇਂ 'ਸੁਥਰਾ ਜੀ' ਗਲ ਝਲਦੇ? ਭੁੜਕਕੇ, ਹੱਸਕੇ ਬੋਲੇ- ‘ਸਜਨ ਸਾਰਾ ਜਗਤ ਨੱਚ-ਨਚਾਵੇ, ਪੇਟ ਦੀ ਖ਼ਾਤਰ 'ਤਿਰਾ ਭਾਈਆ ਤਪੜਘਸੀਆ ਸੁਬ੍ਹਾ ਤੋਂ ਰਾਤ ਅੱਧੀ ਤਕ, 'ਪਕੜ ਕੇ ਤੱਕੜੀ ਠੂੰਗੇ ਲਗਾਵੇ ਪੇਟ ਦੀ ਖ਼ਾਤਰ ਤਿਰਾ ਮਾਸੜ ਕੋਈ ਬਹਿ ਬਹਿ ਕੇ ਕੁਰਸੀ ਤੇ ਵਕੀਲੀ ਦੀ 'ਕਾਨੂੰਨੀ ਤੇ ਨਿਰਭੈ ਹੋ, ਚਲਾਵੇ, ਪੇਟ ਦੀ ਖ਼ਾਤਰ ਤਿਰਾ ਮਾਮਾ ਕੋਈ ਬਣ ਸਾਧ, ਗੋਗੜ ਲਿਸ਼ਕਦੀ ਦਸ ਕੇ 'ਅਕਲ ਤੋਂ ਸੱਖਣੇ ਲੋਕਾਂ ਨੂੰ ਖਾਵੇ, ਪੇਟ ਦੀ ਖ਼ਾਤਰ 'ਨਹੀਂ ਰਬ ਦਾ ਵੀ ਢਿਡ ਭਰਦਾ,ਤਮਾਸ਼ੇ ਜਗਤ ਦੇ ਬਾਝੋਂ 'ਪਿਆ ਰਚਨਾ ਰਚਾਵੇ ਤੇ ਮਿਟਾਵੇ, ਪੇਟ ਦੀ ਖ਼ਾਤਰ 'ਦਿਖਾ ਖਾਂ ਵਿਸ਼ਵ ਵਿਚ ਮੈਨੂੰ, ਕੋਈ ਜ਼ੱਰਾ, ਕੋਈ ਬੰਦਾ, 'ਜੋ ਨਾ ਤੜਫੇ, ਤੇ ਨਾ ਸੋਚਾਂ ਦੁੜਾਂਦੇ, ਪੇਟ ਦੀ ਖ਼ਾਤਰ 'ਨਹੀਂ ਹੈ ਐਬ ਢਿਡ ਭਰਨਾ, ਵਜਾ ਡੰਡੇ, ਹਸਾ ਜਗ ਨੂੰ, ਤੇਰੇ ਜਿਹੇ ਪਾਪ ਨਾ ਅੱਲਾ ਕਰਾਵੇ, ਪੇਟ ਦੀ ਖ਼ਾਤਰ।'

ਉਲਟੀ ਤ੍ਰੱਕੀ

ਚਾਈਂ ਚਾਈਂ ਵਿਆਹ ਕਰਾ ਕੇ ਬਾਬੂ ਦਫਤਰ ਆਯਾ ਮਾਲਕ ਨੇ ਔਂਦੇ ਨੂੰ ਅਪਨੇ ਕਮਰੇ ਵਿਚ ਬੁਲਾਯਾ ਕਹਿਣ ਲਗਾ ੧ਕੰਗਰੈਚੂਲੇਸ਼ਨਜ਼, ਖੂਬ ਹੋ ਗਈ ਸ਼ਾਦੀ ? ਖਿੜ ਕੇ ਬੋਲਿਆ ੨‘ਥੈਂਕਯੂ ਸਰ, ਹੋ ਗਈ ਹੈ ਘਰ ਅਬਾਦੀ' ਫਿਰ ਉਸ ਪੁਛਿਆ 'ਧੂਮ ਧਾਮ ਭੀ ਸੁਣਿਐ ਰਜ ਕੇ ਹੋਈ ।' 'ਜੀ ਹਾਂ, ਕ੍ਰਿਪਾ ਆਪ ਦੀ ਕਰਕੇ, ਕਸਰ ਰਹੀ ਨਹੀਂ ਕੋਈ !' ‘ਕਰਜ਼ਾ ਭੀ ਸਿਰ ਚੜ੍ਹ ਗਿਆ , ਹੋਸੀ ?' ਸੀ ਏਹ ਗੱਲ ਜ਼ਰੂਰੀ 'ਕਰਜ਼ੇ ਬਿਨਾ ਹਮਾਤੜ ਦੀ ਪੈ ਸਕੇ ਕਿਸ ਤਰ੍ਹਾਂ ਪੂਰੀ ? ਫਿਰ ਪੁਛਿਆ 'ਹੁਣ' ਖ਼ਰਚ ਤਿਰਾ ਭੀ ਵਧ ਜਾਏਗਾ ਭਾਰਾ ‘ਤੀਸ ਰੂਪੈ ਤਨਖਾਹ ਵਿਚ ਤਾਂ ਹੁਣ ਮੁਸ਼ਕਲ ਹੋਊ ਗੁਜ਼ਾਰਾ ?' ਹੱਥ ਜੋੜ ਕੇ, ਕਹਿਣ ਲਗਾ 'ਫ਼ਰਮਾਈ ਜੇ ਗੱਲ ਪੱਕੀ, 'ਹੁਣ ਤਾਂ ਤਦੇ ਗੁਜ਼ਾਰਾ ਹੋਊ ਬਖਸ਼ੋ ਆਪ ਤਰੱਕੀ ।' ਧੜਕ ਧੜਕ ਚਲ ਕਰੇ ਬਾਬੂ ਦਾ, ਵਿਚੋਂ ਖੁਸ਼ ਭੀ ਹੋਵੇ । ਧੰਨ ਅਜੇਹਾ ਮਾਲਿਕ ਜੋ ਖੁਦ ਨੌਕਰ ਦਾ ਦੁਖ ਖੋਵੇ । ਐਪਰ ਮਾਲਿਕ ਜੀ ਨੇ ਡਾਢਾ ਉਲਟਾ ਹੁਕਮ ਸੁਣਾਯਾ:- ‘ਜਾਓ ਬਾਬੂ ਜੀ ਇਸੀ ਵਕਤ ਸੇ ਹਮ ਨੇ ਤੁਮ੍ਹੇਂ ਹਟਾਯਾ ਸ਼ਾਦੀ ਕਰ ਕੇ ਖਰਚ ਬੜ੍ਹਾ ਕਰ ਤੁਮ ਨੇ ਕੀ ਨਾਦਾਨੀ 'ਅਬ ਤੁਮ ਯਹਾਂ ਜ਼ਰੂਰ ਕਰੋਗੇ, ਚੋਰੀ-ਬੇਈਮਾਨੀ ਖ਼ਰਚ ਜ਼ਿਆਦਾ ਤਨਖਾਹ ਕਮਤੀ, ਡਯੂਟੀ ਨਾ ਦੇ ਪੂਰੀ 'ਐਸਾ ਸ਼ਖਸ ਹਮੇਂ ਨਹੀਂ ਚਾਹੀਏ ੩'ਸੌਰੀ' ਹੈ ਮਜ਼ਬੂਰੀ' 'ਬਾਬੂ ਰੋਯਾ' ਲੋਕ ਤਾਂ ਇਜ਼ਤ ਕਰਨ ਜੋ ਜਾਏ ਵਿਆਹਿਆ ‘ਸੁਥਰੇ' ਉਲਟਾ ‘ਬੇਈਮਾਨੀ ਦਾ ਠੱਪਾ' ਚੁਕ ਲਗਾਇਆ ੧ ਵਧਾਈਆਂ। ੨ ਧੰਨਵਾਦ ਜਨਾਬ । ੩ ਸ਼ੋਕ ਹੈ ।

ਦਸਾਂ ਪੇਂਡੂਆਂ ਦਾ ਮੇਲਾ

ਦਸਾਂ ਪੇਂਡੂਆਂ ਤਈਂ ਵਿਸਾਖੀ ਦਾ ਦਿਲ ਚੜ੍ਹਿਆ ਚਾ ਡੱਬਾਂ ਵਿਚ ਰੁਪੱਈਏ ਬੰਨ੍ਹ ਕੇ ਗਏ ਸ਼ਹਿਰ ਵਲ ਧਾ ਪੈਸੇ ਦੇ ਕੇ ਚੜ੍ਹੇ ਪੰਘੂੜੇ, ਐਸੇ ਆਏ ਭੌਂ ਇਕ ਨੂੰ ਓਥੇ ਹੀ ਗਸ਼ ਪੈ ਗਈ, ਬਾਕੀ ਰਹਿ ਗਏ ਨੌਂ, ਨਵਾਂ ਦੋਸਤਾਂ ਅੱਗੇ ਜਾ ਕੇ ਕੇਲੇ ਖਾਧੇ ਸੱਠ ਇਕ ਨੂੰ ਕੈਆਂ ਔਣ ਲਗ ਪਈਆਂ ਬਾਕੀ ਰਹਿ ਗਏ ਅੱਠ ਅਠਾਂ ਨੇ ਰਲ ਪੀਤਾ ਦਾਰੂ, ਪੁੱਠੀ ਹੋ ਗਈ ਮੱਤ ਇਕ ਨੂੰ ਫੜ ਲੈ ਗਿਆ ਸਿਪਾਹੀ ਬਾਕੀ ਰਹਿ ਗਏ ਸੱਤ ਸੱਤ ਮੁਜ਼ਰਾ ਸੁਣਨ ਗਏ ਤਾਂ ਇਕ ਦਾ ਮਿਲ ਪਿਆ ਪੇ ਉਸ ਨੇ ਫੜ ਕੇ ਤੌਣੀ ਚਾੜ੍ਹੀ, ਬਾਕੀ ਰਹਿ ਗਏ ਛੇ ਛੀਆਂ ਭੰਗ ਦੇ ਬਾਟੇ ਪੀਤੇ, ਦੂਰ ਕਰਨ ਨੂੰ ਰੰਜ ਇਕ ਓਥੇ ਹੀ ਹੋ ਗਿਆ ਟੇਢਾ, ਬਾਕੀ ਰਹਿ ਗਏ ਪੰਜ ਪੰਜਾਂ ਹਲਵਾ ਅਤੇ ਕਚੌਰੀ, ਖਾਧਾ ਨਾਲ ਅਚਾਰ ਇਕ ਨੂੰ ਢਿਡ ’ਚ ਸੂਲ ਉਠਿਆ, ਬਾਕੀ ਰਹਿ ਗਏ ਚਾਰ ਚਾਰੇ ਤੁਰੇ ਬੋਲੀਆਂ ਪਾਂਦੇ, ਲਈ ਲੜਾਈ ਲੈ ਇਕ ਦੇ ਸਿਰ ਦਾ ਘੱਗਰ ਖੁਲ੍ਹ ਗਿਆ,ਬਾਕੀ ਰਹਿ ਗਏ ਤ੍ਰੈ ਤਿੰਨੇ ਮੰਡੀ-ਮੇਲੇ ਪਹੁੰਚੇ, ਬੇਹਦ ਘੱਟਾ-ਬੋ ਇਕ ਨੂੰ ਤਾਪ ਸ਼ੂਕਦਾ ਚੜ੍ਹ ਗਿਆ, ਬਾਕੀ ਰਹਿ ਗਏ ਦੋ ਦੋਹਾਂ ਤੰਦੂਰੇ ਰੋਟੀ ਖਾਧੀ, ਦਿਕ ਕੀਤੀ ਜਿਸ ਹਿੱਕ ਇਕ ਨੂੰ ਲਗ ਗਏ ਦਸਤ ਓਥੇ ਹੀ, ਬਾਕੀ ਰਹਿ ਗਿਆ ਇੱਕ ਉਸ ਦੀ ਡੱਬੋਂ ਕਿਸੇ ਉਚੱਕੇ ਪੈਸੇ ਲੀਤੇ ਖੋਲ੍ਹ ਪੈਦਲ ਤੁਰ ਕੇ ਘਰ ਪਹੁੰਚਾ ਤੇ ਲਗਾ ਵਜਾਉਣ ਢੋਲ:- 'ਲੋਕੋ, ਮੇਲੇ ਨਾ ਜਾਣਾ, ਹੈ ਓਥੇ ਦੁਖਾਂ ਦੀ ਫੌਜ ‘ਸੁਥਰਾ' ਮੇਲੇ ਕਦੇ ਨ ਜਾਂਦਾ ਤਦੇ ਭੋਗਦਾ ਮੌਜ

ਮਰਨ ਦੀ ਇੱਛਿਆ

ਕੱਲ ਲੱਖਪਤੀ ਇਕ ਕਹਿਣ ਲਗਾ,ਕੀ ਪੁਛਨਾ ਏਂ ‘ਸੁਥਰੇ’ ਹਾਲ ਮਿਰਾ ? ਗਮ-ਚਿੰਤਾ ਛਡਿਆ ਖ਼ੂਨ ਸੁਕਾ, ਜਿੰਦ ਦੌੜ ਭਜ ਨੇ ਲੀਤੀ ਖਾ ਹੁਣ ਫਿਕਰਾਂ ਤੋਂ ਦਿਲ ਡਰਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਕੰਮ ਕਰਦਾ, ਜੁੱਸਾ ਥੱਕ ਗਿਆ, ਢੋ ਭਾਰ ਟੁਟ ਹੈ ਲੱਕ ਗਿਆ ਸਿਰ ਸੋਚਾਂ ਕਰਦਾ ਅੱਕ ਗਿਆ, ਮਨ ਦੁਖ-ਫੋੜਾ ਬਣ ਪੱਕ ਗਿਆ। ਪਰ ਤ੍ਰਿਸ਼ਨਾ-ਪੇਟ ਨ ਭਰਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਦਮ ਦਮ ਇਕ ਚੱਕੀ ਚਲਦੀ ਹੈ, ਦਾਣੇ ਸਮ ਸਭ ਨੂੰ ਦਲਦੀ ਹੈ ਜਗ-ਰੇਤ ਅਜੇਹੀ ਛਲਦੀ ਹੈ, ਨਿਤ ਮ੍ਰਿਗ ਸਮ ਹਸਰਤ ਜਲਦੀ ਹੈ ਮਨ ਸ਼ਾਂਤ ਨ ਹੁੰਦਾ ਠਰਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਹਨ ਸਾਕ ਬੋਟੀਆਂ ਤੋੜਨ ਨੂੰ, ਟੱਬਰ ਹੈ ਖੂਨ ਨਿਚੋੜਨ ਨੂੰ ਸਭ ਮਿੱਤਰ-ਵੀਰ ਝੰਜੋੜਨ ਨੂੰ, ਦੁਸ਼ਮਨ ਤਤਪਰ ਸਿਰ ਫੋੜਨ ਨੂੰ ਸਭ ਤਈਂ ਭੋਖੜਾ ਜ਼ਰ ਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਇਹ ਦੁਨੀਆ ਹੈ ਮੂੰਹ-ਟਡੂਆਂ ਦੀ, ਪੰਸੇਰੀ ਹੈ ਇਹ ਡਡੂਆਂ ਦੀ ਹੈ ਭਰੀ ਬੂਰ ਦੇ ਲਡੂਆਂ ਦੀ, ਉਚ ਪਦਵੀ ਹੈ ਜਗ-ਡਡੂਆਂ ਦੀ ਹੁਣ ਸ਼ੌਕ ਸੁਰਗ ਦੇ ਘਰ ਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਮੈਂ ਹੱਸ ਕੇ ਕਿਹਾ 'ਨਾ ਗਿਆਨ ਸੁਣਾ, ਮੰਨ ਲਓ ਜਗਤ ਨੂੰ ਛੱਡ ਗਿਆ ‘ਜੇ ਮਰ ਕੇ ਭੀ ਨਾ ਸੁਖ ਮਿਲਿਆ, ਤਾਂ ਓਥੇ ਕਿਸ ਥਾਂ ਜਾਵੇਂਗਾ ? 'ਜੇ ਫਿਰ ਭੀ ਮਰਨਾ ਭਾਂਦਾ ਹੈ 'ਤਾਂ ਮਰ ਜਾ, ਕੌਣ ਹਟਾਂਦਾ ਹੈ'

ਜੀਭ ਦਾ ਰਸ

ਗੰਗਾ ਗਿਆ ਇਕ ਪੰਜਾਬੀ, ਰਜ ਰਜ ਟੁਭੇ ਲਾਏ ਨ੍ਹਾ ਕੇ ਭੁਖ ਚਮਕ ਪਈ ਚੌਣੀ ਚੂਹੇ ਢਿਡ ਨਚਾਏ ਪੂੜੀ ਖਾਣੀ ਬੁਰੀ ਸਮਝ ਕੇ, ਕਚੀ ਖਿਚੜੀ ਲੀਤੀ ਇਕ ਮਾਈ ਦੇ ਘਰ ਜਾ, ਰਿੰਨ੍ਹਣ ਲਈ ਬੇਨਤੀ ਕੀਤੀ ਮਾਈ ਬੋਲੀ ‘ਆ ਬੇਟਾ, ਮੈਂ ਚੁਲ੍ਹਾ ਅਭੀ ਜਲਾਊਂ 'ਅਭੀ ਪਕਾਊਂ ਯਿਹ ਖਿਚੜੀ, ਪਲ ਭਰ ਮੇਂ ਤੁਝ ਖਿਲਾਊਂ । ਬੈਠ ਗਿਆ ਪੰਜਾਬੀ ਪੇਂਡੂ, ਖਿਚੜੀ ਰਿੱਝਣ ਲਗੀ ਵੇਹਲਾ ਬੈਠ ਹੁਜਤਾਂ ਸੋਚੇ, ਮਾਰ ਅਜੇਹੀ ਵੱਗੀ- ‘ਮਾਈ ਘਰ ਤੇ ਚੰਗਾ ਹੈ, ਪਰ ਬੂਹੇ ਐਸੇ ਵੈਸੇ ‘ਭਲਾ ਭੈਂਸ ਜੇ ਮਰ ਜਾਏ ਤੇਰੀ, ਬਾਹਰ ਜਾਉਗੀ ਕੈਸੇ ਮਾਈ ਬੋਲੀ 'ਰਾਮ ਰਾਮ ਕਹੁ, ਬੇਟਾ ਦੇਖੋ ਭਾਲੋ 'ਐਸੀ ਬੇਸ਼ਗਨੀ ਕੀ ਬਾਤੇਂ, ਮੂੰਹ ਸੇ ਕਾਹਿ ਨਿਕਾਲੋ ?' ਛਿਨ-ਪਲ ਬਾਦ ਜੀਭ ਫਿਰ ਸਰਕੀ ‘ਮਾਈ ਸੱਚ ਬਤਾਈਂ ਰੰਡੀ-ਰੂੜੀ ਕੱਲੀ ਹੈਂ, ਯਾ ਹੈ ਕੋ ਖਸਮ ਗੁਸਾਈਂ ?' ਲਾਲੋ ਲਾਲ ਮਾਈ ਹੋ ਬੋਲੀ, ਜ਼ਰਾ ਹੋਸ਼ ਮੇਂ ਆਓ 'ਤੁਮ੍ਹੇਂ ਗਰਜ਼ ਕਿਆ ਇਨ ਬਾਤੋਂ ਸੇ? ਖਿਚੜੀ ਪਕੇ ਤੋ ਖਾਓ 'ਮਿਰੇ ਪਤੀ ਕਾ ਬੇਸ਼ਕ ਸਿਰ ਸੇ ਉੱਠ ਚੁਕਾ ਹੈ ਸਾਯਾ 'ਮਗਰ ਪ੍ਰਭੂ ਨੇ ਦੋ ਲਾਲੋਂ ਕੀ ਮਾਂ ਹੈ ਮੁਝੇ ਬਣਾਯਾ 'ਦੋਨੋਂ ਹੈਂ ਦੇਹਲੀ ਮੇਂ ਨੌਕਰ, ਬੀਸ ਬੀਸ ਹੈਂ ਪਾਤੇ 'ਉਨ ਕੇ ਦਮ ਸੇ ਜ਼ਿੰਦਾ ਹੂੰ ਮੈਂ ਖ਼ਰਚ ਵੂਹੀ ਭਿਜਵਾਤੇ' ਬੋਲ ਉੱਠਿਆ ਮੂਰਖ ਫਿਰ ਏ ‘ਭਲਾ ਜੇ ਓਹ ਮਰ ਜਾਏਂ 'ਫਿਰ ਮਾਈ ਜੀ ਆਪ ਕਿਸ ਤਰ੍ਹਾਂ ਅਪਨਾ ਝੱਟ ਲੰਘਾਏਂ ?' ਚੀਕ ਨਿਕਲ ਗਈ ਉਪਕਾਰਨ ਦੀ, ਝੱਟ ਪਤੀਲੀ ਚਾਈ ਰਿਝਦੀ ਰਿਝਦੀ ਖਿਚੜੀ, ਚਾ ਮੂਰਖ ਦੇ ਪੱਲੇ ਪਾਈ ਤੁਰ ਪਿਆ ਲੈ ਅਧਰਿੱਝੀ ਖਿਚੜੀ, ਪਾਣੀ ਵਗਦਾ ਜਾਵੇ ਹਾਲ ਅਜੀਬ ਦੇਖ ਕੇ ਉਸ ਦਾ, ਸਭ ਨੂੰ ਹਾਸਾ ਆਵੇ 'ਸੁਥਰੇ' ਪੁਛਿਆ 'ਲੰਬੜਦਾਰਾ' ਪੱਲਿਓਂ ਕੀ ਊ ਚੋਂਦਾ ?' 'ਮਿਰੀ ਜੀਭ ਦਾ ਰਸ ਹੈ' ਕੂਯਾ, ਭੁਖਾ ਰੋਂਦਾ ਰੋਂਦਾ

ਸਹੁਰੇ ਘਰ ਜਵਾਈ

ਸ਼ੂਕੇ ਬਾਂਕੇ ਬਾਬੂ ਤਾਈਂ ਜ਼ਾਰੋ ਜ਼ਾਰ ਰੋਂਦਾ ਦੇਖ, ਪੁਛਿਆ ਮੈਂ ‘ਭਲੇ ਲੋਕਾ, ਬੜੀ ਹਰਿਆਨੀ ਹੈ 'ਉਤੋਂ ਤਾਂ ਤੂੰ ਚੰਗਾ ਭਲਾ ਮਰਦ ਮਾਣ੍ਹੂ ਜਾਪਨਾ ਏਂ, 'ਰੋਣ ਵਾਲੀ ਤੇਰੀ ਪਰ ਆਦਤ ਜ਼ਨਾਨੀ ਹੈ ਡੁਬਿਆ ਜਹਾਜ਼ ਯਾ ਖਜ਼ਾਨੇ ਸੱਤ ਖੁਸ ਗਏ ? 'ਟੁਟਿਆ ਜਾਂ ਸਿਰੇ ਕੋਈ ਕਹਿਰ ਅਸਮਾਨੀ ਹੈ ? 'ਹੋਯਾ ਕੀ ਹੈ ਤੈਨੂੰ ? ਤੂੰ ਜਨਾਨੀ ਹੈ ਯਾ ਆਦਮੀ ਹੈਂ ? ‘ਡੁੱਬਣ ਦੀ ਨੀਤ ਦੱਸ ਕਾਹਨੂੰ ਦਿਲ ਠਾਨੀ ਹੈ ? ਝਾੜ ਖਾ ਕੇ ਆਈਓ ਸੂ ਹੋਸ਼ ਹੰਜੂ ਪੂੰਝ ਲੀਤੇ, ਬੋਲਿਆ ਹਜ਼ੂਰ, ਮੇਰੀ ਲੰਬੜੀ ਕਹਾਨੀ ਹੈ 'ਸਹੁਰਿਆਂ ਦੇ ਘਰ ਹੈ ਜਵਾਈ ਬੰਦਾ ਰਿਹਾ ਹੋਯਾ, ਬੱਸ ਆਪੇ ਸੋਚ ਲਵੋ ਟੁਟੀ ਕਯੋਂ ਕਮਾਨੀ ਹੈ ? 'ਬੜੇ ਚਾਵਾਂ ਨਾਲ ਘਰ ਰਖਿਆ ਜਵਾਈ ਓਨ੍ਹਾਂ ਅਸਾਂ ਜਾਤਾ ਸਾਡੀ ਤਕਦੀਰ ਹੀ ਲਸਾਨੀ ਹੈ, 'ਸਹੁਰੇ ਨੇ ਅਮੀਰ, ਅਸੀਂ ਬਣਾਂਗੇ, ਉਨ੍ਹਾਂ ਦੇ ਪੀਰ 'ਮੌਜ ਹੈ, ਅਨੰਦ ਹੈ, ਬਹਾਰ ਹੈ, ਅਸਾਨੀ ਹੈ 'ਹਾਇ ਪਰ ਖੁੱਲ੍ਹ ਗਈਆਂ ਅੱਖਾਂ ਥੋੜੇ ਦਿਨਾਂ ਬਾਦ, 'ਪਤਾ ਲਗਾ ਇਹ ਤਾਂ ਦੁਖਾਂ ਭਰੀ ਮ੍ਰਤਬਾਨੀ ਹੈ ਲੋਕੋ ! ਮੇਰੀ ਤੋਬਾ, ਕੰਨ ਫੜਾਂ ਤੇ ਦੁਹਾਈ ਦੇਵਾਂ 'ਸਹੁਰੇ ਘਰ ਜਵਾਈ ਰਹਿਣਾ ਮੌਤ ਦੀ ਨਿਸ਼ਾਨੀ ਹੈ 'ਸਾਲਾ ਜੋ ਮੁਕਾਲਾ ਮੈਨੂੰ ਜੀਜਾ ਜੀਜਾ ਕਹਿਣ ਵਾਲਾ 'ਗੱਲ ਗੱਲ ਵਿਚ ਦਿਖਲਾਂਦਾ ਆਕੜਖ਼ਾਨੀ ਹੈ ਸੱਸ ਦਾ ਮੂੰਹ ਸੜੇ ਕਦੀ ਹੱਸ ਕੇ ਜੇ ਕੂਈ ਹੋਵੇ, 'ਮੱਥੇ ਸਦਾ ਠੀਕਰੇ ਸ਼ੈਤਾਨ ਦੀ ਜ੍ਯੋਂ ਨਾਨੀ ਹੈ 'ਸਾਲੀ ਸਦਾ ਮੂੰਹ ਨੂੰ ਘਸੁੰਨ ਹੀ ਬਣਾਈ ਰੱਖੇ, 'ਸਹਰਾ ਐਉਂ ਘੂਰੇ ਗੋਯਾ ਰਿੱਛ ਬਰਫ਼ਾਨੀ ਹੈ 'ਵਹੁਟੀ ਦਾ ਤਾਂ ਪੁਛੋ ਹੀ ਨਾ, ਖਾਊਂ, ਵਢੂੰ ਕਰੇ ਨਿਤ 'ਕੋਈ ਜਾਣ ਉੱਕੀ ਹੀ ਨਵਾਕਫ਼ ਬਿਗਾਨੀ ਹੈ ਹੈਗਾ ਹਾਂ ਜਵਾਈ, ਪਰ ਸੇਵਾ ਮੈਂ ਸਈਸੀ ਕਰਾ, ਮੇਰੇ ਹੀ ਹਵਾਲੇ ਚੌਂਕੀਦਾਰੀ-ਦਰਬਾਨੀ ਹੈ 'ਪੈਸੇ ਨੂੰ ਲੁਕਾ ਕੇ ਮੈਥੋਂ ਰਖਦੇ ਨੇ ਐਸ ਤਰ੍ਹਾਂ, ‘ਮਾਨੋ ਚੋਰੀ ਡਾਕਾ ਮੇਰਾ ਪੇਸ਼ਾ ਖਾਨਦਾਨੀ ਹੈ, 'ਕੱਖੋਂ ਹੌਲਾ ਹੋਇਆ ਨਿੱਤ ਨਵੇਂ ਅਪਮਾਨ ਝੱਲਾਂ, 'ਪੀਕਾਂ ਜਿਵੇਂ ਝੱਲਦੀ ਖਾਮੋਸ਼ ਪੀਕਦਾਨੀ ਹੈ ਲਗਾ ਹੈ ਕਲੰਕ ਇਨਸਾਨੀ ਦੋ ਜਹਾਨੀਂ ਮੈਨੂੰ, 'ਉਫ਼, ਏਹ ਭੀ ਜ਼ਿੰਦਗਾਨੀ, ਕੋਈ ਜ਼ਿੰਦਗਾਨੀ ਹੈ ? 'ਸੱਚਾ ਹੈ ਅਖਾਣ, ਸਹੁਰੇ ਘਰ ਹੈ ਜਵਾਈ ਕੁਤਾ, 'ਮਰਨ ਦਿਓ ਮੈਨੂੰ ਥੋਡੀ ਬੜੀ ਮਿਹਰਬਾਨੀ ਹੈ। ਸੋਚਿਆ ਮੈਂ ‘ਸ਼ੁਕਰ ਏਸ ਹਾਲ ਤੋਂ ਹੀ ਬਚੇ ਅਸੀਂ, ‘ਸੁਥਰੇ’ ਦੀ ਜਿੰਦਗੀ ਤਾਂ ਤਖਤ ਸੁਲੇਮਾਨੀ ਹੈ।'

ਮੁੜ ਚੂਹੀ ਦੀ ਚੂਹੀ

ਚੂਹੀ ਭੁੜਕਦੀ ਦੇਖ ਇੱਲ ਨੇ ਪਕੜ ਉਡਾਰੀ ਲਾਈ ਰਬ ਸਬੱਬੀ ਪੰਜਿਓਂ ਨਿਕਲੀ, ਫਿਰ ਧਰਤੀ ਵਲ ਆਈ ਇਕ ਰਿਸ਼ੀ ਦੇ ਉਤੇ ਡਿਗੀ, ਤਰਸ ਓਸ ਨੂੰ ਆਯਾ ਮੰਤਰ ਪੜ੍ਹ ਕੇ, ਉਸ ਚੂਹੀ ਦਾ ਲੜਕੀ ਰੂਪ ਬਣਾਯਾ ਸੁੰਦਰ ਲੜਕੀ ਬਨ ਵਿਚ ਖੇਡੇ, ਫਲ ਖਾਵੇ, ਫੁਲ ਸੁੰਘੇ ਗੰਗਾ ਵਿਚ ਇਸ਼ਨਾਨ ਕਰੇ, ਅਰ ਕਪਲਾ ਗਊਆਂ ਚੁੰਘੇ ਯੁਬਾ ਹੋਈ ਤਾਂ ਲਗੀਆਂ ਸੋਚਾਂ, ਇਸ ਦਾ ਢੰਗ ਰਚਾਈਏ ਕੋਈ ਬਲੀ ਪਰਤਾਪੀ ਸੁਰ-ਨਰ ਇਸ ਦਾ ਕੰਤ ਬਣਾਈਏ ਕਹਿਣ ਲਗੇ ‘ਸੁਣ ਪੁਤ੍ਰੀ, ਜਿਸ ਨੂੰ ਚਾਹੇਂ ਉਸੇ ਸੰਗ ਵਯਾਹਵਾਂ 'ਸੂਰਜ ਦਿਓਤੇ ਨਾਲ ਚਾਹੇਂ ਤਾਂ ਤੇਰਾ ਲਗਨ ਰਚਾਵਾਂ ? ਕਹਿਣ ਲਗੀ 'ਹੇ ਪਿਤਾ, ਨਹੀਂ ਪਰਤਾਪੀ ਸੂਰਜ ਭਾਰਾ 'ਬੱਦਲ ਚੜ੍ਹਿਆਂ ਡਰਦਾ ਮਾਰਾ ਲੁਕ ਜਾਂਦਾ ਹੈ ਸਾਰਾ !' ਕਿਹਾ ਰਿਸ਼ੀ ਨੇ ‘ਬੱਦਲ ਵਰ' ਹੈ ਤੇਰੇ ਦਿਲ ਨੂੰ ਭਾਂਦਾ ?' ਕਹਿਣ ਲਗੀ ‘ਨਾ, ਪਵਣ ਦੇਵ ਬੱਦਲਾਂ ਨੂੰ ਮਾਰ ਉਡਾਂਦਾ !' 'ਤਾਂ ਫਿਰ 'ਪਵਣ ਦੇਵ’ ਤਾਂ ਬੇਟੀ ਹੈ ਵਰ ਤੇਰੇ ਲਾਇਕ ?' 'ਨਹੀਂ ਪਿਤਾ ਜੀ 'ਪਵਣ ਦੇਵ' ਤੋਂ 'ਪਰਬਤ' ਹੁੰਦੇ ਫਾਇਕ, 'ਪਵਣ ਟੱਕਰਾਂ ਲੱਖਾਂ ਮਾਰੇ 'ਪਰਬਤ' ਜ਼ਰਾ ਨ ਹਲਦਾ ।' 'ਤਾਂ ਫਿਰ ਬੇਟੀ ਪਰਬਤ ਸੰਗ ਤਾਂ ਦਿਲ ਤੇਰਾ ਹੈ ਮਿਲਦਾ ?' ਨਹੀਂ ਪਿਤਾ ਜੀ ! ਉਸ ਦੇ ਢਿੱਡ ਵੀ 'ਚੂਹਾ’ ਕਢੇ ਖੋੜਾਂ ਤਾਂ ਤੇ ਸਭ ਤੋਂ ‘ਚੂਹਾ' ਤਕੜਾ, ਓਹੋ ਵਰ ਮੈਂ ਲੋੜਾਂ' 'ਦਰ ਫਿੱਟੇ ਮੂੰਹ' ਆਖ ਰਿਸ਼ੀ ਨੇ ਗੁਤੋਂ ਫੜ ਕੇ ਧੂਹੀ 'ਸੁਥਰੇ' ਸੁੰਦਰ ਪਰੀ ਤੋਂ ਕੀਤੀ, ਮੁੜ ਚੂਹੀ ਦੀ ਚੂਹੀ

ਸੋਨਾ ਤੇ ਫ਼ਕੀਰੀ

ਮਹਾਰਾਜਾ ਰਣਜੀਤ ਸਿੰਘ ਨੇ, ਕਿ ਸਿੰਘ ਜੀ ਜਾਓ 'ਲੱਖ ਰੁਪਯਾ, ਸੰਤਾਂ ਸਿੱਖਾਂ, ਫ਼ਕਰਾਂ ਨੂੰ ਵੰਡਵਾਓ ।' ੧ਭਾਈ ਦਯਾ ਸਿੰਘ ਜੀ ਜਾ ਕੇ, ਦੂਜੇ ਦਿਨ ਮੁੜ ਆਏ ਲੱਖ ਰੁਪੈ ਦੇ ਬਦਰੇ ਪੂਰੇ, ਵਾਪਸ ਆਣ ਟਿਕਾਏ ਕਹਿਣ ਲਗੇ 'ਮੈਂ ਸਾਰੇ ਸ਼ਹਿਰ ਲਹੌਰ ਤਲਾਸ਼ ਕਰਾਈ 'ਪਰ ਇਸ ਲੱਖ ਰੁਪੈ’ਚੋਂ ਇਕ ਭੀ ਵੰਡੀ ਗਈ ਨ ਪਾਈ । ਮਹਾਰਾਜ ਨੇ ਅਚਰਜ ਹੋ, ਕਿਹਾ ‘ਗਜ਼ਬ ਹੈ ਭਾਰਾ 'ਸਾਰੇ ਸ਼ਹਿਰ ਵਿਚ ਨ ਇਕ ਭੀ ਰਿਹਾ ਫ਼ਕੀਰ ਵਿਚਾਰਾ।' ਭਾਈ ਸਾਹਿਬ ਬੋਲੇ ਮੁਸਕਾਕੇ 'ਫ਼ਕਰ ਨੇ ਬੇਸ਼ਕ ਰਹਿੰਦੇ ‘ਪਰ ਉਹ ਹੋਰ ਮੰਗਤਿਆਂ ਵਾਂਗੂੰ ਲੋਭ ਲਹਿਰ ਨਹੀਂ ਵਹਿੰਦੇ 'ਯਾਨੀ ਜੋ ਹਨ ਅਸਲੀ ਸੰਤ, ਫ਼ਕੀਰ ਵਿਰਾਗੀ, ਭਾਈ, 'ਓਹ ਤਾਂ ਚਾਹੁੰਦੇ ਹੀ ਨਹੀਂ ਲੈਣਾ,ਮੋਹਰ, ਰੁਪਯਾ, ਪਾਈ 'ਜੇੜ੍ਹੇ ਫ਼ਕਰ ਦੌਲਤਾਂ ਚਾਹੁਣ, ਓਹ ਹਨ ਨਕਲੀ ਭੇਖੀ 'ਓਨ੍ਹਾਂ ਨੂੰ ਏਹ ਧਨ ਦੇਵਣ ਦੀ, ਲੋੜ ਨਹੀਂ ਮੈਂ ਦੇਖੀ ।' ਮਹਾਰਾਜ ਸੁਣ ਸੋਚੀਂ ਪੈ ਗਏ,ਫਿਰ ਸਿਰ ਚੁਕ ਮੁਸਕਾਏ:- 'ਬੇਸ਼ਕ ਭੇਤ ਫ਼ਕੀਰਾਂ ਦੇ ਹਨ ਤੁਸਾਂ ਠੀਕ ਬਤਲਾਏ 'ਜਿਵੇਂ ਕਸੌਟੀ ਉਤੇ ਲਾ ਕੇ ਸੋਨਾ ਪਰਖਿਆ ਜਾਵੇ ਤਿਉਂ ਸੋਨੇ ਤੇ ਲੱਗ ਫ਼ਕੀਰੀ ਅਪਨਾ ਭੇਦ ਬਤਾਵੇ 'ਜੋ ਫ਼ਕੀਰ ਸੋਨੇ ਨੂੰ ਚੰਬੜੇ, ਓਹ ਹੈ ਭੇਖੀ ਫ਼ਸਲੀ ‘ਸੁਥਰੇ’ ਵਾਂਗ ਸ੍ਵਰਨ ਠੁਕਰਾਵੇ,ਸਿੱਖ-ਸੰਤ ਓਹ ਅਸਲੀ ।' ੧ ਸ੍ਰੀ ਮਾਨ੍ਯ ਭਾਈ ਸਾਹਿਬ ਭਾਈ ਦਯਾ ਸਿੰਘ ਜੀ ਮਹਾਰਾਜ ਸ਼ੇਰਿ ਪੰਜਾਬ ਦੇ ਦਰਬਾਰ ਵਿਚ ੧੫੧ ਧਾਰਮਕ ਗ੍ਰੰਥੀਆਂ ਦੇ ਸ਼ਿਰੋਮਣੀ ਜਥੇਦਾਰ ਤੇ ਬੜੇ ਪਵਿੱਤ੍ਰ ਤੇ ਉਚ ਜੀਵਨ ਵਾਲੇ ਸਨ ।

ਕਿਸੇ ਲਈ ਨਹੀਂ ਰੋਂਦਾ ਕੋਈ

ਇਕ ਇਸਤਰੀ ਰੋਂਦੀ ਧੋਂਦੀ ਜੇਲਰ ਸਾਹਵੇਂ ਆਈ ਤਰਸ ਯੋਗ, ਦੁਖ ਭਰੀ,ਨਿਮਾਣੀ, ਸੋਗਣ ਸ਼ਕਲ ਬਣਾਈ ਬੋਲੀ 'ਐ ਸਰਕਾਰ, ਕੈਦ ਹੈ ਏਥੇ ਖਾਉਂਦ ਮੇਰਾ 'ਉਸ ਦੇ ਬਾਝੋਂ ਟੱਬਰ ਤੇ ਹੈ ਦੁੱਖਾਂ ਪਾਯਾ ਘੇਰਾ ਉਸਦੀ ਖ਼ਾਤਰ ਮੁੰਡੇ ਕੁੜੀਆਂ ਵਿਲਕਣ, ਤੜਫਣ, ਰੋਵਣ 'ਦਿਨੇ ਰਾਤ ਏਹ ਅੱਖਾਂ ਮਿਰੀਆਂ, ਹੰਝੂ ਹਾਰ ਪਰੋਵਣ 'ਅੱਗ ਨ ਬਲਦੀ ਸਾਡੀ ਚੁਲ੍ਹੇ, ਘੜੇ ਨ ਪੈਂਦਾ ਪਾਣੀ 'ਉਸ ਦੇ ਬਿਨਾਂ ਹਰਾਮ ਹੋਈ ਹੈ ਸਾਨੂੰ ਰੋਟੀ ਖਾਣੀ 'ਇਕ ਦਿਨ ਜੇ ਘਰ ਭੇਜੋ ਉਸ ਨੂੰ ਕੰਮ ਹੈ ਨੇਕੀ ਵਾਲਾ 'ਕਈ ਗੁਣਾਂ ਇਕਬਾਲ ਆਪਦਾ, ਕਰਸੀ ਅੱਲਾ ਤਾਲਾ ।' ਤਰਸ ਬਹੁਤ ਜੇਲਰ ਨੂੰ ਆਯਾ,ਕਹਿਣ ਲਗਾ 'ਸੁਣ ਮਾਈ, 'ਤੇਰੀ ਕਸ਼ਟ-ਕਹਾਣੀ ਨੇ ਹੈ ਬੜੀ ਖੁਤਖੁਤੀ ਲਾਈ 'ਤੇਰਾ ਪਤੀ-ਪਿਆਰ ਦੇਖ ਕੇ ਦਿਲ ਪਸੀਜਿਆ ਮੇਰਾ 'ਮੇਰੇ ਵੱਸ ਹੋਵੇ ਤਾਂ ਛੱਡਾਂ ਹੁਣ ਸੁਆਮੀ ਤੇਰਾ 'ਉਸ ਨੇ ਬੜਾ ਜਰਮ ਹੈ ਕੀਤਾ, ਬੋਰੀ ਕਣਕ ਚੁਰਾਈ '‘ਕੈਦ ਤਦੇ ਹੋ, ਉਸ ਨੂੰ ਛਡਣਾ ਮੇਰੇ ਵੱਸ ਨ ਰਾਈ 'ਪਰ ਤੂੰ ਲੈ ਆ ਉਸ ਦੇ ਬੱਚੇ ਤੇ ਸਨਬੰਧੀ ਪ੍ਯਾਰੇ 'ਮੁਲਾਕਾਤ ਕਰਵਾਸਾਂ ਰਜ ਕੇ, ਖੁਸ਼ ਹੋ ਜਾਸੋ ਸਾਰੇ। ਮੱਥਾ ਵੱਟ ਕੇ ਬੋਲੀ 'ਊਂ ਹੂੰ, ਲੋੜ ਨ ਇਸ ਦੀ ਉੱਕੀ 'ਬੋਰੀ ਜੋ ਸੀ ਉਸ ਚਰਾਈ, ਉਹ ਹੈ ਕਲ੍ਹ ਦੀ ਮੁੱਕੀ 'ਮੈਂ ਚਾਂਹਦੀ ਹਾਂ, ਇਕ ਦਿਨ ਉਸਨੂੰ ਜੇ ਛੁੱਟੀ ਮਿਲ ਜਾਵੇ 'ਬੋਰੀ ਹੋਰ ਚੁਰਾ ਇਕ ਕਿਤਿਓਂ, ਘਰ ਸਾਡੇ ਦੇ ਆਵੇ' ਜੇਲਰ ਰੋਯਾ “'ਸੁਥਰਾ' ਹਸਿਆ 'ਵਾਹਵਾ ਤੇਰਾ ਹੋਣਾ 'ਕਿਸੇ ਲਈ ਨਹੀਂ ਰੋਂਦਾ ਕੋਈ, ਸਭ ਨੂੰ ਆਪਣਾ ਰੋਣਾ ।'

ਖ਼ੁਦਗ਼ਰਜ਼ਾਂ ਦੀ ਫੁਲਾਹੁਣੀ

ਕਾਂ, ਗਿੱਦੜ, ਬਘਿਆੜ, ਊਠ, ਸਨ ਸ਼ੇਰ ਪਾਸ ਦਰਬਾਰੀ ਮਾਰ ਸ਼ੇਰ ਦੀ ਖਾਵਣ ਚਾਰੇ, ਮੌਜ ਲਗੀ ਸੀ ਭਾਰੀ ਸ਼ੇਰ ਪਿਆ ਬੀਮਾਰ, ਚੌਹਾਂ ਨੂੰ ਫਾਕੇ ਆਉਣ ਲੱਗੇ ਕਾਂ, ਗਿੱਦੜ, ਬਘਿਆੜ ਪਾਲਸੀ ਮਿਥ ਕੇ ਹੋਏ ਅੱਗੇ ਕਾਂ ਨੇ ਕਿਹਾ ਸ਼ੇਰ ਨੂੰ 'ਸਵਾਮੀ, ਟੁਕੜੇ ਮਿਰੇ ਕਰਾਵੋ, ‘ਦੁੱਖ ਆਪ ਦਾ ਦੇਖ ਨ ਸੱਕਾਂ, ਮਾਸ ਮਿਰਾ ਲੈ ਖਾਵੋ ।' ਪਾਸੋਂ ਗਿੱਦੜ ਕੂਯਾ ‘ਹਟ ਤੂੰ, ਮਾਸ ਤਿਰਾ ਹੈ ਗੰਦਾ ‘ਸਵਾਮੀ ਤੋਂ ਸਦਕੇ ਮੈਂ ਹੋਵਾਂ, ਮਾਸ ਦਿਆਂ ਦੇਹ ਸੰਦਾ ।' ਗੱਲ ਟੁੱਕ ਕੇ ਬਘਿਆੜ ਬੋਲਿਆ, ਦੋਵੇਂ ਤੁਸੀਂ ਨਕਾਰੇ, 'ਅਪਨੇ ਮਾਲਕ ਕਿਰਪਾਲੂ ਤੋਂ ਮੈਂ ਜਾਵਾਂਗਾ ਵਾਰੇ, ਹੇ ਸਵਾਮੀ! ਮੇਰਾ ਸਿਰ ਵਢੋ, ਗੋਸ਼ਤ ਛਕੋ-ਛਕਾਓ, 'ਸਫਲ ਕਰਾਓ ਜੀਵਨ ਮੇਰਾ, ਅਪਨਾ ਵਰਤ ਹਟਾਓ ।' ਰੀਸੋ ਰੀਸੀ ਊਠ ਵਿਚਾਰਾ ਭੀ ਚਾ ਅੱਗੇ ਹੋਯਾ ਓਹ ਕੀ ਜਾਣੇ, ਤਿੰਨੇ ਸਾਥੀ ਦੇਸਣ ਮੈਨੂੰ ਟੋਯਾ ਕਹਿਣ ਲਗਾ 'ਹੇ ਮਾਲਿਕ, ਹਾਜ਼ਿਰ ਸਿਰ ਸਰੀਰ ਹੈ ਮੇਰਾ ।' ਤਿੰਨੇ ਸਾਥੀ ਬਲ ਉਠੇ ਝਟ 'ਧੰਨ ' ਜਨਮ ਹੈ ਤੇਰਾ, 'ਸ਼ਾਵਾ, ਓ ਨੇਕੀ ਦੇ ਪੁਤਲੇ, ਵਾਹ ਤੇਰੀ ਕੁਰਬਾਨੀ, 'ਵਫ਼ਾਦਾਰ ਤੂੰ ਸਭ ਤੋਂ ਵਧ ਕੇ ਹੈਂ ਸੂਰਾ ਲਾਸਾਨੀ ।' ਇਵੇਂ ਫੁਲਾਹੁਣੀ ਦੇ ਕੇ ਤਿੰਨਾਂ, ਟੁਕੜੇ ਉਸ ਨੂੰ ਕੀਤਾ ਮਾਸ ਓਸ ਦਾ ਹਸ ਹਸ ਖਾਧਾ ਮਜ਼ਾ ਕਈ ਦਿਨ ਲੀਤਾ ਭਲਿਆਂ ਤਈਂ ਚਲਾਕ ਯਾਰ ਹਨ ਇਵੇਂ ਫੁਲਾ ਕੇ ਖਾਂਦੇ ਜਯੋਂ ਲੂੰਬੜ ਨੇ ਕਾਂ ਸੀ ਠਗਿਆ, ਤਿਉਂ ਹਨ ਠੱਗ ਲਿਜਾਂਦੇ ਭੋਲੇ ਲੋਕੋ ! ਖ਼ਬਰਦਾਰ ਨਾ ਵਿਚ ਫੁਲਾਹੁਣੀ ਆਣਾ ਜੇੜ੍ਹਾ ਕਰੇ ਖ਼ੁਸ਼ਾਮਦ ਉਸ ਤੋਂ ‘ਸੁਥਰੇ' ਸਮ ਨਸ ਜਾਣਾ

ਕੁੱਤੇ ਦਾ ਕੁੱਤਾ ਵੈਰੀ

ਇਕ ਸੰਤ ਨੇ ਬਾਸੀ ਰੋਟੀ, ਇਕ ਕੁਤੇ ਨੂੰ ਪਾਈ ਉਸਨੇ ਖੁਸ਼ ਹੋ 'ਥੈਂਕਸ' ਕਰਨ ਨੂੰ ਫੁਲ ਕੇ ਪੂਛ ਹਿਲਾਈ ਓਵੇਂ ਹੋਰ ਕੁੱਤਾ ਇਕ ਕਿਧਰੋਂ ਭੱਜਾ ਭੱਜਾ ਆਯਾ ਭੁੱਖ ਲਗੀ ਸੀ ਉਸ ਨੂੰ ਡਾਢੀ, ਰੋਟੀ ਨੂੰ ਮੂੰਹ ਪਾਯਾ ਪਹਿਲਾ ਕੁੱਤਾ, ਭਊਂ ਭਊਂ ਕਰਕੇ ਉਸ ਨੂੰ ਵਢਣ ਲੱਗਾ ਉਸ ਨੇ ਭੀ ਅੱਗੋਂ ਦੰਦ ਕੱਢੇ, ਭੁੱਲਾ ਪਿੱਛਾ ਅੱਗਾ ਲਹੂ ਲੁਹਾਣ ਹੋਏ ਲੜ ਦੋਵੇਂ, ਸਾਹ, ਸਤ, ਸ਼ਕਤੀ ਮੁੱਕੀ ਵਾਂਗ ਮੁਰਦਿਆਂ ਡਿਗ ਪੈ ਆਖ਼ਰ ਤਾਕਤ ਰਹੀ ਨ ਉੱਕੀ ਰੋਟੀ ਡਿੱਗੀ ਕਾਂ ਨੇ ਵੇਖੀ, ਆਯਾ ਮਾਰ ਉਡਾਰੀ 'ਕਾਂ ਕਾਂ ਕਰਕੇ ਨਿਜ ਬਰਾਦਰੀ ਸੱਦ ਲਈ ਉਸ ਸਾਰੀ ਰਲ ਕੇ ਖਾਣ ਲਗੇ ਕਾਂ ਰੋਟੀ, ਕੁਤੇ ਤਰਸਣ-ਰੋਵਣ ਹਰ ਇਕ ਚੁੰਜ ਕਲੇਜੇ ਵੱਜੇ, ਤੜਫਣ, ਫਾਵੇ ਹੋਵਣ ਵੇਖ ਦੁਰਦਸ਼ਾ, ਕਾਵਾਂ ਤਾਈਂ ਖਿੜ ਖਿੜ ਹਾਸਾ ਆਵੇ ਉਸ ਦਾ ਹਾਲ ਇਹੋ ਹੀ ਹੁੰਦਾ, ਜੋ ਨ ਵੰਡ ਕੇ ਖਾਵੇ ਸੋਚ ਫੁਰੀ 'ਸੁਥਰੇ' ਨੂੰ 'ਲੋਕੀ ਕਿਉਂ ਨਹੀਂ ਸਿਖ੍ਯਾ ਲੈਂਦੇ ? ਕ੍ਯੋਂ ਕੁਤਿਆਂ ਸਮ ਆਪਣੇ ਵੀਰਾਂ ਨੂੰ ਵੱਢਣ ਨੂੰ ਪੈਂਦੇ ? 'ਕਾਂ ਨੂੰ ਇਕ ਬੁਰਕੀ ਜੇ ਲੱਭੇ ਫੌਰਨ ਸ਼ੋਰ ਮਚਾਵੇ 'ਦਸ ਵੀਹ ਵੀਰ ਕਰ ਲਵੇ ਕੱਠੇ, ਵੰਡ ਕੇ ਬੁਰਕੀ ਖਾਵੇ ‘ਕਦੀ ਜੇ ਕੋਈ ਕਾਂ ਨੂੰ ਮਾਰੇ, ਕੱਠੇ ਹੋਣ ਹਜ਼ਾਰਾਂ ਸੱਚੇ ਦਿਲੋਂ ਕਰਨ ਹਮਦਰਦੀ ਰੋ ਰੋ ਕਰਨ ਪੁਕਾਰਾਂ ‘ਕੁਤੇ ਨੂੰ ਦੇਵੋ ਲਖ ਰੋਟੀ, ਕੱਲਾ ਖਾਣੀ ਚਾਹੇ ‘ਦਿੱਸੇ ਹੋਰ ਭਰਾ ਜੇ ਨੇੜੇ, ਖੱਲ ਓਸ ਦੀ ਲਾਹੇ 'ਅਹੋ ! ਮਨੁਖ ਨਸੀਹਤ ਚੰਗੀ, ਕਾਵਾਂ ਤੋਂ ਨਹੀਂ ਲੈਂਦੇ ਕੁਤਿਆਂ ਵਾਂਗੂੰ ਸਕੇ ਭਰਾ ਨੂੰ ਰੋਟੀਓਂ ਵੱਢਣ ਪੈਂਦੇ ।'

ਕਰੜਾ ਕੈਪਟਨ

ਇਕ ਜਹਾਜ਼ੀ ਕਰੜਾ ਕੈਪਟਨ ਇਕ ਦਿਨ ਸੰਧਯਾ ਵੇਲੇ, ਪੈਰ ਤਿਲਕ ਕੇ ਡਿਗਾ ਸਿੰਧ ਵਿਚ,ਲਗਾ ਕਰਨ ਵਾ-ਵੇਲੇ ਇਕ ਮਲਾਹ ਨੇ ਵਾਜ ਸੁਣੀ ਤਾਂ ਭੱਜਾ ਭੱਜਾ ਆਯਾ ਛਾਲ ਮਾਰ ਕੇ ਫੜਿਆ ਉਸ ਨੂੰ ਡੁਬਦੇ ਤਈਂ ਬਚਾਯਾ ਕੈਪਟਨ ਉਸਨੂੰ ਪੁਛਣ ਲਗਾ, ਕਰਕੇ ਕਿਰਪਾ ਭਾਰੀ, ‘ਦਸ ਜਵਾਨਾਂ, ਕਿਵੇਂ ਕਰਾਂ ਮੈਂ ਤੇਰੀ ਸ਼ਕਰ ਗੁਜ਼ਾਰੀ ? 'ਦਿਆਂ ਇਨਾਮ, ਖ਼ਤਾਬ ਦਿਵਾਵਾਂ,ਕਰਾਂ ਤਰੱਕੀ ਤੇਰੀ ? 'ਇਸ ਵੇਲੇ ਹੈ ਤੇਰੇ ਉੱਤੇ ਹੋਈ ਕਿਰਪਾ ਮੇਰੀ ।' ਹਥ ਜੋੜ ਕੇ ਕਿਹਾ ਓਸ ਨੇ 'ਇਹੋ ਇਨਾਮ ਦਿਵਾਓ 'ਇਹ ਗੱਲ ਕਿਸੇ ਤਈਂ ਨਾ ਦਸੋ, ਏਥੇ ਹੀ ਭੁਲ ਜਾਓ 'ਹੋ ਕਰੜੇ ਕਪਤਾਨ ਤੁਸੀਂ ਸਭ ਤਈਂ ਘੂਰਦੇ ਰਹਿੰਦੇ ਮਜ਼ਬੂਰੀ ਵਿਚ ਲੋਕ ਤੁਸਾਂ ਥੋਂ ਗਾਲ੍ਹਾਂ-ਠੁੱਡੇ ਸਹਿੰਦੇ 'ਕੋਈ ਮਤਹਿਤ ਦਿਲੋਂ ਨਹੀਂ ਰਾਜ਼ੀ ਮੰਗਣ ਸਦਾ ਦੁਆਈਂ ਇਸ ਕਰੜੇ ਕੈਪਟਨ ਨੂੰ ਰੱਬਾ, ਛੇਤੀ ਮੌਤ ਲਿਆਈਂ 'ਜੇ ਓਹਨਾਂ ਨੇ ਸੁਣਿਆ, ਮੈਂ ਹੈ ਥੋਡੀ ਜਾਨ ਬਚਾਈ 'ਬੋੱਟੀ ਬੋੱਟੀ ਮਿਰੀ ਕਰਨ ਨੂੰ ਆਵਣਗੇ ਕਰ ਧਾਈ 'ਇਸ ਹਿਤ ਇਸ ਘਟਨਾ ਨੂੰ ਬਿਲਕੁਲ ਏਥੇ ਹੀ ਭੁਲਜਾਓ 'ਨਾ ਇਨਾਮ ਕੁਈ ਬਖ਼ਸ਼ੋ ਮੈਨੂੰ, ਨਾ ਪੌਲੇ ਲਗਵਾਓ।' ਅਤਿ ਸ਼ਰਮਿੰਦਾ ਹੋ ਕੈਪਟਨ ਨੇ ਕਸਮ ਅਗੇ ਤੋਂ ਖਾਧੀ ‘ਸੁਥਰੇ' ਵਾਂਗੂੰ ਮਿਠ ਬੋਲੀ ਦੀ ਅਪਨੀ ਵਾਦੀ ਸਾਧੀ

ਕੰਮ ਬਹੁਤੇ ਵੇਲਾ ਥੋੜ੍ਹਾ

ਇਕ ਵੱਡਾ ਲੋਕ ਉਦਾਸ ਬੜਾ, ਆ ਰੋਯਾ ਮੇਰੇ ਪਾਸ ਬੜਾ:- 'ਫ਼ਿਕਰਾਂ ਹੈ ਖਾਧਾ ਮਾਸ ਬੜਾ, ਮੇਹਨਤ ਨੇ ਕੀਤਾ ਨਾਸ ਬੜਾ 'ਕੰਮ ਬਹੁਤੇ ਵੇਲਾ ਥੋੜਾ ਹੈ 'ਇਕ ਮਿੰਟ ਮਿੰਟ ਦਾ ਤੋੜਾ ਹੈ ‘ਗਲ ਪਏ ਝਮੇਲੇ ਇਤਨੇ ਨੇ, ਨਾ ਵਾਲ ਜਿਸਮ ਤੇ ਜਿਤਨੇ ਨੇ 'ਨਿਤ ਨਵੇਂ ਜਾਗਦੇ ਫਿਤਨੇ ਨੇ, ਦਿਲ ਪਕ ਪਕ ਹੋਯਾ ਫੋੜਾ ਹੈ 'ਕੰਮ ਬਹੁਤੇ ਵੇਲਾ ਥੋੜਾ ਹੈ 'ਨਾ ਰਹੇ ਰੇਤ-ਦੀਵਾਰ ਖੜੀ, ਨਿਤ ਮੁਕੀ ਨਵੀਂ ਤਿਆਰ ਖੜੀ 'ਸਿਰ ਨਵੀਂ ਰੋਜ਼ ਤਲਵਾਰ ਖੜੀ, ਨਾ ਮੁਕਦਾ ਧੰਦਾ ਧੋੜਾ ਹੈ 'ਕੰਮ ਬਹੁਤੇ ਵੇਲਾ ਥੋੜਾ ਹੈ ‘ਸਿਰ ਦੁਖਦਾ ਹੈ, ਗਲ ਪੁਖਦਾ ਹੈ, ਮਨ ਚੱਕਰ-ਕੰਡੇ ਜੁਖਦਾ ਹੈ 'ਸਾਹ ਔਂਦਾ ਕਦੇ ਨ ਸੁਖ ਦਾ ਹੈ, ਹਰ ਕਦਮ ਅਟਕਦਾ ਰੋੜਾ ਹੈ 'ਕੰਮ ਬਹੁਤੇ ਵੇਲਾ ਥੋੜਾ ਹੈ 'ਕੀ ਕਰਾਂ ? ਕਿਧਰ ਨੂੰ ਜਾਵਾਂ ਮੈਂ ! ਕੰਮਾਂ ਤੋਂ ਜਾਨ ਛੁਡਾਵਾਂ ਮੈਂ ‘ਕੁਝ ਸ਼ਾਂਤੀ ਜਗ ਤੇ ਪਾਵਾਂ ਮੈਂ ! ਹੁਣ ਮੂੰਹ ਭੀ ਹੋਯਾ, ਬੋੜਾ ਹੈ 'ਕੰਮ ਬਹੁਤੇ ਵੇਲਾ ਥੋੜਾ ਹੈ ਮੈਂ ਕਿਹਾ: ਸ਼ੁਦਾਈ ਵੀਰਾ ਓ, ਸੁਟ ਪਰੇ ਵਡਾਈ-ਚੀਰਾ ਓ ਤ੍ਰਿਸ਼ਨਾ ਦਾ ਬਦਲ ਵਤੀਰਾ ਓ, ਵਸ ਕਰ ਜੋ ਮਨ ਦਾ ਘੋੜਾ ਹੈ 'ਫਿਰ ਸੁਖਦਾ ਮੂਲ ਨ ਤੋੜਾ ਹੈ 'ਹੈ ਜ਼ਰਾ ਕੁ ਫੇਰ ਰਿਓੜੀ ਦਾ, ਮਨ ਇਧਰੋਂ ਓਧਰ ਜੋੜੀ ਦਾ 'ਤੇ ਟੰਗ ਪਸਾਰਨ ਛੋੜੀ ਦਾ, ਝਟ ਮਿਲਦਾ ਸੁਖ-ਜਸ ਜੋੜਾ ਹੈ। 'ਜਗ ਲਗਦਾ 'ਸੁਥਰਾ' ਕ੍ਯੋੜਾ ਹੈ 'ਸੁਖ ਬਹੁਤੇ ਧੰਦਾ ਥੋੜਾ ਹੈ।'

ਨੌਸ਼ੇਰਵਾਂ ਦਾ ਖ਼ਜ਼ਾਨਾ

ਜਗ ਪਰਸਿੱਧ ਬਾਦਸ਼ਾਹ ਆਦਲ, ਜਗ ਤੋਂ ਜਦੋਂ ਸਿਧਾਯਾ ਸਾਂਭਣ ਹੇਤ ਖ਼ਜ਼ਾਨਾ ਉਸ ਦਾ, ਜ਼ੋਰ ਵਾਰਸਾਂ ਲਾਯਾ ਉਸ ਦੇ ਕਫ਼ਨ-ਦਫ਼ਨ ਦਾ ਕੋਈ ਫ਼ਿਕਰ ਕਿਸੇ ਨਾ ਕੀਤਾ ਦਫ਼ਤ-ਖ਼ਜ਼ਾਨਾ ਸਾਂਭਣ ਖ਼ਾਤਿਰ, ਲਕ ਸਭ ਨੇ ਬੰਨ੍ਹ ਲੀਤਾ ਚਾਬੀ, ਤੇਗ਼ ਹਥੌੜਾ ਛੈਣੀ, ਫੜ ਫੜ ਕੇ ਸਭ ਨੱਸੇ ਲੋਥ ਇਕੱਲੀ ਸ਼ਹਿਨਸ਼ਾਹ ਦੀ, ਹਾਲ ਵੇਖ ਕੇ ਹੱਸ ਤੋੜ ਖ਼ਜ਼ਾਨਾ ਜਦੋਂ ਵੇਖਿਆ, ਵਿਚ ਅੱਲਾ ਹੀ ਅੱਲਾ ਨਾ ਕੁਈ ਹੀਰਾ, ਲਾਲ, ਜਵਾਹਰ, ਨਾ ਸੋਨੇ ਦਾ ਛੱਲਾ ਕੇਵਲ ਇਕ ਲੋਹੇ ਦੀ ਤਖ਼ਤੀ, ਵੇਖ ਸਭੀ ਚਕਰਾਏ ਪੰਜ ਸ਼ੇਅਰ ਸਨ, ਏਸ ਭਾਵ ਦੇ, ਉਸ ਤੇ ਸੁੰਦ੍ਰ ਲਿਖਾਏ:- 'ਇਸ ਜਗ ਉੱਤੇ ਜਿਸ ਪ੍ਰਾਣੀ ਦੇ ਪਾਸ ਨਾ ਹੋਵੇ ‘ਮਾਯਾ' 'ਸਮਝੋ ਜਗ ਦਾ ਮਾਨ-ਮਰਤਬਾ ਨਹੀਂ ਓਸ ਨੇ ਪਾਯਾ 'ਜਿਸ ਨੂੰ ਮਿਲੀ ਨ ਹੋਵੇ 'ਵਹੁਟੀ', ਉਸ ਦੀ ਕਿਸਮਤ ਖੋਟੀ 'ਤਨ ਦਾ ਸੁਖ ਨਾ ਉਸ ਨੂੰ ਮਿਲਦਾ, ਨਾ ਹੀ ਚੰਗੀ ਰੋਟੀ ਜਿਸ ਨੂੰ ਮਿਲਿਆ ਨਹੀਂ, ਜਗਤ ਤੇ ਅੰਮਾਂ, ਜਾਯਾ 'ਭਾਈ' ਸਮਝੋ ਉਸ ਦੇ ਬਾਜ਼ੂ ਅੰਦਰ ਜ਼ੋਰ ਨਹੀਂ ਹੈ ਕਾਈ 'ਜਿਸ ਦੇ ਘਰ ਨਾ ਇਕ ਭੀ ਹੋਯਾ ਵਾਰਸ 'ਪੁੱਤ-ਪਿਆਰਾ' 'ਉਸ ਦੀ ਰਹੀ ਨਾ ਕੁਈ ਨਿਸ਼ਾਨੀ, ਐਵੇਂ ਗਿਆ ਵਿਚਾਰਾ 'ਪਰ ਜਿਸ ਨੂੰ ਏਹ 'ਚਾਰੇ ਚੀਜ਼ਾਂ' ਨਹੀਂ ਪਰਾਪਤ ਹੋਈਆਂ । 'ਸਮਝੋ ਉਸ ਦੀਆਂ ਸਭ ਮੁਸੀਬਤਾਂ ਤੇ ਚਿੰਤਾਂ ਹਨ ਖੋਈਆਂ !’ ਸਭ ਨੇ ਪੜ੍ਹ ਕੇ ਕਿਹਾ 'ਧੰਨ, ਓ ਆਦਲ, ਤੈਥੋਂ ਘੋਲੀ 'ਮਰ ਕੇ ਭੀ ਤੂੰ ਅਦਲ ਤੱਕੜੀ ‘ਸੁਥਰੇ' ਵਾਗੂੰ ਤੋਲੀ।'

ਬੂਟ ਦੀ ਸ਼ਰਾਰਤ

ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ ਨਾਲ ਕਛਿਹਰੇ, ਬੂਟ ਦੇਖ ਕੇ, ਯਾਰਾਂ ਹਾਸਾ ਪਾਯਾ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ ਕਈ ਲੇਡੀਆਂ ਜੰਟਲਮੈਨਾਂ ਨਾਲ ਵਾਕਫੀ ਹੋਈ ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਯਾ ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਯਾ ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿਕ' ਸਮ ਪੀਤਾ ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ ਵਿਸਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ ਪੁਤ ਨੇ ਭੀ ਉਠ ਦਾਵ੍ਹਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ ਸ਼ੁਕਰ ਸ਼ੁਕਰ ਏ ਸੁਪਨਾ ਹੀ ਸੀ, ਲਾਜ ਪ੍ਰਭੂ ਨੇ ਰੱਖੀ ਕੰਨਾਂ ਨੂੰ ਹੱਥ ਲਾਯਾ, ਭੈੜੀ ਵਾਦੀ ਪੈਣ ਨ ਦੇਸਾਂ ਸਾਦਾ 'ਸੁਥਰਾ' ਰਹਿ, ਦੁੱਖਾਂ ਨੂੰ ਜੁੱਤੀ ਹੇਠ ਰਖੇਸਾਂ

ਪਿਆਰ ਦੀ ਕਹਾਣੀ

ਸਜਣਾ ! ਕਦੀ ਤਾਂ ਸਾਡੀ, ਸੁਣ ਪ੍ਯਾਰ ਦੀ ਕਹਾਣੀ ਹੰਝੂਆਂ ਤੇ ਹਸਰਤਾਂ ਦੇ ਅੰਬਾਰ ਦੀ ਕਹਾਣੀ ਮੁੱਦਤ ਤੋਂ ਮੋਹਰ ਲਾ ਕੇ ਧਨ ਸ਼ੂਮ ਵਾਂਗ, ਮੂੰਹ ਤੇ ਸਾਂਭੀ ਹੋਈ ਹੈ ਦਿਲ ਵਿਚ ਦਿਲਦਾਰ ਦੀ ਕਹਾਣੀ ਬੁਲਬੁਲ ! ਆ ਖ਼ਤਮ ਕਰੀਏ, ਹੁਣ ਖ਼ਤਮ ਹੋ ਕੇ ਦੋਏਂ, ਤੂੰ ਫੁੱਲ ਦੀ ਕਹਾਣੀ, ਮੈਂ ਯਾਰ ਦੀ ਕਹਾਣੀ ਕਾਸਿਦ ! ਸੁਣਾਈ ਜਾ ਤੂੰ, ਮੁੜ ਮੁੜ, ਹਮੇਸ਼ ਮੈਨੂੰ 'ਉਸ' ਦੇ ਸਰੂਰ ਦਾਤੇ ਦੀਦਾਰ ਦੀ ਕਹਾਣੀ ਵਲਿਆ ਹੈ ਦਿਲ ਅਜੇਹਾ, ਭਰ ਵਲਵਲੇ, ਸੁਣਾਵੇ, ਵਲ ਵਲ ਕੇ, ਵਾਲ ਉਸ ਦੇ ਵਲਦਾਰ ਦੀ ਕਹਾਣੀ ਹੈਰਾਨ ਹਾਂ, ਕੀ ਆਖਣ ? ਜੇ ਲੋਕ ਸੁਣਨ ਸਾਰੀ ਤੇਰੇ ਤੇ ਮੇਰੇ ਘਰ ਦੀ ਦੀਵਾਰ ਦੀ ਕਹਾਣੀ ਡਾਢਾ ਹੈ ਲੁਤਫ਼ ਅੌਂਦਾ, ਲੈ ਲੇ ਮਜ਼ੇ ਹਾਂ ਸੁਣਦਾ ਜਦ ਉਸ ਦੇ ਮੱਚਕ ਮੱਚਕ, ਸ਼ਿੰਗਾਰ ਦੀ ਕਹਾਣੀ ਦਿਲ ਹੈ ਰੀਕਾਰਡ ਮੇਰਾ, ਸੂਈ ਤਿਰਾ ਤਸੱਵਰ ਛੋਂਹਦੇ ਹੀ ਨਿਕਲੇ ਇਸ 'ਚੋਂ, ਝਟ ਪਯਾਰ ਦੀ ਕਹਾਣੀ ਤੁਲਸੀ ਨੇ ਅਕਲ ਕੀਤੀ, ਵਹੁਟੀ ਦੀ ਝਾੜ ਖਾ ਕੇ, ਛੱਡ ਇਸ਼ਕ ਬਾਜ਼ੀ, ਘੋਖੀ, ਕਰਤਾਰ ਦੀ ਕਹਾਣੀ ਕਵੀਆ ! ਤੂੰ ਲਿਖ ਦੇ ਐਸੀ, ਜਗ ਨੂੰ ਪਈ ਟਪਾਵੇ ਦਿਲ-ਘੋੜੇ ਮੈਂਡੜੇ ਦੇ ਅਸਵਾਰ ਦੀ ਕਹਾਣੀ ਫੈਸ਼ਨ ਹੈ ਚੂੰਕਿ ਅਜ ਕਲ੍ਹ ਇਸ਼ਕੀ ਗਪੌੜਿਆਂ ਦਾ, 'ਸੁਥਰੇ' ਭੀ ਚਾ ਰਚੀ ਏ, ਬੇਕਾਰ ਦੀ ਕਹਾਣੀ

ਪਹਿਲਾ ਸਬਕ

ਕੌਰਵ-ਪਾਂਡਵ ਦ੍ਰੋਣਾਚਾਰਜ ਪਾਸ ਪੜ੍ਹਨ ਬਿਠਲਾਏ ਉਸ ਨੇ ਕਾ ਖਾ ਗਾ ਘਾ ਅੱਖਰ ਪ੍ਰੇਮ ਨਾਲ ਸਿਖਲਾਏ ਉਸ ਤੋਂ ਪਿੱਛੋਂ 'ਪਹਿਲੀ-ਪੋਥੀ' ਪਾਠ ਸ਼ੁਰੂ ਕਰਵਾਯਾ 'ਕ੍ਰੋਧ ਮਤ ਕਰੋ' ਸਭ ਤੋਂ ਪਹਿਲਾ ਸਬਕ ਓਸ ਵਿਚ ਆਯਾ ਉਸ ਤੋਂ ਬਾਦ ਅਨੇਕ ਪੁਸਤਕਾਂ ਸਭ ਭਾਈਆਂ ਨੇ ਪੜ੍ਹੀਆਂ ਖ਼ੁਸ਼ੀਆਂ ਬਹੁਤ, ਰਪੋਟਾਂ ਸੁਣਕੇ, ਧ੍ਰਿਤਰਾਸ਼ਟਰ ਨੂੰ ਚੜ੍ਹੀਆਂ ਪ੍ਰੀਖ੍ਯਾ ਹਿਤ, ਉਸ ਬੱਚੇ ਸਾਰੇ, ਅਪਨੇ ਪਾਸ ਬੁਲਾਏ ਸਭ ਨੇ ਕਈ ਗ੍ਰੰਥਾਂ ਵਿਚੋਂ, ਫ਼ਰ ਫ਼ਰ, ਸਫ਼ੇ ਸੁਣਾਏ ਮਗਰ 'ਯੁਧਿਸ਼ਟਰ' 'ਪਹਿਲੀ-ਪੋਥੀ' 'ਪਹਿਲਾ ਪੰਨਾ' ਫੜਕੇ ਪਹਿਲੀ ਸਤਰੋਂ, ਪਹਿਲੀ ਸੰਥਾ, ਮੁੜ ਮੁੜ ਦੱਸੇ ਪੜ੍ਹ ਕੇ 'ਧ੍ਰਿਤਰਾਸ਼ਟਰ' ਨੇ ਕੜਕ ਪੁੱਛਿਆ, 'ਹੋਰ ਨ ਕੁਝ ਤੂੰ ਪੜ੍ਹਿਆ ?' ਕਹਿਣ ਲਗਾ, 'ਜੀ ਹਾਂ, ਮੈਂ ਇਸਤੋਂ ਉਤ੍ਹਾਂ ਨ ਹਾਲਾਂ ਚੜ੍ਹਿਆ' ਦ੍ਰੋਣਾਚਾਰਜ ਕ੍ਰੋਧਵਾਨ ਹੋ ਖਿਝਿਆ ਤੇ ਚਿੱਲਾਯਾ :- 'ਕਯਾ ਇਸ ਪ੍ਰਿਥਮ ਪ੍ਰਿਸ਼ਟ ਕੇ ਆਗੇ ਤੁਝਕੋ ਕੁਛ ਨਹੀਂ ਆਯਾ ?' ਧ੍ਰਿਤਰਾਸ਼ਟਰ ਤੇ ਦ੍ਰੋਣਾਚਾਰਜ ਵਾਰੋ ਵਾਰੀ ਬੋਲਣ ਕ੍ਰੋਧ ਨਾਲ ਹੋ ਇੱਟਣ ਪਿੱਟਣ ਵਿੱਸ ਬਤੇਰੀ ਘੋਲਣ ਐਪਰ ਸ਼ਾਂਤ ਯੁਧਿਸ਼ਟਰ ਬੈਠਾ ਅਪਣਾ ਸਬਕ ਪਕਾਵੇ 'ਕ੍ਰੋਧ ਮਤ ਕਰੋ-ਕ੍ਰੋਧ ਮਤ ਕਰੋ' ਸੰਥਾ ਰਟਦਾ ਜਾਵੇ ਟਿਚਕਰ ਨਾਲ ਕੌਰਵਾਂ ਪੁਛਿਆ, 'ਕੀ ਤੂੰ ਨਹੀਂ ਜੀਊਂਦਾ ? 'ਝਿੜਕਾਂ ਸੁਣਦਾ, ਚੁਪ ਹੈਂ ਬੈਠਾ, ਕ੍ਯੋਂ ਅੱਗੋਂ ਨਹੀਂ ਕੂੰਦਾ ?' ਆਖਣ ਲਗਾ, 'ਭਰਾਓ, ਮੈਂ ਹਾਂ ਅਪਨਾ ਸਬਕ ਪਕਾਂਦਾ 'ਕ੍ਰੋਧ ਮਤ ਕਰੋ', ਸੰਥਾ ਪਹਿਲੀ, ਦਿਲ ਵਿਚ ਪਿਆ ਵਸਾਂਦਾ ।' ਸੁਣਕੇ ਸਭ ਸ਼ਰਮਿੰਦੇ ਹੋਏ, ਕਰਨ ਤਰੀਫ਼ਾਂ ਲੱਗੇ ਪੜ੍ਹਿਆ ਅਸਲ 'ਯੁਧਿਸ਼ਟਰ' 'ਸੁਥਰਾ', ਬਾਕੀ ਰਹਿ ਗਏ ਢੱਗੇ

ਨਰਮ ਭੀ ਤੇ ਗਰਮ ਭੀ

ਕਹਿਰ ਨਿਤ ਕਰਦੇ ਹੀ ਹੋ,ਕਰਿਆ ਕਰੋ ਕੁਛ ੧ਕਰਮ ਭੀ ਗਰਮ ਰਹਿੰਦੇ ਹੋ ਸਦਾ, ਹੋਵੋ ਕਦੀ ਟੁਕ ਨਰਮ ਭੀ ਹਾਇ ! ਓ ਪੱਥਰ ਦਿਲੋ ! ਥੋਡੇ ਅਗੇ ਅਡ ਝੋਲੀਆਂ, ਕੱਖ ਪੱਲੇ ਨਾ ਪਿਆ, ਅਪਨਾ ਗੁਆਯਾ ਭਰਮ ਭੀ ਡਰ ਗਏ ਹੋ ਦੇਖ ਕੇ, ਚਿਹਰੇ ਦੀ ਮੁਰਦੇਹਾਣ ਨੂੰ ? ਰੋ ਪਵੇ ਜੇ ਦੇਖ ਪਾਓ, ਦਿਲ ਮਿਰੇ ਦਾ ਵਰਮ ਭੀ ਢੇਰ ਚਿਰ ਕੀਤੇ ਮੈਂ ਤਰਲੇ, ਪਰ ਓਹ ਅਕੜੇ ਹੀ ਰਹੇ ਝੁਕ ਗਏ, ਜਦ ਅੱਕ ਕੇ ਮੈਂ ਹੋ ਗਿਆ ਕੁਝ ਗਰਮ ਭੀ ਇਸ਼ਕ ਕੀ ਹੈ? ਅੱਗ ਹੈ ਜੋ ਵਿਚ ਚੌਰਾਹੇ ਫੂਕਦੀ, ਭਰਮ ਭੀ ਤੇ ਸ਼ਰਮ ਭੀ ਤੇ ਕਰਮ ਭੀ ਤੇ ਧਰਮ ਭੀ ਸੁਖ ਨ ਡਿੱਠਾ ਕਿਤੇ ਭੀ, ਰੋਂਦੇ ਬਤੇਰੇ ਤਖ਼ਤ ਜਾ ਟੋਲ ਮਾਰੇ ਸ਼ਾਹਾਂ ਦੇ ਰਣਵਾਸ ਭੀ ਤੇ ਹਰਮ ਵੀ ਭੇਤ ਉਸ ਭਗਵਾਨ ਦਾ, ਘਰ ਨਹੀ ਖ਼ਾਲਾ ਜਾਨ ਦਾ ਜਿਸ ਨੇ ਅਪਨਾ ਆਪ ਤਜਿਆ,ਪਾ ਲਿਆ ਉਸ ਮਰਮ ਭੀ ਵੇਲ ਕੇ ਹੋਰ ਸਭ ਪਾਪੜ, ਜਦੋਂ ਪੂਰੀ ਨਾ ਪਊ, ਕਰ ਲਵਾਗੇ ਯਾਰ ਜਾਰੀ ਫਿਰ ਫ਼ਕੀਰੀ ੨ਫਰਮ ਭੀ ਹੁਸਨਿ ਸੀਰਤ ਨਾਲ ਮੈਂ ਲਭਦਾ ਹਾਂ ਸੂਰਤ ਹੁਸਨ-ਭੀ, 'ਸਤ’ ਦਾ ਹਾਂ ਬੇਸ਼ਕ ਵਪਾਰੀ, ਹਾਂ ਸੁਦਾਗਰ ੩ਚਰਮ ਭੀ ਤੱਤੇ-ਠੰਢੇ ਨੂੰ ਸਮੋ ਕੇ ਸੁਖ ਲਵੇ 'ਸੁਥਰਾ' ਸਦਾ, ਆਉਂਦੇ ਮੌਕੇ ਨੇ ਜਗ ਤੇ ਨਰਮ ਭੀ ਤੇ ਗਰਮ ਭੀ ੧ ਕ੍ਰਿਪਾ ੨ ਦੁਕਾਨ ੩ ਚਮੜਾ ।

ਠੀਕ ਨਹੀਂ

ਜ਼ਾਲਿਮ ਨਾਲ ਮੁਹੱਬਤ ਕਰਕੇ ਮਨ ਕਲਪਾਣਾ ਠੀਕ ਨਹੀਂ ਡਾਢੇ ਨਾਲ ਭਿਆਲੀ ਪਾ ਕੇ ਗਾਲਾਂ ਖਾਣਾ ਠੀਕ ਨਹੀਂ ਮੇਰਾ ਵੱਸ ਚਲੇ ਤਾਂ ਰਬ ਨੂੰ, ਇਕ ਵਾਰੀ ਤਾਂ ਆਖ ਦਿਆਂ:- 'ਸੁੰਦਰ ਸ਼ਕਲਾਂ ਰਚ ਕੇ ਆਪੇ, ਮੇਟੀ ਜਾਣਾ ਠੀਕ ਨਹੀਂ ।' ਜੇ ਕੁਈ ਤੈਨੂੰ ਪ੍ਰੇਮ ਕਰੇ, ਤਾਂ ਸ਼ੁਕਰ ਭੈੜਿਆ ਕਰਿਆ ਕਰ ਭਾਗਾਂ ਨਾਲ ਫ਼ਖਰ ਏ ਮਿਲਦਾ, ਮੁਫ਼ਤ ਗੁਆਣਾ, ਠੀਕ ਨਹੀਂ ਜੋ ਦਿਲ ਪ੍ਰੇਮ ਰੋਗ ਵਿਚ ਫਸਿਆ, ਪਿਲ ਪਿਲ ਫੋੜੇ ਵਾਂਗ ਕਰੇ, ਉਸ ਨੂੰ ਬੋੱਲੀ-ਸੂਲ ਚੋਭ ਕੇ, ਹੋਰ ਦੁਖਾਣਾ ਠੀਕ ਨਹੀਂ ਅਪਨੇ ਮਿੱਤਰ ਨਾਲ ਦੋਸਤੀ, ਕਾਇਮ ਰਖਣਾ ਜੇ ਚਾਹੋ, ਕਰਜ਼ਾ ਮੰਗਣਾ, ਝੂਠ ਬੋਲਣਾ, ਨਿਤ ਘਰ ਜਾਣਾ ਠੀਕ ਨਹੀਂ ! ਸੌ ਦੀ ਇਕ ਗੱਲ ਕਹਿ ਦੇਂਦੇ ਹਾਂ, ਗੁਸਾ ਕਰੋ ਤਾਂ ਓਹ ਜਾਣੇ, ਚਾਰ ਦਿਨਾਂ ਦੀ ਦੌਲਤ ਤੇ ਹੰਕਾਰ ਦਿਖਾਣਾ ਠੀਕ ਨਹੀਂ ! ਬੜੇ ਬੜੇ ਬਲਵਾਨ, ਧੂੜ ਧੂਮ ਸਮ, ਉੱਠੋ ਤੇ ਫਿਰ ਖ਼ਾਕ ਮਿਲੋ, ਜ਼ੋਰ ਵਾਲਿਆ ! ਤੂੰ ਭੀ ਮਿਟਸੇਂ, ਧੌਂਸ ਜਮਾਣਾ ਠੀਕ ਨਹੀਂ ! ਔਣਾ ਜੇ ਤਾਂ ਦਿਨ ਦੀਵੀਂ, ਮੂੰਹ ਖੁਲ੍ਹੇ, ਸਾਮਰਤਖ ਆਓ, ਚੋਰੀ ਚੋਰੀ, ਰਾਤੀਂ ਸੁਤਿਆਂ ਸੁਪਨੇ ਆਣਾ ਠੀਕ ਨਹੀਂ ! ਠੀਕ ਅਤੇ ਬੇਠੀਕ ਮਾਮਲੇ ਲੱਖ-ਕਰੋੜਾਂ ਹਨ 'ਸੁਥਰੇ’ ਮਗਰ ਕਿਸੇ ਨੂੰ ਜੱਗ ਤੇ ਬਾਬਾ, ਭੁੱਲ ਸਤਾਣਾ ਠੀਕ ਨਹੀਂ !

ਦੌਲਤ ਦੀਆਂ ਦੋ ਠੋਕਰਾਂ

'ਵਿਸ਼ਵਾ ਮਿਤਰ ਤਈਂ 'ਮੇਨਕਾ' ਨੇ ਸੀ ਜ੍ਯੋਂ ਭਰਮਾ ਦਿਤਾ ਕਿਉਂ 'ਮਾਯਾ’ ਨੇ ਮੇਰੇ ਸਾਹਮਣੇ ਆਣ ਮੋਰਚਾ ਲਾ ਦਿਤਾ ਹੱਸਣ, ਗੁੜ੍ਹਕਣ, ਛੇੜਨ, ਲੁੜ੍ਹਕਨ, ਨੱਚਣ ਭੁੜਕਣ ਗਾਣ ਲੱਗੀ ਹਾਵ, ਭਾਵ ਦੇ ਨਖ਼ਰੇ ਕਰਕੇ, ਮੇਰਾ ਦਿਲ ਫ਼ੁਸਲਾਣ ਲੱਗੀ ਸੋਹਣੀ ਸ਼ਕਲ ਸੁਨਹਿਰੀ ਕਪੜੇ, ਹੀਰੇ ਮੋਤੀ ਲਾਲ ਸਜੇ 'ਸੋਲਾਂ' ਜੋ 'ਸ਼ਿੰਗਾਰ' ਆਖਦੇ, ਬੜੀ ਸੁੰਦਰਤਾ ਨਾਲ ਸਜੇ ਮੂੰਹ ਵਿਚ ਪਾਨ, ਅੱਖਾਂ ਵਿਚ ਕੱਜਲ, ਵਾਲਾਂ ਵਿਚ ਫੁਲ, ਸੋਭ ਰਹੇ ਮਹਿੰਦੀ, ਅਤਰ, ਬਿੰਦੀਆਂ, ਗਜਰੇ ਤੀਰ ਦਿਲਾਂ ਵਿਚ ਖੋਭ ਰਹੇ ਝਿਲਮਿਲ ਝਿਲਮਿਲ ਜਗਮਗ ਜਗਮਗ ਛਣ ਛਣ ਛਣ ਛਣ ਮੋਂਹਦੀ ਸੀ ਹਰ ਹਿਰਦੇ ਨੂੰ, ਛੋਂਹਦੀ ਜੋਂਹਦੀ ਟੋਂਹਦੀ ਕੋਂਹਦੀ ਖੋਂਹਦੀ ਸੀ ਪਰ ਆਪਾਂ ਦੇ ਕਮਲ ਰਿਦੇ ਨੂੰ,ਓਹ ਸਮ ਜਲ ਨਾ ਭਿਓਂ ਸਕਿਆ ਜਗਤ-ਨਿਵਾਣੀ ਨਖ਼ਰੇਲੋ ਤੋਂ ਸਾਡਾ ਸਿਰ ਨਾ ਨਿਓਂ ਸਕਿਆ ਹੱਥ ਜੋੜ ਪੈ ਪੈਰੀਂ ਬੋਲੀ 'ਤੂੰ ਹੈਂ 'ਸੁਥਰੇ'! ਧੰਨ ਕਵੀ 'ਵਿਰਲਾ ਕੁਈ, ਤਿਰੇ ਸਮ, ਮੇਰਾ ਮਾਣ ਦੇਂਵਦਾ ਭੰਨ ਕਵੀ ‘ਵਰਨਾ ਮੈਂ ਤਾਂ ਦੋ ਠੁਡਿਆਂ ਸੰਗ, ਜਗ ਤੇ ਹੁਕਮ ਚਲਾਂਦੀ ਹਾਂ 'ਰਾਜੇ ਰੰਕ, ਯੋਗੀਆਂ ਤਾਈਂ ਪਾ ਕੇ ਨੱਥ ਨਚਾਂਦੀ ਹਾਂ ਮੇਹਰਬਾਨ ਜਦ ਬਣਾਂ ਕਿਸੇ ਤੇ, ਹਿੱਕ ਤੇ ਠੋਕਰ ਲਾ ਦੇਵਾਂ 'ਯਾਨੀ ਭਰ ਹੰਕਾਰ ਓਸ ਵਿਚ ਸਿਰ-ਛਾਤੀ ਅਕੜਾ ਦੇਵਾਂ 'ਓਹ ‘ਫ਼ਿਰੌਨ’ ਦਾ ਬਾਪੂ ਬਣ ਕੇ, ਲਖ ਲਖ ਪਾਪ ਕਮਾਂਦਾ ਹੈ 'ਜੁਲਮ ਫ਼ਜ਼ੂਲੀ, ਹੈਂਕੜ ਕਰ ਕਰ, ਬਦ-ਖ਼ਾਤੇ ਗਿਰ ਜਾਂਦਾ ਹੈ 'ਮੈਂ ਉਸ ਨੂੰ ਤਜ, ਜਾਂਦੀ ਵਾਰੀ, ਪਿਠ ਵਿਚ ਠੋਕਰ ਲਾਂਦੀ ਹਾਂ 'ਯਾਨੀ ਉਸ ਦਾ ਲਕ ਤੋੜ ਕੇ, ਸਾਰੀ ਉਮਰ ਰੁਆਂਦੀ ਹਾਂ 'ਮਿਰੇ ਦੁਹਾਂ ਠੁਡਿਆਂ ਤੋਂ ਸਭ ਜਗ, ਦੋਵੇਂ ਚਕੀਆਂ ਝੋਂਦਾ ਹੈ 'ਮੈਂ ਆਵਾਂ ਤਾਂ ਪਾਪੀ ਬਣਦਾ, ਮੈਂ ਜਾਵਾਂ ਤਾਂ ਰੋਂਦਾ ਹੈ 'ਮਿਰੇ ਚੋਂਚਲੇ-ਨਾਜ਼ ਜਿਨ੍ਹਾਂ ਦੀ ਨਜ਼ਰ ਵਿਚ ਨਾ ਜਚਦੇ ਨੇ ।' ਆਪਾਂ ਸੁਣ ਏ ਉਪਮਾ ਭੀ ਖ਼ਾਮੋਸ਼ ਰਹੇ ਤੇ ਮਸਤ ਰਹੇ, ਲੌਂਡੀ ਨਾਲ ਭਲਾ ਕਯੋਂ ਕੁਈਏ ? ਉਦੇ ਰਹੇ ਯਾ ਅਸਤ ਰਹੇ !

ਅਸੂਲ ਤੇ ਜ਼ਾਤੀ

ਅਰਬੀ ਕਾਫ਼ਰ ਦੰਦ ਪੀਸ ਕੇ ਵਾਰ ਕਰਨ ਨੂੰ ਆਯਾ ਹਜ਼ਰਤ ਅਲੀ ਸ਼ੇਰ ਸਮ ਉਛਲੇ ਮਾਰੂ ਵਾਰ ਬਚਾਯਾ ਬਿਜਲੀ ਵਾਂਗ ਦੁਇ ਤਲਵਾਰਾਂ ਚਮਕਣ ਥਰਕਣ ਲਗੀਆਂ ਜਿਵੇਂ ਮੌਤ ਦੇ ਦੁਹਾਂ ਥਣਾਂ 'ਚੋਂ ਜ਼ਹਿਰੀ ਧਾਰਾਂ ਵਗੀਆਂ ਤੇਗ਼ਜ਼ਨੀ ਵਿਚ ਦੋਏ ਤੇਜ਼ ਸਨ, ਵਾਹਵਾ ਹੁਨਰ ਦਿਖਾਏ, ਦਾਉ, ਘਾਉ ਤੇ ਹੱਥ ਪਲੱਥੇ ਸਾਰੇ ਦੁਹਾਂ ਮੁਕਾਏ ਜੇ ਇਕ ਮਾਰੇ ਤੇਗ਼-ਤਮਾਚਾ ਦੂਆ ਢਾਲ ਤੇ ਰੋਕੇ ਉਛਲ, ਭਵੇਂ, ਪੈਂਤੜਾ ਬਦਲੇ, ਵਾਰ ਕਮਰ ਤੇ ਰੋਕੇ ਅਗੋਂ ਉਸ ਨੂੰ ਰੋਕ ਵਿਰੋਧੀ ਸਿਰ ਤੇ ਤੇਗ਼ ਚਲਾਵੇ ਦੂਜਾ ਸਾਫ਼ ਬਚਾ ਕੇ ਸਿਰ ਨੂੰ, ਗਿੱਟੇ ਤੇਗ਼ ਛੁਹਾਵੇ ਗਿੱਟੇ, ਗੋਡੇ, ਸੀਨਾ, ਮੋਢੇ, ਪੰਨੀ ਪੱਟ ਕਲਾਈ, ਵਾਰੋ-ਵਾਰ ਵਾਰ ਪਏ ਹੋਵਣ, ਬਚਨ ਦਿਖਾਣ ਸਫ਼ਾਈ ਆਖ਼ਰ ਜੋਸ਼ ਵਿਚ ਆ ਕੇ ਦੋਹਾਂ, ਤੇਗਾਂ ਢਾਲਾਂ ਸੁਟੀਆਂ ਗੁਥਮਗੁਥਾ ਕੁਸ਼ਤੀ ਜੁਟੇ, ਗਿਚੀਆਂ ਫੜ ਫੜ ਘੁਟੀਆਂ ਹਜ਼ਰਤ ਅਲੀ ਮਾਰ ਕੇ ਠਿੱਬੀ ਵੈਰੀ ਭੋਇੰ ਗਿਰਾਯਾ ਸ਼ੇਰ ਵਾਂਗ ਚੜ੍ਹ ਛਾਤੀ ਉਤੇ ਉਸ ਦਾ ਗਲਾ ਦਬਾਯਾ ਛਿੱਥੇ ਹੋ ਕੇ ਕਾਫ਼ਰ ਨੇ ਹਜ਼ਰਤ-ਮੱਥੇ ਥੁਕਿਆ ਹਜ਼ਰਤ ਨੇ ਝਟ ਹਥ ਆਪਣਾ ਉਸ ਦੇ ਗਲ ਤੋਂ ਚੁਕਿਆ ਕਹਿਣ ਲਗੇ 'ਜੰਗ ਤੇਰਾ ਮੇਰਾ, ਸੀ ਅਸੂਲ ਦਾ ਭਾਈ 'ਕੁਫ਼ਰ ਅਤੇ ਇਮਾਨ ਵਿਚ ਸੀ ਹੁੰਦੀ ਪਈ ਲੜਾਈ ਤੂੰ ਹੁਣ ਮੇਰੇ ਮੂੰਹ ਤੇ ਥੁਕ ਕੇ, ਵੈਰ ਜ਼ਾਤੀ ਹੈ ਅਡਿਆ 'ਹੈ ਹਰਾਮ ਹੁਣ ਤਿਰਾ ਮਾਰਨਾ,ਜਾਹ ਮੈਂ ਤੈਨੂੰ ਛਡਿਆ !' ਕਾਫ਼ਰ ਡਿਗਿਆ ਹਜ਼ਰਤ ਪੈਰੀਂ, ਹੋਯਾ ਅਸੂਲੀ ਬੰਦਾ 'ਸੁਥਰਾ' ਬਣੇ ਜਿ ਜਗ ਤਜ ਦੇਵੇ, ਜ਼ਾਤੀ ਝਗੜਾ ਗੰਦਾ

ਫ਼ੇਅਰਵੈੱਲ

{ਦਸਵੀਂ ਜਮਾਤ ਦਾ ਸਾਲਾਨਾ ਇਮਤਿਹਾਨ ਸ਼ਰੂ ਹੋਣ ਤੋਂ ਪਹਿਲਾਂ ਮੁੰਡਿਆਂ ਤੇ ਮਾਸਟਰਾਂ ਦੇ ਰੁਖ਼ਸਤੀ ਜਲਸੇ ਲਈ} ਫ਼ੇਅਰਵੈੱਲ, ਐ ਮੇਹਰਬਾਨ, ਉਸਤਾਦ ਸਾਹਿਬੋ ਵਿਦਾ ਕਰੋ ਪੁਤਰਾਂ ਜਹੇ ਸ਼ਗਿਰਦਾਂ ਤਾਈ, ਤੋਰੋ, ਕਰੜਾ ਰਿਦਾ ਕਰੋ ਮੇਹਰਬਾਨੀਆਂ ਆਪਦੀਆਂ ਲੱਖ ਲਿਖੀਆਂ ਉਤੇ ਦਿਲ ਦੇ ਨੇ ਸ਼ੁਕਰਗੁਜ਼ਾਰੀ ਲਈ ਜੀਭ ਨੂੰ ਲਫ਼ਜ਼ ਨਾ ਕਾਫ਼ੀ ਮਿਲਦੇ ਨੇ ਸਾਡੇ ਜਹੇ ਹਜ਼ਾਰਾਂ ਲੜਕੇ ਲਾਇਕ ਤੁਸੀਂ ਬਣਾ ਦਿਤੇ ਘਰਾਂ ਹਜ਼ਾਰਾਂ ਵਿਚ ਵਿਦਯਾ ਦੇ ਚਮਤਕਾਰ ਫੈਲਾ ਦਿਤੇ ਆਪ ਤੁਸੀਂ ਏਥੇ ਦੇ ਏਥੇ, ਮੁੰਡੇ ਮੌਜਾਂ ਕਰਦੇ ਨੇ ਬਨ ਕੇ ਜੱਜ ਵਕੀਲ, ਵਗੈਰਾ, ਮਾਯਾ ਖੀਸੇ ਭਰਦੇ ਨੇ ਦਿਓ ਅਸੀਸਾਂ ਸਾਨੂੰ ਭੀ ਕੁਝ ਬਣ ਜਾਈਏ ਕੁਝ ਬਣ ਜਾਈਏ ਮੈਟ੍ਰਿਕ ਬੀ. ਏ. ਐਮ. ਏ. ਹੋ ਕੇ, ਫਿਰ ਭੀ ਧੱਕੇ ਨਾ ਖਾਈਏ ਇਕ ਬੇਨਤੀ ਹੋਰ ਆਪ ਦੇ ਅੱਗੇ ਕਰਦੇ ਸੰਗਦੇ ਹਾਂ ਅਪਨੀਆਂ ਭੁੱਲਾਂ ਤੇ ਸ਼ਰਾਰਤਾਂ ਦੀ ਸਭੇ ਮਾਫ਼ੀ ਮੰਗਦੇ ਹਾਂ ਏਸ ਸਕੂਲ ਪਿਆਰੇ ਨੂੰ ਰਬ ਉੱਨਤੀਆਂ ਹਰ ਪਲ ਬਖਸ਼ੇ ਅਤੇ ਤੁਹਾਨੂੰ ਖੁਸ਼ੀ, ਤਰੱਕੀ, ਇਜ਼ਤ, ਦੌਲਤ, ਬਲ ਬਖਸ਼ੇ ਫ਼ੇਅਰਵੈੱਲ ਐ ਯਾਰ ਸਾਥੀਓ, ਵਿਛੜਨ ਵੇਲਾ ਆਯਾ ਹੈ ਇਮਤਿਹਾਨ ਨੇ ਝੋਟੇ ਵਾਂਗੂੰ ਆ ਕੇ ਖ਼ੌਰੂ ਪਾਯਾ ਹੈ ਨਾ ਏਹ 'ਵੈੱਲ' ਤੇ ਨਾ ਹੈ 'ਫ਼ੇਅਰ' ਪਰ ‘ਫੇਅਰਵੈੱਲ' ਕਹਿੰਦੇ ਹਾਂ ‘ਵੈੱਲ ਫੇਅਰ’ ਹਾਂ ਤੁਹਾਡੀ ਚਾਹੁੰਦੇ, ਦੇਣ ਦੁਆਵਾਂ ਡਹਿੰਦੇ ਹਾਂ ਇਮਤਿਹਾਨ ਨੇ ਆ ਕੇ ਭਾਵੇਂ ਹੋਸ਼ਾਂ ਕੁਲ ਭੁਲਾਈਆਂ ਨੇ ਹਾਸੇ, ਝਗੜੇ, ਬੇਪਰਵਾਹੀਆਂ, ਖੇਡਾਂ ਖ਼ਾਕ ਰੁਲਾਈਆਂ ਨੇ ਮਗਰ ਸ਼ੁਕਰ ਹੈ 'ਦਸ ਨੰਬਰ' ਦੀ ਤੁਸੀਂ ਜਮਾਤੋਂ ਲੰਘੋਗੇ ਇਸ ਰਜਿਸਟਰੋਂ ਨਾਮ ਕਢਾ ਕੇ ਖੁਸ਼ ਹੋ, ਅਕੜੋ ਖੰਘੋਗੇ ਬੇਸ਼ਕ ਮੌਜਾਂ ਇਥੋਂ ਦੀਆਂ ਕਰ ਯਾਦ ਉਮਰ ਭਰ ਰੋਵੋਗੇ ਵਤ 'ਸਟੂਡੈਂਟ' ਬਣਨ ਲਈ, ਪਏ 'ਫ਼ੀਦ' ਵਾਂਗ ਮੂੰਹ ਧੋਵੋਗੇ ਭਾਵੇਂ ਹਿਰਦੇ ਘਿਰਦੇ ਨੇ ਕਿ ਏਥੋਂ ਅਪਾਂ ਨਾ ਜਾਈਏ ਫਿਰ ਭੀ ਸਭ ਏ ਚਾਹੁੰਦੇ ਨੇ ਕਿ ਫੇਹਲ ਹੋ ਮੁੜ ਕੇ ਨਾ ਆਈਏ ਕਈ ਵਿਚਾਰੇ ਕਾਲਜ ਜਾ ਕੇ ਪਏ ਕਾਲਜੇ ਖਾਂਦੇ ਨੇ ਕਈ ਤੇਲ ਹਨ ਪਏ ਵੇਚਦੇ ਕਈ ਬੂਹੇ ਖੜਕਾਂਦੇ ਨੇ ਪਰ ਹੈ ਬਿਨੇ ਦੋਸਤੋ ਮੌਜਾਂ ਤੁਸਾਂ ਤਈਂ ਸਭ ਲਗ ਜਾਵਣ ਕਾਮਯਾਬੀਆਂ ਦੇ ਲਖ, ਦੀਵ, ਤੁਹਾਡੇ ਅਗੇ ਜਗ ਜਾਵਣ ਪਾਸ ਪ੍ਰੀਖਿਆ ਵਿਚੋਂ ਹੋਵੋ, ਮੁੜ ਮੈਟ੍ਰਿਕ ਵਿਚ ਆਓ ਨਾ ਮਗਰ ਸਕੂਲ ਪਿਆਰੇ ਨੂੰ ਦਿਲ ਵਿਚੋਂ ਕਦੀ ਭੁਲਾਓ ਨਾ ਮੌਜਾਂ ਮਾਣੋ, ਬੁੱਲੇ ਲੁਟੋ, ਜਿਥੇ ਰਹੋ ਅਨੰਦ ਲਵੋ ਨੇਕੀ, ਪ੍ਰੇਮ, ਧਰਮ ਨਿਤ ਪਾਲੋ, ਇੱਜ਼ਤ ਸਦਾ ਬਲੰਦ ਲਵੋ ਬਾਗ਼ ਸਕੂਲੋਂ ਪੰਛੀ ਮੁੰਡੇ ਪੜ੍ਹ ਪੜ੍ਹ ਨਿਤ ਉਡ ਜਾਂਦੇ ਨੇ ਕਈ ਪਰਿੰਦੇ ਏਸ ਪਿੰਜਰੇ ਵਿਚ ਨਵੇਂ ਨਿਤ ਹੀ ਆਂਦੇ ਨੇ 'ਸੁਥਰਾ' ਸਮਝੋ ਉਸ ਦਾ ਜੀਵਨ ਜੇੜ੍ਹਾ ਪੜ੍ਹ ਕੇ ਗੁੜ੍ਹ ਜਾਵੇ ਵਰਨਾ ਦੌਲਤ ਮਾਪਿਆਂ ਦੀ ਤੇ ਅਪਨੀ ਉਮਰਾਂ ਰੁੜ੍ਹ ਜਾਵੇ

ਕਿ ਬਾਜ਼ ਆਯਦ ਪਸ਼ੇਮਾਨੀ

ਮੁਗ਼ਲ ਦਰਬਾਰ ਦਾ ਤਾਰਾ ਸੀ ਆਕਲ ਖਾਂ, ਬੜਾ ਮਾਨੀ ਤੇ ਔਰੰਗਜ਼ੇਬ ਦੀ ਭੀ ਉਸ ਤੇ ਸੀ ਡਾਢੀ ਮਿਹਰਬਾਨੀ ਉਦੋਂ ਜ਼ੇਬੁੱਨਿਸਾ ਸੀ ਰਾਜ ਪੁਤ੍ਰੀ ਰੂਪ ਦੀ ਰਾਨੀ ਬੜੇ ਸ਼ਾਇਰ, ਬੜੀ ਫਾਜ਼ਿਲ,ਬੜੀ ਖੁਸ਼ਦਿਲ, ਬੜੀ ਦਾਨੀ ਕਵੀ ਆਕਲ ਸੀ ਘਲਦਾ ਰੋਜ਼ ਲਿਖ ਲਿਖ ਸ਼ੇਅਰ ਲਾਸਾਨੀ ਸ਼ਾਹਜ਼ਾਦੀ ਚੁਪ ਰਹੇ ਅਗੋਂ, ਵਧੇ ਆਕਲ ਦੀ ਨਾਦਾਨੀ ਹਮੇਸ਼ਾ ਬੈਠ ਕੇ, ਲਿਵ ਲਾ, ਪਕੜ ਕਾਗਜ਼ ਅਤੇ ਕਾਨੀ ਲਿਖੇ ਕਵਿਤਾ, ਭੁਲਾ ਸੁਧ ਬੁਧ, ਕਰੇ ਅਪਨਾ ਲਹੂ ਪਾਨੀ ਨ ਅੱਗੋਂ ਵਰ ਜਵਾਬ ਆਵੇ, ਪਸੀਜੇ ਨਾ ਓਹ ਦਿਲ ਜਾਨੀ ਬਿਅਕਲਾ ਵਾਂਗ ਆਕਲ ਦੀ ਵਧੇ ਦਿਨੋ ਦਿਨ ਪਰੇਸ਼ਾਨੀ ਭੜਕ ਕੇ ਜੋਸ਼ ਵਿਚ ਉਸ ਨੌਕਰੀ ਛੱਡਣ ਦੀ ਦਿਲ ਠਾਨੀ ਤੇ ਫ਼ੌਰਨ ਲਿਖ ਕੇ ਅਸਤੀਫ਼ਾ ਜਾ ਕੀਤਾ ਪੇਸ਼ਿ-ਸੁਲਤਾਨੀ ਰੁਕੀ ਰੋਜ਼ੀ, ਨ ਰੁਕਿਆ ਖ਼ਰਚ, ਲੱਗੀ ਹੋਣ ਹੈਰਾਨੀ ਦਿਨੋ ਦਿਨ ਕਰਜ਼ ਚੜ੍ਹਦਾ ਵੇਖ ਆਈ ਯਾਦ ਪੜ-ਨਾਨੀ ਲਿਖੀ ਅਰਜ਼ੀ ਨਜ਼ਮ ਵਿਚ ਬਾਦਸ਼ਾਹ ਵਲ ਕਰ ਸਨਾਖਵਾਨੀ ਸਫ਼ਾਰਸ਼ ਹਿਤ ਕੁਮਾਰੀ ਪਾਸ ਭੇਜੀ: 'ਐ ਮਹਾਂਦਾਨੀ 'ਲੁਆਓ ਫਿਰ ਮੇਰਾ ਰੁਜ਼ਗਾਰ,ਮਰ ਜਾਵਾਂ ਨ ਬਿਨ ਪਾਨੀ ਕੁਮਾਰੀ ਖੂਬ ਹੱਸੀ, ਕਲਮ ਫੜ ਕੇ ਏਹ ਲਿਖੀ ਬਾਨੀ:- 'ਸ਼ੁਨੀਦਮ ਭਰਕਿ ਖ਼ਿਦਮਤ ਕਰਦ ਆਕਲ ਖਾਂ ਬ-ਨਾਦਾਨੀ 'ਚੁਰਾ ਕਾਰੇ ਕੁਨਦ ਆਕਲ ਕਿ ਬਾਜ਼ ਆਯਦ ਪਸ਼ੇਮਾਨੀ ?'

ਬੇਪ੍ਰਵਾਹੀਆਂ

ਮੈਨੂੰ ਕੀ ? ਜੇ ਨੈਣ ਕਿਸੇ ਦੇ ਸੁੰਦਰ, ਮਸਤ, ਮਤਵਾਲੇ ਨੇ ਹੋਣ ਪਏ, ਜੇ ਕੇਸ ਕਿਸੇ ਦੇ ਨਾਗ ਸ਼ੂਕਦੇ ਕਾਲੇ ਨੇ ਰੰਗ ਚੰਬੇਲੀ, ਬੁਲ੍ਹ ਗੁਲਾਬੀ, ਚਿਹਨ-ਚਕ੍ਰ ਅਣਿਆਲੇ ਨੇ ਮੈਨੂੰ ਕੀ ? ਜੇ ਹੱਥ ਕਿਸੇ ਦੇ ਕੋਮਲ ਕਮਲ ਨਿਰਾਲੇ ਨੇ ਦੁਨੀਆਂ ਪਾਗ਼ਲ ਬਣਦੀ ਹੈ ਤਾਂ ਬਣੇ ਇਸ਼ਕ ਦਿਖਲਾਵਣ ਨੂੰ ਆਪਾਂ ਨੂੰ ਨਹੀਂ ਕਿਹਾ ਵੈਦ ਨੇ ਰੋਗ ਅਜੇਹਾ ਲਾਵਣ ਨੂੰ ਦੱਸੋ ਭਲਾ, ਵੇਖ ਫੁਲ ਖਿੜਿਆ, ਕਿਉਂ ਤਰਸਾਂ ਲਲਚਾਵਾਂ ਮੈਂ ? ਦੁੜਕ ਛਾਲ ਚਿੱਕੜ ਵਿਚ ਮਾਰਾਂ, ਬਲ ਤੋੜਨ ਹਿਤ ਲਾਵਾਂ ਮੈਂ ? ਕਿਉਂ ਬੂਟੇ ਵਿਚ ਹੱਥ ਮਾਰ ਕੇ, ਜ਼ਖ਼ਮ ਕੰਡੇ ਦਾ ਖਾਵਾਂ ਮੈਂ ? ਮੂਰਖ ਬਣਾਂ, ਮਖੌਲ ਕਰਾਵਾਂ, ਕਿਉਂ ਕਪੜੇ ਪੜਵਾਵਾਂ ਮੈਂ ? ਫੁਲ ਦੀ ਗੰਧ ਤਾਂ ਆਪੇ ਉਡ ਕੇ, ਸਾਡੇ ਵਲ ਆ ਜਾਣੀ ਹੈ ਅਸਾਂ ਆਪਣੀ ਬੇ-ਪਰਵਾਹੀ ਦੀ ਕਿਉਂ ਸ਼ਾਨ ਗਵਾਣੀ ਹੈ ਚੰਦ-ਚਾਨਣੀ ਦੇਖ ਭਲਾ ਮੈਂ ਹਉਕੇ ਭਰ ਭਰ ਰੋਵਾਂ ਕਿਉਂ ? ਕਰ ਕਰ ਯਾਦ 'ਕਿਸੇ' ਦਾ ਮੁਖੜਾ, ਜਾਨ ਆਪਣੀ ਖੋਵਾਂ ਕਿਉਂ ? ਮਿੱਠੀ ਨੀਂਦ ਛੱਡ ਕੇ ਤੜਫਾਂ, ਬੈਠਾਂ, ਤੁਰਾਂ, ਖਲੋਵਾਂ ਕਿਉਂ ? ਦਰਸ਼ਨ ਇਕ ਕਿਸੇ ਦੇ ਖ਼ਾਤਰ, 'ਰਬ' ਦਾ ਅੱਝੀ ਹੋਵਾਂ ਕਿਉਂ ? ਬਦੋਬਦੀ ਕਿਉਂ ਭੇਟ ਕਰਨ ਨੂੰ, ਸਿਰ ਦਿਲ ਹਥ ਤੇ ਲਈ ਫਿਰਾਂ ? ਹੰਕਾਰੀ ਦੇ ਠੁੱਡ ਖਾਣ ਨੂੰ, ਕਿਉਂ ਪੈਰੀਂ ਸਿਰ ਦਈ ਫਿਰਾਂ ? ਮੈਂ ਬੇਸ਼ਕ ਇਸ ਜਗ ਤੇ ਹਰ ਦਮ ਹਸਦਾ ਅਤੇ ਹਸਾਂਦਾ ਹਾਂ ਪਰ ਨਾ ਚਾਹ-ਸ਼ਿਕੰਜੇ ਅੰਦਰ ਆਪਣਾ ਦਿਲ ਕੁੜਕਾਂਦਾ ਹਾਂ ਫੁਲ ਦੀ ਖ਼ੁਸ਼ਬੂ ਨੂੰ ਹਾਂ ਸੁੰਘਦਾ, ਨਾ ਕਿ ਉਸ ਨੂੰ ਖਾਂਦਾ ਹਾਂ ਕੋਈ ਪਦਾਰਥ ਦੇਖ ਜਗਤ ਦਾ ਰਾਲ ਨਹੀਂ ਟਪਕਾਂਦਾ ਹਾਂ ਮੇਰਾ ਦਿਲ ਹੈ ਮੇਰੇ ਵਸ ਵਿਚ, ਜਿਧਰ ਚਾਹਾਂ ਚਲਾਵਾਂ ਮੈਂ ਤਦੇ ਕਮਲ ਸਮ ਜਗ ਵਿਚ 'ਸੁਥਰਾ' ਬੇ-ਪਰਵਾਹ ਕਹਾਵਾਂ ਮੈਂ

ਅਮੀਰ ਦੀ ਛੋਹ

ਇਕ ਸਾਧੂ ਦੀ ਕੁਟੀਆ ਵਿਚ ਇਕ ਧਨੀ ਮੁਸਾਫਰ ਆਯਾ ਆਦਰ ਕੀਤਾ ਸਾਧੂ ਨੇ ਤੇ ਜਲ-ਪਰਸ਼ਾਦ ਛਕਾਯਾ ਰਾਤੀਂ ਓਥੇ ਡੇਰਾ ਕੀਤਾ, ਓਸ ਪਦਾਰਥ ਵਾਲੇ ਭੁੰਜੇ ਸੌਣ ਲਗਿਆਂ ਉਸ ਨੇ ਨਖਰੇ ਕਈ ਦਿਖਾਲੇ ਕਹਿਣ ਲਗਾ 'ਅਫ਼ਸੋਸ, ਬਣੀ ਹੈ ਅਜ ਮੈਨੂੰ ਮਜਬੂਰੀ ‘ਵਰਨਾ ਐਸੀ ਥਾਂ ਵਿਚ ਮੇਰੀ ਸੌਂਦੀ ਨਹੀਂ ਕਤੂਰੀ !' ਉਸ ਦੇ ਪਿਛੇ ਲਗੇ ਹੋਏ ਸਨ ਸ਼ਹਿਰੋਂ ਹੀ ਕੁਝ ਡਾਕੂ ਪੈਸੇ ਖਾਤਰ ਫ਼ੜੀ ਜੁ ਫਿਰਦੇ ਸਨ ਛੁਰੀਆਂ ਤੇ ਚਾਕੂ ਮੌਕਾ ਤਾੜ ਉਨ੍ਹਾਂ ਨੇ ਅੱਧੀ ਰਾਤੀਂ ਹਮਲਾ ਕੀਤਾ ਛਵ੍ਹੀਆਂ ਤੇ ਗੰਡਾਸੇ ਫੜ ਕੇ ਘੇਰ ਧਨੀ ਨੂੰ ਲੀਤਾ ਕਹਿਣ ਲਗੇ 'ਜੋ ਕੁਝ ਹੋ ਪੱਲੇ, ਆਪੇ ਕਢ ਕੇ ਧਰ ਦੇ 'ਨਾਲੇ ਇਕ ਹੁੰਡੀ ਚਿਕ ਤੇ ਫੌਰਨ ਦਸਖਤ ਕਰ ਦੇ !' ਆਕੜਖ਼ਾਨ ਅਮੀਰ, ਬੱਚਿਆਂ ਸਮ ਰੋਵੇ ਚਿਚਲਾਵੇ ਪੈਸਾ ਇਕ ਨ ਦੇਣਾ ਚਾਹੇ, ਲੱਖ ਵਾਸਤੇ ਪਾਵੇ ਸਾਧ ਉਸ ਦੀ ਮਦਦ ਵਾਸਤੇ, ਫਰਜ਼ ਸਮਝ ਕੇ ਆਯਾ ਮਾਰ, ਡਾਕੂਆਂ ਛੁਰੇ, ਦੋਹਾਂ ਨੂੰ, ਕਰਨੋਂ ਸ਼ੋਰ ਹਟਾਯਾ ਮਰਨ ਲਗਿਆਂ ਸਾਧੂ ਹਸਿਆ, ਦੇਖੋ ਧਨ ਦੇ ਕਾਰੇ 'ਇਸ ਕੁਟੀਆਂ ਵਿਚ ਸੱਠ ਸਾਲ ਮੈਂ ਬੇ ਤਕਲੀਫ਼ ਗੁਜ਼ਾਰੇ, 'ਅੱਜੋ ਇਕ ਅਮੀਰ ਆ ਗਿਆ, ਛੂਤ ਅਜੇਹੀ ਲੱਗੀ, ਬਿਨਾਂ ਦੋਸ਼ ਹੀ ਮੇਰੇ ਗਲ ਤੇ ਛੁਰੀ ਤੇਜ਼ ਹੋ ਵੱਗੀ 'ਧਨ ਵਾਲੇ ਦੀ ਪਲ ਸੰਗਤ ਤੋਂ ਇਉਂ ਸਿਰ ਹਨ ਲਹਿੰਦੇ, 'ਕੀ ਗਤ ਬਣੂ ਉਨ੍ਹਾਂ ਦੀ 'ਸੁਥਰੇ' ? ਜੋ ਨਿਤ ਧਨ ਵਿਚ ਰਹਿੰਦੇ

ਮਾਲਣ

‘ਰਾਧਾ-ਦਰਸ਼ਨ' ਹੇਤ 'ਕ੍ਰਿਸ਼ਨ' ਨੇ ਸ਼ਕਲ ਬਣਾਈ ਮਾਲਣ ਦੀ ਕਿਸੇ ਨੈਣ ਤੋਂ ਜਾਚ ਸਿੱਖ ਲਈ ਪਟੀਆਂ ਚੁਪੜਨ-ਢਾਲਣ ਦੀ ਕੱਜਲ ਪਾ ਕੇ ਸ਼ਕਤਿ ਵਧਾ ਲਈ ਨੈਣੀਂ ਡੋਰੇ ਡਾਲਣ ਦੀ ਅੰਗੀ, ਚੂੜੀ, ਗਾਨੀ, ਸਾੜ੍ਹੀ ਮੰਗ ਲਈ ਕਿਸੇ ਅਯਾਲਣ ਦੀ ਖੋਹ ਲੀਤੀ ਗੁਲਦਸਤੇ-ਜਲ ਹਿਤ ਮਟਕੀ ਇਕ ਗਵਾਲਣ ਦੀ ਬਣ ਤਣ ਨਿਕਲੀ ਚਟਕੀਂ ਮਟਕੀਂ, ਚੇਲੀ ਕਿਸੇ ਬੰਗਾਲਣ ਦੀ ਲੋਕ ਅਚੰਭਾ ਹੋਣ ਦੇਖਿ ਛਬਿ ਮਾਲਣ, ਬਾਰਾਂ ਤਾਲਣ ਦੀ ਰਾਧਾਂ ਦੇ ਘਰ ਮੂਹਰੇ ਜਾ ਕੇ ਦਿਤੀ, ਵਾਜ ਜਗਾਲਣ ਦੀ- 'ਫੁਲ, ਗ਼ਜਰੇ, ਗੁਲਦਸਤੇ, ਮਾਲਾ ਲੌ ਨਰਗਸ ਮਤਵਾਲਣ ਦੀ 'ਮਾਲਣ ਆਈ ਬੂਟੀ ਲੈ ਕੇ ਜਜ਼ਬੇ ਮਰੇ ਜਿਵਾਲਣ ਦੀ । ਤਬਕੀ ਰਾਧਾ, ਧੂ ਪਈ ਦਿਲ ਵਿਚ, ਵਾਜ ਪਛਾਣੀ, ਲਾਲਣ ਦੀ ਮਸਤ ਚੜ੍ਹ ਗਈ, ਹੋਸ਼ ਰਹੀ ਨਾ, ਸਾੜ੍ਹੀ ਸਿਰੇ ਸੰਭਾਲਣ ਦੀ ਦੌੜੀ, ਦਸ਼ਾ ਅਜੀਬ ਹੋ ਗਈ, ਉਸ ਬਿਰਹਣ-ਬੇਹਾਲਣ ਦੀ ਸਿਰੋਂ ਪੈਰ ਤਕ, ਪੈਰੋਂ ਸਿਰ ਤਕ, ਦੇਖੇ ਸੂਰਤ ਮਾਲਣ ਦੀ ਕਰੇ ਨ ਕੁਝ ਪਰਵਾਹ, ਲਮਘੁੰਡੀ ਮਾਲਣ ਮੂੰਹ ਦਿਖਾਲਣ ਦੀ ਰਾਧਾ ਦਾ ਦਿਲ ਧੜਕੇ, ਸੋਚੇ ਜੁਗਤੀ ਘੁੰਡ ਉਠਾਲਣ ਦੀ ਪੁਛਿਆ 'ਮਾਲਣ ! ਲੋੜ ਪਈ ਕੀ ਫੁਲ ਬਿਦੋਸ਼ੇ ਘਾਲਣ ਦੀ ਉਤਰ ਮਿਲਿਆ ਸਿਖਣੀ ਸੀ ਮੈਂ ਰੀਤ ਪ੍ਰੀਤ ਦੇ ਪਾਲਣ ਦੀ ਫਿਰ ਪੁਛਿਆ 'ਕਿਸ ਜਾਚ ਦਸੀ ਤੁਧ ਹਿਰਦੇ ਫੁਲ ਉਧਾਲਣ ਦੀ?' ਬੋਲੀ 'ਜਿਸ ਬਖਸ਼ੀ ਤੁਧ ਸ਼ਕਤੀ ਪ੍ਰੇਮ ਮੁਆਤੇ ਬਾਲਣ ਦੀ ।' ਫਿਰ ਪੁਛਿਆ 'ਕਿਉਂ ਵਯੋਂਤ ਕਰੇਂ ਤੂੰ ਮੁੜ੍ਹਕੇ ਨਾਲ ਨਵ੍ਹਾਲਣ ਦੀ ?' ਬੋਲੀ 'ਫੁਲ ਲੈਣੇ ਤਾਂ ਲੈ ਲੈ, ਕਰੇ ਨ ਟਾਲਣ ਵਾਲਣ ਦੀ ।' ਰਾਧਾ ਰੋਈ, ਸ਼ਯਾਮ ਹੱਸ ਪਏ, ਗਲ ਭਈ ਮਨ ਹੰਗਾਲਣ ਦੀ ‘ਸੁਥਰੇ’ ਜੋਗਣ-ਮਾਲਣ ਬਣ ਜਾ, ਲੋੜ ਜੇ ਉਸ ਦੇ ਭਾਲਣ ਦੀ

ਹੱਸਾਂ ਕਦੋਂ ਤੇ ਰੋਵਾਂ ਕਦੋਂ

ਇਕ ਮਿੱਤਰ ਨੇ ਪੁਛਿਆ 'ਸੁਥਰੇ' ਤੂੰ ਨਿਤ ਹਸਦਾ ਦਿਸਦਾ ਹੈਂ 'ਖਬਰੇ ਜਗ ਤੇ ਤੂੰ ਕੀ ਲੱਭਿਆ ? ਕਦੇ ਨ ਰੋਂਦਾ ਦਿਸਦਾ ਹੈਂ? ਮੈਂ ਹੱਸ ਕਿਹਾ 'ਅਞਾਣੇ ਯਾਰਾ, ਬੇਸ਼ਕ ਮੈਂ ਖੁਸ਼ ਰਹਿੰਦਾ ਹਾਂ 'ਜ਼ਰਾ ਜ਼ਰਾ ਗੱਲ ਪਿਛੇ ਰੋ ਰੋ ਨਿਤ ਭੁੰਜੇ ਨਾ ਲਹਿੰਦਾ ਹਾਂ 'ਸਿਰ ਤੇ ਔਕੁੜ ਕੋਈ ਜੇ ਆਵੇ, ਟਾਲ ਛਡਾਂ ਮੈਂ ਹਸ ਹਸ ਕੇ ਚਿੰਤਾਂ ਤਈਂ ਚਪੇੜਾਂ ਲਾਵਾਂ ਮੁਸਕਰਾਹਟ ਦੀਆਂ ਕਸ ਕਸ ਕੇ ਕਾਮਯਾਬ ਇਸ ਜਗ ਤੇ ਕੋਈ ਰੋਂਦੂ ਕਦੇ ਨ ਹੋਯਾ ਹੈ 'ਖਿੜਵੀਂ ਦਿੜ੍ਹਤਾ ਅਰਸ਼ ਚੜ੍ਹਾਵੇ, 'ਬੁੜ ਬੁੜ' ਦੇਂਦੀ ਟੋਯਾ ਹੈ 'ਇਸ ਤੋਂ ਛੁਟ ਜਗ ਦੀ ਬੇ-ਅਕਲੀ ਮੈਨੂੰ ਸਦਾ ਹਸਾਂਦੀ ਹੈ 'ਗ਼ਮ ਦੇ ਛੱਪੜ ਆਪੇ ਪੁਟ ਕੇ ਦੁਨੀਆਂ ਗੋਤੇ ਖਾਂਦੀ ਹੈ 'ਜਿਸ ਨੂੰ ਵੇਖੋ ਵਾਂਗ ਸ਼ੁਦਾਈਆਂ ਬੌਂਦਲਿਆ ਨਿਤ ਫਿਰਦਾ ਹੈ 'ਆਸ-ਖਿਲੌਣੇ ਘੜ ਕੇ ਭੰਨ ਕੇ ਪਿਆ ਖੋਰਦਾ ਹਿਰਦਾ ਹੈ ਤਕੜੇ ਅਗੇ ਲਿੱਲੜੀਆਂ ਤੇ ਆਕੜ-ਨਫ਼ਰਤ ਮਾੜੇ ਤੇ 'ਜਿਸ ਵਲ ਤੱਕੋ ਨਜ਼ਰ ਟਿਕਾਈ ਬੈਠੇ ਲੁਟ ਤੇ ਧਾੜੇ ਤੇ 'ਸ਼ਾਂਤ ਖੁਸ਼ੀ ਹੈ ਅਪਨੇ ਅੰਦਰ, ਲੋਕ ਉਦਾਲੇ ਲਭਦੇ ਨੇ 'ਇਸ ਕੋਸ਼ਿਸ਼ ਵਿਚ ਅਜਬ ਹਸੌਣੇ ਮੂੰਹ ਬਣ ਜਾਂਦੇ ਸਭ ਦੇ ਨੇ 'ਏਹ ਅਞਾਣੀਆਂ ਮੂਰਖਤਾਈਆਂ ਵਖ ਕਲੀ-ਦਿਲ ਖਿਲਦੀ ਹੈ 'ਇਸ ਹਾਸੇ ’ਚੋਂ ਵੇਹਲ ਰੋਣ ਦੀ ਮੈਨੂੰ ਜ਼ਰਾ ਨ ਮਿਲਦੀ ਹੈ 'ਐਪਰ ਕਦੀ ਜੇ ਦੁਖੀਆ ਕੋਈ ਮੈਨੂੰ ਨਜ਼ਰੀ ਆਂਦਾ ਹੈ 'ਖੁਸ਼ ਰਹਿਣ ਨੈਣਾਂ 'ਚੋਂ ਪਾਣੀ ਬੇਵਸ ਮੀਂਹ ਵਸਾਂਦਾ ਹੈ 'ਹਸਦਾ ਹਾਂ ਤਾਂ ਸਭ ਨੂੰ ਦਸ ਕੇ, ਰੋਂਦਾ ਹਾਂ ਤਾਂ ਲੁਕ ਲੁਕ ਕੇ 'ਕਰਾਂ ਟਿਚਕਰਾਂ ਅੱਡੀਆਂ ਚੁਕ ਚੁਕ ਦਰਦ ਵੰਡਾਵਾਂ ਝੁਕ ਝੁਕ ਕੇ 'ਲਭਿਆ 'ਸੁਥਰਾ' ਭੇਤ ਇਹੋ ਜਗ, ਖੁਸ਼ੀ-ਬੀਜ ਇਉਂ ਬੋਂਦਾ ਹਾਂ 'ਅਪਨੇ ਦੁਖ ਤੇ ਹਸਦਾ ਹਾਂ, ਦੂਜੇ ਦੇ ਦੁਖ ਤੇ ਰੋਂਦਾ ਹਾਂ।'

ਉਡੀਕ ਦਾ ਰੋਗ ਤੇ ਉਸ ਦਾ ਇਲਾਜ

ਵਾਹ ਜਗ ਨੂੰ ਕਿਵੇਂ 'ਉਡੀਕ' ਪਰੀ, ਉਂਗਲਾਂ ਤੇ ਪਈ ਨਚਾਂਦੀ ਹੈ ਮਾਸ਼ੂਕ ਵਾਂਗ, ਇਕਰਾਰਾਂ ਵਿਚ, ਦਿਨ, ਹਫ਼ਤੇ, ਸਾਲ ਬਿਤਾਂਦੀ ਹੈ 'ਤ੍ਰਿਸ਼ਨਾਂ' ਦੀ ਜੇਠੀ ਪੁਤਰੀ ਇਹ, ਆਸ਼ਾ ਦੀ ਅੰਮਾਂ ਜਾਈ ਹੈ ਜ਼ੁਲਫਾਂ ਦੀ ਭੁੱਲ ਭੁਲਾਈਆਂ ਵਿਚ, ਸਭ ਸ੍ਰਿਸ਼ਟੀ ਏਸ ਫਸਾਈ ਹੈ ਉਤੋਂ ਕੁਝ ਭੋਲੇ ਕਵੀਆਂ ਨੇ ਹੈ ਇਸ ਨੂੰ ਸਿਰੇ ਚੜ੍ਹਾ ਦਿਤਾ ਪੁਲ ਬੰਨ੍ਹ ਬੰਨ੍ਹ ਇਸਦੀ ਉਪਮਾ ਦੇ ਜਗ ਇਸ ਦੇ ਪਿੱਛੇ ਲਾ ਦਿਤਾ ਕਹਿੰਦੇ ਨੇ 'ਕਰੋ ਉਡੀਕ ਅਗਰ ਤਾਂ ਆਖ਼ਰ ਦਾਮਨ ਭਰਦਾ ਹੈ 'ਜਿਉਂ 'ਦਰ ਦਾ ਕੁੱਤਾ’ ਬਹਿ ਬਹਿ ਕੇ ਕੋਈ ਟੁਕੜਾ ਲੈ ਹੀ ਮਰਦਾ ਹੈ।' ਇਸ ਗ਼ਲਤ ਸਬਕ ਦੇ ਅਸਰ ਹੇਠ ਨਿਤ ਆਸ਼ਕ ਦੁਖ ਉਠਾਂਦੇ ਨੇ ਦਿਨ ਰਾਤ ਉਡੀਕਾਂ ਕਰਦੇ ਨੇ, ਮਾਸ਼ੂਕਾਂ ਤਈਂ ਧਿਆਂਦੇ ਨੇ 'ਮ੍ਰਿਗ ਤ੍ਰਿਸ਼ਨਾਂ' ਵਾਂਗ ਉਡੀਕਾਂ ਵਿਚ ਤਪਦਿਕ ਜਿਹਾ ਲਾ ਬਹਿੰਦੇ ਨੇ ਜਲ 'ਵਸਲ' ਤਾਂ ਮੂੰਹ ਕੀ ਪੈਣਾ ਸੀ? ਅਲਬੱਤਾ ਸੱਲ ਲੱਖ ਸਹਿੰਦੇ ਨੇ ਹਾਇ, ਤੋਬਾ, ਹਾੜੇ, ਤਰਲੇ ਤੇ ਦੰਦ ਵਿਲਕਣ ਰੋਵਣ ਅਰਜ਼ਾਂ ਦੀ ਹੈ ਜਾਚ 'ਉਡੀਕ' ਸਿਖਾ ਦੇਂਦੀ, ਕਈ ਬਹਿਰਾਂ, ਵਜ਼ਨਾਂ,ਤਰਜ਼ਾਂ ਦੀ ਇਸ ਛੂਤ ਰੋਗ ਤੋਂ ਆਸ਼ਿਕ ਹੀ ਨਾ ਕੇਵਲ ਖੂਨ ਸੁਕਾਂਦੇ ਨੇ ਸਭ ਹੋਰ ਲੋਕ ਭੀ ਖੁਸ਼ੀ ਖੁਸ਼ੀ ਦਿਲ ਇਸ ਦਾ 'ਜਰਮ' ਬਿਠਾਂਦੇ ਨੇ ਜੋ 'ਤਾਜਰ ਹੈ ਉਹ ਗਾਹਕ ਦੀਆਂ ਹਰ ਵਕਤ ਉਡੀਕਾਂ ਰਖਦਾ ਹੈ ਤੇ ਕਾਰੀਗਰ ਇਸ ਰੋਗ ਵਿਚ, ਪਿਆ ਝਿੜਕਾਂ ਝੰਬਾਂ ਚਖਦਾ ਹੈ ਉਸਤਾਦ ਉਡੀਕਣ ਮੁੰਡਿਆਂ ਨੂੰ ਤੇ ਵੈਦ-ਹਕੀਮ ਮਰੀਜ਼ਾਂ ਨੂੰ ਹਰ ਕੋਈ ਉਡੀਕੇ ਜ਼ਰ-ਜ਼ਮੀਨ ਯਾ ਮਿੱਤਰ-ਯਾਰ ਅਜ਼ੀਜ਼ਾਂ ਨੂੰ ਜੋਗੀ ਭੀ ਕਰੇ ਤਪੱਸਯਾ ਜੋ, ਓਹ ਨਹੀਂ ਉਡੀਕੋਂ ਬਚਿਆ ਹੈ ਚਾਅ ਅਪਨੇ ਪ੍ਰਭੂ ਦੇ ਦਰਸ਼ਨ ਦਾ ਉਸ ਰੋਮ ਰੋਮ ਵਿਚ ਰਚਿਆ ਹੈ ਮਤਲਬ ਕੀ ਚਕਵੀ-ਚਕਵੇ ਜਯੋਂ ਹਰ ਕੋਈ ਉਡੀਕੀਂ ਮੋਯਾ ਹੈ ਪਰ ਦੱਸੋ ਖਾਂ, ਕੰਮ ਕਿੰਨਿਆਂ ਦਾ, ਮਨ-ਭਾਂਦਾ ਪੂਰਾ ਹੋਯਾ ਹੈ ? ਮਰਦੇ ਤਾਂ ਅਰਬਾਂ ਖਰਬਾਂ ਨੇ, ਇਕ ਅਧ ਦੀ ਕਿਸਮਤ ਫਲਦੀ ਹੈ ਇਉਂ ਛੁਰੀ ਉਡੀਕਾਂ ਦੀ ਸਭ ਤੇ ਪਈ ਸਾਰੀ ਉਮਰਾ ਚਲਦੀ ਹੈ 'ਸੁਥਰੇ’ ਨੇ ਇਸ ਬੀਮਾਰੀ ਦਾ ਇਹ ਦਸਿਆ ਦਾਰੂ ਸ਼ਾਹੀ ਹੈ ਸੁਖ-ਸੋਮਾ ਬੇ ਪਰਵਾਹੀ, ਹੈ, ਦੁਖ-ਭਰੀ ਉਡੀਕਾਂ-ਫਾਹੀ ਹੈ ਜਿਸ ਔਣਾ ਹੈ ਉਸ ਔਣਾ ਹੈ, ਕਿਉਂ ਤਰਲੇ ਕਰ ਕਰ ਮਰੇ ਕੋਈ? ਜੋ ਮਿਲਨਾ ਹੈ ਸੋ ਮਿਲਨਾ ਹੈ,ਕਿਉਂ ਲਾਲਾਂ ਮੂੰਹ ਵਿਚ ਭਰੇ ਕੋਈ? ਹੈ ਆਰ ਗੰਗਾ ਤੇ ਪਾਰ ਗੰਗਾ ਵਿਚਕਾਰ ਹਾਂ ਮੈਂ ਤੇ ਤੂੰ ਸਜਣਾ ਜੋ ਲਹਿਣਾ ਹੈ ਸੋ ਲੈਣਾ ਹੈ, ਨਾਸਾਂ ਵਿਚ ਦੇ ਕੇ ਧੂੰ ਸਜਣਾ ਜਦ ਪਹਿਲਾਂ ਪ੍ਰੇਮ, ਪ੍ਰੀਤਮ ਦੇ ਹੀ ਅੱਡਾ ਰਿਦੇ ਜਮੌਂਦਾ ਹੈ ਦੀਵਾ ਖੁਦ ਪਹਿਲਾਂ ਜਲਦਾ ਹੈ ਪਿਛੋਂ ਪਰਵਾਨਾ ਔਂਦਾ ਹੈ ਤਾਂ ਪ੍ਰੇਮੀ ਨੂੰ ਕੀ ਲੋੜ ਪਈ ਹੈ ਵਿਚ ਉਡੀਕਾਂ ਰੋਵਣ ਦੀ ? ਬੇ-ਫ਼ੈਦਾ ਮੱਥਾ ਰਗੜਨ ਤੇ ਹਥ ਜੋੜਨ ਫਾਵੇ ਹੋਵਣ ਦੀ ? ਦੁਨੀਆਂ ਵਿਚ ਜਿਸ ਦੇ ਮਗਰ ਪਵੋ ਉਹ ਸਗੋਂ ਭਾਰਾਂ ਤੇ ਪੈਂਦਾ ਹੈ ਤੇ ਜਿਸ ਦੀ ਨਾ ਪਰਵਾਹ ਕਰੋ ਓਹ ਖੁਦ ਪੱਲਾ ਫੜ ਲੈਂਦਾ ਹੈ ਮੰਗਿਆਂ ਤਾਂ ਮੌਤ ਭੀ ਮਿਲਦੀ ਨਾ, ਮੂੰਹ ਟਡਿਆਂ ਪੈਂਦੀ ਮੱਖੀ ਨਾ ਹੈ ਮੌਤੋਂ ਬੁਰੀ ਉਡੀਕ ਬਣੀ, ਬਚ ਸਕੇ ਕਰੋੜੀ-ਕੱਖੀ ਨਾ ਹੈ ਗਾਲਿਬ ਕਹਿੰਦਾ, 'ਪਤਾ ਨਹੀਂ ਕਿਉਂ ਆਂਸੂ ਨੈਣੀ ਭਰੇ ਕੋਈ? 'ਜੇ ਤਜੇ ਉਡੀਕ ਤਵੱਕੋ ਤਾਂ ਕਿਉਂ ਗਿਲਾ ਕਿਸੇ ਦਾ ਕਰੇ ਕੋਈ?' ਭਗਵਾਨ ਕ੍ਰਿਸ਼ਨ ਫ਼ਰਮਾਂਦੇ ਨੇ, 'ਤਜ ਫਲ ਦੀ ਆਸ਼ਾ ਕਰਮ ਕਰੋ 'ਫਲ ਦੇਣਾ ਵਸ ਹੈ ਦਾਤੇ ਦੇ ਕਿਉਂ ਤੁਸੀਂ ਉਡੀਕਾਂ ਵਿਚ ਮਰੋ ?' ਮਤਲਬ ਕੀ ? ਗਿਲੇ,ਸ਼ਿਕੈਤਾਂ ਤੇ ਸ਼ਿਕਵੇ, ਦੁਖ ਕਸ਼ਟ ਨਿਰਾਸਾਂ ਦੇ ਸਭ ਸਿੱਟੇ ਹੈਨ ਉਡੀਕਾਂ ਦੇ, ਸਭ ਹੈਨ ਨਤੀਜੇ ਆਸਾਂ ਦੇ ਜੇ ਬਚਣਾ ਚਾਹੋ ਫਿਕਰਾਂ ਤੋਂ, ਤੇ ਗ਼ਮਾਂ, ਹੌਕਿਆਂ ਚੀਕਾਂ ਤੋਂ, ਤਾਂ ਸੁਣੋ ਨਾ ਸਿਫਤ ਉਡੀਕਾਂ ਦੀ ਬਲਕਿ ਰਹੁ ਦੂਰ ਉਡੀਕਾਂ ਤੋਂ

ਜਿਧਰ ਬਹੁਤੇ ਓਧਰ ਹਮ

ਥੋੜੇ ਹਨ ਓਹ ਲੋਕ ਜੋ ਜਗ ਤੇ ਸ਼ਾਹ-ਬਾਦਸ਼ਾਹ ਬਣਦੇ ਨੇ ਥੋੜੇ ਹਨ ਜੋ ਫਤ੍ਹੇਯਾਬੀਆਂ, ਵਿਖਲਾਂਦੇ ਵਿਚ ਰਣ ਦੇ ਨੇ ਬੜੇ ਹਨ ਜੋ ਕ੍ਰੋੜਪਤੀ ਬਣ ਮੌਜਾਂ ਮੇਲੇ ਕਰਨ ਸਦਾ ਥੋੜੇ ਹਨ ਜੋ ਬਣ ਸੌਦਾਗਰ ਦੌਲਤ-ਖੀਸੇ ਭਰਨ ਸਦਾ ਥੋੜੇ ਹਨ ਜੋ ਦੁਨੀਆਂ ਅੰਦਰ ਮਜ਼ਾ ਲੈਣ ਮਸ਼ਹੂਰੀ ਦਾ ਥੋੜੇ ਹਨ ਜੋ ਲੈਂਦੇ ਦਿਸਣ ਸੁਖ-ਅਰੋਗਤਾ ਪੂਰੀ ਦਾ ਥੋੜੇ ਹਨ ਜੋ ਸਾਇੰਸ ਪੜ੍ਹ ਕੇ ਕਾਢਾਂ ਨਵੀਆਂ ਕਢਦੇ ਨੇ ਥੋੜੇ ਹਨ ਜੋ ਸਾਗਰ ਚੀਰਨ ਤੇ ਪਰਬਤ ਨੂੰ ਵਢਦੇ ਨੇ ਥੋੜੇ ਹਨ ਜੋ ਅਗੇ ਵਧ ਕੇ ਲੀਡਰ ਬਣਦੇ ਲੋਕਾਂ ਦੇ ਥੋੜੇ ਹਨ ਹਰ ਫ਼ਨ ਦੇ ਮੌਲਾ, ਕਾਰੀਗਰ ਸਭ ਥੋਕਾਂ ਦੇ ਥੋੜੇ ਹਨ ਜੋ ਚਿੱਤ੍ਰਕਾਰ ਬਣ ਬੁਰਸ਼ ਨਾਲ ਜਗ ਮੋਂਹਦੇ ਨੇ ਥੋੜੇ ਹਨ ਜੋ ਮਹਾਂ ਕਵੀ ਬਣ ਕਲਮ ਨਾਲ ਜਗ ਕੋਂਹਦੇ ਨੇ ਥੋੜੇ ਹਨ ਜੋ ਇਸ਼ਕ ਕਮਾ ਕੇ ਸਫਲ ਮਨੋਰਥ ਹੋ ਜਾਂਦੇ ਨੇ ਥੋੜੇ ਹਨ ਜੋ ਜੋਬਨ-ਮਸਤੀ ਵਿਚ ਨਿਜ ਹਸਤੀ ਖੋ ਜਾਂਦੇ ਨੇ ਬੇ-ਸ਼ੁਮਾਰ ਹਨ ਜੋ ਸਭ ਏਹਨਾਂ ਵਡਪਣਿਆਂ ਤੋਂ ਵਾਂਜੇ ਨੇ ਗਲ ਜਿਨ੍ਹਾਂ ਦੇ ਕਿਸੇ ਭਟਕਣਾ ਦੇ ਨਾ ਝਗੜੇ ਝਾਂਜੇ ਨੇ ਜਿਨ੍ਹਾਂ ਨਾਲ ਨਾ ਕਰ ਮੁਕਾਬਲਾ ਕੋ ਰਕੀਬ ਹਨ ਲੜ ਮਰਦੇ ਨਹੀਂ ਈਰਖਾ ਕੋਈ ਜਿਨ੍ਹਾਂ ਨੂੰ ਦੇਖ ਦੇਖ ਕੇ ਸੜ ਮਰਦੇ ਹੱਕ ਹਲਾਲ ਦੀ ਖੰਨੀ ਖਾ ਕੇ ਨਿੱਸਲ ਹੋ ਕੇ ਪੈਂਦੇ ਨੇ ਤ੍ਰਿਸ਼ਨਾ ਤਜ ਕੇ,ਸਬਰ ਨਾਲ ਨਿਤ ਮੌਜ ਬਹਿਸ਼ਤੀ ਲੈਂਦੇ ਨੇ ਚੂੰਕਿ ਜਗ ਵਿਚ ਥੋੜਿਆਂ ਨਾਲੋਂ ਬਹੁਤਿਆਂ ਦੀ ਹੈ ਜੈ ਹੁੰਦੀ ਇਸ ਹਿਤ ਆਪਾਂ ਦੀ ਸਮਤੀ ਬਹੁਤਿਆਂ ਵਲ ਨਿਤ ਹੈ ਹੁੰਦੀ ਵਡੇ ਵਡੇ ਲੋਕਾਂ ਨੂੰ ਜਗ ਤੇ ਚਿੰਤਾ ਭਾਂਤੋ ਭਾਂਤੀ ਹੈ ਸਭ ਵਡਆਯਾਂ ਤੋਂ 'ਸੁਥਰੇ’ ਨੂੰ ਪਯਾਰੀ ਦਿਲ ਦੀ ਸ਼ਾਂਤੀ ਹੈ

ਅਬਲਾ ਦਾ ਬਲ

ਅਬਲਾ ਜੋ ਆਖਣ ਔਰਤ ਨੂੰ, ਓਹ ਸੋਚ ਜ਼ਰਾ ਨਾ ਕਰਦੇ ਨੇ ਤੀਵੀਂ ਦੀ ਤਾਕਤ ਅੱਗੇ ਤਾਂ, ਬ੍ਰਹਿਮੰਡ ਖੰਡ ਸਭ ਡਰਦੇ ਨੇ ‘ਕਾਦਰ’ ਦੀ ‘ਕੁਦਰਤ' ਤੀਵੀਂ ਹੈ ਜਿਸ ਦਾ ਸਭ ਵਿਸ਼ਵ ਪਸਾਰਾ ਹੈ ‘ਕੁਦਰਤ' ਦੇ ਅਗੇ ਹਿਮਾਲਾ ਭੀ, ਇਕ ਜ਼ੱਰੇ ਵਾਂਗ ਵਿਚਾਰਾ ਹੈ ਇਸ ‘ਕਾਇਨਾਤ' ਇਸ ‘ਸ੍ਰਿਸ਼ਟੀ ਤੇ ਇਸ 'ਪ੍ਰਿਥਵੀ' ਦੁਨੀਆ ਸਾਰੀ ਦੇ ਉਤਪਤੀ, ਮੌਤ ਤੇ ਪਰਲੈ, ਸਭ ਹਨ ਨਾਮ ਵਖੋ ਵਖ ਨਾਰੀ ਦੇ ਕਰਤੇ ਦੀ 'ਸ਼ਕਤੀ' ਦਾ ਕਾਰਨ ਕੇਵਲ ਕੁਲ-ਹੁਕਮੀ ‘ਮਾਯਾ’ ਹੈ ਮਾਨੋ ਉਸ ‘ਮਾਯਾ’ ਔਰਤ ਦਾ ਫ਼ਰਮਾਨ ਜਗ ਤੇ ਛਾਯਾ ਹੈ ਰੂਹ, ਦੇਹ, ਜਾਨ ਤੇ ਖੁਸ਼ੀ, ਗਮੀ, ਦੌਲਤ ਤੇ ਸ਼ਾਹੀ ਤੀਵੀਂ ਹੈ ਤੀਵੀਂ ਅਤਿ ਉੱਚੀ ‘ਮੁਕਤੀ' ਹੈ ਤੀਵੀਂ ‘ਚੌਰਾਸੀ' ਨੀਵੀਂ ਹੈ ਤਲਵਾਰ ਕਲਮ ਦੋ ਚੀਜ਼ਾਂ ਹਨ ਹੇਠ ਹਕੂਮਤ ਰਾਜ ਸਭੀ ਅਰਥਾਤ ਨਾਰ ਦੇ ਕਦਮਾਂ ਵਿਚ ਰੁਲਦੇ ਸੰਸਾਰਕ ਤਾਜ ਸਭੀ ਤਕਦੀਰ, ਤਪੱਸਯਾ, ਹਮਦਰਦੀ, ਯਾ ਨਿੱਤ 'ਨਮਾਜ਼’ ਪੜ੍ਹਾਂਦੇ ਨੇ ਸੰਧਯਾ, ਗਾਇਤਰੀ ਤੇ ਬਾਣੀ ਗੁਣ, 'ਇਸਤ੍ਰੀ ਲਿੰਗ' ਕਹਾਂਦੇ ਨੇ ਇਸ ਸ਼ਕਤੀ ਵਾਲੀ ਨਾਰੀ ਜਾਂ ਇਨਸਾਨ ਰੂਪ ਵਿਚ ਆ ਜਾਵੇ ਹਰ ਕੁਈ ਉਸ ਨੂੰ ਅਬਲਾ ਕਹਿ ਬੋੱਲੀ ਦੀ ਗੋਲੀ ਲਾ ਜਾਵੇ ਹਾਲਾਂਕਿ 'ਅਬਲਾ’ ਦੇ ਹਥ ਹੀ ਸਭ ਮੁਲਕਾਂ ਸੰਦੀਆਂ ਵਾਗਾਂ ਨੇ ਅਬਲਾ ਦੇ ਜਾਗਣ ਨਾਲੇ ਹੀ ਕੌਮਾਂ ਨੂੰ ਆਈਆਂ ਜਾਗਾਂ ਨੇ ਅਬਲਾ ਹਰ ਘਰ ਦੀ ਰਾਣੀ ਹੈ ਅਬਲਾ ਪੈਦਾ ਬਲਵਾਨ ਕਰੇ ਅਬਲਾ ਜਿ ਚਹੇ ਤਾਂ ਘਰ ਸੁਧਰੇ ਅਬਲਾ ਜਿ ਚਹੇ ਵੀਰਾਨ ਕਰੇ ਅਬਲਾ ਜਿ ਗਿਰਾਏ ਪਤਾਲ ਸੁਟੇ ਅਬਲਾ ਜਿ ਉਠਾਏ ਤਾਂ ਮੁਕਤਿ ਮਿਲੇ ਅਬਲਾ ਤੋਂ ਬਲ, ਧੀਰਜ, ਸ਼ਕਤੀ,ਦ੍ਰਿੜ੍ਹਤਾ, ਸ਼ਾਂਤੀ ਤੇ ਯੁਕਤਿ ਮਿਲੇ ਇਸ ਸੰਦਰ ਨਾਜ਼ਕ ਨਾਰੀ ਨੂੰ, ਨ ਕਹੋ ਅਬਲਾ, ਨ ਕਹੋ ਅਬਲਾ ਇਸਦੇ ਬਲ ਦਾ ਨਹੀਂ ਅੰਤ ਕੁਈ ਹੈ ਬੜੀ ਬਲਵਾਨ ਬਝੀ ਸਬਲਾ ਸਤ ਰੱਖਯਾ ਜਾਂ ਉਪਕਾਰ ਲਈ ਜਦ ਅਥਲਾ ਬਲ ਦਿਖਲਾਂਦੀ ਹੈ ਤਾਂ ਉਸ ਦਾ ਮਹਾਂ ਜਲਾਲ ਦੇਖ, ਸਭ ਕਾਇਨਾਤ ਥੱਰਾਂਦੀ ਹੈ ਜੇ ਤੀਰ ਚਲਾਏ ਨੈਣਾਂ ਦੇ, ਤਾਂ ਘਾਇਲ ਮਰਦ ਹਜ਼ਾਰ ਕਰੇ ਜੇ 'ਸੁਥਰੇ' ਦਿਲ ਵਿਚ ਜੋਸ਼ ਭਰੇ ਤਾਂ ਚਰਨ ਤਲੇ ਸੰਸਾਰ ਕਰੇ

ਕੰਮ ਤੇ ਘੜੰਮ

ਨਹੀਂ ਕਿਸੇ ਨੂੰ ਕਦੀ ਥਕੌਂਦੇ ਉਸ ਦੇ ਅਸਲੀ ਕੰਮ ਲੱਕ ਤੋੜਦੇ, ਲਹੂ ਚੂਸਦੇ, ਕੰਮੋਂ ਵਧ ਘੜੰਮ ਨਾ ਕੁਝ ਲੈਣਾ, ਨਾ ਕੁਝ ਦੇਣਾ, ਨਾ ਕੁਝ ਮਤਲਬ ਲੋੜ ਫਿਰ ਭੀ ਰੋਜ਼ ਘੜੰਮ ਸੈਂਕੜੇ ਚਰਬੀ ਲੈਣ ਨਚੋੜ ਫੋਕਾ ਚੌਧਰ ਪੁਣਾ ਕਦੀ ਆ ਸੀਖੇ, ਕਰੇ ਖ਼ਵਾਰ ਕਦੇ ਮੈਂਬਰੀ ਦੀ ਬੀਮਾਰੀ ਕਰਦੀ ਆਣ ਲਚਾਰ ਕਦੇ ਕਿਸੇ ਦੇ ਝਗੜੇ ਅੰਦਰ ਫ਼ਸੇ ਮੁਫਤ ਦੀ ਟੰਗ ਕਦੀ ਨਗੂਣੀ ਗੱਲੋਂ ਗਵਾਂਢੀ ਨਾਲ ਕਰਾਵੇ ਜੰਗ ਕਾਹਲੀ ਨਾਲ ਲਫਜ਼ ਇਕ ਮੂੰਹੋਂ ਨਿਕਲੇ ਗੜਬੜ ਪਾਇ ਸੈ ਦੁਸ਼ਮਨ ਤੇ ਸੈ ਸੱਜਨ ਨੂੰ ਗੁਥਮ-ਗੁਥ ਕਰਾਇ ਪੁਤ ਕਿਸੇ ਦਾ ਧੀ ਕਿਸੇ ਦੀ, ਐਵੇਂ ਭੁੜ੍ਹਕੇ ਮੂੜ੍ਹ ਚੁਕੀ ਫਿਰੇ ਬਿਗਾਨੇ ਲੇਖੇ, ਰੋਕੜ, ਖਾਤੇ, ਸੂੜ੍ਹ ਮਿਲਨ ਬਹਾਨੇ ਕੋਈ ਆ ਕੇ ਪਾਵਣ ਗਲੇ ਝੜੰਮ ਲਿਖ ਲਿਖ ਚਿਠੀਆਂ ਕਈ ਪੁਛਦੇ ਨੈਣ, ਮਗਜ਼ ਤੇ ਚੰਮ ਜੇ ਝੜਮ ਨਾ ਗਲ ਕੁਈ ਪਾਵੇ ਕੈਸਾ ਲਵੇ ਅਨੰਦ ਦੋ ਘੜੀਆਂ ਰੁਜ਼ਗਾਰ ਕਮਾਵੇ, ਬਾਕੀ ਜੋੜੇ ਛੰਦ ਢਿੱਡ ਲਈ ਰੋਟੀ,ਤਨ ਲਈ ਕਪੜਾ, ਪੜ੍ਹਨੇ ਲਈ ਕਿਤਾਬ ਵਾਧੂ ਹੋਰ ਫ਼ਜ਼ੂਲ ਬਖੇੜੇ, ਰੱਖੋ ਦੂਰ ਜਨਾਬ ਜਗ-ਸਯਾਪੇ ਪੈ ਪਿੱਟਣ ਆਪੇ, 'ਸੁਥਰੇ' ਇਉਂ ਜਗ ਜੀਣ ਕੋਈ ਮਰੇ ਤੇ ਕੋਈ ਜੀਵੇ ਘੋਲ ਪਤਾਸੇ ਪੀਣ ਰਬਾ ਬੇਸ਼ਕ ਕੰਮ ਵਧਾ ਮਗਰ ਘੜੰਮਾਂ ਤੋਂ ਛੁਡਵਾ

ਮਜ਼ੇਦਾਰ ਬੇ-ਵਫ਼ਾਈਆਂ

ਭਾਗਣ ਨਾਲ ਨਿਹਾਲੇ, ਸ਼ਾਦੀ ਭੁੜਕ ਭੁੜਕ ਕੇ ਕੀਤੀ ਭੰਗ ਪ੍ਰੇਮ ਦੀ ਵਹੁਟੀ ਗਭਰੂ ਰਲ ਕੇ ਭਰ ਭਰ ਪੀਤੀ ਜੋ ਓਹ ਫੁਲ ਸੀ ਤਾਂ ਓਹ ਬੁਲਬੁਲ, ਓਹ ਮਜਨੂੰ, ਓਹ ਲੇਲੀ ਓਹ ਚਕੋਰ ਓਹ ਸੁੰਦਰ ਚੰਦਰਮਾ, ਓਹ ਸਤਿਗੁਰ, ਓਹ ਚੇਲੀ ਓਹ ਸਦਕੇ ਨਿਤ ਉਸ ਤੋਂ ਜਾਵੇ, ਛਿਨ ਛਿਨ ਲਵੇ ਬਲਾਈਆਂ ਓਹ ਪਰਵਾਨਾ ਓਸ ਸ਼ਮਾਂ ਤੋਂ ਜਾਵੇ ਘੋਲ ਘੁਮਾਈਆਂ ਐਪਰ ਪੰਜ ਛੇ ਸਾਲਾਂ ਅੰਦਰ ਚੱਕਰ ਐਸਾ ਫਿਰਿਆ ਉਸ ਦਾ ਦਿਲ ਖਿਚ ਲਿਆ ਹੋਰ ਨੇ, ਓਹ ਹੋਰੀ ਵਲ ਘਿਰਿਆ ਭਾਗਣ ਨੂੰ ਜਦ ਦੇਖੋ, ਭਗਤੀ ਭਗਤੂ ਦੀ ਹੈ ਕਰਦੀ ਉਸ ਨੂੰ ਖੁਸ਼ ਰਖਣ ਹਿਤ ਜਿਊਂਦੀ, ਓਹ ਬਿਗੜੇ ਤਾਂ ਮਰਦੀ ਭਾਵੇਂ ਭੁਖਾ ਰਹੇ ਨਿਹਾਲਾ, ਭਾਗਣ ਘਟ ਹੀ ਗੌਲੇ ਭਗਤੂ ਦੇ ਭਾਰੇ ਮੋਹ ਅੱਗੇ, ਸਾਰੇ ਜਾਪਣ ਹੌਲੇ ਉਧਰ ਨਿਹਾਲੇ ਵਾਗ ਪ੍ਰੇਮ ਦੀ ਲਛਮੀ ਵਲ ਚਾ ਮੋੜੀ ਉਸ ਦੇ ਲਈ ਲੁਟਾਵੇ ਮਾਯਾ ਲੋੜੀ ਤੇ ਬੇਲੋੜੀ ਜਦ ਦੇਖੋ ਲਛਮੀ ਦੀਆਂ ਗੱਲਾਂ ਕਰਦਾ ਜ਼ਰਾ ਨਾ ਬੱਕ ਉਸ ਦੇ ਹੁਕਮ ਦੀ ਤਾਮੀਲ ਕਰ ਕਰ ਮੂਲ ਨਾ ਅੱਕੇ ਸ਼ਾਦੀ ਸਮੇਂ ਅਖੰਡ ਪਰੇਮ ਦੇ ਬਚਨ ਦੁਹਾਂ ਸਮੇਂ ਕੀਤੇ ਵੰਡਣ ਲਗ ਪਏ ਪਰੇਮ ਹੁਣੇ ਹੀ ਸਾਲ ਬਹੁਤ ਨਹੀਂ ਬੀਤੇ ਐਪਰ ਅਜਬ, ਤਮਾਸ਼ਾ ਹੈ ਕਿ ਆਪੇ ਵਿਚ ਨਹੀਂ ਲੜਦੇ ਦੂਜੇ ਨਾਲ ਪਿਆਰ ਦੇਖਦੇ, ਫਿਰ ਭੀ ਜ਼ਰਾ ਨੇ ਸੜਦੇ ਕਾਰਨ ਏਸ ਅੜੌਣੀ ਦਾ ਕੀ ? ਸਚ ਇਸ ਦਾ ਉੱਤਰ ਲਛਮ ਧੰ ਓਹਨਾਂ ਦੀ ਪਹਿਲੀ, ਭਗਤ ਪਹਿਲ ਪੁਤਰ ਮਾਂ ਕਰਦੀ ਹੈ ਪਰ ਪੁਤ ਨੂੰ, ਵੇਖ ਵੇਖ ਕੇ ਜੀਵੇ ਏਸ ਜੋਸ਼ ਵਿਚ ਪਤੀ-ਪ੍ਰੇਮ ਤੋਂ ਬੇ-ਪਰਵਾਹ ਦਾ ਬੀਵੇ ਪਿਉ ਨੂੰ ਬੇਟੀ, ਦਿਲ ਦੀ ਦੁਕਤੀ, ਪੁਤਾਂ ਨਾਲੋਂ ਪਰੀ ਪਤਨੀ-ਪ੍ਰੇਮ ਵਲੋਂ ਕਰ ਫ਼ਲ, ਸ਼ਿਸ਼ਟ ਭੁਲਾਵੇ ਸਾਰੀ ਮਜ਼ੇਦਾਰ ਏਹ ਬੇਵਫਾਈਆਂ, ਤਕ ‘ਸਬਰਾ ਦਿਲ ਖਿੜਿਆ ਮਨ ਦੀਆਂ ਤਰਬਾਂ ਫੌਰਨ ਹੋਲੀਆਂ, ਰਾਗ ਪ੍ਰੇਮ ਦਾ ਛਿੜਿਆ

ਜ਼ਿਆਫ਼ਤ

ਮਾਲਿਕਆਣੀ ਨੇ ਨੌਕਰ ਨੂੰ ਪੁਛਿਆ ਚਿੰਤਾ ਕਰ ਕੇ ਹੌਕਾ ਲੈ ਕੇ ਹੰਝੂ ਭਰ ਕੇ ਉਂਗਲ ਗਲ੍ਹ ਤੇ ਧਰ ਕੇ:- ਵੇ ਭਾਗੂ ਕੀ ਗਜ਼ਬ ਹੋ ਗਿਆ ਦਿਨ ਪੁਠੇ ਕੀ ਆਏ? 'ਬਾਬੂ ਜੀ, ਘਰ ਆਏ ਨ ਰਾਤੀ ਕਿਧੱਰ ਹੈਨ ਸਿਧਾਏ ? ‘ਰਾਏ ਬਹਾਦੁਰ ਦੀ ਜ਼ਯਾਫ਼ਤ ਦਾ, ਇਨਵੀਟੇਸ਼ਨ ਪਾ ਕੇ ਗਏ ਸ਼ਾਮ ਨੂੰ ਸਨ ਸਜ ਬਣ ਕੇ ਅਤਰ ਲਵਿੰਡਰ ਲਾ ਕੇ 'ਕੀ ਹੋਯਾ? ਕਿਉਂ ਮੁੜੇ ਨ ਹੁਣ ਤੱਕ? ਪਤਾ ਲਿਆ ਖਾਂ ਜਾ ਕੇ ‘ਮਤਾਂ ਹੋਰਥੇ ਫਸ ਗਏ ਹੋਵਣ, ਮੈਨੂੰ ਧੋਖਾ ਲਾ ਕੇ 'ਰੱਬਾ, ਇਸ ਵਾਰੀ ਮੈਂ ਭੁਲੀ, ਜਾਣ ਨ ਦੇਸਾਂ ਮੁੜ ਕੇ, 'ਕਿਰਪਾ ਕਰ ਹੁਣ ਫ਼ਿਕਰ ਸ਼ਕੰਜੇ ਜਾਨ ਨ ਮੇਰੀ ਕੁੜਕੇ ।' ਬੇ-ਪਰਵਾਹੀ ਨਾਲ ਓਸ ਨੇ, ਅੱਗੋਂ ਉੱਤ੍ਰ ਸੁਣਾਯਾ:- ‘ਸ਼ਾਹਣੀ ਜੀ, ਕੁਤਵਾਲੀਓਂ ਤੜਕੇ ਟੈਲੀਫ਼ੋਨ ਸੀ ਆਯਾ 'ਬਾਬੂ ਦਾ ਨਾ ਫ਼ਿਕਰ ਕਰੋ ਕੁਝ, ਉਸ ਦੀਆਂ ਸੱਤੇ ਖੈਰਾਂ 'ਬਦੋਬਦੀ ਮੈਹਮਾਨ ਬਣਾਯਾ ਉਸ ਨੂੰ ਪੁੱਤਰਾਂ ਗ਼ੈਰਾਂ 'ਯਾਨੀ ਜ਼ਯਾਫ਼ਤ ਤੋਂ ਜਦ ਰਾਤੀਂ ਘਰ ਨੂੰ ਸਨ ਪਏ ਆਂਦੇ, 'ਪੈਰ ਉਨ੍ਹਾਂ ਦੇ ਮੌਜ 'ਚ ਆ ਕੇ, ਧਰ ਸਨ ਪਏ ਮਣਾਂਦੇ 'ਯਾਰ ਦੋਸਤਾਂ ਦੇ ਲਗ ਆਖੇ, ਵ੍ਹਿਸਕੀ-ਪੈੱਗ ਚੜ੍ਹਾਏ ਜਿਨ੍ਹਾਂ ਸਿਆਣੇ ਬਾਬੂ ਹੋਰੀ ਪਾਗਲ ਚੁਕ ਬਣਾਏ 'ਪਹਿਲਾ ਮਜ਼ਾ ਜ਼ਯਾਫ਼ਤ ਦਾ ਬਾਬੂ ਨੂੰ ਏ ਹਥ ਆਯਾ 'ਪੁਲਸ ਵਾਲਿਆਂ ਹਵਾਲਾਤ ਵਿਚ ਭੁੰਜੇ ਸੁਟ ਸੁਆਯਾ 'ਪੇਸ਼ ਅਦਾਲਤ ਵਿਚ ਅਜ ਹੋਕੇ ਨਕਦ ਨਿਓਂਦਾ ਭਰ ਕੇ, 'ਲੌਢੇ ਵਲ ਘਰ ਆ ਜਾਸਣ, ਕਿਉਂ ਰੋਵੋ ਗ਼ਮ ਕਰਕੇ? ਛਾਤੀ ਪਿਟ ਕੇ ਸ਼ਾਂਹਣੀ ਬੋਲੀ 'ਜ਼ਯਾਫ਼ਤ ਨੂੰ ਅੱਗ ਲਾਸਾਂ 'ਕਵਲ 'ਸੁਥਰੇ' ਦਾ ਬਾਬੂ ਨੂੰ ਹੁਣ ਤੇ ਯਾਰ ਬਣਾਸਾਂ।'

ਸ਼ਿਮਲੇ ਦੀ ਇਕ ਰਾਤ

ਰਾਤਾਂ ਤਾਂ ਬੜੀਆਂ ਡਿਠੀਆਂ ਨੇ, ਪਰ ਓਹ ਰਾਤ ਨ ਭੁਲਦੀ ਹੈ ਜਿਉਂ ਤਪਦੇ ਮੂੰਹ ਕੁਨੀਨ ਘੁਲੇ, ਤਿਸ ਯਾਦ ਰਿਦੇ ਵਿਚ ਘੁਲਦੀ ਹੈ ਸਰਦੀ ਸੀ ਐਸੀ ਆਖ਼ਰ ਦੀ, ਪੱਥਰ ਭੀ ਸੀ ਸੀ ਕਰਦੇ ਸਨ ਸਿਰ ਬ੍ਰਿਛਾਂ ਗੋਡਿਆਂ ਵਿਚ ਦਿਤੇ, ਗਰਮੀ ਹਿਤ ਹਉਕੇ ਭਰਦੇ ਸਨ ਠੰਢ ਨਾਲ ਟਾਕਰੇ ਕਰ ਕਰ ਕੇ, ਦਯਾਰਾਂ ਦੀ ਤਾਕਤ ਝੌਂ ਗਈ ਸੀ ਬਿੱਛੂ ਸਮ ਲੜਦੀ ਜੋ 'ਬੂਟੀ' ਓਹ ਸੁਸਰੀ ਵਾਂਗੂੰ ਸੌਂ ਗਈ ਸੀ ਡਰ, ਚੰਦ ਤਾਰਿਆਂ, ਪਾਲੇ ਤੋਂ, ਬਦਲਾਂ ਦੀ ਲਈ ਰਜਾਈ ਸੀ ਲਟੂਆਂ ਵਿਚ ਬਿਜਲੀ ਲੁਕੀ ਛਿਪੀ, ਸੁੰਗੜੀ, ਸਹਿਮੀ, ਮੁਰਝਾਈ ਸੀ ਜੋ ਪੌਣ, ਜੀਵ ਦਾ ਜੀਵਨ ਹੈ ਓਹ ਫਿਫੜੇ ਛੁਰੀ ਚਲਾਂਦੀ ਸੀ ਕੁਈ ਸਾਹਿਬ ਬਰਾਂਡੀ ਘੁਟ ਭਰੇ ਤਾਂ ਗਲ ਵਿਚ ਜੰਮਦੀ ਜਾਂਦੀ ਸੀ ਬੰਦਿਆਂ ਦੀ ਗੱਲ ਤਾਂ ਇਕ ਪਾਸੇ, ਪਿੱਸੂ ਭੀ ਵਾਣ੍ਹੀਂ ਲੁਕ ਗੈ ਸਨ ਜੰਗਲਾਂ ਵਿਚ ਹਰਨਾਂ ਸ਼ੇਰਾਂ ਦੇ ਲਹੂ ਜੰਮ ਗਏ ਸਨ ਯਾ ਸੁਕ ਗੈ ਸਨ ਜੇ ਕਿਤੇ ਜ਼ਰਾ ਅੱਗ ਅੱਖ ਖਲ੍ਹੇ, ਝਟ ਪਾਲਾ ਥੱਪੜ ਲਾਂਦਾ ਸੀ ਜਿਉਂ ਕਿਸੇ ਜ਼ਮਾਨੇ ਨਰ ਜ਼ਾਲਿਮ, ਨਾਰੀ ਨੂੰ ਘੁਰਕ ਬਿਠਾਂਦਾ ਸੀ ਬੰਦੂਕ ਹਵਾਈ ਮੰਡਲ ਸੀ, ਪਰਮਾਣੂ ਉਸ ਦੇ ਛੱਰ੍ਰੇ ਸਨ ਤੜਫਾਂਦੇ, ਠੰਢਾ ਕਰਦੇ ਸਨ ਛੋਹ ਛੋਹ ਕੇ, ਪੁਛਦੇ ਜ਼ੱਰ੍ਰੇ ਸਨ ਇਉਂ ਜਾਪੇ ਤਿੰਨਾਂ ਲੋਕਾਂ ਵਿਚ ਇਕ ਨਦੀ ਠੰਢ ਦੀ ਵਹਿੰਦੀ ਹੈ ਜਿਉਂ ਸਿਖ,ਹਿੰਦੂ ਤੇ ਮੁਸਲਿਮ ਵਿਚ ਇਕ ਸਰਦ ਮਿਹਰੀ ਜਹੀ ਰਹਿੰਦੀ ਹੈ ਹਰ ਪਾਸੇ 'ਹੂ’ ਦਾ ਆਲਮ ਸੀ, ਬਸ ਪਾਲਾ ਅਤੇ ਹਨੇਰਾ ਸੀ ਇਕ ਜਿਹਾ 'ਮਾਲ ਤੇ 'ਜਾਕੂ ਸੀ; ਇਕ ਜੈਸਾ ਸੰਝ-ਸਵੇਰਾ ਸੀ ਉਸ ਸਖਤ ਦਸੰਬਰ ਰਾਤ ਸਮੇਂ, 'ਸ਼ਿਮਲਾ ਹਿਲ’ ਬੈਠੀ ਝੁਰਦੀ ਸੀ ਹਾ, ਸੁੰਦਰ 'ਪਹਾੜੀ ਮਲਕਾਂ ਏ ਪਈ ਗ਼ਮ ਵਿਚ ਭੁਰਦੀ ਖੁਰਦੀ ਸੀ ਇਕ ਦਰਦ ਭਰੀ ਆਵਾਜ਼ ਉਦ੍ਹੇ ਹਰ ਲੂੰ ਲੂੰ ਵਿਚੋਂ ਆ ਰਹੀ ਸੀ ਓਹ ਅਪਨੀ ਹਾਲਤ ਦਸ ਦਸ ਕੇ ਦੁਨੀਆਂ ਨੂੰ ਅਕਲ ਸਿਖਾ ਰਹੀ ਸੀ ਕਹਿੰਦੀ ਸੀ 'ਦੇਖੋ, ਲੋੜ੍ਹਾ ਏ, ਸਭ ਪ੍ਰੇਮੀ ਪਿਠ ਭੁਵਾ ਗਏ ਨੇ ‘ਕੱਲ ਤਕ ਜੋ ਭਜ ਭਜ ਔਂਦੇ ਸਨ ਅਜ ਕਿਧਰੇ ਭਜ ਭਜਾ ਗਏ ਨੇ ਜਿਉਂ ਜੋਬਨ ਵੇਲੇ ਨਾਰੀ ਤੋਂ, ਹਰ ਕੋਈ ਸਦਕੇ ਜਾਂਦਾ ਹੈ 'ਪਰ ਜਦੋਂ ਜਵਾਨੀ ਢਲਦੀ ਹੈ, ਕੋਈ ਵਿਰਲਾ ਪ੍ਰੇਮ ਨਿਭਾਂਦਾ ਹੈ ਗੁੜ ਵਾਂਗ ਧਨੀ ਦੇ ਗਿਰਦ ਜਿਵੇਂ, ਮੱਖੀਆਂ ਸਮ ਮਿੱਤਰ ਜੁੜਦੇ ਨੇ 'ਧਨ ਮੁਕਿਆਂ ਸਭ ਦਾ ਪ੍ਰੇਮ ਮੁਕੇ, ਮੁਖ ਇਕ ਦਮ ਉਲਟ ਮੁੜਦੇ ਨੇ 'ਜਦ ਮੇਰਾ ਚੜ੍ਹਦਾ ਜੋਬਨ ਸੀ, ਚੁਕ ਕਰਜ਼ੇ, ਲੋਕੀ ਔਂਦੇ ਸਨ ‘ਗਰਮੀ ਦੇ ਝੁਲਸ, ਮਰੇ, ਸੜੇ, ਕਰ ਦਰਬਨ ਠੰਢਕ ਪੌਂਦੇ ਸਨ 'ਹੈ ਨਾਮ ‘ਸੀਮ-ਲਾ’ ਜੋ ਮੇਰਾ ਇਸ ਨੂੰ ਉਹ ਸਫਲਾ ਕਰਦੇ ਸਨ 'ਮੇਰੇ ਢਿਗ ਆਣ ਲਈ, ਪਹਿਲੇ, ਜੇਬਾਂ ਵਿਚ ਚਾਂਦੀ ਭਰਦੇ ਸਨ 'ਸਨ ਪੌਂਡ ਵਾਰਦੇ ਮਿਰੇ ਸਿਰੋਂ, ਸੁਰਗੋਂ ਵਧ ਮੈਨੂੰ ਗਿਣਦੇ ਸਨ 'ਖਦ ਬਣ ਬਣ ਕੇ ਗਜ਼ ਧਰਤੀ ਦੇ, ਭੌਂ ਮੇਰੀ ਤੁਰ ਤੁਰ ਮਿਣਦੇ ਸਨ 'ਸੀ ਆਸ਼ਕ ਵਾਇਸਰਾਇ ਮਿਰਾ, ਸਭ ‘ਤਾਰ' ਇਥੋਂ ਹੀ ਹਿਲਦੀ ਸੀ 'ਜਗ ਤੇ ਸੀ ਚਲਦਾ ਹੁਕਮ ਮਿਰਾ, ਨਿਤ 'ਸੁਰ' ਲੰਡਨ ਸੰਗ ਮਿਲਦੀ ਸੀ 'ਰਾਜੇ ਤੇ ਲਾਟ, ਨਵਾਬਾਂ ਦੇ, ਲਸ਼ਕਰ ਨਿਤ ਉਤਰੇ ਰਹਿੰਦੇ ਸਨ ਤੇ ਭਾਂਤ ਭਾਂਤ ਦੇ ਐਮ. ਐਲ. ਏ. ਚੈਂਬਰ ਵਿਚ ਡਟ ਕੇ ਬਹਿੰਦੇ ਸਨ 'ਅਸਮਾਨ ਵਾਂਗ ਮੈਂ ਉੱਚੀ ਸਾਂ, ਬਿਜਲੀ ਦੇ ਲਾਟੂ ਤਾਰੇ ਸਨ 'ਨਰ-ਨਾਰਾਂ, ਦੇਵ-ਅਪੱਛਰਾਂ ਸਨ, ਝਰਨੇ ਮਦ-ਭਰੇ ਫੁਹਾਰੇ ਸਨ 'ਮੈਂ ਮਸਤ ਪਦਮਨੀ ਵਾਂਗੂੰ ਸਾਂ, ਮਸਤੀ ਦੀ ਪੌਣ ਚਲਾਂਦੀ ਸਾਂ 'ਸ਼ੀਸ਼ੇ ’ਚੋਂ ਸ਼ਕਲ ਦਿਖਾ ਸਭ ਨੂੰ ਅੱਲਾਉੱਦੀਨ ਬਣਾਂਦੀ ਸਾਂ 'ਪਰ ਸ਼ੋਕ ਦਿਨਾਂ ਦੇ ਫੇਰਾਂ ਨੇ, ਜਦ ਬੁੱਲੇ ਸਰਦ ਵਗਾ ਦਿਤੇ 'ਦੁਧ-ਪੀਣੇ ਮਜਨੂੰ ਸਭ ਮੇਰੇ, ਮਛਰਾਂ ਦੇ ਵਾਂਗ ਉਡਾ ਦਿਤੇ 'ਹੁਣ ਮਾਲ ਰੋਡ ਦੀ ਮਾਂਗ ਮਿਰੀ, ਮਾਨ ਸੰਧੂਰੋਂ ਖਾਲੀ ਹੋ ‘ਮੈਂ ਛੁੱਟਣਾਂ ਵਾਂਗੂੰ ਬੈਠੀ ਹਾਂ, ਘਰ ਵਾਰਸ ਹੈ ਨਾ ਵਾਲੀ ਹੈ 'ਹੁਣ ਮਾਲ ਰੋਡ ਤੇ ਸ਼ਾਮ ਸਮੇਂ, ਮੀਨਾ ਬਾਜ਼ਾਰ ਨ ਲਗਦਾ ਹੈ 'ਨਾ ਦਿਲ ਦੇ ਸੌਦੇ ਹੁੰਦੇ ਨੇ ਨਾ ਦਰਿਆ ਹੁਸਨ ਦਾ ਵਗਦਾ ਹੈ 'ਨਾ ਤਿੱਤਰੀਆਂ, ਨਾ ਭੂੰਡੇ ਨੇ, ਨਾ ਦੀਵੇ, ਨਾ ਪਰਵਾਨੇ ਨੇ 'ਨਾ ਗੁੱਲ ਹੀ ਨੇ, ਨਾ ਬੁਲਬੁਲ ਨੇ, ਨਾ ਸਾਕੀ, ਨਾ ਮਸਤਾਨੇ ਨੇ 'ਨਾ ਸਿਨਮਾ-ਟਾਕੀ ਰੌਣਕ ਹੈ, ਨਾ ਏ. ਡੀ. ਸੀ. ਥੀਏਟਰ ਨੇ 'ਨਾ ਡਿਨਰ, ਲੰਚ, ਟੀ ਪਾਰਟੀਆਂ, ਨਾ ਬੌਇ, ਬੇਅਰਰ, ਵੇਟਰ ਨੇ 'ਕਿੱਥੇ ਓਹ ਕਮਰੀਂ ਪਾ ਬਾਹਾਂ, ਨੱਚਣਾ ਨਿਤ ਸੌ ਸੌ ਜੋੜੇ ਦਾ 'ਕਿਥੇ ਏਹ ਭਾਂ ਭਾਂ ਕਬਰ ਜਹੀ, ਭਰਨਾ ਫਿਸਣਾ ਦਿਲ ਫੋੜੇ ਦਾ 'ਮੈਂ ਓਹੋ ਹਾਂ, ਪਰ ਕਿਸਮਤ ਨੇ, ਹੈ ਹਾਲਤ ਜ਼ਰਾ ਵਟਾ ਦਿਤੀ 'ਇਸ ਬਦਲੀ ਨੇ, ਸਭ ਦਿਲ ਬਦਲੇ, ਕੁਲ ਉਲਫ਼ਤ ਦੂਰ ਕਰਾ ਦਿਤੀ 'ਸੁੰਦਰਾਂ ਤਾਂ ਇਕੇ ਜੋਗੀ ਨੂੰ ਦਿਲ ਦੇ ਕੇ ਅਤਿ ਪਛਤਾਈ ਸੀ 'ਕੋਠੇ ਤੋਂ ਡਿਗ ਕੇ ਮੋਈ ਸੀ ਇੱਜ਼ਤ ਭੀ ਨਾਲ ਗੁਆਈ ਸੀ 'ਮੈਂ ਸੈਂਕੜਿਆਂ ਹਰ ਜਾਈਆਂ ਨੂੰ, ਹਰ ਸਾਲ ਸੀਸ ਬਿਠਲਾਂਦੀ ਹਾਂ 'ਓਹ ਭਜ ਜਾਂਦੇ, ਮੈਂ ਰੋਂਦੀ ਹਾਂ, ਨਿਤ ਸਯਾਲੇ ਵਿਚ ਪਛਤਾਂਦੀ ਹਾਂ 'ਜੋ ਲੂਈਂ ਮਿਰੀ ਸੀ, ਘਾਹ ਕੂਲਾ ਹੁਣ ਸੂਲਾਂ-ਕੰਡੇ ਬਣਿਆ ਹੈ 'ਸਰ ਉੱਤੇ ਧੁੰਦ ਗੁਬਾਰਾਂ ਦਾ, ਦੁਖ-ਭਰਿਆ ਤੰਬੂ ਤਣਿਆ ਹੈ 'ਜਿਸ ਮੀਂਹ ਦੇ ਕਾਰਨ ਵਧਦੀ ਸੀ, ਸਰਸਬਜ਼ ਹੁਸਨ ਦੀ ਸ਼ਾਨ ਮਿਰੀ 'ਹੁਣ ਵਾਂਗ ਗੋਲੀਆਂ ਵਜਦਾ ਏ, ਬਣ ਗੜੇ ਮੁਕਾਵੇ ਜਾਨ ਮਿਰੀ 'ਮੈਦਾਨੀ ਧਰਤ, ਮਿਰੀ ਸੌਂਕਣ, ਸਨ ਆਏ ਮਿਰੇ ਢਿਗ ਤਜ ਤਜ ਕੇ 'ਹੁਣ ਫੇਰ ਓਸ ਦੀ ਬੁੱਕਲ ਵਿਚ, ਜਾ ਲੁਕੇ, ਹੈਨ ਸਭ ਭਜ ਭਜ ਕੇ 'ਕਈ ਟਾਵੇਂ ਟਾਵੇਂ ਬੰਦੇ ਜੋ, ਮੂੰਹ ਢਕ ਕੇ ਫਿਰਦੇ ਦਿਸਦੇ ਨੇ 'ਓਹ ਖੁਸ਼ੀ ਨਾਲ ਨਹੀਂ ਠਹਿਰ ਰਹੇ, ਮਜਬੂਰੀ-ਚੱਕੀ ਪਿਸਦੇ ਨੇ 'ਜਿਉਂ ਹਿੰਦੂ ਲਾ ਵਿਚ ਨਾਰਾਂ ਨੂੰ, ਦੇ ਮਰਦ ਤਿਲਾਕ ਨ ਸਕਦੇ ਨੇ 'ਤਿਉਂ ਏਹ ਭੀ ਸ਼ਿਮਲੇ ਸੰਗ ਨੂੜੇ ਸਰਦੀ ਦੀਆਂ ਠੰਢਾਂ ਫਕਦੇ ਨੇ 'ਦੁਖ ਪਾ ਪਾ ਆਖ਼ਰ ਮੰਨਿਆ ਹੈ, ਮਤਲਬ ਦੀ ਦੁਨੀਆਂ ਸਾਰੀ ਹੈ 'ਸਭ ਵਫ਼ਾ-ਪਰੇਮ ਦਿਖਾਵੇ ਨੇ ਗੌਂ ਦੀ ਹੀ ਸਭ ਦੀ ਯਾਰੀ ਹੈ 'ਜਿਉਂ ਜਲ ਦੇ ਕੋਲ ਕਿਨਾਰਾ ਹੈ ਫੁਲ-ਕੰਡੇ ਨੇੜੇ ਨੇੜੇ ਨੇ 'ਫੁਲ-ਸੇਜ, ਕੰਡੇ ਦੀ ਸੇਜ, ਤਿਵੇਂ ਸਭ ਕੋਲੋ ਕੋਲ ਬਖੇੜੇ ਨੇ 'ਇਕ ਕਰਵਟ ਲੈ ਕੇ ਫੁੱਲਾਂ ਤੋਂ ਕੰਡਿਆਂ ਤੇ ਜਾ ਨਰ ਪੈਂਦਾ ਹੈ 'ਪਿਖ ਤੋਤੇ-ਚਸ਼ਮੀ ਯਾਰਾਂ ਦੀ, ਦੁਖ ਵਾਧੂ ਸਿਰ ਤੇ ਲੈਂਦਾ ਹੈ ‘ਜੇ ਪਹਿਲਾਂ ਹੀ ਦਿਲ ਸਮਝ ਲਵੇ ਮਤਲਬ ਦੀ ਸਾਰੀ ਦੁਨੀਆਂ ਹੈ 'ਤਾਂ ਵਿਸ਼੍ਵ ਭੀ ਨਾ ਦੁਖ ਦੇ ਸਕੇ ਏਹ ਕੌਣ ਵਿਚਾਰੀ ਦੁਨੀਆਂ ਹੈ ? ਉਸ 'ਹਿਲਜ਼-ਕੁਈਨ’ ਦਾ ਏਹ ਰੋਣਾ, ਦਿਲ ਮੇਰੇ ਨੂੰ ਝੰਜੋੜ ਗਿਆ ਉਸਦੀ ਵਡਮੁੱਲੀ ਸਿਖ੍ਯਾ ਨੂੰ, ਇਸ ਕਵਿਤਾ ਦੇ ਵਿਚ ਜੋੜ ਗਿਆ:- ਰਾਤਾਂ ਤਾਂ ਬੜੀਆਂ ਡਿਠੀਆਂ ਨੇ, ਪਰ ਓਹ ਇਕ ਰਾਤ ਨ ਭੁਲਦੀ ਹੈ ਜਿਉਂ ਤਪਦੇ ਮੂੰਹ ਕੁਨੀਨ ਘੁਲੇ, ਤਿਸ ਯਾਦ ਰਿਦੇ ਵਿਚ ਘੁਲਦੀ ਹੈ

ਬੁਲਬੁਲੇ ਦਾ ਲੈਕਚਰ

ਬੂੰਦ ਜਲ ਵਿਚ ਪੌਣ ਨੇ ਭਰ ਕੇ ਫੁਲਾਯਾ ਬੁਲਬੁਲਾ, ਯਾ ਸਮੁੰਦਰ ਦਾ ਕੋਈ ਰਾਜਾ ਬਣਾਯਾ ਬੁਲਬੁਲਾ । ਸੜ ਰਿਹਾ ਖ਼ਬਰੇ ਹੈ ਅੰਦਰੋਂ ਸਿੰਧ, ਕਿਸਦੇ ਇਸ਼ਕ ਵਿਚ ? ਆਹ ! ਨੇ ਛਾਲਾ ਜਿਗਰ ਤੇ ਹੈ ਉਠਾਯਾ ਬੁਲਬੁਲਾ । ਸੁੰਦਰੀ ਸਾਗਰ ਦੀ ਨੂੰ, ਸ਼ਾਇਦ ਜਵਾਨੀ ਹੈ ਚੜ੍ਹੀ, ਚਿੰਨ੍ਹ-ਜੋਬਨ ਹਿੱਕ ਤੇ ਹੈ ਉਭਰ ਆਯਾ ਬੁਲਬੁਲਾ । ਯਾ ਪਵਣ-ਪਰਮਾਣੂਆਂ ਨੇ, ਮੈਚ ਖੇਲਣ ਵਾਸਤੇ, ਫੂਕ ਭਰ ਫੁਟਬਾਲ ਹੈ ਅਪਣਾ ਬਣਾਯਾ ਬੁਲਬੁਲਾ । ਯਾ ਕਿਸੇ ਇਨਜੀਨੀਅਰ ਨੇ, ਸ਼ਕਲ ਜੱਗ ਦੀ ਦਸਣ ਨੂੰ, ਗੋਲ ਦੁਨੀਆਂ ਦਾ ਹੈ ਏ ਮੌਡਲ ਦਿਖਾਯਾ ਬੁਲਬੁਲਾ। ਵਰੁਣ ਦੀ ਪਰਜਾ 'ਚ ਭੀ ਸ਼ਾਇਦ ਹੈ ਕੋਈ ਗੜਬੜੀ, ਹੈ ਕਿਸੇ ਬਮ ਬਾਜ਼ ਨੇ ਏਹ ਬਮ ਬਣਾਯਾ ਬੁਲਬੁਲਾ । ਯਾ ਕਿਸੇ ਬੁਲਬੁਲ ਨੇ ਇਧਰੋਂ ਰੋਂਦੇ ਰੋਂਦੇ ਲੰਘਦਿਆਂ, ਨੈਣ ’ਚੋਂ ਬੇਚੈਨ ਹੋ ਆਂਸੂ ਗਿਰਾਯਾ ਬੁਲਬਲਾ। ਯਾ ਹਮਾਤੜ ਤੇ ਤੁਮ੍ਹਾਤੜ ਦੇ ਰਿਦੇ ਭੁਚਲਾਣ ਨੂੰ ਫੋਕਾ ਜਲ ਮੁਰਗੀ ਨੇ ਹੈ ਅੰਡਾ ਰਿੜ੍ਹਾਯਾ ਬੁਲਬੁਲਾ। ਕੀ ਪਤਾ ਕਿਸ ਹਲਕੀ ਫੁਲਕੀ ਕਮਲਿਨੀ ਖ਼ੂਬਾਂ ਲਈ? ਮਹਾਂ ਹੌਲਾ, ਖਿਜ਼ਰ ਨੇ, ਮੋਤੀ ਰਚਾਯਾ ਬੁਲਬੁਲਾ। ਯਾ ਸਮੁੰਦਰ-ਸ਼ਾਹ ਨੇ ਅਪਣਾ ਸ਼੍ਹਜ਼ਾਦਾ, ਮਹਿਲ ਤੋਂ, ਸੈਰ ਹਿਤ ਹੈ ਹਵਾ ਦੇ ਘੋੜੇ ਚੜ੍ਹਾਯਾ ਬੁਲਬੁਲਾ। ਐਨ ਮੁਮਕਿਨ ਹੈ ਕਿ ਜਲ ਜੀਵਾਂ ਲਈ ਜਲ ਬਾਗ ਵਿਚ, ਰੱਬ ਦੀ ਕੁਦਰਤ ਨੇ ਹੈ ਅਮਰੂਦ ਲਾਯਾ ਬੁਲਬੁਲਾ। ਕਮਲ ਚੋਂ ਬ੍ਰਹਮਾ ਨੇ ਉਠ ਸੀ 'ਅਹੰਬ੍ਰਹਮਸਮੀ’ ਕਿਹਾ, ਵਧ ਉਸ ਤੋਂ ਜਾਪਦਾ ਸ਼ੇਖੀ ’ਚ ਆਯਾ ਬੁਲਬੁਲਾ । ਕਰ ਰਿਹਾ ਸਾਂ ਗੌਰ ਕਿ ਇਹ ਬੁਲਬੁਲਾ ਕੀ ਚੀਜ਼ ਹੈ? ਦੇਖ ਕੇ ਸੋਚਾਂ 'ਚ ਮੈਨੂੰ ਖਿੜਖਿੜਾਯਾ ਬੁਲਬੁਲਾ। ਕਹਿਣ ਲੱਗਾ- 'ਦੋਸਤਾ, ਸੰਸਾਰ-ਸਾਗਰ-ਹਾਲ ਵਿਚ 'ਸਿਰਫ਼ ਲੈਕਚਰ ਦੇਣ ਹਿਤ ਛਿਨ ਭਰ ਹੈ ਆਯਾ ਬੁਲਬੁਲਾ। 'ਮਿਰੇ ਵਾਂਗੂੰ ਜੀਵ ਸਭ ਸੰਸਾਰ ਦੇ ਹਨ ਬੁਲਬੁਲੇ, ‘ਜਗਤ ਖੁਦ ਤੇ ਜਗਤ ਦੀ ਸਾਰੀ ਹੈ ਮਾਯਾ ਬੁਲਬੁਲਾ। ਮਿਲ ਗਏ ਦੋ ਬੁਲ੍ਹ ਤਾਂ ਗੁਲ ਬੁਲਬੁਲ ਟਹਿਕਦੇ ਚਹਿਕਦੇ, ‘ਫਟ ਗਏ ਬੁਲ੍ਹ, ਫੂਕ ਨਿਕਲੀ,ਲੌ ਸਿਧਾਯਾ ਬੁਲਬੁਲਾ।’ ਵੇਖਦਾ, ਹੈਰਾਨ, ਹਥ ਮਲਦਾ, ਖੜਾ ਮੈਂ ਰਹਿ ਗਿਆ, ਛਪਨ ਹੋਯਾ ਜਿਹਾ 'ਸੁਥਰਾ' ਮੁੜ ਨ ਆਯਾ ਬੁਲਬੁਲਾ।

ਕਤਲ

ਇਕ ਲੇਲੀ ਨੇ ਅਪਨੇ ਮਜਨੂੰ ਤਈਂ, ਕ੍ਰੋਧ ਵਿਚ ਆ ਕੇ ਕਿਹਾ, ਝਿੜਕ ਕੇ ਤੇ ਦਬਕਾ ਕੇ, ਸੌ ਵੱਟ ਮਥੇ ਪਾ ਕੇ:- 'ਕਾਸ਼, ਮੇਰੀਆਂ ਅੱਖੀਆਂ ਦੇ ਵਿਚ ਤਾਕਤ ਹੁੰਦੀ ਐਸੀ 'ਸ਼ਿਵਜੀ ਦੀ ਤੀਜੀ ਅੱਖ ਅੰਦਰ ਸ਼ਕਤੀ ਕਹਿੰਦੇ ਜੈਸੀ 'ਯਾਨੀ ਜਿਸ ਵਲ ਮੈਂ ਤਕ ਲੈਂਦੀ,ਕਤਲ ਹੋਏ ਝਟ ਗਿਰਦਾ 'ਜਿਵੇਂ ਤੇਜ਼ ਤਲਵਾਰ ਵੱਜਿਆਂ, ਪਤਾ ਨ ਲੱਗੇ ਸਿਰ ਦਾ 'ਫਿਰ ਮੈਂ ਫ਼ੌਰਨ ਸਭ ਤੋਂ ਪਹਿਲਾਂ ਨਜ਼ਰ ਤਿਰੀ ਵੱਲ ਕਰਦੀ 'ਛਿਨ ਵਿਚ ਖੜੇ ਖੜੋਤੇ ਤੇਰੇ ਦੋ ਟੋਟੇ ਕਰ ਧਰਦੀ।' ਉਸ ਮਜਨੂੰ ਨੇ ਕਿਹਾ ਕੰਬਕੇ 'ਹਾਇ ! ਨ ਏਹ ਕੁਝ ਮੰਗੋ, 'ਉਂਜ ਭਾਵੇਂ ਜਦ ਚਾਹੋ ਮੇਰੇ ਲਹੂ ਨਾਲ ਹਥ ਰੰਗੋ 'ਫ਼ਿਕਰ ਜਾਨ ਅਪਨੀ ਦਾ ਮੈਨੂੰ ਜ਼ਰਾ ਨਹੀਂ ਘਬਰਾਂਦਾ ‘ਕੇਵਲ ਖ਼ੌਫ ਤੁਹਾਡੇ ਦੁਖ ਦਾ ਦਿਲ ਮੇਰਾ ਕਲਪਾਂਦਾ 'ਮੇਰੇ ਤਨ ਦੇ ਟੁਕੜੇ ਬੇਸ਼ਕ ਹੋਵਣ ਰੱਤੀ ਰੱਤੀ 'ਪਰ ਇਕ ਵਾਲ ਤੁਹਾਡੇ ਨੂੰ ਭੀ ਪੌਣ ਨ ਲੱਗੇ ਤੱਤੀ 'ਨੈਣ ਤੁਹਾਡੇ ਹੋਣ ਜਿ ਐਸੇ, ਕਰਨ ਤਕਦਿਆਂ ਟੋਟੇ 'ਤਦ ਮੈਂ ਸ਼ੀਸ਼ੇ ਸਾਰੇ ਜਗ ਦੇ, ਭੰਨਾਂ ਪੋਟੇ ਪੋਟੇ 'ਤਾਕਿ ਹਾਰ-ਸ਼ਿੰਗਾਰ ਸਮੇਂ ਨ ਸ਼ੀਸ਼ੇ ਅੱਗੇ ਜਾਓ ‘ਭੁਲ ਭੁਲੇਖੇ ਨਜ਼ਰ ਆਪਣੀ ਆਪਣੇ ਤੇ ਨਾ ਪਾਓ । 'ਮਤਾਂ ਨਜ਼ਰ ਦੀ ਕਾਤਲਿ ਸ਼ਕਤੀ, ਅਸਰ ਤੁਸਾਂ ਤੇ ਪਾਵੇ 'ਜਗ ਸਾਰੇ ਤੇ ਛਾਏ ਹਨੇਰਾ, ਜਾਹ ਜਾਂਦੀ ਹੋ ਜਾਵੇ 'ਤੁਸੀਂ ਖੁਸ਼ ਰਹੋ, ਜੁਗ ਜੁਗ ਜੀਵੋ, ਸਾਰਾ ਸਦਕੇ ਜਾਵਾਂ ਮੇਰਾ ਕੀ ਹੈ? ਤੁਛ ਜਹੇ ਦਾ? ਹੁਕਮ ਦਿਓ, ਮਰ ਜਾਵਾਂ ?' ਲੇਲਾ ਦਾ ਰੋਹ ‘ਕਤਲ' ਹੋਗਿਆ, ਸੁਲਹ ਹੋਈ, ਸੁਖ ਵਸਿਆ ਸਬਕ-ਸ਼ਾਂਤ ਮਿੱਠਤ ਦਾ ਜਗ ਨੂੰ 'ਸੁਥਰੇ' ਪ੍ਰੇਮੀ ਦਸਿਆ

ਯਾਰੜੇ ਦਾ ਸੱਥਰ

ਕਾਇਨਾਤ ਦੇ ਮਾਲਕ, ਕਲਗੀਧਰ ਜੀ, ਬਨ ਵਿਚ ਕੱਲੇ ਭੁੰਜੇ ਸੁਤੇ ਦੇਖ, ਪੰਛੀਆਂ ਤਜਿਆ ਚੁਗਣਾ-ਚਹਿਣਾ। ਪਵਣ ਨਿਢਾਲ,ਭਾਨ ਮੁਖ ਲਾਲ,ਅਕਾਸ਼,ਪਤਾਲ ਉਦਾਸੇ, ਬੂਟੇ ਫੁਲ ਕੁਮਲਾਏ, ਰੁਕਿਆ ਪੱਤ ਪੱਤ ਦਾ ਖਹਿਣਾ । ਹਿਰਨ ਚੌਕੜੀ ਭੁਲੇ, ਸ਼ੇਰਾਂ ਗਰਜਨ-ਧਾੜਨ ਤਜਿਆ, ਜਲਨ ਲਗਾ ਨਿਜ ਚਿੰਤਾ ਅਗਨੀ ਸੰਧਯਾ ਸਮੇਂ ਟਟਹਿਣਾ। ਪ੍ਰਿਥਵੀ ਨੈਣ ਝਿੰਮਣੀ-ਘਾਹ-ਦੀ-ਨੋਕੀਂ ਦਿੱਸਣ ਆਂਸੂ, ਰੁੰਨਾ ਜ਼ੱਰਾ ਜ਼ੱਰਾ, ਗੁਰ ਦਾ ਦੇਖ ਕਸ਼ਟ ਅਤਿ ਸਹਿਣਾ। ਕਿੱਥੇ ਹਾਇ! ਅਨੰਦਪੁਰ ਅਪਨਾ, ਕਿੱਥੇ ਫੌਜ, ਖਜ਼ਾਨੇ ? ਮਹਿਲ, ਮਾੜੀਆਂ, ਕਿਲੇ, ਹਕੂਮਤ,ਹੀਰੇ,ਮੋਤੀ ਗਹਿਣਾ। ਲੱਖਾਂ ਸਿੰਘ, ਚਾਰ ਸਤ, ਪਯਾਰੇ, ਹਾਥੀ, ਘੋੜੇ, ਤੋਪਾਂ, ਪਲੰਘ ਸੁਨਹਿਰੀ ਸੌਣਾ, ਹੀਰੇ ਜੜਤ ਤਖਤ ਤੇ ਬਹਿਣਾ। ਲਾਡ ਲਾਡਲੇ ਲਾਲਾਂ ਕਰਨੇ, ਚਰਨ ਝਸਣੇ ਮਹਿਲਾਂ, ਨਾਲ ਇਸ਼ਾਰੇ, ਰਾਜ ਬਖਸ਼ਣੇ, ਸੋ ਹੋਣਾ ਜੋ ਕਹਿਣਾ। ਲੰਗਰ ਦੇ ਵਿਚ ਖੀਰ-ਪਰੌਂਠੇ, ਮਹਾਂ ਪ੍ਰਸ਼ਾਦੀ ਦੇਗਾਂ, ਚਾਰ ਵਰਣ ਦੇ ਲੱਖਾਂ ਲੋਕਾਂ, ਰੋਜ਼ ਛਕਣ ਨੂੰ ਡਹਿਣਾ। ਫਿਰ ਇਕਦਮ ਉਸ ਝਾਕੇ ਦੀ ਥਾਂ, ਜੰਗ ਨਗਾਰਾ ਵਜਣਾ, ਸ਼ਾਹੀ ਤੇ ਸਰਬੰਸ ਉਜੜਨਾ, ਖੂਨ ਸਿੱਖਾਂ ਦਾ ਵਹਿਣਾ । ਦੇਵ ਦੈਂਤ ਸਭ ਭੁੱਬਾਂ ਮਾਰਨ, ਤੂੰ ਹਸ ਹਸ ਕੇ ਡਿਠਾ, ਉੱਚੀ-ਵੰਸ-ਇਮਾਰਤ-ਨਿਜ ਦਾ, ਅੱਖਾਂ ਅੱਗੇ ਢਹਿਣਾ। ਖੁਦ ਇਕ ਸਿਰੀ ਸਾਹਿਬ ਲੈ, ਕੱਲੇ, ਭੁਖੇ ਭੁੰਜੇ ਸੌਣਾ, ਇਹ ਕੀ ਤੇਰੇ ਚੋਜ ਚੋਜੀਆ? ਦਿਤੋਂ ਈ ਕਦ ਦਾ ਲਹਿਣਾ। ਮਿਠੇ ਕੋਮਲ ਬੁੱਲ੍ਹਾਂ ਵਿਚੋਂ, ਵਾਜ ਮਧੁਰ ਇਹ ਨਿਕਲੀ:- 'ਯਾਰੜੇ ਦਾ ਸਾਨੂੰ ਸੱਥਰ ਚੰਗਾ,ਭੱਠ ਖੇੜਿਆਂ ਦਾ ਰਹਿਣਾ।'

ਆਪੇ ਆਊ

ਕਹਿੰਦੇ ਹਨ ਕਿ ਚਾਨਣ, ਛਿਨ ਵਿਚ ਲਖ ਮੀਲਾਂ ਹੋ ਜਾਂਦਾ ਸੂਰਜ ਅਠ ਮਿੰਟਾਂ ਵਿਚ ਜਗ ਤੇ ਅਪਨੀ ਕਿਰਨ ਪੁਚਾਂਦਾ ਆਸਮਾਨ ਵਿਚ ਉਸ ਨਾਲੋਂ ਭੀ ਦੂਰ ਕਈ ਹਨ ਤਾਰੇ, ਕਿਰਨ ਜਿਨ੍ਹਾਂ ਦੀ ਸਾਲਾਂ-ਸਦੀਆਂ ਵਿਚ ਪਹੁੰਚੇ ਸੰਸਾਰੇ ਸੱਚ ਖੰਡ ਹੈ ਓਹਨਾਂ ਤੋਂ ਭੀ, ਸੌ ਗੁਣ ਕਹਿਣ ਦੁਰਾਡਾ ਜਿਸਦਾ ਲੇਖਾ ਕਰ ਨਾ ਸਕੇ ਖਯਾਲ-ਹਿਸਾਬ ਅਸਾਡਾ ਐਡੀ ਦੂਰੋਂ ਸਤਿਗੁਰ ਨਾਨਕ ਅਾਪੇ ਚਲ ਕੇ ਆਯਾ ਆਪੇ ਖਾਧਾ ਤਰਸ ਜਗਤ ਤੇ ਆਪੇ ਕਸ਼ਟ ਹਟਾਯਾ ਆਪੇ ਹੀ ਫਿਰ ਘਰੋਂ ਨਿਕਲ ਕੇ ਚਕ੍ਰ ਚੁਤਰਫ਼ੀਂ ਲਾਏ ਪਿੰਡ ਪਿੰਡ ਤੇ ਘਰ ਘਰ ਜਾ ਕੇ ਆਪੇ ਲੋਕ ਤਰਾਏ ਆਪੇ ਗਿਆ ਪਹਾੜਾਂ ਉਤੇ, ਆਪੇ ਟਪਿਆ ਨਦੀਆਂ ਜੰਗਲ ਬੇਲੇ, ਰੇਤਥਲੇ ਵਿਚ ਪਟਦਾ ਫਿਰਿਆ ਬਦੀਆਂ ਆਪੇ ਬੰਗਲਾ, ਤਿੱਬਤ, ਯੂ.ਪੀ. ਸੰਗਲਦੀ ਜਾ ਫਿਰਿਆ ਕਈ ਵੇਰ ਕੈਦਾਂ ਵਿਚ ਫਸਿਆ, ਚੋਰਾਂ ਦੇ ਹਥ ਘਿਰਿਆ ਲਭਦਾ ਫਿਰਿਆ ਦੁਸ਼ਟਾਂ ਤਾਈਂ ਮੁਕਤਿ ਕਰਾਵਣ ਖਾਤਰ ਚੁਣਦਾ ਰਿਹਾ ਪਾਪੀਆਂ ਤਾਈਂ ਨੇਕ ਬਨਾਵਣ ਖਾਤਰ ਰਾਜਪੂਤਾਨੇ ਤੁਰਕਿਸਤਾਨੇ ਤੇ ਅਫ਼ਗਾਨਿਸਤਾਨੇ ਕਛ-ਕਸ਼ਮੀਰ, ਬਲੋਚਿਸਤਾਨੇ, ਅਰਬ, ਇਰਾਕ, ਇਰਾਨੇ ਭੁਖੇ ਰਹਿ ਰਹਿ,ਨਿੰਦਾ ਸਹਿ ਸਹਿ, ਭੁੰਜੇ ਬਹਿ ਬਹਿ,ਆਪੇ ਪੈਰੀਂ ਤੁਰ ਤੁਰ ਜ਼ਰਾ ਨਾ ਥਕਿਆ, ਮੇਟੇ ਜਗ ਦੇ ਸਯਾਪੇ ਇਸ ਤੋਂ ਮੈਨੂੰ ਨਿਸਚਾ ਹੋਯਾ, ਫਿਕਰ ਹਟਾਵਣ ਵਾਲਾ ਤਰਨ ਵਾਲਿਆਂ ਨਾਲੋਂ ਕਾਹਲਾ, ਹੈ ਖ਼ੁਦ ਤਾਰਨ ਵਾਲਾ ਸਾਨੂੰ ਚਿੰਤਾ ਹੋਇ ਨ ਹੋਵੇ, ਆਪ ਫਿਕਰ ਹੈ ਕਰਦਾ ਆਪੇ ਆ ਕੇ ਟਿਕਟਿ ਮੁਕਤਿ ਦਾ ਹੈ ਝੋਲੀ ਵਿਚ ਧਰਦਾ ਤਦੇ ਮਸਤ ਹਾਂ ਆਪਾਂ ਬੈਠੇ, ਰਿਦਾ ਨਹੀਂ ਘਬਰਾਂਦਾ ਲਖ ਕੋਹਾਂ ਵਿਚ ਜੋ ਨਹੀਂ ਥਕਦਾ, ਥਕੂ ਨ ਏਥੇ ਆਂਦਾ ਆਪੇ ਆਊ, ਨਿਸਚੇ ਆਊ, 'ਸੁਥਰਾ' ਮੁਕਤਿ ਕਰਾਊ ਹਰਦਮ 'ਨਾਨਕ ਸ਼ਾਹ' ਧਰਮ ਦਾ ਬੇੜਾ ਬੰਨੇ ਲਾਊ

ਸਭ ਕੁਝ ਉਸ ਦੇ ਹਵਾਲੇ

ਭਰੀ ਸਭਾ ਵਿਚ ਜਦੋਂ ਕੌਰਵਾਂ, ਜ਼ੁਲਮੀ ਸੀਨ ਦਿਖਾਯਾ ਨੰਗੀ ਕਰਨ ਹੇਤ ਪੰਚਾਲੀ, ਕਰੜਾ ਦੰਡ ਸੁਣਾਯਾ ਸੁਣ ਕੇ ਹੁਕਮ ਦਰੋਪਤੀ ਕੰਬੀ, ਨਜ਼ਰ ਚੁਤਰਫ ਦੁੜਾਈ ਪੰਜੇ ਪਾਂਡੋ ਸਿਰ ਸੁਟ ਬੈਠੇ, ਜ਼ਰਾ ਨ ਸੁਣਨ ਦੁਹਾਈ ਬੜੇ ਬਜ਼ੁਰਗਾਂ ਨੇ ਭੀ ਮੱਦਦੋਂ ਕੀਤੀ ਪ੍ਰਗਟ ਲਾਚਾਰੀ ਅਫਲ, ਕੌਰਵਾਂ ਦੇ ਕਰ ਤਰਲੇ ਹੋਈ ਜ਼ਲੀਲ ਵਿਚਾਰੀ ਸਭ ਤਰਫੋਂ ਮਾਯੂਸੀ ਹੋਈ, ਤਾਂ ਰੱਬ ਚੇਤੇ ਆਯਾ ਸਾੜ੍ਹੀ ਲਾਹੁਣ ਹਿਤ ਦੁਹਸਾਸਨ, ਉਧਰੋਂ ਹਥ ਵਧਾਯਾ ਦੋਵੇਂ ਹਥ ਅਬਲਾ ਦੇ ਫੜ ਕੇ, ਦੋ ਬੇ-ਰਹਿਮਾਂ ਜਕੜੇ ਤਾਕਿ ਪਕੜ ਸਕੇ ਨਾ ਸਾੜ੍ਹੀ, ਦੋਵੇਂ ਬਾਜ਼ੂ ਪਕੜੇ ਘਾਬਰਕੇ ਦੰਦਾਂ ਵਿਚ ਸਾੜ੍ਹੀ, ਲੀਤੀ ਪਕੜ ਵਿਚਾਰੀ ਦੁਸ਼ਟਾਂ ਜਦ ਓਥੋਂ ਭੀ ਖਿੱਚੀ, ਚੀਕ ਦਰੋਪਤੀ ਮਾਰੀ:- 'ਹੇ ਭਗਵਾਨ ! ਨ ਤੇਰੇ ਬਾਝੋਂ ਮੇਰਾ ਕੋਈ ਸਹਾਈ, ਮਿਰੀ ਲਾਜ ਰਖ, ਆ ਹੁਣ ਛੇਤੀ,ਕਾਹਨੂੰ ਦੇਰ ਲਗਾਈ ?' ਅਰਬ ਖਰਬ ਸਾੜ੍ਹੀ ਹੋਈ ਫੌਰਨ,ਥਕ ਗਏ ਦੁਸ਼ਟ ਖਿਚਾਂਦੇ ਜੈ ਜੈ ਕਾਰ ਪ੍ਰਭੂ ਦੀ ਹੋਈ, ਜ਼ਾਲਮ ਪੈ ਗਏ ਮਾਂਦੇ ਘਰ ਆਈ ਤਾਂ ਮਿਲੇ ਕਿ੍ਰਸ਼ਨ ਜੀ, ਭੁੱਬ ਮਾਰ ਕੇ ਬੋਲੀ:- ‘ਭਗਵਾਨ, ਬੜੀ ਦਯਾ ਹੈ ਕੀਤੀ, ਰਖ ਲਈ ਅਪਨੀ ਗੋਲੀ 'ਪਰ ਦਸੋ,ਕਿਉਂ ਮਿਰੀ ਮਦਦ ਵਿਚ, ਦੇਰੀ ਤੁਸਾਂ ਲਗਾਈ ? 'ਕਿਉਂ ਨ ਕੁਝ ਪਲ ਪਹਿਲੇ ਆਕੇ, ਮੇਰੀ ਬਿਪਤ ਮੁਕਾਈ ? ਸ਼ਿਰੀ ਕ੍ਰਿਸ਼ਨ ਮੁਸਕ੍ਰਾਕੇ ਬੋਲੇ ਤੂੰ ਦੰਦਾਂ ਵਿਚ ਫੜ ਕੇ, 'ਅਪਨੀ ਤਰਫੋਂ ਸਾੜ੍ਹੀ ਰੋਕੀ, ਮੈਂ ਵੇਂਹਦਾ ਰਿਹਾ ਖੜਕੇ, 'ਜਦ ਤੂੰ ਅਪਣਾ ਸਭ ਬਲ ਤਜਕੇ, ਕੇਵਲ ਮੈਨੂੰ ਧ੍ਯਾਯਾ ‘ਤਦ ਮੈਂ ਫੌਰਨ ਬਿਰਦ ਪਾਲਿਆ ਤੇਰਾ ਕਸ਼ਟ ਹਟਾਯਾ ਇਕ ਮ੍ਯਾਨ ਵਿਚ ਦੋ ਤਲਵਾਰਾਂ, ਹਰਗਿਜ਼ ਨਾਹਿ ਸਮਾਵਨ 'ਅਪਨੀ ਹਉਮੈ, ਪ੍ਰਭੁ ਦੀ ਕ੍ਰਿਪਾ, ਕਠੀਆਂ ਨਹੀਂ ਰਹਾਵਨ 'ਜਦ ਬੰਦਾ ਤਜ ਨਿਜ ਬਲ, ਸਭ ਕੁਝ ਪ੍ਰਭੁ ਦੇ ਕਰੇ ਹਵਾਲੇ 'ਅਪਨੀ ਗੌਂ ਨੂੰ 'ਸੁਥਰਾ’ ਰਬ ਆ, ਸਭ ਦੁਖ ਉਸਦੇ ਟਾਲੇ!'

  • ਮੁੱਖ ਪੰਨਾ : ਕਾਵਿ ਰਚਨਾਵਾਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਚਰਨ ਸਿੰਘ ਸ਼ਹੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ