Azam Malik
ਆਜ਼ਮ ਮਲਿਕ

ਆਜ਼ਮ ਮਲਿਕ ਤੇ, ਦੁੱਖ ਦਾ ਤੇ ਦੁੱਖ ਨੂੰ ਦੱਸਣ ਦਾ ਕਰਮ ਹੋਇਆ ਹੈ । ਸਾਈਂ ਨੇ ਸੁਨੇਹੜਾ ਘੱਲਿਆ ਹੈ, ਸਿਰ ਤੇ ਖਾਰੀ ਚਾਈ ਉਹ ਦਰ ਦਰ ਹੋਕਾ ਦੇਵੇ । ਸਾਡੇ ਪਾਸੇ ਵੀ ਇਹ ਹੋਕਾ ਪਹੁੰਚ ਗਿਆ ਹੈ । ਵਧਾਈ ਹੋਵੇ । ਆਜ਼ਮ ਜਾਣਦਾ ਹੈ ਦੁੱਖ ਨੂੰ ਦੱਸਣਾ ਸੌਖਾ ਨਹੀਂ । ਇੱਕੋ ਸਾਹ ਦਾ ਪੈਂਡਾ ਹੈ, ਸਦੀਆਂ ਜੇਡੀ ਲੰਮੀ ਵਿੱਥ ਏ, ਤੇ ਨ੍ਹੇਰਾ ਪੱਬਾਂ ਭਾਰ ਖੜ੍ਹਾ ਏ ਤੇ ਦੁਖ ਵੀ ਉਹਦਾ ਆਪਣਾ ਨਹੀਂ, ਸਾਰੇ ਵਜੂਦ ਦਾ ਏ । ਫੇਰ ਵੀ ਉਹਦੀ ਬੋਲੀ ਥਿੜਕੀ ਨਹੀਂ। ਸੰਜਮ, ਸਹਿਜ ਤੇ ਵਹਾਅ ਸੰਭਿਆ ਰਿਹਾ ਹੈ । ਮੈਂ ਆਜ਼ਮ ਨੂੰ ਵਧਾਈ ਦਿੰਦਾ ਹਾਂ ।- ਨਵਤੇਜ ਭਾਰਤੀ (ਕੈਨੇਡਾ)

ਆਜ਼ਮ ਮਲਿਕ ਪਾਕਿਸਤਾਨੀ ਪੰਜਾਬੀ ਕਵਿਤਾ ਦੀ ਪੱਕੀ ਰੀਤ ਵਿੱਚ ਟਿਕਿਆ ਪਰਪੱਕ ਸ਼ਾਇਰ ਹੈ। ਜਿਸਦੀ ਸ਼ਾਇਰੀ ਵਿੱਚ ਹਸਤੀ ਵੀ ਬੋਲਦੀ ਹੈ, ਧਰਤੀ ਵੀ ਗੂੰਜਦੀ ਹੈ। ਉਹ ਰੂਹਾਨੀ ਰੰਗਤ ਵਾਲਾ ਵੀ ਹੈ, ਲੋਕਾਈ ਦੇ ਦਰਦ ਨੂੰ ਜ਼ੁਬਾਨ ਦੇਣ ਵਾਲਾ ਵੀ। ਉਸਨੂੰ ਸੂਫੀ ਵੀ ਪ੍ਰੇਰਦੇ ਹਨ ਤੇ ਤਰੱਕੀ-ਪਸੰਦ ਵੀ। ਉਹ ਗਹਿਰਾ ਵੀ ਹੈ ਤੇ ਸਾਦਾ ਵੀ। ਇਹੀ ਉਸ ਦੀ ਸ਼ਾਇਰੀ ਦੀ ਤਾਕਤ ਹੈ ।- ਗੁਰਤੇਜ ਕੋਹਾਰਵਾਲਾ

ਪੰਜਾਬੀ ਗ਼ਜ਼ਲਾਂ (ਸਾਈਂ ਸੁਨੇਹੜੇ ਘੱਲੇ ਵਿੱਚੋਂ) : ਆਜ਼ਮ ਮਲਿਕ

Punjabi Ghazlan (Sain Sunehre Ghalle) : Azam Malikਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ

ਘੋਲਣ ਵਿੱਸਾਂ ਲੋਕੀ ਸ਼ਹਿਰਾਂ, ਬਾਰਾਂ ਦੇ ਸੱਪਾਂ ਜਿਹੇ ਕਿਰਦਾਰ ਨੇ ਇਥੇ ਯਾਰਾਂ ਦੇ ਹੁਣ ਤੇ ਇਸ ਬਸਤੀ ਦਾ ਰੱਬ ਈ ਰਾਖਾ ਏ ਨੀਤਾਂ ਦੇ ਵਿਚ ਖੋਟ ਨੇ ਪਹਿਰੇਦਾਰਾਂ ਦੇ ਜਾਵਣ ਵਾਲੇ ਨਿੰਦਰ ਨਾਲ਼ ਈ ਲੈ ਗਏ ਨੇ ਅਖੀਆਂ ਵਿਚ ਜਗਰਾਤੇ ਨੇ ਦਿਲਦਾਰਾਂ ਦੇ ਕਿੰਨੀਆਂ ਸੁੱਚੀਆਂ ਚੁੰਨੀਆਂ ਪੈਰੀਂ ਰੁਲੀਆਂ ਨੇ ਸ਼ਮਲੇ ਮੁੜ ਵੀ ਉੱਚੇ ਨੇ ਸਰਦਾਰਾਂ ਦੇ ਵੈਰ ਵਿਰੋਧ ਤੇ ਨਫ਼ਰਤ ਅੱਤਾਂ ਚਾਈਆਂ ਨੇ ਕਦ ਆਵਣਗੇ ਖ਼ਬਰੇ ਮੌਸਮ ਪਿਆਰਾਂ ਦੇ ਬੇਫ਼ੈਜ਼ਾਂ 'ਚੋਂ ਕੀ ਲੱਭਦੇ ਓ ਆਜ਼ਮ ਜੀ ਅੱਕਾਂ ਤੇ ਨਈਂ ਲਗਦੇ ਫੁੱਲ ਅਨਾਰਾਂ ਦੇ

ਦਾਅਵੇ ਕਰਕੇ ਯਾਰੀ ਦੇ

ਦਾਅਵੇ ਕਰਕੇ ਯਾਰੀ ਦੇ ਮੁੜ ਨਈਂ ਯਾਰ ਵਿਸਾਰੀ ਦੇ ਜਾਂ ਤੇ ਸਾਡੀ ਖੇਡ ਮੁਕਾ ਨਈਂ ਤੇ ਸਾਨੂੰ ਵਾਰੀ ਦੇ ਦਿਲ ਜੁਰਮਾਨੇ ਭਰਦਾ ਏ ਅੱਖ ਦੀ ਕਾਰਗੁਜ਼ਾਰੀ ਦੇ ਦਰਸ਼ਨ ਦਾਰੂ ਮੰਗਦੇ ਨੇ ਰੋਗੀ ਇਸ਼ਕ ਬਿਮਾਰੀ ਦੇ ਰੰਗ ਹਯਾਤੀ ਬਦਲੇਗੀ ਆ ਕੇ ਹੱਥ ਲਲਾਰੀ ਦੇ ਕਿੰਨੇ ਮਤਲਬ ਕੱਢੇ ਨੇ ਲੋਕਾਂ ਕੰਧ ਉਸਾਰੀ ਦੇ

ਜੇ ਨਈਂ ਝੱਲਣਾ ਭਾਰ ਕਿਸੇ ਦਾ

ਜੇ ਨਈਂ ਝੱਲਣਾ ਭਾਰ ਕਿਸੇ ਦਾ ਕੀ ਸਦਵਾਣਾ ਯਾਰ ਕਿਸੇ ਦਾ ਪਲਕਾਂ ਤੇ ਨਾ ਤਾਰੇ ਰੱਖੀਏ ਕਰ ਲਈਏ ਇਤਬਾਰ ਕਿਸੇ ਦਾ ਗੋਲ਼ੀ ਨਾਲੋਂ ਡਾਹਢਾ ਬੀਬਾ! ਨਾਂਹ ਵਰਗਾ ਇਕਰਾਰ ਕਿਸੇ ਦਾ ਹਿਜਰ ਹੰਢਾਉਣਾ ਉਮਰਾਂ ਤੀਕਰ ਹੁੰਦਾ ਏ ਦੁਸ਼ਵਾਰ ਕਿਸੇ ਦਾ ਆਜ਼ਮ ਜਿੰਦੜੀ ਟੋਰੀ ਆਵੇ ਹਾਂ ਵਰਗਾ ਇਨਕਾਰ ਕਿਸੇ ਦਾ ਜੇ ਨਈਂ ਝੱਲਣਾ ਭਾਰ ਕਿਸੇ ਦਾ ਕੀ ਬਨਣਾ ਫਿਰ ਯਾਰ ਕਿਸੇ ਦਾ ਜਿਹੜੇ ਬੇ-ਇਤਬਾਰੇ ਹੋਵਣ ਨਈਂ ਕਰਦੇ ਇਤਬਾਰ ਕਿਸੇ ਦਾ ਅੱਗ ਨੂੰ ਬਰਫ਼ ਬਣਾਉਂਦਾ ਜਾਵੇ ਲਹਿਜਾ ਠੰਢਾ ਠਾਰ ਕਿਸੇ ਦਾ ਅੱਖੀਆਂ ਵਿੱਚ ਜਗਰਾਤੇ ਜਾਗਣ ਕੀਤਾ ਏ ਦੀਦਾਰ ਕਿਸੇ ਦਾ ਠੀਕ ਨਈਂ ਹੁੰਦੇ ਖੁੱਲ੍ਹੇ ਬੂਹੇ ਦਿਲ ਨੂੰ ਜੰਦਰਾ ਮਾਰ ਕਿਸੇ ਦਾ

ਜਿੰਦ ਨਿਮਾਣੀ ਮੁੱਕਦੀ ਜਾਵੇ

ਜਿੰਦ ਨਿਮਾਣੀ ਮੁੱਕਦੀ ਜਾਵੇ ਕਿਹੜਾ ਦਰਦੀ ਦਰਦ ਵੰਡਾਵੇ ਸੁੱਖ ਨੂੰ ਲੱਭਣ ਤੱਸੀਆਂ ਅੱਖਾਂ ਦੁੱਖ ਦੇ ਮਿਲਦੇ ਸਭ ਵਰਤਾਵੇ ਹਰ ਸ਼ੈਅ ਉੱਤੇ ਕੁਦਰਤ ਤੇਰੀ ਲੱਖ ਪਿਆ ਕੋਈ ਰੱਬ ਅਖਵਾਵੇ ਜੀਭਾਂ ਦੇ ਮੁੱਲ ਵੱਟੇ ਲੋਕਾਂ ਕੀ ਕੋਈ ਸੱਚੀ ਗੱਲ ਸੁਣਾਵੇ ਮੈਂ ਦਰਦਾਂ ਦਾ ਪਾਂਧੀ ਆਜ਼ਮ ਕਿਹੜਾ ਮੇਰਾ ਸਾਥ ਨਿਭਾਵੇ

ਸਮਝੋ ਉਹ ਈ ਪੂਰੀ ਏ

ਸਮਝੋ ਉਹ ਈ ਪੂਰੀ ਏ ਜਿਹੜੀ ਗੱਲ ਅਧੂਰੀ ਏ ਰੂਪ ਦਾ ਹਉਕਾ ਸੁਣਿਆ ਈ ਆਖੇ ਅੱਖ ਜ਼ਰੂਰੀ ਏ ਸਦਕੇ ਵਾਂਗਰ ਦਿੰਦਾ ਏ ਜੋ ਮੇਰੀ ਮਜ਼ਦੂਰੀ ਏ ਫੁੱਲਾਂ ਵਰਗੇ ਮੁਖੜੇ ਤੇ ਹਾਸੇ ਭਿੰਨੀ ਘੂਰੀ ਏ ਤੈਨੂੰ ਰੰਗਣਾ ਮਹਿਕਾਂ ਨਾਲ਼ ਚਿੱਤਰ ਦੀ ਮਜਬੂਰੀ ਏ ਇਕੋ ਸਾਹ ਦਾ ਪੈਂਡਾ ਏ ਬੱਸ ਆਜ਼ਮ ਕਿਹੜੀ ਦੂਰੀ ਏ

ਮੈਨੂੰ ਲਗਦੈ ਝੋਲ ਵੇ ਬੀਬਾ

ਮੈਨੂੰ ਲਗਦੈ ਝੋਲ ਵੇ ਬੀਬਾ ਫਿਰ ਇੱਕ ਵਾਰੀ ਤੋਲ ਵੇ ਬੀਬਾ ਵੈਰੀ ਜੱਗ ਨੂੰ ਚੁੱਲ੍ਹੇ ਪਾਵਾਂ ਤੂੰ ਜੇ ਹੋਵੇਂ ਕੋਲ਼ ਵੇ ਬੀਬਾ ਨ੍ਹੇਰਾ ਪੱਬਾਂ ਭਾਰ ਖਲ੍ਹਾ ਏ ਪਹੁ ਫੁੱਟੇ ਕੁੱਝ ਬੋਲ ਵੇ ਬੀਬਾ ਕਿਹੜੀ ਨੁੱਕਰੇ ਮੈਂ ਬੈਠਾ ਵਾਂ ਆਪਣਾ ਅੰਦਰ ਫੋਲ ਵੇ ਬੀਬਾ ਕੰਧਾਂ ਨੂੰ ਵੀ ਕੰਨ ਹੁੰਦੇ ਨੇ ਆਜ਼ਮ ਹੌਲੀ ਬੋਲ ਵੇ ਬੀਬਾ

ਐਵੇਂ ਤੇ ਨਈਂ ਦੀਵਾ ਬਲਦਾ

ਐਵੇਂ ਤੇ ਨਈਂ ਦੀਵਾ ਬਲਦਾ ਪਾਲਣ ਕਰਨਾ ਪੈਂਦਾ ਗੱਲ ਦਾ ਉਹਦੀਆਂ ਯਾਦਾਂ ਬੰਨ੍ਹ ਕੇ ਟੁਰ ਪਏ ਓਬੜ ਰਾਹ ਤੇ ਪੈਂਡਾ ਥਲ ਦਾ ਹਿਜਰ ਤੇਰੇ ਦੀ ਪੀਂਘ ਚੜ੍ਹੀ ਏ ਮੌਤ ਹੁਲਾਰਾ ਕਿਸਰਾਂ ਠੱਲ ਦਾ ਮੁੜ ਜਾਣਾ ਸੀ ਬਣਦਾ ਉਹਦਾ ਕਿਥੋਂ ਤੀਕ ਉਹ ਮਿਹਣੇ ਝੱਲਦਾ ਵੇਲੇ ਵਿਹਲ ਨਈਂ ਦਿੱਤੀ ਆਜ਼ਮ ਉਹ ਤੇ ਰੋਜ਼ ਏ ਸੱਦੇ ਘਲਦਾ

ਚੁੱਪ ਹਨੇਰਾ, ਅੱਖਰ ਚਾਨਣ

ਚੁੱਪ ਹਨੇਰਾ, ਅੱਖਰ ਚਾਨਣ ਬੋਲ ਕਿ ਤੈਨੂੰ ਲੋਕੀਂ ਜਾਨਣ ਦਾਣੇ ਬੀਨੇ ਮੰਗਦੇ ਡਿਠੇ ਪਾਗਲ ਇਥੇ ਮੌਜਾਂ ਮਾਨਣ ਜੀਅ ਕਰਦਾ ਏ ਲੋਕੀਂ ਮੈਨੂੰ ਤੇਰੇ ਨਾਂ ਦੇ ਨਾਲ਼ ਪਛਾਨਣ ਤੱਕਣਾ ਉਹਨੂੰ ਹੱਜ ਕਾਅਬੇ ਦਾ ਬੇਸ਼ੱਕ ਲੋਕੀ ਕਾਫ਼ਰ ਜਾਨਣ ਸੱਜਣ ਪੈਰਾਂ ਹੇਠ ਵਿਛਾਵਣ ਭਾਵੇਂ ਆਜ਼ਮ ਸਿਰ ਤੇ ਤਾਨਣ

ਤੇਰੇ ਰੰਗ ਜੇ ਰੰਗੀ ਹੁੰਦੀ

ਤੇਰੇ ਰੰਗ ਜੇ ਰੰਗੀ ਹੁੰਦੀ ਦੁਨੀਆ ਕਿੰਨੀ ਚੰਗੀ ਹੁੰਦੀ ਯਾਰੀ ਤੋੜ ਵੀ ਚੜ੍ਹ ਸਕਦੀ ਸੀ ਜੇ ਨਾ ਗ਼ਰਜ਼ਾਂ ਡੰਗੀ ਹੁੰਦੀ ਦਿਲ ਦਾ ਵਿਹੜਾ ਖੁੱਲ੍ਹਾ ਰੱਖਦੇ ਐਨੀ ਤੇ ਨਾ ਤੰਗੀ ਹੁੰਦੀ ਤੇਰਾ ਸਾਥ ਵੀ ਮੰਗ ਲੈਂਦਾ ਮੈਂ ਜੇ ਕਰ ਜਿੰਦੜੀ ਮੰਗੀ ਹੁੰਦੀ ਤੂੰ ਨਾ ਹੁੰਦਾ ਤੇ ਇਹ ਧਰਤੀ ਅੰਬਰਾਂ ਉਤੇ ਟੰਗੀ ਹੁੰਦੀ ਬਹੁਤਾ ਚਿਰ ਨਈਂ ਵਸਦੇ ਆਜ਼ਮ ਸੋਚ ਜਿੰਨ੍ਹਾਂ ਦੀ ਜੰਗੀ ਹੁੰਦੀ

ਇਲਮ ਦਾ ਨਾਹੀਂ ਕੋਈ ਹਿਸਾਬ

ਇਲਮ ਦਾ ਨਾਹੀਂ ਕੋਈ ਹਿਸਾਬ ਹਰ ਬੰਦਾ ਇੱਕ ਨਵੀਂ ਕਿਤਾਬ ਭਾਵੇਂ ਲੱਖ ਦਲੀਲਾਂ ਘੜ ਕਈ ਸਵਾਲ ਨੇ ਬਿਨਾਂ ਜਵਾਬ ਖ਼ੁਸ਼ਬੂ ਖਿੱਲਰੀ ਯਾਦਾਂ ਦੀ ਸੁੱਕੇ ਵੇਖੇ ਜਦੋਂ ਗੁਲਾਬ ਕੰਮ ਕਿਸੇ ਦੇ ਆਵਣ ਲਈ ਰੱਖੀਏ ਨਾ ਕੋਈ ਮੁੱਖ ਸਵਾਬ ਪੜ੍ਹ ਕੇ ਕਾਫ਼ੀ ਬੁੱਲ੍ਹੇ ਦੀ ਇਸ਼ਕ ਮਾਹੀ ਦੇ ਖੁੱਲ੍ਹੇ ਬਾਬ