Awazan : Professor Mohan Singh

ਆਵਾਜ਼ਾਂ : ਪ੍ਰੋਫੈਸਰ ਮੋਹਨ ਸਿੰਘ

1. ਹਥਿਆਰ

ਕੌਣ ਆਖਦਾ ਇਸ਼ਕ ਦੇ ਮੱਥੇ
ਹੁਸਨ ਦਾ ਗਹਿਣਾ ਸਜਦਾ ਨਾ ।
ਲੋਹੇ-ਰੰਗੀ ਜਵਾਨੀ ਦੇ ਗਲ
ਰੱਤਾ ਚੂੜਾ ਫਬਦਾ ਨਾ ।

ਕੌਣ ਆਖਦਾ ਵਿੱਚ ਵਿਛੋੜੇ
ਇਸ਼ਕ ਦਾ ਸ਼ੁਅਲਾ ਭੜਕੇ ਨਾ ।
ਕੌਣ ਆਖਦਾ ਵਿਚ ਵਸਲ ਦੇ
ਦਿਲ ਤਿਰਖੇਰਾ ਧੜਕੇ ਨਾ ।

ਕੌਣ ਆਖਦਾ ਅਤੀ ਸੁਖਾਵੀਂ
ਜ਼ੁਲਫ਼ਾਂ ਦੀ ਘੁੱਪ ਰਾਤ ਨਹੀਂ,
ਕੌਣ ਕਹੇ ਰਤੀਆਂ ਤੋਂ ਮਹਿੰਗੀ
ਰਾਜ਼ ਨਿਆਜ਼ ਦੀ ਬਾਤ ਨਹੀਂ ।

ਪਰ ਹੁਣ ਜ਼ੁਲਫ਼ਾਂ ਦੀ ਛਾਂ ਥੱਲੇ
ਪਿਆਰੀ ਨੀਂਦਰ ਆਂਦੀ ਨਾ,
ਨਿਜੀ ਪਿਆਰ ਦੇ ਠੇਕੇ ਉਤੇ
ਰੂਹ ਮੇਰੀ ਨਸ਼ਿਆਂਦੀ ਨਾ ।

ਹੁਣ ਤਾਂ ਮੰਗ ਸਮੇਂ ਦੀ ਪਿਆਰੀ
ਇਸ਼ਕ ਮੇਰਾ ਲੋਹਾਰ ਬਣੇ,
ਤਾਪ ਸੀਨੇ ਦੀ ਭੱਠੀ ਅੰਦਰ
ਦਿਲ ਮੇਰਾ ਹਥਿਆਰ ਬਣੇ ।

ਜੀਵਨ ਭਰ ਮੈਂ ਮਾਣ ਕਰਾਂਗਾ
ਪਿਆਰੀ ਤੇਰੇ ਪਿਆਰ ਉਤੇ ।
ਬਣ ਕੇ ਸਿਕਲੀ ਗਰਨੀ ਜੇ ਤੂੰ
ਪਾਣ ਚੜ੍ਹਾ ਦਏਂ ਸਾਰ ਉਤੇ ।

2. ਗ਼ਜ਼ਲ

ਆ ਕਿ ਮੁਕਟੀ ਇਸ਼ਕ ਦੀ
ਅਜ ਸੀਸ ਤੇਰੇ ਧਰ ਦਿਆਂ ।
ਆ ਕਿ ਤੇਰੇ ਹੁਸਨ ਨੂੰ
ਅਜ ਜੀਉਣ-ਜੋਗਾ ਕਰ ਦਿਆਂ ।

ਵਿਛੜਦੇ ਸੂਰਜ ਨੇ ਹੈ,
ਪੱਛਮ ਦਾ ਮੋਢਾ ਰੰਗਿਆ,
ਆ ਤੇਰੇ ਮੋਢੇ ਤੇ ਕੰਬਦਾ
ਹਥ ਮੈਂ ਵੀ ਧਰ ਦਿਆਂ ।

ਰਾਤ ਦੀ ਮੀਂਢੀ ਦੇ ਵਿਚ
ਤਾਰੇ ਚਮਕ ਪਏ ਗੋਰੀਏ,
ਆ ਤੇਰੇ ਵਾਲਾਂ ਦੇ ਵਿਚ
ਮੈਂ ਵੀ ਗਲੇਡੂ ਜੜ ਦਿਆਂ ।

ਰਾਤ ਦੇ ਕੰਨਾਂ ਦੇ ਵਿਚ
ਢਲਦਾ ਦਿਹੁੰ ਕੀ ਕਹਿ ਗਿਆ ।
ਆਖੇਂ ਤਾਂ ਇਸ ਭੇਦ ਨੂੰ
ਅਜ ਨਸ਼ਰ ਜਗ ਵਿਚ ਕਰ ਦਿਆਂ ।

ਸ਼ੋਖ ਦਿਲ ਨੂੰ ਨਾ ਵਲੀ ਤੇ
ਨਾ ਪੈਗ਼ੰਬਰ ਫੜ ਸਕੇ ।
ਆ ਕਿ ਤੈਨੂੰ ਅਜ ਇਹ
ਉਡਦਾ ਟਟਹਿਣਾ ਫੜ ਦਿਆਂ ।

ਆ ਕਿ ਤੇਰੇ ਮੋਢਿਆਂ ਨੂੰ
ਇਸ਼ਕ ਦੇ ਖੰਭ ਲਾ ਦਿਆਂ ।
ਆ ਕਿ ਤੇਰੇ ਹੁਸਨ ਨੂੰ
ਅਜ ਉਡਣ-ਜੋਗਾ ਕਰ ਦਿਆਂ ।

3. ਸਵੇਰ

ਲੋਪ ਹੋ ਗਈ ਚੰਨ ਦੀ ਦਾਤੀ
ਵਾਢੀ ਕਰ ਕੇ ਨ੍ਹੇਰੇ ਦੀ ।
ਪੂਰਬ ਦੀ ਨਿਰਮਲ ਨੈਂ ਉਤੇ
ਕੇਸਰ-ਤੁਰੀਆਂ ਤਰੀਆਂ ਨੇ ।

ਦਰਿਆਵਾਂ ਦੇ ਕੰਢੀ ਝੂਮੇਂ
ਬੁੰਬਲ ਸੇਤ ਸਰੂਟਾਂ ਦੇ ।
ਮਿੱਸੇ ਚਾਨਣ ਦੇ ਵਿਚ ਦਗੀਆਂ,
ਸਰਕੰਡੇ ਦੀਆਂ ਸਰੀਆਂ ਨੇ ।

ਚਮਕਿਆ ਸੋਨ-ਪਤਰੀਆਂ ਵਾਂਗੂੰ,
ਰੰਗ ਸਰੀਂਹ ਦੀਆਂ ਫਲੀਆਂ ਦਾ ।
ਚੋਗਾ ਭਾਲਣ ਪੰਛੀ ਨਿਕਲੇ
ਖੰਭ ਚਮਕਣ ਜਿਉਂ ਜ਼ਰੀਆਂ ਨੇ ।

ਕ੍ਰਿਸ਼ਨ ਸਾਉਲਾ ਕੁੰਜੀਂ ਲੁਕਿਆ
ਚੁਕ ਕੇ ਬਸਤਰ ਸਖੀਆਂ ਦੇ ।
ਜਮਨਾ ਤਟ ਤੇ ਨਗਨ ਫਿਰਦੀਆਂ
ਗੋਕਲ ਦੀਆਂ ਗੁਜਰੀਆਂ ਨੇ ।

ਪੂਰਬ ਦੇ ਪਟ ਉਤੇ ਹੋਇਆ,
ਨਾਚ ਅਲੌਕਿਕ ਕਿਰਨਾਂ ਦਾ ।
ਦਿਲ ਦੀ ਮਹਿਫ਼ਲ ਨੂੰ ਗਰਮਾਇਆ
ਯਾਦ ਤੇਰੀ ਦੀਆਂ ਪਰੀਆਂ ਨੇ ।

ਸਰਘੀ ਵਰਗੇ ਮੂੰਹ ਦੇ ਬਾਝੋਂ
ਕਿਹੜੇ ਕੰਮ ਸਵੇਰਾਂ ਨੇ ?
ਯਾਦਾਂ ਭੇਜੇਂ ਆਪ ਨਾ ਆਵੇਂ
ਇਹ ਕਹੀਆਂ ਦਿਲਬਰੀਆਂ ਨੇ ।

4. ਸਾਵਣ

ਫੇਰ ਘਟਾਂ ਸਿਰ ਜੋੜ ਕੇ ਵਰ੍ਹੀਆਂ,
ਪਾਪਿਆਂ ਦੇ ਮੂੰਹ ਕਣੀਆਂ ਵੇ ਹੋ,
ਤੈਨੂੰ ਕੁਝ ਨਾ ਸਾਰ ਜ਼ਾਲਿਮਾਂ
ਸਾਡੇ ਤੇ ਕੀ ਬਣੀਆਂ ਵੇ ਹੋ ।

ਵਸ ਵਸ ਬੱਦਲ ਸਖਣੇ ਹੋ ਗਏ
ਘੋਰ ਘਟਾਵਾਂ ਛਣੀਆਂ ਵੇ ਹੋ,
ਤੈਨੂੰ ਕੁਝ ਨਾ ਸਾਰ ਵੈਰੀਆ,
ਸਾਡੇ ਤੇ ਕੀ ਬਣੀਆਂ ਵੇ ਹੋ ।

ਤੱਪੀ ਧਰਤੀ ਦੀ ਤੇਹ ਲੱਥੀ
ਸਾਨੂੰ ਪਿਆਸਾਂ ਘਣੀਆਂ ਵੇ ਹੋ,
ਤੈਨੂੰ ਕੁਝ ਨਾ ਸਾਰ ਡਾਢਿਆ,
ਸਾਡੇ ਤੇ ਕੀ ਬਣੀਆਂ ਵੇ ਹੋ ।

ਪਿਪਲਾਂ ਉਤੇ ਪੀਂਘਾਂ ਪਈਆਂ
ਝੂਟਣ ਜਣੀਆਂ ਖਣੀਆਂ ਵੇ ਹੋ,
ਤੈਨੂੰ ਕੁਝ ਨਾ ਸਾਰ ਬੇ-ਕਦਰਾ,
ਸਾਡੇ ਤੇ ਕੀ ਬਣੀਆਂ ਵੇ ਹੋ ।

ਸਿਪੀਆਂ ਦੇ ਵਿਚ ਮੋਤੀ ਭਰ ਗਏ
ਪਾਪਿਆਂ ਦੇ ਮੂੰਹ ਮਣੀਆਂ ਵੇ ਹੋ,
ਤੈਨੂੰ ਕੁਝ ਨਾ ਸਾਰ ਬੇ-ਹੋਸ਼ਾ,
ਸਾਡੇ ਤੇ ਕੀ ਬਣੀਆਂ ਵੇ ਹੋ ।

5. ਨਵਾਂ ਕੌਤਕ

ਰੁਤ ਫਿਰੀ ਦੁਨੀਆਂ ਨੇ ਚੋਲਾ ਬਦਲਿਆ,
ਇਕ ਨਵਾਂ ਕੌਤਕ ਪਿਆ ਹੈ ਵਰਤਦਾ ।
ਲਹਿੰਦੇ ਸਨ ਕੌਤਕ ਕਈ ਅਸਮਾਨ ਤੋਂ,
ਪਰ ਇਹ ਕੌਤਕ ਸਾਥੀਓ ਜੇ ਧਰਤ ਦਾ ।

ਲੋਭੀਆਂ ਤੇ ਜਾਦੂ ਪੁੱਠਾ ਪੈ ਗਿਆ,
ਸੋਨਾ ਬਣਿਆ ਅੱਨ ਦਾ ਤੇ ਮਾਸ ਦਾ ।
ਸਵਰਨ-ਪੁਤਰੀ ਖਾਉਂਦੀ ਨਾ ਬੋਲਦੀ,
ਰੰਗ ਹੋਇਆ ਫੱਕ ਮਾਈ ਦਾਸ ਦਾ ।

ਮੁਅਜਜ਼ੇ ਦੇ ਅੱਗੇ ਜਾਦੂ ਹਾਰਿਆ,
ਇਸ਼ਕ ਅੱਗੇ ਠਹਿਰਦੀ ਕਿੱਦਾਂ ਵਗਾਰ ।
ਖ਼ਤਮ ਸਭ ਠਕ ਠਕ ਹੋਈ ਸੁਨਿਆਰ ਦੀ,
ਹੋਇਆ ਜਦ ਲੋਹਾਰ ਦਾ ਇੱਕੋ ਹੀ ਵਾਰ ।

ਜਕੜੇ ਧਰਤੀ ਨਾਲ ਖੱਬਲ ਵਾਂਗਰਾਂ,
ਸਦੀਆਂ ਦੇ ਦੱਬੇ ਤੇ ਲਤਿਆੜੇ ਹੋਏ,
ਹੋ ਕੇ ਸੁਖੜ ਖੱਲ੍ਹੇ ਪਰਬਤ ਵਾਂਗਰਾਂ,
ਢੱਠੇ ਮੂੰਹ ਦੇ ਭਾਰ ਹੰਕਾਰੇ ਹੋਏ ।

ਭੋਂ ਦੇ ਪੁੱਤਰ ਭੋਂ ਦੇ ਮਾਲਕ ਬਣ ਗਏ,
ਭੋਂ ਦੇ ਦੁਸ਼ਮਣ ਰੱਜ ਕੇ ਹੋਏ ਖਵਾਰ ।
ਹੋਇਆ ਸਰਮਾਏ ਦਾ ਮੈਖ਼ਾਨਾ ਵਿਰਾਨ,
ਉਤਰਿਆ ਜਾਗੀਰਦਾਰੀ ਦਾ ਖ਼ੁਮਾਰ ।

ਤ੍ਰੇਤੇ ਵਾਂਗੂੰ ਮੁੜ ਕੇ ਰਾਵਣ ਢੱਠਿਆ,
ਤ੍ਰੇਤੇ ਵਾਂਗੂੰ ਭਸਮ ਮੁੜ ਲੰਕਾ ਹੋਈ,
ਵੱਡੀ ਹਿੰਮਤ ਹੋਵੰਦੀ ਯਾ ਕਿ ਦੁਆ,
ਦੂਰ ਸਭ ਮਜ਼ਦੂਰ ਦੀ ਸ਼ੰਕਾ ਹੋਈ ।

ਧਰਮ ਦੇ ਟੂਣੇ ਤੇ ਟਪਲੇ ਨਾ ਚੱਲੇ,
ਮਸਜਦਾਂ ਮੰਦਰ ਖਲੋਤੇ ਰਹਿ ਗਏ ।
ਗਿੱਟੇ ਗੋਡੇ ਭੰਨ ਕੇ ਸਮਰਾਜ ਦੇ,
ਮਾਲ ਵਾਲੇ ਮਾਲ ਅਪਣਾ ਲੈ ਗਏ ।

ਦੱਗੀ ਕੁੰਦਨ ਵਾਂਗ ਦੇਹ ਮਜ਼ਦੂਰ ਦੀ,
ਚਮਕੀ ਦਾਰੂ ਵਾਂਗ ਮੁੜ ਕਿਰਤੀ ਦੀ ਅੱਖ ।
ਸਾਰੀ ਦੁਨੀਆਂ ਨਾਲ ਚਾਨਣ ਭਰ ਗਈ,
ਦੂਰ ਹੋਇਆ ਜੱਗ ਤੋਂ ਨ੍ਹੇਰੇ ਦਾ ਪੱਖ ।

6. ਯਾਦ

ਰੁਤ ਕੱਤੇ ਦੀ, ਸਮਾਂ ਰਾਤ ਦਾ,
ਖੁਲ੍ਹੀ ਰੇਲ ਦੀ ਬਾਰੀ ।
ਬਿਆਸ-ਬੇਟ 'ਚੋਂ
ਲੰਘਦੀ ਜਾਵੇ,
ਗੱਡੀ ਬੰਨ੍ਹ ਕੇ ਤਾਰੀ ।

ਨੀਲੇ ਗਗਨੀਂ
ਚੰਨ ਏਕਮ ਦਾ
ਤਾਰਿਆਂ ਵਿਚ ਲਟਕੰਦੜਾ,
ਨਾਲ ਚਾਂਦੀ ਦੀ
ਦਾਤੀ ਜਾਣੋ
ਜੌਂ ਭੁੰਨੇ ਭਠਿਆਰੀ ।

ਚੰਨ ਚਾਨਣੀ
ਦੇ ਵਿਚ ਊਂਘਣ
ਸਰਕੜਿਆਂ ਦੇ ਬੁੰਬਲ ।
ਸਦਾ ਸੁਹਾਗਣ
ਦੇ ਫੁਲ ਸੁੱਤੇ
ਡੂੰਘੀ ਕਿਸੇ ਖੁਮਾਰੀ ।

ਅੰਦਰ, ਕੁਝ
ਮੁਸਾਫ਼ਰ ਲੇਟੇ
ਨਾਲ ਧੰਧਿਆਂ ਝੰਬੇ,
ਖ਼ਬਰੇ ਕਿੱਥੋਂ
ਕਖ ਲਿਆਈ
ਜੀਵਨ ਦੀ ਅੰਧਿਆਰੀ ।

ਬਾਹਰ ਦੂਰ ਤਕ
ਮਹਾਂ ਇਕੱਲ ਦਾ
ਫੈਲ ਰਿਹਾ ਏ ਸਾਇਆ,
ਨੀਂਦ-ਟੂਣਿਆਂ
ਦੇ ਵਿਚ ਬੱਝੀ
ਜਾਪੇ ਦੁਨੀਆਂ ਸਾਰੀ ।

ਹਾਂ ਉਸ ਦੂਰ
ਦੁਰਾਡੇ ਪਿੰਡ ਵਿਚ
ਟਿਮਕ ਰਿਹਾ ਇਕ ਦੀਵਾ,
ਯਾ ਫਿਰ ਮੇਰੇ
ਦਿਲ ਵਿਚ ਮਘ ਰਹੀ
ਯਾਦ ਦੀ ਇਕ ਚੰਗਿਆਰੀ ।

7. ਪਿਛਲੀ ਵਾਰੀ

ਪਿਛਲੀ ਵਾਰੀ ਜਦੋਂ ਮਿਲੀ ਸੀ,
ਉਸਦੇ ਹੋਠਾਂ ਦੀ ਟਾਹਣੀ ਤੇ,
ਪੰਛੀ ਨਹੀਂ ਸ਼ਿਕਾਇਤ ਦਾ ਸੀ ।

ਪਿਛਲੀ ਵਾਰੀ ਜਦੋਂ ਮਿਲੀ ਸੀ,
ਉਸ ਦੇ ਨੈਣਾਂ ਦਿਆਂ ਪਾਣੀਆਂ
ਦੀ ਥਾਹ ਲੈਣੀ ਅਤ ਔਖੀ ਸੀ ।

ਘਣੇ ਕਚਾਲੂ ਦੇ ਕਲ-ਭਰਮੇ,
ਹਾਥੀ-ਕੰਨੇ ਵੱਡੇ ਪਤਰਾਂ,
ਅਪਣੇ ਆਪ ਉਹਲਾ ਕੀਤਾ ਸੀ ।

ਅੰਬਰ ਦਿਆਂ ਝਰੋਖਿਆਂ ਵਿਚੋਂ
ਕੁਝ ਚੰਚਲ ਤੇ ਸ਼ੋਖ ਤਾਰਿਆਂ,
ਭਾਵੇਂ ਕੁਝ ਲੀਲ੍ਹਾ ਵੇਖੀ ਸੀ ।

ਕਿਉਂ ਸੁਗੰਧ-ਭਰੀ ਸਭ ਧਰਤੀ ?
ਕਿਉਂ ਨਸ਼ਿਆਇਆ ਸਗਲ ਬ੍ਰਹਿਮੰਡ ?
ਮਧੂ-ਬਦਨੀ ਨੇ ਗਲ ਕੀਤੀ ਸੀ ।

ਵਡੇ ਕਟੋਰੇ ਜਿਹਾ ਗੁਲਾਬ,
ਵੰਡ ਰਿਹਾ ਸੀ ਕਿਉਂ ਪੰਖੜੀਆਂ ?
ਮਸ਼ਕਲ-ਲਪੇਟੀ ਹੇਠ ਸੁਤੀ ਸੀ ।

ਮੈਂ ਜਗਰਾਤਾ ਮਾਣ ਰਿਹਾ ਸਾਂ,
ਦੂਰ ਹਨੇਰੇ ਦੇ ਭਾਰੇ ਵਿਚ,
ਸੋਨ-ਡਲੀ ਉਹ ਚਮਕ ਰਹੀ ਸੀ ।

ਕਿਉਂ ਸੂਰਜ ਇਤਨੀ ਮਦ ਡੁਹਲੀ ?
ਰੰਗ ਦਿਤੀ ਪੂਰਬ ਦੀ ਚੋਲੀ ?
ਮਦ-ਮਾਤੀ ਉਹ ਜਾਗ ਪਈ ਸੀ ।

ਪਿਛਲੀ ਵਾਰੀ ਜਦ ਵਿਛੜੀ ਸੀ,
ਦੋ ਮੁਸਕਾਨਾਂ, ਦੋ ਹੱਥ-ਛੋਹਾਂ,
ਸੋਨੇ ਤਾਂਬੇ ਦਾਬ ਲਗੀ ਸੀ ।

8. ਉਡੀਕ

ਡੂੰਘੀ ਆਥਣ ਹੋ ਗਈ ਮਾਹੀਆ
ਲਥੀ ਸੰਝ ਚੁਫੇਰ ਵੇ

ਵਿਚ ਪੱਛਮ ਦੇ ਸੂਹੀ ਲਾਂਗੜ
ਸੂਰਜ ਦਿਤੀ ਖਲੇਰ ਵੇ

ਲੋਪ ਹੋਈ ਚਾਨਣ ਦੀ ਸੱਗੀ
ਸੰਘਣਾ ਹੋਇਆ ਹਨੇਰ ਵੇ

ਅਧ ਅਸਮਾਨੀਂ ਚੰਨ ਦਾ ਡੋਲਾ
ਤਾਰਿਆਂ ਭਰੀ ਚੰਗੇਰ ਵੇ

ਬੁੱਢੀਆਂ ਖਿੱਤੀਆਂ ਤ੍ਰਿੰਞਣ ਪਾਇਆ
ਰਿਸ਼ਮਾਂ ਰਹੀਆਂ ਅਟੇਰ ਵੇ

ਧਰਤੀ ਵਿਚ ਘੰਗੋਸੇ ਛੁੱਪੀ
ਅੰਬਰ ਰਿਹਾ ਉਘੇਰ ਵੇ

ਪਿਛਲਾ ਪਹਿਰ ਰਾਤ ਦਾ ਲੱਗਾ
ਵਜੀ ਫਜਰ ਦੀ ਭੇਹਰ ਵੇ

ਚੂਹਕੀ ਚਿੜੀ ਲਾਲੀ ਚਿਚਲਾਣੀ
ਲੱਗਾ ਹੋਣ ਮੁਨ੍ਹੇਰ ਵੇ

ਪੂਰਬ ਗੁਜਰੀ ਰਿੜਕਣ ਬੈਠੀ
ਛਿੱਟਾਂ ਉਠੀਆਂ ਢੇਰ ਵੇ

ਚਾਨਣ ਨਾਲ ਅਕਾਸ਼ ਭਰ ਗਏ
ਚੜ੍ਹ ਪਈ ਸੋਨ-ਸਵੇਰ ਵੇ

ਇਤਨੀ ਵੀ ਕੀ ਦੇਰ ਮਾਹੀਆ
ਇਤਨੀ ਵੀ ਕੀ ਦੇਰ ਵੇ

9. ਗੀਤ

ਕਿਹੜੀ ਗਲੋਂ ਕੀਤੀਆ ਵੇ
ਅਸਾਂ ਵਲ ਕੰਡ ਵੇ ?
ਕਿਹੜੀ ਗਲੋਂ ਮੋੜੀਆ ਵੇ
ਅਸਾਂ ਵਲ ਕੰਡ ਵੇ ?

ਸੌਣ ਦਾ ਮਹੀਨਾ
ਜਾਗ ਪਿਆ ਮੁੜ ਨਿਹੂੜਾ ਵੇ,
ਜਿਵੇਂ ਗੋਰੀ ਦਾ ਜੂੜਾ ਵੇ,
ਤੂੰ ਵੀ ਖੋਹਲ ਗੰਢ,
ਖੁਲ੍ਹੀ ਬਦਲਾਂ ਦੀ ਗੰਢ ਵੇ ।

ਸੌਣ ਦਾ ਮਹੀਨਾ
ਗੂੜ੍ਹੇ ਪ੍ਰੀਤਾਂ ਦੇ ਰੰਗ ਵੇ,
ਧਰਤੀ ਦੇ ਲੱਕ
ਵੀਣੀ ਗਗਨਾਂ ਦੀ ਤੰਗ ਵੇ,
ਦੁਨੀਆਂ ਨੇ ਸੰਙ ਛੱਡੀ,
ਤੂੰ ਵੀ ਛੱਡ ਸੰਙ ਵੇ ।

ਸੌਣ ਦਾ ਮਹੀਨਾ
ਖੁਲ੍ਹੇ ਧਰਤੀ ਦੇ ਅੰਗ ਵੇ,
ਗਗਨ ਹੋਏ ਮੱਤੇ
ਸੁੰਘ ਭੋਂ ਦੀ ਸੁਗੰਧ ਵੇ,
ਤੇਰੇ ਬਾਝ ਜਿੰਦ ਪਈ
ਬੂਹੇ ਵਾਂਗ ਬੰਦ ਵੇ ।

ਸੌਣ ਦਾ ਮਹੀਨਾ
ਖੁਲ੍ਹੀ ਬਦਲਾਂ ਦੀ ਮੀਂਢੀ ਵੇ,
ਕਾਹਨੂੰ ਮਾਰ ਬੈਠੋਂ ਜੀਵੇਂ
ਗੰਢ ਏਨੀਂ ਪੀਂਢੀ ਵੇ,
ਗੰਢਾਂ ਨਹੀਂ ਸਹਿਣ ਜੋਗੀ,
ਜਿੰਦੜੀ ਦੀ ਤੰਦ ਵੇ ।

ਸੌਣ ਦਾ ਮਹੀਨਾ
ਪਿਆ ਬਾਜਰੇ ਨੂੰ ਦਾਣਾ ਵੇ,
ਸਾਡੇ ਨਾਲ ਕਰੀਂ ਮਾਹੀਆ
ਹੋਰ ਨਾ ਧਿਙਾਣਾ ਵੇ,
ਕਲਿਆਂ ਨਾ ਕੱਟੇ ਹੋਰ,
ਜਿੰਦੜੀ ਦਾ ਪੰਧ ਵੇ ।

ਸੌਣ ਦਾ ਮਹੀਨਾ
ਪਿਆ ਛਲੀਆਂ ਨੂੰ ਦੁੱਧ ਵੇ,
ਅੰਬਰਾਂ ਤੋਂ ਡਿਗ,
ਚਾਹੇ ਧਰਤੀ 'ਚੋਂ ਉੱਗ ਵੇ,
ਪ੍ਰੀਤਾਂ ਦੇ ਹੰਢਾਏ ਬਾਝੋਂ,
ਜਿੰਦ ਗਈ ਹੰਢ ਵੇ ।

ਕਿਹੜੀ ਗਲੋਂ ਕੀਤੀਆ ਵੇ
ਅਸਾਂ ਵਲ ਕੰਡ ਵੇ ?
ਕਿਹੜੀ ਗਲੋਂ ਮੋੜੀਆ ਵੇ
ਅਸਾਂ ਵਲ ਕੰਡ ਵੇ ?

10 ਨਵਾਂ ਸ਼ਸਤਰ

ਵੱਡਾ ਸਾਰਾ ਬੋਹੜ ਦਾ ਸੰਘਣਾ ਬ੍ਰਿਛ,
ਖੋਚਲਾ ਇਕ ਖੂਹ ਥੱਲੇ ਚਿਲਕਦਾ,
ਕੁਕੜੀ ਦੇ ਖੰਭਾਂ ਦੇ ਹੇਠਾਂ ਲੁੱਕਿਆ,
ਚੋਗ ਬਿਨ ਚੂਜਾ ਨਿਮਾਣਾ ਵਿਲਕਦਾ ।

ਗਗਨ ਪਾਟੀ ਰਤ-ਭਰੀ ਟਾਕੀ ਜਿਹਾ,
ਸਿਰਾਂ ਤੇ ਤਰਕਾਲ ਪਾਈ ਜਾਵੰਦਾ,
ਪੁਤਲੀਘਰ ਦੀ ਉੱਚੀ ਚਿਮਨੀ ਦਾ ਧੂੰਆਂ,
ਇੱਲ ਵਾਂਗੂੰ ਗੇੜੇ ਲਾਈ ਜਾਵੰਦਾ ।

ਦੂਰ ਵਿਛਿਆ ਸ਼ਹਿਰ ਦਾ ਵੱਡਾ ਅਕਾਰ,
ਹੱਡੋ ਰੋੜੇ ਵਾਂਗ ਸੁੰਝਾ ਤੇ ਵਿਰਾਨ,
ਗਿਰਝਾਂ ਵਾਂਗਰ ਉੱਚੀਆਂ ਕੁਝ ਮਮਟੀਆਂ,
ਮਾਸ ਵਿੱਚੋਂ ਹੱਡੀਆਂ ਰਹੀਆਂ ਸਿਞਾਣ ।

ਸੌਣ ਵਾਲਾ ਦੈਂਤ ਵੱਡਾ ਵਿਸ਼ੇ ਦਾ
ਹੱਡੀਆਂ ਤੇ ਮਾਸ ਦਾ ਕਰ ਕੇ ਅਹਾਰ,
ਮੰਦਰਾਂ ਦੇ ਟਲ ਏਸੇ ਦੇ ਡਕਾਰ,
ਬੈਂਕਾਂ ਵਿਚਲੇ ਸੇਫ਼ ਏਸੇ ਦੇ ਤਗਾਰ ।

ਲੋਪ ਹੋਇਆ ਬੋਹੜ ਦਾ ਸੰਘਣਾ ਬ੍ਰਿਛ,
ਰਾਤ ਆਈ ਭੂਤਨੀ ਜਿਉਂ ਘੂਰਦੀ,
ਝੁਲ ਪਈ ਖਿੜਕੀ ਤੇ ਘਸਮੈਲੀ ਹਵਾ,
ਹੋਂਵਦੀ ਅੱਡੀ ਜਿਵੇਂ ਮਜ਼ਦੂਰ ਦੀ ।

ਬੂਹੇ ਦੇ ਵਿਚ ਚੁਪ ਖੜੀ ਸ਼ਰਨਾਰਥਣ,
ਰਾਹ ਦੇਖੇ ਆਉਂਦੇ ਮਜ਼ਦੂਰ ਦਾ,
ਝੁਲਸਿਆ ਤੇ ਝਉਲਿਆ ਬੁਤ ਓਸਦਾ,
ਝੁਲਕੇ ਬਾਝੋਂ ਹਾਲ ਜਿਉਂ ਤੰਦੂਰ ਦਾ ।

ਟੋਏ ਵਿਚ ਪਾਣੀ ਖਲੋਤਾ ਮੀਂਹ ਦਾ
ਢੋਡ ਕਾਂ ਦੀ ਅੱਖ ਵਾਂਗੂੰ ਚਮਕਦਾ,
ਧੋ ਰਿਹਾ ਰਿਕਸ਼ਾ ਨੂੰ ਰਿਕਸ਼ਵਾਨ ਹੈ।
ਕਾਲਜਾ ਸ਼ਰਨਾਰਥਣ ਦਾ ਧਮਕਦਾ ।

ਵਾਲ ਰੁੱਖੇ ਮੁੰਜ ਗੱਲ੍ਹਾਂ ਤਿੜਕੀਆਂ,
ਝੁੱਗੀ ਪਰ ਦੀਵਾ ਤਾਂ ਜਗਣਾ ਲੋੜੀਏ,
"ਰਿਕਸ਼ਾ ਅਜ ਭਾਰੀ ਰਹੀ ਏ ਵੱਗਦੀ,
ਦੀਵੇ 'ਚੋਂ ਕੁਝ ਤੇਲ ਲਿਆਵੀਂ ਗੋਰੀਏ ।"

ਬੁਝ ਗਿਆ ਦੀਵਾ ਹਨੇਰਾ ਛਾ ਗਿਆ,
ਬੋਹੜ ਥੱਲੇ ਖੂਹ ਵੀ ਗਿੜਨੋ ਹੱਟਿਆ ।
ਹੋ ਗਏ ਉਚੇ ਘੁਰਾੜੇ ਦੈਂਤ ਦੇ,
ਫਾਂਸੀ ਦਾ ਰੱਸਾ ਗਿਆ ਪੜਕਤਿਆ ।

ਕਦੋਂ ਤਕ ਹੱਡਾਂ ਦਾ ਬਾਲਣ ਬਲੇਗਾ ?
ਕਦੋਂ ਤਕ ਜਨਤਾ ਸੜੇ ਤੇ ਪੜੇਗੀ ?
ਨ੍ਹੇਰੇ ਦੀ ਭੱਠੀ ਦੇ ਅੰਦਰ ਢਲ ਰਹੀ,
ਜ਼ਿੰਦਗੀ ਸ਼ਸਤਰ ਨਵਾਂ ਕੋਈ ਘੜੇਗੀ ।

11. ਇਕ ਸ਼ਾਮ

ਲੁਕਾ ਧਰੇਕਾਂ ਪਿੱਛੇ ਕੰਬਦਾ ਚੰਦ
ਧਰਕੇਨੂੰ ਦੀ ਦੌਲਤ ਚਾਹੇ ਬੰਨ੍ਹਣਾ,
ਜੀਵਨ ਵਾਂਗੂੰ ਜੋ ਸੋਹਣੇ ਤੇ ਕੌੜੇ
ਸੋਨੇ ਵਾਂਗ ਲੁਭਾਉਣੇ ਅਤੇ ਪ੍ਰਾਹੁਣੇ ।

ਤਾਂ ਵੀ ਲੁਕਾ ਧਰੇਕਾਂ ਪਿੱਛੇ ਚੰਦ
ਸੋਚ ਨਾ ਸੱਕੇ ਜੀਵਨ ਦਾ ਚੰਗ ਮੰਦ,
ਵਲੀਂ ਜਾਏ ਤੰਦ ਦੇ ਉੱਪਰ ਤੰਦ
ਨਾਸ਼ਮਾਨ ਸ਼ੈ ਕਿੰਨੀ ਹੋਏ ਪਸੰਦ ।

ਸੋਚ ਰਿਹਾ ਮੈਂ ਖੜਾ ਧਰੇਕਾਂ ਹੇਠ
ਧਰਕੇਨੂੰ ਜਿਉਂ ਡੋਲੇ ਪਿਆ ਧਿਆਨ,
ਯਾਦ ਆ ਗਈ ਜੀਵਨ ਦੀ ਇਕ ਸ਼ਾਮ
ਜਦੋਂ ਜਿੰਦ ਸੀ ਹੁਸਨਾਂ ਦੀ ਮਹਿਮਾਨ ।

ਕਾਲੇ ਘੋਰ ਵਿਛੋੜਿਉਂ ਬੇਪਰਵਾਹ,
ਮੇਰੇ ਹਥਾਂ ਵਿਚੋਂ ਪਿਆਲਾ ਖੋਹ
ਗੋਰੀ ਬੋਲੀ ਘੋਲ ਲਾਡ ਵਿਚ ਰੋਹ,
"ਪੀਣ ਨਾ ਦੇਸਾਂ ਇਤਨੀ ਕਾਲੀ ਚਾਹ ।"

ਸਮੇਂ-ਨਹੁੰ ਦਾ ਲਾਹਿਆ ਵਡਾ ਲੰਗਾਰ
ਗੋਰੀ ਦਾ ਇਕ ਬੋਲ ਗਿਆ ਝਟ ਸੀੜ,
ਗੰਨੀਆਂ ਦੇ ਵਿਚ ਪਾਈ ਗਲੇਡੂਆਂ ਭੀੜ,
ਹਾਏ ! ਪਿਆਰ ਦੀ ਮੂਰਖਤਾ ਤੇ ਪੀੜ ।

12. ਮੰਗਲੀ

ਪਰਬਤ ਅੰਧਰਾ ਦੇਸ਼ ਦੇ ਉੱਚੇ ਤੇ ਝਿੱਕੇ
ਊਠਾਂ ਤਾਈਂ ਬਹਾਵੰਦੇ ਜਿੱਦਾਂ ਕਰਵਾਨੀ ।
ਢਾਕ ਇਨ੍ਹਾਂ ਦੀ ਵੱਸਦੇ ਪਿੰਡ ਨਿੱਕੇ ਨਿੱਕੇ,
ਇਨ੍ਹਾਂ 'ਚੋਂ ਇਕ ਪਿੰਡ ਦੀ ਮੈਂ ਕਰਾਂ ਕਹਾਣੀ ।

ਰੱਲਣ ਦੋਹਾਂ ਪਰਬਤਾਂ ਦੀਆਂ ਜਿੱਥੇ ਧਾਰਾਂ,
ਉੱਥੇ ਕਰਕੇ ਵੱਸਦਾ ਧਰਮ ਪੁਰ ਟਾਂਡਾ,
ਰੰਗਲੇ ਲਹਿੰਗੇ ਵਾਲੀਆਂ ਜਿੱਥੋਂ ਦੀਆਂ ਨਾਰਾਂ
ਦੂਰ ਦੂਰ ਤਕ ਹੁੱਗਿਆ ਹੈ ਨਾਚ ਇਨ੍ਹਾਂ ਦਾ ।

ਵੱਸੋਂ ਭਾਵੇਂ ਪਿੰਡ ਦੀ ਦੋ ਸੌ ਤੋਂ ਥੱਲੇ,
ਬੰਦੇ ਐਪਰ ਸਾਰ ਦੇ ਏਥੋਂ ਦੇ ਸਾਰੇ ।
ਦੇਸ਼ ਮੁਖਾਂ ਨੇ ਇਨ੍ਹਾਂ ਤੇ ਕਈ ਕੀਤੇ ਹੱਲੇ,
ਐਪਰ ਪੁੱਤਰ ਭੋਏਂ ਦੇ ਹਿੰਮਤ ਨਹੀਂ ਹਾਰੇ ।

"ਭੌਂ ਉਤੇ ਕਿਉਂ ਕਰ ਲਿਆ ਕਿਰਸਾਨਾਂ ਕਬਜ਼ਾ ?"
ਦੇਸ਼ ਮੁਖਾਂ ਨੇ ਸਾੜਿਆ ਤ੍ਰੈ ਵਾਰੀ ਟਾਂਡਾ ।
ਨਾਲ ਦਰਖਤਾਂ ਬੰਨ੍ਹ ਕੇ ਕਿਰਸਾਨਾਂ ਤਾਈਂ,
ਲੈ ਗਏ ਲਦ ਕੇ ਉਨ੍ਹਾਂ ਦਾ ਸਭ ਝੁੱਗਾ ਭਾਂਡਾ ।

ਏਸ ਘੋਲ ਵਿਚ ਮੁਕ ਗਏ ਟੱਬਰਾਂ ਦੇ ਟੱਬਰ,
ਐਪਰ ਲੋਕਾਂ ਭੋਏਂ ਦਾ ਕਬਜ਼ਾ ਨਾ ਛਡਿਆ ।
ਝਰਵਾਣੇ ਨੂੰ ਖਾ ਗਿਆ ਲੋਕਾਂ ਦਾ ਸੱਬਰ,
ਲੋਕ-ਵਿਜੈ ਦਾ ਪਰਬਤਾਂ ਵਿਚ ਡੰਕਾ ਵਜਿਆ ।

ਏਨੇ ਵਿਚ ਇਕ ਸਾਥੀਆਂ ਦਾ ਜੱਥਾ ਆਇਆ,
ਏਥੋਂ ਦਿਆਂ ਬਹਾਦਰਾਂ ਦੀ ਲਿਖਣ ਕਹਾਣੀ ।
ਜੋਤੀਆ, ਪੁੱਤਰ ਮੰਗਲੀ ਦਾ ਸਭ ਤੋਂ ਵੱਡਾ,
ਵਿਹੜੇ ਉਸ ਦੇ ਜੁੜ ਗਈ ਇਕ ਤਗੜੀ ਢਾਣੀ ।

ਲੋਕ-ਵਿਜੈ ਦੀ ਖੁਸ਼ੀ ਨੇ ਆ ਰੱਤ ਮਘਾਈ,
ਰੰਗ ਲੋਕਾਂ ਦੇ ਹੋ ਗਏ ਸਉਲੇ ਤੋਂ ਸੂਹੇ ।
ਪਰ ਝੁੱਗੀ 'ਚੋਂ ਵਾਜ਼ ਜਾਂ ਰੋਵਣ ਦੀ ਆਈ,
ਨਾਲ ਹੈਰਾਨੀ ਤ੍ਰਭਕ ਕੇ ਕੁਝ ਸਾਥੀ ਕੂਏ ।

ਜੋਤੀਆ, ਪੁੱਤਰ ਮੰਗਲੀ ਦਾ ਸਭ ਤੋਂ ਵੱਡਾ,
ਉੱਤਰ ਵਿਚ ਇਉਂ ਬੋਲਿਆ ਭਰ ਕੇ ਦੋਏ ਲੋਇਨ,
"ਦੇਸ ਅਸਾਡੇ ਵਿਚ ਹੈ ਇਹ ਰਸਮ ਪੁਰਾਣੀ,
ਵਿਚ ਖੁਸ਼ੀ ਦੇ ਬੁਢੀਆਂ ਗਲ ਮਿਲ ਕੇ ਰੋਇਨ !"

ਆਈ ਅਥਰੂ ਪੂੰਝਦੀ ਏਨੇ ਵਿਚ ਮੰਗਲੀ,
ਪੂਰੀਆਂ ਅੱਸੀ ਪੱਤਝੜਾਂ ਜਿਸ ਉਤੋਂ ਲੰਘੀਆਂ,
ਬੋਲੀ: "ਰੋਣਾ ਖੁਸ਼ੀ ਵਿਚ ਹੈ ਰਸਮ ਅਸਾਡੀ,
ਰੋਣਾ ਪਰ ਨਾ ਜਾਣੀਏਂ ਵਿਚ ਦੁੱਖਾਂ ਤੰਗੀਆਂ ।

"ਭੌਂ-ਮੁਕਤੀ ਦੀ ਲਹਿਰ ਜਾਂ ਪੁੱਜੀ ਸ਼ਿਖ ਉਤੇ,
ਵਿਚ ਕੁੜੱਕੀ ਜੋਤੀਆ ਦੁਸ਼ਟਾਂ ਨੇ ਫਾਹਿਆ,
ਰਜ਼ਾਕਾਰ ਫਿਰ ਚੜ੍ਹ ਪਏ ਹਲਕਾਏ ਕੁੱਤੇ,
ਪਿੰਡ ਦਵਾਲੇ ਜਿਨ੍ਹਾਂ ਨੇ ਆ ਘੇਰਾ ਪਾਇਆ ।

"ਨਾਲ ਦਰਖ਼ਤਾਂ ਉਨ੍ਹਾਂ ਨੇ ਲੋਕਾਂ ਨੂੰ ਬੰਨ੍ਹਿਆ,
ਫੇਰ ਲਿਆਏ ਸੋਮਲਾ, ਦੂਜੀ ਜਿੰਦ ਮੇਰੀ,
ਸੁੱਕੇ ਢੀਂਗਰ ਘੱਤ ਕੇ ਜੀਊਂਦੇ ਨੂੰ ਭੁੰਨਿਆਂ,
ਤਕਿਆ ਬੁੱਢੀਆਂ ਅੱਖੀਆਂ, ਪਰ ਹਿੰਜ ਨ ਕੇਰੀ ।

"ਤੀਜਾ ਪੁੱਤਰ ਸ਼ੰਕਰੂ ਫੜਿਆ ਦੋ ਵਾਰੀ,
ਚੌਥਾ ਥਾਨੂ, ਗੱਭਰੂ ਮਸ ਫੁਟੀ ਨਾ ਹਾਲੇ,
ਮਾਰ ਮਾਰ ਕੇ ਓਸ ਨੂੰ ਜਦ ਪੁਲਸ ਹਾਰੀ,
ਫੁੰਡਿਆ ਮੁੰਦਰੀ ਕੈਂਪ ਵਿਚ ਗੋਲੀ ਦੇ ਨਾਲੇ ।

"ਦਰਗਾ ਪੁਤਰ ਪੰਜਵਾਂ ਵੀਹ-ਸਾਲਾ ਕੈਦੀ,
ਛੇਵਾਂ ਕਿਸ਼ਨਾ ਜੇਲ੍ਹ 'ਚੋਂ ਕਲ ਛੁਟ ਕੇ ਆਇਆ,
ਸਤਵਾਂ ਸ਼ੇਰ ਜਨਾਰਦਨ ਉਹ ਪੋਤਾ ਮੇਰਾ,
ਮੁਸ਼ਕਲ ਨਾਲ ਪੁਲੀਸ ਦੇ ਜੋ ਕਾਬੂ ਆਇਆ ।

"ਦਿੱਤੇ ਗਏ ਜਨਾਰਦਨ ਨੂੰ ਢੇਰ ਤਸੀਹੇ,
ਤਾਂ ਵੀ ਮੇਰੇ ਪੋਤਰੇ ਦਾ ਮੱਚ ਨਾ ਮੋਇਆ,
ਵਲ ਪਹਾੜਾਂ ਲੈ ਤੁਰੇ ਉਸ ਨੂੰ ਜਰਵਾਣੇ,
ਤਾਂ ਜੇ ਵਿਚ ਉਜਾੜ ਦੇ ਉਹ ਜਾਵੇ ਕੋਹਿਆ ।

"ਐਪਰ ਜਦੋਂ ਪਹਾੜ ਦੀ ਘਾਟੀ ਵਿਚ ਪੁੱਜੇ,
ਛੁਹਲੇ ਸ਼ੇਰ ਜਨਾਰਦਨ ਇਕ ਚੁੰਗੀ ਮਾਰੀ,
ਤੋੜ ਬੇੜੀਆਂ ਵੜ ਗਿਆ ਉਹ ਅੰਦਰ ਬੇਲੇ,
ਅਜੇ ਤੀਕ ਪਈ ਭਾਲਦੀ ਜੁੰਡੀ ਸਰਕਾਰੀ ।

"ਦਸ ਉਤੇ ਅੱਠ ਸਾਲ ਦਾ ਇਹ ਪੋਤਾ ਮੇਰਾ,
ਸੁਣਿਆ ਮੈਂ ਅੱਜ ਰਾਤ ਨੂੰ ਪਾਣੇ ਉਸ ਫੇਰੇ,
ਏਸ ਖੁਸ਼ੀ ਵਿਚ ਲੱਗਦੀ ਨਾ ਅੱਡੀ ਮੇਰੀ,
ਏਸ ਖੁਸ਼ੀ ਵਿਚ ਠਲ੍ਹਦੇ ਨਾ ਹੰਝੂ ਮੇਰੇ ।"

ਇਹ ਕਹਿ ਬੁੱਢੀ ਮੰਗਲੀ ਨੇ ਬਾਂਹ ਹੁਲਾਰੀ,
ਵਿਹੜੇ ਦਾ ਉਸ ਮਲਕੜੇ ਇਕ ਲਿਆਂਦਾ ਗੇੜਾ ।
ਗੂੜ੍ਹੇ ਰੰਗ ਸੰਜੋਗ ਦੇ ਲੱਖ ਉੱਘੜ ਆਏ,
ਜਿਉਂ ਜਿਉਂ ਖੁਲ੍ਹਿਆ ਓਸ ਦੇ ਲਹਿੰਗੇ ਦਾ ਘੇਰਾ ।

ਫਿਰ ਨੱਚੀ ਕੌਸ਼ਲਿਆ ਮੰਗਲੀ ਦੀ ਪੋਤੀ,
ਸਪਣੀ ਵਾਂਗੂੰ ਸ਼ੂਕਿਆ ਉਸ ਦਾ ਵੀ ਲਹਿੰਗਾ,
ਰੱਲ ਪਿਆ ਵਿਚ ਨਾਚ ਦੇ ਫਿਰ ਸਾਰਾ ਵਿਹੜਾ,
ਖੌਲਿਆ ਅੰਦਰ ਜੁੱਸਿਆਂ ਦੇ ਲੋਹੂ ਮਹਿੰਗਾ ।

13. ਗੀਤ

ਮੁੜ ਜਾਗਿਆ ਸੁੱਤਾ ਇਸ਼ਕ ਬਲੀ,
ਗਈ ਪਲ ਵਿਚ ਸਾਡੀ ਜਿੰਦ ਛਲੀ ।

ਮੁੜ ਹਿੱਸੇ ਹੋਏ ਨੈਨ ਜਗੇ,
ਮੁੜ ਬੁੱਝੀ ਹੋਈ ਰੱਤ ਬਲੀ ।

ਮੁੜ ਵਿਸਰਿਆ ਹੋਇਆ ਮੂੰਹ ਦਿਸਿਆ,
ਜਿਉਂ ਵਿੱਚ ਪਹਾਰੇ ਸੋਨ-ਡਲੀ ।

ਮੁੜ ਹੁਸਨ-ਬਿਜਲੀਆਂ ਕੂੰਦ ਗਈਆਂ,
ਮੁੜ ਜਿੰਦੜੀ ਰਹਿ ਗਈ ਖਲੀ ਖਲੀ ।

ਆ ਇਸ਼ਕ ਹੋਰਾਂ ਸਭ ਵੀਟ ਦਿਤਾ,
ਰਹੀ ਅਕਲ ਜੋੜਦੀ ਪਲੀ ਪਲੀ ।

ਮੁੜ ਸਾਣ ਕਿਸੇ ਦੇ ਨੈਣ ਚੜ੍ਹੇ,
ਮੁੜ ਨਿਗਾਹ ਕਿਸੇ ਦੀ ਜਿੰਦ ਸਲੀ ।

ਫਿਰ ਰੂਪ ਸਰੂਪ ਅਨੂਪ ਦਿਸੇ,
ਫਿਰ ਜਿੰਦ ਦੀਵਾਨੀ ਝਲੀ ਝਲੀ ।

ਫਿਰ ਹੋਸ਼ ਬੇਹੋਸ਼, ਮਦਹੋਸ਼ ਹੋਈ,
ਫਿਰ ਪਤ ਰੁਲੇਂਦੀ ਗਲੀ ਗਲੀ ।

ਮੁੜ ਜਾਗਿਆ ਸੁੱਤਾ ਇਸ਼ਕ ਬਲੀ,
ਗਈ ਪਲ ਵਿਚ ਸਾਡੀ ਜਿੰਦ ਛਲੀ ।

14. ਬਹਾਰ

ਕਜਦੀ ਹਜ਼ਾਰ-ਦਾਨੀ ਜਦ ਓਝੜ ਅਤੇ ਪਹੇ,
ਫੁਲ ਆੜੂਆਂ ਨੂੰ ਲੱਗਦੇ ਕਚ-ਰੱਤੜੇ ਜਿਹੇ,
ਖੁਸ਼ਬੂਆਂ ਨਾਲ ਲੱਦੀ ਵਾ ਜਦੋਂ ਵਹੇ,
ਕਹਿੰਦੇ ਹਾਂ, ਵਾਹ ਬਹਾਰ ਦਾ ਮੌਸਮ ਸੁਹਾਵਣਾ,
ਕੁਦਰਤ ਦਾ ਡੋਲੇ ਰੰਗਲੇ ਵਿਚ ਪੈ ਕੇ ਆਵਣਾ ।

ਆਏ ਜਦੋਂ ਜਵਾਨੀ ਨਾ ਭੋਂ ਤੇ ਲਗੇ ਤਲੀ,
ਦੱਗੇ ਸਰੀਰ ਭਾਰੇ ਵਿਚ ਜਿਉਂ ਸੋਨੇ ਦੀ ਡਲੀ,
ਨਾੜਾਂ ਦੇ ਵਿਚ ਮਚਲਦੀ ਰੱਤ ਸ਼ੋਖ ਤੇ ਬਲੀ,
ਕਹਿੰਦੇ ਹਾਂ, ਵਾਹ ਜਵਾਨੀ ਦਾ ਮੌਸਮ ਸੁਹਾਵਣਾ,
ਮੱਲੋ ਮਲੀ ਅਕਾਸ਼ਾਂ ਦਾ ਬਣਨਾ ਪਰਾਹੁਣਾ ।

ਜਦ ਹੁਸਨ ਦਾ ਜਵਾਨੀ ਉਤੇ ਵਾਰ ਹੋਵੰਦਾ,
ਲੂੰ ਲੂੰ ਹੈ ਨਾਲ ਇਸ਼ਕ ਦੇ ਸਰਸ਼ਾਰ ਹੋਵੰਦਾ,
ਇਕ ਚਿਹਰਾ ਹੀ ਪ੍ਰੇਮੀ ਲਈ ਸੰਸਾਰ ਹੋਵੰਦਾ,
ਤਾਂ ਕਹਿੰਦੇ ਹਾਂ, ਬਹਾਰ ਨਾ ਚੇਤਰ ਨਾ ਸਾਵਣਾ,
"ਕੀ ਹੈ ਬਹਾਰ ? ਉਸ ਦਾ ਬਨੇਰੇ ਤੇ ਆਵਣਾ ।"

ਹੁਣ ਵੀ ਮੈਂ ਮੰਨਦਾ ਇਨ੍ਹਾਂ ਤਿੰਨਾਂ ਬਹਾਰਾਂ ਨੂੰ,
ਕਦਰਤ ਦਿਆਂ ਨਿਖਾਰਾਂ, ਜਵਾਨੀ ਦੇ ਪਿਆਰਾਂ ਨੂੰ,
ਨਾਲੇ ਹੁਸਨ ਦੇ ਵਾਰਾਂ, ਉਭਾਰਾਂ ਵੰਗਾਰਾਂ ਨੂੰ,
ਯਾਰੋ ਕਿਸੇ ਬਹਾਰ ਨੂੰ ਹੈ ਕੀ ਮੰਨਾਵਣਾ ?
ਜਦ ਤਕ ਹੈ ਇਹ ਨਜ਼ਾਮ ਬਹਾਰਾਂ-ਮੁਕਾਵਣਾ ।

ਲੱਖਾਂ ਬਹਾਰਾਂ ਲੰਘੀਆਂ ਤਕੀਆਂ ਨਾ ਭਰ ਨਜ਼ਰ,
ਮੰਗਿਆ ਜਵਾਨੀ ਜੀਣਾ, ਮਿਲੀ ਜੇਲ੍ਹ ਯਾ ਕਬਰ,
ਹਾਕਮ ਦਾ ਕੱਰ ਨਾ ਮੁਕਦਾ ਕਿਥੋਂ ਹੁਸਨ ਨੂੰ ਕੱਰ,
ਸੋਚਾਂ, ਕਿਸੇ ਬਹਾਰ ਦਾ ਹੈ ਕੀ ਬਨਾਵਣਾ ?
ਜਦ ਤਕ ਹੈ ਇਹ ਨਜ਼ਾਮ ਜਵਾਨੀ-ਮੁਕਾਵਣਾ ।

15. ਗ਼ਜ਼ਲ

ਧੰਦੇ ਦਿਲ ਨੂੰ ਪਥਰਾ ਦੇਂਦੇ,
ਹਿੰਮ ਵਾਂਗੂੰ ਸਰਦ ਬਣਾ ਦੇਂਦੇ,
ਇਕ ਤੜਪ ਤੇ ਲਾਈ ਰਖਦਾ ਹੈ
ਇਹ ਹੁਸਨ ਛਲਾਵਾ ਛਲ ਹੀ ਸਹੀ ।

ਸਾਨੂੰ ਰੰਚਕ ਭਰ ਅਫਸੋਸ ਨਹੀਂ,
ਕਿ ਹੁਸਨ-ਬ੍ਰਿੱਛ ਤੇ ਚੜ੍ਹ ਨਾ ਸਕੇ,
ਇਕ ਦੂਰੋਂ ਤਕਿਆ ਫੁਲ ਹੀ ਸਹੀ,
ਇਕ ਭੁੰਜੇ ਡਿਗਿਆ ਫਲ ਹੀ ਸਹੀ ।

ਕੀ ਹੋਇਆ ਤੇਰੀ ਮਹਿਫ਼ਲ ਦੀ,
ਅਸੀਂ ਪੱਕੀ ਸ਼ੋਭਾ ਬਣ ਨਾ ਸਕੇ,
ਸਾਡੇ ਲਈ ਇਹ ਵੀ ਟੇਕ ਬੜੀ,
ਇਕ ਲੰਘਦਿਆਂ ਲੰਘਦਿਆਂ ਗੱਲ ਹੀ ਸਹੀ ।

ਸਾਰੀ ਉਮਰਾ ਦੇ ਮੇਲ ਦੀਆਂ
ਸਜਨੀ, ਹੁਣ ਕਿਸ ਨੂੰ ਆਸਾਂ ਨੇ,
ਥੁਹੜਾ ਵੀ ਮੇਲ ਗ਼ਨੀਮਤ ਹੈ,
ਜੇ ਘੜੀ ਨਹੀਂ, ਤਾਂ ਪਲ ਹੀ ਸਹੀ ।

ਸਜਨੀ ਜੋ ਚਾਹੀਂ ਹੋਰ ਕਰੀਂ,
ਨਾ ਖੋਹੀਂ ਦਿਲ ਦੇ ਬਾਲਕ ਤੋਂ
ਰੰਗੀਨ ਖਿਡੌਣਾ ਵਾਹਦੇ ਦਾ,
ਜੇ ਅੱਜ ਨਹੀਂ, ਤਾਂ ਕਲ੍ਹ ਹੀ ਸਹੀ ।

16. ਸੁਰੇਸ਼ ਤੇ ਕਬੀਤਾ

ਸੁਰੇਸ਼ ਤੇ ਕਬੀਤਾ
ਮੇਰਾ ਪੁਤ, ਮੇਰੀ ਧੀ,
ਪੁਤਰ ਸੱਤਾਂ ਦਾ, ਧੀ ਪੰਦਰਾਂ ਦੀ ।

ਸੁਰੇਸ਼ ਤੇ ਕਬੀਤਾ
ਵਿਜੇ ਰਾਣੀ ਦੇ ਹਾਣੀ,
ਇਨ੍ਹਾਂ ਦੀ ਕਹਾਣੀ ਮੇਰੀ ਅਪਣੀ ਕਹਾਣੀ ।

ਸੁਰੇਸ਼ ਤੇ ਕਬੀਤਾ
ਦੋਵੇਂ ਭੁੱਖੇ ਤੇ ਭਾਣੇ,
ਡੋਲਦੇ ਬਜ਼ਾਰੀਂ ਸਿਰੋਂ ਨੰਗੇ ਪੈਰੋਂ ਵਾਹਣੇ ।

ਚਾਵਲ ਸਤਰੀਂ ਹੋਇਆ,
ਕਣਕ ਬਹੱਤਰੀਂ ਹੋਈ,
ਧਰਮ ਅਗਦਿਉਂ ਮੋਇਆ, ਦਯਾ ਪਿਛਦਿਉਂ ਮੋਈ ।

ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਕੁਝ ਵੈਰੀਆਂ ਨਪੀੜੇ, ਕੁਝ ਭੁਖ ਨੇ ਨਚੋੜੇ ।

ਰੱਤ ਲੋਕਾਂ ਦੀ ਰੱਤੀ
ਲੱਗੀ ਕਾਲ ਦੇ ਜਬਾੜੇ,
ਸਹਿਮ ਦੁਨੀਆਂ ਤੇ ਛਾਇਆ ਉਡੇ ਮੌਤ ਦੇ ਹਵਾੜੇ ।

ਨਿਕਲੇ ਬੰਨ੍ਹ ਕੇ ਵਹੀਰਾਂ,
ਲੋਕੀਂ ਭੁਖ ਦੇ ਸਤਾਏ,
'ਰੋਟੀ ਕੱਢੋ-ਗੱਦੀ ਛੱਡੋ' ਨਾਹਰੇ ਉਨ੍ਹਾਂ ਨੇ ਲਾਏ ।

ਸੁਰੇਸ਼ ਤੇ ਕਬੀਤਾ
ਨਾਲ ਲੋਕਾਂ ਦੇ ਰੱਲੇ
'ਰੋਟੀ ਕੱਢੋ-ਗੱਦੀ ਛੱਡੋ' ਚੀਕੇ ਕੋਮਲ ਦੋ ਗੱਲੇ ।

ਵਾਜ਼ ਲੋਕਾਂ ਦੀ ਉੱਚੀ
ਹੋਰ ਹੋ ਗਈ ਉਚੇਰੀ
ਚਾਲ ਲੋਕਾਂ ਦੀ ਤਿੱਖੀ, ਹੋਰ ਹੋ ਗਈ ਤਿਖੇਰੀ ।

ਲੋਕ ਵੈਰੀਆਂ ਨੇ ਅਗੋਂ,
ਭੱਠੀ ਜਬਰ ਦੀ ਭਖਾਈ,
ਧਾਣਾਂ ਵਾਂਗ ਭੁੰਨ ਸੁੱਟੀ, ਧਾਨ ਮੰਗਦੀ ਲੁਕਾਈ ।

ਸੁਰੇਸ਼ ਤੇ ਕਬੀਤਾ
ਫੁਲ ਦੋਵੇਂ ਈ ਅਜੋੜੇ,
ਜੀਵਨ ਰੁੱਖ ਤੋਂ ਕੁਵੇਲੇ ਹਾਏ ਵੈਰੀਆਂ ਨੇ ਤੋੜੇ ।

ਸੁਰੇਸ਼ ਤੇ ਕਬੀਤਾ
ਹੁਣ ਨਹੀਂ ਭੁੱਖੇ ਤੇ ਭਾਣੇ,
ਪੇਟ ਉਨ੍ਹਾਂ ਦੇ ਰੱਜੇ ਨਾਲ ਗੋਲੀਆਂ ਦੇ ਦਾਣੇ ।

ਸੁਰੇਸ਼ ਤੇ ਕਬੀਤਾ
ਫੁਲ ਕੂਚ ਬਿਹਾਰ ਦੇ,
ਕਰ ਗਏ ਕੂਚ ਹਾਏ, ਪਹਿਲੋਂ ਬਹਾਰ ਦੇ ।

17. ਗ਼ਜ਼ਲ

ਖੁਸ਼ੀਆਂ ਦੇ ਹੜ੍ਹ ਨੂੰ ਮੈਂ ਕਿੱਥੇ ਲੁਕਾ ਲਵਾਂ ?
ਸੱਤੇ ਸਮਾਨ ਕਿਸ ਤਰ੍ਹਾਂ ਬਗਲੀ 'ਚ ਪਾ ਲਵਾਂ ?

ਲੀਰਾਂ ਦੇ ਵਿੱਚ ਬੰਨ੍ਹ ਲਵਾਂ ਖੁਸ਼ਬੂ ਨੂੰ ਕਿਸ ਤਰ੍ਹਾਂ ?
ਕੱਖਾਂ ਦੇ ਹੇਠ ਕਿਸ ਤਰ੍ਹਾਂ ਬਿਜਲੀ ਲੁਕਾ ਲਵਾਂ ?

ਇਕ ਚਿਣਗ ਨੇ ਹਨੇਰੇ ਦੇ ਵਿਚ ਲੀਕ ਪਾ ਦਿਤੀ,
ਇਕ ਹੋਰ ਦੇਹ ਕਿ ਲੀਕ ਨੂੰ ਭਾਂਬੜ ਬਣਾ ਲਵਾਂ ।

ਮੁਸਕਾ ਕੇ ਮੇਰੇ ਹੱਥ ਵਿਚ ਪਾ ਆਪਣੇ ਹੱਥ ਨੂੰ,
ਤੂਫ਼ਾਨ ਵਿਚ ਥੋੜ੍ਹੀ ਜਹੀ ਬਿਜਲੀ ਰਲਾ ਲਵਾਂ ।

ਦਸਤਕ ਮੈਂ ਸੁਣ ਲਈ ਹੈ ਜ਼ਰਾ ਦੋਸਤਾ ਉਡੀਕ,
ਘਰ ਨੂੰ ਮੈਂ ਤੇਰੇ ਵਾਸਤੇ ਕੁਝ ਤਾਂ ਸਜਾ ਲਵਾਂ ।

ਭਰ ਕੇ ਪਿਆਲਾ ਕੌੜੀ ਦਾ ਇਕ ਵਾਰੀ ਹੀ ਫੜਾ,
ਰਿੰਦਾਂ ਦੇ ਨਾਲ ਨਾਹਰਾ ਮੈਂ ਅਪਣਾ ਰਲਾ ਲਵਾਂ ।

ਕਿਹੜਾ ਮੁਕਾਏ ਪੈਂਡੇ ਦੇ ਕਰ ਕੇ ਪੜਾ ਪੜਾ,
ਜੀ ਚਾਹੇ ਇੱਕੋ ਵਾਰ ਹੀ ਮੰਜ਼ਲ ਨੂੰ ਜਾ ਲਵਾਂ ।

ਖੁਸ਼ੀਆਂ ਦੇ ਹੜ੍ਹ ਨੂੰ ਯਾਰਾ ਮੈਂ ਕਿੱਥੇ ਲੁਕਾ ਲਵਾਂ ?
ਸੱਤੇ ਸਮਾਨ ਕਿਸ ਤਰ੍ਹਾਂ ਬਗਲੀ 'ਚ ਪਾ ਲਵਾਂ ?

18. ਮੇਲ

ਦੂਰ ਦਿੱਲੀ ਦੇ ਰੌਲੇ ਰੱਪੇ ਤੋਂ
ਬਿਰਛ ਵੱਡਾ ਨਿਮੋਲੀਆਂ ਭਰਿਆ ।
ਵਿਚ ਹਵਾ ਸੁਆਦਲੀ ਕੁੜੱਤਣ ਜਿਹੀ,
ਹੈ ਹਵਾ ਯਾ ਨਸ਼ੇ ਦਾ ਇਕ ਦਰਿਆ ।

ਲਹਿੰਦੇ ਦੇ ਸ਼ਾਂਤ, ਦੂਰ ਪਤਣਾਂ ਤੇ
ਭੀੜਾਂ ਰੰਗਾਂ ਦੀਆਂ ਨੇ ਆ ਲਥੀਆਂ ।
ਉਡਦੇ ਪੰਛੀ ਦਾ ਚਮਕਿਆ ਖੰਭਲੇਟ
ਹੋ ਗਈਆਂ ਨੇ ਨਿਮੋਲੀਆਂ ਰਤੀਆਂ ।

ਚੁੱਕੀ ਲਾਗੀ ਦਾ ਭਾਰ ਮੌਰਾਂ ਤੇ
ਆਜੜੀ ਹੱਕ ਜਾਵੇ ਅੱਜੜ ਨੂੰ ।
ਪਤੀਆਂ ਸੋਨੇ ਦੀਆਂ ਕਿ ਧੂੜ ਦੇ ਕੱਖ,
ਤਾਰਾਂ ਚਾਂਦੀ ਦੀਆਂ ਕਿ ਭੇਡਾਂ ਦੀ ਖਲ ।

ਦੇ ਹੁਲਾਰਾ ਜਵਾਨ ਬਾਹਾਂ ਦਾ
ਸਿਰ ਤੇ ਗੱਠਾ ਕਿਸਾਨ ਨੇ ਧਰਿਆ ।
ਕੁੰਜ ਕੇ ਘਘਰੇ ਦੀ ਲੌਣ ਜੱਟੀ ਨੇ
ਝੋਲ ਕੇ ਪਾਣੀ ਦਾ ਘੜਾ ਭਰਿਆ ।

ਹੋਰ ਸ਼ਾਂਤ ਹੋ ਗਯਾ ਹੈ ਚੌਗਿਰਦਾ,
ਹੋਰ ਡੂੰਘੇਰੀ ਹੋ ਗਈ ਆਥਣ ।
ਮੁਗ਼ਲਈ ਵੇਲਿਆਂ ਦੇ ਖੰਡਰਾਂ ਤੇ
ਜੁੜਿਆ ਕਿਰਨਾਂ ਦਾ ਆਖ਼ਰੀ ਤ੍ਰਿੰਜਣ ।

ਉੱਠੀ ਤਗੜੀ ਸੁਗੰਧ ਧਰਤੀ ਦੀ
ਸਜਰੇ ਸਜਰੇ ਵਹੀਜੇ ਖੇਤਾਂ 'ਚੋਂ
ਭੇਤ ਇਕ ਲਭ ਪਿਆ ਪ੍ਰੀਤਾਂ ਨੂੰ,
ਜ਼ਿੰਦਗੀ ਦੇ ਅਨੇਕ ਭੇਤਾਂ 'ਚੋਂ ।

ਦੂਰ ਦਿੱਲੀ ਦੇ ਰੌਲੇ ਰੱਪੇ ਤੋਂ
ਬਿਰਛ ਵੱਡਾ ਨਿਮੋਲੀਆਂ ਭਰਿਆ ।
ਵਿਚ ਹਵਾ ਮਹਿਕੀਆਂ ਪ੍ਰੀਤਾਂ ਨੇ
ਕਿਉਂ ਨਾ ਵੱਗੇ ਨਸ਼ੇ ਦਾ ਅਜ ਦਰਿਆ ।

19. ਦੋ ਅਮਨ ਗੀਤ

(੧)

ਤੁਰਿਆ ਅਮਨ ਦਾ ਕਾਫ਼ਲਾ
ਜਹਾਨ ਨਾਲ ਹੈ,
ਕਾਮਗਰ ਨਾਲ ਹੈ,
ਕਿਸਾਨ ਨਾਲ ਹੈ ।

ਹੋਇਆ ਕੀ ਜੰਗਬਾਜ਼ ਜੇ
ਖੌਰੂ ਨੇ ਪਾ ਰਹੇ,
ਭਾਂਬੜ ਮਚਾ ਰਹੇ,
ਲੋਕਾਂ ਦੇ ਹੜ੍ਹ ਵੀ ਜ਼ੋਰਾਂ ਵਿਚ
ਵਧਦੇ ਨੇ ਆ ਰਹੇ ।
ਅੱਗਾਂ ਬੁਝਾ ਰਹੇ ਨੇ ਤੇ
ਕਿਲ੍ਹਿਆਂ ਨੂੰ ਢਾ ਰਹੇ,
ਕੈਸਾ ਕਮਾਲ ਹੈ !
ਦੈਂਤਾਂ ਤੇ ਪੁੱਠੀ ਪੈ ਗਈ
ਦੈਂਤਾਂ ਦੀ ਚਾਲ ਹੈ,
ਤੁਰਿਆ ਅਮਨ ਦਾ ਕਾਫ਼ਲਾ
ਇਕ ਤਾਰ ਹਿੱਲਿਆ,
ਇਕ ਤਾਰ ਹਿੱਲਿਆ ਅਜੇ
ਅਮਨਾਂ ਦੇ ਸਾਜ਼ ਦਾ,
ਜਨਤਕ ਅਵਾਜ਼ ਦਾ,
ਪੂਣੀ ਦੇ ਵਾਂਗ ਹੋ ਗਿਆ
ਰੰਗ ਜੰਗਬਾਜ਼ ਦਾ,
ਭਾਂਡਾ ਚੁਰਾਹੇ ਭੱਜਿਆ,
ਐਟਮ ਦੇ ਰਾਜ਼ ਦਾ,
ਕੈਸਾ ਕਮਾਲ ਹੈ !
ਲੋਕਾਂ ਦੀ ਜਿਤ ਬਣ ਰਹੀ,
ਦੈਂਤਾਂ ਦਾ ਕਾਲ ਹੈ,
ਤੁਰਿਆ ਅਮਨ ਦਾ ਕਾਫ਼ਲਾ ……

(੨)

ਝਟ ਅਮਨ ਦੇ ਝੰਡੇ ਹੇਠ ਜੁੜੋ
ਨਹੀਂ ਬਚਣਾ ਇਹ ਸੰਸਾਰ ਨਹੀਂ ।
ਕਦ ਦਰ ਦੋਜ਼ਖ਼ ਦੇ ਖੋਲ੍ਹ ਦੇਣ
ਜੰਗਬਾਜ਼ਾਂ ਦਾ ਇਤਬਾਰ ਨਹੀਂ ।

ਸਭ ਅੰਨ ਅਨਾਜ ਗ਼ਰੀਬਾਂ ਦਾ,
ਗੋਦਾਮਾਂ ਦੇ ਵਿਚ ਦਫ਼ਨ ਪਿਆ ।
ਸਭ ਦੁਨੀਆਂ ਦਾ ਲੋਹਾ ਕੋਇਲਾ,
ਹਥਿਆਰਾਂ ਦੇ ਵਿਚ ਬਦਲ ਗਿਆ ।
ਦੈਂਤਾਂ ਦੀਆਂ ਭੱਠੀਆਂ ਗਰਮ ਸਦਾ
ਲੋਕਾਂ ਚੁਲ੍ਹੇ ਅੰਗਿਆਰ ਨਹੀਂ ।

ਲੱਖ ਰੱਤੇ ਚੂੜੇ ਕੜਕ ਗਏ,
ਲਖ ਵਹੁਟੀਆਂ ਦੇ ਸੁਹਾਗ ਲੁਟੇ,
ਫੁਲ ਹਸਦੇ ਬਾਲਾਂ ਬੱਚਿਆਂ ਦੇ,
ਦੋਹਾਂ ਜੰਗਾਂ ਨੇ ਸਾੜ ਸੁਟੇ ।
ਮੁੜ ਤੀਜੇ ਜੰਗ ਦੀ ਭੱਠੀ ਵਿਚ,
ਅਸਾਂ ਲੂਹਣਾ ਇਹ ਗੁਲਜ਼ਾਰ ਨਹੀਂ ।

ਸੌਂਹ ਕਲਾ ਸੰਗੀਤ ਤੇ ਕਵਿਤਾ ਦੀ,
ਸੌਂਹ ਇਸ਼ਕ ਹੁਸਨ ਤੇ ਖੇੜਿਆਂ ਦੀ,
ਸੌਂਹ ਖੁਰਲੀ ਬੱਧੇ ਡੰਗਰਾਂ ਦੀ,
ਸੌਂਹ ਵਸਦੇ ਰਸਦੇ ਵੇਹੜਿਆਂ ਦੀ,
ਅਸਾਂ ਬਣਨਾ ਧੋਖੇ ਵਿਚ ਆ ਕੇ
ਜੰਗਬਾਜ਼ਾਂ ਦਾ ਹਥਿਆਰ ਨਹੀਂ ।

20. ਗ਼ਜ਼ਲ

ਕਿਤਨਾ ਪੈਂਡਾ ਦਿਲ ਨੇ ਕੀਤਾ
ਦੇਖ ਕੇ ਹੈਰਾਨ ਹਾਂ ?
ਕਿੱਥੇ ਸਾਰੇ ਜੱਗ ਦਾ ਵੱਲਾ
ਕਿੱਥੇ ਇਕ ਜ਼ੁਲਫ਼ਾਂ ਦਾ ਖ਼ਮ ।

ਕਿਹੜੀਆਂ ਸਿਖਰਾਂ ਤੇ ਪੁੱਜਾ
ਜਾਂ ਸਦਕੜੇ ਇਸ਼ਕ ਦੇ,
ਕਿੱਥੇ ਚੁੰਮਣਾ ਦਾਰ ਦਾ ਤੇ
ਕਿੱਥੇ ਕਾਸਦ ਦੇ ਕਦਮ ।

ਕੁਝ ਫ਼ਰਿਸ਼ਤੇ ਮੌਜ ਲੁੱਟਣ
ਰਿੰਦਾਂ ਨੂੰ ਮਨਜ਼ੂਰ ਨਾ,
ਆਓ ਲਾਹੀਏ ਧਰਤ ਤੇ
ਕੀ ਅਰਸ਼ ਤੇ ਸੁਰਗਾਂ ਦਾ ਕੰਮ ।

ਓਸੇ ਇੱਕੋ ਮੂੰਹ ਦੀ ਸੌਂਹ
ਜੋ ਸਾਰੀ ਦੁਨੀਆਂ ਸੀ ਕਦੀ,
ਹੁਣ ਤਾਂ ਤੱਕੀਏ ਸਾਰੇ ਜੱਗ ਨੂੰ
ਦਿਲ ਅਸਾਡਾ ਜਾਮੇ ਜਮ ।

ਪੈ ਕੁਠਾਲੀ ਇਸ਼ਕ ਵਾਲੀ
ਤੜਪ ਬਦਲੀ ਵੇਗ ਵਿਚ,
ਹੌਲੀ ਹੌਲੀ ਬਣ ਗਿਆ
ਮਿਤਰਾਂ ਦਾ ਗ਼ਮ ਲੋਕਾਂ ਦਾ ਗ਼ਮ ।

21. ਯਾਦ

ਸੋਨ-ਖੰਭ ਲਾ ਕੇ ਤੇਰੀ ਯਾਦ ਆਈ,
ਆ ਕੇ ਜਿੰਦ ਦੀ ਟਹਿਣੀ ਤੇ ਬਹਿ ਗਈ ।
ਪਰਦੇ ਉਲਟ ਕੇ ਰੰਗਲੇ ਚੇਤਨਾ ਦੇ,
ਸੁਰਤ ਵਿਚ ਡੂੰਘਾਣਾਂ ਦੇ ਲਹਿ ਗਈ ।
ਨਿਮਨ-ਚੇਤਨਾ ਦੀ ਡੂੰਘੀ ਗੁਫ਼ਾ ਅੰਦਰ,
ਰਾਸ ਇਸ਼ਕ ਤੇ ਹੁਸਨ ਦੀ ਪੈ ਗਈ ।
ਤੇਰੀ ਯਾਦ ਪਰਾਹੁਣੀ ਲੋਰ ਅੰਦਰ,
ਭੇਤ ਆਤਮ-ਸੰਜੋਗ ਦਾ ਕਹਿ ਗਈ ।

ਸੋਨ-ਖੰਭ ਲਾ ਕੇ ਤੇਰੀ ਯਾਦ ਉੱਡੀ,
ਟਹਿਣੀ ਜਿੰਦ ਦੀ ਕੰਬਦੀ ਰਹਿ ਗਈ ।
ਭੇਤ ਵਿਸਰਿਆ ਆਤਮ-ਸੰਜੋਗ ਵਾਲਾ,
ਮੁੜ ਕੇ ਤ੍ਰਾਟ ਵਿਛੋੜੇ ਦੀ ਪੈ ਗਈ ।
ਝੁਲ ਪਿਆ ਤੂਫ਼ਾਨ ਮੁੜ ਚੇਤਨਾ ਦਾ,
ਜਿੰਦ ਮੀਚ ਕੇ ਮੁੱਠੀਆਂ ਬਹਿ ਗਈ ।
ਦਿਲ ਤੇ ਹੱਥ ਧਰ ਕੇ ਸੁਰਤ ਕੂਕ ਉੱਠੀ,
ਏਥੇ ਯਾਦ ਪਰਾਹੁਣੀ ਰਹਿ ਗਈ ।

22. ਜੁਆਨਾਂ ਦਾ ਗੀਤ

ਇਹ ਗੀਤ ਰੁਮਾਨੀਆਂ ਦੀ ਰਾਜਧਾਨੀ ਬੁਖ਼ਾਰਿਸਟ
ਵਿਖੇ ਦੁਨੀਆਂ ਭਰ ਦੇ ਯੁਵਕਾਂ ਤੇ ਯੁਵਤੀਆਂ ਦੀ ਚੌਥੀ
ਮਿਲਣੀ ਤੋਂ ਪਰੇਰਿਤ ਹੋ ਕੇ ਲਿਖਿਆ ਗਿਆ ਹੈ ।

ਦੇਸਾਂ ਦੇਸਾਂ ਦੇ ਯੁਵਕ ਅਸੀਂ,
ਇਕ ਖ਼ਾਬ ਨਵਾਂ ਪਏ ਤਕਦੇ ਹਾਂ,
ਤੇ ਦੁਨੀਆਂ ਦੇ ਇਤਹਾਸ ਅੰਦਰ
ਪਏ ਵਰਕਾ ਨਵਾਂ ਪਰੱਤਦੇ ਹਾਂ ।

ਸਾਡੀ ਅੱਖਾਂ ਦੇ ਵਿਚ ਚਮਕ ਨਵੀਂ,
ਸਾਡੇ ਪੈਰਾਂ ਦੇ ਵਿਚ ਧਮਕ ਨਵੀਂ,
ਸਾਡੀ ਬਾਹਾਂ ਵਿਚ ਹੁਲਾਰ ਨਵਾਂ,
ਅਸੀਂ ਨਾਚ ਨਵਾਂ ਇਕ ਨਚਦੇ ਹਾਂ ।

ਅਸੀਂ ਟਪ ਕੇ ਆਏ ਕੁਹਾਲਾਂ ਨੂੰ,
ਤੇ ਸਾਗਰ ਦੀਆਂ ਅਯਾਲਾਂ ਨੂੰ,
ਅਸੀਂ ਗਾਹ ਕੇ ਆਏ ਥਲ ਡੂੰਗਰ,
ਤੂਫ਼ਾਨਾਂ ਵਾਂਗ ਲਪਕਦੇ ਹਾਂ ।

ਕੀ ਹੋਇਆ ਵਖਰੇ ਰੰਗ ਸਾਡੇ
ਪਰ ਹੱਥਾਂ ਦੇ ਵਿਚ ਹੱਥ ਸਾਡੇ,
ਅਸੀਂ ਕੂੜ ਕਲਹ ਦੇ ਦੁਸ਼ਮਣ ਹਾਂ
ਅਤੇ ਮਿੱਤਰ ਅਮਨ ਤੇ ਸੱਚ ਦੇ ਹਾਂ ।

ਕੀ ਹੋਇਆ ਜੇ ਅਸਮਾਨਾਂ ਤੇ
ਅਜ ਜ਼ੁਲਮ ਦੇ ਬੱਦਲ ਗਾੜ੍ਹੇ ਨੇ,
ਚੀਰਨ ਲਈ ਦਲ ਹਨੇਰੇ ਦੇ
ਅਸੀਂ ਬਿਜਲੀ ਵਾਂਗ ਚਮਕਦੇ ਹਾਂ ।

ਕੀ ਹੋਇਆ ਜ਼ੁਲਮ ਦੇ ਥੇਹ ਹੇਠਾਂ
ਜੇ ਅਮਨ ਚਿੰਗਾਰੀ ਦੱਬ ਗਈ,
ਮੁੜ ਸੁੱਤੀ ਚਿਣਗ ਮਘਾਣ ਲਈ
ਅਸੀਂ ਸ਼ੋਅਲੇ ਵਾਂਗ ਭੜਕਦੇ ਹਾਂ ।

ਕੀ ਗਲ ਖ਼ਿਜ਼ਾਂ ਦੇ ਠੱਕੇ ਨੇ
ਮਾਨੁਖਤਾ ਨੂੰ ਪਥਰਾ ਦਿੱਤਾ,
ਪਥਰਾਏ ਏਸ ਜਹਾਨ ਅੰਦਰ,
ਅਸੀਂ ਦਿਲ ਦੇ ਵਾਂਗ ਧੜਕਦੇ ਹਾਂ ।

ਸਾਡੇ ਹੋਠਾਂ ਤੇ ਮੁਸਕਾਨ ਨਵੀਂ,
ਉਚਿਆਂ ਮਥਿਆਂ ਦੀ ਸ਼ਾਨ ਨਵੀਂ,
ਸਾਡੀ ਨਾੜਾਂ ਦੇ ਵਿਚ ਖੂਨ ਨਵਾਂ,
ਅਸੀਂ ਹੋੜਿਆਂ ਕਦੋਂ ਹਟਕਦੇ ਹਾਂ ।

ਅਸੀਂ ਸਜਰੇ ਪਾਟੇ ਕੜ ਵਾਂਗੂੰ,
ਵਗੀਏ ਤੂਫ਼ਾਨੀ ਹੜ੍ਹ ਵਾਂਗੂੰ,
ਕਖ ਕੰਡੇ ਰੋਕਣ ਰਾਹ ਸਾਡਾ
ਅਸੀਂ ਕੰਢਿਆਂ ਨਾਲ ਪਟਕਦੇ ਹਾਂ ।

ਅਸੀਂ ਯੁਵਕ ਹਾਂ ਇਕ ਖ਼ਿਆਲ ਨਵਾਂ,
ਤੇ ਕੌਣ ਖ਼ਿਆਲ ਨੂੰ ਜਕੜ ਸਕੇ ?
ਜ਼ੰਜੀਰਾਂ ਵਿਚ ਨਾ ਬਝ ਸਕੀਏ,
ਅਸੀਂ ਖੁਸ਼ਬੂ ਵਾਂਗ ਮਹਿਕਦੇ ਹਾਂ ।

ਅਸੀਂ ਸਭਿਤਾ ਨਵੀਂ ਉਸਾਰਾਂਗੇ,
ਦੁਨੀਆਂ ਦਾ ਰੂਪ ਨਿਖਾਰਾਂਗੇ ।
ਵਣਜਾਰੇ ਅਸੀਂ ਬਹਾਰਾਂ ਦੇ,
ਤੇ ਸਿਰਜਣਹਾਰੇ ਜਗ ਦੇ ਹਾਂ ।

23. ਰੋਜ਼ਨ ਬਰਗ

ਪਈਆਂ ਤਰਕਾਲਾਂ ਸੰਘਣੀਆਂ
ਸੂਰਜ ਪੱਛਮ ਦੀ ਝੋਲੇ ਪਿਆ ।

ਔਹ ਦੂਰ ਪਿਪਲ ਦੀ ਟਹਿਣੀ ਤੇ
ਇਕ ਛਿਜਿਆ ਪੱਤਾ ਡੋਲੇ ਪਿਆ ।

ਇਕ ਪੰਛੀ ਉਡਣਾ ਚਾਹੁੰਦਾ ਏ
ਪਿਆ ਪੰਖ ਸਵਾਰੇ ਤੋਲੇ ਪਿਆ ।

ਇਕ ਘਾਹੀ ਪੰਡ ਬਣਾਣ ਲਈ
ਖੁਰਪਾਏ ਘਾਹ ਨੂੰ ਰੋਲੇ ਪਿਆ ।

ਮਜ਼ਦੂਰ ਥਕਾ ਇਕ ਪਟੜੀ ਤੇ
ਰੋਟੀ ਤੇ ਗੰਢਾ ਖੋਹਲੇ ਪਿਆ ।

ਆਹ ! ਰੋਜ਼ਨ ਬਰਗ ਲਗੇ ਫਾਹੇ
ਕਮਰੇ ਵਿਚ ਰੇਡੀਉ ਬੋਲੇ ਪਿਆ ।

ਨਿਆਂਕਾਰ ਵਡਾ ਅਮਰੀਕਾ ਦਾ
ਰਤ ਕੇਡੀ ਸਸਤੀ ਤੋਲੇ ਪਿਆ ।

ਅਖੀਆਂ ਵਿਚ ਹੰਝੂ, ਛਲਕ ਪਏ
ਤੇ ਦਿਲ ਮੇਰਾ ਡਿਕ-ਡੋਲੇ ਪਿਆ ।

ਇਕ ਸਹਿਕ ਸਕੰਦੜਾ ਖ਼ਤ ਆਇਆ
ਅਜ ਕਿਹੜਾ ਇਸਨੂੰ ਖੋਹਲੇ ਪਿਆ ।

24. ਇਕ ਗੀਤ

ਐਦਕੀ ਪੀੜਾਂ ਦਾ ਰੰਗ ਹੋਰ ।

ਨਾ ਇਹ ਪੀੜ ਨਦਾਨੀ ਵਾਲੀ,
ਨਾ ਇਹ ਟੀਸ ਜਵਾਨੀ ਵਾਲੀ,
ਇਹਦੀ ਬਾਤ ਹੀ ਕੋਈ ਹੋਰ,
ਐਦਕੀ ਪੀੜਾਂ ਦਾ ਰੰਗ ਹੋਰ ।

ਨਾ ਇਹ ਪੀੜ ਕਲੇਜਿਉਂ ਉੱਠੇ,
ਨਾ ਇਹ ਰਹਿੰਦੀ ਦਿਲ ਦੀ ਗੁੱਠੇ,
ਇਹਦੀ ਪਤਾ ਨਾ ਕਿਹੜੀ ਠੌਰ,
ਐਦਕੀ ਪੀੜਾਂ ਦਾ ਰੰਗ ਹੋਰ ।

ਨਾ ਇਹ ਜਾਗੀ ਨਾ ਇਹ ਸੁੱਤੀ,
ਨਿੱਮ੍ਹੇ ਨਸ਼ਿਆਂ ਵਿਚ ਵਿਗੁੱਤੀ,
ਜਿੰਦ ਹੋ ਗਈ ਲੋਰੋ ਲੋਰ,
ਐਦਕੀ ਪੀੜਾਂ ਦਾ ਰੰਗ ਹੋਰ ।

ਨਾ ਇਹ ਪੀੜ ਮਿਲਣ ਦੀ ਕਾਹਲੀ,
ਨਾ ਇਹ ਪੀੜ ਵਿਛੋੜੇ ਵਾਲੀ,
ਇਹਦੀ ਦੋਹਾਂ ਤੋਂ ਵੱਖਰੀ ਤੋਰ,
ਐਦਕੀ ਪੀੜਾਂ ਦਾ ਰੰਗ ਹੋਰ ।

25. ਗੀਤ

ਜਿੰਦ ਨਾਲ ਜਿੰਦ ਵਟਾ ਲੈ
ਜਵਾਨੀ ਢਲ ਚਲੀ ਵੇ ।
ਤੇਰੀ ਮੇਰੀ ਪ੍ਰੀਤ ਚਰੋਕੀ
ਨਵੀਂ ਨਾ ਕੋਈ ਗਲ ਚਲੀ ਵੇ ।

ਚਿਣਗ ਬਣਾ ਲੈ ਸ਼ੁਅਲਾ
ਕਿ ਚਾਨਣ ਜੱਗ ਹੋਵੇ,
ਤੇਲ ਮੁਕਣ ਤੇ ਆਇਆ
ਕਿ ਦੀਵਟ ਬਲ ਚਲੀ ਵੇ ।

ਖੇਲ੍ਹ ਲਈਏ ਦੋ ਪਲ
ਸਮੇਂ ਦੀਆਂ ਲਹਿਰਾਂ ਤੇ,
ਨਿਕਲ ਹਥਾਂ ਚੋਂ ਛੁਹਲੀ
ਸਮੇਂ ਦੀ ਛੱਲ ਚਲੀ ਵੇ ।

ਬੀਜ ਬਣਾ ਲੈ ਬੂਟਾ
ਬੂਟੇ ਨੂੰ ਫੁਲ ਲਾ ਲੈ,
ਧਰਤ ਅੰਬਰ ਦੀ ਚੱਕੀ,
ਜਿੰਦ ਨੂੰ ਦਲ ਚਲੀ ਵੇ ।

ਹੁਸਨ ਤੇਰਾ ਕਿਉਂ ਬੰਦ
ਅਜੇ ਤਕ ਪਰਦੇ ਵਿਚ ?
ਪੌਣਾਂ ਵਿਚ ਖੁਸ਼ਬੋ
ਇਸ਼ਕ ਦੀ ਰਲ ਚਲੀ ਵੇ ।

26. ਗੀਤ

ਹਿਕੋ ਦਿਹਾੜਾ ਯਾਰ, ਉਮਰ-ਗੰਢ ਖੁਲ੍ਹ ਚਲੀ ਵੇ ।
ਹਿਕੋ ਰਾਤੜੀ ਪਿਆਰ, ਕਥੂਰੀ ਹੁਲ ਚਲੀ ਵੇ ।

ਜੋ ਜੋ ਗੁਜ਼ਰੇ ਦੇਂਹ, ਉਮਰ ਹਥ ਪੈਣ ਪਏ,
ਦਾਖਾਂ ਵਟਿਆ ਵੰਨ, ਸੁਰਾਹੀ ਡੁਲ੍ਹ ਚਲੀ ਵੇ ।

ਇਤਨੀ ਵੀ ਕੀ ਯਾਰ, ਬੇਕਦਰੀ ਪਿਆਰਾਂ ਦੀ
ਝੜ ਝੜ ਅਪਣੇ ਪੈਰ, ਜਵਾਨੀ ਰੁਲ ਚਲੀ ਵੇ ।

ਹਿਕੋ ਭੈੜਿਆ ਫੁਲ, ਉਮਰ ਦੀ ਟਿੰਘ ਉਤੇ,
ਕੁਝ ਤਾਂ ਆਏ ਬਹਾਰ, ਰੁੱਤ ਬੇ-ਫੁਲ ਚਲੀ ਵੇ ।

ਜਿੰਦ ਮੇਰੀ ਦਾ ਦੀਪ, ਚੁਵਾਏ ਵਿਚ ਪਿਆ,
ਲੈ ਬੁੱਕਲ ਵਿਚ ਯਾਰ, ਹਨੇਰੀ ਝੁਲ ਚਲੀ ਵੇ ।

ਹਿਕੋ ਦਿਹਾੜਾ ਯਾਰ, ਉਮਰ-ਗੰਢ ਖੁਲ੍ਹ ਚਲੀ ਵੇ ।
ਹਿਕੋ ਰਾਤੜੀ ਪਿਆਰ, ਕਥੂਰੀ ਹੁਲ ਚਲੀ ਵੇ ।

27. ਗ਼ਜ਼ਲ

ਮੰਨਿਆਂ ਕਿ ਮੱਥੇ ਰਾਤ ਦੇ ਹੈ ਚੰਨ ਦੀ ਦਾਉਣੀ,
ਪ੍ਰੀਤਾਂ ਦੀ ਗੱਲ ਛੇੜੀਂ ਨਾ ਅਜ ਮੇਰੇ ਹਾਣੀਆਂ ।

ਮੰਨਿਆਂ ਕਿ ਜਜ਼ਬਾ ਪ੍ਰੀਤ ਦਾ ਹਾਣੀ ਪਹਾੜ ਦਾ,
ਮੰਨਿਆਂ ਕਿ ਤੜਪ ਪ੍ਰੀਤ ਦੀ ਵਿਚ ਪੰਜਾਂ ਪਾਣੀਆਂ ।

ਗ਼ਾਲਿਬ ਨੇ ਖ਼ੂਬ ਆਖਿਆ, "ਰਾਤਾਂ ਨੇ ਉਸ ਦੀਆਂ,
ਮੌਰਾਂ ਤੇ ਜਿਸ ਦੇ ਖਿੰਡੀਆਂ ਜ਼ੁਲਫ਼ਾਂ ਸੁਹਾਣੀਆਂ ।"

……………………………………,
ਮੰਨਿਆਂ ਕਿ ਨਿਕੜੀ ਉਮਰ ਤੇ ਲੰਮੀਆਂ ਕਹਾਣੀਆਂ ।

ਚੇਤੰਨ ਪਰੀਤ ਵਸਲ ਵਿਚ ਅਜ ਹੋ ਗਈ ਉਦਾਸ,
ਕੀ ਲੱਖ ਵਿਛੋੜਿਆਂ ਅਗੇ ਇਕ ਮੇਲ ਹਾਣੀਆਂ ?

ਕਾਹਦੀ ਖੁਸ਼ੀ ਜੇ ਚੜ੍ਹ ਗਈ ਇਕ ਪ੍ਰੀਤ ਨੇਪਰੇ,
ਲੱਖਾਂ ਪਰੀਤਾਂ ਫਿਰਦੀਆਂ ਜਦ ਜੀ-ਭਿਆਣੀਆਂ ।

ਸੋਚਾਂ ਨੇ ਮੂੰਹ ਪ੍ਰੀਤ ਦਾ ਗੰਭੀਰ ਕਰ ਦਿਤਾ,
ਗ਼ਮ ਨਾਲ ਹੋ ਗਈਆਂ ਨੇ ਪਰੀਤਾਂ ਸਿਆਣੀਆਂ ।

ਵਿਪਰੀਤੀਆਂ ਨੇ ਪ੍ਰੀਤ ਦਾ ਪੈਂਡਾ ਵਧਾ ਦਿਤਾ,
ਰਲ ਕੇ ਹੀ ਪੈਣੀਆਂ ਨੇ ਹੁਣ ਮੰਜ਼ਲਾਂ ਮੁਕਾਣੀਆਂ ।

ਮੰਨਿਆਂ ਪਰੀਤਾਂ ਗੂੜ੍ਹੀਆਂ ਨਾਲੇ ਸਿਝਾਣੀਆਂ,
ਪ੍ਰੀਤਾਂ ਦੀ ਗੱਲ ਛੇੜੀਂ ਨਾ ਅਜ ਮੇਰੇ ਹਾਣੀਆਂ ।

28. ਗੀਤ

ਨਿਥਰ ਗਏ ਪਿਆਰ ਦੇ ਪਾਣੀ,
ਦਿਲ ਦੀ ਕਟੋਰੀ ਭਰੀ ਪਈ ਏ ।
ਸੀਨੇ ਵਿਚ ਨਗੀਨੇ ਵਾਂਗਰ,
ਤੇਰੀ ਮੁਹੱਬਤ ਜੜੀ ਪਈ ਏ ।

ਸੂਰਜ ਦੇ ਵਲ ਜ਼ੱਰੇ ਉੱਡਣ,
ਚੰਨ ਦੇ ਵਲ ਸਾਗਰ ਦੀਆਂ ਛੱਲਾਂ ।
ਇਉਂ ਉੱਡਣ ਤੇਰੇ ਵਲ ਪਿਆਰੀ,
ਲੱਖ ਕਹੀਆਂ, ਅਣ-ਕਹੀਆਂ ਗੱਲਾਂ ।

ਸ਼ਾਸਤਰਾਂ ਵਿਚ ਲਿਖਿਆ ਪਿਆਰੀ,
ਗ੍ਰਹਿ-ਨਾਦ ਜੋਗੀ ਸੁਣ ਲੈਂਦੇ ।
ਮੈਂ ਵੀ ਬਣਿਆ ਪਿਆਰ ਦਾ ਜੋਗੀ,
ਬੋਲ ਤੇਰੇ ਨਿਤ ਕੰਨੀਂ ਪੈਂਦੇ ।

ਮੌਲਸਰੀ ਜਿਹੀ ਗੰਧ ਨਾ ਸਜਨੀ,
ਕੰਵਲ ਜਿਹਾ ਨਾ ਪਵਿੱਤਰ ਕੋਈ ।
ਐਪਰ ਦੋਹਾਂ ਤੋਂ ਵਧ ਨਿਰਮਲ,
ਮੇਰੀ ਮੁਹੱਬਤ ਦੀ ਖੁਸ਼ਬੋਈ ।

ਜਦੋਂ ਤੀਕ ਅੱਗ ਉੱਪਰ ਉੱਠੇ,
ਝਿੱਕੇ ਪਾਸੇ ਵੱਗੇ ਪਾਣੀ,
ਹੁਸਨ ਤੇਰੇ ਤੇ ਇਸ਼ਕ ਮੇਰੇ ਦੀ
ਜਗ ਵਿਚ ਰਹਿਣੀ ਅਮਰ ਕਹਾਣੀ ।

29. ਵਿਜੋਗ ਗੀਤ

ਕਣੀਆਂ ਦੀ ਰੁਤ ਆਈ ਆ
ਕਣੀਆਂ ਦੀ ਰੁਤ ਆਈ ਆ, ਵੇ ਮਾਹੀਆ
ਕਣੀਆਂ ਦੀ ਰੁਤ ਆਈ ਆ…

ਨੀਵੇਂ ਬਦਲਾਂ ਦੇ ਲੜ ਛਿੱਜੇ
ਥਲ, ਪਰਬਤ ਤੇ ਜੰਗਲ ਭਿੱਜੇ,
ਮੇਰੀ ਜਿੰਦ ਤਿਹਾਈ ਆ
ਕਣੀਆਂ ਦੀ ਰੁਤ ਆਈ ਆ…

ਭਿੱਜ ਗਈ ਧਰਤੀ ਦੀ ਚੋਲੀ
ਨਾਲ ਖੁਸ਼ੀ ਸਭ ਦੁਨੀਆਂ ਮੌਲੀ
ਮੇਰੀ ਪੀੜ ਸਵਾਈ ਆ
ਕਣੀਆਂ ਦੀ ਰੁਤ ਆਈ ਆ…

ਅੰਬਰਾਂ ਤੇ ਕਸਤੂਰੀਆਂ ਹੁਲੀਆਂ,
ਬੱਦਲਾਂ ਦੀਆਂ ਗੰਢਾਂ ਖੁਲ੍ਹੀਆਂ
ਤੂੰ ਕੇਹੀ ਗੰਢ ਪਾਈ ਆ
ਕਣੀਆਂ ਦੀ ਰੁਤ ਆਈ ਆ…

ਲਾਹ ਦਿੱਤੀ ਦੁਨੀਆਂ ਨੇ ਸੰਙ ਵੇ
ਖੁਲ੍ਹ ਗਏ ਧਰਤੀ ਦੇ ਅੰਗ ਵੇ
ਅਸਾਂ ਨਾ ਪ੍ਰੀਤ ਹੰਢਾਈ ਆ
ਕਣੀਆਂ ਦੀ ਰੁਤ ਆਈ ਆ…

30. ਸੰਜੋਗ ਗੀਤ

ਹੋਈ ਸੰਧਿਆ ਜੁੜ ਗਏ
ਰਾਤ ਦਿਹੁੰ ਦੇ ਬੁਲ੍ਹ ਵੇ ।

ਗਏ ਪੱਛਮ ਦੇ ਮੱਟ ਵਿਚ
ਰੰਗ ਹਜ਼ਾਰਾਂ ਘੁੱਲ ਵੇ ।

ਵਿਛੇ ਹਨੇਰੇ ਧਰਤ ਤੇ
ਗਈ ਕਥੂਰੀ ਹੁੱਲ ਵੇ ।

ਰਾਤ ਬਣੀ ਅਭੀਸਾਰਿਆ
ਪਾ ਤਾਰਿਆਂ ਦਾ ਜੁਲ ਵੇ ।

ਸੁੱਤੇ ਜਜ਼ਬੇ ਉੱਭਰੇ
ਵਾਂਗ ਹਨੇਰੀਆਂ ਝੁੱਲ ਵੇ ।

ਗਲ ਲਗ ਪ੍ਰੀਤਾਂ ਹੁੰਨੀਆਂ
ਪਈ ਮੋਤੀਆਂ ਦੀ ਰੁਲ ਵੇ ।

ਹੱਥ ਵਿਚ ਹੱਥ ਪਰੀਤ ਦੇ
ਕੰਬਣ ਉਂਗਲਾਂ ਦੇ ਫੁੱਲ ਵੇ ।

ਧੜਕਣ ਸੀਨੇ ਓਦਰੇ
ਸੇਕ ਛਡਣ ਪਏ ਗੁੱਲ ਵੇ ।

ਬੇਬਸ ਹੋਈਆਂ ਹੋਣੀਆਂ
ਗ਼ਮ ਬੀਤੇ ਦੇ ਭੁੱਲ ਵੇ ।

ਦੋ ਦਿਲ ਰਲ ਦਰਿਆ ਬਣੇ
ਕੀ ਕਰਨ ਸ਼ਰਹ ਦੇ ਪੁੱਲ ਵੇ ।

ਭੇਦ ਇਸ਼ਕ ਤੇ ਹੁਸਨ ਦੇ
ਗਏ ਜਹਾਨੀਂ ਖੁੱਲ੍ਹ ਵੇ ।

ਹਉਕਾ ਭਰਿਆ ਧਰਤ ਨੇ
ਪ੍ਰੀਤ ਨਾ ਵਿਕਦੀ ਮੁੱਲ ਵੇ ।

31. ਗੀਤ

ਦਿਹੁੰ-ਲੱਥੇ ਦਾ ਵੇਲਾ ਹੋਇਆ
ਕਣ ਮਣ ਲਾਈ ਕਣੀਆਂ ਹੋ
ਸਿਰ ਗੋਰੀ ਦੇ ਕਾਲੇ ਛੱਤੇ
ਉੱਪਰ ਘਟਾਂ ਸੰਘਣੀਆਂ ਹੋ ।

ਮੀਂਹ ਵਰਸੇਂਦਾ ਕਣ ਮਣ ਕਣ ਮਣ
ਗੋਰੀ ਦੇ ਵਾਲਾਂ ਵਿਚ ਜਲਕਣ
ਸ਼ਾਮਾਂ ਵੇਲੇ ਚੰਬਾ ਖਿੜਿਆ
ਯਾ ਸੱਪਾਂ ਮੂੰਹ ਮਣੀਆਂ ਹੋ ।

ਜਿਉਂ ਜਿਉਂ ਖੁਲ੍ਹੇ ਘਟਾਂ ਦੀ ਮੀਂਢੀ
ਤਿਉਂ ਤਿਉਂ ਗੰਢ ਪਿਆਰਾਂ ਦੀ ਪੀਂਢੀ
ਜਿਉਂ ਜਿਉਂ ਘਣੇ ਹਨੇਰੇ ਹੋਵਣ
ਤਿਉਂ ਤਿਉਂ ਪ੍ਰੀਤਾਂ ਘਣੀਆਂ ਹੋ ।

ਜਿਉਂ ਜਿਉਂ ਬਿੱਜ ਬਦਲਾਂ ਨੂੰ ਤੁੰਮੇ
ਚਾਨਣ ਗੋਰੀ ਦਾ ਮੂੰਹ ਚੁੰਮੇ
ਨਿਕੀਆਂ ਗੱਲਾਂ, ਮੋਟੀਆਂ ਕਣੀਆਂ
ਦਿਲ ਵਿਚ ਖੁੱਭਣ ਅਣੀਆਂ ਹੋ ।

ਖੁਸ਼ੀਆਂ ਨਾਲ ਪ੍ਰੀਤਾਂ ਝਲੀਆਂ
ਛਲਕ ਪਈਆਂ ਮਾਖਿਉਂ ਦੀਆਂ ਛਲੀਆਂ
ਜਜ਼ਬੇ ਹੋਏ ਅੱਧੜਵੰਜੇ
ਖੋਲ ਚੋਲੀ ਦੀਆਂ ਤਣੀਆਂ ਹੋ ।

ਪਛਮ ਦੇ ਵਿਚ ਲਾਲੀ ਮੱਘੀ
ਰਾਤ ਓਦਰੀ ਦਿਹੁੰ ਗਲ ਲੱਗੀ
ਚਾਨਣ ਦੇ ਵਿਚ ਘੁਲੇ ਹਨੇਰੇ
ਦੋ ਜਿੰਦਾਂ ਇਕ ਬਣੀਆਂ ਹੋ ।

32. ਗੀਤ

ਨਾਲੇ ਰੋਈਏ ਤੇ ਨਾਲੇ ਹਸੀਏ ਵੇ,
ਕਿਨੂੰ ਭੇਤ ਦਿਲੇ ਦਾ ਦਸੀਏ ਵੇ ।

ਸਾਨੂੰ ਲਗਾ ਇਸ਼ਕ ਦਾ ਝੋਰਾ ਵੇ,
ਜਿਉਂ ਅੰਨ ਨੂੰ ਲਗਦਾ ਢੋਰਾ ਵੇ,
ਅਸੀਂ ਰਸੀਏ ਤੇ ਕੀਕਣ ਕਸੀਏ ਵੇ…

ਸਾਨੂੰ ਪਤਾ ਅਕਾਸ਼ੀਂ ਉਡਣਾ ਕੀ,
ਤਾਰਿਆਂ ਦਾ ਚੋਗਾ ਚੁਗਣਾ ਕੀ,
ਪਏ ਮੁੜ ਮੁੜ ਜਾਲੀਂ ਫਸੀਏ ਵੇ…

ਅਸਾਂ ਕਟੇ ਹਜ਼ਾਰਾਂ ਰਾਤ-ਜਗੇ,
ਮਤਾ ਮਣੀ ਹੁਸਨ ਦੀ ਹੱਥ ਲਗੇ
ਪਏ ਐਵੇਂ ਜਿੰਦ ਨੂੰ ਡਸੀਏ ਵੇ…

ਵਾਰੇ ਸ਼ਾਹ ਦਾ ਕਹਿਣਾ ਸਚ ਦਾ ਏ,
"ਜੀਉ ਰਨ ਦਾ ਗਜਰਾ ਕੱਚ ਦਾ ਏ",
ਪਰ ਨਸੀਏ ਤਾਂ ਕਿੱਥੇ ਨਸੀਏ ਵੇ…

ਨਾਲੇ ਰੋਈਏ ਤੇ ਨਾਲੇ ਹਸੀਏ ਵੇ,
ਕਿਨੂੰ ਭੇਤ ਦਿਲੇ ਦਾ ਦਸੀਏ ਵੇ ।

33. ਗ਼ਜ਼ਲ

ਆਉ ਬੁਤ ਨੂੰ ਛਡ ਕੇ ਬੁਤ ਖ਼ਾਨਾ ਸਜਾਈਏ ਸਾਥੀਉ,
ਸੋਹਣਿਆਂ ਨੂੰ ਸੋਹਣੀ ਦੁਨੀਆਂ ਵਿਚ ਵਸਾਈਏ ਸਾਥੀਉ ।

ਨਾਲ ਭੁੱਖਾਂ ਇਸ਼ਕ ਲਿੱਸਾ, ਹੁਸਨ ਮਾਂਦਾ ਹੋ ਗਿਆ,
ਭੁਖ ਮਿਟਾਈਏ ਯਾ ਹੁਸਨ ਦੇ ਗੀਤ ਗਾਈਏ ਸਾਥੀਉ ।

ਆਉ ਕਿਸਾ ਛੇੜੀਏ ਮਨਸੂਰ ਤੇ ਸੂਲੀ ਦਾ ਫਿਰ,
ਗਲ ਨਾ ਐਵੇਂ ਜ਼ੁਲਫ਼ ਦੀ ਲਮਕਾਈ ਜਾਈਏ ਸਾਥੀਉ ।

ਮੇਂਢੀ ਦੀ ਜ਼ੰਜੀਰ ਵਿਚ ਬੱਝਾ ਰਹੇ, ਕਾਹਦਾ ਜਨੂੰ,
ਆਉ ਜੰਗਲਾਂ, ਪਰਬਤਾਂ, ਸਿੰਧਾਂ ਤੇ ਛਾਈਏ ਸਾਥੀਉ ।

ਆਉ ਮਹਿਲਾਂ ਵਿਚ ਵੀ ਇਕ ਚਿਣਗ ਸੁੱਟ ਕੇ ਵੇਖੀਏ,
ਆਪ ਅਪਣੀ ਅੱਗ ਵਿਚ ਸੜਦੇ ਨਾ ਜਾਈਏ ਸਾਥੀਉ ।

ਆਉ ਹੱਥੀਂ ਵਾਹੀਏ ਕਿਸਮਤ ਦੀ ਮੁਸਕਾਂਦੀ ਲਕੀਰ,
"ਲੇਕ ਮਿੱਟ ਸਕਦੇ ਸਖੀ" ਨੂੰ ਆਜ਼ਮਾਈਏ ਸਾਥੀਉ ।

ਆਉ ਬਹਿ ਕੇ 'ਸਰਬ ਲੋਹ' ਦੇ ਅਰਥ ਮੁੜ ਕੇ ਵਾਚੀਏ,
ਪਹੁਲ ਖੰਡੇ-ਧਾਰ ਮੁੜ ਚਖੀਏ ਚਖਾਈਏ ਸਾਥੀਉ ।

ਉਠੋ ਦੁਰਗਾ ਵਾਂਗਰਾਂ ਮਹਿਖਾਸੁਰਾਂ ਨੂੰ ਸੋਧੀਏ,
ਚੰਡ ਮੁੰਡਾਂ, ਰਕਤ ਬੀਜਾਂ ਨੂੰ ਮੁਕਾਈਏ ਸਾਥੀਉ ।

ਆਉ ਮੁੜ ਕੀੜੀ ਦੇ ਪੈਰਾਂ ਹੇਠ ਹਾਥੀ ਰੋਲੀਏ,
ਆਉ ਮੁੜ ਚਿੜੀਆਂ ਤੋਂ ਬਾਜ਼ਾਂ ਨੂੰ ਤੁੜਾਈਏ ਸਾਥੀਉ ।

ਡੋਹਲ ਕੇ ਦਾਰੂ ਦਾ ਘੁਟ ਧਰਤੀ ਸਾਂ ਨਸ਼ਿਆਂਦੇ ਕਦੀ,
ਆਉ ਰੱਤ ਨੂੰ ਡੋਹਲ ਕੇ ਧਰਤੀ ਜਗਾਈਏ ਸਾਥੀਉ ।

ਧਰਤ ਦੀ ਰੰਗਲੀ ਬਹੂ ਰਾਕਸ਼ ਨੇ ਭੋਰੇ ਪਾ ਲਈ,
ਉਠੋ ਰਾਕਸ਼ ਮਾਰ ਕੇ ਧਰਤੀ ਛਡਾਈਏ ਸਾਥੀਉ ।

ਆਉ ਬੁਤ ਨੂੰ ਛਡ ਕੇ ਬੁਤ ਖ਼ਾਨਾ ਸਜਾਈਏ ਸਾਥੀਉ,
ਸੋਹਣਿਆਂ ਨੂੰ ਸੋਹਣੀ ਦੁਨੀਆਂ ਵਿਚ ਵਸਾਈਏ ਸਾਥੀਉ ।

34. ਘੋਲ

ਹੋਣ ਲੱਗਾ ਘੋਲ ਯਾਰੋ ਲੋਕਾਂ ਅਤੇ ਜੋਕਾਂ ਦਾ,
ਹੋਵਣਾ ਨਬੇੜਾ ਅਜ ਮਹਿਲਾਂ ਅਤੇ ਢੋਕਾਂ ਦਾ
ਛਿੰਜ ਵਿਚ ਆਣ ਲੱਥੇ ਸੱਤ ਤੇ ਕੁਸੱਤ ਜੀ,
ਉਠੋ ਕਿਰਸਾਨੋ ਵੇਲਾ ਆਉਣਾ ਨਾ ਵੱਤ ਜੀ ।

ਕੂੜ ਦਾ ਦਮਾਮਾ ਡਾਢਾ ਕੁਟਿਆ ਕੁਸਤ ਨੇ,
"ਜਨਤਾ ਦੀ ਜੈ" ਨਾਹਰਾ ਲਾਇਆ ਅਗੋਂ ਸੱਤ ਨੇ,
ਦਾਤੀਆਂ ਹਥੌੜਿਆਂ ਦੀ ਰਖ ਲੈਣੀ ਪੱਤ ਜੀ,
ਕਿਰਤੀਉ ਕਿਸਾਨੋਂ ਵੇਲਾ ਆਉਣਾ ਨ ਵੱਤ ਜੀ ।

ਗੁਰੂਆਂ ਦਾ ਕਹਿਣਾ ਯਾਰੋ ਤੁਹਾਨੂੰ ਜੇ ਪਿਆਰਾ ਏ,
"ਕਿਰਤ ਕਰਨੀ ਵੰਡ ਛਕਣਾ" ਤੁਹਾਡਾ ਜੇ ਨਾਹਰਾ ਏ,
ਭਾਗੋਆਂ ਨੂੰ ਮਾਰੋ ਰੱਖੋ ਲਾਲੋਆਂ ਦੀ ਪੱਤ ਜੀ,
ਉਠੋ ਮਜ਼ਦੂਰੋ ਵੇਲਾ ਆਉਣਾ ਨਾ ਵੱਤ ਜੀ ।

ਦਾਤੀਆਂ ਹਥੌੜਿਆਂ ਦੀ ਤੁਹਾਨੂੰ ਪਾਵਾਂ ਸੌਂਹ ਜੀ,
ਨਹੁੰ ਨਹੁੰ ਖੋਟੇ ਰਾਕਸ਼ਾਂ ਦੇ ਸੰਘੀਂ ਦਿਉ ਨਹੁੰ ਜੀ,
ਅੱਗੇ ਵਧੋ ਲੋਕੋ ਪਾ ਕੇ ਹੱਥਾਂ ਵਿਚ ਹੱਥ ਜੀ,
ਕਿਰਤੀਉ ਕਿਸਾਨੋਂ ਵੇਲਾ ਆਉਣਾ ਨਾ ਵੱਤ ਜੀ ।

ਚਾਂਹਦੇ ਹੋ ਜੇ ਬੀ ਭੂਮੀਦਾਰੀ ਦਾ ਮੁਕਾਵਣਾ,
ਭੂਮੀ ਦਿਉ ਪੁੱਤਰੋ ਨਾ ਵੇਲੇ ਨੂੰ ਖੁੰਝਾਉਣਾ,
ਚਾਹੋ ਜੇ ਖ਼ਜ਼ਾਨਾ ਮਾਰੋ ਰਤ ਪੀਣਾ ਸੱਪ ਜੀ,
ਕਿਰਤੀਉ ਕਿਸਾਨੋਂ ਵੇਲਾ ਆਉਣਾ ਨਾ ਵੱਤ ਜੀ ।

ਕਿਰਤੀਉ ਕਿਸਾਨੋਂ ਫਰਜ਼ ਸੋਚ ਕੇ ਨਿਭਾਉਣਾ,
ਛਿਲੜਾਂ ਦੇ ਪਿਛੇ ਅਪਣੀ ਛਿਲ ਨਾ ਲੁਹਾਉਣਾ,
ਨੋਟਾਂ ਉਤੇ ਥੁੱਕੋ, ਮਾਰੋ ਪੈਸਿਆਂ ਨੂੰ ਲੱਤ ਜੀ,
ਜਾਗੋ ਕਿਸਾਨੋਂ ਵੇਲਾ ਆਉਣਾ ਨਾ ਵੱਤ ਜੀ ।

ਭਾਗੋਆਂ ਦਾ ਮਹਿਲ ਘੜੀ ਝਟ ਦਾ ਪਰਾਹੁਣਾ,
ਇਕੋ ਹੀ ਹਿਲੂਣੇ ਨਾਲ ਹੇਠ ਏਸ ਆਉਣਾ,
ਖੁੱਖੀ ਮਣਿਆਦ ਇਹਦੀ, ਬੋਦੀ ਇਹਦੀ ਛੱਤ ਜੀ,
ਕਿਰਤੀਉ ਕਿਸਾਨੋਂ ਵੇਲਾ ਆਉਣਾ ਨਾ ਵੱਤ ਜੀ ।

ਜ਼ਿਮੀਂ ਵਿਚੋਂ ਚਾਹੋ ਤੁਸੀਂ ਤੋਨਾ ਜੇ ਉਗਾਉਣਾ,
ਪੋਹਲੀ ਤੇ ਭੁਗਾਟ ਤਾਈਂ ਪਏਗਾ ਮੁਕਾਉਣਾ,
ਮੋਹਨ ਸਿੰਘ ਆਖੇ ਸਾਰੇ ਤੱਤਾਂ ਦਾ ਇਹ ਤੱਤ ਜੀ,
ਕਿਰਤੀਉ ਕਿਸਾਨੋਂ ਵੇਲਾ ਆਉਣਾ ਨਾ ਵੱਤ ਜੀ ।

35. ਆਵਾਜ਼ਾਂ

ਜਾਗ ਕਿਰਸਾਨਾ ਤਿੱਖੀ ਹੋ ਗਈ ਆ ਲੁਟ ਵੇ
ਕਹਿਣਾ ਅਜੀਤ ਸਿੰਘ ਦਾ ਭੁੰਜੇ ਨਾ ਸੁੱਟ ਵੇ
ਕੁਝ ਤਾਂ ਵਿਚਾਰ ਤੇਰਾ ਮੰਦਾ ਕਿਉਂ ਹਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਚੰਡ ਚੰਡ ਥੱਕਿਆ ਤੂੰ ਹਲਾਂ ਦੇ ਫਾਲੇ ਵੇ
ਨਪ ਨਪ ਹੱਥੀ ਪਾ ਲਏ ਹੱਥੀਂ ਤੂੰ ਛਾਲੇ ਵੇ
ਫੇਰ ਵੀ ਨਾ ਤੇਰਾ ਅਜੇ ਨਿਕਲਦਾ ਏ ਕਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਰਾਕਸ਼ਾਂ ਦੇ ਮਹਿਲਾਂ ਵਿਚ ਦੀਵਾ ਜੋ ਬੱਲੇ ਵੇ
ਤੇਰੀ ਹੀ ਚਰਬੀ ਪਈ ਓਸ ਵਿਚ ਢੱਲੇ ਵੇ
ਚਾਨਣਾ ਜੇ ਲੋੜੇਂ ਏਸ ਦੀਵੇ ਨੂੰ ਬੁਝਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਕੁਝ ਤਾਂ ਨਚੋੜਿਆ ਸੀ ਖ਼ੂਨ ਤੇਰਾ ਵੰਡ ਨੇ
ਰਹਿੰਦਾ ਲੱਕ ਤੋੜ ਦਿਤਾ ਟੈਕਸਾਂ ਦੀ ਪੰਡ ਨੇ
ਕਦੋਂ ਤੇਰੇ ਖ਼ੂਨ ਵਿਚ ਆਉਣਾ ਉਬਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਵੱਡਾ ਜਿੰਨ ਨਿਕਲਿਆ ਜਾਂ ਸਾਨੂੰ ਵੰਡ ਪਾੜ ਕੇ
ਪੈਰਾਂ ਥੱਲੇ ਗਿਆ ਸਾਰੇ ਦੇਸ਼ ਨੂੰ ਲਿਤਾੜ ਕੇ
ਖ਼ੂਨੀ ਉਹਦੇ ਪੰਜੇ ਤੇ ਵਰਾਛਾਂ ਲਾਲੋ ਲਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਰਾਕਸ਼ਾਂ ਦੇ ਮਹਿਲਾਂ ਵਿਚ ਮਦ ਅਤੇ ਮਾਸ ਵੇ
ਨਾਚ ਛਣਕਾਰ ਫਿਰਨ ਦਾਸੀਆਂ ਤੇ ਦਾਸ ਵੇ
ਸੁਕੀਆਂ ਨਘੋਰਦਾ ਤੂੰ ਭਿਉਂ ਕੇ ਪਾਣੀ ਨਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

ਐਟਮਾਂ ਦੀ ਧਮਕ ਨਾਲ ਕੰਬੀਆਂ ਲੁਕਾਈਆਂ ਵੇ
ਯਰਕ ਗਈਆਂ ਜ਼ੁਲਮ ਨਾਲ ਧਰਤ ਦੀਆਂ ਬਾਹੀਆਂ ਵੇ
ਕਦੋਂ ਤੇਰੀ ਹਿਕ ਵਿਚੋਂ ਉਠਣਾ ਭੁਚਾਲ ਓ
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ…

36. ਜੱਟੀਆਂ ਦਾ ਗੀਤ

ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ,
ਸਾਡੀਆਂ ਸੁਥਣਾਂ ਨੂੰ ਭਖੜਾ ਵੇ ਹੋ ।
ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ
ਨਾ ਤਨ ਕਜਣੇ ਨੂੰ ਕਪੜਾ ਵੇ ਹੋ ।

ਗੋਰੀ ਤੇਰੀ ਪਈ ਝੂਟੇ ਪਟ ਦੀਆਂ ਲਾਸਾਂ
ਹੇਠ ਸੋਨੇ ਦਾ ਪਟੜਾ ਵੇ ਹੋ ।
ਪੈਰ-ਨਹੁੰਆਂ ਉਤੇ ਚੰਨ ਮਹਿੰਦੀ ਦੇ
ਖੁਰੀਂ ਅਸਾਡੀ ਘਟੜਾ ਵੇ ਹੋ ।

ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ
ਬਾਹੀਂ ਚੂੜਾ ਰਤੜਾ ਵੇ ਹੋ ।
ਕੋਠਾ ਇਕ ਬਿਰਾਤ ਅਸਾਡੀ
ਉਹ ਵੀ ਕੱਚੜਾ ਤੇ ਢੱਠੜਾ ਵੇ ਹੋ ।

ਉਚੀ ਅਟਾਰੀ ਚੰਦਨ ਝੂਲਾ
ਪਲਦਾ ਤੇਰਾ ਬਚੜਾ ਵੇ ਹੋ ।
ਰੋਹੀਆਂ ਵਿਚ ਅਸੀਂ ਨਿਮੀਏਂ ਜੰਮੀਏਂ
ਦਾਸ ਤੇਰਾ ਸਾਡਾ ਨਢੜਾ ਵੇ ਹੋ ।

ਮੈਦਾ ਖਾਵੇਂ ਪੱਟ ਹੰਢਾਵੇਂ
ਫਿਰ ਵੀ ਕਰੇਂ ਸੈ ਨਖਰਾ ਵੇ ਹੋ ।
ਜੰਮਦਿਆਂ ਹੀ ਚਾਅ ਮਰਨ ਅਸਾਡੇ
ਇਕ ਵੀ ਹੋਏ ਨਾ ਵਡੜਾ ਵੇ ਹੋ ।

ਵਾਹੀਏ, ਬੀਜੀਏ, ਸਿੰਜੀਏ, ਵੱਢੀਏ
ਗਾਹੀਏ ਤੇ ਕਰੀਏ ਕਠੜਾ ਵੇ ਹੋ ।
ਆਵੇਂ ਤੇ ਸਭ ਹੂੰਝ ਲਿਜਾਵੇਂ
ਮੁਢ ਤੋਂ ਏਹੋ ਝਗੜਾ ਵੇ ਹੋ ।

ਦਿਲ ਸਾਡਾ ਹੁਣ ਭਰਦਾ ਸ਼ਾਹਦੀ,
ਮੁਕਣ ਵਾਲਾ ਇਹ ਝਗੜਾ ਵੇ ਹੋ ।
ਤਗੜਿਆਂ ਹੋਣਾ ਖਵਾਰ ਤੇ ਖੱਜਲ
ਮਾੜਿਆਂ ਹੋਣਾ ਤਗੜਾ ਵੇ ਹੋ ।

ਪਾਟੀ ਕਿਰਤ ਨੇ ਇਕ ਮੁਠ ਹੋਣਾ
ਬਣ ਜਾਣਾ ਇਕ ਝਖੜਾ ਵੇ ਹੋ ।
ਘੋੜੀ ਤੇਰੀ ਦੇ ਉਡਣੇ ਘੁੰਗਰੂ
ਗੋਰੀ ਦਾ ਚੂੜਾ ਰਤੜਾ ਵੇ ਹੋ ।

ਤੀਲੀਆਂ ਰਲ ਕੇ ਬਹੁਕਰ ਬਣਨਾ
ਹੂੰਝ ਦੇਣਾ ਕੱਖ ਕੰਡੜਾ ਵੇ ਹੋ ।
ਖਵਾਰ ਹੋਏ ਸਭ ਮਿਲਣਗੇ ਆਖ਼ਰ
ਆਕੀਆਂ ਨੂੰ ਕੱਰ ਤਗੜਾ ਵੇ ਹੋ ।

37. ਗੱਜਣ ਸਿੰਘ

ਇਸ ਬੈਲੇਡ (ਕਾਵਿ-ਕਹਾਣੀ) ਨੂੰ ਪ੍ਰਸਿਧ
ਲੋਕ-ਗੀਤ "ਜੱਗਾ ਜੰਮਿਆਂ ਤੇ ਮਿਲਣ
ਵਧਾਈਆਂ" ਵਾਲੇ ਰੂਪ ਵਿਚ ਢਾਲਿਆ
ਗਿਆ ਹੈ ।

ਚੇਤ ਚੜ੍ਹਿਆ,
ਚੇਤ ਚੜ੍ਹਿਆ ਗੱਜਣ ਸਿੰਘ ਝੂਰਿਆ,
ਕਮਾਦ ਜੋਗਾ ਬੀ ਲੋੜੀਏ,
ਸਾਥੀਓ, ਸਾਥੀਓ,
ਬਗਾਨਿਆਂ ਦੀ ਆਸ ਛੋੜੀਏ,
ਚੇਤ ਚੜ੍ਹਿਆ ।

ਢੱਗੀ ਖੋਲ੍ਹ ਕੇ,
ਢੱਗੀ ਖੋਲ੍ਹ ਕੇ ਗੱਜਣ ਸਿੰਘ ਚਲਿਆ,
ਮਾਲ ਮੰਡੀ ਆਣ ਢੁਕਿਆ,
ਸਾਥੀਓ, ਸਾਥੀਓ,
ਨਿਆਣਿਆਂ ਦਾ ਦੁਧ ਮੁਕਿਆ, ਢੱਗੀ ਖੋਲ੍ਹ ਕੇ ।

ਚੇਤ ਮੁਕਿਆ,
ਚੇਤ ਮੁਕਿਆ ਕਮਾਦ ਗਿਆ ਬੀਜਿਆ,
ਵਸਾਖ ਜੇਠ ਹਾੜ੍ਹ ਹੋ ਗਿਆ,
ਸਾਥੀਓ, ਸਾਥੀਓ,
ਗੱਜਣ ਸਿੰਘ ਨਾਲ ਮੌਲਿਆ, ਚੇਤ ਮੁਕਿਆ ।

ਭਾਦੋਂ ਚੜ੍ਹਿਆ,
ਭਾਦੋਂ ਚੜ੍ਹਿਆ ਕਮਾਦ ਆਣ ਰਸਿਆ,
ਜ਼ੰਗਾਰੀ ਰੰਗ ਹੋਈਆਂ ਪੋਰੀਆਂ,
ਸਾਥੀਓ, ਸਾਥੀਓ,
ਕਿ ਝੜ ਝੜ ਜਾਣ ਖੋਰੀਆਂ,
ਭਾਦੋਂ ਚੜ੍ਹਿਆ ।

ਟਪਣ ਲਗੀਆਂ,
ਟਪਣ ਲਗੀਆਂ ਕੁਮਾਦ ਦੀਆਂ ਟਿੱਡੀਆਂ,
ਹਵਾ ਦੇ ਵਿਚ ਆਗਾਂ ਝੂਮੀਆਂ,
ਸਾਥੀਓ, ਸਾਥੀਓ,
ਕਿ ਭੂਮੀ ਵਾਲੇ ਮੰਗਣ ਭੂਮੀਆਂ,
ਟਪਣ ਲਗੀਆਂ ।

ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਸਮਾਨੀਂ ਤਾਰੇ ਜਾਗਦੇ
ਯਾ ਫਿਰ ਗੱਜਣ ਸਿੰਘ ਜਾਗਦਾ,
ਸਾਥੀਓ, ਸਾਥੀਓ,
ਕਿ ਕਿਹੜੀ ਗੱਲੇ ਜੱਟ ਝਾਗਦਾ,
ਅੱਧੀ ਰਾਤ ਨੂੰ ।

ਜ਼ਿਮੀਂਦਾਰ ਦਾ,
ਜ਼ਿਮੀਂਦਾਰ ਦਾ ਜ਼ਰੀ ਦਾ ਜੋੜਾ
ਜੁੱਤੀ ਉਹਦੀ ਦੰਦ ਕਢ ਗਈ,
ਸਾਥੀਓ, ਸਾਥੀਓ,
ਗਜਣ ਨੂੰ ਇਹ ਗਲ ਵੱਢ ਗਈ,
ਜ਼ਿਮੀਂਦਾਰ ਦਾ ।

ਜ਼ਿਮੀਂਦਾਰ ਦੇ,
ਜ਼ਿਮੀਂਦਾਰ ਦੇ ਨਵਾਰੀ ਮੰਜਾ ਵਿੱਛਦਾ
ਤੇ ਕਾਣ ਵੀਲੀ ਖੱਟ ਜੱਟ ਦੀ,
ਸਾਥੀਓ, ਸਾਥੀਓ,
ਕਿ ਕਾਣੀ ਵੰਡ ਕਿਉਂ ਨਾ ਹੱਟਦੀ,
ਜ਼ਿਮੀਂਦਾਰ ਦੇ ।

ਜ਼ਿਮੀਂਦਾਰ ਦਾ,
ਜ਼ਿਮੀਂਦਾਰ ਦਾ ਕੁਮੈਤ ਘੋੜਾ ਉੱਡਣਾ,
ਤੇ ਟੈਰ ਉਹਦੀ ਲੰਙ ਮਾਰਦੀ,
ਸਾਥੀਓ, ਸਾਥੀਓ,
ਗੱਜਣ ਨੂੰ ਇਹ ਗਲ ਮਾਰ ਗਈ,
ਜ਼ਿਮੀਂਦਾਰ ਦਾ ।

ਜੱਟ ਨਿਕਲਿਆ,
ਜੱਟ ਨਿਕਲਿਆ ਮੰਡਾਸਾ ਮਾਰ ਕੇ
ਨਾਲ ਉਹਦੇ ਪੰਜ ਗਭਰੂ,
ਸਾਥੀਓ, ਸਾਥੀਓ,
ਗ਼ਰੀਬਾਂ ਦਾ ਕੀ ਲੱਗੇ ਵਾਹਗੁਰੂ,
ਜੱਟ ਨਿਕਲਿਆ ।

ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਸਮਾਨੀਂ ਤਾਰੇ ਕੰਬਦੇ
ਕਮਾਦ ਵਿਚ ਜੱਟ ਵੜ ਗਏ,
ਸਾਥੀਓ, ਸਾਥੀਓ,
ਕਿ ਹੋਣੀ ਅੱਗੇ ਲੋਕ ਅੜ ਗਏ,
ਅੱਧੀ ਰਾਤ ਨੂੰ ।

ਪਹਿਲੇ ਸਭ ਤੋਂ,
ਪਹਿਲੇ ਸਭ ਤੋਂ ਬੁਲੰਦ ਸਿੰਘ ਬੋਲਿਆ
ਰੱਤੋ ਰੱਤ ਹੋਈਆਂ ਅੱਖੀਆਂ,
ਸਾਥੀਓ, ਸਾਥੀਓ,
ਜ਼ਮਾਨਾ ਹੋਇਆ ਘਿਉ ਚੱਖਿਆਂ,
ਪਹਿਲੇ ਸਭ ਤੋਂ ।

ਭਾਰੇ ਬੋਲ ਦਾ,
ਭਾਰੇ ਬੋਲ ਦਾ ਧੰਨਾ ਫਿਰ ਬੋਲਿਆ
ਪਾਟੀ ਜਿਵੇਂ ਹੋਵੇ ਵੰਝਲੀ,
ਸਾਥੀਓ, ਸਾਥੀਓ,
ਵਿਆਹੁਣ ਖੁਣੋਂ ਬੈਠੀ ਨਢੜੀ,
ਭਾਰੇ ਬੋਲ ਦਾ ।

ਦੂਹਰੇ ਪਿੰਡੇ ਦਾ,
ਦੂਹਰੇ ਪਿੰਡੇ ਦਾ ਇੰਦਰ ਸਿੰਘ ਗਜਿਆ,
ਵਿਆਜ ਵਿਚ ਢੱਗੇ ਖੁਲ੍ਹ ਗਏ,
ਸਾਥੀਓ, ਸਾਥੀਓ,
ਮੈਂ ਸੋਚੀਂ ਪਿਆ ਕਿਹੜੇ ਮੁਲ ਗਏ,
ਦੂਹਰੇ ਪਿੰਡੇ ਦਾ ।

ਗੰਨਾ ਭੰਨ ਕੇ,
ਗੰਨਾ ਭੰਨ ਕੇ ਸੁਰੈਣ ਸਿੰਘ ਬੋਲਿਆ,
ਮੈਂ ਜ਼ਿਮੀਦਾਰੀ ਐਉਂ ਭੰਨ ਦਊਂ,
ਸਾਥੀਓ, ਸਾਥੀਓ,
ਨਹੀਂ ਬਚਿਆਂ ਨੂੰ ਕਿਥੋਂ ਅੰਨ ਦਊਂ,
ਗੰਨਾ ਭੰਨ ਕੇ ।

ਮੱਘਰ ਪੁੱਛਦਾ,
ਮੱਘਰ ਪੁੱਛਦਾ ਭਰਾਵੋ ਮੈਨੂੰ ਦਸਿਓ,
ਨਾ ਮੁੰਨਾ ਛੋਹਿਆ ਓਸ ਹਲ ਦਾ,
ਸਾਥੀਓ, ਸਾਥੀਓ,
ਤੇ ਅਧ ਮੰਗੇ ਕਿਹੜੀ ਗਲ ਦਾ ?
ਮੱਘਰ ਪੁੱਛਦਾ ।

ਪੌਣੀ ਰਾਤ ਨੂੰ,
ਪੌਣੀ ਰਾਤ ਨੂੰ ਗੱਜਣ ਸਿੰਘ ਬੋਲਿਆ
ਮੂੰਹੋਂ ਸਿੱਟੇ ਤੂੰਬਾ ਝੱਗ ਦਾ,
ਸਾਥੀਓ, ਸਾਥੀਓ,
ਕਿ ਜ਼ਿਮੀਂਦਾਰ ਸਾਲਾ ਲਗਦਾ,
ਪੌਣੀ ਰਾਤ ਨੂੰ ।

ਚਿੜੀ ਚੂਕਦੀ,
ਚਿੜੀ ਚੂਕਦੀ ਕਮਾਦੋਂ ਜੱਟ ਨਿਕਲੇ
ਹਨੇਰੇ ਨੂੰ ਸਫੈਦੀ ਚੁੰਮ ਗਈ,
ਸਾਥੀਓ, ਸਾਥੀਓ,
ਕਿ ਪਿੰਡ ਵਿਚ ਗਲ ਧੁੰਮ ਗਈ,
ਚਿੜੀ ਚੂਕਦੀ ।

ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਕਮਾਦ ਆਣ ਘੇਰਿਆ
ਪੁਲੀਸ ਚੜ੍ਹ ਆਈ ਤਕੜੀ,
ਸਾਥੀਓ, ਸਾਥੀਓ,
ਕਿ ਜਾਲਾ ਜਿਵੇਂ ਬੁਣੇ ਮਕੜੀ,
ਅੱਧੀ ਰਾਤ ਨੂੰ ।

ਲੈ ਗਏ ਫੜ ਕੇ,
ਲੈ ਗਏ ਫੜ ਕੇ ਗਜਣ ਸਿੰਘ ਜੱਟ ਨੂੰ,
ਤੇ ਨਾਲੇ ਉਹਦੇ ਸਾਥੀ ਧਰ ਲਏ,
ਸਾਥੀਓ, ਸਾਥੀਓ,
ਕਿ ਜ਼ਿਮੀਂਦਾਰ ਹੱਥ ਕਰ ਗਏ,
ਲੈ ਗਏ ਫੜ ਕੇ ।

ਵੱਢ ਟੁੱਕ ਕੇ,
ਵੱਢ ਟੁੱਕ ਕੇ ਕਮਾਦ ਗੱਡੀਂ ਲਦਿਆ,
ਮਸ਼ੀਨਾਂ ਦੇ ਜਬਾੜੇ ਤੁੰਨਿਆਂ,
ਸਾਥੀਓ, ਸਾਥੀਓ,
ਬਲੇ ਓ, ਜ਼ਿਮੀਂਦਾਰਾ ਘੁੰਨਿਆਂ,
ਵੱਢ ਟੁੱਕ ਕੇ ।

ਗੱਜਣ ਸਿੰਘ ਦੀ,
ਗੱਜਣ ਸਿੰਘ ਦੀ ਗੁਢਾਲ ਪਈ ਸਖਣੀ,
ਕੜਾਹੇ ਨੂੰ ਜੰਗਾਲ ਲਗਿਆ,
ਸਾਥੀਓ, ਸਾਥੀਓ,
ਕਿ ਜਾਗ ਹੁਣ ਸ਼ੇਰਾ ਬਗਿਆ,
ਗੱਜਣ ਸਿੰਘ ਦੀ ।

ਗੱਜਣ ਸਿੰਘ ਦੀ,
ਗੱਜਣ ਸਿੰਘ ਦੀ ਗੁਢਾਲ ਨਹੀਂ ਸਖਣੀ,
ਕਿ ਕੁਤੀਆਂ ਕਤੂਰੇ ਦੇ ਦਿਤੇ,
ਸਾਥੀਓ, ਸਾਥੀਓ,
ਕਿ ਡੱਬੇ, ਚਿੱਟੇ, ਭੂਰੇ ਦੇ ਦਿਤੇ,
ਗੱਜਣ ਸਿੰਘ ਦੀ ।

ਗੱਜਣ ਸਿੰਘ ਦੇ,
ਗੱਜਣ ਸਿੰਘ ਦੇ, ਦਰੋਖੇ ਦੀਵਾ ਟਿਮਕਦਾ
ਨਾਰ ਉਹਦੀ ਬੈਠੀ ਜਾਗਦੀ,
ਸਾਥੀਓ, ਸਾਥੀਓ,
ਮੁਕੇ ਨਾ ਲੰਬੀ ਰਾਤ ਮਾਘ ਦੀ,
ਗੱਜਣ ਸਿੰਘ ਦੇ ।

ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਬਲਦ ਬੈਠੇ ਝੂਰਦੇ,
ਪੱਠਿਆਂ ਨੂੰ ਮੂੰਹ ਲਾਣ ਨਾ,
ਸਾਥੀਓ, ਸਾਥੀਓ,
ਕਿ ਬੌਲਦਾਂ ਨੂੰ ਪਸ਼ੂ ਜਾਣ ਨਾ,
ਗੱਜਣ ਸਿੰਘ ਦੇ ।

ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਬੂਹੇ ਤੇ ਠੱਕਾ ਵਜਦਾ,
ਤੇ ਕਾੜ ਕਾੜ ਤਾਕ ਵਜਦੇ,
ਸਾਥੀਓ, ਸਾਥੀਓ,
ਕਿ ਕੱਕਰਾਂ ਬਨੇਰੇ ਕੱਜ ਤੇ,
ਗੱਜਣ ਸਿੰਘ ਦੇ ।

ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਪੈਰਾਂ ਦੇ ਵਿਚ ਬੇੜੀਆਂ,
ਕਿ ਪਿੰਨੀਆਂ ਨੂੰ ਪਈਆਂ ਘਾਸੀਆਂ,
ਸਾਥੀਓ, ਸਾਥੀਓ,
ਕਿ ਕਦੋਂ ਤੀਕ ਜੇਲ੍ਹਾਂ ਫਾਂਸੀਆਂ ?
ਗੱਜਣ ਸਿੰਘ ਦੇ ।

ਦਿਨ ਚੜ੍ਹਿਆ,
ਦਿਨ ਚੜ੍ਹਿਆ ਮੋਘੇ ਚੋਂ ਡੁਲ੍ਹਾ ਚਾਨਣਾ
ਗੱਜਣ ਦਾ ਮੂੰਹ ਮੱਘ ਉਠਿਆ,
ਸਾਥੀਓ, ਸਾਥੀਓ,
ਕਿ ਨੀਂਦ ਵਿਚੋਂ ਜਗ ਉਠਿਆ,
ਦਿਨ ਚੜ੍ਹਿਆ ।

ਠੋਡੀ ਰਖ ਕੇ,
ਠੋਡੀ ਰਖ ਕੇ ਹਥਾਲੀਆਂ ਦੇ ਟੋਏ ਵਿਚ,
ਗੋਡਿਆਂ ਤੇ ਰਖ ਕੂਹਣੀਆਂ,
ਸਾਥੀਓ, ਸਾਥੀਓ,
ਗੱਜਣ ਡੁੱਬਾ ਸੋਚਾਂ ਡੂੰਘੀਆਂ,
ਠੋਡੀ ਰਖ ਕੇ ।

ਲਾਲੀ ਡੁਲ੍ਹ ਪਈ,
ਲਾਲੀ ਡੁਲ੍ਹ ਪਈ ਝਰੋਖੇ ਵਿਚੋਂ ਤਗੜੀ,
ਗਜਣ ਸਿੰਘ ਹੋਇਆ ਤਗੜਾ,
ਸਾਥੀਓ, ਸਾਥੀਓ,
ਕਿ ਮੁਕ ਜਾਣਾ ਸਭ ਝਗੜਾ,
ਲਾਲੀ ਡੁਲ੍ਹ ਪਈ ।

ਮੁਕ ਜਾਣੀਆਂ,
ਮੁਕ ਜਾਣੀਆਂ ਸਿਆਲ ਦੀਆਂ ਰਾਤਾਂ,
ਜਗ ਤੇ ਬਹਾਰਾਂ ਆਣੀਆਂ,
ਸਾਥੀਓ, ਸਾਥੀਓ,
ਕਿ ਜਾਗ ਪੈਣਾਂ ਪੰਜਾਂ ਪਾਣੀਆਂ, ਮੁਕ ਜਾਣੀਆਂ ।

ਮੁਕਤ ਹੋਣੀਆਂ,
ਮੁਕਤ ਹੋਣੀਆਂ ਹਲਾਂ ਦੀਆਂ ਨਹੁੰਦਰਾਂ,
ਦਾਤੀਆਂ ਦੇ ਦੰਦਾਂ ਹਸਣਾ,
ਸਾਥੀਓ, ਸਾਥੀਓ,
ਨਾ ਸਾਡਾ ਹਕ ਕਿਸੇ ਖੱਸਣਾ,
ਮੁਕਤ ਹੋਣੀਆਂ ।

ਲੋਕ-ਰਾਜ ਦਾ,
ਲੋਕ-ਰਾਜ ਦਾ ਕਰਾਹ ਜਦੋਂ ਚਲਣਾ,
ਟਿਬਿਆਂ ਦਾ ਮਾਣ ਟੁਟਣਾ,
ਸਾਥੀਓ, ਸਾਥੀਓ,
ਕਿ ਕਿਰਤ ਅੱਗੇ ਜਗ ਝੁਕਣਾ,
ਲੋਕ-ਰਾਜ ਦਾ, ।

ਮੁਕਤ ਹੋਣੀਆਂ,
ਮੁਕਤ ਹੋਣੀਆਂ ਕਣਕ ਦੀਆਂ ਬਲੀਆਂ,
ਕਮਾਦਾਂ ਦਿਆਂ ਆਗਾਂ ਝੂਮਣਾ,
ਸਾਥੀਓ, ਸਾਥੀਓ,
ਨਾ ਕਿਰਤ ਅੱਗੇ ਕਿਸੇ ਕੂੰਵਣਾ,
ਮੁਕਤ ਹੋਣੀਆਂ ।

ਤੇੜ ਪਹਿਨ ਕੇ,
ਤੇੜ ਪਹਿਨ ਕੇ ਸਮਾਨੀ-ਰੰਗੇ ਘਗਰੇ,
ਕਿ ਜੱਟੀਆਂ ਨੇ ਗਿੱਧਾ ਪਾਉਣਾ
ਸਾਥੀਓ, ਸਾਥੀਓ,
ਕਿ ਕਿਰਤੀਆਂ ਦਾ ਰਾਜ ਆਉਣਾ
ਤੇੜ ਪਹਿਨ ਕੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ