Dr. Asif Raaz
ਡਾ. ਆਸਿਫ਼ 'ਰਾਜ਼'

ਨਾਂ-ਅਹਿਮਦ ਰਾਜ਼ ਪਰਾਚਾ, ਕਲਮੀ ਨਾਂ-ਆਸਿਫ਼ ਰਾਜ਼ (ਡਾ.),
ਜਨਮ ਤਾਰੀਖ਼- 10 ਮਾਰਚ 1951,
ਪਿਤਾ ਦਾ ਨਾਂ-ਅਬਦੁਲ ਰਹੀਮ ਪਰਾਚਾ,
ਜਨਮ ਸਥਾਨ-ਭਲਵਾਲ, ਜ਼ਿਲਾ ਸਰਗੋਧਾ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਤਲੀਆਂ ਹੇਠ ਅੰਗਾਰੇ,
ਪਤਾ, ਬਲਾਕ ਨੰਬਰ 35, ਸਰਗੋਧਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਤਲੀਆਂ ਹੇਠ ਅੰਗਾਰੇ 1999 ਵਿੱਚੋਂ) : ਡਾ. ਆਸਿਫ਼ 'ਰਾਜ਼'

Punjabi Ghazlan (Talian Heth Angare 1999) : Asif Raaz



ਜੀਵਨ ਦਾ ਮੱਯਾਰ ਬਣਾ ਕੇ ਛੱਡਾਂਗਾ

ਜੀਵਨ ਦਾ ਮੱਯਾਰ ਬਣਾ ਕੇ ਛੱਡਾਂਗਾ । ਇਕ ਅੱਲ੍ਹੜ ਕਿਰਦਾਰ ਬਣਾ ਕੇ ਛੱਡਾਂਗਾ । ਜੇ ਤੇਰੇ ਅੰਦਰ ਦਾ ਬੰਦਾ ਜਾਗ ਪਿਆ, ਤੈਨੂੰ ਇਕ ਫ਼ਨਕਾਰ ਬਣਾ ਕੇ ਛੱਡਾਂਗਾ । ਗ਼ਮ ਦੇ ਝੱਖੜ ਝੁੱਲਦੇ ਨੇ ਤੇ ਝੁੱਲਣ ਦੇ, ਸੱਧਰਾਂ ਦਾ ਮੀਨਾਰ ਬਣਾ ਕੇ ਛੱਡਾਂਗਾ । ਭਾਵੇਂ ਦਿਲ ਦਾ ਲਹੂ ਵੀ ਦੇਣਾ ਪੈ ਜਾਵੇ, ਮੈਂ ਤੈਨੂੰ ਸ਼ਾਹਕਾਰ ਬਣਾ ਕੇ ਛੱਡਾਂਗਾ । ਨਫ਼ਰਤ ਭਰੀਆਂ ਰਸਮਾਂ, ਰੀਤਾਂ ਡੱਕਣ ਲਈ, ਸੋਚਾਂ ਨੂੰ ਦੀਵਾਰ ਬਣਾ ਕੇ ਛੱਡਾਂਗਾ । ਮੈਂ ਫ਼ਨਕਾਰ ਆਂ ਪਿਆਰ ਹੀ ਮੇਰਾ ਮਸਲਕ ਏ, ਦੁਸ਼ਮਣ ਨੂੰ ਦਿਲਦਾਰ ਬਣਾ ਕੇ ਛੱਡਾਂਗਾ । 'ਆਸਿਫ਼' ਆਪਣੇ ਸ਼ਿਅਰਾਂ ਰਾਹੀਂ ਓੜਕ ਮੈਂ, ਵੀਰਾਨੇ ਗ਼ੁਲਜ਼ਾਰ ਬਣਾ ਕੇ ਛੱਡਾਂਗਾ ।

ਰੁੱਖ ਇਕ ਦੋ ਹੀ ਪਾਲਣ ਜੋਗੇ ਰਹਿ ਗਏ ਨੇ

ਰੁੱਖ ਇਕ ਦੋ ਹੀ ਪਾਲਣ ਜੋਗੇ ਰਹਿ ਗਏ ਨੇ । ਬਾਕੀ ਸਭ ਤੇ ਬਾਲਣ ਜੋਗੇ ਰਹਿ ਗਏ ਨੇ । ਹਾਸੇ ਜਿਹੜੇ ਵੰਡਦੇ ਹੈਸਨ ਲੋਕਾਂ ਨੂੰ, ਆਪੋ ਦੁਖੜੇ ਜਾਲਣ ਜੋਗੇ ਰਹਿ ਗਏ ਨੇ । ਦੁਨੀਆ ਦੇ ਗ਼ਮ ਮੁੱਕ ਗਏ ਨੇ ਪਰ ਤੇਰੇ ਦੁੱਖ, ਮੇਰੀਆਂ ਹੱਡੀਆਂ ਗਾਲਣ ਜੋਗੇ ਰਹਿ ਗਏ ਨੇ । ਰਾਤੀਂ ਠਰਦੇ ਪਿੰਡੇ ਕਿਸਰਾਂ ਸੇਕਾਂਗੇ, ਇਕ ਦੋ ਤੀਲੇ ਬਾਲਣ ਜੋਗੇ ਰਹਿ ਗਏ ਨੇ । ਮੇਰੀਆਂ ਪਲਕਾਂ ਉੱਤੇ ਜਿੰਨੇ ਅੱਥਰੂ ਨੇ, ਸਭ ਸ਼ਿਅਰਾਂ ਵਿਚ ਢਾਲਣ ਜੋਗੇ ਰਹਿ ਗਏ ਨੇ । ਹੁਣ ਖ਼ੁਸੀਆਂ ਨਹੀਂ ਸਾਡੇ ਸੀਨੇ ਠਾਰਦੀਆਂ, ਸੀਨੇ ਸਿਰਫ਼ ਉਬਾਲਣ ਜੋਗੇ ਰਹਿ ਗਏ ਨੇ । ਕੌਣ ਸੁਣੇਂਗਾ ਗੱਲਾਂ 'ਆਸਿਫ਼ ਰਾਜ਼' ਦੀਆਂ, ਲੋਕੀ ਹੁਣ ਤੇ ਟਾਲਣ ਜੋਗੇ ਰਹਿ ਗਏ ਨੇ ।

ਕੁੱਝ-ਕੁੱਝ ਝੱਲਾ ਉਹ ਵੀ ਸੀ ਤੇ ਮੈਂ ਵੀ ਸਾਂ

ਕੁੱਝ-ਕੁੱਝ ਝੱਲਾ ਉਹ ਵੀ ਸੀ ਤੇ ਮੈਂ ਵੀ ਸਾਂ । ਜੱਗ ਤੋਂ ਵੱਖਰਾ ਉਹ ਵੀ ਸੀ ਤੇ ਮੈਂ ਵੀ ਸਾਂ । ਇਕ ਦੂਜੇ ਨੂੰ ਲਫ਼ਜ਼ਾਂ ਵਿਚ ਉਲਝਾਂਦੇ ਰਹੇ, ਪੜ੍ਹਿਆ ਲਿਖਿਆ ਉਹ ਵੀ ਸੀ ਤੇ ਮੈਂ ਵੀ ਸਾਂ । ਅੰਦਰੋਂ ਭਾਵੇਂ ਕਿਰਚੀ ਕਿਰਚੀ ਹੁੰਦੇ ਰਹੇ, ਬਾਹਰੋਂ ਪੀਡਾ ਉਹ ਵੀ ਸੀ ਤੇ ਮੈਂ ਵੀ ਸਾਂ । ਐਵੇਂ ਰੁੱਸਦੇ ਰਹੇਆਂ ਸੁਣ ਕੇ ਲੋਕਾਂ ਦੀ, ਕੰਨ ਦਾ ਕੱਚਾ ਉਹ ਵੀ ਸੀ ਤੇ ਮੈਂ ਵੀ ਸਾਂ । ਦੋਵੇਂ ਰੋਜ਼ ਉਡੀਕਦੇ ਸਾਂ ਇਕ ਦੂਜੇ ਨੂੰ, ਜ਼ਿੱਦੀ ਪੱਕਾ ਉਹ ਵੀ ਸੀ ਤੇ ਮੈਂ ਵੀ ਸਾਂ । ਅੱਖਾਂ ਗੱਲਾਂ ਕਰਦੀਆਂ ਰਹੀਆਂ ਅੱਖਾਂ ਨਾਲ, ਚੁੱਪ ਖਲੋਤਾ ਉਹ ਵੀ ਸੀ ਤੇ ਮੈਂ ਵੀ ਸਾਂ । 'ਆਸਿਫ਼' ਝੂਠੇ ਜੱਗ ਨੇ ਝੂਠਾ ਕਰ ਦਿੱਤਾ, ਨਹੀਂ ਤੇ ਸੱਚਾ ਉਹ ਵੀ ਸੀ ਤੇ ਮੈਂ ਵੀ ਸਾਂ ।

ਦਿਲ ਦੇ ਜ਼ਖ਼ਮ ਲਕੋਂਦੇ ਰਹਿ ਗਏ ਉਹ ਤੇ ਮੈਂ

ਦਿਲ ਦੇ ਜ਼ਖ਼ਮ ਲਕੋਂਦੇ ਰਹਿ ਗਏ ਉਹ ਤੇ ਮੈਂ । ਕੱਲਿਆਂ ਬਹਿ ਬਹਿ ਰੋਂਦੇ ਰਹਿ ਗਏ ਉਹ ਤੇ ਮੈਂ । ਅੱਚਣ-ਚੇਤੀ ਵੇਲੇ ਵਿੱਥਾਂ ਪਾ ਦਿੱਤੀਆਂ, ਨੇੜੇ ਹੁੰਦੇ-ਹੁੰਦੇ ਰਹਿ ਗਏ ਉਹ ਤੇ ਮੈਂ । ਫੇਰ ਨਾ ਮੁੜਕੇ ਆਈਆਂ ਰੁੱਤਾਂ ਪਿਆਰ ਦੀਆਂ, ਰਾਹਵਾਂ ਮੱਲ ਖਲੋਤੇ ਰਹਿ ਗਏ ਉਹ ਤੇ ਮੈਂ । ਦਿਲ ਦੀ ਪੈਲੀ ਦੇ ਵਿਚ ਵੱਤਰ ਆਇਆ ਨਹੀਂ, ਖੂਹ ਨੈਣਾਂ ਦੇ ਜੋਂਦੇ ਰਹਿ ਗਏ ਉਹ ਤੇ ਮੈਂ । ਰੋਜ਼ ਦਿਲਾਂ ਦੀ ਕੱਲਰ ਖਾਧੀ ਧਰਤੀ ਤੇ, ਬੀਜ ਵਫ਼ਾ ਦੇ ਬੋਂਦੇ ਰਹਿ ਗਏ ਉਹ ਤੇ ਮੈਂ । ਝੱਲਣੀ ਪੈ ਗਈ 'ਆਸਿਫ਼' ਹਾਰ ਨਸੀਬਾਂ ਨੂੰ, ਹੰਝੂ ਹਾਰ ਪਰੋਂਦੇ ਰਹਿ ਗਏ ਉਹ ਤੇ ਮੈਂ ।

ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ

ਇਹ ਤੱਕਿਆ ਏ ਜਿਸ ਦਿਨ ਦੀ ਅੱਖ ਖੋਲੀ ਏ । ਹਰ ਪੰਛੀ ਦੀ ਆਪਣੀ ਆਪਣੀ ਬੋਲੀ ਏ । ਵੰਨ-ਸੁਵੰਨੀਆਂ ਗ਼ਮ ਦੀਆਂ ਲੀਰਾਂ ਲੱਭੀਆਂ ਨੇ, ਜਦ ਵੀ ਪੰਡ ਹਿਆਤੀ ਦੀ ਮੈਂ ਫੋਲੀ ਏ । ਦਿਲ ਦਾ ਹਾਲ ਸੁਨਾਣਾ ਚਾਹਿਆ ਤੇ ਲੱਗਿਆ, ਦੁਨੀਆ ਮੂੰਹੋਂ ਗੁੰਗੀ ਕੰਨੋਂ ਬੋਲੀ ਏ । ਸ਼ਹਿਨਾਈਆਂ ਦੀ ਗੂੰਜ ਏ ਨਾਲੇ ਚੀਕਾਂ ਨੇ, ਵੇਖ ਕਿਸੇ ਦੀ ਮੱਯਤ ਏ ਯਾ ਡੋਲੀ ਏ । ਇੰਜ ਲੱਗਦਾ ਏ ਪੜ੍ਹ ਕੇ ਗ਼ਜ਼ਲਾਂ 'ਰਾਜ਼' ਦੀਆਂ, ਜਿਉਂ ਬੇਲੇ ਵਿਚ ਹਰਨੀਆਂ ਦੀ ਇਕ ਟੋਲੀ ਏ ।

ਉਹਦੇ ਕੋਲ ਜਵਾਬ ਨਹੀਂ ਉਹ ਤਾਂ ਨਹੀਂ ਆਉਂਦਾ

ਉਹਦੇ ਕੋਲ ਜਵਾਬ ਨਹੀਂ ਉਹ ਤਾਂ ਨਹੀਂ ਆਉਂਦਾ । ਅੱਜ ਕੱਲ ਫੇਰ ਬਨੇਰੇ ਉੱਤੇ ਕਾਂ ਨਹੀਂ ਆਉਂਦਾ । ਇਸ਼ਕ ਦੀ ਰਾਹ ਤੇ ਟੁਰਿਆ ਏਂ ਤਾਂ ਸੋਚ ਲਵੀਂ ਕਿ, ਇਸ ਰਾਹ ਉੱਤੇ ਕੋਈ ਸੁੱਖ ਗਰਾਂ ਨਹੀਂ ਆਉਂਦਾ । ਜੀਹਦੇ ਨਾਲ ਮੈਂ ਸ਼ਹਿਰ ਦੇ ਵਿਚ ਬਦਨਾਮ ਰਿਹਾ, ਉਹਨੂੰ ਹਾਲੇ ਤੀਕਰ ਮੇਰਾ ਨਾਂ ਨਹੀਂ ਆਉਂਦਾ । ਬੇ-ਫ਼ੈਜ਼ਾ ਸੱਜਣ ਏ ਇਸ ਬੱਦਲ ਦੇ ਵਾਂਗੂੰ, ਧੁੱਪਾਂ ਵਿਚ ਵੀ ਜਿਹੜਾ ਵੰਡਣ ਛਾਂ ਨਹੀਂ ਆਉਂਦਾ । ਹੋਣ ਨਾ ਜੇਕਰ 'ਆਸਿਫ਼' ਤਲੀਆਂ ਹੇਠ ਅੰਗਾਰੇ, ਕੁੱਝ ਵੀ ਕਰੀਏ ਪਲਕਾਂ ਹੇਠ 'ਝਨਾਂ' ਨਹੀਂ ਆਉਂਦਾ ।

ਸੂਲਾਂ ਉੱਤੇ ਜਿੰਦੜੀ ਰੋਲਣ ਲੱਗ ਪਏ ਨੇ

ਸੂਲਾਂ ਉੱਤੇ ਜਿੰਦੜੀ ਰੋਲਣ ਲੱਗ ਪਏ ਨੇ । ਹੁਣ ਆਪਣੇ ਵੀ ਮੰਦਾ ਬੋਲਣ ਲੱਗ ਪਏ ਨੇ । ਪਹਿਲਾਂ ਤਾਂ ਉਹ ਮਿੱਠੇ ਬੋਲ ਸੁਣਾਉਂਦੇ ਸਨ, ਹੁਣ ਕੰਨਾਂ ਵਿਚ ਜ਼ਹਿਰਾਂ ਘੋਲਣ ਲੱਗ ਪਏ ਨੇ । ਝੱਲੇ ਲੋਕੀ ਸ਼ਰਮ ਹਿਆ ਤੇ ਪਿਆਰਾਂ ਨੂੰ, ਦੌਲਤ ਦੀ ਤੱਕੜੀ ਵਿਚ ਤੋਲਣ ਲੱਗ ਪਏ ਨੇ । ਇਸ ਤੋਂ ਵਧ ਕੇ ਹੋਰ ਗਵਾਹੀ ਕਿਹੜੀ ਏ, ਉਹਦੀ ਮੁੱਠ ਦੇ ਕੰਕਰ ਬੋਲਣ ਲੱਗ ਪਏ ਨੇ । ਇਹਨਾਂ ਹੰਝੂਆਂ ਨੂੰ ਤੇ ਡੱਕਣਾ ਪੈਣਾ ਏ, ਇਹ ਤੇ ਦਿਲ ਦੇ 'ਰਾਜ਼' ਫ਼ਰੋਲਣ ਲੱਗ ਪਏ ਨੇ ।

ਭਾਵੇਂ ਲਹੂ ਵੀ ਦੇਣਾਂ ਪੈ ਜਾਏ, ਕਰੇ ਉਜਾਲਾ ਕੋਈ ਤੇ

ਭਾਵੇਂ ਲਹੂ ਵੀ ਦੇਣਾਂ ਪੈ ਜਾਏ, ਕਰੇ ਉਜਾਲਾ ਕੋਈ ਤੇ । ਹੋਰ ਨਹੀਂ ਤੇ ਇਕ ਅੱਧਾ ਹੀ ਦੀਵਾ ਬਾਲੇ ਕੋਈ ਤੇ । ਵੇਲੇ ਦੇ ਫ਼ਿਰਓਨ ਦੇ ਅੱਗੇ, ਹੱਕ ਦਾ ਕਲਮਾਂ ਆਖਣ ਲਈ, ਹੋਠਾਂ ਉੱਤੇ ਚੁੱਪ ਦੇ ਲੱਗੇ, ਤੋੜੇ ਤਾਲੇ ਕੋਈ ਤੇ । ਦਿਲ ਦੀ ਏਸ ਕਿਤਾਬ ਦੇ ਵਰਕੇ, ਕਦ ਤੱਕ ਖ਼ਾਲੀ ਰਹਿਣੇ ਨੇ, ਇਹਨਾਂ ਉੱਤੇ ਪਿਆਰ ਦੇ ਲਿਖਦਾ, ਲਫ਼ਜ਼ ਨਿਰਾਲੇ ਕੋਈ ਤੇ । ਅੱਜ ਵੀ ਝੂਠਾਂ ਦੀ ਨਗਰੀ ਵਿਚ, ਲੋੜ ਕਿਸੇ ਸੁਕਰਾਤ ਦੀ ਏ, ਅੱਜ ਵੀ ਆਪਣੇ ਹੱਥੀਂ ਪੀਵੇ ਜ਼ਹਿਰ ਪਿਆਲੇ ਕੋਈ ਤੇ । ਜਿਉਂਦਿਆਂ ਭਾਵੇਂ ਸੁੱਕ ਮੋਇਆ ਵਾਂ, ਚੰਨ ਦੇ ਚਿੱਟੇ ਚਾਨਣ ਨੂੰ ਪਰ ਹੁਣ 'ਆਸਿਫ਼' ਚਾਹੁਣਾਂ, ਕਬਰੇ ਦੀਵਾ ਬਾਲੇ ਕੋਈ ਤੇ ।