Asif Aasi
ਆਸਿਫ਼ 'ਆਸੀ'

ਨਾਂ-ਮੁਹੰਮਦ ਆਸਿਫ਼ ਆਸੀ, ਕਲਮੀ ਨਾਂ-ਆਸਿਫ਼ 'ਆਸੀ',
ਜਨਮ ਵਰ੍ਹਾ-1968,ਜਨਮ ਸਥਾਨ-ਗੁਜਰਾਂਵਾਲਾ ਪਾਕਿਸਤਾਨ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਧੁੱਪ ਗ਼ਮਾਂ ਦੀ (ਪੰਜਾਬੀ ਸ਼ਾਇਰੀ), ਰੌਸ਼ਨੀ ਕੀ ਚਾਦਰ (ਉਰਦੂ ਸ਼ਾਇਰੀ), ਲਿਬਾਸੇ ਆਗਹੀ (ਉਰਦੂ ਸ਼ਾਇਰੀ), ਔਰਾਕੇ ਫ਼ਨ (ਉਰਦੂ ਸ਼ਾਇਰੀ),
ਪਤਾ-ਮੁਹੱਲਾ ਸ਼ਾਹਜਮਾਲ, ਗੱਖੜ, ਗੁਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਧੁੱਪ ਗ਼ਮਾਂ ਦੀ 1996 ਵਿੱਚੋਂ) : ਆਸਿਫ਼ 'ਆਸੀ'

Punjabi Ghazlan (Dhupp Ghaman Di 1996) : Asif Aasi



ਇਰਾਦਾ ਕਰ ਲਿਆ ਉਹਨੇ

ਇਰਾਦਾ ਕਰ ਲਿਆ ਉਹਨੇ ਵੀ ਆਪਣਾ ਘਰ ਵਸਾਣਾ ਏ । ਅਸਾਂ ਜਦ ਸੋਚਿਆ ਸੀ ਨਾਲ ਉਹਦੇ ਦਿਲ ਲਗਾਣਾ ਏ । ਇਹ ਵਾਅਦਾ ਸੱਚ ਏ ਮੌਲਾ ਕੋਈ ਜਾ ਕੇ ਨਹੀਂ ਆਉਂਦਾ, ਸਬਰ ਸਾਨੂੰ ਈ ਦੇ ਦੇਵੇ ਜੇ ਉਨ੍ਹਾਂ ਭੁੱਲ ਜਾਣਾ ਏ । ਮੇਰਾ ਤੇ ਲੈ ਗਿਆ ਉਹ ਚੈਨ, ਮੈਂ ਬੇਚੈਨ ਰਹਿਣਾ ਵਾਂ, ਸਣੇ ਤੀਲੇ ਅਸਾਡਾ ਰੋ ਰਿਹਾ ਕਿਉਂ ਆਸ਼ੀਆਨਾ ਏ । ਸੁਹਾਣੀ ਰੁੱਤ ਦੀ ਆਪੋ ਅਸੀਂ ਕੀ ਦਾਸਤਾਨ ਕਹੀਏ, ਗ਼ਮਾਂ ਦੇ ਨਾਲ ਛਲਣੀ ਆਂ, ਲਹੂ ਮਨਜ਼ਰ ਫ਼ਸਾਨਾ ਏ । ਤੁਹਾਡਾ ਹਰ ਜ਼ਖ਼ਮ ਦਿਲ ਤੇ ਅਸੀਂ ਤੇ ਹਸ ਕੇ ਸਹਿਲਾਂਗੇ, ਜ਼ਰਾ ਬਸ ਦੇਖ ਲੈਣਾ ਕਿ ਨਵਾਂ ਥਾਂ ਏ, ਪੁਰਾਣਾ ਏ ।

ਖ਼ੁਸ਼ੀ ਵਿਚ ਤਿਤਲੀਆਂ ਦੇ ਪਰ

ਖ਼ੁਸ਼ੀ ਵਿਚ ਤਿਤਲੀਆਂ ਦੇ ਪਰ ਖਿਲਰ ਜਾਵਣ ਦਾ ਮੌਸਮ ਏ । ਗ਼ਮਾਂ ਦੀ ਕਿਰਚੀਆਂ ਅੱਖਾਂ 'ਚ ਭਰ ਜਾਵਣ ਦਾ ਮੌਸਮ ਏ । ਇਹ ਕਹਿ ਕੇ ਕੂਚ ਸੱਪਾਂ ਕਰ ਲਿਆ ਏ ਬਸਤੀਆਂ ਵਿੱਚੋਂ, ਅਜੇ ਇਨਸਾਨ ਤੋਂ ਇਨਸਾਨ ਦੇ ਡਰ ਜਾਵਣ ਦਾ ਮੌਸਮ ਏ । ਉਹ ਵੇਲੇ ਤੇਰੀ ਕੁਰਬਤ ਦੇ ਮੈਨੂੰ ਅਕਸਰ ਸਤਾਂਦੇ ਨੇ, ਚਲੇ ਜਾਨੇਆਂ ਫਿਰ ਉਧਰ ਅਗਰ ਜਾਵਣ ਦਾ ਮੌਸਮ ਏ । ਇਰਾਦਾ ਕਰ ਲਿਆ ਰੁੱਸਣ ਦਾ ਕਿਸ ਦੇ ਮਸ਼ਵਰੇ ਉੱਤੇ, ਮੇਰੀ ਜਾਂ ਅੱਜ ਤੇ ਦਿਲ ਵਿਚ ਉਤਰ ਜਾਵਣ ਦਾ ਮੌਸਮ ਏ । ਇਹ ਕਿਸ ਦੀ ਆਸ ਤੇ ਚੁਪ-ਚਾਪ ਪਗਡੰਡੀ ਤੇ ਬੈਠਾ ਏਂ, ਹਨੇਰਾ ਪੈ ਗਿਆ'ਆਸੀ' ਇਹ ਘਰ ਜਾਵਣ ਦਾ ਮੌਸਮ ਏ ।

ਆਪਣੇ ਦਿਲ ਦੀ ਬੈਰਕ ਵਿਚ

ਆਪਣੇ ਦਿਲ ਦੀ ਬੈਰਕ ਵਿਚ ਬਿਠਾ ਦਿੰਦੇ ਅਸਾਨੂੰ । ਤੇ ਫਿਰ ਉਲਫ਼ਤ ਦੇ ਜੁਰਮਾਂ ਦੀ ਸਜ਼ਾ ਦਿੰਦੇ ਅਸਾਨੂੰ । ਖ਼ਿਜ਼ਾਵਾਂ ਨੂੰ ਕਦੇ ਇਕ ਵਾਰ ਲੰਘ ਜਾਵਣ ਤੇ ਦਿੰਦੇ । ਨਿਗਾ ਆਪਣੀ ਤੋਂ ਫਿਰ ਭਾਵੇਂ ਗਿਰਾ ਦਿੰਦੇ ਅਸਾਨੂੰ । ਨਾ ਇੰਜ ਬਰਬਾਦ ਕਰਦੇ ਉਹ ਮੇਰੀ ਅੱਖਾਂ ਦੀ ਨੀਂਦਰ, ਚਲਾ ਕੇ ਤੇਗ਼ ਆਬਰੂ ਦੀ ਮੁਕਾ ਦਿੰਦੇ ਅਸਾਨੂੰ । ਦਿਹਾੜੇ ਕੁਝ ਤਾਂ ਰੱਖ ਲੈਂਦੇ ਉਹ ਆਂਚਲ ਵਿਚ ਛੁਪਾਕੇ । ਤੇ ਫਿਰ ਭਾਵੇਂ ਹਵਾ ਦੇ ਸੰਗ ਉਡਾ ਦਿੰਦੇ ਅਸਾਨੂੰ । ਕੋਈ ਦੋ ਚਾਰ ਦਿਨ 'ਆਸੀ' ਜੀ ਸਾਡਾ ਮਾਨ ਰੱਖ ਲੈਂਦੇ, ਤੇ ਫਿਰ ਬਿਲਕੁਲ ਦਿਲੋਂ ਕੱਢ ਕੇ ਭੁਲਾ ਦਿੰਦੇ ਅਸਾਨੂੰ ।

ਕੁਝ ਬਦਲਿਆ ਏ ਰੁਖ ਨਿਗਾਹਵਾਂ ਦਾ

ਕੁਝ ਬਦਲਿਆ ਏ ਰੁਖ ਨਿਗਾਹਵਾਂ ਦਾ । ਜ਼ਿੰਦਗੀ ਤੇਰੀਆਂ ਅਦਾਵਾਂ ਦਾ । ਬਾਤ ਸੱਚ ਈ ਸਿਆਣੇ ਕਹਿ ਗਏ ਨੇ, ਮਾਨ ਹੁੰਦਾ ਬੜਾ ਏ ਬਾਹਵਾਂ ਦਾ । ਆਕਸੀਜਨ ਖ਼ੁਸ਼ੀ ਦੀ ਲਾਜ਼ਮ ਏ, ਸਿਲਸਲਾ ਇਸ ਦੇ ਨਾਲ ਸਾਹਵਾਂ ਦਾ । ਜਦ ਦੇ ਉਹਦੀ ਨਜ਼ਰ ਦੇ ਵਿਚ ਆਏ, ਖ਼ੌਫ਼ ਰਹਿਆ ਨਾ ਕੋਈ ਬਲਾਵਾਂ ਦਾ । ਕੌਮੀ ਗ਼ੈਰਤ ਨੂੰ ਛੱਡ ਕੇ 'ਆਸੀ' ਜੀ, ਹੌਲ ਪੈ ਗਿਆ ਅਸਾਂ ਨੂੰ ਨਾਵਾਂ ਦਾ ।

ਢਾਅ ਕੇ ਦਿਲ ਦਾ ਕਾਅਬਾ ਤੈਨੂੰ

ਢਾਅ ਕੇ ਦਿਲ ਦਾ ਕਾਅਬਾ ਤੈਨੂੰ । ਮਿਲਿਆ ਕਿਹੜਾ ਤਮਗ਼ਾ ਤੈਨੂੰ । ਨੀਵਾਂ ਹੋ ਕੇ ਊਚਾ ਕਰ ਲੈ, ਇਹ ਗੱਲ ਆਖੇ ਰੁਤਬਾ ਤੈਨੂੰ । ਉਲਫ਼ਤ ਦਾ ਈ ਠੁਮਕਾ ਲਾਵੀਂ, ਆਖੇ ਦਿਲ ਦਾ ਤਬਲਾ ਤੈਨੂੰ । ਮੈਂ ਦੇ ਵਿਚ ਜਦ ਮੈਂ ਤੂੰ ਹੋਇਐ, ਹੁਣ ਕਾਹਦਾ ਏ ਪਰਦਾ ਤੈਨੂੰ । ਆਖੇ ਤੇਰੇ ਲਈ ਆਂ 'ਆਸੀ' ਖ਼ਾਲੀ ਕਬਰ ਦਾ ਕੁਤਬਾ ਤੈਨੂੰ ।

ਦੀਵਾਨੀ ਮਸਤਾਨੀ ਹੋਈ

ਦੀਵਾਨੀ ਮਸਤਾਨੀ ਹੋਈ । ਲਹਿਰਾਂ ਵਾਂਗ ਜਵਾਨੀ ਹੋਈ । ਉੱਲੂ ਹੱਥੀਂ ਸਿੱਕੇ ਆਏ, ਉਹਦੀ ਅਕਲ ਸਿਆਣੀ ਹੋਈ । ਦਾਨਸ਼ਮੰਦ ਗ਼ਰੀਬ ਜੋ ਹੋਇਆ, ਉਹਦੀ ਸੋਚ ਇਆਣੀ ਹੋਈ । ਗੋਦੀ ਹੋ ਗਈ ਜਿਸ ਦੀ ਖ਼ਾਲੀ, ਪਾਗਲ ਉਹ ਮਰਜਾਣੀ ਹੋਈ । 'ਆਸੀ' ਵਿਹੜਾ ਦੁੱਖਾਂ ਵਾਲਾ, ਮੇਰੀ ਜਿੰਦ ਨਿਮਾਣੀ ਹੋਈ ।

ਦਿਲ ਮੇਰੇ ਤੇ ਬਣੀਆਂ ਹੋਈਆਂ

ਦਿਲ ਮੇਰੇ ਤੇ ਬਣੀਆਂ ਹੋਈਆਂ ਯਾਰ ਦੀਆਂ ਤਸਵੀਰਾਂ । ਸੀਨੇ ਨਾਲ ਮੈਂ ਲਾਈਆਂ ਚੁਮ ਚੁਮ ਓਸ ਦੀਆਂ ਤਹਿਰੀਰਾਂ । ਅਸਾਂ ਤੇ ਦਿਲ ਦੇ ਸੌਦੇ ਕੀਤੇ ਵੇਚ ਕੇ ਸਭ ਜਾਗੀਰਾਂ, ਸਾਡੇ ਹੱਥਾਂ ਉੱਤੇ ਖਿੱਚੀਆਂ ਇਸ਼ਕ ਪਿਆਰ ਲਕੀਰਾਂ । ਬਾਲ ਗ਼ਰੀਬ ਦੇ ਢਿੱਡੋਂ ਭੁੱਖੇ ਕੁੱਲੀ ਵਿਚ ਕੁਰਲਾਂਦੇ, ਘਰ ਅਮੀਰ ਦੇ ਬਾਰਾਂ ਮਹੀਨੇ ਕੁੱਤੇ ਖਾਂਦੇ ਖੀਰਾਂ । ਦੱਸੋ ਯਾਰੋ ਹੁਣ ਕੀ ਕਰੀਏ ਹੋਈਆਂ ਉਹ ਵੀ ਚੋਰੀ, ਮੈਂ ਰਜ਼ਾਈ ਵਾਸਤੇ ਰੱਖੀਆਂ ਜੋ ਪਿੰਜਾ ਕੇ ਲੀਰਾਂ । ਖ਼ਵਰੇ ਮਹਿਸ਼ਰ ਦਾ ਦਿਨ ਆਇਆ ਨੱਸਦੇ ਜਾਂਦੇ ਸਾਰੇ, ਭਾਜੜ ਪੈ ਗਈ ਵਿੱਚ ਜਵਾਨਾਂ, ਬੁੱਢਿਆਂ, ਬੱਚਿਆਂ, ਪੀਰਾਂ । ਸ਼ਾਮਾਂ ਪਈਆਂ ਪੈਂਡਾ ਡੂੰਘਾ ਲੱਭਦਾ ਨਹੀਂ ਕੋਈ ਆਗੂ, ਮੰਜ਼ਿਲ ਨੂੰ ਰਾਹ ਜਾਂਦਾ ਕਿਹੜਾ ਸਾਰ ਨਹੀਂ ਰਾਹਗੀਰਾਂ । ਜਿਸ ਪਰਛਾਵੇਂ ਪਿੱਛੇ ਨੱਸਿਉਂ ਉਹ ਵੀ ਹੱਥ ਨਾ ਆਇਆ, ਪਿੱਛੇ ਲੱਗ ਸਰਾਬਾਂ 'ਆਸੀ' ਕੀ ਲੱਭੀਆਂ ਤੌਕੀਰਾਂ ।