Ashraf Sharfi   ਅਸ਼ਰਫ਼ ਸ਼ਰਫ਼ੀ

ਪੰਜਾਬੀ ਗ਼ਜ਼ਲਾਂ : ਅਸ਼ਰਫ਼ ਸ਼ਰਫ਼ੀ

੧. ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ

ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ । ਦੁਨੀਆਂ ਵਾਲੇ ਉੱਤੋਂ ਸੋਹਣੇ, ਵਿੱਚੋਂ ਨੌਂਹ-ਨੌਂਹ ਗੰਦੇ । ਸੌਹਰੇ ਘਰ ਲੈ ਜਾਵਣ ਦੇ ਲਈ, ਲੈਫ਼ ਤਲਾਈਆਂ ਤાઈਂ, ਜਿੰਦੜੀ ਮਹਿੰਦੀ ਰੰਗੇ ਹੱਥ ਨਾਲ, ਦਿੰਦੀ ਰੋਜ਼ ਨਗੰਦੇ । ਬਾਗ਼ਾਂ ਦੇ ਵਿੱਚ ਮੁੜ ਕੇ ਆਈਆਂ, ਸਾਵੀਆਂ ਰੁੱਤਾਂ ਸੱਜਨਾਂ, ਲਗਦਾ ਏ ਹੁਣ ਫਿਰ ਜਾਵਣਗੇ, ਸਭਾਂ ਦੇ ਦਿਨ ਮੰਦੇ । ਭੋਲਿਆ ਹੁਣ ਤੇ ਮੁਸ਼ਕਲ ਹੋਇਆ, ਬਚ ਕੇ ਏਥੋਂ ਜਾਣਾ, ਮੋੜ ਮੋੜ ਤੇ ਸੂਲੀਆਂ ਗੱਡੀਆਂ, ਗਲੀ-ਗਲੀ ਤੇ ਫੰਦੇ । ਏਹੋ ਜੇਹੇ ਵੀ ਹੱਡ ਹਰਾਮੀਂ, ਦੇਖਣ ਦੇ ਵਿਚ ਆਏ, ਪੇਟ ਦੀ ਖਾਤਰ ਦੀਨ ਦੇ ਨਾਂ 'ਤੇ, ਮੰਗਦੇ ਫਿਰਦੇ ਚੰਦੇ । ਨਫ਼ਰਤ, ਵੈਰ ਕਰੋਧ ਦੀ ਹਰ ਇਕ, ਗੰਢ ਨੂੰ ਜੜ੍ਹੋਂ ਮੁਕਾਉ, ਦਿਲ ਦੀ ਅੱਖੜ ਲੱਕੜੀ ਉੱਤੇ, ਫੇਰ ਕੇ ਪਿਆਰ ਦੇ ਰੰਦੇ । ਚੱਲ 'ਸ਼ਰਫ਼ੀ' ਹੁਣ ਹੋਰ ਕਿਤੇ ਹੀ, ਚੱਲ ਕੇ ਧੂਣੀ ਲਾਈਏ, ਕੀ ਰਹਿਣਾ ਏ ਉੱਥੇ ਜਿੱਥੇ, ਰੱਬ ਸਦਾਵਣ ਬੰਦੇ ।

੨. ਬਣ ਕੇ ਨੂਰ ਨਜ਼ਾਰੇ ਰਾਤ

ਬਣ ਕੇ ਨੂਰ ਨਜ਼ਾਰੇ ਰਾਤ । ਵੰਡਦੀ ਚੈਨ ਸਹਾਰੇ ਰਾਤ । ਹੁੰਮ ਹੁਮਾ ਕੇ ਨ੍ਹੇਰੇ ਆਵਣ, ਜ਼ੁਲਫ਼ਾਂ ਜਦੋਂ ਖਿਲਾਰੇ ਰਾਤ । ਇਹ 'ਤੇ ਚਿੱਟਾ ਦਿਨ ਦੱਸੇਗਾ, ਕੀ ਕੁੱਝ ਕਰ ਗਈ ਕਾਰੇ ਰਾਤ । ਲੈ ਲੈ ਬਾਹਾਂ ਵਿੱਚ ਇਕਲਾਪੇ, ਚੰਨ ਨੂੰ ਵਾਜਾਂ ਮਾਰੇ ਰਾਤ । ਦਿਨ ਵੀ ਲੰਘਿਆ ਯਾਦਾਂ ਦੇ ਵਿੱਚ, ਕੱਟੀ ਗਿਣ ਗਿਣ ਤਾਰੇ ਰਾਤ । ਵੰਡਦੀ ਰਹਿੰਦੀ ਮੇਰੇ ਦੁੱਖੜੇ, ਆ ਕੇ ਨਦੀ ਕਿਨਾਰੇ ਰਾਤ । 'ਸ਼ਰਫ਼ੀ' ਵਾਂਗੂੰ ਵਿੱਚ ਫ਼ਿਰਾਕਾਂ, ਰੋ ਰੋ ਰਾਤ ਗੁਜ਼ਾਰੇ ਰਾਤ ।

੩. ਜਦ ਦੀ ਚੰਨ ਨਾਲ ਯਾਰੀ ਏ

ਜਦ ਦੀ ਚੰਨ ਨਾਲ ਯਾਰੀ ਏ । ਖੋਲ੍ਹ ਕੇ ਰੱਖੀ ਬਾਰੀ ਏ । ਸਿਰ 'ਤੇ ਦੁੱਖਾਂ ਦਰਦਾਂ ਦੀ, ਸਭ ਨੇ ਚਾਈ ਖਾਰੀ ਏ । ਸਾਡੇ ਘਰ ਵਿੱਚ ਅਜਲਾਂ ਤੋਂ ਨ੍ਹੇਰਿਆਂ ਦੀ ਸਰਦਾਰੀ ਏ । ਜੰਗਲ ਜਿਹੜਾ ਆਇਆ ਹੈ, ਉਸ ਦੇ ਹੱਥ ਵਿੱਚ 'ਆਰੀ' ਏ । ਦਿਨ ਵੀ ਰੋ ਰੋ ਕੱਟਿਆ ਹੈ, ਰਾਤ ਵੀ ਕੱਲਿਆਂ ਭਾਰੀ ਏ । ਉهੋ ਡਿੱਗੀ ਸਾਡੇ 'ਤੇ, ਜਿਹੜੀ ਕੰਧ ਉਸਾਰੀ ਏ । ਉਹ ਵੀ ਕਿਹੜਾ ਸੁੱਖੀ ਏ, ਜਿਸ ਨੂੰ ਹਵਸ ਬੀਮਾਰੀ ਏ ।

੪. ਨਿੱਕੀ ਉਮਰੇ ਅੱਜ ਦੇ ਬਾਲ

ਨਿੱਕੀ ਉਮਰੇ ਅੱਜ ਦੇ ਬਾਲ । ਟੱਪਦੇ ਦੇਖੇ ਚੌੜੇ ਖਾਲ । ਸਾਡੇ ਰਾਖੇ ਬਣ ਗਏ ਚੋਰ, ਹੋਇਆ ਸਾਡਾ ਭੈੜਾ ਹਾਲ । ਚੰਗੇ ਨੂੰ ਦੇਹ ਦਿਲ ਵਿੱਚ ਥਾਂ, ਭੈੜੇ ਨੂੰ ਤੂੰ ਕੋਲੋਂ ਟਾਲ । ਜੇ ਨਾ ਸੁਰਤ ਸੰਭਾਲੀ ਤੂੰ, ਆਉਂਦੇ ਰਹਿਣੇ ਨਿੱਤ ਭੁਚਾਲ । ਮਨ ਦਾ ਦੀਵਾ ਬਾਲੀ ਰੱਖ, ਮੁੱਕੇ ਚਾਨਣ ਦਾ ਹੁਣ ਕਾਲ । ਕਿਉਂ ਡੋਲਣ ਪਏ ਤੇਰੇ ਪੈਰ ? 'ਸ਼ਰਫ਼ੀ' ਅਪਣਾ ਆਪ ਸੰਭਾਲ ।

੫. ਕਣਕ ਜਾਵਾਂ ਦਾ ਵੱਢ ਓ ਜੱਟਾ

ਕਣਕ ਜਾਵਾਂ ਦਾ ਵੱਢ ਓ ਜੱਟਾ । ਸਿਫ਼ਤਾਂ ਅੱਡੋ ਅੱਡ ਓ ਜੱਟਾ । ਨਵੀਂ ਫ਼ਸਲ ਦੀ ਗੱਲ ਚਲਾ ਤੂੰ, ਪਹਿਲੀਆਂ ਗੱਲਾਂ ਛਡ ਓ ਜੱਟਾ । ਦੋ ਧਾਰੀ ਤਲਵਾਰ ਏ ਦੁਨੀਆਂ, ਵਕਤ ਨਿਵਾਕੇ ਕੱਢ ਓ ਜੱਟਾ । ਜਿਹੜਾ ਆਉਂਦਾ ਡਿਗਦਾ ਜਾਂਦਾ, ਜੱਗ ਏ ਡੂੰਘੀ ਖੱਡ ਓ ਜੱਟਾ । ਮਿਹਨਤ ਦਾ ਹਲ ਕਿਹੜਾ ਵਾਹਵੇ, ਭੰਨ ਕੇ ਅਪਣੇ ਹੱਡ ਓ ਜੱਟਾ । ਚੰਨ ਤੇ ਤੁਰ ਗਏ ਸੱਜਣ 'ਸ਼ਰਫ਼ੀ' ਤੈਨੂੰ ਕੱਲਿਆਂ ਛੱਡ ਓ ਜੱਟਾ ।