Ashraf Sharfi ਅਸ਼ਰਫ਼ ਸ਼ਰਫ਼ੀ
ਪੰਜਾਬੀ ਗ਼ਜ਼ਲਾਂ ਅਸ਼ਰਫ਼ ਸ਼ਰਫ਼ੀ
੧. ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ
ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ ।
ਦੁਨੀਆਂ ਵਾਲੇ ਉੱਤੋਂ ਸੋਹਣੇ, ਵਿੱਚੋਂ ਨੌਂਹ-ਨੌਂਹ ਗੰਦੇ ।
ਸੌਹਰੇ ਘਰ ਲੈ ਜਾਵਣ ਦੇ ਲਈ, ਲੈਫ਼ ਤਲਾਈਆਂ ਤਾਈਂ,
ਜਿੰਦੜੀ ਮਹਿੰਦੀ ਰੰਗੇ ਹੱਥ ਨਾਲ, ਦਿੰਦੀ ਰੋਜ਼ ਨਗੰਦੇ ।
ਬਾਗ਼ਾਂ ਦੇ ਵਿੱਚ ਮੁੜ ਕੇ ਆਈਆਂ, ਸਾਵੀਆਂ ਰੁੱਤਾਂ ਸੱਜਨਾਂ,
ਲਗਦਾ ਏ ਹੁਣ ਫਿਰ ਜਾਵਣਗੇ, ਸਭਾਂ ਦੇ ਦਿਨ ਮੰਦੇ ।
ਭੋਲਿਆ ਹੁਣ ਤੇ ਮੁਸ਼ਕਲ ਹੋਇਆ, ਬਚ ਕੇ ਏਥੋਂ ਜਾਣਾ,
ਮੋੜ ਮੋੜ ਤੇ ਸੂਲੀਆਂ ਗੱਡੀਆਂ, ਗਲੀ-ਗਲੀ ਤੇ ਫੰਦੇ ।
ਏਹੋ ਜੇਹੇ ਵੀ ਹੱਡ ਹਰਾਮੀਂ, ਦੇਖਣ ਦੇ ਵਿਚ ਆਏ,
ਪੇਟ ਦੀ ਖਾਤਰ ਦੀਨ ਦੇ ਨਾਂ 'ਤੇ, ਮੰਗਦੇ ਫਿਰਦੇ ਚੰਦੇ ।
ਨਫ਼ਰਤ, ਵੈਰ ਕਰੋਧ ਦੀ ਹਰ ਇਕ, ਗੰਢ ਨੂੰ ਜੜ੍ਹੋਂ ਮੁਕਾਉ,
ਦਿਲ ਦੀ ਅੱਖੜ ਲੱਕੜੀ ਉੱਤੇ, ਫੇਰ ਕੇ ਪਿਆਰ ਦੇ ਰੰਦੇ ।
ਚੱਲ 'ਸ਼ਰਫ਼ੀ' ਹੁਣ ਹੋਰ ਕਿਤੇ ਹੀ, ਚੱਲ ਕੇ ਧੂਣੀ ਲਾਈਏ,
ਕੀ ਰਹਿਣਾ ਏ ਉੱਥੇ ਜਿੱਥੇ, ਰੱਬ ਸਦਾਵਣ ਬੰਦੇ ।
੨. ਬਣ ਕੇ ਨੂਰ ਨਜ਼ਾਰੇ ਰਾਤ
ਬਣ ਕੇ ਨੂਰ ਨਜ਼ਾਰੇ ਰਾਤ ।
ਵੰਡਦੀ ਚੈਨ ਸਹਾਰੇ ਰਾਤ ।
ਹੁੰਮ ਹੁਮਾ ਕੇ ਨ੍ਹੇਰੇ ਆਵਣ,
ਜ਼ੁਲਫ਼ਾਂ ਜਦੋਂ ਖਿਲਾਰੇ ਰਾਤ ।
ਇਹ 'ਤੇ ਚਿੱਟਾ ਦਿਨ ਦੱਸੇਗਾ,
ਕੀ ਕੁੱਝ ਕਰ ਗਈ ਕਾਰੇ ਰਾਤ ।
ਲੈ ਲੈ ਬਾਹਾਂ ਵਿੱਚ ਇਕਲਾਪੇ,
ਚੰਨ ਨੂੰ ਵਾਜਾਂ ਮਾਰੇ ਰਾਤ ।
ਦਿਨ ਵੀ ਲੰਘਿਆ ਯਾਦਾਂ ਦੇ ਵਿੱਚ,
ਕੱਟੀ ਗਿਣ ਗਿਣ ਤਾਰੇ ਰਾਤ ।
ਵੰਡਦੀ ਰਹਿੰਦੀ ਮੇਰੇ ਦੁੱਖੜੇ,
ਆ ਕੇ ਨਦੀ ਕਿਨਾਰੇ ਰਾਤ ।
'ਸ਼ਰਫ਼ੀ' ਵਾਂਗੂੰ ਵਿੱਚ ਫ਼ਿਰਾਕਾਂ,
ਰੋ ਰੋ ਰਾਤ ਗੁਜ਼ਾਰੇ ਰਾਤ ।
੩. ਜਦ ਦੀ ਚੰਨ ਨਾਲ ਯਾਰੀ ਏ
ਜਦ ਦੀ ਚੰਨ ਨਾਲ ਯਾਰੀ ਏ ।
ਖੋਲ੍ਹ ਕੇ ਰੱਖੀ ਬਾਰੀ ਏ ।
ਸਿਰ 'ਤੇ ਦੁੱਖਾਂ ਦਰਦਾਂ ਦੀ,
ਸਭ ਨੇ ਚਾਈ ਖਾਰੀ ਏ ।
ਸਾਡੇ ਘਰ ਵਿੱਚ ਅਜਲਾਂ ਤੋਂ
ਨ੍ਹੇਰਿਆਂ ਦੀ ਸਰਦਾਰੀ ਏ ।
ਜੰਗਲ ਜਿਹੜਾ ਆਇਆ ਹੈ,
ਉਸ ਦੇ ਹੱਥ ਵਿੱਚ 'ਆਰੀ' ਏ ।
ਦਿਨ ਵੀ ਰੋ ਰੋ ਕੱਟਿਆ ਹੈ,
ਰਾਤ ਵੀ ਕੱਲਿਆਂ ਭਾਰੀ ਏ ।
ਉਹੋ ਡਿੱਗੀ ਸਾਡੇ 'ਤੇ,
ਜਿਹੜੀ ਕੰਧ ਉਸਾਰੀ ਏ ।
ਉਹ ਵੀ ਕਿਹੜਾ ਸੁੱਖੀ ਏ,
ਜਿਸ ਨੂੰ ਹਵਸ ਬੀਮਾਰੀ ਏ ।
੪. ਨਿੱਕੀ ਉਮਰੇ ਅੱਜ ਦੇ ਬਾਲ
ਨਿੱਕੀ ਉਮਰੇ ਅੱਜ ਦੇ ਬਾਲ ।
ਟੱਪਦੇ ਦੇਖੇ ਚੌੜੇ ਖਾਲ ।
ਸਾਡੇ ਰਾਖੇ ਬਣ ਗਏ ਚੋਰ,
ਹੋਇਆ ਸਾਡਾ ਭੈੜਾ ਹਾਲ ।
ਚੰਗੇ ਨੂੰ ਦੇਹ ਦਿਲ ਵਿੱਚ ਥਾਂ,
ਭੈੜੇ ਨੂੰ ਤੂੰ ਕੋਲੋਂ ਟਾਲ ।
ਜੇ ਨਾ ਸੁਰਤ ਸੰਭਾਲੀ ਤੂੰ,
ਆਉਂਦੇ ਰਹਿਣੇ ਨਿੱਤ ਭੁਚਾਲ ।
ਮਨ ਦਾ ਦੀਵਾ ਬਾਲੀ ਰੱਖ,
ਮੁੱਕੇ ਚਾਨਣ ਦਾ ਹੁਣ ਕਾਲ ।
ਕਿਉਂ ਡੋਲਣ ਪਏ ਤੇਰੇ ਪੈਰ ?
'ਸ਼ਰਫ਼ੀ' ਅਪਣਾ ਆਪ ਸੰਭਾਲ ।
੫. ਕਣਕ ਜਾਵਾਂ ਦਾ ਵੱਢ ਓ ਜੱਟਾ
ਕਣਕ ਜਾਵਾਂ ਦਾ ਵੱਢ ਓ ਜੱਟਾ ।
ਸਿਫ਼ਤਾਂ ਅੱਡੋ ਅੱਡ ਓ ਜੱਟਾ ।
ਨਵੀਂ ਫ਼ਸਲ ਦੀ ਗੱਲ ਚਲਾ ਤੂੰ,
ਪਹਿਲੀਆਂ ਗੱਲਾਂ ਛਡ ਓ ਜੱਟਾ ।
ਦੋ ਧਾਰੀ ਤਲਵਾਰ ਏ ਦੁਨੀਆਂ,
ਵਕਤ ਨਿਵਾਕੇ ਕੱਢ ਓ ਜੱਟਾ ।
ਜਿਹੜਾ ਆਉਂਦਾ ਡਿਗਦਾ ਜਾਂਦਾ,
ਜੱਗ ਏ ਡੂੰਘੀ ਖੱਡ ਓ ਜੱਟਾ ।
ਮਿਹਨਤ ਦਾ ਹਲ ਕਿਹੜਾ ਵਾਹਵੇ,
ਭੰਨ ਕੇ ਅਪਣੇ ਹੱਡ ਓ ਜੱਟਾ ।
ਚੰਨ ਤੇ ਤੁਰ ਗਏ ਸੱਜਣ 'ਸ਼ਰਫ਼ੀ'
ਤੈਨੂੰ ਕੱਲਿਆਂ ਛੱਡ ਓ ਜੱਟਾ ।