Ashraf Pal ਅਸ਼ਰਫ਼ ਪਾਲ
ਨਾਂ-ਮੁਹੰਮਦ ਅਸ਼ਰਫ਼ ਚੌਧਰੀ, ਕਲਮੀ ਨਾਂ-ਅਸ਼ਰਫ਼ ਪਾਲ,
ਜਨਮ ਤਾਰੀਖ਼-ਜਨਵਰੀ 1945, ਜਨਮ ਸਥਾਨ-ਜਲੰਧਰ, ਭਾਰਤ,
ਪਿਤਾ ਦਾ ਨਾਂ-ਚੌਧਰੀ ਗ਼ੁਲਾਮ ਮੁਹੰਮਦ ਅਬਦੁੱਲਾ,
ਵਿਦਿਆ-ਬੀ. ਕਾਮ. ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਕੀਰਨੇ ਪੰਜ ਦਰਿਆਵਾਂ ਦੇ (ਸ਼ਾਇਰ), ਗਲਵੱਕੜੀ (ਪੰਜਾਬੀ ਸ਼ਾਇਰੀ),
ਪਤਾ-ਸ਼ੇਖ਼ੂਪੁਰਾ, ਪਾਕਿਸਤਾਨ ।
ਪੰਜਾਬੀ ਗ਼ਜ਼ਲਾਂ (ਗਲਵੱਕੜੀ 1990 ਵਿੱਚੋਂ) : ਅਸ਼ਰਫ਼ ਪਾਲ
Punjabi Ghazlan (Galvakkri 1990) : Ashraf Pal
ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ
ਕੀ ਤੂਫ਼ਾਨ ਉਠਾਵੇ ਜੋਸ਼ ਜਵਾਨੀ ਦਾ । ਝੱਗ ਵਾਂਗੂੰ ਬਹਿ ਜਾਵੇ ਜੋਸ਼ ਜਵਾਨੀ ਦਾ । ਤੁਹਮਤ ਤਾਅਨੇ, ਮਿਹਣੇ ਤੇ ਬਦਨਾਮੀ ਜਿਹੇ, ਕੀ ਕੀ ਚੰਨ ਚੜ੍ਹਾਵੇ ਜੋਸ਼ ਜਵਾਨੀ ਦਾ । ਪੁਚ-ਪੁਚ ਕਰਕੇ ਮਸਾਂ ਦਿਲਾਈ ਦਿਲੜੀ ਨੂੰ, ਪੈਂਦਾ ਕਰ ਕਰ ਧਾਵੇ ਜੋਸ਼ ਜਵਾਨੀ ਦਾ । ਸੁੱਕਿਆਂ ਜਾਣ ਨਈਂ ਦਿੰਦਾ ਵੱਡੇ ਵੱਡਿਆਂ ਨੂੰ, ਸਾਥੋਂ ਕਿਵੇਂ ਵਿਲਾਵੇ ਜੋਸ਼ ਜਵਾਨੀ ਦਾ । ਜੀਹਨੇ ਡੁਬਣੋਂ ਬਚਣੈਂ ਅੱਗਿਉਂ ਹਟ ਜਾਵੇ, ਹੜ੍ਹ ਵਾਂਗੂੰ ਪਿਆ ਆਵੇ ਜੋਸ਼ ਜਵਾਨੀ ਦਾ । ਮੁਰਸ਼ਦ ਹੋਰਾਂ ਪੈਂਖੜ ਪਾਏ ਹੋਏ ਨੇ, ਕੀਕਣ 'ਪਾਲ' ਵਿਖਾਵੇ ਜੋਸ਼ ਜਵਾਨੀ ਦਾ ।
ਸਾਡਾ ਕੀ ਅਖ਼ਤਿਆਰ ਏ ਸੱਜਣਾ
ਸਾਡਾ ਕੀ ਅਖ਼ਤਿਆਰ ਏ ਸੱਜਣਾ । ਤੇਰੇ ਹੱਥ ਮੁਹਾਰ ਏ ਸੱਜਣਾ । ਲੈ ਚੱਲ ਜਿੱਥੇ ਵੀ ਲੈ ਜਾਣਾ, ਸਾਡਾ ਕੀ ਇਨਕਾਰ ਏ ਸੱਜਣਾ । ਪੁੱਛ ਨਾ ਅਸਾਂ ਗ਼ਰੀਬੀ ਕਾਰਣ, ਜੀਵਨ ਰੱਬ ਦੀ ਮਾਰ ਏ ਸੱਜਣਾ । ਐਵੇਂ ਇਕ ਫ਼ਰੇਬ ਏ ਨਹੀਂ ਤੇ, ਕੀਹਨੂੰ ਕਿਸ ਥੀਂ ਪਿਆਰ ਏ ਸੱਜਣਾ । ਉਹਦੇ ਨਾਂ ਤੇ ਜ਼ਰਾ ਬੁਲਾ ਜਾ, 'ਅਸ਼ਰਫ਼' ਤੇਰਾ ਯਾਰ ਏ ਸੱਜਣਾ ।
ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ
ਕਿਸੇ ਨਾ ਹੋਂਠ ਛੁਹਾਈਆਂ ਗ਼ਜ਼ਲਾਂ । ਰਹਿ ਗਈਆਂ ਤਿਰਹਾਈਆਂ ਗ਼ਜ਼ਲਾਂ । ਬਨੀ ਜੁੜੀ ਵਿਚ ਕੰਮ ਨਾ ਆਈਆਂ, ਵਖਤਾਂ ਨਾਲ ਬਣਾਈਆਂ ਗ਼ਜ਼ਲਾਂ । ਸਦਕੇ ਉਸ ਤੋਂ ਜੀਹਨੇ ਆਪਣੇ, ਚਾਨਣ ਵਿਚ ਰੁਸ਼ਨਾਈਆਂ ਗ਼ਜ਼ਲਾਂ । ਮਿਤਰਾਂ ਜਦ ਵੀ ਸੈਂਤਰ ਮਾਰੀ, ਛਾਲਾਂ ਮਾਰ ਕੇ ਆਈਆਂ ਗ਼ਜ਼ਲਾਂ । ਸੁੱਚੇ ਪੱਟ ਦੇ ਬਾਣੇ ਵਾਂਗੂੰ, 'ਅਸ਼ਰਫ਼' ਅਸਾਂ ਹੰਢਾਈਆਂ ਗ਼ਜ਼ਲਾਂ ।
ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ
ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ । ਅਸਲ 'ਚ ਉਹਦੇ ਕੋਕੇ ਦੇ ਲਿਸ਼ਕਾਰੇ ਨੇ । ਪਰਖ ਰਿਹਾ ਵਾਂ ਭਰਮ ਏ ਮੇਰੀਆਂ ਨਜ਼ਰਾਂ ਦਾ, ਯਾ ਉਹ ਖ਼ਵਰੇ ਆਪ ਈ ਐਡੇ ਪਿਆਰੇ ਨੇ । ਦਿਸਦਾ ਨਹੀਂ ਕੀ ਨ੍ਹੇਰ ਖਿਲਾਵਣ ਵਾਲੇ ਨੂੰ, ਪੂਹਰੀਆਂ ਪੂਹਰੀਆਂ ਕਰਕੇ ਛੱਤੇ ਢਾਰੇ ਨੇ । ਸੋਚ ਰਿਹਾਂ ਕਿ ਉਹਨੇ ਰੱਬ ਕਹਾਵਣ ਲਈ, ਅੱਜ ਤੱਕ ਖ਼ਵਰੇ ਕਿੰਨੇ ਬੰਦੇ ਮਾਰੇ ਨੇ । 'ਪਾਲ' ਹੱਲਾਜਾ, ਮਿੱਧ ਕੇ ਟੁਰ ਜਾ ਕੀੜੀ ਨੂੰ, ਕਿਹੜਾ ਉਹਨੇ ਪਾਉਣੇ ਸ਼ੋਰ ਕਕਾਰੇ ਨੇ ।
ਕੀਹਨੂੰ ਸ਼ਿਅਰ ਸੁਣਾਈਏ ?
ਕੀਹਨੂੰ ਸ਼ਿਅਰ ਸੁਣਾਈਏ ? ਲੋਕੀ ਵਿਹਲੇ ਨਈਂ । ਮਹਿਫ਼ਲ ਕਿਵੇਂ ਜਮਾਈਏ ? ਲੋਕੀ ਵਿਹਲੇ ਨਈਂ । ਟੁਰ ਗਏ ਨੇ ਕੁਝ ਮਾਂਗੀ ਤੇ ਕੁਝ ਵਾਢੀ ਨੂੰ, ਕੱਲੇ ਕੁੱਕੜ ਖਾਈਏ, ਲੋਕੀ ਵਿਹਲੇ ਨਈਂ । ਉਹਦੇ ਬਾਰੇ ਗੱਲਾਂ-ਬਾਤਾਂ ਛੇੜਣ ਲਈ, ਕੀਹਨੂੰ ਕੋਲ ਬਿਠਾਈਏ ? ਲੋਕੀ ਵਿਹਲੇ ਨਈਂ । ਕੀਹਨੇ ਸੋਹਣਿਆਂ ਕਹਿਣੈ ਆਪਣੇ ਬੁਤਾਂ ਨੂੰ, ਆਪੇ ਸੀਸ ਨਿਵਾਈਏ, ਲੋਕੀ ਵਿਹਲੇ ਨਈਂ । ਨਾਹੀਂ ਲੋੜ ਕਿਸੇ ਨੂੰ 'ਅਸ਼ਰਫ਼' ਗ਼ਜ਼ਲਾਂ ਦੀ, ਕਿਸ ਲਈ ਗਾਵਣ ਗਾਈਏ ਲੋਕੀ ਵਿਹਲੇ ਨਈਂ ।
ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ
ਆਇਆ ਏ ਪੈਗ਼ਾਮ, ਕੱਲ੍ਹ ਨੂੰ ਆਵਣਗੇ । ਵਿਹਲ ਨਹੀਂ ਅੱਜ ਸ਼ਾਮ, ਕੱਲ੍ਹ ਨੂੰ ਆਵਣਗੇ । ਵੇਖ ਲਈਉ ਕੋਈ ਖ਼ਾਬ ਖਾਲੀ ਅੱਖੀਉ ਨੀ, ਅੱਜ ਕਰੋ ਆਰਾਮ, ਕੱਲ੍ਹ ਨੂੰ ਆਵਣਗੇ । ਹੁੰਦੀ ਪਈ ਜਮਾਤ ਸਭਾਂ ਮਸੀਤਾਂ ਵਿਚ, ਸਾਡੇ ਪੇਸ਼ ਇਮਾਮ, ਕੱਲ੍ਹ ਨੂੰ ਆਂਵਣਗੇ । ਸੋਚ ਰਿਹਾ ਸਾਂ ਕਿੰਜ ਮਿਲੇਸਾਂ ਮਿਤਰਾਂ ਨੂੰ, ਹੋ ਕੇ ਜਦ ਨਾਕਾਮ, ਕੱਲ੍ਹ ਨੂੰ ਆਵਣਗੇ । 'ਅਸ਼ਰਫ਼' ਅੱਜ ਨਹੀਂ ਵਿਹਲ ਸਜਣ-ਫ਼ਬਣ ਤੋਂ, ਛੇੜਣ ਲਈ ਕਤਲਾਮ ਕੱਲ੍ਹ ਨੂੰ ਆਵਣਗੇ ।
ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ
ਆਇਆ ਕੇਹਾ ਦੌਰ ਏ ਧੱਕੇ-ਸ਼ਾਹੀ ਦਾ । ਜ਼ੁਲਮ ਨੂੰ ਮਿੱਥਣਾ ਪੈ ਗਿਆ ਅਮਰ ਇਲਾਹੀ ਦਾ । ਐਵੇਂ ਅੱਖੀਂ ਮੀਟ ਕਟ ਜਿੰਦੜੀ ਅੰਨੀ ਜਿਹੀ, ਵੈਰੀ ਤਾਈਂ ਨਾਂ ਦੇ ਬੈਠੀ ਮਾਹੀ ਦਾ । ਕੀ ਹੋਇਆ ਜੇ ਧੌਣ ਉਚੇਰੀ ਕਰਕੇ ਮੈਂ, ਪਾ ਬੈਠਾ ਗਲ ਵਿੱਚ ਗਲਾਵਾਂ ਫਾਹੀ ਦਾ । ਲੱਗੇ ਨਾ ਸੱਚ ਕੌੜਾ ਤੇ ਮੈਂ ਆਖ ਦਿਆਂ, ਕੋਈ ਹਾਲ ਨਈਂ ਤੇਰੀ ਆਲੀਜਾਹੀ ਦਾ । ਇਸ ਦੁਨੀਆਂ ਦੀ ਰੀਤ ਏ 'ਅਸ਼ਰਫ਼' ਅਜਲਾਂ ਤੋਂ, ਹੀਰਾਂ ਨੂੰ ਨਈਂ ਖੇੜਿਆਂ ਨਾਲ ਵਿਆਹੀ ਦਾ ।