ਅਸਗ਼ਰ 'ਸ਼ਾਮੀ' Asghar Shami
ਨਾਂ: ਅਸਗ਼ਰ ਹੁਸੈਨ ਸ਼ਾਮੀ
ਕਲਮੀ ਨਾਂ: ਅਸਗ਼ਰ ਸ਼ਾਮੀ
ਪਿਤਾ ਦਾ ਨਾਂ: ਗੁਲਜ਼ਾਰ ਹੁਸੈਨ
ਜਨਮ ਤਾਰੀਖ਼: 7 ਫ਼ਰਵਰੀ 1952
ਜਨਮ ਸਥਾਨ: ਭਲਵਾਲ, ਜ਼ਿਲਾ ਸਰਗੋਧਾ
ਵਿਦਿਆ: ਐਫ਼. ਏ.
ਕਿੱਤਾ: ਪੱਤਰਕਾਰੀ
ਛਪੀਆਂ ਕਿਤਾਬਾਂ: ਪਰੀਤ (ਨਾਵਲ), ਡੂੰਘੀਆਂ ਸੋਚਾਂ (ਸ਼ਾਇਰੀ), ਗੁੱਝੇ ਰੋਗ (ਸ਼ਾਇਰੀ)
ਪਤਾ: ਗਲੀ ਨੰਬਰ 6, ਸੁਲੇਮਾਨ ਪੁਰਾ, ਭਲਵਾਲ, ਜ਼ਿਲਾ ਸਰਗੋਧਾ
ਪੰਜਾਬੀ ਗ਼ਜ਼ਲਾਂ (ਡੂੰਘੀਆਂ ਸੋਚਾਂ 1978 ਵਿੱਚੋਂ) : ਅਸਗ਼ਰ 'ਸ਼ਾਮੀ'
ਜ਼ੁਲਮੀ ਰਾਤ ਦੇ ਵਾਸੀਆਂ ਦਾ ਜੇ ਅਜ਼ਮ ਪਕੇਰਾ ਹੋਵੇਗਾ
ਜ਼ੁਲਮੀ ਰਾਤ ਦੇ ਵਾਸੀਆਂ ਦਾ ਜੇ ਅਜ਼ਮ ਪਕੇਰਾ ਹੋਵੇਗਾ ।
ਤਾਂ ਉਹਨਾਂ ਦੇ ਲੇਖਾਂ ਵਿਚ ਇਕ ਨਵਾਂ ਸਵੇਰਾ ਹੋਵੇਗਾ ।
ਡਰ ਦਾ ਸੀਨਾ ਚੀਰ ਕੇ ਟੁਰ ਪੈ ਹੱਕਾਂ ਦੇ ਕੰਡਿਆਰੇ ਤੇ,
ਜਿੱਤਣਾਂ ਈ ਬਸ ਫੇਰ ਮੁਕੱਦਰ, ਆਖ਼ਰ ਤੇਰਾ ਹੋਵੇਗਾ ।
ਚਾਈ-ਚਾਈ ਗੁਲਸ਼ਨ ਵਿਚ ਸੱਧਰਾਂ ਦੀ ਕੁੱਲੀ ਪਾਉਂਦਾ ਨਾ,
ਹੁੰਦੀ ਸਾਰ ਜੇ ਸਾਂਝਾ ਬਿਜਲੀਆਂ ਨਾਲ ਬਨੇਰਾ ਹੋਵੇਗਾ ।
ਠਿੱਲਣ ਤੋਂ ਪਹਿਲਾਂ ਇਹ ਸੋਚੇ, ਗੋਤੇ ਖਾ-ਖਾ ਮਰਨਾ ਜੇ,
ਜੀਹਨਾਂ ਦੇ ਵੀ ਕੁੱਛੜ ਕੋਈ ਘੜਾ ਕਚੇਰਾ ਹੋਵੇਗਾ ।
ਮੇਰੀ ਸੱਚਾਈ ਨੂੰ ਪਰਖਣ ਦੀ ਇਹ ਇਕ ਨਿਸ਼ਾਨੀ ਏ,
ਸੂਲੀ ਤੇ ਵੀ ਮੇਰਾ ਸ਼ਿਮਲਾ ਢੇਰ ਉੱਚੇਰਾ ਹੋਵੇਗਾ ।
ਓੜਕ ਸਾਡੀ ਮੌਤ ਤੇ ਲੋਕੀ, ਸੰਗਲ ਬੰਨ੍ਹ ਕੇ ਪਿੱਟਣਗੇ,
ਵੇਲੇ ਦੇ ਮਨਸੂਰਾਂ ਦਾ ਇੰਜ ਸੋਗ ਘਨੇਰਾ ਹੋਵੇਗਾ ।
ਮੇਰੇ ਦੀਦੇ ਸ਼ਹਿਰ ਦਿਆਂ ਸਰਦਾਰਾਂ ਤੇ ਮੁੜ ਲੱਗੇ ਨੇ,
ਮੇਰੀਆਂ ਸੱਧਰਾਂ ਦਾ ਹੁਣ ਅਸਗ਼ਰ ਕੌਣ ਲੁਟੇਰਾ ਹੋਵੇਗਾ ।
ਜਦ ਵੀ ਦਾਗ਼ ਦਿਖਾਏ ਨੇ ਸੀਨੇ ਦੇ
ਜਦ ਵੀ ਦਾਗ਼ ਦਿਖਾਏ ਨੇ ਸੀਨੇ ਦੇ ਇਕ ਸੌਦਾਈ ਨੇ ।
ਤੋਤੇ ਵਾਂਗਰ ਫੇਰ ਲਈਆਂ ਨੇ ਅੱਖਾਂ ਏਸ ਖ਼ੁਦਾਈ ਨੇ ।
ਨੈਣ ਨਿਮਾਣੇ ਰਾਤ ਦਿਨੇ ਲਹੂ ਦੇ ਅੱਥਰੂ ਰੋਂਦੇ ਨੇ,
ਪੀੜ ਅਵੱਲੀ ਜਿਹੜੇ ਦਿਨ ਦੀ ਦਿੱਤੀ ਇਕ ਹਰਜਾਈ ਨੇ ।
ਫੇਰ ਕਿਸੇ ਦੀ ਮਜਬੂਰੀ ਨੇ ਸੂਹਾ ਜੋੜਾ ਪਾਇਆ ਏ,
ਫੇਰ ਕਿਸੇ ਦੀ ਮੌਤ ਤੇ ਹਾੜੇ ਪਾਏ ਨੇ ਸ਼ਹਿਨਾਈ ਨੇ ।
ਕੀਵੇਂ ਮੰਨਾ ਜ਼ਖ਼ਮਾਂ ਦਾ ਸੱਜਣ ਵੀ ਦਾਰੂ ਹੁੰਦੇ ਨੇ,
ਮੈਨੂੰ ਤੇ ਨਈਂ ਫ਼ਾਇਦਾ ਕੀਤਾ ਕਦੇ ਵੀ ਏਸ ਦਵਾਈ ਨੇ ।
ਮੇਲ-ਮਿਲਾਪ ਲਈ ਹੁਣ 'ਅਸਗ਼ਰ' ਦਿਲ ਮੇਰਾ ਸਿੱਕ ਮੋਇਆ ਏ,
ਕੈਸੇ ਫੱਟ ਕਲੇਜੇ ਉੱਤੇ ਲਾਏ ਨੇ ਤਨਹਾਈ ਨੇ ।
ਸ਼ੌਕ ਦੀ ਮਸਤੀ ਦੇ ਵਿਚ ਛਾਣੀ
ਸ਼ੌਕ ਦੀ ਮਸਤੀ ਦੇ ਵਿਚ ਛਾਣੀ, ਇਕ-ਇਕ ਗੁੱਠ ਜ਼ਮਾਨੇ ਦੀ ।
ਓੜਕ ਤੇਰੇ ਹੁਸਨ ਤੇ ਹੋਈ, ਅੰਤ ਅਖ਼ੀਰ 'ਫ਼ਸਾਨੇ ਦੀ ।
ਗੁੱਝੀਆਂ ਪੀੜਾਂ ਦੇ ਕੇ ਪੁੱਛੇਂ, ਹਾਲ ਨਿਮਾਣੇ ਲੋਕਾਂ ਦਾ,
ਕੀਹਦੇ ਕੋਲੋਂ ਸਿੱਖੀ ਏ ਤੂੰ, ਅਟਕਲ ਰੂਪ ਵਟਾਣੇ ਦੀ ।
ਜ਼ਿੱਦਲ ਸੱਜਣਾ! ਆਪਣੀਆਂ ਸੋਚਾਂ ਵਿਚ ਤੂੰ ਕੁੱਝ ਤਰਮੀਮਾਂ ਕਰ,
ਮੈਨੂੰ ਭੁੱਲ ਜਾਵੇ ਨਾ ਆਦਤ, ਰਾਹ ਵਿਚ ਨੈਣ ਵਿਛਾਣੇ ਦੀ ।
ਅਣਖ਼ਾਂ ਦੀ ਤੱਕੜੀ ਤੇ ਮੈਨੂੰ, ਜ਼ਿਹਨ ਬਜ਼ਾਰੀ ਨਾਲ ਨਾ ਤੋਲ,
ਸ਼ੀਸ਼ ਝੁਕਾਣ ਤੋਂ ਵੱਧ ਏ ਮੈਨੂੰ, ਆਦਤ ਸ਼ੀਸ਼ ਕਟਾਣੇ ਦੀ ।
ਕਿਸਰਾਂ ਮੇਰੇ ਹੋਠਾਂ ਚੋਂ ਫੁੱਲ ਹਾਸਿਆਂ ਦੇ ਝੜ ਸਕਦੇ ਨੇ,
ਮੈਨੂੰ ਫਿਕਰ ਏ ਫੇਰ ਅੱਜ 'ਅਸਗ਼ਰ' ਗ਼ਮ ਦੀ ਸ਼ਾਮ ਮਨਾਣੇ ਦੀ ।
ਤੇਰੇ ਦਰ ਨਾ ਆਵਣ ਜੇ ਦੁਖਿਆਰੇ ਲੋਕ
ਤੇਰੇ ਦਰ ਨਾ ਆਵਣ ਜੇ ਦੁਖਿਆਰੇ ਲੋਕ ।
ਕਿੱਥੇ ਜਾਵਣ ਇਹ ਦੁੱਖਾਂ ਦੇ ਮਾਰੇ ਲੋਕ ।
ਮੰਨਿਆ ਤੈਨੂੰ ਉਸ ਨੇ ਪੱਥਰ ਮਾਰੇ ਨੇ,
ਇੱਕੋ ਵਰਗੇ ਤੇ ਨਹੀਂ ਹੁੰਦੇ ਸਾਰੇ ਲੋਕ ।
ਖੁੱਲ੍ਹ ਜਾਣਾ ਸੀ ਭਰਮ ਤੇਰੀ ਅਸਲੀਅਤ ਦਾ,
ਐਵੇਂ ਤੇ ਨਹੀਂ ਜਿੱਤ ਕੇ ਬਾਜ਼ੀ ਹਾਰੇ ਲੋਕ ।
ਖ਼ੌਫ਼ ਨਹੀਂ ਹੁਣ ਮੈਨੂੰ ਕੁੱਝ ਵੀ ਪਰ੍ਹਿਆ ਦਾ,
ਕੀਕਣ ਮਰਜ਼ੀ ਸੋਚਣ ਮੇਰੇ ਬਾਰੇ ਲੋਕ ।
ਅੱਖੀਆਂ ਡੋਲ੍ਹਣ ਪਾਣੀ ਸੱਤ ਸਮੁੰਦਰਾਂ ਦਾ,
'ਸ਼ਾਮੀ' ਜਦ ਵੀ ਆਵਣ ਯਾਦ ਪਿਆਰੇ ਲੋਕ ।
ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ
ਵਾਂਗ ਸੁਦਾਈਆਂ ਖੁੱਲੇ ਵਾਲ, ਉਹਨੂੰ ਆਖੀਂ ।
ਬਚਣਾ ਤੇਰੇ ਬਾਝ ਮੁਹਾਲ, ਉਹਨੂੰ ਆਖੀਂ ।
ਖੇਡ ਸੀ ਚੰਨਾ ਤੇਰੀ ਖ਼ਾਤਰ ਪਿਆਰ ਕਹਾਣੀ,
ਪਰ ਮੈਂ ਛੱਡੀ ਜਿੰਦੜੀ ਗਾਲ, ਉਹਨੂੰ ਆਖੀਂ ।
ਕਿੰਜ ਸ਼ਰੀਕਾਂ ਕੋਲੋਂ ਆਪਣੀ ਚੂਕ ਛੁਡਾਵਾਂ,
ਚਾਰ-ਚੁਫ਼ੇਰੇ ਖਿਲਰੇ ਜਾਲ, ਉਹਨੂੰ ਆਖੀਂ ।
ਰਾਹੀਆ ਨਹੀਂ ਯਕੀਨ ਜੇ ਤੈਨੂੰ ਮੇਰੀ ਗੱਲ ਦਾ,
ਜੋ ਤੱਕਿਆ ਤੂੰ ਮੇਰਾ ਹਾਲ ਉਹਨੂੰ ਆਖੀਂ ।
ਨਾਲ ਸੁਨੇਹੇ ਹੋਣ ਨਾ 'ਸ਼ਾਮੀ' ਦੂਰ ਉਲਾਹਮੇਂ,
ਇਕ ਵਾਰੀ ਆਵੇ 'ਭਲਵਾਲ' ਉਹਨੂੰ ਆਖੀਂ ।
ਦਿਲ ਦੇ ਵਿਚ ਅਰਮਾਨ ਮਚਲਦੇ ਰਹਿੰਦੇ ਨੇ
ਦਿਲ ਦੇ ਵਿਚ ਅਰਮਾਨ ਮਚਲਦੇ ਰਹਿੰਦੇ ਨੇ ।
ਦਰਦਾਂ ਦੇ ਤੂਫ਼ਾਨ ਉਬਲਦੇ ਰਹਿੰਦੇ ਨੇ ।
ਯਾਰੋ! ਇਹ ਤੇ ਰੀਤ ਪੁਰਾਣੀ ਜੱਗ ਦੀ ਏ,
ਕਲੀਆਂ ਨੂੰ ਇਨਸਾਨ ਮਸਲਦੇ ਰਹਿੰਦੇ ਨੇ ।
ਜੇ ਤੂੰ ਵਾਹਦਿਉਂ ਫਿਰਿਆ ਏਂ ਤੇ ਕੀ ਹੋਇਆ,
ਲੋਕਾਂ ਦੇ ਈਮਾਨ ਬਦਲਦੇ ਰਹਿੰਦੇ ਨੇ ।
ਆਪਣੇ ਸ਼ਿਅਰਾਂ ਉੱਤੇ ਐਨਾ ਮਾਣ ਨਾ ਕਰ,
ਏਥੇ ਵੀ ਸੁਲਤਾਨ ਗ਼ਜ਼ਲ ਦੇ ਰਹਿੰਦੇ ਨੇ ।
'ਅਸਗ਼ਰ' ਵਿੱਚੋਂ ਰਾਮ ਕਹਾਣੀ ਇੱਕੋ ਏ,
ਕਿੱਸਿਆਂ ਦੇ ਉਨਵਾਨ ਬਦਲਦੇ ਰਹਿੰਦੇ ਨੇ ।
ਖ਼ਬਰੈ ਕਦ ਮੁੱਕਣਾ ਏ ਸਮਿਆਂ ਕਾਲ ਦਿਆਂ
ਖ਼ਬਰੈ ਕਦ ਮੁੱਕਣਾ ਏ ਸਮਿਆਂ ਕਾਲ ਦਿਆਂ ।
ਮੁੱਦਤਾਂ ਹੋਈਆਂ ਸੁੱਖ ਦੇ ਲਮਹੇ ਭਾਲਦਿਆਂ ।
ਇس ਤੋਂ ਵੱਧ ਮਜ਼ਲੂਮੀ ਹੋਰ ਕੀ ਹੋਵੇਗੀ,
ਮੇਰੀ ਕੰਡ ਵਿਚ ਖੰਜਰ ਮਾਰੇ ਨਾਲ ਦਿਆਂ ।
ਤੈਨੂੰ ਸੌਦੇ ਦਿਲ ਦੇ ਅੱਖੀਂ ਭਾਵਣ ਨਾ,
ਮੈਂ ਚਾਹੁਣਾ ਵਾਂ ਮਾਲ ਦੇ ਬਦਲੇ ਮਾਲ ਦਿਆਂ ।
ਜੇ ਮੈਨੂੰ ਇਕ ਪਲ ਵੀ ਮੋਹਲਤ ਦੇ ਦੇਵੇਂ,
ਤੈਨੂੰ ਤੇਰਾ ਅਸਲੀ ਰੂਪ ਵਿਖਾਲ ਦਿਆਂ ।
ਕੀਹਨੂੰ ਦਵਾਂ ਉਲਾਹਮਾ ਮੈਂ 'ਅਸਗ਼ਰ ਸ਼ਾਮੀ'
ਚੰਗੀ ਨਹੀਂ ਕੀਤੀ ਲੋਕਾਂ 'ਭਲਵਾਲ' ਦਿਆਂ ।
ਮਜਬੂਰਾਂ ਦੇ ਭਾਰ ਵੰਡਾਵੇਗਾ ਕਿਹੜਾ
ਮਜਬੂਰਾਂ ਦੇ ਭਾਰ ਵੰਡਾਵੇਗਾ ਕਿਹੜਾ ।
ਪਿਆਰਾਂ ਦੇ ਗੁਲਜ਼ਾਰ ਖਿੜਾਵੇਗਾ ਕਿਹੜਾ ।
ਦੁੱਖਾਂ ਦੇ ਦੀਪਕ ਨੇ ਅੱਗਾਂ ਲਾਈਆਂ ਨੇ,
ਸੁੱਖਾਂ ਦਾ ਮਲਹਾਰ ਵਜਾਵੇਗਾ ਕਿਹੜਾ ।
ਸੋਚ ਰਿਹਾ ਹਾਂ ਹੱਕ ਦੀ ਖ਼ਾਤਰ ਮੇਰੇ ਬਾਅਦ,
ਜੁੱਸੇ ਨੂੰ ਸੰਗਸਾਰ ਬਣਾਵੇਗਾ ਕਿਹੜਾ ।
ਲੁੱਟੀ ਹੋਈ ਧੀ 'ਮਰੀਅਮ' ਦੀ ਪੁੱਛਦੀ ਏ,
ਹੁਸਨ ਦਾ ਇਹ ਬਾਜ਼ਾਰ ਮੁਕਾਵੇਗਾ ਕਿਹੜਾ ।
ਮੋਹ-ਮਾਇਆ ਦੇ ਮੇਲੇ ਵਿਚ ਅਖ਼ਲਾਸਾਂ ਨੂੰ,
ਆਪਣੇ ਗਲ ਦਾ ਹਾਰ ਬਣਾਵੇਗਾ ਕਿਹੜਾ ।
ਪੱਥਰ ਖਾ ਕੇ ਵੀ ਨਹੀਂ ਰੁੱਸਿਆ ਯਾਰਾਂ ਨਾਲ,
'ਸ਼ਾਮੀ' ਮੇਰੇ ਆਰ ਨਿਭਾਵੇਗਾ ਕਿਹੜਾ ।
ਪਲਕਾਂ ਉੱਤੇ ਨੀਰ ਸਜਾਈ ਫਿਰਨਾ ਵਾਂ
ਪਲਕਾਂ ਉੱਤੇ ਨੀਰ ਸਜਾਈ ਫਿਰਨਾ ਵਾਂ ।
ਜ਼ਖ਼ਮਾਂ ਨੂੰ ਤਹਿਰੀਰ ਬਣਾਈ ਫਿਰਨਾ ਵਾਂ ।
ਨਾ ਪੁੱਛ ਜਗ ਨੇ ਮੈਨੂੰ ਕੀ ਕੁੱਝ ਬਖ਼ਸਿਆ ਏ,
ਜਿੰਦੜੀ ਲੀਰੋ-ਲੀਰ ਬਣਾਈ ਫਿਰਨਾ ਵਾਂ ।
ਹੋਰ ਤੇ ਸਭ ਕੁਝ ਖੋਹ ਲਿਆ ਮੈਥੋਂ ਸੱਜਨਾਂ ਨੇ,
ਸੋਚਾਂ ਦੀ ਜਾਗੀਰ ਬਚਾਈ ਫਿਰਨਾ ਵਾਂ ।
ਇਕ ਮੂਰਖ ਨੂੰ ਐਨਾਂ ਟੁੱਟ ਕੇ ਚਾਹਿਆ ਏ,
ਹਾਵਾਂ ਦੀ ਤਾਸ਼ੀਰ ਗਵਾਈ ਫਿਰਨਾ ਵਾਂ ।
ਬੇਸ਼ੱਕ ਇਹ ਗੱਲ ਪੁੱਛ ਲੈ ਮੁਨਸਫ਼ ਯਾਰਾਂ ਤੋਂ,
ਸੱਧਰਾਂ ਬੇ-ਤਕਸੀਰ ਲੁਟਾਈ ਫਿਰਨਾ ਵਾਂ ।
ਮੌਤ ਵੀ ਮੇਰੇ ਗ਼ਮ ਤੋਂ ਡਰ ਕੇ ਲੰਘਦੀ ਏ,
ਉਂਗਲਾਂ ਤੇ ਤਕਦੀਰ ਨਚਾਈ ਫਿਰਨਾ ਵਾਂ ।
'ਅਸਗ਼ਰ' ਮੈਨੂੰ ਰੱਜ ਕੇ 'ਬੇਲਾ' ਛਾਨਣ ਦੇ,
ਮੈਂ ਵੀ ਏਥੇ 'ਹੀਰ' ਖੜ੍ਹਾਈ ਫਿਰਨਾ ਵਾਂ ।
ਜਗ ਦੇ ਵਿਚ ਨਾ ਆਵੇ ਸਾਨੂੰ ਹਾਰ ਕਦੇ
ਜਗ ਦੇ ਵਿਚ ਨਾ ਆਵੇ ਸਾਨੂੰ ਹਾਰ ਕਦੇ ।
ਜੇ ਕਰ ਤੂੰ ਵੀ ਸੋਚੇਂ ਮੇਰੇ ਆਰ ਕਦੇ ।
ਸੱਚੇ ਨੇ ਯਾ ਝੂਠੇ ਜਜ਼ਬੇ ਪਿਆਰਾਂ ਦੇ,
ਤੂੰ ਵੀ ਚਾ ਕੇ ਵੇਖ ਤੇ ਸਹੀ ਤਲਵਾਰ ਕਦੇ ।
ਦੱਸ ਦੇ ਇਹ ਗੱਲ ਸ਼ਹਿਰ ਦਿਆਂ ਸਰਦਾਰਾਂ ਨੂੰ,
ਜ਼ਾਲਮ ਅੱਗੇ ਝੁਕਦਾ ਨਈਂ ਫ਼ਨਕਾਰ ਕਦੇ ।
ਚਾਲੇ ਗੂੜ੍ਹਿਆਂ ਯਾਰਾਂ ਦੇ ਸਮਝਾ ਗਏ ਨੇ,
ਕੋਈ ਕਿਸੇ ਦਾ ਵੰਡਦਾ ਨਹੀਉਂ ਭਾਰ ਕਦੇ ।
ਖ਼ੁਸ਼ੀਆਂ ਦੇ ਸੁਫ਼ਨੇ ਨੂੰ ਨਈਂ ਸ਼ਰਮਾ ਸਕਦਾ,
'ਅਸਗ਼ਰ' ਡੂੰਘੀਆਂ ਸੋਚਾਂ ਦਾ ਬੀਮਾਰ ਕਦੇ ।
ਜਿੰਦੜੀ ਕੀ ਏ ਰੰਗ-ਬਰੰਗੇ, ਦੁੱਖਾਂ ਦੀ ਇਕ ਢੇਰੀ ਏ
ਜਿੰਦੜੀ ਕੀ ਏ ਰੰਗ-ਬਰੰਗੇ, ਦੁੱਖਾਂ ਦੀ ਇਕ ਢੇਰੀ ਏ ।
ਫੇਰ ਵੀ ਹਸਦਾ ਰਹਿੰਦਾ ਹਾਂ ਮੈਂ, ਕਿੰਨੀ ਹਿੰਮਤ ਮੇਰੀ ਏ ।
ਪਿਛਲੀ ਰਾਤ ਦਾ ਮੈਂ ਹਾਂ ਦੀਵਾ, ਭੜਕਾਂਗਾ ਬੁਝ ਜਾਵਾਂਗਾ,
ਜ਼ੁਲਮ ਦਿਆਂ ਤੂਫ਼ਾਨਾਂ ਦੀ ਕਿਉਂ, ਐਸੀ ਸੋਚ ਘਨੇਰੀ ਏ ।
ਮੁੱਦਤਾਂ ਤੋਂ ਅਹਿਸਾਸ ਦੇ ਝੱਖੜ, ਇਹਨੂੰ ਪੁੱਟਣਾ ਚਾਹੁੰਦੇ ਨੇ,
ਮੇਰੇ ਜਿਸਮ ਦੇ ਵਿਹੜੇ ਵਿਚ ਇਕ, ਰੂਹ ਦੀ ਸੁੱਕੀ ਬੇਰੀ ਏ ।
ਜੇ ਮੈਂ ਦੋ ਕੱਖਾਂ ਵਿਚ ਆਪਣਾ ਆਪ ਲੁਕਾਈ ਫਿਰਨਾ ਵਾਂ,
ਬਿਜਲੀ ਕਾਹਤੋਂ ਸੜਦੀ ਏ ਕਿਉਂ ਅੱਖ ਮਲੂਟੀ ਤੇਰੀ ਏ ।
ਡਿਗ ਕੇ ਜੱਗ ਦੀਆਂ ਨਜ਼ਰਾਂ ਵਿੱਚੋਂ, ਜਿਹੜਾ ਪਿਆਸ ਬੁਝਾਂਦਾ ਏ,
ਸੁੱਖ ਦੇ ਉਸ ਸ਼ਰਬਤ ਤੋਂ ਮੈਨੂੰ, ਦੁੱਖ ਦੀ ਜ਼ਹਿਰ ਚੰਗੇਰੀ ਏ ।
ਟੰਗਿਆ ਏ ਸੂਲੀ ਤੇ 'ਅਸਗ਼ਰ' ਤਾਹੀਉਂ ਮੈਨੂੰ ਯਾਦਾਂ ਨੇ,
ਸੱਚ ਮੈਂ ਕਹਿਣਾ, ਮੂੰਹ ਤੇ ਕਹਿਣਾ, ਏਹੋ ਗ਼ਲਤੀ ਮੇਰੀ ਏ ।