Arshad Iqbal Arshad ਅਰਸ਼ਦ ਇਕਬਾਲ ‘ਅਰਸ਼ਦ’
ਪੰਜਾਬੀ ਗ਼ਜ਼ਲਾਂ (ਸਦੀਆਂ ਦੇ ਇਕਲਾਪੇ 2006 ਵਿੱਚੋਂ) : ਅਰਸ਼ਦ ਇਕਬਾਲ ‘ਅਰਸ਼ਦ’
Punjabi Ghazlan (Sadian De Iklaape 2006) : Arshad Iqbal Arshad
ਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ
ਖੋਹ ਕੇ ਖੁਸ਼ੀਆਂ ਅੰਮੜੀ ਕੋਲੋਂ ਦੇ ਕੇ ਗ਼ਮ ਦੇ ਹਾਰ ਗਿਆ ।
ਸੱਤ ਭੈਣਾਂ ਦਾ ਕੱਲਾ ਵੀਰਾ ਕਾਰ ਡਰਾਈਵਰ ਮਾਰ ਗਿਆ ।
ਤੂੰ ਕਾਗ਼ਜ਼ ਦੀ ਕਿਸ਼ਤੀ ਉੱਤੇ ਪਾਰ ਸਮੁੰਦਰੋਂ ਚੱਲਿਆ ਏਂ,
ਅਜ ਤੱਕ ਕੱਚੇ ਉੱਤੇ ਤਰ ਕੇ ਕੋਈ ਨਹੀਂ ਪਰਲੇ ਪਾਰ ਗਿਆ ।
ਅਫ਼ਰਾ-ਤਫ਼ਰੀ ਤੇ ਖ਼ੁਦ ਗ਼ਰਜ਼ੀ ਹਰ ਥਾਂ ਡੇਰੇ ਲਾਏ ਨੇ,
ਵੀਰਾਂ ਵਿਚ ਮੁਹੱਬਤ ਕੋਈ ਨਹੀਂ ਯਾਰਾਂ ਵਿੱਚੋਂ ਪਿਆਰ ਗਿਆ ।
ਟੁੱਟਾ ਦਿਲ ਤੇ ਮੋਏ ਜਜ਼ਬੇ ਝੂੱਠੇ ਸੁਫ਼ਨੇ ਅੱਖਾਂ ਦੇ,
ਤੇਰੇ ਨਾਲ ਗੁਜ਼ਾਰਿਆ ਸੱਜਣਾ ਹਰ ਇਕ ਪਲ ਬੇਕਾਰ ਗਿਆ ।
'ਅਰਸ਼ਦ' ਆਪਣੀ ਬੇ ਵੱਸੀ ਦਾ ਕਿਸ ਨੂੰ ਹਾਲ ਸੁਣਾਵਾਂ ਮੈਂ,
ਅੱਜ ਤੇ ਮੈਥੋਂ ਪਾਸਾ ਵੱਟ ਕੇ ਲੰਘ ਕੋਲੋਂ ਦਿਲਦਾਰ ਗਿਆ ।
ਸਾਹ ਚੰਗਿਆਂ ਦੇ ਨਾਲ ਭਰਨ ਦੀ ਆਦਤ ਏ
ਸਾਹ ਚੰਗਿਆਂ ਦੇ ਨਾਲ ਭਰਨ ਦੀ ਆਦਤ ਏ ।
ਜ਼ਾਲਿਮ ਤਾਈਂ ਮਾਫ਼ ਕਰਨ ਦੀ ਆਦਤ ਏ ।
ਦਿਲ ਕਮਲਾ ਏ ਨਿੱਕਾ-ਨਿੱਕਾ ਹੁੰਦਾ ਏ,
ਇਹਨੂੰ ਪਲ-ਪਲ ਜੀਣ ਮਰਨ ਦੀ ਆਦਤ ਏ ।
ਜੇਕਰ ਤੈਨੂੰ ਜਿੱਤ ਪਿਆਰੀ ਲਗਦੀ ਏ,
ਸਾਨੂੰ ਵੀ ਤਾਂ ਰੋਜ਼ ਹਰਨ ਦੀ ਆਦਤ ਏ ।
ਰੋਜ਼ ਦਿਹਾੜੀ ਨਵੀਆਂ ਆਸਾਂ ਜੰਮਦੀਆਂ ਨੇ,
ਰੋਜ਼ ਕਿਸੇ ਨੂੰ ਯਾਦ ਕਰਨ ਦੀ ਆਦਤ ਏ ।
ਖ਼ਵਰੇ ਤਨ ਵਿਚ ਇਸ਼ਕ ਨੇ ਭਾਂਬੜ ਲਾਇਆ ਸੋ,
ਤਾਂ 'ਅਰਸ਼ਦ'ਨੂੰ ਸਿਆਲ ਠਰਨ ਦੀ ਆਦਤ ਏ ।
ਬੁੱਕਲ ਵਿਚ ਬਾਰੂਦ ਲੁਕਾਈ ਫਿਰਦੇ ਨੇ
ਬੁੱਕਲ ਵਿਚ ਬਾਰੂਦ ਲੁਕਾਈ ਫਿਰਦੇ ਨੇ ।
ਹੱਥੀਂ ਆਪਣੇ ਲਾਸ਼ੇ ਚਾਈ ਫਿਰਦੇ ਨੇ ।
ਖ਼ਵਰੇ ਉਹਨੇ ਆਉਣਾ ਕਿ ਨਹੀਂ ਆਉਣਾ ਏ,
ਘਰ ਵਾਲੇ ਘਰ ਬਾਰ ਸਜਾਈ ਫਿਰਦੇ ਨੇ ।
ਮਜ਼ਲੂਮਾਂ ਨੂੰ ਦੇਣ ਦਿਲਾਸੇ ਬਣ ਦਰਦੀ,
ਜ਼ਾਲਿਮ ਨੂੰ ਵੀ ਉਂਗਲੀ ਲਾਈ ਫਿਰਦੇ ਨੇ ।
ਮੇਰੇ ਦੌਰ ਦੇ ਲੋਕੀ ਜੀਭਾਂ ਸੀ ਕੇ ਤੇ,
ਹੰਝੂ ਪਲਕਾਂ ਹੇਠ ਲੁਕਾਈ ਫਿਰਦੇ ਨੇ ।
ਪਿਉ ਦੀ ਮੱਯਤ ਵਿਹੜੇ ਵਿੱਚ ਪਈ 'ਅਰਸ਼ਦ',
ਪੁੱਤਰ ਘਰ ਦੀਆਂ ਵੰਡਾਂ ਪਾਈ ਫਿਰਦੇ ਨੇ ।
ਧੁੱਪਾਂ ਨੇ ਸਾੜਿਆ ਕਦੀ ਛਾਵਾਂ ਨੇ ਸਾੜਿਆ
ਧੁੱਪਾਂ ਨੇ ਸਾੜਿਆ ਕਦੀ ਛਾਵਾਂ ਨੇ ਸਾੜਿਆ ।
ਬੂਟਾ ਵਫ਼ਾ ਦਾ ਗ਼ਰਜ਼ੀ ਹਵਾਵਾਂ ਨੇ ਸਾੜਿਆ ।
ਚੜ੍ਹ ਕੇ ਅਨਾ ਸਲੀਬ ਤੇ ਮਮਤਾ ਵੀ ਮਰ ਗਈ,
ਬਾਲਾਂ ਨੂੰ ਆਪਣੀ ਅੱਗ ਵਿਚ ਮਾਵਾਂ ਨੇ ਸਾੜਿਆ ।
ਤੂੰ ਨਾਲ ਸੈਂ ਤੇ ਜੋ ਸਨ ਜੰਨਤ ਦੇ ਰਾਸਤੇ,
ਤੇਰੇ ਬਗ਼ੈਰ ਉਹਨਾਂ ਈ ਰਾਹਵਾਂ ਨੇ ਸਾੜਿਆ ।
ਹੰਝੂ ਕਦੇ ਨੇ ਠਾਰਦੇ ਸੜਦੇ ਵਜੂਦ ਨੂੰ,
ਬਰਫ਼ਾਂ ਜਿਹਾ ਵਜੂਦ ਕਦੀ ਹਾਵਾਂ ਨੇ ਸਾੜਿਆ ।
'ਅਰਸ਼ਦ' ਤੂੰ ਪਿਆਰ ਵੰਡਿਆ ਜਿਹੜੇ ਹੁਸੀਨ ਨੂੰ,
ਓਸੇ ਹਸੀਨ ਨੂੰ ਤੇਰੇ ਚਾਵਾਂ ਨੇ ਸਾੜਿਆ ।
ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ
ਭਾਵੇਂ ਜਬਰ ਹਨ੍ਹੇਰੀਆਂ ਝੂਲਣ ਸਬਰ ਵਿਖਾਲੀ ਜਾਣਾ ।
ਦੇਸ ਦੀ ਹਰ ਇਕ ਔਕੜ ਆਪਣੀ ਜਾਨ ਤੇ ਜਾਲੀ ਜਾਣਾ ।
ਦੇਸ ਦੀ ਸੇਵਾ ਦੀਨ ਇਮਾਨ ਦਾ ਹਿੱਸਾ ਕਹਿਣ ਸਿਆਣੇ,
ਗ਼ੱਦਾਰੀ ਦਾ ਮਤਲਬ ਏ ਈਮਾਨ ਤੋਂ ਖ਼ਾਲੀ ਜਾਣਾ ।
ਭੁੱਖ, ਗ਼ਰੀਬੀ ਤੇ ਬੇ-ਹਿੱਸੀ ਆਪਣੀ ਜਾਨ ਤੇ ਸਹਿ ਕੇ,
ਆਵਣ ਵਾਲੀਆਂ ਨਸਲਾਂ ਨੂੰ ਪਰ ਦੇ ਖ਼ੁਸ਼ਹਾਲੀ ਜਾਣਾ ।
ਬੇ ਇਲਮੀ ਦਾ ਜ਼ਹਿਰ ਕਿਤੇ ਨਾ ਘੁੱਪ ਹਨੇਰੇ ਕਰਦੇ,
ਚਾਨਣ ਵੰਡਦੇ ਰਹਿਣਾ, ਦੀਵੇ ਲਹੂ ਥੀਂ ਬਾਲੀ ਜਾਣਾ ।
ਅੱਜ ਦੀ ਅੱਜ ਨਬੇੜਨ ਹੁੰਦਾ ਮਰਦਾਂ ਦਾ ਦਸਤੂਰ,
ਬੁਜ਼ਦਿਲ ਤੇ ਕਮਜ਼ੋਰ ਦਾ ਸ਼ੇਵਾ ਕਲ ਤੇ ਟਾਲੀ ਜਾਣਾ ।