Arif Abdul Mateen 'ਆਰਿਫ਼' ਅਬਦਲ ਮੱਤੀਨ
ਨਾਂ-'ਆਰਿਫ਼' ਅਬਦੁਲ ਮੱਤੀਨ, ਪਿਤਾ ਦਾ ਨਾਂ-ਖ਼ੁਆਜਾ ਅਬਦੁਲ ਹਮੀਦ,
ਜਨਮ ਤਾਰੀਖ਼-1 ਮਾਰਚ 1923, ਜਨਮ ਸਥਾਨ-ਕੂਚਾ ਵਕੀਲਾਂ, ਅਮ੍ਰਿਤਸਰ, ਭਾਰਤ,
ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਇਕਲਾਪੇ ਦਾ ਮੁਸਾਫ਼ਿਰ (ਨਜ਼ਮਾਂ), ਅੰਬਰ
ਤਾਰੀ ਲਾਂ (ਨਾਅਤ), ਖ਼ੁਸ਼ਬੂ ਦਾ ਸਫ਼ਰ (ਗ਼ਜ਼ਲ ਸੰਗ੍ਰਿਹ), ਮੌਜ ਦਰ ਮੌਜ, ਆਤਿਸ਼ ਏ
ਸਿਆਲ, ਸਲੀਬੇ ਗ਼ਮ, ਅਮਕਾਨਾਤ, ਦੀਦਾ-ਓ-ਦਿਲ, ਮਿੱਟੀ ਕੀ ਪੁਕਾਰ, ਦਰੀਚੇ ਔਰ
ਸਿਹਰਾ ਆਦਿ ।
ਆਪਣੇ ਅਕਸ ਨੂੰ ਵੇਖ ਕੇ ਮੈਂ ਘਬਰਾਇਆ ਸਾਂ
ਆਪਣੇ ਅਕਸ ਨੂੰ ਵੇਖ ਕੇ ਮੈਂ ਘਬਰਾਇਆ ਸਾਂ । ਸ਼ੀਸ਼ੇ ਅੱਗੇ ਮੈਂ ਜੀਵੇਂ ਇਕ ਸਾਇਆ ਸਾਂ । ਸਾਰੇ ਮੈਨੂੰ ਹੈਰਾਨੀ ਨਾਲ ਤੱਕਦੇ ਸਨ, ਸਭ ਆਪਣੇ ਸਨ ਮੈਂ ਹੀ ਇਕ ਪਰਾਇਆ ਸਾਂ । ਮੀਂਹ ਦੇ ਰੂਪ ਜਮੀਂ ਨੂੰ ਜਲ ਥਲ ਕੀਤਾ ਸੀ, ਮੈਂ ਅਸਮਾਨ ਤੇ ਬੱਦਲ ਬਣਕੇ ਛਾਇਆ ਸਾਂ । ਮੇਰੇ ਆਪਣੇ ਤਨ ਤੇ ਜ਼ਰਦੀ ਖਿੰਡਦੀ ਸੀ, ਰੱਤ ਪਿਆ ਕੇ ਸੱਧਰਾਂ ਨੂੰ ਪਛਤਾਇਆ ਸਾਂ । ਲੋਕ ਬਦੀ ਆਪਣਾ ਕੇ ਕਿਉਂ ਮਗ਼ਰੂਰੇ ਸਨ, ਮੈਂ ਤੇ ਨੇਕੀ ਕਰਕੇ ਵੀ ਸ਼ਰਮਾਇਆ ਸਾਂ । ਉਹ ਵੀ ਮੈਨੂੰ ਮੂਲ ਪਛਾਣ ਨਾ ਸਕਿਆ ਸੀ, ਮੈਂ ਜੋਗੀ ਦਾ ਭੇਸ ਵਟਾ ਕੇ ਆਇਆ ਸਾਂ । ਫੁੱਲਾਂ ਰਾਹੀਂ ਕੀਵੇਂ ਜ਼ਾਹਰ ਹੋਇਆ ਹਾਂ, ਮੈਂ ਤੇ ਮਰਕੇ ਮਿੱਟੀ ਵਿਚ ਸਮਾਇਆ ਸਾਂ! (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਆਪਣੇ ਆਪ ਨੂੰ ਜਦ ਮੈਂ ਆਪਣੀ
ਆਪਣੇ ਆਪ ਨੂੰ ਜਦ ਮੈਂ ਆਪਣੀ, ਅੰਨ੍ਹੀ ਕਬਰੇ ਪਾਇਆ ਸੀ । ਸੂਰਜ ਦੂਰ ਦੁਰਾਡੇ ਲੁਕਿਆ, ਚੰਨ ਚੜ੍ਹਣੋ ਕਤਰਾਇਆ ਸੀ । ਮੇਰੇ ਵੀਰਿਆਂ ਅੱਜ ਤੱਕ ਮੈਨੂੰ, ਕੋਈ ਵੀ ਧੱਬਾ ਲਾਇਆ ਨਾ, ਜੀਹਨੇ ਮੈਨੂੰ ਲੀਕਾਂ ਲਾਈਆਂ, ਉਹ ਮੇਰਾ ਈ ਸਾਇਆ ਸੀ । ਖ਼ਵਰੇ ਉਸ ਨੂੰ ਕਿਸ ਭੇਤੀ ਨੇ, ਦੇ ਦਿੱਤੀ ਉਸ ਦੀ ਕਨਸੂਹ, ਮੈਨੇ ਆਪਣੇ ਦਿਲ ਕੋਲੋਂ ਵੀ, ਉਸ ਦਾ ਭੇਦ ਲੁਕਾਇਆ ਸੀ । ਮੈਂ ਤੇ ਵੈਰੀ ਜੱਗ ਨਾਲ ਕਦ ਦਾ, ਪੰਜਾ ਪਾਈ ਬੈਠਾ ਸਾਂ, ਖ਼ਵਰੇ ਕੀਹਨੇ ਮੇਰੀ ਜ਼ਾਤ ਨੂੰ, ਮੇਰੇ ਨਾਲ ਉਲਝਾਇਆ ਹੀ । 'ਆਰਿਫ਼' ਉਹ ਤੇ ਮੇਰੇ ਕੋਲੋਂ, ਆਪੇ ਪਿੱਛੇ ਹਟਿਆ ਸੀ, ਮੈਂ ਤੇ ਉਸ ਨੂੰ ਕਦੇ ਨਾ ਨਿੰਦਿਆ, ਕਦੇ ਨਹੀਂ ਠੁਕਰਾਇਆ ਸੀ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਆਪਣੇ ਚਾਰ-ਚੁਫ਼ੇਰੇ ਦੇਖਾਂ, ਜੰਗਲ, ਬੇਲੇ, ਬਾਰਾਂ
ਆਪਣੇ ਚਾਰ-ਚੁਫ਼ੇਰੇ ਦੇਖਾਂ, ਜੰਗਲ, ਬੇਲੇ, ਬਾਰਾਂ । ਅੰਦਰ ਝਾਤੀ ਮਾਰਾਂ 'ਤੇ ਥਲ ਘੂਰਣ ਨਿੱਤ ਹਜ਼ਾਰਾਂ । ਜਿੰਦੜੀ ਦੇ ਬਿਨ ਬੂਹੇ ਗੁੰਬਦ, ਦਾ ਹਾਂ ਅਜਲੋਂ ਕੈਦੀ, ਕੌਣ ਸੁਣੇਂਗਾ ਮੇਰੇ ਹਾੜ੍ਹੇ, ਕਿਸ ਨੂੰ ਦੱਸ ਪੁਕਾਰਾਂ । ਹਿਜਰ-ਫ਼ਿਰਾਕ ਦੇ ਲੱਖਾਂ ਰਸਤੇ, ਹਰ ਰਸਤਾ ਅੱਤ ਲੰਮਾ, ਮੇਲ-ਮਿਲਾਪ ਦਾ ਇੱਕੋ ਪੈਂਡਾ, ਪੱਗ-ਪੱਗ ਮੰਜ਼ਿਲ ਮਾਰਾਂ । ਲੋਕਾਈ ਦੇ ਸੀਨੇ ਅੰਦਰ, ਸਚ ਹਰ ਪਲ ਕੁਰਲਾਵੇ, ਲੱਜ ਆਵੇ ਮੈਨੂੰ ਇਹ ਕਹਿੰਦੇ, ਬੋਲਣ ਝੂਠ ਅਖ਼ਬਾਰਾਂ । ਕਰਜ਼ੇ ਲਾਹੁੰਦੇ ਲਾਹੁੰਦੇ 'ਆਰਿਫ਼', ਵਿਕ ਗਈ ਆਪਣੀ ਰੱਤ ਵੀ । ਮੈਂ ਮਕਰੂਜ਼ ਹਾਂ ਹਰ ਬੰਦੇ ਦਾ, ਕਿਸ ਦਾ ਲੇਖਾ ਤਾਰਾਂ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ 'ਆਰਿਫ਼' ਦਿਲੋਂ ਬ ਜਾਨੋਂ
ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ 'ਆਰਿਫ਼' ਦਿਲੋਂ ਬ ਜਾਨੋਂ । ਫੇਰ ਵੀ ਕਿਉਂ ਨਹੀਂ ਉਹ ਕਰਦੇ, ਨ੍ਹੇਰਾ ਮਿਰੇ ਜਹਾਨੋਂ । ਵਿਛੜੇ ਸੱਜਣ ਜੱਗ ਵਿੱਚ ਕੀਹਨੇ, ਦੇਖੇ ਮੁੜ ਕੇ ਆਉਂਦੇ, ਤੀਰ ਉਹ ਸਦਾ ਦੁਰਾਡੇ ਡਿੱਗੇ, ਨਿਕਲੇ ਜਿਹੜਾ ਕਮਾਨੋਂ । ਪੱਥਰ ਉੱਤੇ ਲੀਕ ਸਮਝ ਤੂੰ, ਮੇਰੇ ਏਸ ਬਚਨ ਨੂੰ, ਅਣਖੀ ਕਦੇ ਉਹ ਕੌਲ ਨਾ ਹਾਰਨ, ਕੱਢਣ ਜਦੋਂ ਜ਼ਬਾਨੋਂ । ਉਹਦੇ ਨਾਂ ਦੇ ਹਰਫ਼ ਮੈਂ ਖੁਰਚਾਂ, ਦਿਲ ਦੀ ਤਖ਼ਤੀ ਉੱਤੋਂ, ਪਰ ਉਹ ਅਚਰਜ ਖ਼ਿਆਲ ਏ ਜਿਹੜਾ ਲਹਿੰਦਾ ਨਹੀਂ ਧਿਆਨੋਂ । ਮੈਨੂੰ ਪਤਾ ਪਛਾਣ ਸਕੇ ਨਾ ਉਹਦੀ ਅੱਖ ਦਾ ਚਾਨਣ, 'ਵਾਜ ਨਾ ਮਾਰੀ ਮੈਂ ਰਸਤੇ ਵਿੱਚ ਉਹਨੂੰ ਏਸ ਗੁਮਾਨੋਂ । ਮੈਂ ਜਦ ਉਹਦਾ ਦਰ ਖੜਕਾਇਆ, ਇਕ ਦਰਦੀ ਪਰਛਾਵਾਂ, ਨੈਣਾਂ ਦੇ ਵਿੱਚ ਹੰਝੂ ਲੈ ਕੇ ਆਇਆ ਬਾਹਰ ਮਕਾਨੋਂ । ਸ਼ਾਲਾ ਰਹਿਣ ਸਲਾਮਤ 'ਆਰਿਫ਼' ਮੇਰੇ ਪਿੰਡ ਦੇ ਵਾਸੀ, ਮਰਨੋਂ ਮਰ ਜਾਂਦੇ ਨੇ ਜਿਹੜੇ ਨੱਸਦੇ ਨਹੀਂ ਮੈਦਾਨੋਂ ।
ਥਲ ਪੁੰਗਰੇ ਗੁਲਜ਼ਾਰਾਂ ਵਿੱਚ
ਥਲ ਪੁੰਗਰੇ ਗੁਲਜ਼ਾਰਾਂ ਵਿੱਚ । ਝੂਠ ਛਪੇ ਅਖ਼ਬਾਰਾਂ ਵਿੱਚ । ਅਣਖ ਦਾ ਸੌਦਾ ਹੁੰਦਾ ਏ, ਵੇਲੇ ਦੇ ਦਰਬਾਰਾਂ ਵਿੱਚ । ਮੇਰੀ ਵੰਝਲੀ ਲੈ ਗਏ ਉਹ, ਬੇਲਿਉਂ ਦੂਰ ਬਜ਼ਾਰਾਂ ਵਿੱਚ । ਪੱਤ-ਝੜ ਦਾ ਧੜਕਾ ਵੀ ਸੀ, ਅੱਤ ਮੂੰਹੋਂ ਜ਼ੋਰ ਬਹਾਰਾਂ ਵਿੱਚ । ਅਪਣੇ ਦੁੱਖ ਦਾ ਦਾਰੂ ਲੱਭ, ਦਰਦ ਨਾ ਲੱਭ ਗ਼ਮਖ਼ਾਰਾਂ ਵਿੱਚ । ਇਕ ਇਕਰਾਰ ਦਾ ਅੰਗ ਵੀ ਸੀ, ਸੱਜਨਾਂ ਦੇ ਇਨਕਾਰਾਂ ਵਿੱਚ । ਲਹੂ ਹੁੰਦੈ ਫ਼ਨਕਾਰਾਂ ਦਾ, ਉਹਨਾਂ ਦੇ ਸ਼ਾਹਕਾਰਾਂ ਵਿੱਚ ।
ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ ਬਾਰਾਂ ਵਿੱਚ
ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ ਬਾਰਾਂ ਵਿੱਚ । ਰਾਤ ਦੇ ਰਾਹੀ ਰਸਤਾ ਟੋਲ੍ਹਣ ਉਹਨਾਂ ਦੇ ਲਿਸ਼ਕਾਰਾਂ ਵਿੱਚ । ਜਿਹੜੇ ਧਾੜਵੀਆਂ ਨੂੰ ਪਿੰਡੋਂ, ਬਾਹਰ ਕੱਢਣ ਨਿਕਲੇ ਸਨ, ਮੇਰਾ ਅਣਖੀ ਪੁੱਤਰ ਵੀ ਸੀ, ਉਹਨਾਂ ਸ਼ਹਿ-ਅਸਵਾਰਾਂ ਵਿੱਚ । ਮੈਂ ਸੱਜਣਾਂ ਦੀ ਦੂਰੀ ਕਾਰਣ, ਅੱਤ ਕੁਰਮਾਇਆ ਰਹਿਨਾਂ ਹਾਂ, ਕੂੰਜ ਵਿਛੜਕੇ ਡਾਰੋਂ ਹੋਵੇ, ਕੀਵੇਂ ਮੌਜ ਬਹਾਰਾਂ ਵਿੱਚ । ਬੰਦੇ ਅਪਣੇ ਨਾਲ ਇਨ੍ਹਾਂ ਨੂੰ ਕਬਰਾਂ ਵਿੱਚ ਲੈ ਜਾਂਦੇ ਨੇ, ਦਿਲ ਦੇ ਭੇਦ ਕਦੇ ਨਹੀਂ ਆਉਂਦੇ ਤਹਿਰੀਰਾਂ-ਗੁਫ਼ਤਾਰਾਂ ਵਿੱਚ । ਹਮਦਰਦੀ ਦੇ ਬੋਲਾਂ ਦਾ ਮੁੱਲ ਮੇਰੇ ਬਾਝੋਂ ਦੱਸੇ ਕੌਣ, ਸਦੀਆਂ ਤੋਂ ਮੈਂ ਲੱਭਦਾ ਫਿਰਨਾਂ, ਗ਼ਮਖੁਆਰੀ ਗ਼ਮਖੁਆਰਾਂ ਵਿੱਚ । ਅਣਖਾਂ ਵਾਲਾ ਪੁੱਤਰ ਘਰ ਵਿੱਚ ਲੰਮੀ ਤਾਣ ਕੇ ਸੁੱਤਾ ਏ, ਪਿਉ ਦੀ ਪੱਗ ਤੇ ਮਾਂ ਦੀ ਚੁੰਨੀ, ਰੁਲ ਗਈ ਏ ਬਾਜ਼ਾਰਾਂ ਵਿੱਚ । ਜੋ ਇਨਸਾਨ 'ਕਬੀਲੇ' ਉੱਤੇ ਸਿਰ ਵਾਰਣ ਤੋਂ ਡਰਦਾ ਏ, 'ਆਰਿਫ਼' ਉਹਨੂੰ ਕਦੇ ਨਾ ਮਿੱਥੀਏ ਭੁੱਲ ਕੇ ਵੀ ਸਰਦਾਰਾਂ ਵਿੱਚ ।
ਮੈਂ ਜਿਸ ਲੋਕ ਭਲਾਈ ਖ਼ਾਤਰ ਅਪਣਾ ਆਪ ਉਜਾੜ ਲਿਆ
ਮੈਂ ਜਿਸ ਲੋਕ ਭਲਾਈ ਖ਼ਾਤਰ ਅਪਣਾ ਆਪ ਉਜਾੜ ਲਿਆ । ਉਸ ਜਗ ਦੇ ਲੋਕਾਂ ਨੇ ਮੈਨੂੰ ਨੇਜੇ ਉੱਤੇ ਚਾੜ੍ਹ ਲਿਆ । ਜਿਹੜਾ ਦੀਵਾ ਬਾਲ ਕੇ ਅਪਣੇ ਵਿਹੜੇ ਨੂੰ ਰੁਸ਼ਨਾਇਆ ਸੀ, ਉਹਦੀ ਲਾਟ ਦੇ ਕਾਰਨ ਮੈਂ ਹੀ ਅਪਣੇ ਘਰ ਨੂੰ ਸਾੜ ਲਿਆ । ਮੈਂ ਉਹ ਰੁੱਖ ਹਾਂ ਜਿਸ ਦੀ ਛਾਵੇਂ, ਜਿਹੜਾ ਬੈਠਾ ਉਸੇ ਨੇ, ਟੁਰਦੇ ਵੇਲੇ ਪੱਥਰ ਮਾਰ ਕੇ, ਮੇਰਾ ਹੀ ਫਲ ਝਾੜ ਲਿਆ । ਮੈਂ ਤਾਂ ਧਰਤੀ ਦੇ ਚਿਹਰੇ ਦੀ, ਕਾਲਖ਼ ਧੋਵਣ ਆਇਆ ਸਾਂ, ਉਹਦਾ ਮੁਖ ਸੰਵਾਰ ਨਾ ਸਕਿਆ, ਅਪਣਾ ਆਪ ਵਿਗਾੜ ਲਿਆ । ਜਦ ਵੀ ਟੀਸਾਂ ਘਟਣ ਤੇ ਆਈਆਂ, ਦੁਖ ਦੇ ਲੋਭੀ ਹਿਰਦੇ ਨੇ, ਜ਼ਖ਼ਮਾਂ ਉਤੇ ਲੂਣ ਛਿੜਕ ਕੇ, ਅਪਣਾ ਦਰਦ ਉਖਾੜ ਲਿਆ । ਚੇਤਰ ਰੁੱਤ ਨੂੰ ਜੀ ਆਇਆਂ ਨੂੰ, ਆਖਣ ਪਾਰੋਂ 'ਆਰਿਫ਼' ਮੈਂ, ਅਪਣੀ ਰੱਤ ਦੀ ਹੋਲੀ ਖੇਲੀ, ਅਪਣਾ ਅਕਸ ਵਿਗਾੜ ਲਿਆ ।
ਅੱਕ ਵਰਗੇ ਅੱਤ ਕੌੜੇ ਕੋਲੋਂ
ਅੱਕ ਵਰਗੇ ਅੱਤ ਕੌੜੇ ਕੋਲੋਂ, ਬੋਲ ਰਸੀਲੇ ਮੰਗਾਂ । ਜਿੰਦ ਲਬਾਂ ਤੇ ਆਈ ਫਿਰ ਵੀ, ਜੀਣ ਦੇ ਹੀਲੇ ਮੰਗਾਂ । ਮੈਂ ਸਾਂ ਆਪਣੇ ਸਮੇਂ ਦਾ ਤਾਰੂ, ਪਰ ਹੁਣ ਹਾਲਤ ਦੇਖੋ, ਆਪਣੀ ਜਾਨ ਬਚਾਵਨ ਖ਼ਾਤਰ, ਹੜ੍ਹ ਤੋਂ ਤੀਲੇ ਮੰਗਾਂ । ਸੁੱਖ ਤੇ ਚੈਨ ਦੀ ਰੁੱਤ ਜਦ ਆਵੇ, ਹਰ ਨਾਤੇ ਨੂੰ ਤੋੜਾਂ, ਭੀੜ ਪਵੇ ਜਿਸ ਵੇਲੇ ਮੁੜ, ਖ਼ਾਵੀਸ਼ ਕਬੀਲੇ ਮੰਗਾਂ । ਸੱਖਣੇ ਹੱਥੀਂ ਉਮਰ ਵਿਹਾਈ, ਕੁੱਝ ਨਾ ਕਿਸੇ ਤੋਂ ਮੰਗਿਆ, ਤੈਨੂੰ ਤੈਥੋਂ ਮੰਗਾਂ ਜੇ ਮੈਂ ਕਿਸੇ ਸਬੀਲੇ ਮੰਗਾਂ । ਮੇਰੀ ਰੱਤ ਨਾਲ ਉਹਦਾ ਸੂਹਾ ਜੋੜਾ ਤੇ ਛਪ ਜਾਵੇ, ਮਰਨੋਂ ਪਹਿਲਾਂ ਆਪਣੀ ਧੀ ਦੇ ਹੱਥ ਮੈਂ ਪੀਲੇ ਮੰਗਾਂ । ਭੈੜਾ ਆਖ ਨਾ ਤੂੰ ਦਰਦਾਂ ਨੂੰ, 'ਆਰਿਫ਼' ਇਹ ਅਨਮੁੱਲੇ, ਮੈਂ ਤੇ ਬੋਲਾਂ ਦੇ ਲਈ ਹਰਫ਼ ਵੀ ਕੁਝ ਦਰਦੀਲੇ ਮੰਗਾਂ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਸੂਰਜ ਮੇਰਾ ਰੂਪ ਚੁਰਾਵੇ
ਸੂਰਜ ਮੇਰਾ ਰੂਪ ਚੁਰਾਵੇ, ਚੰਨ ਮੈਥੋਂ ਸ਼ਰਮਾਵੇ । ਮੈਂ ਰੁਸ਼ਨਾਈ ਮੇਰੇ ਕੋਲੋਂ, ਕਾਲਖ਼ ਸੰਗਦੀ ਜਾਵੇ । ਸਾਉਲਾ, ਕਾਲਾ ਕਿਹੜੇ ਪੱਖੋਂ, ਮਿੱਥਿਆ ਜਾਵੇ ਕੋਝਾ, ਕਿਉਂ ਮੇਰਾ ਪਰਛਾਵਾਂ ਮੈਥੋਂ, ਆਪਣਾ ਆਪ ਚੁਰਾਵੇ । ਮੰਜ਼ਿਲ ਭੁੱਲੇ, ਰਾਹਵਾਂ ਭੁੱਲੇ, ਭੁੱਲ ਜਾਵੇ ਰਫ਼ਤਾਰਾਂ, ਮੇਰੇ ਸੰਗ ਟੁਰੇ ਉਹ ਜਿਹੜਾ, ਆਪਣੀ ਧੂੜ ਉਡਾਵੇ । ਪੁਰੇ ਦੀ 'ਵਾ ਵਿਚ ਖ਼ੁਸ਼ਬੂ ਵਾਂਗੂੰ, ਚਾਰ-ਚੁਫ਼ੇਰੇ ਖਿਲਰਾਂ, ਪਰਬਤ ਵਾਂਗ ਖਲੋ ਜਾਵਾਂ ਜੇ, ਝੱਖੜ ਨੇੜੇ ਆਵੇ । ਮੇਰਾ ਅਣਖੀ ਦਿਲ ਆਪਣਾ ਵੀ, ਬੂਹਾ ਨਹੀਂ ਖੜਕਾਉਂਦਾ, ਗ਼ੈਰ ਦੇ ਦਰ ਤੇ ਫੇਰ ਕਿਵੇਂ ਇਹ ਆਪਣਾ ਸ਼ੀਸ਼ ਨਿਵਾਵੇ । ਏਸ ਜਹਾਨ ਦੀ ਰੀਤ ਪੁਰਾਣੀ ਇਹਨੂੰ ਚੇਤੇ ਰੱਖੀਂ, ਜਿਹੜਾ ਸ਼ੀਸ਼ਾ ਬਣ ਕੇ ਜੀਵੇ, ਪਲ-ਪਲ ਪੱਥਰ ਖਾਵੇ । ਬਾਗ਼ ਦੇ ਪਿਆਰ ਦਾ ਦਾਅਵਾ 'ਆਰਿਫ਼' ਮੁੱਢੋਂ ਉਸ ਨੂੰ ਫ਼ਬਦਾ ਜਿਹੜਾ ਉਹਦੇ ਇਕ-ਇਕ ਫੁੱਲ ਨੂੰ ਆਪਣੀ ਰੱਤ ਪਿਆਵੇ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਕੰਧਾਂ ਕੋਠੇ ਢੈਅ ਜਾਂਦੇ ਨੇ
ਕੰਧਾਂ ਕੋਠੇ ਢੈਅ ਜਾਂਦੇ ਨੇ, ਆਵੇ ਜਦੋਂ ਭੂਚਾਲ ਕੋਈ । ਮੈਂ ਵੀ ਟੋਟੇ ਟੋਟੇ ਹੋਇਆ, ਜਦ ਵੀ ਪਿਆ ਵਬਾਲ ਕੋਈ । ਆਪਣੇ ਦੌਰ ਦੇ ਬੰਦਿਆਂ ਕੋਲੋਂ ਐਨਾ ਡਰਦਾ ਰਹਿੰਦਾ ਹਾਂ, ਆਪਣਾ ਆਪ ਲੁਕਾਵਣ ਦੇ ਲਈ ਲੱਭਦਾ ਫ਼ਿਰਾਂ ਪਤਾਲ ਕੋਈ । ਮੈਂ ਤੇ ਆਪੇ ਕੈਦੋਂ ਬਣ ਕੇ, ਰਸਤਾ ਡੱਕ ਖਲੋਤਾ ਹਾਂ, ਬੇਲੇ ਦੇ ਵਿਚ ਕੀਵੇਂ ਆਵੇ, ਦੱਸ ਖਾਂ ਹੀਰ ਸਿਆਲ ਕੋਈ । ਮੇਰੇ ਵੈਰੀ ਹੱਲੇ ਬੋਲਣ, ਹਥਿਆਰਾਂ ਦੀ ਸੰਗਤ ਵਿਚ, ਮੇਰੇ ਹੱਥ ਨੇ ਉੱਕਾ ਸੱਖਣੇ, ਨਾਂ ਤਲਵਾਰ ਨਾ ਢਾਲ ਕੋਈ । ਅਜਲਾਂ ਤੋਂ ਮੈਂ ਇੱਕ ਇੱਕ ਕੋਲੋਂ, ਮੁੜ ਮੁੜ ਪੁੱਛਾਂ ਕੌਣ ਆਂ ਮੈਂ, ਕੋਈ ਨਾ ਦੱਸੇ, ਫੇਰ ਕਰਾਂ ਮੈਂ, ਕੀਵੇਂ ਹੋਰ ਸਵਾਲ ਕੋਈ । ਕਾਲਖ਼ ਭਿੰਨੇ ਜੰਗਲ ਦਾ ਤੂੰ ਇਕ ਬੇਵੱਸਾ ਰਾਹੀ ਏਂ, ਸੱਪ-ਸਲੂੰਗਾ ਡੰਗ ਨਾ ਜਾਵੇ, 'ਆਰਿਫ਼' ਬਾਲ ਮਸਾਲ ਕੋਈ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਮੇਰੇ ਬੋਲਾਂ ਦੇ ਚੰਨ ਸੂਰਜ
ਮੇਰੇ ਬੋਲਾਂ ਦੇ ਚੰਨ ਸੂਰਜ, ਚਮਕਣ ਜੰਗਲ ਬਾਰਾਂ ਵਿੱਚ । ਰਾਤ ਦੇ ਰਾਹੀ ਰਸਤਾ ਟੋਲ੍ਹਣ, ਉਹਨਾਂ ਦੇ ਲਿਸ਼ਕਾਰਾਂ ਵਿੱਚ । ਜਿਹੜੇ ਧਾੜਵੀਆਂ ਨੂੰ ਪਿੰਡੋਂ, ਬਾਹਰ ਕੱਢਣ ਨਿਕਲੇ ਸਨ, ਮੇਰਾ ਅਣਖੀ ਪੁੱਤਰ ਵੀ ਸੀ ਉਹਨਾਂ ਸ਼ਾਹ ਅਸਵਾਰਾਂ ਵਿੱਚ । ਮੈਂ ਸੱਜਣਾਂ ਦੀ ਦੂਰੀ ਕਾਰਣ ਅੱਤ ਕੁਮਲਾਇਆ ਰਹਿਣਾ ਵਾਂ, ਕੂੰਜ ਵਿਛੜ ਕੇ ਡਾਰੋਂ ਹੋਵੇ, ਕੀਵੇਂ ਮੌਜ ਬਹਾਰਾਂ ਵਿੱਚ । ਹਮਦਰਦੀ ਦੇ ਬੋਲਾਂ ਦਾ ਮੁੱਲ, ਮੇਰੇ ਬਾਝੋਂ ਦੱਸੇ ਕੌਣ, ਸਦੀਆਂ ਤੋਂ ਮੈਂ ਲੱਭਦਾ ਫਿਰਦਾਂ, ਗ਼ਮਖ਼ਾਰੀ, ਗ਼ਮਖ਼ਾਰਾਂ ਵਿੱਚ । ਅਣਖਾਂ ਵਾਲਾ ਪੁੱਤਰ ਘਰ ਵਿਚ ਲੰਮੀ ਤਾਣ ਕੇ ਸੁੱਤਾ ਏ, ਪਿਉ ਦੀ ਪੱਗ ਤੇ ਮਾਂ ਦੀ ਚੁੰਨੀ, ਰੁਲ ਗਈ ਏ ਬਾਜ਼ਾਰਾਂ ਵਿੱਚ । ਜੋ ਇਨਸਾਨ ਕਬੀਲੇ ਉੱਤੇ, ਸਿਰ ਵਾਰਣ ਤੋਂ ਡਰਦਾ ਏ, 'ਆਰਿਫ਼' ਉਹਨੂੰ ਕਦੇ ਨਾ ਮਿੱਥੀਏ, ਭੁਲ ਕੇ ਵੀ ਸਰਦਾਰਾਂ ਵਿੱਚ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਮੈਂ ਆਜ਼ਾਦੀ ਦਾ ਮਤਵਾਲਾ
ਮੈਂ ਆਜ਼ਾਦੀ ਦਾ ਮਤਵਾਲਾ, ਮੇਰੀਆਂ ਇਹ ਤਕਰੀਰਾਂ ਨੇ । ਮੇਰੇ ਹੱਥਾਂ ਵਿਚ ਹਥਕੜੀਆਂ, ਪੈਰਾਂ ਵਿਚ ਜ਼ੰਜੀਰਾਂ ਨੇ । ਮੇਰੀਆਂ ਸੱਧਰਾਂ ਮੇਰੇ ਜ਼ਿੰਦਾ ਰਹਿਣ ਦਾ ਇਕ ਬਹਾਨਾ ਸਨ, ਮੇਰੀਆਂ ਸੱਧਰਾਂ ਹੱਥੋਂ ਮੇਰੇ, ਕਤਲ ਦੀਆਂ ਤਦਬੀਰਾਂ ਨੇ । ਯੁਗ ਬੀਤੇ ਨੇ ਅਰਮਾਨਾਂ ਦੀ ਸੂਲੀ ਟੰਗਿਆ ਹੋਇਆ ਹਾਂ, ਕੀਹਨੂੰ ਪੁੱਛਾਂ, ਕਿਹੜਾ ਦੱਸੇ, ਮੇਰੀਆਂ ਕੀ ਤਕਸੀਰਾਂ ਨੇ । ਮੇਰੇ ਪਾਗਲ-ਪਣ ਦੇ ਕਾਰਨ, ਮੈਥੋਂ ਯਾਰ ਵੀ ਵਿਛੜ ਗਿਆ, ਜਿਨ੍ਹਾਂ ਨੇ ਮੇਰਾ ਸੰਗ ਨਿਭਾਇਆ, ਮੇਰੇ ਤਨ ਦੀਆਂ ਲੀਰਾਂ ਨੇ । ਮੇਰੇ ਹਰ ਇਕ ਸ਼ਿਅਰ ਦੇ ਅੰਦਰ ਉਹਦਾ ਰੂਪ ਝਲਕਦਾ ਏ, ਉਹਦੇ ਐਲਬਮ ਦੇ ਵਿਚ ਭਾਵੇਂ ਮੇਰੀਆਂ ਕੁੱਝ ਤਸਵੀਰਾਂ ਨੇ । ਸਭ ਦੀ ਮੰਜ਼ਿਲ ਸੱਚਾ ਪਿਆਰ ਏ, ਰਸਤੇ ਵੱਖਰੇ-ਵੱਖਰੇ ਨੇ, ਖ਼ਾਬ ਤੇ ਇਕ ਏ ਭਾਵੇਂ ਉਹਦੀਆਂ, ਕਿੰਨੀਆਂ ਈ ਤਾਬੀਰਾਂ ਨੇ । 'ਆਰਿਫ਼' ਮੇਰੇ ਕੋਲ ਨਾ ਧਨ ਏ, ਨਾ ਈ ਧਨ ਦੀਆਂ ਸੱਧਰਾਂ ਨੇ, ਮੇਰੀ ਜ਼ਿੰਦੜੀ ਦੀ ਕੁੱਲ ਪੁੰਜੀ, ਮੇਰੀਆਂ ਇਹ ਤਹਿਰੀਰਾਂ ਨੇ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਮੈਂ ਸੂਰਜ ਨਾ ਚੰਨ ਨਾ ਤਾਰਾ
ਮੈਂ ਸੂਰਜ ਨਾ ਚੰਨ ਨਾ ਤਾਰਾ, ਮੈਂ ਹਾਂ ਇਕ ਇਨਸਾਨ । ਮੈਂ ਹਾਂ ਤੇਰਾ ਜੀਵਨ ਸਾਥੀ, ਆਖ ਨਾ ਤੂੰ ਭਗਵਾਨ । ਮੈਂ ਹਾਂ ਤੇਰਾ ਸ਼ੀਸ਼ਾ ਮੈਨੂੰ, ਹਰ ਦਮ ਸਾਂਭ ਕੇ ਰੱਖ, ਮੇਰੇ ਅੰਦਰ ਝਾਕ ਕੇ ਸੱਜਨਾਂ ਆਪਣਾ ਆਪ ਪਛਾਣ । ਸੱਭੇ ਬੰਦੇ ਧਰਤੀ ਜਾਏ, ਸੱਭੇ ਵੀਰ ਭਰਾ, ਵੀਰਾਂ ਅਤੇ ਭਰਾਵਾਂ ਉੱਤੇ ਰੱਖੀਏ ਨੇਕ ਗੁਮਾਨ । ਆ ਹੁਣ ਇਹਦੇ ਨੀਲੇ ਲੀੜੇ, ਕਰੀਏ ਲੀਰ-ਕਤੀਰ, ਧਰਤੀ ਤੇ ਨਿਤ ਜ਼ੁਲਮ ਕਮਾਂਦਾ ਇਹ ਵੈਰੀ ਅਸਮਾਨ । ਭਾਵੇਂ ਮੇਰੀ ਸੋਹਲ ਆਜ਼ਾਦੀ, ਮੈਨੂੰ ਅੱਤ ਅਜ਼ੀਜ਼, ਹੁਸਨ ਤੇਰੇ ਦਾ ਚਾਕਰ ਹਾਂ ਮੈਂ, ਇਸ਼ਕ ਦਾ ਬੰਦੀਵਾਨ । ਨਿਰਧਨ ਤੇਰੇ ਵਲ ਤੱਕਦੇ ਨੇ, ਕਿਹੜੀ ਆਸ ਦੇ ਨਾਲ, ਜੇ ਤੂੰ ਕੁੱਝ ਵੀ ਦੇਣ ਨਾ ਜੋਗਾ, ਜਾਨ ਈ ਕਰਦੇ ਦਾਨ । ਮੈਨੂੰ ਆਪਣੇ ਲੇਖਾਂ ਉੱਤੇ, ਕਿਉਂ ਨਾ ਹੋਵੇ ਨਾਜ਼, ਲੋਕੀ ਮੇਰਾ ਮਾਨ ਨੇ 'ਆਰਿਫ਼', ਮੈਂ ਲੋਕਾਂ ਦਾ ਮਾਨ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)
ਮੈਂ ਵੇਲੇ ਦਾ ਯੂਸੁਫ਼ ਮੈਨੂੰ ਦੱਸਿਆ
ਮੈਂ ਵੇਲੇ ਦਾ ਯੂਸੁਫ਼ ਮੈਨੂੰ ਦੱਸਿਆ ਇਨ੍ਹਾਂ ਸਜ਼ਾਵਾਂ ਨੇ । ਤੈਨੂੰ ਖੂਹ ਵਿਚ ਸੁਟ ਦਿੱਤਾ ਏ, ਤੇਰੇ ਵੀਰ ਭਰਾਵਾਂ ਨੇ । ਰੁੱਤ ਬਦਲਣ ਦੇ ਨਾਲ ਬਦਲ ਗਏ, ਸਾਰੇ ਮਨਜ਼ਰ ਬਾਗ਼ਾਂ ਦੇ, ਰੁੱਖਾਂ ਤੇ ਪੱਤਾ ਨਹੀਂ ਛੱਡਿਆ, ਪਤਝੜ ਦੀਆਂ ਹਵਾਵਾਂ ਨੇ । ਫ਼ਿਰਔਨਾਂ ਦਾ ਦੌਰ ਹੈ ਆਇਆ, ਮਮਤਾ ਦੀ ਮਜਬੂਰੀ ਵੇਖ, ਦਰਿਆ ਦੇ ਵਿਚ ਰੋੜ੍ਹ ਦਿੱਤੇ ਨੇ ਆਪਣੇ ਪੁੱਤਰ ਮਾਵਾਂ ਨੇ । ਮੈਂ ਧੁੱਪਾਂ ਦਾ ਆਸ਼ਿਕ ਆਪਣਾ ਆਪ ਬਚਾਕੇ ਲੰਘਿਆ ਹਾਂ, ਮੈਨੂੰ ਜਦ ਵੀ ਕੋਲ ਬੁਲਾਇਆ, ਦੀਵਾਰਾਂ ਦੀਆਂ ਛਾਵਾਂ ਨੇ । ਮੈਂ ਵੀ ਕੁੱਝ ਬੇਐਬ ਤਾਂ ਨਹੀਂ ਸਾਂ, ਪਰ ਮੇਰਾ ਸਿਰ ਉੱਚਾ ਸੀ, ਮੈਨੂੰ ਅੱਤ ਸ਼ਰਮਿੰਦਾ ਕੀਤਾ, ਯਾਰਾਂ ਦੀਆਂ ਖ਼ਤਾਵਾਂ ਨੇ । ਦਰਿਆਵਾਂ ਨੂੰ ਛੇੜ ਰਹੇ ਸਨ, ਕੰਢੇ ਕਿੰਨੀ ਮੁੱਦਤ ਤੋਂ, ਪਾਣੀ ਵਿਚ ਡਬੋ ਦਿੱਤਾ ਏ, ਕੰਢਿਆਂ ਨੂੰ ਦਰਿਆਵਾਂ ਨੇ । ਨਾਂ ਦੀ ਝੂਠੀ ਲੱਜ ਦੀ ਖ਼ਾਤਰ, ਲੋਕਾਂ ਦੀ ਪੱਤ ਲਾਹੁੰਦੇ ਨੇ, ਇਨਸਾਨਾਂ ਨੂੰ ਵਹਿਸੀ ਕੀਤਾ, 'ਆਰਿਫ਼' ਇਨ੍ਹਾਂ ਨਾਵਾਂ ਨੇ । (ਖ਼ੁਸ਼ਬੂ ਦਾ ਸਫ਼ਰ 1991 ਵਿੱਚੋਂ)