Anwar Udas
ਅਨਵਰ ਉਦਾਸ

Punjabi Poetry Anwar Udas

ਪੰਜਾਬੀ ਕਲਾਮ/ਗ਼ਜ਼ਲਾਂ ਅਨਵਰ ਉਦਾਸ

1. ਨਾਲ ਸੂਰਜ ਦੇ ਟਾਕਰਾ ਹੋਇਆ

ਨਾਲ ਸੂਰਜ ਦੇ ਟਾਕਰਾ ਹੋਇਆ।
ਪਹਿਲਾ ਜੀਵਨ 'ਚ ਹਾਦਸਾ ਹੋਇਆ।

ਅੱਖਾਂ ਮਿਲੀਆਂ ਤੇ ਦਿਲ ਗਿਆ ਹੱਥੋਂ,
ਨਾਲ ਪਿਆਰਾਂ ਦੇ ਪਾਲਿਆ ਹੋਇਆ।

ਅੱਜ ਲਗਦਾ ਏ ਓਪਰਾ ਮੈਨੂੰ,
ਸ਼ਹਿਰ ਪਹਿਲਾਂ ਦਾ ਵੇਖਿਆ ਹੋਇਆ।

ਘਰ ਨੂੰ ਜਾਵਾਂ ਮੈਂ ਕਿਸ ਤਰ੍ਹਾਂ ਦੱਸੋ,
ਘਰ ਦਾ ਰਸਤਾ ਹੈ ਭੁੱਲਿਆ ਹੋਇਆ।

ਭਾਵੇਂ ਕੇਡਾ 'ਉਦਾਸ' ਹੋਇਆ ਵਾਂ,
ਫਿਰ ਵੀ ਨਹੀਂਓਂ ਬੇਆਸਰਾ ਹੋਇਆ।

2. ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ

ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ।
ਸੂਰਜ ਨੂੰ ਵੀ ਮੈਂ ਹਥ ਮਲਦਾ ਵੇਖ ਰਿਹਾਂ।

ਸੂਰਜ ਵਰਗੀ ਚੜ੍ਹਤਲ ਜਿਸਦਾ ਜੋਬਨ ਸੀ,
ਉਹਨੂੰ ਗ਼ਜ਼ਲਾਂ ਅੰਦਰ ਢਲਦਾ ਵੇਖ ਰਿਹਾਂ।

ਸ਼ਹਿਰ 'ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।

ਖ਼ੋਰੇ ਕਿੰਨ੍ਹੇ ਮੌਸਮ ਨੂੰ ਅੱਗ ਲਾਈ ਏ,
ਚਾਰ ਚੁਫੇਰੇ ਮਚਦਾ ਬਲਦਾ ਵੇਖ ਰਿਹਾਂ।

ਤੱਤੇ ਲੇਖੀਂ, ਠੰਢੇ ਹੌਕੀਂ, ਸੰਗ 'ਉਦਾਸ'
ਜਲ ਅੰਦਰ ਇਕ ਭਾਂਬੜ ਬਲਦਾ ਵੇਖ ਰਿਹਾਂ।

3. ਉਡਦਾ ਟੁਕੜਾ ਬੱਦਲ ਦਾ

ਉਡਦਾ ਟੁਕੜਾ ਬੱਦਲ ਦਾ।
ਜਾਪੇ ਪੱਲਾ ਆਂਚਲ ਦਾ।

ਏਨੇ ਹੋਸ਼ ਗਵਾਚੇ ਨੇ,
ਰਸਤਾ ਭੁੱਲਿਐ ਮੰਜ਼ਲ ਦਾ।

ਸੋਚਾਂ ਵਿਚ ਅਸਮਾਨਾਂ 'ਤੇ,
ਤਾਲਿਬ ਉਹਦੀ ਸਰਦਲ ਦਾ।

ਕਾਬੂ ਕੀਤੈ ਨਾਗਾਂ ਨੂੰ,
ਲੀੜਾ ਲੈ ਉਸ ਮਲਮਲ ਦਾ।

ਅੱਖਾਂ ਸ੍ਹਾਵੇਂ ਰਹੇ 'ਉਦਾਸ',
ਮੰਜ਼ਰ ਉਸਦੀ ਮਹਿਫ਼ਲ ਦਾ।