Anwar Masood ਅਨਵਰ ਮਸਊਦ
ਪੰਜਾਬੀ ਗ਼ਜ਼ਲਾਂ (ਹੁਣ ਕੀ ਕਰੀਏ 2008 ਵਿੱਚੋਂ) : ਅਨਵਰ ਮਸਊਦ
Punjabi Ghazlan (Hun Ki Karie 2008) : Anwar Masood
ਸੋਹਣੀ ਸੂਰਤ ਵਾਲਾ ਕੋਈ
ਸੋਹਣੀ ਸੂਰਤ ਵਾਲਾ ਕੋਈ ਆ ਕੇ ਗਿਆ ਖਲੋ ।
ਸੜਕ ਦੀਏ ਨੀ ਰੱਤੀਏ ਬੱਤੀਏ ਕਦੇ ਤਾਂ ਸਾਵੀ ਹੋ ।
ਪੀੜ ਨਾ ਹੋਵੇ ਤੇ ਮੱਤ ਐਵੇਂ ਗੰਢੇ ਚੀਰ ਕੇ ਰੋ,
ਹੋਵੇ ਪੀੜ ਪਿਆਜ਼ੀ ਆਪੇ ਅੱਥਰੂ ਪੈਂਦੇ ਚੋ ।
ਡਰ ਲਗਦਾ ਏ ਬਾਹਰੋਂ ਕੋਈ ਕੁੰਡੀ ਮਾਰ ਨਾ ਜਾਏ,
ਇਹ ਗੱਲ ਵੱਖਰੀ ਅੰਦਰੋਂ ਆਪੇ ਬੂਹਾ ਲਈਏ ਢੋ ।
ਪਹਿਲੀ ਦੇ ਚੰਨ ਵਾਂਗੂੰ ਸਾਡਾ ਸੱਖਣਾ ਏ ਕਸ਼ਕੌਲ,
ਬੋਲ ਮੁਰਾਦਾਂ ਵਾਲਿਆ ਤਾਰਿਆ ਕਿੱਥੇ ਤੇਰੀ ਲੋ ।
ਕੰਢਿਆਂ ਤੇ ਕਿਉਂ ਡਰ-ਡਰ ਮਰੀਏ, ਰਹੀਏ ਡਾਵਾਂਡੋਲ,
ਬੇੜੀ ਵਿੱਚ ਸਮੁੰਦਰ ਸੁੱਟੀ ਜੋ ਹੁੰਦੈ ਸੋ ਹੋ ।
ਸੱਚੀ ਗੱਲ ਏ ਉਹੋ ਤਕੜਾ ਹੱਥ ਜੀਹਦੇ ਵਿਚ ਡਾਂਗ,
ਘਰ ਵਾਲੇ ਸਭ ਕੱਲਮ-ਕੱਲੇ ਚੋਰ ਤੇ ਲਾਠੀ ਦੋ ।
ਬਾਦੇਸਬਾ ਦੇ ਪੈਰੀਂ 'ਅਨਵਰ' ਕਿਸ ਪਾਈ ਜ਼ੰਜੀਰ,
ਅੱਜ ਤੋੜੀ ਤੇ ਕਿਸੇ ਨਾ ਡੱਕੀ ਫੁੱਲਾਂ ਦੀ ਖ਼ੁਸ਼ਬੋ ।
ਸਭ ਨੇ ਆਪਣੀ ਹੰਝੂ-ਮਾਲਾ
ਸਭ ਨੇ ਆਪਣੀ ਹੰਝੂ-ਮਾਲਾ ਕੱਲਮ-ਕੱਲਿਆਂ ਜਪਣੀ ਏ ।
ਕੰਧਾਂ ਭਾਵੇਂ ਸਾਂਝੀਆਂ ਹੋਵਣ ਪੀੜ ਤੇ ਆਪਣੀ-ਆਪਣੀ ਏ ।
ਕੁਦਰਤ ਦਾ ਵੀ ਬੰਦਿਆਂ ਦੇ ਨਾਲ ਮਾਵਾਂ ਵਾਲਾ ਲੇਖਾ ਏ,
ਕੁੱਛੜ ਚਾੜ੍ਹ ਕਿਸੇ ਨੂੰ ਚੁੱਕਣੈ, ਚੰਡ ਕਿਸੇ ਨੂੰ ਥੱਪਣੀ ਏ ।
ਬੈਠਕ ਦੇ ਨਾ ਪਰਦੇ ਵੇਖੀਂ, ਵੇਖ ਬਾਵਰਚੀ ਖ਼ਾਨੇ ਨੂੰ,
ਕਿਹੜੀ ਹਾਂਡੀ ਉੱਤੇ ਛੰਨੇ, ਕਿਹੜੀ ਉੱਤੇ ਚੱਪਣੀ ਏ ।
ਪੱਕੀਆਂ ਪਾ ਕੇ ਬਹਿ ਨਹੀਂ ਰਹਿਣਾ ਇਸ ਬਾਗ਼ੇ ਵਿਚ ਲੋਕਾਂ ਨੇ
ਜਿਸ ਨੇ ਆਣ ਵਿਛਾਈ ਏਥੇ ਓੜਕ ਚਾਦਰ ਠੱਪਣੀ ਏ ।
'ਅਨਵਰ' ਪੱਲੇ ਪਾਈ ਆਪਣੇ ਠੰਢ ਸਿਆਣਿਆਂ ਅਮਲਾਂ ਦੀ,
ਭੁੱਲ ਨਾ ਜਾਵੀਂ ਇਕ ਦਿਨ ਧਰਤੀ ਤਾਂਬੇ ਵਾਂਗੂੰ ਤਪਣੀ ਏ ।
ਛੱਡ ਦਿਲਾ ਇਹ ਤਫ਼ਲ-ਤਸੱਲੀ
ਛੱਡ ਦਿਲਾ ਇਹ ਤਫ਼ਲ-ਤਸੱਲੀ ਭੁੱਲ ਕੇ ਕੀਹਨੇ ਆਉਣਾ ।
ਅੱਗੋਂ ਤੇਰੀ ਮਰਜ਼ੀ ਬੀਬਾ ਸਾਡਾ ਕੰਮ ਸਮਝਾਉਣਾ ।
ਝੁੱਲੇ ਵਾਅ ਤੇ ਪਤਾ ਨਾ ਲੱਗੇ ਕਿਵੇਂ ਦਿਹਾੜੀ ਲੰਘੀ,
ਗੁੰਮੇ੍ਹ ਦੇ ਵਿਚ ਔਖਾ ਹੁੰਦਾ ਝੱਟ ਦਾ ਝੱਟ ਲੰਘਾਉੇਣਾ ।
ਹਸ਼ਰ ਦਿਹਾੜੇ ਅੱਖੀਆਂ ਵਿਚ ਮੈਂ ਭਰ ਕੇ ਲੈ ਗਿਆ ਹੰਝੂ,
ਕੋਝੀ ਗੱਲ ਸੀ ਖ਼ਾਲਮ-ਖ਼ਾਲੀ ਭਾਂਡੇ ਦਾ ਪਰਤਾਉਣਾ ।
ਰੰਗਲੇ-ਰੰਗਲੇ ਰੀਝ-ਪਟੋਲੇ ਆਪੋਂ ਮਨ ਵਿਚ ਜੋੜਾਂ,
ਬਾਲਕ ਨੂੰ ਪਿਆ ਝਿੜਕਾਂ ਦੇਵਾਂ ਹੱਥੋਂ ਛੱਡ ਖਿਡੌਣਾ ।
ਅੱਖੀਆਂ ਕੋਲੋਂ ਰੁਸ ਕੇ ਨੀਂਦਰ ਇੰਜ ਗਈ ਏ 'ਅਨਵਰ',
ਜੀਵੇਂ ਏਸ ਪਰਾਹੁਣੇ ਏਥੇ ਮੁੜ ਨਹੀਂ ਫੇਰਾ ਪਾਉਣਾ ।
ਹੋਵੇ ਪਈ ਤਕਸੀਰ ਕਿਸੇ ਦੀ
ਹੋਵੇ ਪਈ ਤਕਸੀਰ ਕਿਸੇ ਦੀ ਦੁਖ ਪਿਆ ਕੋਈ ਜਰਦੈ ।
ਭੁੱਲ-ਚੁਕ ਹੁੰਦੀ ਅੱਖੀਆਂ ਕੋਲੋਂ ਦਿਲ ਜੁਰਮਾਨੇ ਭਰਦੈ ।
ਚੈਨ ਕਿਸੇ ਥਾਂ ਲੈਣ ਨਾ ਦੇਵੇ ਚੰਗਾ ਚੇਤਰ ਚੜ੍ਹਿਆ,
ਧੁੱਪੇ ਚਿਨਗਾਂ ਮਾਰਣ ਲੱਗਦੈ ਛਾਵੇਂ ਜੁੱਸਾ ਠਰਦੈ ।
ਮੁਲਕ ਅਲਮ ਤੋਂ ਨੰਗੇ ਪਿੰਡੇ ਆਉਂਦੈ ਏਸ ਜਹਾਨੇ,
ਬੰਦਾ ਇੱਕ ਕਫ਼ਨ ਦੀ ਖ਼ਾਤਰ ਕਿੰਨਾਂ ਪੈਂਡਾ ਕਰਦੈ ।
ਖ਼ਬਰ ਕੋਈ ਅਖ਼ਬਾਰਾਂ ਵਿਚ ਨਈਂ ਉਸ ਦੇ ਬਾਰੇ ਦੇਖੀ,
ਨਈਂ ਮਾਲੂਮ ਗਵਾਂਢੀ ਮੇਰਾ ਜਿਉਂਦਾ ਏ ਜਾਂ ਮਰਦੈ ।
ਮੰਨਿਆ ਮੈਂ ਅਖ਼ਲਾਸ ਜਿਹੀ ਹੁਣ ਸਸਤੀ ਚੀਜ਼ ਨਾ ਕੋਈ,
ਉਹੋ ਕੁਝ ਮੈਂ ਲੈ ਕੇ ਆਇਆ ਜੋ ਕੁਝ ਮੈਨੂੰ ਸਰਦੈ ।
'ਅਨਵਰ' ਐਵੇਂ ਆਪਣਾ ਕਿੱਸਾ ਦਰਦਾਂ ਵਾਲਾ ਛੂਹਿਐ,
ਨੀਂਦਰ ਸਭ ਨੂੰ ਮਿੱਠੀ ਲਗਦੀ ਕੌਣ ਹੁੰਘਾਰਾ ਭਰਦੈ ।
ਉਕਾ ਸਾਡਾ ਹਾਲ ਨਾ ਜਾਨਣ
ਉਕਾ ਸਾਡਾ ਹਾਲ ਨਾ ਜਾਨਣ ਗਲੀਉਂ ਲੰਘਣ ਵਾਲੇ ।
ਛੱਤਾਂ ਵਿਚ ਜੇ ਹੋਣ ਤਰੇੜਾਂ ਵਗਦੇ ਨਹੀਂ ਪਨਾਲੇ ।
ਆਵੇ ਕੋਈ ਓਸ ਹਵੇਲੀ ਚੂਨਾ-ਗਾਚੀ ਫੇਰੇ,
ਜਿਸ ਦੀਆਂ ਕੰਧਾਂ ਉੱਤੇ ਲਮਕਣ ਗਜ਼-ਗਜ਼ ਲੰਮੇ ਜਾਲੇ ।
ਉਸ ਨੇ ਅੱਖੀਂ ਸੁਰਮਾ ਪਾਇਆ ਹੱਥੀਂ ਲਾਈ ਮਹਿੰਦੀ,
ਅੱਖੀਂ ਮੈਂ ਜਗਰਾਤੇ ਪਾਏ ਪੈਰੀਂ ਪਾਏ ਛਾਲੇ ।
ਬੇਰੀ ਉੱਤੇ ਬੇਰ ਨਾ ਪੱਤਰ ਬੇਰੀ ਹੇਠਾਂ ਵੱਟੇ,
ਨੇਕੀ ਦਾ ਫਲ ਪਾਵਣ ਵਾਲੇ ਵੇਖੇ ਐਸੇ ਹਾਲੇ ।
ਦਿਲ ਦੀਆਂ ਸੁਣੀਏ ਤੇ ਉਹ ਲੱਗਣ ਹੋਰ ਤਰ੍ਹਾਂ ਦੀਆਂ ਕੂਕਾਂ
ਰੌਲਾ ਏ ਕੁੱਝ ਹੋਰ ਤਰ੍ਹਾਂ ਦਾ ਮੇਰੇ ਆਲ-ਦੁਆਲੇ ।
'ਅਨਵਰ' ਮੇਰੀ ਅਰਜ਼ੀ ਉੱਤੇ ਕਿਸੇ ਨਾ ਘੁੱਗੀ ਪਾਈ,
ਆਪਣੇ-ਆਪਣੇ ਕੰਮ ਕਢਾ ਗਏ ਲੰਮੀਆਂ ਬਾਹਵਾਂ ਵਾਲੇ ।
ਏਸੇ ਡਰ ਤੋਂ ਗੁੰਗੀਆਂ ਹੋਈਆਂ
ਏਸੇ ਡਰ ਤੋਂ ਗੁੰਗੀਆਂ ਹੋਈਆਂ ਖ਼ਬਰੇ ਕਿੰਨੀਆਂ ਚੀਕਾਂ ।
ਕੌਣ ਕਚਹਿਰੀ ਫੇਰੇ ਪਾਏ ਭੁਗਤੇ ਕੌਣ ਤਰੀਕਾਂ ।
ਉੱਚੀਆਂ ਕੰਧਾਂ ਸੁਣਨ ਨਾ ਦੇਵਣ ਇਕ-ਦੂਜੇ ਦੇ ਹਾਵੇ,
ਮਹਿਲ ਉਸਾਰੇ ਤੇ ਕੀ ਖੱਟਿਆ ਸ਼ਹਿਰ ਦਿਆਂ ਵਸਨੀਕਾਂ ।
ਚੜ੍ਹਦੇ ਸੂਰਜ ਮੇਰੇ ਜੁੰਮੇ ਕੇਹੀ ਮੁਸ਼ਕਿਲ ਲਾਈ,
ਸ਼ਾਮਾਂ ਤੱਕ ਮੈਂ ਆਪਣਾ ਸਾਇਆ ਆਪਣੇ ਨਾਲ ਧਰੀਕਾਂ ।
ਡੁਬਦਾ ਸੂਰਜ ਲਾ ਗਿਆ ਮੈਨੂੰ ਅੱਜ ਵੀ ਓਸੇ ਆਹਰੇ,
ਨੈਣ-ਵਿਛੁੰਨੀ ਨੀਂਦਰ ਨੂੰ ਮੈਂ ਸਾਰੀ ਰਾਤ ਉਡੀਕਾਂ ।
ਆਪਣੀਆਂ ਹਾਵਾਂ ਨਾਲ ਰਲਾਵਣ ਮੇਰੀ ਚੁੱਪ ਨੂੰ ਲੋਕੀ,
ਮੇਰੇ ਮੱਥੇ ਲਾਈਆਂ ਸਭ ਨੇ ਆਪੁ-ਆਪਣੀਆਂ ਚੀਕਾਂ ।
ਕਿਸ ਦੇ ਅੱਗੇ ਕੀਹਨੇ ਪਾਇਆ 'ਅਨਵਰ' ਆਪਣਾ ਚੇਤਾ,
ਲੀਕੇ ਹੋਏ ਵਰਕੇ ਤੇ ਪਿਆ ਮੁੜ-ਮੁੜ ਲਾਏਂ ਲੀਕਾਂ ।
ਸੱਜਣਾ ਸਾਡੀ ਰਸਮ-ਰਵਾਇਤ
ਸੱਜਣਾ ਸਾਡੀ ਰਸਮ-ਰਵਾਇਤ ਸਾਡਾ ਚੁੱਪ-ਚੁੱਪ ਰਹਿਣਾ ।
ਨਹੀਂ ਤੇ ਅਸਾਂ ਫ਼ਕੀਰਾਂ ਤੈਨੂੰ ਕੀ ਕੁੱਝ ਨਹੀਂ ਸੀ ਕਹਿਣਾ ।
ਰੁੱਖਾਂ ਵੱਲੋਂ ਹੁਣ ਕੋਈ ਸੱਦਾ ਆਵੇ ਜਾਂ ਨਾ ਆਵੇ,
ਧੁੱਪੇ ਮੈਂ ਦੁਪਹਿਰ ਗੁਜ਼ਾਰੀ ਹੁਣ ਕੀ ਛਾਵੇਂ ਬਹਿਣਾ ।
ਮੰਦਾ ਕੀਤਾ ਹਾਲ ਦਿਲੇ ਦਾ ਤੇਰੀ ਬੇਪਰਵਾਹੀ,
ਓਸੇ ਘਰ ਦਾ ਵੈਰੀ ਹੋਇਉਂ ਜਿਹੜੇ ਘਰ ਵਿਚ ਰਹਿਣਾ ।
ਕਿੱਡਾ ਸੋਹਣਾ ਦਰਸ਼ ਵਫ਼ਾ ਦਾ ਦੇ ਗਈ ਏ ਇਕ ਸੋਹਣੀ,
ਕੱਚੇ ਹੋਣ ਘੜੇ ਤੇ ਹੋਵੇ ਆਪੋ ਪੱਕਿਆਂ ਰਹਿਣਾ ।
ਆਪਣੀਆਂ-ਆਪਣੀਆਂ ਅੱਖਾਂ ਦੇ ਵਿਚ ਆਪੋ-ਆਪਣੇ ਅੱਥਰੂ,
ਮੇਰੇ ਬਾਝੋਂ ਪੀੜ ਮੇਰੀ ਨੂੰ ਹੋਰ ਕਿਸੇ ਨਹੀਂ ਸਹਿਣਾ ।
ਇهੋ ਜਿਹੇ ਲਸ਼ਕੀਲੇ ਮੋਤੀ ਕਿਸੇ-ਕਿਸੇ ਨੂੰ ਜੁੜਦੇ,
ਦਰਦ ਮੰਦਾਂ ਨੂੰ ਮਿਲਦਾ 'ਅਨਵਰ' ਅੱਖੀਆਂ ਦਾ ਇਹ ਗਹਿਣਾ ।
ਜੇ ਕਰ ਮੇਰੇ ਸਾਰੇ ਹੰਝੂ
ਜੇ ਕਰ ਮੇਰੇ ਸਾਰੇ ਹੰਝੂ ਮਿੱਟੀਆਂ ਖ਼ਾਕਾਂ ਜੋਗੇ ।
ਮੈਂ ਵੀ ਹੌਕੇ ਸਾਂਭ ਲਏ ਨੇ ਕੁਝ ਅਸਮਾਨਾਂ ਜੋਗੇ ।
ਏਸ ਜ਼ਮਾਨੇ ਵਰਗਾ ਕੋਈ ਕਾਲ ਸਮਾਂ ਨਹੀਂ ਸੁਣਿਆ,
ਟਾਵੇਂ ਟਾਵੇਂ ਵੀ ਨਹੀਂ ਲੱਭਦੇ ਲੋਕ ਮਿਸਾਲਾਂ ਜੋਗੇ ।
ਇਕਲਾਪੇ ਦੀ ਭੱਠੀ ਸੜਣਾ ਵਕਤ ਨਸੀਬਾ ਸਾਡਾ,
ਏਥੇ ਸਾਰੇ ਰੌਣਕ ਮੇਲੇ ਹੈਣ ਸ਼ਰੀਕਾਂ ਜੋਗੇ ।
ਜਿੰਦ ਤਿਹਾਈ ਮਰ ਜਾਣੀ ਏ ਇੰਜ ਲਗਦਾ ਏ ਮੈਨੂੰ,
ਏਥੇ ਸਾਰੇ ਸ਼ਰਬਤ ਹਾਜ਼ਰ ਜਿਸਮਾਂ ਜੁੱਸਿਆਂ ਜੋਗੇ ।
ਝੱਲਿਆ ਨਿਰੀਆਂ ਚੀਕਾਂ ਲੈ ਕੇ ਜ਼ਿਲਾ ਕਚਹਿਰੀ ਚੱਲਿਐਂ,
ਪੈਸੇ ਵੀ ਕੁਝ ਤੇਰੇ ਪੱਲੇ ਹੈਣ ਵਕੀਲਾਂ ਜੋਗੇ ।
ਕੋਈ ਰਮਜ਼ ਨਾ ਪੱਲੇ ਪੈਂਦੀ ਉਹਦੀਆਂ ਉਹ ਹੀ ਜਾਣੇ,
ਧੁੱਪਾਂ ਰੇਤਾਂ ਜੋਗੀਆਂ 'ਅਨਵਰ' ਬੱਦਲ ਬਰਫ਼ਾਂ ਜੋਗੇ ।
ਐਵੇਂ ਉਹਨੂੰ ਤੜੀਆਂ ਦਿੱਤੀਆਂ
ਐਵੇਂ ਉਹਨੂੰ ਤੜੀਆਂ ਦਿੱਤੀਆਂ ਕੂਚ ਅਸਾਂ ਕਰ ਜਾਣੈ ।
ਉਹਦੇ ਸ਼ਹਿਰੋਂ ਦੂਜੀ ਥਾਵੇਂ ਕਿਹੜੇ ਕਾਫ਼ਰ ਜਾਣੈ ।
ਖ਼ਾਬਾਂ ਵਿਚ ਵੀ ਤੱਕੀਆਂ ਨਹੀਂ ਸਨ ਸਾੜਣ ਵਾਲੀਆਂ ਥਾਵਾਂ,
ਕਦੀ ਖ਼ਿਆਲ ਵੀ ਆਇਆ ਨਹੀਂ ਸੀ ਧੁੱਪੇ ਵੀ ਸੜ ਜਾਣੈ ।
ਸ਼ਾਖ਼ਾਂ ਜਿਹੜੇ ਸਾਵੇਂ ਪੱਤਰ ਕੁੱਛੜ ਚਾਏ ਹੋਏ,
ਪੀਲੀ ਰੁੱਤ ਵਿਚ ਖ਼ਬਰੈ ਇਨ੍ਹਾਂ ਕਿੱਧਰ-ਕਿੱਧਰ ਜਾਣੈ ।
ਰੌਣਕ ਪਿੱਛੋਂ ਹੋਣੀ ਏ ਕੁੱਝ ਗੂੜ੍ਹੀ ਹੋਰ ਉਦਾਸੀ,
ਮੇਲੇ ਨੇ ਕੁੱਝ ਹੋਰ ਵੀ ਕੱਲਿਆਂ ਲੋਕਾਂ ਨੂੰ ਕਰ ਜਾਣੈ ।
ਮੰਜ਼ਿਲ ਤੇ ਜਾ ਅੱਪੜੇ 'ਅਨਵਰ' ਪੈ ਗਏ ਜਿਹੜੇ ਪੈਂਡੇ,
ਪੁੱਛਣ ਵਾਲੇ ਪੁੱਛਦੇ ਰਹਿ ਗਏ ਕਿੱਥੋਂ ਤੀਕਰ ਜਾਣੈ ।
ਵਕਤ ਮਿੱਠੇ ਵਿਚ ਕੁੜੱਤਣ ਦਾ ਰਲਾ
ਵਕਤ ਮਿੱਠੇ ਵਿਚ ਕੁੜੱਤਣ ਦਾ ਰਲਾ ਪਾਂਦਾ ਰਿਹਾ ।
ਸਾਵੀਆਂ ਮਿਰਚਾਂ ਸ਼ਤੂਤਾਂ ਸੰਗ ਵਰਤਾਂਦਾ ਰਿਹਾ ।
ਇਹ ਤੇ ਲੋਕਾਂ ਸਿਰਫ਼ ਲੇਖੇ ਦੇ ਦਿਹਾੜੇ ਜਾਣਨੈਂ,
ਫ਼ਾਇਦਾ ਉਨ੍ਹਾਂ ਨੂੰ ਕੀ ਨੁਕਸਾਨ ਪਹੁੰਚਾਂਦਾ ਰਿਹਾ ।
ਸਾਰੀ ਬਦਰੰਗੀ ਮੇਰੀ ਤੇ ਰੰਗ ਸਾਰਾ ਓਸ ਦਾ,
ਏਸ ਅਟਕਲ ਨਾਲ ਜ਼ਾਲਮ ਤਾਸ਼ ਵਰਤਾਂਦਾ ਰਿਹਾ ।
ਮੈਂ ਸਾਂ ਅਰਜ਼ੀ ਵਾਲੜਾ ਮੇਰਾ ਭਲਾਂ ਕੀ ਜ਼ੋਰ ਸੀ,
ਉਹ ਸੀ ਮਰਜ਼ੀ ਵਾਲੜਾ ਤਾਖ਼ੀਰ ਫ਼ਰਮਾਂਦਾ ਰਿਹਾ ।
ਇਕ ਕਣੀ 'ਅਨਵਰ' ਨਾ ਭੂੰਜੇ ਡਹਿਣ ਦਿੱਤੀ ਓਸ ਨੇ,
ਇਸ ਤਰ੍ਹਾਂ ਬਣਦਾ ਰਿਹਾ ਬੱਦਲ ਕਿ ਤਰਸਾਂਦਾ ਰਿਹਾ ।
ਚੋਖੀ ਰੌਣਕ ਦੇਖ ਕੇ ਅੱਖ ਦਾ
ਚੋਖੀ ਰੌਣਕ ਦੇਖ ਕੇ ਅੱਖ ਦਾ ਹਾਲ ਗਵਾਚਾ ਹੋਇਆ ।
ਭੀੜ-ਭੜੱਕੇ ਦੇ ਵਿਚ ਜਿਸਰਾਂ ਬਾਲ ਗਵਾਚਾ ਹੋਇਆ ।
ਨਿਸਬਤ ਦੀ ਖ਼ੁਸ਼ਬੂਈ ਵਾਲੀ ਲੀਰ ਨਾ ਭੁੱਲੇ ਮੈਨੂੰ,
ਮੇਲਾ ਲੱਗੇ ਯਾਦ ਪਵੇ ਰੁਮਾਲ ਗਵਾਚਾ ਹੋਇਆ ।
ਕਦੀ ਨਾ ਡਿੱਠਾ ਸੁੱਕੇ ਪੱਤਰ ਸ਼ਾਖ਼ਾਂ ਨੂੰ ਮੁੜ ਲੱਗੇ,
ਕਦੀ ਨਾ ਸੁਣਿਆ ਮੁੜਕੇ ਆਇਆ ਸਾਲ ਗਵਾਚਾ ਹੋਇਆ ।
ਮੁੱਦਤਾਂ ਤੋੜੀ ਯਾਦ ਰਵੇ੍ਹਗਾ ਚੈਨ ਅਸਾਂ ਜੋ ਪਾਇਆ,
ਮੁੱਦਤਾਂ ਤੋੜੀ ਰਿਹਾ ਏ ਸਾਡੇ ਨਾਲ ਗਵਾਚਾ ਹੋਇਆ ।
ਦਿਲ ਦੇ ਚੋਰ ਨੂੰ ਢੂੰਡਣ ਚੜ੍ਹਿਐ 'ਅਨਵਰ' ਨੂੰ ਕੀ ਕਰੀਏ,
ਮੇਲੇ ਦੇ ਵਿਚ ਲੱਭਦਾ ਫਿਰਦੈ ਮਾਲ ਗਵਾਚਾ ਹੋਇਆ ।
ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ
ਦਿਲ ਦੀ ਨਗਰੀ ਹੰਝੂਆਂ ਨਾਲ ਸਜਾਈ ਏ ।
ਫੇਰ ਵੀ ਦਿਲ ਤੇ ਹਾਸੇ ਦੀ ਪੰਡ ਚਾਈ ਏ ।
ਜ਼ਿੰਦ ਤੋਂ ਵਧ ਕੇ ਦੋਜ਼ਖ਼ ਸਾੜ ਕੀ ਹੋਣੀ ਏ,
ਪੀੜਾਂ ਦੇ ਸੰਗ ਹਸ-ਹਸ ਰੋਜ਼ ਹੰਢਾਈ ਏ ।
ਮਨ ਦਾ ਸ਼ੀਸ਼ਾ ਕਿਰਚੀ ਕਿਰਚੀ ਹੋਇਆ ਏ,
ਹਰ ਬੂਹੇ ਤੇ ਦਿੱਤੀ ਪਿਆਰ ਦੀ ਸਾਈ ਏ ।
ਆਪਣੀਆਂ ਸੋਚਾਂ ਦਾਣਿਆਂ ਵਾਂਗੂੰ ਖਿੜੀਆਂ ਨੇ,
ਜਦ ਵੀ ਆਪਣੇ ਮਨ ਵਿਚ ਭੱਠੀ ਤਾਈ ਏ ।
ਦਿਲ ਤੇ ਕਹਿੰਦਾ ਹੈ ਉਹਨੇ ਨਹੀਂ ਆ ਸਕਣਾ,
ਝੱਲੀਆਂ ਅੱਖੀਆਂ ਆਸ ਅਜੇ ਵੀ ਲਾਈ ਏ ।