Anwar Aneek ਅਨਵਰ ਅਨੀਕ
ਪੰਜਾਬੀ ਗ਼ਜ਼ਲਾਂ (ਬਲਦਾ ਦੀਵਾ ਵਗਦੀ ਵਾ 2000 ਵਿੱਚੋਂ) : ਅਨਵਰ ਅਨੀਕ
Punjabi Ghazlan (Balda Deeva Vagdi Vaa 2000) : Anwar Aneek
ਗੁਜ਼ਰੀ ਉਮਰ ਨਾ ਖਾ ਖਾ ਰੱਜਿਆ
ਗੁਜ਼ਰੀ ਉਮਰ ਨਾ ਖਾ ਖਾ ਰੱਜਿਆ ਵਾਂਗ ਗੰਡੋਇਆਂ ਮਿੱਟੀ ।
ਖ਼ਬਰੈ ਸਭ ਸਿਆਪੇ ਮੁੱਕਣ ਓੜਕ ਹੋਇਆਂ ਮਿੱਟੀ ।
ਪਵੇ ਜੇ ਪੱਥਰ ਉੱਤੇ ਪਾਣੀ ਪੱਥਰ ਵੀ ਖੁਰ ਜਾਂਦਾ,
ਕਿਹੜੀ ਮਿੱਟੀ ਅੱਖ ਨੂੰ ਲੱਗੀ, ਖੁਰੀ ਨਾ ਰੋਇਆਂ ਮਿੱਟੀ ।
ਮੇਰੇ ਜੀਵਨ ਦੀ ਮਾਲਾ ਦਾ ਮਣਕਾ ਮਣਕਾ ਕੱਚਾ,
ਹੌਲੀ ਹੌਲੀ ਹੋ ਜਾਣਾ ਏ ਦਰਦ ਪਰੋਇਆਂ ਮਿੱਟੀ ।
ਸੁੱਕੀ ਢੀਮ ਹਿਆਤੀ ਦੇ ਦਰਿਆ ਵਿਚ ਗੋਤੇ ਖਾਵੇ,
ਔਖੇ ਸਾਹ ਲੈਂਦੀ ਏ ਪਾਣੀ ਵਿੱਚ ਡਬੋਇਆਂ ਮਿੱਟੀ ।
ਕਣਕ, ਕਮਾਦ, ਜਵਾਰ ਕਪਾਹਵਾਂ ਮੂੰਜੀ, ਮੋਠ ਤੇ ਮੇਥੇ,
ਹੋ ਜਾਣਾ ਬਰਸੀਨ ਛਟਾਲ਼ਾ, ਸੋਂਫ਼ ਤੇ ਸੋਇਆਂ ਮਿੱਟੀ ।
ਆਦਮ ਦਾ ਬੁੱਤ ਬਣਦੇ ਸਾਰ ਈ ਨੂਰੀ ਬੋਲ ਪਏ ਸਨ,
'ਅਨਵਰ' ਸਾਡੀ ਫੇਰ ਦਿਸੀ ਅਸਲੀਅਤ ਢੋਇਆਂ ਮਿੱਟੀ ।
ਵੇਲੇ ਇੰਜ ਦਾ ਕਰ ਛੱਡਿਆ ਏ
ਵੇਲੇ ਇੰਜ ਦਾ ਕਰ ਛੱਡਿਆ ਏ, ਬਾਲ ਕਰਖ਼ਤ ਨਹੀਂ ਹੁੰਦਾ ।
ਵੇਖ ਲਵੇਰੀ ਕੂੰਬਲ ਦੇ ਵਿਚ, ਕੰਡਾ ਸਖ਼ਤ ਨਹੀਂ ਹੁੰਦਾ ।
ਧੁੱਪਾਂ ਨਾਲ ਗੁਜ਼ਾਰਾ ਕਰ ਲਈ, ਗੂੜ੍ਹੀ ਛਾਂ ਨਾ ਭਾਲੀਂ,
ਅਸਾਂ ਹਮੇਸ਼ਾ ਤੱਕਿਆ ਬੋਹੜਾਂ ਹੇਠ ਦਰਖ਼ਤ ਨਹੀਂ ਹੁੰਦਾ ।
ਦੋਸ਼ ਮੁਕੱਦਰਾਂ ਨੂੰ ਕਿਉਂ ਦੇਵਾਂ, ਹੱਥੀਂ ਸਭ ਕੁਝ ਕਰਕੇ,
ਬੰਦਾ ਮਾੜਾ ਹੋ ਜਾਂਦਾ ਏ, ਮਾੜਾ ਵਖ਼ਤ ਨਹੀਂ ਹੁੰਦਾ ।
ਪੀਂਘ ਦੇ ਵਾਂਗੂੰ ਫੱਟੇ ਤੇ ਚੜ੍ਹ, ਜਾਣਾ ਸਾਈਂ ਲੋਕਾਂ,
ਤੂੰ ਖ਼ਬਰੇ ਕੀ ਸਮਝ ਲਿਆ ਏ, ਤਖ਼ਤਾ ਤਖ਼ਤ ਨਹੀਂ ਹੁੰਦਾ ।
ਦੁਨੀਆ ਦਾਰੀ ਦੇ ਵਿਚ ਰਹਿ ਕੇ, ਮੇਰੇ ਵਰਗਾ ਬੰਦਾ,
ਕਿੰਜ ਜੁਦਾਈ ਇਕ ਕਰ ਛੱਡਿਆ ਹੁਣ ਦੋ ਲਖ਼ਤ ਨਹੀਂ ਹੁੰਦਾ ।
ਅਜ਼ਲੋਂ 'ਅਨਵਰ' ਨਾਲ ਜੋ ਹੁੰਦਾ ਆਇਆ ਤੱਕਿਆ ਸਭਨਾਂ,
ਅਬਦਾਂ ਤੀਕਰ ਜਾਣ ਦਾ ਰੱਬਾ, ਮੈਥੋਂ ਵਖ਼ਤ ਨਹੀਂ ਹੁੰਦਾ ।
ਡੂੰਘੇ ਪਾਣੀ ਗੋਤੇ ਦੇਵੇ
ਡੂੰਘੇ ਪਾਣੀ ਗੋਤੇ ਦੇਵੇ, ਘੁੰਮਣਘੇਰੀ ਦਰਦਾਂ ਦੀ ।
ਧੌਣ ਉਤਾਂਹ ਨਾਂ ਚੁੱਕਣ ਦੇਵੇ, ਪੰਡ ਵਧੇਰੀ ਦਰਦਾਂ ਦੀ ।
ਆਪਣੇ ਜਾਣ ਕੇ ਜਾਣ ਨਾ ਦੇਵਾਂ, ਗ਼ੈਰਾਂ ਦੇ ਵਲ ਇਨ੍ਹਾਂ ਨੂੰ,
ਮੈਥੋਂ ਆਪੇ ਹੋ-ਹੂ ਜਾਂਦੀ, ਟਹਿਲ ਵਧੇਰੀ ਦਰਦਾਂ ਦੀ ।
ਜਿਹੜਾ ਇਸ ਦੀ ਛਾਵੇਂ ਬਹਿੰਦਾ, ਦੁੱਖ ਦੇ ਰੋੜੇ ਖਾਂਦਾ ਏ,
'ਆਦਮ' ਨੂੰ 'ਅਬਲੀਸ' ਦਿਖਾਈ, ਕਾਠੀ ਬੇਰੀ ਦਰਦਾਂ ਦੀ ।
ਲੋਕਾਂ ਦਾ ਗ਼ਮ ਦੇਖ ਕੇ ਅੱਖ ਤੋਂ ਹੁਣ ਵੀ ਜਰਿਆ ਜਾਂਦਾ ਨਈਂ,
ਸਾਨੂੰ ਅੰਨਿਆਂ ਕਰ ਦੇਵੇ ਜਦ, ਝੁੱਲੇ ਨੇਰ੍ਹੀ ਦਰਦਾਂ ਦੀ ।
ਤਕੜੇ ਦੇ ਵਲ ਵਖ਼ਤ ਵਰਾਗੇ, ਜਾਂਦੇ ਸੁਖ ਬਣ ਜਾਂਦੇ ਨੇ,
ਮਾੜਾ ਬੰਦਾ ਬਣ ਜਾਂਦਾ ਏ, ਆਪ ਦਲੇਰੀ ਦਰਦਾਂ ਦੀ ।
ਜਦ ਮੀਹਾਂ ਨੂੰ ਗੁੱਸਾ ਆਵੇ, ਉਹ ਵੀ ਕੱਢਣ ਲਿੱਸੇ ਤੇ,
ਨੀਵੇਂ ਘਰ ਦੇ ਕੋਠੇ ਢੈ-ਢੈ, ਬਣ ਗਈ ਢੇਰੀ ਦਰਦਾਂ ਦੀ ।
ਭੁੱਲ-ਭੁਲੇਖੇ ਹੋਰਾਂ ਦੇ ਫਾਹ, ਕਿਉਂ ਸਾਡੇ ਗਲ ਪੈਂਦੇ ਨੇ,
ਸਾਨੂੰ ਸੁਖੀ ਰਹਿਣ ਨਾ ਦੇਵੇ, ਹੇਰਾ ਫੇਰੀ ਦਰਦਾਂ ਦੀ ।
ਹੌਲ ਗ਼ਮਾਂ ਦੀ ਮੱਕੜੀ ਜਿਸ ਦਿਨ, ਤਨ ਤੇ ਜ਼ਾਲਾ ਬੁਣਦੀ ਏ,
ਸੌ ਵਰ੍ਹਿਆਂ ਦੀ ਬਣ ਜਾਂਦੀ ਏ, ਰਾਤ ਹਨ੍ਹੇਰੀ ਦਰਦਾਂ ਦੀ ।
ਦੂਰ ਕਿਤੇ ਨਹੀਂ ਜਾਣਾ ਪੈਣਾ, ਲੱਸੀ ਲੈਣ ਗਵਾਂਢੀ ਨੂੰ,
'ਅਨਵਰ' ਹੋਰਾਂ ਨੇ ਘਰ ਬੰਨੀ, ਮੱਝ ਲਵੇਰੀ ਦਰਦਾਂ ਦੀ ।
ਜਿੱਧਰ ਜਾਵੀਂ, ਜਿੱਥੇ ਜਾਵੀਂ, ਪਹੁੰਚ ਤਕਾਲੇ ਘਰ
ਜਿੱਧਰ ਜਾਵੀਂ, ਜਿੱਥੇ ਜਾਵੀਂ, ਪਹੁੰਚ ਤਕਾਲੇ ਘਰ ।
ਚਿੜੀਆਂ ਸ਼ਾਮੀਂ ਚੂੰ-ਚੂੰ ਕੀਤੀ ਆਣ ਦਵਾਲੇ ਘਰ ।
ਅੰਦਰੋਂ ਰੋਗੀ ਹੋਵੇ ਤੇ ਚਿਹਰੇ ਤੋਂ ਸਾਫ਼ ਦਿਸੇ,
ਡਿਉੜੀ ਤੋਂ ਹੀ ਲੱਭ ਪੈਂਦੇ ਜੇ ਹੋਣ ਸੁਖਾਲੇ ਘਰ ।
ਆਪਣਾ ਆਪ ਗੰਵਾ ਕੇ ਲੱਭੇ ਵਰ੍ਹਿਆਂ ਬਾਅਦ ਤੁਸੀਂ,
ਵੇਖੀ! ਤੇਰੇ ਪਿਆਰ ਦਵਾਏ ਦੇਸ ਨਿਕਾਲੇ ਘਰ ।
ਰੱਬਾ ਤੇਰੀ ਇਸ ਰਹਿਮਤ ਤੋਂ ਸੁੱਕੇ ਚੰਗੇ ਆਂ,
ਉਧਰ ਮੀਂਹ ਵੱਸੇ ਤੇ ਐਧਰ ਪੈਣ ਪਨਾਲੇ ਘਰ ।
ਰਵਾ-ਰਵੀਂ ਹਰ ਵਾਰੀ ਤੇਰੇ ਦਰ ਤੇ ਆਏ ਆਂ,
ਫ਼ਿਰ ਕਿਉਂ ਤੇਰੇ ਸ਼ਹਿਰ ਦੇ ਜਾਪਣ ਦੇਖੇ ਭਾਲੇ ਘਰ ।
ਕੰਨੋਂ ਬੁੱਚੀ, ਤਿਰਸੀ ਬੱਚੀ, ਮੰਗਦੀ ਜਾਨੋਂ ਗਈ,
ਕਿਸ ਕੰਮ ਬਾਅਦ 'ਚ ਪਿਉ ਆਇਆ ਜੇ ਲੈ ਕੇ ਵਾਲੇ ਘਰ ।
ਮਿਲਦੇ ਨਹੀਂ ਸਾਂ ਪਰ ਉਨ੍ਹਾਂ ਨੂੰ ਵੇਖ ਤੇ ਲੈਂਦੇ ਸਾਂ,
ਹਾਏ ਸੱਜਣਾ ਦੂਰ ਵਸਾਏ 'ਆਰਿਫ਼ ਵਾਲੇ' ਘਰ ।
ਐਨੇ ਉੱਚੇ ਨਾ ਤੂੰ 'ਅਨਵਰ' ਮਹਿਲ ਮੀਨਾਰ ਬਣਾ,
ਓੜਕ ਨੂੰ ਬਣਨਾ ਏ ਤੇਰਾ ਖ਼ਾਕ ਵਿਚਾਲੇ ਘਰ ।
ਇਕ ਅੱਧੀ ਵੀ ਗੱਲ ਨਹੀਂ ਕਰਦਾ
ਇਕ ਅੱਧੀ ਵੀ ਗੱਲ ਨਹੀਂ ਕਰਦਾ 'ਅਨਵਰ' ਜੀ ਕੁੱਲ ਸੋਚਾਂ ਦੇ ।
ਉਹਦੇ ਬਾਰੇ ਲਿਖਣ ਬਹਵਾਂ ਤੇ ਸੁੱਕ ਜਾਂਦੇ ਬੁੱਲ ਸੋਚਾਂ ਦੇ ।
ਸਿਖ਼ਰ ਦੁਪਹਿਰੇ ਦੂਰੋਂ ਤੱਕਿਆਂ ਰੋਹੀ ਲੱਗੇ ਨਦੀ ਦੇ ਵਾਂਗ,
ਪਾਣੀ ਦੇ ਪਹੁੰਚਣ ਤਕ ਦੀਵੇ ਹੋ ਜਾਂਦੇ ਗੁਲ ਸੋਚਾਂ ਦੇ ।
ਸੋਚਾਂ, ਉਹ ਸੋਚਾਂ ਜੋ ਬੰਦੇ ਨੂੰ ਇਨਸਾਨ ਬਣਾਉਂਦੀਆਂ ਨੇ,
ਜਾਣਦਿਆ ਮਿਲ ਜਾਵਣ ਤੇ ਮੈਂ ਭਰ ਦੇਵਾਂ ਮੁੱਲ ਸੋਚਾਂ ਦੇ ।
ਸਿਜਦੇ ਕਰ ਕਰ ਘਸੇ ਨਾ ਮੱਥਾ ਸਦਾ ਸਿਆਣਪ ਕੀਤੀ ਏ,
ਸੋਚਾਂ ਸਾਥ ਨਾ ਦਿਤਾ ਮੈਂ ਤੇ ਨਾਲ ਗਿਆ ਰੁਲ ਸੋਚਾਂ ਦੇ ।
ਇਸ਼ਕ ਦੀ ਮੰਜ਼ਿਲ ਦੇ ਉਸ ਥਾਂ ਤੇ ਅੱਗੇ ਰਸਤੇ ਫਟਦੇ ਨੇ,
ਪਿਆਰ ਦੀ ਅੱਖੋਂ ਜਿੱਥੇ ਹੰਝੂ ਜਾਂਦੇ ਨੇ ਡੁੱਲ ਸੋਚਾਂ ਦੇ ।
ਦਿਲ ਦੇ ਸ਼ੀਸ਼ ਮਹਿਲ ਵਿਚ ਸੱਧਰਾਂ ਰੱਤੇ ਚੋਲੇ ਪਾਏ ਨੇ,
ਬਾਗ਼ਾਂ ਵਿਚ ਬਹਾਰ ਆਈ ਤੇ ਲਾਲ ਖਿੜੇ ਫੁੱਲ ਸੋਚਾਂ ਦੇ ।
ਸੋਚ ਵਿਚਾਰ ਜਹਾਲਤ ਦੇ ਵਿਚ, ਬੱਤੀ ਦਾ ਕੰਮ ਦਿੰਦੀ ਏ,
ਤੂੰ ਤੱਕਿਆ ਲੋ ਲੱਗੀ ਅੰਦਰ ਝਰਨੇ ਗਏ ਖੁੱਲ੍ਹ ਸੋਚਾਂ ਦੇ ।
ਨਿੱਕੀ ਜਿੰਨ੍ਹੀ ਗੱਲ ਤੋਂ ਵੰਡੀ
ਨਿੱਕੀ ਜਿੰਨ੍ਹੀ ਗੱਲ ਤੋਂ ਵੰਡੀ, ਲਿੱਤਰੀਂ ਦਾਲ ਸ਼ਰੀਕਾਂ ਨੇ ।
ਕਾਰ ਸ਼ਰੀਕਾਂ ਵਾਲੀ ਕੀਤੀ, ਮੇਰੇ ਨਾਲ ਸ਼ਰੀਕਾਂ ਨੇ ।
ਖ਼ੁਸ਼ਕਿਸਮਤ ਏ ਜਿਸ ਬੰਦੇ ਦਾ, ਦੁਸ਼ਮਨ ਹੋਵੇ ਦਾਨਸ਼ਮੰਦ,
ਮੇਰੀ ਰਾਹ ਵਿਚ ਥਾਂ-ਥਾਂ ਬੱਧੇ, ਕੁੱਤੇ ਪਾਲ ਸ਼ਰੀਕਾਂ ਨੇ ।
ਅਜ ਕਲ ਮੈਨੂੰ ਸ਼ੀਸ਼ੇ ਦਾ, ਅਹਿਸਾਨ ਵੀ ਚੁੱਕਣਾ ਪੈਂਦਾ ਨਹੀਂ,
ਮੈਨੂੰ ਦੇਖ ਕੇ ਆਪਣੇ ਚਿਹਰੇ, ਕੀਤੇ ਲਾਲ ਸ਼ਰੀਕਾਂ ਨੇ ।
ਆਪਣੀ ਆਈ ਦੇ ਨਾਲ ਸੱਜਣਾ, ਓੜਕ ਨੂੰ ਮਰ ਜਾਣਾ ਏ,
ਜਸ਼ਨ ਮਨਾਏ ਦੇਖ ਕੇ ਮੇਰੇ, ਬੱਗੇ ਵਾਲ ਸ਼ਰੀਕਾਂ ਨੇ ।
ਮੇਰੇ ਤਾਈਂ ਉਸ ਦੀ ਲੋ ਦੀਆਂ, ਰਿਸ਼ਮਾਂ ਪਹੁੰਚ ਨਾ ਜਾਣ ਕਿਤੇ,
ਚਾਰ-ਚੁਫ਼ੇਰੇ ਪਰਦਾ ਕੀਤਾ, ਦੀਵਾ ਬਾਲ ਸ਼ਰੀਕਾਂ ਨੇ ।
ਇੰਜ ਵੀ ਸਾਂਝ-ਭਿਆਲੀ ਦਾ ਨਾ, ਮਤਲਬ ਜਾਣਾ 'ਅਨਵਰ' ਜੀ,
ਕਿਉਂ ਰੱਖਿਆ ਏ ਵੰਡ ਵੰਡਾਕੇ, ਕੱਠਾ ਮਾਲ ਸ਼ਰੀਕਾਂ ਨੇ ।
ਆਪਣਾ ਆਪ ਵਿਖਾ ਜਾਂਦੇ ਨੇ
ਆਪਣਾ ਆਪ ਵਿਖਾ ਜਾਂਦੇ ਨੇ ਦੀਵੇ ਬੁਝਦੇ ਹੋਏ ।
ਬੇਸ਼ਕ ਝੁਲਦੇ ਝੱਖੜ ਵਿਚ ਸਿਰ ਨੰਗੇ ਕੁਝ ਦੇ ਹੋਏ ।
ਦਿਨ ਨੂੰ ਨਜ਼ਰੀਂ ਆ ਜਾਂਦਾ ਏ ਬੱਦਲ ਵਰ੍ਹਿਆ ਹੋਇਆ,
ਰਾਤੀਂ ਰੋਇਆਂ ਦਿਸ ਪੈਂਦੇ ਨੇ ਦੀਦੇ ਸੁੱਜਦੇ ਹੋਏ ।
ਤੇਰਾ ਪਿਆਰ ਮੁਹੱਬਤ ਮੁੱਢੋਂ ਧਨ ਦੌਲਤ ਦਾ ਵੈਰੀ,
ਤੇਰੇ ਇਸ਼ਕ 'ਚ ਕੰਗਲੇ ਲੋਕੀ ਰੱਜਦੇ ਪੁਜਦੇ ਹੋਏ ।
ਇਹਦੇ ਉੱਤੇ ਖ਼ਬਰੈ ਕਦ ਦੀ ਅੱਖ ਸੀ ਰੱਖੀ ਹੋਈ,
ਦਿਲ ਨੂੰ ਦਰਦਾਂ ਆਣ ਲਿਆ ਸੀ ਰੀਝ 'ਚ ਰੁਝਦੇ ਹੋਏ ।
ਹੜ੍ਹ ਵਾਂਗੂੰ ਨਾ ਡੱਕੀਆਂ ਗਈਆਂ ਇਹ ਦਰਿਆਈ ਛੱਲਾਂ,
ਸਾਡੀਆਂ ਅੱਖੀਆਂ ਤੇ ਨਾ ਹੋਈਆਂ ਪੁਲ ਸਤਲੁਜ ਦੇ ਹੋਏ ।
ਉਹਦੇ ਹੁਸਨ ਚੁਫ਼ੇਰੇ ਮਾਰੇ ਤਿੱਸੀਆਂ ਸ਼ੌਕ ਝਰੀਟਾਂ,
ਬੰਨ੍ਹ ਖਲੋਣ ਖ਼ਿਆਲ ਜਦੋਂ ਹੱਥ ਮੈਨੂੰ ਸੁੱਝਦੇ ਹੋਏ ।
ਹੋਣੀ ਦੇ ਹੱਥਾਂ ਨੂੰ 'ਅਨਵਰ' ਖ਼ੂਨ ਨਵਾਂ ਨਹੀਂ ਲੱਗਾ,
ਸਾਨੂੰ ਸਦੀਆਂ ਲੰਘ ਗਈਆਂ ਨੇ ਲਹੂ ਵਿਚ ਗੁਝਦੇ ਹੋਏ ।
ਜਾਣ ਲਿਆ ਸੀ ਖ਼ਬਰੇ ਜਾ ਕੇ
ਜਾਣ ਲਿਆ ਸੀ ਖ਼ਬਰੇ ਜਾ ਕੇ ਥਲ ਵਸਿਆ ਇਕਲਾਪਾ ।
ਮੈਂ ਜਦ ਘਰ ਵਿਚ ਵੜਿਆ ਮੇਰੇ ਵਲ ਨੱਸਿਆ ਇਕਲਾਪਾ ।
ਟਨ-ਟਨ ਦੀ ਆਵਾਜ਼ ਦਵੇ ਹਰ ਵੇਲੇ ਕੂਚ ਸੁਨੇਹਾ,
ਬੁੱਢੇ ਬੋਲਦ ਦੇ ਗਲ ਖੜਕੇ ਟੱਲ ਘਸਿਆ ਇਕਲਾਪਾ ।
'ਲੋਹੇ ਨੂੰ ਹੈ ਲੋਹਾ ਕੱਟਦਾ', ਕਹਿਣ ਸਿਆਣੇ ਜੱਗ ਦੇ,
ਦਰਦ ਫ਼ਿਰਾਕ ਦਾ ਓਸ ਅਖ਼ੀਰੀ ਹੱਲ ਦੱਸਿਆ ਇਕਲਾਪਾ ।
ਮਰਨੇ ਪਿੱਛੋਂ ਆਪਣੀ ਜਾਨ ਵਿਛੋੜੇ ਤੋਂ ਛੁੱਟ ਜਾਣੀ,
ਮੇਰੀਆਂ ਗੱਲਾਂ ਬਾਤਾਂ ਸੁਣ ਕੇ ਕੱਲ੍ਹ ਹਸਿਆ ਇਕਲਾਪਾ ।
ਮੈਂ ਰੋਵਾਂ ਤੇ ਚੀਕ ਸੁਰੀਲੀ ਨਿਕਲੇ ਏਸੇ ਕਰਕੇ,
ਜਦੋਂ ਕਦੀ ਵੀ ਮਿਲਿਆ ਮੇਰੇ ਗਲ ਫਸਿਆ ਇਕਲਾਪਾ ।
'ਅਨਵਰ' ਖ਼ਾਕ ਇਕੱਠੀ ਕੀਤੀ ਬੁੱਤ ਲਈ ਜਦ ਰੱਬ ਨੇ,
ਨੂਰ ਮਿਲਾਕੇ ਮਿੱਟੀ ਦੇ ਵਿਚ ਬਲ ਹਸਿਆ ਇਕਲਾਪਾ ।
ਕਿਸੇ ਸੱਚ ਕਿਹਾ ਸੀ 'ਸਿਆਣੇ ਖ਼ਰੇ ਨੇ'
ਕਿਸੇ ਸੱਚ ਕਿਹਾ ਸੀ 'ਸਿਆਣੇ ਖ਼ਰੇ ਨੇ' ।
ਜੋ ਤਾਰੂ ਸਨ ਉੱਚੇ ਉਹ ਪਹਿਲੋਂ ਮਰੇ ਨੇ ।
ਸਮਝ ਸੋਚ ਦਾ ਨਹੀਂ ਇਹ ਆਸ਼ਿਕ ਖਿਡੌਣਾ,
ਇਹ ਮਸਲੇ ਦਿਲਾਂ ਦੇ ਸ਼ਊਰੋਂ ਪਰੇ ਨੇ ।
ਮਰਨ ਦਾ ਤੇ ਨਹੀਂ ਬਦ ਨਸੀਬੀ ਦਾ ਰੋਣ ਏ,
ਹਿਆਤੀ ਦੇ ਬੰਦੇ, ਅਜ਼ਾਬੋਂ ਡਰੇ ਨੇ ।
ਕਿਸੇ ਆਉਂਦੇ ਜਾਂਦੇ ਨੂੰ ਠੇਡਾ ਨਾ ਲੱਗੇ,
ਮੈਂ ਰਾਹਵਾਂ 'ਚ ਅੱਖਾਂ ਦੇ ਦੀਵੇ ਧਰੇ ਨੇ ।
ਜੇ ਜੀਵਨ ਸੀ ਕੰਡਿਆਂ ਦੀ ਟਾਹਣੀ ਤੇ ਚਾਦਰ,
ਕਿਉਂ ਪਿਆਰ ਦੇ ਦੁੱਖ ਮੈਂ 'ਅਨਵਰ' ਜਰੇ ਨੇ ।
ਜਿਹੜੇ ਕਹਿੰਦੇ ਇਸ਼ਕ ਦੇ ਰਾਹ ਵਿਚ ਟੋਏ ਨੇ
ਜਿਹੜੇ ਕਹਿੰਦੇ ਇਸ਼ਕ ਦੇ ਰਾਹ ਵਿਚ ਟੋਏ ਨੇ ।
ਵੇਖਣ ਗਲਮਾ ਚੋਲੀ ਇਕ ਜਿਹੇ ਹੋਏ ਨੇ ।
ਹੁਣ ਤੱਕ ਜਿਹੜੀ ਲਾਲੀ ਅੱਖ ਚੋਂ ਮੁੱਕੀ ਨਈਂ,
ਲਗਦੈ ਰਾਤ ਉਹ ਖ਼ੂਨ ਦੇ ਹੰਝੂ ਰੋਏ ਨੇ ।
ਚੈਨ ਪਰਾਹੁਣੇ ਕਦ ਆਉਣੇ ਨੇ ਦਿਲ ਵਿਹੜੇ,
ਪਲਕਾਂ ਮੁੱਢੀਂ ਤੇਲ ਚਿਰਾਂ ਤੋਂ ਚੋਏ ਨੇ ।
ਥਾਉਂ-ਥਾਈਂ ਰੱਖਾਂ ਅੱਖਰ ਮਿਸਰੇ ਦੇ,
ਸਾਰੇ ਪੁੱਛਣ ਮੋਤੀ ਕੇਸ ਪਰੋਏ ਨੇ ।
'ਅਨਵਰ' ਅੱਜ ਰੱਜ ਸੁੱਤਾ ਏਂ, ਹਮਸਾਇਆਂ ਦਾ
ਜਲਦ ਪਤਾ ਲੈ ਜੀਂਦੇ ਨੇ ਕਿ ਮੋਏ ਨੇ ।