Antim Lehran : Dr Diwan Singh Kalepani

ਅੰਤਿਮ ਲਹਿਰਾਂ : ਡਾਕਟਰ ਦੀਵਾਨ ਸਿੰਘ ਕਾਲੇਪਾਣੀ

1. ਸੱਚ

ਸੱਚ ਨੰਗਾ ਹੈ,
ਬਿਨ ਸੰਗਾ ਹੈ,
ਕੋਈ ਤਾਬ ਨਾ ਇਦ੍ਹੀ ਲਿਆ ਸਕਦਾ ।
ਨਾ ਇਦ੍ਹਾ ਜਵਾਬ ਬਣਾ ਸਕਦਾ ।

ਸੱਚ ਚੰਨਣ ਹੈ,
ਸੱਚ ਚਾਨਣ ਹੈ,
ਕੁਈ ਇਸ ਨੂੰ ਨਹੀਂ ਛੁਪਾ ਸਕਦਾ ।
ਨਾ ਮਿੱਟੀ ਇਸ ਤੇ ਪਾ ਸਕਦਾ ।

ਸੱਚ ਉੱਚਾ ਹੈ,
ਸੱਚ ਸੁੱਚਾ ਹੈ,
ਕੁਈ ਜੂਠ ਨਾ ਇਸ ਨੂੰ ਲਾ ਸਕਦਾ ।
ਨਾ ਇਸ ਤੋਂ ਉੱਚਾ ਜਾ ਸਕਦਾ ।

ਸੱਚ ਚੰਗਾ ਹੈ,
ਬੇ ਰੰਗਾ ਹੈ,
ਕੁਈ ਇਸ ਤੋਂ ਅਗ੍ਹਾਂ ਨਾ ਜਾ ਸਕਦਾ ।
ਨਾ ਇਸ ਤੇ ਰੰਗ ਚੜ੍ਹਾ ਸਕਦਾ ।

ਸੱਚ ਕੌੜਾ ਹੈ,
ਸੱਚ ਮਿੱਠਾ ਹੈ,
ਜੋ ਇਸਦੀ ਕੌੜ ਪਚਾ ਸਕਦਾ ।
ਉਹ ਸਭ ਨੂੰ ਧੀਰ ਬੰਨ੍ਹਾ ਸਕਦਾ ।

ਸੱਚ ਸੂਰਜ
ਨੂਰ ਚਮਕਦਾ ਹੈ,
ਜੋ ਇਸ ਤੇ ਧਿਆਨ ਜਮਾ ਸਕਦਾ ।
ਉਹ ਜ਼ੁਲਮਤ ਦੂਰ ਹਟਾ ਸਕਦਾ ।

ਸੱਚ ਪੱਕਾ ਹੈ,
ਸੱਚ ਪੁਖ਼ਤਾ ਹੈ,
ਕੁਈ ਇਸ ਨੂੰ ਨਹੀਂ ਹਿਲਾ ਸਕਦਾ ।
ਨਾ ਇਸ ਨੂੰ ਕੁਈ ਗਿਰਾ ਸਕਦਾ ।

ਸੱਚ ਮਹਿੰਗਾ
ਔਖਾ ਮਿਲਦਾ ਹੈ,
ਜੋ ਤਲੀ ਤੇ ਜਿੰਦ ਟਿਕਾ ਸਕਦਾ ।
ਬਸ ਉਹ ਹੀ ਇਸ ਨੂੰ ਪਾ ਸਕਦਾ ।

ਸੱਚ ਬੇਪਰਵਾਹ ਹੈ,
ਬੇਡਰ ਹੈ,
ਨਾ ਇਸ ਨੂੰ ਕੁਈ ਡਰਾ ਸਕਦਾ ।
ਨਾ ਖ਼ੌਫ਼ ਕਿਸੇ ਤੋਂ ਖਾ ਸਕਦਾ ।

ਬਹੁ-ਮੁੱਲਾ ਹੈ,
ਅਣ-ਮੁੱਲਾ ਹੈ,
ਨਾ ਕਿਵੇਂ ਖਰੀਦਿਆ ਜਾ ਸਕਦਾ ।
ਨਾ ਕੁਈ ਨਿਲਾਮ ਕਰਾ ਸਕਦਾ ।

ਸੱਚ ਡੂੰਘਾ
ਨਿਰਮਲ ਚਸ਼ਮਾ ਹੈ,
ਕੁਈ ਥਾਹ ਨਾ ਇਸ ਦੀ ਪਾ ਸਕਦਾ ।
ਨਿੱਤ ਨ੍ਹਾ ਕੇ ਮੈਲ ਗਵਾ ਸਕਦਾ ।

ਸੱਚ ਗਹਿਰ ਗੰਭੀਰਾ,
ਭਾਰਾ ਹੈ,
ਨਾ ਹੋਛਾ ਇਸ ਨੂੰ ਪਾ ਸਕਦਾ ।
ਨਾ ਹੌਲਾ ਇਸ ਨੂੰ ਚਾ ਸਕਦਾ ।

ਸੱਚ ਹੋਣੀ ਹੈ,
ਜੋ ਹੋਣਾ ਹੈ,
ਨਾ ਇਸ ਨੂੰ ਕੁਈ ਟਲਾ ਸਕਦਾ ।
ਨਾ ਨੱਸ ਕੇ ਕਿਧਰੇ ਜਾ ਸਕਦਾ ।

ਸੱਚ ਚੌੜਾ
ਦਿਲ ਦਾ ਵੱਡਾ ਹੈ,
ਸੂਲੀ ਤੇ ਟੰਗਿਆ ਜਾ ਸਕਦਾ ।
ਪਰ ਵੱਟ ਨਾ ਮੱਥੇ ਪਾ ਸਕਦਾ ।

ਸੱਚ ਔਥੇ ਹੈ,
ਸੱਚ ਐਥੇ ਹੈ,
ਸੱਚ ਕਿੱਥੇ ਹੈ ?
ਸੱਚ ਕਿਤੇ ਨਹੀਂ,
ਬਸ ਇਸੇ ਲਈ ਸੱਚ ਮਹਿੰਗਾ ਹੈ ।
ਨਾ ਢੂੰਡਿਆ ਕਿਧਰੇ ਮਿਲਦਾ ਹੈ ।

ਪਰ 'ਸ਼ੈਤ' ਕਦੇ,
ਚੰਗੇ ਵੇਲੇ,
ਸਭ ਦੁਨੀਆਂ ਤੇ ਸੱਚ ਛਾ ਸਕੇ,
ਸਭ ਜ਼ੁਲਮਤ ਦੂਰ ਹਟਾ ਸਕੇ,
ਇਸ ਆਸ ਤੇ ਦੁਨੀਆਂ ਹੈ ਜੀਂਦੀ ।
ਨਹੀਂ ਬਹੁਤ ਚਿਰੋਕੀ ਮਰ ਜਾਂਦੀ ।

2. ਓ ਭਾਰਤ

ਭਾਰਤਾ,
ਬੁੱਧ ਦੇ, ਅਸ਼ੋਕ ਦੇ, ਨਾਨਕ ਦੇ ਜਨਮ-ਦਾਤਿਆ,
ਇਲਮਾਂ, ਅਵਤਾਰਾਂ ਦੀ ਜਨਮ ਭੂਮੀਂ,
ਸਾਊਆਂ ਦਿਆ ਦੇਸਾ !
ਕੀਹ ਹੋ ਗਿਆ ?
ਉਲਟ ਗਿਆ ਪਾਸਾ,
ਗਿੜ ਗਿਆ ਚੱਕਰ ਉਲਟਾ,
ਪਛਾਤਾ ਨਾ ਜਾਂਦਾ ਤੇਰਾ ਵੇਸ,
ਮਰ ਗਿਆ ਹੈਂ, ਫਿਰ ਜੀਂਦਾ ਹੈਂ,
ਗਿਰ ਗਿਆ ਹੈਂ, ਫਿਰ ਖੜਾ ਹੈਂ !

ਸੁਹਣਿਆਂ,
ਜ਼ਿੰਦਗੀ ਗਈ ਤੇਰੀ, ਸ਼ਰਮਿੰਦਗੀ ਰਹੀ ਬਾਕੀ ।
ਇਹ ਗੰਦ ਬਲਾ ਕੈਦ ਗੁਲਾਮੀ ਦੀ,
ਵਹਮਾਂ ਦੀ, ਛੂਤਾਂ ਦੀ,
ਭਰਮਾਂ ਦੀ, ਭੂਤਾਂ ਦੀ,
ਅਕਲਾਂ ਦੇ ਦੁਸ਼ਮਨਾਂ, ਉੱਲੂਆਂ, ਊਤਾਂ ਦੀ ।
ਕਿਵੇਂ ਚੰਬੜ ਗਈ ਤੈਨੂੰ,
ਭੋਲਾ ਭਾਲਾ ਤੂੰ,
ਭੋਲੇ ਭਾਲੇ ਤੇਰੇ ਬੰਦੇ,
ਕਿਵੇਂ ਪੈ ਗਏ ਵਸ
ਬ੍ਰਾਹਮਣ ਦੇ, ਮੁੱਲਾਂ ਦੇ,
ਵੇਹਲੇ ਮੁਫ਼ਤ ਖ਼ੋਰਾਂ ਦੇ,
ਜੋ ਭੁੱਖੇ ਪਏ ਮਰਦੇ ਨੇ,
ਟੁਕੜਿਆਂ ਤੇ ਲੜਦੇ ਨੇ,
ਸਦੀਆਂ ਤੋਂ ਸੁੱਤਿਆ,
ਚਾਕਰੀਆਂ ਕਰਦਿਆ,
ਨੌਕਰੀਆਂ ਭਰਦਿਆ,
ਉੱਠ, ਓ ਭਾਰਤਾ ।

ਓ ਭਾਰਤਾ,
ਉਮਰ ਤੋਂ ਬੁੱਢਿਆ,
ਅਕਲ ਤੋਂ ਵੱਡਿਆ,
ਸ਼ਕਲ ਤੋਂ ਸੁਹਣਿਆਂ,
ਉੱਚਿਆ, ਸੁੱਚਿਆ,
ਜੋਸ਼ ਜਵਾਨੀ ਦੇ ਨਾਲ ਓ ਗੁੱਤਿਆ ।
ਉੱਠ ਓ ਸ਼ੇਰਨਾਂ,
ਆਲਸ ਤਿਆਗ ਦੇ,
ਵਹਮਾਂ ਨੂੰ ਛੋੜ ਦੇ,
ਕੈਦਾਂ ਤੇ ਪਿੰਜਰੇ,
ਤੋੜ ਦੇ, ਫੋੜ ਦੇ,
ਜੋਸ਼ ਜਗਾ ਦੇ,
ਅੱਗ ਭੜਕਾ ਦੇ,
ਸੱਚ ਇਨਸਾਫ਼ ਦਾ ਨਾਅਰਾ ਲਗਾ ਦੇ ।
ਮਸਤ ਮਲੰਗ ਹੋ,
ਲੜਦਿਆਂ ਭਿੜਦਿਆਂ,
ਵਿਗੜਿਆਂ ਤਿਗੜਿਆਂ,
ਖ਼ੂਨ 'ਚ ਰੁੱਝਿਆਂ,
ਸਾਰਿਆਂ ਦੇਸਾਂ ਨੂੰ ਮਗਰ ਲਗਾ ਲੈ ।
ਸ਼ਾਂਤੀ ਵਾਰਤਾ, ਇਨਸਾਫ਼ ਸੁਣਾ ਕੇ,
ਕਿਸੇ ਦੇ ਵਾਸਤੇ,
ਜੀਵਣ ਜੀਉਣ ਦੇ ਤੇ ਜੀਂਦੇ ਰਹਿਣ ਦੇ,
ਮਰ ਕੇ ਜੀਉਣ ਦੇ,
ਜੀਵਣ ਮਰਨ ਦੇ ਭੇਤ ਸਮਝਾ ਦੇ ।
ਓ ਸੁਹਣਿਆਂ ਭਾਰਤਾ,
ਬੁੱਧ ਦੇ, ਅਸ਼ੋਕ ਦੇ, ਨਾਨਕ ਦੇ ਜਨਮ-ਦਾਤਿਆ ।

3. ਪਿਆਰ-ਰੱਬ

ਰੱਬ ਕੀਹ ਏ ? ਕਿੱਥੇ ਏ ?
ਸਮਝਣਾ ਉਸ ਨੂੰ, ਜਾਣਨਾ ਉਸਦਾ-ਇਹ ਕੀ ਮਖੌਲ ਏ ?
ਸਮਝਿਆ ਏ ਕਿਸੇ ਕਦੀ ? ਜਾਣਨਗੇ ਕਦੇ ਕੋਈ ?
ਛੱਡਿਆ ਉਸ ਨੂੰ ਮੈਂ,
ਤੂੰ ਭੀ ਛੱਡ,
ਜਿਵੇਂ ਛੱਡਿਆ ਏ ਮੈਂ ਤੇ ਸਾਰਿਆਂ ।

ਮਾਰਾਂ ਪੈਂਦੀਆਂ ਸੱਟਾਂ ਵਜਦੀਆਂ
ਬਹੁੜਦਾ ਨਾ ਰੱਬ, ਨਾ ਪੁੱਕਰਦੀ ਅਰਦਾਸ ।

ਜੀਵਣ-ਭਗੌੜੇ ਜਾ ਛੁਪਦੇ ਵਿਚ ਰੱਬ-ਭੜੋਲੇ,
ਰਤਾ ਦੀ ਰਤਾ ਹਨੇਰੇ ਦੇ ਉਹਲੇ ।

ਸੁਰਗਾਂ ਦੇ ਸੁਫ਼ਨੇ ਸਭ ਬਾਤਾਂ ਕਹਾਣੀਆਂ,
ਕਿ ਦੁਖੀਏ ਰਤਾ ਅੱਖਾਂ ਬੰਦ ਕਰਨ, ਖਬਰੇ ਨੀਂਦਰ ਆਵੇ,
ਭੁਲੇਵੇਂ ਦੇ ਗਾਹਕਾਂ ਨੂੰ ਭੁਲੇਵੇਂ ਪੈਂਦੇ ।

ਸੁਰਗ, ਜਿਸ ਨੂੰ ਕਿਸੇ ਨਾ ਡਿੱਠਾ,
ਰੱਬ, ਜੇਹੜਾ ਛੁਪਿਆ ਫਿਰਦਾ ।
ਰੱਬ ਕਿੱਥੇ ਹੈ ? ਸੁਰਗ ਕਿੱਥੇ ਹੈ ?
ਪਿਆਰ ਹੈ ਬਸ !

ਹੋਣੀ ਨਿਰੀ ਹੈ, ਅਟੱਲ, ਅਚੱਲ,
ਨਾਲ ਪਿਆਰ ਸੁਆਦੀ ਬਣਦੀ,
ਬਿਨਾਂ ਪਿਆਰ ਕੌੜੇਰੀ ।

ਪਿਆਰ ਬਸ ਰੱਬ ਹੈ,
ਪਿਆਰ ਬਸ ਸੁਰਗ;
ਪਿਆਰ ਹੀ ਰੱਬ,
ਬਸ ਹੋਰ ਕੁਝ ਨਾਂਹ ।

4. ਅੰਨ੍ਹੀ ਗਲੀ

ਡਿੰਗ ਪੜਿੰਗੀ, ਵਿੰਗੀ ਟੇਢੀ,
ਵਲ ਵਲ ਜਾਂਦੀ ਮੋੜੇ ਖਾਂਦੀ,
ਨ੍ਹੇਰ ਘੁੱਪ ਘੇਰ, ਭੀੜੀ ਜੇਹੀ ਤੰਗ,
ਅੰਨ੍ਹੀ ਇਹ ਗਲੀ ।

ਭੱਜੇ ਜਾਂਦੇ, ਵਾਹੋ ਦਾਹੀ, ਅੰਨ੍ਹੇ ਵਾਹ,
ਸਾਹ ਨਾ ਕਢਦੇ, ਦਮ ਨਾ ਲੈਂਦੇ,
ਘਰਕਦੇ ਘਬਰਾ ਕੇ ਨੱਸੇ ਜਾਂਦੇ,
ਟਕਰਾਂ ਖਾਂਦੇ, ਲਿਤੜਦੇ, ਲਿਤੜਾਂਦੇ ਜਾਂਦੇ
ਅੰਨ੍ਹੇ ਕੁੱਤੇ, ਹਰਨਾਂ ਦੇ ਸ਼ਿਕਾਰੀ
ਇਹ ਮੁਸਾਫ਼ਿਰ ।

ਕਿੱਧਰੋਂ ਆਏ ? ਕਿੱਧਰ ਜਾਂਦੇ ? ਕਿੱਧਰ ਜਾਣਾ ?
ਅੱਖੀਆਂ ਵਾਲਿਓ ਅੰਨ੍ਹਿਓ, ਕੁਈ ਪਤਾ
ਨਿਸ਼ਾਨੀ ਦਸਦੇ ਜਾਣਾ !

ਕਿਉਂ ਪਏ ਭੱਜਦੇ, ਭਜ ਭਜ ਮਰਦੇ ?
ਹੌਲੀ ਟੁਰੋ, ਸਵਾਦਾਂ ਨਾਲ, ਮੋੜ ਵੇਖ ਕੇ,
ਕਿਧਰੋਂ ਨਾ ਆਏ, ਕਿਧਰੇ ਨਾ ਜਾਂਦੇ,
ਆਪਣੇ ਲੱਦੀਂ ਲੱਦੇ, ਓ ਮੁਸਾਫ਼ਿਰੋ !
ਠਹਰੋ ਰਤਾ ਹੌਲੀ ਟੁਰੋ,
ਹੱਸ ਹੱਸ, ਮੁਸਕ ਮੁਸਕ, ਮਟਕ ਮਟਕ, ਗੁਟਕ ਗੁਟਕ,
ਰਲ ਮਿਲ ਨਾਲ ਮੁਸਾਫ਼ਿਰ ਸਾਥੀਆਂ ।

ਅੱਗੇ ਗਏ ਉਹ ਕਿਤੇ ਨਾ ਪੁੱਜੇ,
ਪਿਛੋਂ ਆਉਂਦਿਆਂ ਕਿਤੇ ਨਾ ਪੁੱਜਣਾ ।
ਇਹ ਅੰਨ੍ਹੀ ਗਲੀ,
ਘੁੰਮਦੀ ਜਾਂਦੀ, ਵਲ ਵਿੰਗ ਖਾਂਦੀ,
ਇਸ ਕਿਤੇ ਨਾ ਮੁੱਕਣਾ ।

ਇਹ ਦੁਨੀਆਂ ਇਹ ਜ਼ਿੰਦਗੀ,
ਇਹ ਭੁਲ-ਭੁਲੱਈਆਂ ਵਾਲੀ,
ਡਿੰਗ ਪੜਿੰਗੀ, ਵਿੰਗੀ ਟੇਢੀ,
ਭੀੜੀ ਜੇਹੀ ਤੰਗ, ਅੰਨ੍ਹੀ ਇਹ ਗਲੀ ।

5. ਓ ਈਸਾ

ਤਵੇਲੇ ਵਿਚ ਜੰਮਿਉਂ ਤੂੰ,
ਚੋਰੀ ਚੋਰੀ, ਹਨੇਰਿਆਂ ਵਿਚ, ਖੁਰਲੀਆਂ ਅੰਦਰ,
ਸੂਲੀ ਤੇ ਮੋਇਉਂ,
ਚੜ੍ਹੀ ਦੁਪਹਰਾਂ, ਚਿੱਟੇ ਚਾਨਣੇ, ਰੜੇ ਮਦਾਨ,
ਓ ਈਸਾ !

ਕਿਹਾ ਅਨੋਖਾ ਅਲਬੇਲਾ ਜਿਹਾ ਬੰਦਾ ਸੈਂ ਤੂੰ ?
ਤਰਸਦਾ ਯਾਰਾਂ ਵਿਚ ਬੈਠ ਕੇ ਖਾਣ, ਚੰਗੀ ਚੋਖੀ ਰੋਟੀ ਕਣਕ ਦੀ ।
ਲਭਦਾ ਯਾਰਾਂ ਨੂੰ, ਜੋ ਤੋੜ ਨਿਭਾਂਦੇ ਯਾਰੀਆਂ ।

ਤੂੰ ਸਿੱਧਾ ਜਿਹਾ ਇਕ ਬੰਦਾ ਸੈਂ, ਕਿ ਲੋਕਾਂ ਰੱਬ ਬਣਾਇਆ,
ਜਾਂ ਵਿੰਗਾ ਜਿਹਾ ਰੱਬ ਸੈਂ ਇਕ, ਜੋ ਆਪ ਬੰਦਾ ਬਣ ਆਇਆ ।

ਤੂੰ ਭਾਵੇਂ ਕੀਹ ਸੈਂ,
ਚੰਨਾਂ ਦਾ ਚੰਨ ਸੈਂ, ਸੋਹਣਿਆਂ ਦਾ ਸੋਹਣਾ,
ਸੁਲਤਾਨਾਂ ਦਾ ਸੁਲਤਾਨ, ਪਿਆਰਾਂ ਦਾ ਸ਼ਾਹ ।

ਮੈਂ ਹੁਣ ਵੀ ਤੈਨੂੰ ਟੁਰਦਾ ਵੇਖਦਾਂ,
-ਇਮਾਨ ਦੀ ਰੋਸ਼ਨੀ ਦੀ ਸੇਧੋਂ-
ਕੰਢੇ ਉਸ 'ਗਲੀਲ' ਦੀ ਝੀਲ ਦੇ, ਜਿਹੜੀ ਮੈਂ ਵੇਖੀ ਨਾ ਕਦੀ ।

ਪਤਲਾ ਲੰਮਾ ਨਾਜ਼ਕ ਜਿਹਾ ਬੰਦਾ,
ਪਾਰਦਰਸ਼ਕ ਤੇਰਾ ਪਿੰਡਾ;
ਅੰਦਰੋਂ ਬਾਹਰੋਂ ਧੋਤਾ ਧੋਤਾ ਦਿੱਸੇਂ,
ਚਿੱਟੀ ਦੁੱਧ ਜਿਉਂ ਘੁੱਗੀ;
ਦਿਲ ਤੇਰੇ ਕੁਈ ਪੀੜ ਅਗੰਮੀ,
ਤੇਰਾ ਕਿਣਕਾ ਕਿਣਕਾ ਕੰਬੇ ।

ਬੰਦਿਆਂ 'ਚ ਬੰਦਾ ਇਕ ਕਮਜ਼ੋਰ, ਲੋਥੜਾ ਮਾਸ ਦਾ,
ਰੱਬਾਂ ਵਿਚ ਰੱਬ ਸ਼ਾਹਜ਼ੋਰ, ਉਬਾਲਾ ਇਕ ਰੂਹ ਦਾ ।
ਵਗੇਂ ਜਿਉਂ ਚਸ਼ਮਾਂ, ਵਸੇਂ ਜਿਉਂ ਮੀਂਹ ।
ਮੇਹਰਾਂ ਦਾ ਸਾਈਂ ਤੂੰ ।
ਬੰਦਿਆਂ 'ਚ ਬੰਦਾ, ਕਾਮੀਆਂ 'ਚ ਕਾਮਾਂ;
ਰੂਹ ਤੇਰੀ ਬੱਚਿਆਂ ਵਾਲੀ,
ਦਾਨਿਆਂ ਤੋਂ ਦਾਨੀ, ਅਪਣੀ ਅਸਲ ਮਾਸੂਮੀਂ ਅੰਦਰ ।
ਕੋਈ ਗੁਨਾਹੀ ਨਾ ਤੇਰੀਆਂ ਨਜ਼ਰਾਂ ਵਿਚ,
ਤੂੰ ਉਡੀਕਦਾ ਬਾਪੂ ਦੀ ਬਾਦਸ਼ਾਹਤ ਪਾ ਝੋਲੀ ।

ਫਿਰਦੋਂ ਜੰਗਲਾਂ 'ਚ, ਬੀਆਬਾਨਾਂ 'ਚ,
ਵਸਦੀਆਂ ਉਜਾੜਾਂ ਵਿਚ, ਉਜਾੜ ਜਿਹੀਆਂ ਬਸਤੀਆਂ ਵਿਚ ।
ਵੰਡਦਾ ਗਗਨੀਂ ਪਾਤਸ਼ਾਹਤ ਏਂ ਖਬਰੇ,
ਢਿੱਡੋਂ ਭੁੱਖਾ, ਪੈਰੋਂ ਨੰਗਾ, ਸ਼ਾਹਜ਼ਾਦਾ ਨੰਗਿਆਂ ਭੁੱਖਿਆਂ ਦਾ ।
ਪਾਤਸ਼ਾਹ ਕੀਰਾਂ ਦਾ, ਹਕੀਰਾਂ, ਮਾਹੀਗੀਰਾਂ ਦਾ,
ਨਾ ਕਿਧਰੇ ਕੁੱਲੀ ਸਿਰ ਲੁਕਾਣ ਲਈ ਤੇਰੇ,
ਨਾ ਸੱਥਰ ਸੌਣ ਨੂੰ ।

-ਜਾਨਵਰ ਸੌਂਦੇ ਆਪਣੀਂ ਖੁੱਡੀਂ, ਪੰਛੀ ਆਲ੍ਹਣੀਂ-
ਤੇਰਾ ਨਾ ਥਾਂ ਨਾ ਟਿਕਾਣਾ ।
ਤੂੰ ਸੌਂਦਾ ਵਗਦਿਆਂ ਵਾਂਹਣਾ ਵਿੱਚ, ਚਿਲ੍ਹ ਰਖ ਸਿਰਹਾਣੇ ।
ਚਿੜੀ ਚੂਕਦੀ ਉਠ ਟੁਰਦਾ ਮੁੜ ਬਾਪੂ ਦੀ ਬਾਦਸ਼ਾਹਤ ਝੋਲੀ ਪਾ ।

ਕੋਈ ਗਾਹਕ ਨਾ ਝਲਦਾ,
ਮਾਛੀ ਮੁੰਡੇ ਟੁਰ ਪੈਂਦੇ ਤੇਰੇ ਨਾਲ,
ਅੰਤ ਮੁਕਰਦੇ ਤੈਥੋਂ, ਤੇਰੇ ਬਾਪੂ ਤੋਂ, ਬਾਪੂ ਦੀ ਬਾਦਸ਼ਾਹਤ ਤੋਂ ।
ਤੂੰ ਖਪ ਖਪ ਖਪਿਉਂ, ਸੂਲੀਆਂ ਚੜ੍ਹਿਉਂ,
ਮੋਇਆਂ ਦੀ ਮੌਤ ਮਰਿਉਂ ।

ਨਾ ਕੋਈ ਤੇਰੀ ਗਗਣਾਂ ਤੇ, ਨਾ ਧਰਤਾਂ ਤੇ,
ਮੋੜ ਘੱਲੀ ਤੇਰੇ ਬਾਪੂ ਨੂੰ ਅਸਮਾਨਾਂ ਦੀ ਬਾਦਸ਼ਾਹਤ,
ਕੀੜਿਆਂ ਧਰਤ ਦਿਆਂ, ਇਸ ਦੁਨੀਆਂ ਦਿਆਂ ਲੋਕਾਂ,
ਉਵੇਂ ਜਿਵੇਂ ਮੋੜ ਘੱਲੀ ਸੀ ਬਾਦਸ਼ਾਹਤ
ਬੁੱਧ ਦੀ ਤੇਰੇ ਆਉਣ ਤੋਂ ਪਹਲੋਂ,
ਨਾਨਕ ਦੀ ਤੇਰੇ ਜਾਣ ਤੋਂ ਪਿਛੋਂ ।

ਡੰਡੇ ਦੀ ਬਾਦਸ਼ਾਹਤ ਤੁਰਦੀ ਇਸ ਦੁਨੀਆਂ ਤੇ
ਅਖੇ ਲਾਲਚ ਦੀ ਸਰਦਾਰੀ ।
ਕਿਹਾ ਧਰਵਾਸ ਹੈ ਫਿਰ ਭੀ,
ਤੇਰੇ ਬਾਪੂ ਦੀ ਹੋਂਦ ਦੇ ਖਿਆਲ ਵਿਚ,
ਤੇਰੇ ਬਾਪੂ ਦੀ ਬਾਦਸ਼ਾਹਤ ਦੀ ਆਸ ਵਿਚ,
ਕਦ ਆਸੀ ਉਹ ਬਾਪੂ ਤੇਰਾ ?
ਕਦ ਆਸੇਂ ਮੁੜ ਤੂੰ ?
ਕਦ ਆਸੀ ਉਹ ਬਾਦਸ਼ਾਹਤ ਤੇਰੀ, ਜੇ ਆਸੀ ?

(ਗਲੀਲ=ਉਹ ਇਲਾਕਾ ਜਿੱਥੇ ਈਸਾ ਰੱਬੀ ਸੁਨੇਹਾ
ਦੇਣ ਲਈ ਫਿਰਦਾ ਰਿਹਾ ।)

6. ਬੁੱਧ ਜੀ ਨੂੰ

ਖੰਭਾਂ ਦੀਆਂ ਡਾਰਾਂ ਬਣੀਆਂ,
ਕਹਾਣੀਆਂ ਜੁੜੀਆਂ ਲੱਖਾਂ ਤੇਰੇ ਪਿਛੇ,
ਕਿ ਪਛਾਤਾ ਨਹੀਂ ਜਾਂਦਾ ਤੂੰ ।
ਦੂਰ, ਧੁੰਦਲਾ ਜਿਹਾ ਦਿੱਸਣਾ ਏਂ ਹੁਣ,
ਸਮਿਆਂ ਦੀਆਂ ਤੈਹਾਂ ਹੇਠ, ਝੜ ਬੱਦਲਾਂ ਵਿਚ ਲੁਕਿਆ ।

ਤੈਨੂੰ ਪੂਜਦੇ : ਉਹ ਤੈਨੂੰ ਸਿਆਣਦੇ ਨਾਂਹ,
ਤੈਨੂੰ ਨਿੰਦਦੇ : ਉਹ ਤੈਨੂੰ ਪਛਾਣਦੇ ਨਾਂਹ,-
ਤੂੰ ਇਕ ਦਰਦਾਂ ਦਰਦੀ, ਪੀੜਾਂ ਪੀੜੀ,
ਤਰਸਾਂ ਪਕੜੀ, ਸਹਿਮਾਂ ਜਕੜੀ,
ਨਵੀਂ ਨਰੋਈ, ਨੰਗੀ ਰੂਹ
ਲਟ ਲਟ ਕਰਦੀ, ਬਲਦੀ ਜੋਤ,
ਪਿਆਰ, ਤਰਸ, ਦਰਦ-ਵੰਡਨੀ ਦੀਆਂ ਕਿਰਨਾਂ ਸੁਟਦੀ ਦੂਰ ਦਵਾਲੇ ।
ਢੂੰਡਦੀ ਕੋਈ ਬੂਟੀ, ਸਭ ਰੋਗਾਂ ਦਾ ਦਾਰੂ ।
ਟੋਲਦੀ ਕੋਈ ਥਾਂ, ਸਭ ਸੁੱਖਾਂ ਦੀ ਛਾਂ;
ਬੰਦਾ ਦਿਸਿਆ ਤੈਨੂੰ ਸੋਗੀ ਪੀੜਤ,
ਰੱਬ ਪਯਾ ਰਹ ਗਯਾ ਲਾਂਭੇ ।
ਲੋੜ ਨਾ ਤੈਨੂੰ ਉਸ ਦੀ ਪਈ ।

ਲੋਕ ਤੈਨੂੰ ਆਖਦੇ ਆਸਤਿਕ, ਨਾਸਤਿਕ,
ਦੋਹਾਂ ਤੋਂ ਉੱਚਾ ਤੂੰ ਕੋਈ ਪੀੜ ਪ੍ਰੋਤਾ ਬੰਦਾ,
ਸ਼ਿਕਾਰੀਆਂ ਦੇ ਤੀਰਾਂ ਦੀਆਂ ਤਿੱਖੀਆਂ ਨੋਕਾਂ,
ਆਪਣੇ ਕੋਮਲ ਪਿੰਡੇ ਵਿਚ ਚੋਭੇਂ,
ਪੀੜਾ ਪਰਤਾਵੇਂ, ਕੰਬੇਂ ਤੇ ਪੰਘਰੇਂ,
ਤੇ ਵਗੇਂ ਅਥਰੂਆਂ ਰਾਹੀਂ,
ਫੱਟੜ ਲੇਲਿਆਂ ਨੂੰ ਚੁੱਕੀ ਫਿਰੇਂ ਕੰਧਾੜੀਂ,
ਮਾਂ-ਭੇਡ ਦੀ ਚਿੰਤਾ ਘਟੇ ਕਿਵੇਂ,
ਤੇ ਸਾਂਝਾ ਹੋ ਕੇ ਹੌਲਾ ਹੋ ਜਾਏ ਸੋਗ ।

ਤੂੰ ਸੁੱਖੀਂ ਲੱਧਾ, ਲਾਡੀਂ ਪਲਿਆ ਸ਼ਾਹਜ਼ਾਦਾ,
ਛੱਡ ਤੁਰਿਓਂ ਇਹ ਲਾਡਾਂ ਵਾਲੀ ਸੁੱਖਾਂ ਵਾਲੀ ਦੁਨੀਆਂ,
ਕਿ ਲੱਭੇ ਨਾਂਹ ਇਸ ਵਿਚ,
ਕੋਈ ਰੋਗੀ, ਕੋਈ ਸੋਗੀ, ਕੋਈ ਬੁੱਢਾ, ਕੋਈ ਮੁਰਦਾ,
ਤੇ ਹੋ ਜਾਏ ਇਹ ਨਿਰੋਇਆਂ, ਅਰੋਗਾਂ ਜਵਾਨਾਂ ਦੀ ਦੁਨੀਆਂ,
ਤੇ ਜੀਵਨ ਦਾ ਭਾਰ ਹੋ ਜਾਏ ਕੁਝ ਹੌਲਾ ਕਿਵੇਂ ।

ਪਰ ਦੁੱਖਾਂ ਤੋਂ ਦੁਖਿਓਂ ਤੂੰ ਐਨਾ,
ਕਿ ਸੁੱਖਾਂ ਦੀ ਹਿਰਸ ਨਾ ਰਹੀ, ਨਾ ਹਿੱਸ,
ਗੰਦਾਂ ਤੋਂ ਗਿਲਾਣਿਓਂ ਇਤਨਾ,
ਚੰਮਾਂ ਦੀ ਸੂਰਤ ਨਾ ਰਹੀ, ਨਾ ਦਿੱਸ-
ਅੱਖੀਆਂ ਨੂੰ ਕੱਢ ਦਿਓ,
ਸੁੰਦਰਤਾ ਨਾ ਦਿੱਸੇ ਕਿਧਰੇ
ਹੱਥਾਂ ਨੂੰ ਵੱਢ ਸਿੱਟੋ,
ਹੁਸਨ ਨਾ ਕਿਧਰੇ ਟੱਕਰੇ ।
ਸੁੰਦਰਤਾ ਵਿਚ ਸੁੰਦਰ, ਨਹੀਂ ਦਿਸਦਾ ਕੀਹ, ਕਦੀ ?
ਸੁਹਪਣ ਵਿਚ ਸੁਹਣਾ ਨਹੀਂ ਦਿਸਦਾ ਕਿਉਂ, ਕਦੀ ?
ਮੌਤ ਨੇ ਔਣਾ ਏਂ, ਮਰ ਜਾਈਏ ਕੀਹ ਅੱਜ ਹੀ ?
ਤ੍ਰਿਸ਼ਨਾ ਨੂੰ ਛੱਡਣਾ ਠੀਕ, ਜੀਣਾਂ ਵੀ ਛੱਡ ਦੇਵਾਂ ?
ਖਾਹਸ਼ਾਂ ਨੂੰ ਨੱਪੇ ਕਿਉਂ, ਉੱਚੀਆਂ ਨਾਂਹ ਕਰੇ ਕੋਈ
ਨੱਪੀਆਂ ਨਿਕਲਸਨ ਕਬਰਾਂ ਪਾੜ ਕੇ,
ਉਚਾਈਆਂ ਨਾ ਡਿਗਸਨ ਕਦੀ ।

ਉਫ਼ ! ਕਿੰਨੇ ਦੁਖ ਭੋਗੇ ਤੂੰ, ਕਿਸੇ ਦੇ ਸੁਖ ਦੇ ਸਦਕਾ;
ਕਿਤਨੇਂ ਤਪ ਸਾਧੇ ਤੂੰ, ਕਿਸੇ ਦੀ ਠੰਢ ਦੇ ਸਦਕਾ ।
ਸਦਾ ਸਦਾ ਬੰਦਨਾਂ ਹੈ ਤੈਨੂੰ,
ਓ ਤਪੱਸੀਆ, ਬਿਬੇਕੀਆ, ਤਿਆਗੀਆ ।
ਵਾਹ ਤੇਰਾ ਤਿਆਗ, ਵਾਹ ਤੇਰਾ ਤਪ !
ਸਾਰੀ ਦੁਨੀਆਂ ਤੇ ਤੇਰਾ ਅਧਿਕਾਰ ਹੈ,
ਤਰਸ ਤੇ ਪ੍ਰੇਮ ਦੇ ਤਪ ਕਰਕੇ-
ਗਗਨਾਂ ਜਿਹਾ ਚੌੜਾ ਤੇਰਾ ਪ੍ਰੇਮ,
ਸਾਗਰਾਂ ਜਿਹਾ ਡੂੰਘਾ ਤੇਰਾ ਤਰਸ ।

ਪਰ ਹੇ ਬੁੱਧ ਜੀ,
ਤ੍ਰਿਸ਼ਨਾ ਵੀ ਹੈ ਅਜੇ, ਖਾਹਸ਼ਾਂ ਵੀ ਹੈਣ, ਅਣਭਿੱਜ, ਅਣਰੱਜ,
ਦੁਖ ਵੀ ਹੈ, ਦਰਦ ਵੀ, ਪੀੜ ਵੀ, ਉਵੇਂ ਹੀ ਬਲਦਾ ਮੁਆਤਾ,
ਚੰਗਿਆਈ ਅਲਪੱਗ, ਬੁਰਿਆਈ ਸਰਬੱਗ ਤਿਵੇਂ ਹੀ,
ਰੋਗ ਵੀ ਹਨ, ਸੋਗ ਵੀ, ਬੁਢੇਪਾ, ਮੌਤ ਵੀ ਉਵੇਂ ਹੀ,
ਜਿਵੇਂ ਤੈਨੂੰ ਮਿਲੇ ਸਨ, ਅੱਜ ਕਾਇਮ ਹਨ, ਸਾਰੇ ਤਿਵੇਂ ਹੀ,
ਤੈਨੂੰ ਕੋਈ ਦਾਰੂ ਨਾ ਲੱਭਾ,
ਬਿਨਾ ਇਸ ਗਿਆਨ ਦੇ, "ਹੈਨ, ਰਹਿਣਗੇ ਇਵੇਂ ਹੀ,
ਇਹ ਜੀਵਨ ਦੇ ਪਰਛਾਵੇਂ,
ਹੋਣੀ ਹੈ, ਹੋਵੇਗੀ, ਇਵੇਂ ਹੀ ।"

ਜਗਤ ਜਲੰਦਾ, ਧਰਤੀ ਸੜਦੀ ਦਿਸੀ ਸੀ ਤੈਨੂੰ,
ਜਿਵੇਂ ਦਿਸੀ ਸੀ ਪਿਛੋਂ ਨਾਨਕ ਨੂੰ ।
ਸੜਦੀ ਹੋਸੀ ਤੈਥੋਂ ਪਹਲੋਂ ਵੀ,
ਸੜਦੀ ਏ ਅੱਜ ਵੀ ਉਵੇਂ ਹੀ ।
ਨਾ ਤੈਨੂੰ, ਨਾ ਈਸਾ ਨੂੰ, ਨਾ ਨਾਨਕ ਨੂੰ, ਨਾ ਗਾਂਧੀ ਨੂੰ,
ਉਹ ਠੰਡ ਮਿਲੀ ਕਿ ਠੰਡੀ ਠਾਰ ਹੋਏ ਦੁਨੀਆਂ ।
ਬਸ ਅੱਗਾਂ ਦੇ ਸੇਕ ਤੇ ਠੰਡਾਂ ਦੀ ਚਾਹ,
ਸਭ ਰਹਣਗੇ ਸਦਾ ਹੀ ।

ਸੇਕਣਾ ਸੇਕਾਂ ਨੂੰ, ਇਹ ਸੁਆਦੀ ਨਹੀਂ ਕੀਹ ?
ਚਾਹਣਾ ਠੰਡਾਂ ਨੂੰ, ਇਹ ਵੀ ਕੀਹ ਸੁਆਦੀ ਨਹੀਂ ?
ਸੇਕਾਂ ਦੇ ਸੁਆਦਾਂ ਨੂੰ,
ਚਾਹਣਾਂ ਦੀਆਂ ਯਾਦਾਂ ਨੂੰ
ਮਾਣਨਾ, ਇਹ ਜੀਵਨ ਨਹੀਂ ਕੀਹ ?

7. ਸੰਗਲੀ ਬੱਧਾ ਕੁੱਤਾ

ਪਟੇ ਵਾਲਾ ਕੁੱਤਾ, ਚਮੜੇ ਦਾ ਪਟਾ,
ਲੋਹੇ ਦੀ ਸੰਗਲੀ, ਸੰਗਲੀ ਨਾਲ ਬੱਧਾ,
ਇਕ ਕੁੱਤਾ ।
ਠੂਠੀ ਵਿਚ ਪਾਣੀ ਪੀਏ, ਰਕੇਬੀ ਵਿਚ ਖਾਣਾ ਖਾਏ;
ਅੱਕੇ, ਥੱਕੇ, 'ਵਹੁੰ ਵਹੁੰ' ਕਰੇ, ਢਿਡ ਭਰੇ ਤੇ ਪੂਛ ਹਿਲਾਏ
ਕੈਦੀ ਕੁੱਤਾ ।

ਇਹ ਨੱਸਣ ਵਾਲਾ, ਕੁੱਦਣ ਵਾਲਾ, ਦੌੜਨ ਵਾਲਾ ਕੁੱਤਾ,
ਕਿਸੇ ਵੇਲੇ ਨਾ ਖੁੱਲ੍ਹੇ, ਸਾਰਾ ਦਿਨ ਰਹੇ ਬੱਧਾ;
ਸੰਗਲੀ ਨੂੰ ਖਾਣ ਪਏ;
ਸੰਗਲੀ ਲੋਹੇ ਦੀ ਨਾ ਖਾਧੀ ਜਾਏ;
ਦੰਦੀਆਂ ਪੀਹੇ ਝਈਆਂ ਲਏ ।

ਇਸ ਕੁੱਤੇ ਦੀ ਕੈਦ ਨੇ ਦਿਲ ਮੇਰਾ ਤੜਫਾਇਆ;
ਮੈਂ ਖੋਲ੍ਹਣਾ ਚਾਹਿਆ ।
ਜਿਓਂ ਹੀ ਅੱਗੇ ਹੱਥ ਵਧਾਇਆ,
ਕੁੱਤੇ ਨੇ ਚੱਕ ਭਰਿਆ;
ਲਹੂ ਫਰਨ ਫਰਨ ਵਗੇ, ਚੰਗਾ ਇਨਾਮ ਪਾਇਆ ।

ਮੈਨੂੰ ਆਪਣੀ ਪਈ :
ਸੰਗਲੀ ਤੋੜ ਨਾ ਸਕਿਆ, ਕੁੱਤਾ ਖੁਲ੍ਹ ਨਾ ਸਕਿਆ;
ਦਿਲ ਦੀ ਦਿਲ ਵਿਚ ਰਹੀ ।

ਕਿਵੇਂ ਕੋਈ ਆਜ਼ਾਦ ਕਰਾਏ,
ਇਸ ਪਟੇ ਸਮੇਤ ਸੰਗਲੀ ਬੱਧੇ ਕੁੱਤੇ ਨੂੰ,
ਜੋ ਕੈਦ ਦੀ ਕੌੜਿਤਣ ਸਾਰੀ,
ਓਸੇ ਹੱਥ ਤੇ ਕੱਢੇ,
ਜਿਹੜਾ ਇਸ ਨੂੰ ਖੁਲ੍ਹ ਦਿਵਾਣਾ ਚਾਹੇ ?

ਬੱਝਾ ਰਹੁ, ਕਮਬਖਤ !
ਲੱਜਿਤ ਹੋ !
ਖਬਰੇ ਤੈਨੂੰ ਏਸ ਗੁਲਾਮੀਉਂ
ਮੌਤ ਵਿਚਾਰੀ ਰਿਹਾ ਕਰਾਏ !

8. ਸੂਰ

ਸੂਰ,-
ਕੱਟਿਆਂ ਵਰਗੇ,
ਸੂੰ ਸੂੰ ਕਰਦੇ,
ਭੰਨੇ(ਭੱਜੇ) ਫਿਰਦੇ, ਐਧਰ ਓਧਰ, ਸਭਨੀਂ ਪਾਸੀਂ,
ਗੰਦ ਮੰਦ ਖਾਣ, ਖੌਰੂ ਪਾਣ,
ਭੜਾਸਾਂ ਛੱਡਣ ।

ਸੂਰੀਆਂ ਸਹੁਰੀਆਂ, ਜੰਮੀ ਜਾਣ,
ਡਾਰਾਂ ਦੀਆਂ ਡਾਰਾਂ,
ਥਾਂ ਨਾ ਲੱਭਦਾ,
ਕੋਈ ਭਲਾ-ਮਾਣਸ ਕਿਧਰੋਂ ਦੀ ਲੰਘੇ,
ਧਰਤੀ ਭਰ ਗਈ, ਸੂਰਾਂ, ਸੂਰੀਆਂ ਨਾਲ ।

ਯਾ ਰੱਬ !
ਕਦ ਘਟਸਨ ? ਕਦ ਮਰਸਨ ? ਕਦ ਮੁਕਸਨ ?
ਇਹ ਸੂਰੇ, ਸੂਰੀਆਂ, ਸੂਰ-ਸਿਰੇ,
ਕਦ ਮਿਲਸੀ ਥਾਂ, ਕਿਸੇ ਬੰਦੇ ਨੂੰ,
ਬੈਠਣ ਦੀ, ਬਹ ਮਿਲਣ ਦੀ, ਗੱਲ ਕਰਨ ਦੀ,
ਜੀਵਨ ਦੀ, ਪਿਆਰਨ ਦੀ, ਚਾਅ ਕਰਨ ਦੀ ?

9. ਬੁੱਚੜ

ਲਾਲ ਅੱਖਾਂ, ਕਰੀਚੇ ਦੰਦ,
ਭੈੜਾ ਮੂੰਹ, ਵੱਟਿਆ ਹੂਰਾ, ਬਥੁੰਨ ਜਿਹਾ,
ਝੁਰੜੀਆਂ ਪਈਆਂ, ਢਿਲਕਿਆ ਮਾਸ,
ਗੋਡੇ ਨਿਕਲੇ, ਵਿੰਗੀਆਂ ਲੱਤਾਂ,
ਖਿਸਕਿਆ ਹੋਇਆ, ਫਿੱਸਿੜ ਜਿਹਾ ।
ਮੈਲੇ ਕਪੜੇ, ਲਹੂਆਂ ਲਿਬੜੇ,
ਹੱਥ ਛੁਰੀ,
ਹੈਵਾਨ ਜਿਹਾ ।
ਬਿਨਾ ਰੂਹ, ਬਿਨਾ ਰਹਮ,
ਬਿਨਾ ਦਿਲ, ਬਿਨਾ ਦਰਦ,
ਬਿਨਾ ਜਿੰਦ, ਬਿਨਾ ਜਾਨ,
ਸ਼ੈਤਾਨ ਜਿਹਾ ।

ਕਦੇ ਨਾ ਹੱਸਿਆ,
ਜਦ ਦਾ ਜੰਮਿਆ ।
ਡਰ ਲਗਦਾ ਵੇਖ ਵੇਖ,
ਰੂਹ ਸੁੰਗੜਦੀ ਜਾਂਦੀ, ਜਿੰਦ ਸਿਮਟਦੀ,
ਦਿਲ ਘਟਦਾ, ਪੈਂਡੇ ਡੋਬ,
ਹੋਯੋ ਆਵੇ, ਵੇਖ ਵੇਖ,
ਇਹ ਕਿਧਰੋਂ ਦਾ ਹੈਵਾਨ ।
ਮੁਰਦਾਰ ਖਾਣਾ, ਬਿੱਜੂ, ਬੇਈਮਾਨ,
ਕਿਧਰੋਂ ਆ ਗਿਆ, ਕਬਰਾਂ ਪਾੜ ਕੇ,
ਸਾਡੀ ਇਸ ਸੁਹਣੀ ਜਿਹੀ ਧਰਤੀ ਉੱਤੇ ।

ਬੁੱਚੜ-ਖਾਨੇ ਇਸ ਦੇ ਚਲਦੇ,
ਮਾਸ ਵਿਕਣ, ਇਸ ਦੇ ਕਾਰਖਾਨੇ,
ਭੀੜ ਲੱਗੀ ਰਹਿੰਦੀ,
ਮੁਰਦਾਰ ਖਾਣੇ ਕੁੱਤਿਆਂ ਦੀ,
ਮਾਸਾਂ ਦੀਆਂ ਮੁਸ਼ਕਾਂ ਪਿੱਛੇ ਫਿਰਦੇ,
ਪੂੰਛ ਹਿਲਾਂਦੇ, ਦੰਦ ਵਿਖਾਂਦੇ,
ਲਹੂ ਲੱਗਾ ਇਹਨਾਂ ਦੇ ਮੂੰਹ ।

ਇਹ ਬੁੱਚੜ,
ਗਾਈਆਂ ਖਾਣਾ, ਭੇਡਾਂ ਬਕਰੀਆਂ ਨੂੰ ਵੱਢੇ,
ਸੁਹਣੀਆਂ ਗਾਈਆਂ, ਚਿੱਟੀਆਂ ਦੁੱਧ,
ਸੁਹਣੇ ਵੱਛੇ ਗੋਰੇ, ਕਾਲੇ,
ਭੁੜਕਦੀਆਂ ਬਕਰੀਆਂ, ਜੁਆਨੀ ਚੜ੍ਹੀਆਂ ਕੜੀਆਂ
ਮੈਂ ਮੈਂ ਕਰਦੇ ਲੇਲੇ, ਨਿੱਕੇ ਨਿੱਕੇ ਮੇਮਨੇ ।
ਇਹ ਸਭ ਨੂੰ ਫੇਰੇ ਛੁਰੀ,
ਬੇਦਰਦ, ਬੇਕਿਰਕ, ਇਨਸਾਨ ਸੂਰਤ ਹੈਵਾਨ,
ਪੁੱਠੀਆਂ ਟੰਗੇ ਲੋਥਾਂ ।

ਇਹ ਮੁਰਦੇ ਵੇਚੂ, ਖੱਲਾਂ ਦਾ ਵਿਉਪਾਰੀ,
ਮਾਸ ਵਢ ਵਢ ਦੇਵੇ, ਕੀਮਾਂ ਕਰ ਕਰ, ਤੋਲ ਤੋਲ,
ਵੇਖ ਨਾ ਸਕਦਾ ਕੋਈ ਇਨਸਾਨ,
ਜਿਸ ਨੂੰ ਹੱਕ ਇਨਸਾਨ ਕਹਾਣ ਦਾ ।
ਇਸ ਦੇ ਗਿਰਦੇ ਫਿਰਦੇ ਇਉਂ,
ਮੁਤਰਾੜੇ ਗਿਰਦੇ ਇੱਲ੍ਹਾਂ ਜਿਉਂ,
ਵਿਸ਼ਟੇ ਗਿਰਦੇ ਮੱਖੀਆਂ
ਤਿਉਂ ਇਸ ਦੇ ਗਿਰਦੇ ਫਿਰਨ ਦੁਟੰਗੇ ਹੈਵਾਨ;
ਜੀਭਾਂ ਕੱਢੀ, ਰਾਲਾਂ ਵਗਦੀਆਂ,
ਪੈਸੇ ਦੇ ਦੇ ਮਾਸ ਖਰੀਦਣ,
ਚਾਵਾਂ ਵਿਚ ਨਾ ਮੇਂਵਦੇ ।

ਕੀ ਇਸ ਬੁੱਚੜ ਦੇ ਵੀ ਹੈਨ,
ਨਿੱਕੇ ਨਿੱਕੇ ਕੁੜੀਆਂ ਮੁੰਡੇ,
ਪੋਪਲੇ ਪੋਪਲੇ, ਭੁੜਕਦੇ ਲੇਲੇ ?
ਕੀ ਇਸ ਦੇ ਘਰ ਵੀ ਹੈ (ਜੇ ਇਸ ਦਾ ਘਰ ਵੀ ਹੈ ਕਿਧਰੇ)
ਕੋਈ ਗੋਰੀ ਜਿਹੀ ਮੁਟਿਆਰ, ਗੁਟਕਦੀ ਗੁਟਾਰ ਤੀਵੀਂ ਏਸ ਦੀ ?
ਕਿਵੇਂ ਕਰਦਾ ਹੋਸੀ ਪਿਆਰ ਇਹ ਬੁੱਚੜ ?
ਕਿਵੇਂ ਪਾਂਦਾ ਹੋਸੀ ਜੱਫੀਆਂ ?
ਦਿਲ ਦੇ ਬਿਨ ਨਾ ਹੋਣ ਪਿਆਰ,
ਬਿਨ ਪਿਆਰਾਂ ਪੈਣ ਨਾ ਜੱਫੀਆਂ ।
ਪਰ ਇਹ ਬੁੱਚੜ ਸ਼ੈਤਾਨ,
ਬਿਨ ਦਿਲ, ਬਿਨ ਦਰਦ ਹੈਵਾਨ,
ਕੀ ਕਰਦਾ ਹੋਸੀ ?
ਜਦ ਵੜਦਾ ਹੋਸੀ ਪਿਆਰਾਂ ਦੀ ਉਸ ਦੁਨੀਆਂ ਅੰਦਰ ।

ਕਿਵੇਂ ਵਸ ਸਕੇ ਦੁਨੀਆਂ ਸੁਖੀ ?
ਕਿਵੇਂ ਹਟ ਸਕਣ ਘੋਲ ਲੜਾਈਆਂ ?
ਜਦ ਤਾਈਂ ਬੁੱਚੜ ਹੋਣ ਦਰਿੰਦੇ,
ਗਜਦੇ, ਵਸਦੇ, ਇਸ ਦੁਨੀਆਂ ਵਿਚ,
ਤੇ ਦੁਨੀਆਂ ਰਖਦੀ ਲੋੜ ਇਹਨਾਂ ਦੀ,
ਨਾਲੇ ਕਰਦੀ ਕਦਰ,
ਵੱਢ ਸਕਦਾ ਵੱਡੇ ਲੇਲੇ ਜੋ,
ਕੱਟ ਸਕਦਾ ਜ਼ਰੂਰ, ਭਰਾ ਉਹ ਆਪਣੇ,
ਥੋੜੀ ਜਿਹੀ ਬਸ ਲੋੜ ਰਤਾ ਕਸੀਸ ਹੋਰ ਵੱਟਣ ਦੀ ।

10. ਕਵਿਤਾ

ਕਵਿਤਾ ਕੀ ਏ ?
ਦਿਲ ਦੇ ਅੰਦਰ ਉਬਲਦੇ ਲਹੂ ਦੀ ਹਵਾੜ,
ਸੀਨੇ ਅੰਦਰ ਧੁਖਦੀ ਅੱਗ ਦਾ ਧੂੰਆਂ ।
ਇਹ ਹੈ ਇੱਕ ਚੰਗਿਆੜੀ ।
ਦੂਰ ਅੰਦਰ ਬਲ ਰਹੇ ਭੜ ਭੜ ਭਾਂਬੜ ਦੀ,
ਇਕ ਮਘਦੀ ਚੰਗਿਆੜੀ,
ਲਗਦੀ ਏ ਜਦ ਕਿਸੇ ਹੁਸਨ ਵਾਲੇ ਬੇ-ਪ੍ਰਵਾਹ ਦੀ ਠੋਕਰ
ਕਿਸੇ ਦੇ ਨਾਜ਼ਕ ਦਿਲ ਸ਼ੀਸ਼ੇ ਨੂੰ,
ਤਾਂ ਨਿਕਲੇ ਇਕ ਆਵਾਜ਼, ਤੜਾਕ ਦੀ,
ਇਹੀ ਕਵਿਤਾ ।

ਪਏ ਲੋਕ ਪਿੰਗਲ ਪੜ੍ਹਨ, ਸੁਆਹ ਛਾਣਨ,
ਪਰ ਕਵਿਤਾ ਨਾ ਬਣੇ ;
ਕਵਿਤਾ ਤਾਂ ਆਏਗੀ,
ਜਦ ਅੰਦਰਲੇ ਸੁੱਤੇ ਪਏ ਕਵੀ ਨੂੰ
ਕਿਸੇ ਲਟਬੌਰੇ ਹੁਸੀਨ ਦੀ ਠੋਕਰ ਜਗਾਏਗੀ ।

ਕਵਿਤਾ :
ਕਿਸੇ ਖੁੰਢੇ ਖੰਜਰ ਨਾਲ ਘਾਇਲ ਆਸ਼ਿਕ ਦੀ
ਝੀਣੀ ਬਾਣਿ ।

ਕਵਿਤਾ ਏ :
ਕਿਸੇ ਪਿੰਜਰ ਵਿਚ ਤਾੜੇ ਗਏ ਪੰਛੀ ਦੇ,
ਵਿਛੜੇ ਪ੍ਰੀਤਮ ਦੀ ਯਾਦ ਵਿਚ,
ਕੇਰੇ ਚਾਰ ਅੱਥਰੂ ।
ਜਦ ਜਿਗਰ ਦਾ ਖ਼ੂਨ,
ਕਿਸੇ ਦੀ ਯਾਦ ਦੀ ਭੱਠੀ ਤਪ ਕੇ,
ਨਿਰਮਲ ਅਰਕ ਬਣ ਨਿਕਲੇ,
ਉਹੀ ਕਵਿਤਾ ਦਾ ਇੱਕ ਰੂਪ ।

ਕਵਿਤਾ :
ਚੁੱਪ ਕਿਸੇ ਮੋਨੀ ਦੀ,
ਪਿਆਰੇ ਦੇ ਪਿਆਰ ਵਿਚ ਹੋਏ ਕਿਸੇ ਲੀਨ ਦੀ,
ਲਿਖੀ ਨਾ ਜਾਂਦੀ,
ਗਾਵਣ ਨਾ ਹੁੰਦੀ ;
ਪਰ ਜ਼ਖਮ ਡੂੰਘੇ ਲਾਂਦੀ,
ਕਹਰ ਕਰਾਰੇ ਕਰਦੀ ।

ਕਵਿਤਾ :
ਜੀਵਨ ਨੂੰ ਜਿਉਂ ਰਹੇ,
ਕਿਸੇ ਜਿਉਂਦੇ ਦੇ, ਜਿਉਂਦੇ ਦਿਲ ਦੀ,
ਕੋਈ ਜਿਉਂਦੀ ਥਰਕ ਥਰਕ ।
ਇਕ ਸੁੰਦਰਤਾ, ਜਿਦ੍ਹੇ ਲਿਸ਼ਕਾਰੇ ਨਾਲ,
ਅਖੀਆਂ ਵਾਲਿਆਂ ਨੂੰ, ਪੈਂਦੇ ਝਾਵਲੇ
'ਸੁੰਦਰ ਪੁਰਖ' ਦੇ ।

ਕਵਿਤਾ :
ਇੱਕ ਸੰਗੀਤ,
ਜੋ ਧੁਰਾਂ ਦੇ ਉਡਣ-ਪੰਖੇਰੂ ਮਨ ਨੂੰ
ਮਗਨਤਾ ਵਿਚ ਸਥਿਰ ਕਰ ਦੇਂਦਾ ।
ਭਾਗ ਹੋਣ ਤਾਂ ਸਦਾ ਲਈ ਲਿਵਲੀਨ ਹੋ ਜਾਂਦਾ
ਮਨ ਪੰਖੇਰੂ ।

ਕਵਿਤਾ :
ਗੁੰਗੀ ਕੁਦਰਤ ਦਾ ਸੁਣੀਂਦਾ ਆਲਾਪ,
ਅਣ ਦਿਸਦੇ ਕਾਦਰ ਦਾ ਦਿਸਦਾ ਇਕ ਨਕਸ਼ਾ ।
ਉਸ ਸੁੰਦਰ ਦਾ ਝਾਂਵਲਾ,
ਕਵਿਤਾ ਸੁੰਦਰਤਾ ਏ ਤੇ ਸੁੰਦਰਤਾ ਕਵਿਤਾ ।

ਕਵਿਤਾ :
ਸਿੱਟਾ ਨਹੀਂ ਨਿਰੀ ਸੋਚ ਦਾ,
ਇਹ ਤਾਂ ਦਿਲ ਦੀ ਬੇਵਸ ਤੜਫਣੀ,
ਮੁਥਾਜ ਨਾ ਤੁਕਾਂਤ ਦੀ, ਪੜੇ ਪਿੰਗਲਾਂ ਦੀ ।
ਉਂਞ ਤਾਂ ਅਕਲਾਂ ਵਾਲਿਆਂ ਲਿਖ ਮਾਰੇ,
ਹਿਸਾਬ ਤੇ ਵਿਆਕਰਣ ਭੀ ਕਵਿਤਾ ਵਿਚ,
ਇਹ ਲੇਖੇ ਹਿਸਾਬਾਂ ਵਾਲਿਆਂ ਦੇ,
ਕਵਿਤਾ ਜਮ੍ਹਾਂ ਤਫਰੀਕ ਦੇ ਘੇਰੇ ਤੋਂ ਬਾਹਰ ਦੀ ਖੇਡ ।
ਭਲਾ ਮਸਤੀ ਦੇ ਵਿਚ ਲੇਖੇ ਕਿਸ ਨੇ ਲਾਏ ?

ਕਵੀ ਦਾ ਇਹੋ ਕਮਾਲ,
ਰੋਜ਼ ਦਿਹਾੜੀ ਦੀਆਂ ਗੱਲਾਂ ਨੂੰ ਵਰਣਨ ਕਰੇ
ਕਿ ਸੁੰਦਰਤਾ ਪਈ ਫੁਟ-ਫੁਟ ਨਿਕਲੇ, ਚਮਕਾਂ ਮਾਰੇ ।
ਅੰਨ੍ਹੇ ਲੋਕੀ, ਅੱਖਾਂ ਤੇ ਬੰਨ੍ਹ ਪੱਟੀਆਂ
ਲੰਘ ਜਾਂਦੇ, ਜਿਨ੍ਹਾਂ ਨਜ਼ਾਰਿਆਂ ਕੋਲ ਦੀ,
ਕਵੀ ਦੀ ਕਲਮ ਦੀ ਛੁਹ ਪਾ,
ਅਲੌਕਿਕ ਭਾਸਣ, ਰਸ ਤੇ ਸਵਾਦ ਦੇਣ
ਉਹੀ ਨਜ਼ਾਰੇ ਕਮਾਲ ਦੇ ।

ਅੱਜ ਕੱਲ੍ਹ ਦੇ ਕਵੀ ਬਿਨ ਖੰਭਾਂ ਤੋਂ ਉਡਦੇ,
ਬੈਠੇ ਬੈਰੋਵਾਲ ਸੁੰਦਰਤਾ ਵਰਣਨ ਕਰਦੇ ਲੰਡਨ ਦੀ;
ਭੁਜਦੇ ਮੁਲਤਾਨ ਦੀ ਰੇਤਾਂ ਵਿਚ
ਵਰਣਨ ਕਰਦੇ ਬਰਸਾਤ ਸ਼ਿਮਲੇ ਦੀਆਂ ਚੋਟੀਆਂ ਦੀ ।
ਬੱਸ ਇਹੋ ਬਣਾਵਟ;
ਤੇ ਹਰ ਬਣਾਵਟ ਹੀ ਗਿਰਾਵਟ ।
ਬਣਾਵਟ ਕਦੇ ਨਾ ਬਣਦੀ ਕਵਿਤਾ ।

ਕਵਿਤਾ ਨੂੰ ਪੜ੍ਹਣਾ ਤੇ ਸਮਝਣਾ ਇੱਕ ਦਾਤ ਏ,
ਦਿਲ ਵਾਲੇ ਹੀ ਵਾਚ ਸਕਣ ਲਿਖੀਆਂ ਦਿਲ ਵਾਲਿਆਂ ਦੀਆਂ ।
ਕਵਿਤਾ ਸਮਝਣ ਲਈ ਚਾਹੀਦੀ,
ਉਡਾਰੀ ਉਹੀ ਤਸੱਵਰ ਦੀ,
ਹਾਲਤ ਉਹੀ ਮਨ ਦੀ,
ਅਵਸਥਾ ਉਹੀ ਦਿਲ ਦੀ,
ਉਹੀ ਖਿਆਲ, ਨਜ਼ਾਰੇ ਤੇ ਇਹਸਾਸ,
ਜਿਨ੍ਹਾਂ ਵਿਚ ਕਦੇ ਸੀ ਕਵੀ ।
ਜਿੰਨਾ ਚਿਰ ਹੋਵੇ ਇਕ ਸੁਰ ਨਾ,
ਪੜ੍ਹਣ ਵਾਲੇ ਤੇ ਲਿਖਣ ਵਾਲੇ ਦੇ ਮਨ ਦੀ ਤੁਣ ਤੁਣੀ,
ਕਵਿਤਾ ਸਮਝ ਨਾ ਆਂਦੀ ।
ਇਸੇ ਲਈ ਤਾਂ ਵਖਰੇ ਵਖਰੇ ਲੋਕਾਂ ਦੇ
ਹੁੰਦੇ, ਵਖਰੇ ਵਖਰੇ ਕਵੀ ।

11. ਕਵੀ ਤੇ ਦੁਨੀਆਂ ਦੀ ਵੰਡ

ਕਰਤਾਰ, ਰਚਨਹਾਰ ਬੜਾ ਹੀ ਖੁਸ਼ ਸੀ,
ਪ੍ਰਸੰਨ ਅਪਣੀ ਸਫਲਤਾ ਤੇ ।
ਉਹ ਰਚ ਚੁੱਕਾ ਸੀ ਸਾਗਰ, ਧਰਤ,
ਪਹਾੜ ਤੇ ਦਰਯਾ :
ਪਸ਼ੂ, ਪੰਛੀ, ਡੱਡ ਮੱਛੀਆਂ, ਹੈਵਾਨ ਤੇ ਇਨਸਾਨ ਭੀ ।
ਹੁਣ ਵੰਡਣੇ ਸਨ ਉਸ ਨੇ ਭੰਡਾਰਿਆਂ 'ਚੋਂ
ਹੁਸਨ, ਹਕੂਮਤ, ਅਕਲ, ਯੋਗਤਾ, ਮਾਇਆ, ਛਾਇਆ
ਤੇ ਲਾਲ ਰਤਨ ।
ਉਹ ਬਖਸ਼ਸ਼ਾਂ ਕਰਨ ਵਾਲਾ ਬੈਠ ਗਿਆ ਤਖ਼ਤ ਉੱਤੇ
ਕਰਨ ਲਈ ਬਖਸ਼ਸ਼ਾਂ, ਵੰਡਣ ਲਈ ਖਜ਼ਾਨੇ ਰਹਮਤਾਂ ਦੇ ।

ਨਗਾਰਿਆਂ ਤੇ ਚੋਟ ਲੱਗੀ :
ਦੜਬਾ-ਦੜੱਬ, ਦੜਬਾ-ਦੜੱਬ,
ਫਰਿਸ਼ਤਿਆਂ ਦਿੱਤੇ ਹੋਕੇ ਉੱਚੀ ਕੂਕ ਕੇ,
"ਭੰਡਾਰ ਲੱਗੇ ਜੇ ਖੁਲ੍ਹੀਨ,
ਲੈ ਲਓ ਬਖਸ਼ਸ਼ਾਂ,
ਭਰ ਲਓ ਝੋਲੀਆਂ, ਪਾਕੇ
ਮੁਰਾਦਾਂ ਮੂੰਹ ਮੰਗੀਆਂ ।"

ਬੱਸ ਫੇਰ ਕੀ ਸੀ,
ਬੁੱਢੇ ਠੇਰੇ, ਜਵਾਨ ਤੇ ਨੱਢੇ,
ਬੱਚੇ ਭੀ ਸਭ ਆਪਣਾ ਕੰਮ ਧੰਦਾ
ਛੱਡ ਉੱਠ ਨੱਸੇ ।
ਰੱਬ ਮੁਸਕ੍ਰਾਇਆ, ਆਖਿਓਸ,
'ਲੁੱਟ ਲਓ, ਜੋ ਆਉਂਦਾ ਹੱਥ, ਰੋਕ ਟੋਕ ਕੋਈ ਨਾ ।'
ਜ਼ਿੰਮੀਦਾਰਾਂ ਜਮਾ ਲਏ ਕਬਜ਼ੇ ਜ਼ਮੀਨਾਂ ਤੇ ;
ਸ਼ਿਕਾਰੀਆਂ ਮੰਗ ਲਏ ਪਸ਼ੂ ਪੰਛੀ ਜੰਗਲਾਂ ਦੇ ।
ਬਾਦਸ਼ਾਹਾਂ ਵਲ ਲਏ ਮੁਲਕ ਤੇ
ਮਸੂਲ ਲੈਣ ਲੱਗੇ ਮੁਲਕਾਂ ਦੇ ;
ਕਿਸੇ ਮੰਗਿਆ ਹੁਸਨ,
ਕਿਸੇ ਹੁਸੀਨਾ ਸਮੇਤ ਹੁਸਨਾਂ ਦੇ ;
ਵੰਡ ਲਿਆ ਤ੍ਰਿਸ਼ਨਾ ਭਰੇ ਇਨਸਾਨ ਨੇ,
ਅੱਖ ਦੇ ਫੋਰ ਵਿਚ,
ਖਜ਼ਾਨਾ ਉਸ ਰੱਬ, ਪਰਵਰਦਗਾਰ ਦਾ ।

ਸਭ ਕੁਝ ਗਿਆ ਹੂੰਜਿਆ, ਸਮੇਟਿਆ, ਤਾਂ
ਹਾਥੀ ਵਾਂਗੂੰ ਝੂਲਦਾ, ਸਿਰ ਨਿਵਿਆਂ
ਅਧ-ਮੀਟੀਆਂ ਅੱਖਾਂ, ਧਰਤੀ ਤੇ ਜਮਾਈ
ਆਣ ਪਹੁੰਚਿਆ, ਮਸਤਾਨੀ ਤੇ ਅਲਬੇਲੀ
ਚਾਲ ਤੁਰਦਾ, ਕਦੇ ਖਲੋਂਦਾ ਉਪਰ ਵਲ ਤਕਦਾ,
ਫੇਰ ਤੁਰਦਾ, ਕਵੀ ਨਿਆਰਾ ।
ਡਿੱਗਾ ਉਹ ਚਰਨੀਂ ਰੱਬ ਦੇ, ਰੋਂਦਾ, ਆਖੇ,
"ਬਾਪੂ, ਮੈਂ ਤੇਰਾ ਵਫ਼ਾਦਾਰ ਬੰਦਾ
ਬਰਬਾਦ ਹੋ ਗਿਆ ।
ਤੂੰ ਸਭ ਦੀਆਂ ਝੋਲੀਆਂ ਭਰ ਦਿੱਤੀਆਂ,
ਮੇਰੇ ਲਈ ਤੂੰ ਕੁਝ ਨਾ ਰਖਿਆ,
ਉੱਕਾ ਹੀ ਭੁਲਾ ਛੱਡਿਆ ।"

ਰੱਬ ਦੇ ਮੱਥੇ ਤੇ ਰਤਾ ਕੁ ਵੱਟ ਪਿਆ,
"ਓਏ ਤੂੰ ਕਿਥੇ ਸੁੱਤਾ ਪਿਆ ਸੈਂ, ?
ਵੰਡ ਹੋ ਚੁੱਕੀ ਤੋਂ ਆਣ ਪਹੁੰਚੈਂ, ਝਗੜੇ ਹੱਥਿਆ ?"
ਕਵੀ ਬੋਲਿਆ,
"ਤੇਰੇ ਕੋਲ ਖੜੋਤਾ, ਮਸਤ ਤੁਰਦਾ ਰਿਹਾ
ਤੇਰੇ ਨੂਰੀ ਚੇਹਰੇ ਦਾ ਤਮਾਸ਼ਾ,
ਤੇਰੇ ਅਕਾਸ਼ੀ ਗੀਤਾਂ ਵਿਚ ਮਸਤ
ਘਿਰਿਆ ਰਿਹਾ ; ਕੀ ਉਸ ਨੂੰ ਮਾਫ
ਨਹੀਂ ਕਰ ਸਕਦੋਂ, ਜਿਸ ਨੂੰ
ਤੇਰੇ ਨੂਰ ਦੀ ਸ਼ਰਾਬ ਕੀਤਾ ਮਸਤ ਤੇ
ਹੁਸਨ ਦੇ ਜਲਵੇ ਨੇ ਬੇਹੋਸ਼ ਕਰੀ ਰੱਖਿਆ ।"

ਰੱਬ ਬੇ ਮਲੂਮਾ ਜੇਹਾ ਮੁਸਕ੍ਰਾਇਆ, ਤੇ ਆਖਿਓ ਸੂ,
"ਦੁਨੀਆਂ ਵੰਡੀ ਗਈ, ਮਾਇਆ ਲੁਟੀ ਗਈ,
ਕਿਸ ਤੋਂ ਖੋਹ ਕੇ ਦਿਆਂ ਤੈਨੂੰ ?
ਕੀ ਤੂੰ ਅਸਮਾਨਾਂ ਤੇ ਰਹਣਾ ਚਾਹੇਂਗਾ ?
ਜਾਹ, ਸਭ ਦਰਵਾਜ਼ੇ ਤੇਰੇ ਲਈ ਖੁਲ੍ਹੇ,
ਬੇ ਰੋਕ ਟੋਕ ਲਾ ਉਡਾਰੀਆਂ,
ਮੈਂ ਭੀ ਇਥੇ ਬੇ-ਨਕਾਬ, ਤੱਕ ਜੇ ਚਾਹੇਂ,
ਤੈਨੂੰ ਧਰਤੀ ਦੀ ਜਕੜ ਤੇ ਮਾਇਆ ਦੀ ਪਕੜ
ਤੋਂ ਆਜ਼ਾਦ ਕੀਤਾ,
ਕੋਈ ਕੈਦ ਨਾ ਤੈਨੂੰ ਏਸ ਥਾਂ,
ਕਰ ਰਾਜ ਤੂੰ ਅਸਮਾਨਾਂ ਤੇ ।"

ਤੇ ਕਵੀ ਖੁਸ਼, ਪਿਆ ਸਿਜਦੇ ਕਰੇ,
ਪਾਵੇ ਜੱਲੀਆਂ ਹੋ ਮਸਤੀ ਵਿਚ ਖੀਵਾ ।

12. ਕਵੀ ਦੀ ਯਾਦ

ਉਹ ਕਵੀ ਸੀ, ਇੱਕ ਕਵੀ,
ਵਾਸੀ ਇਕਾਂਤ ਦਾ ।
ਪਰ ਦੁਨੀਆਂ ਵਾਲੇ ਲੈ ਜਾਦੇ ਉਸ ਨੂੰ
ਮਜਬੂਰ ਕਰਕੇ,
ਆਪਣੇ ਸਮਾਗਮਾਂ ਵਿੱਚ ।

ਓਥੇ ਉਹ ਪੜ੍ਹਦਾ ਮਿੱਠਾ, ਭਾਵ-ਪੂਰਤ,
ਉੱਚਾ ਤੇ ਅਰਸ਼ੀ ਕਲਾਮ
ਇਕ ਅਸਚਰਜ ਲਯ ਵਿਚ,
ਤੇ ਮਸਤੀ ਵਿਚ ਆ ਕੇ ਹਿਲਾਂਦਾ
ਹੱਥ, ਸਿਰ ਤੇ ਅੱਖਾਂ
ਇਕ ਖਾਸ ਅਦਾ ਵਿਚ ।

ਮੁੰਡੇ ਕੁੜੀਆਂ ਹੱਸ ਛਡਦੇ; ਤਕ ਉਸ ਦੀ ਅਦਾ ਨੂੰ,
ਸੁਣ ਉਸ ਦੀ ਲਯ ਨੂੰ ।
ਪਰ ਸਿਆਣੇ ਸਿਰ ਹਿਲਾਂਦੇ ਕੀਲੇ ਉਸ ਦੇ ਲੁਕਵੇਂ ਭਾਵਾਂ ਦੇ ।
ਆਖਿਰ ਵਾਰੀ ਸਿਰ ਚਖਣਾ ਪਿਆ ਉਸ ਕਵੀ ਨੂੰ ਭੀ
ਮੌਤ ਦੇ ਪਿਆਲੇ 'ਚੋਂ ਇੱਕ ਕੌੜਾ ਘੁੱਟ ।
ਉਹ ਸੌਂ ਗਿਆ ਸਦਾ ਲਈ ਮਿੱਠੀ ਨੀਂਦ ।

ਹੁਣ ਉਹ ਉਥੇ ਦੂਰ ਪੂਰੀ ਇਕਾਂਤ ਵਿਚ
ਆਨੰਦਦਾਇਕ ਲਯ ਨਾਲ
ਪੜ੍ਹਦਾ ਹੋਵੇਗਾ ਮਿੱਠੇ ਮਿੱਠੇ ਬੈਂਤ
ਤੇ ਦਾਦ ਦਿੰਦੀ ਹੋਵੇਗੀ ਉਸ ਨੂੰ ਸਵਰਗਾਂ ਦੀ
ਮਸਤਾਨੀ ਚਾਲ ਚਲਦੀ ਹਵਾ ।

ਇਸ ਦੁਨੀਆਂ ਵਾਲੇ ਹੁਣ ਉਸ ਨੂੰ ਭੁੱਲ ਚੁੱਕੇ ਨੇ,
ਉਸਦੀ ਕਵਿਤਾ ਨੂੰ ਦਸਦੇ ਬੇਤੁਕੀਆਂ ਗੱਲਾਂ ।

ਨਾ ਕੋਈ ਕੇਰਦਾ ਇਕ ਅੱਥਰੂ ਹੁਣ ਉਸਦੀ ਯਾਦ ਵਿਚ,
ਨਾ ਕੋਈ ਚੜ੍ਹਾਂਦਾ ਇਕ ਫੁੱਲ ਉਸਦੀ ਬੇ ਨਿਸ਼ਾਨ ਸਮਾਧ ਤੇ ।
ਇਹ ਦੁਨੀਆਂ ਵਾਲੇ ਕਰਦੇ ਸਦਾ ਏਵੇਂ,
ਇਹ ਅਕ੍ਰਿਤਘਨ !

ਭੁੱਲ ਗਏ ਭਾਵੇਂ ਦੁਨੀਆਂ ਵਾਲੇ,
ਪਰ ਕੁਦਰਤ ਨਾ ਭੁੱਲੀ ਫਰਜ਼ ਆਪਣਾ,
ਬੱਦਲ ਰੋਂਦੇ ਹਰ ਸਾਲ ਕਵੀ ਦੀ ਯਾਦ ਵਿੱਚ,
ਢਾਹਾਂ ਪਏ ਮਾਰਦੇ ।
ਬਸੰਤ ਖਿੜਾਂਦੀ ਬੇਅੰਤ ਫੁੱਲ ਦੁਨੀਆਂ ਦੇ ਬਾਗੀਂ,
ਉਸਦੀ ਭੁੱਲੀ ਵਿਸਰੀ ਸਮਾਧ ਤੇ
ਭੇਟ ਕਰਨ ਲਈ ਸ਼ਰਧਾ ਦੀ ਅੰਜਲੀ ।
ਪਤਝੜ ਸਾਰਾ ਤ੍ਰਾਨ ਲਾਕੇ ਬਰਬਾਦੀ ਦਾ ਇਕ ਨਜ਼ਾਰਾ
ਪੇਸ਼ ਕਰਦੀ ਤਾਂ ਜੋ ਅੰਦਾਜ਼ਾ ਲਾ ਸਕਣ
ਦੁਨੀਆਂ ਵਾਲੇ ਉਸ ਉਜਾੜ ਦਾ ਜੋ ਪੈਦਾ ਹੋਈ ਕਵੀ ਦੀ
ਇਕ ਮੌਤ ਕਾਰਣ ।
ਪਰ ਅਫਸੋਸ, ਇਸ ਦੁਨੀਆਂ ਉੱਤੇ,
ਜੋ ਉਸ ਨੂੰ ਭੁੱਲ ਗਈ ਏ, ਸਦਾ ਲਈ ਵਿਸਾਰ ਬੈਠੀ ਏ ।

ਲਿਆਓ, ਲਿਆਓ, ਮਦ ਦੀ ਮਸਤੀ,
ਕਲੀਆਂ ਦੀ ਮੁਸਕ੍ਰਾਹਟ,
ਫੁੱਲਾਂ ਦਾ ਹਾਸਾ,
ਲਾਲਾ ਦਾ ਦਾਗ਼,
ਬੱਦਲਾਂ ਦੇ ਹੰਝੂ,
ਕਿ ਮੈਂ ਚੜ੍ਹਾਵਾਂ ਇਹਨਾਂ ਸਾਰਿਆਂ ਨੂੰ
ਕਵੀ ਦੀ ਸਮਾਧ ਤੇ,
ਭੁਲਾ ਬੈਠੇ ਜਿਸ ਨੂੰ ਦੁਨੀਆਂ ਵਾਲੇ
ਪਰ ਭੁੱਲੀ ਨਾ ਜਿਸ ਨੂੰ ਕੁਦਰਤ ।

13. ਮੇਰਾ ਰੋਸਾ

ਮੈਂ ਪ੍ਰੀਤਮ ਦੀ ਬਾਂਦੀ ਸਾਂ,
ਫਰਮਾਂਬਰਦਾਰ ਬਾਂਦੀ, ਬਰਖੁਰਦਾਰ ਪੁਜਾਰਨ ;
ਮੈਂ ਰੁੱਝੀ ਰਹਿੰਦੀ ਸਾਂ, ਰੁਝੇਵੇਂ ਕਾਰਨ ਰੱਜੀ ਰਹਿੰਦੀ ਸਾਂ;
ਪ੍ਰੀਤਮ ਦੀ ਹੁਕਮ ਬਰਦਾਰੀ ਤੋਂ ਵਿਹਲ ਨਹੀਂ ਸੀ;
ਵਿਹਲ ਦੀ ਲੋੜ ਵੀ ਨਹੀਂ ਸੀ, ਚਾਹ ਵੀ ਨਹੀਂ ਸੀ ।

ਤੇ ਪ੍ਰੀਤਮ ਵੀ
ਮੇਰੀ ਹੁਕਮ-ਬਰਦਾਰੀ, ਫਰਮਾਂਬਰਦਾਰੀ ਨੂੰ ਜਾਣਦਾ ਸੀ ।
ਉਸ ਨੂੰ ਪਤਾ ਸੀ
ਕਿ ਮੈਂ ਆਪਣੀ ਜਾਨ ਵੀ, ਆਨ ਦੀ ਆਨ ਵਿਚ,
ਉਸ ਦੇ ਇਕ ਇਸ਼ਾਰੇ ਤੋਂ ਕੁਰਬਾਨ ਕਰ ਸਕਦੀ ਸਾਂ ।
ਇਹ ਪਰਤੀਤੀ ਮੇਰੇ ਲਈ ਬਸ ਸੀ ।

ਪ੍ਰੀਤਮ ਦੀਆਂ ਹੋਰ ਵੀ ਸਹੀਆਂ ਸਨ ।
ਉਹ ਫਰਮਾਂਬਰਦਾਰ ਨਹੀਂ ਸਨ,
ਕਿ ਖਬਰੇ ਹੈ ਸਨ ?
ਪਰ ਮੈਂ ਉਹਨਾਂ ਨੂੰ ਕੋਈ ਹੁਕਮ ਬਜਾ ਲਿਆਉਂਦਿਆਂ
ਨਹੀਂ ਸੀ ਦੇਖਿਆ ।
ਨਫਰਾਂ ਵਾਲਾ ਭੈ ਉਹਨਾਂ ਵਿਚ ਨਹੀਂ ਸੀ ।

ਉਹ ਹਸਦੀਆਂ ਸਨ, ਮੁਸਕਰਾਂਦੀਆਂ ਸਨ ਤੇ ਖੇਲ੍ਹਦੀਆਂ ਸਨ,
ਤੇ ਪ੍ਰੀਤਮ ਨਾਲ ਅਠਖੇਲੀਆਂ ਕਰਦੀਆਂ ਸਨ ।
ਤੇ ਪ੍ਰੀਤਮ,
ਉਹੋ ਪ੍ਰੀਤਮ, ਜਿਹੜਾ ਕਦੀ
ਮੇਰੇ ਨਾਲ ਅਤਿਅੰਤ ਖੁਸ਼ ਹੋਣ ਪਰ ਵੀ ਖੇਡਦਾ ਨਹੀਂ ਸੀ,
ਉਹਨਾਂ ਨਾਲ ਬਿਨਾਂ ਝਿਜਕ ਖੇਡਦਾ ਤੇ ਖੁਸ਼ ਹੁੰਦਾ ਸੀ ।

ਉਹ ਕਦੇ ਰੁੱਸ ਬੈਠਦੀਆਂ ਸਨ,
ਪ੍ਰੀਤਮ ਉਹਨਾਂ ਨੂੰ ਮੰਨਾਂਦਾ ਫਿਰਦਾ ਸੀ,
ਉਹਨਾਂ ਦੇ ਨਾਜ਼ ਉਠਾਂਦਾ ਫਿਰਦਾ ਸੀ ।

ਮੈਂ ਹੈਰਾਨ ਸਾਂ ;
ਮੈਂ ਕਦੇ ਰੁੱਠੀ ਨਹੀਂ ਸਾਂ ।
ਪਰ ਨਾਲ ਦੀਆਂ ਸਹੀਆਂ ਦਾ ਰੋਸਾ,
ਤੇ ਪ੍ਰੀਤਮ ਦਾ ਮੰਨਾਉਣਾਂ ਦੇਖ ਕੇ ਮੈਨੂੰ ਵੀ ਗੁਦ ਗੁਦ ਹੋਈ ।
ਮੈਂ ਆਖਿਆ :
ਇਹ ਰੁੱਸਣ ਤੇ ਮੰਨੀਣ ਇਕ ਡਾਢੀ ਸੁਆਦਲੀ ਖੇਡ ਹੈ,
ਮੈਂ ਭੀ ਭਲਾ ਸੁਆਦ ਚੱਖਾਂ ।

ਇਕ ਦਿਨ ਮੈਂ ਵੀ ਰੁੱਸ ਪਈ ।
ਪ੍ਰੀਤਮ ਨੇ ਮੰਨਾਇਆ ਵੀ ਪਰ ਓਪਰਾ ਓਪਰਾ, ਬੇ-ਸੁਆਦਾ ਜਿਹਾ ;
ਜਿਵੇਂ ਹੋਰ ਸਹੀਆਂ ਨੂੰ ਮਨਾਂਦਾ ਸੀ, ਤਿਵੇਂ ਨਹੀਂ ।
ਮੈਂ ਸਮਝੀ ਮੇਰੇ ਰੁੱਸਣ ਵਿਚ ਕੋਈ ਊਣ ।
ਮੈਂ ਹੋਰ ਰੁੱਸੀ, ਤੇ ਦੱਬ ਕੇ ਰੁੱਸੀ ।
ਬਸ, ਪ੍ਰੀਤਮ ਗੁੱਸੇ ਹੋ ਗਿਆ, ਤੇ ਮੈਨੂੰ ਰੁੱਸੀ ਨੂੰ ਛੱਡ ਟੁਰ ਗਿਆ ।

ਮੁਦਤਾਂ ਬੀਤ ਗਈਆਂ ਤੇ ਪ੍ਰੀਤਮ ਮੁੜ ਨਹੀਂ ਆਇਆ ।
ਮੈਂ ਰੋਸੇ ਦਾ ਬੁੜ੍ਹਕਦਾ ਤੇ ਕੰਬਦਾ ਅਨੰਦ ਲੈਂਦੀ ਲੈਂਦੀ,
ਫਰਮਾਂਬਰਦਾਰੀ ਤੇ ਰੋਜ਼ ਦਾ
ਅਡੋਲ ਤੇ ਭਰਵਾਂ ਅਨੰਦ ਵੀ ਗੰਵਾ ਬੈਠੀ ।
ਮੈਂ ਹੁਣ ਜੀਵਨ ਤੋਂ ਰੁੱਸੀ ਹਾਂ ।
ਮੇਰੇ ਲੇਖ ।

ਮੈਨੂੰ ਪ੍ਰੀਤਮ ਦੇ ਗੁੱਸੇ ਦੀ ਅੱਜ ਤਾਈਂ ਸਮਝ ਨਹੀਂ ਆਈ ।
ਮੈਂ ਇਹ ਕੁਛ ਇੱਕੋ ਵਾਰ ਕੀਤਾ ਸੀ,
ਜੋ ਹੋਰ ਸਹੀਆਂ ਨਿਤ ਨਵੇਂ ਸੂਰਜ ਕਰਦੀਆਂ ਸਨ ।
ਹੋਰਨਾਂ ਦਾ ਨਿਤ ਦਾ ਰੋਸਾ, ਪ੍ਰੀਤਮ ਨੂੰ ਘਣਾਂ ਪਿਆਰਾ ਲਗਦਾ ਸੀ,
ਤੇ ਮੇਰਾ ਇਕ ਨਿੱਕਾ ਜਿਹਾ ਰੋਸਾ
ਮੇਰੀ ਸਾਰੀ ਉਮਰ ਦੀ ਘਾਲ ਕਮਾਈ ਨੂੰ,
ਇਕ ਛਿਨ ਵਿਚ ਸੁਆਹ ਕਰ ਗਿਆ ।

ਕੀ ਉਹ ਸਭ ਸਿਰਫ਼ ਰੋਸੇ ਲਈ ਬਣਾਈਆਂ ਗਈਆਂ ਸਨ,
ਤੇ ਮੈਂ ਸਿਰਫ਼ ਆਗਿਆਕਾਰੀ ਲਈ ?
ਉਫ਼ !
"ਕਿਆ ਚੱਲੇ ਤਿਸ ਨਾਲ ;
ਇਕਿ ਨਿਹਾਲੀ ਪੈ ਸਵਨ੍ਹਿ,
ਇਕਿ ਉਪਰਿ ਰਹਨਿ ਖੜੇ ।"

14. ਜੋ ਹੈ ਸੋ ਤੇਰੇ ਅੰਦਰ ਹੈ

ਕੋਈ ਮਾੜਾ ਨਹੀਂ, ਕੋਈ ਮੰਦਾ ਨਹੀਂ ।
ਕੋਈ ਚੰਦਰਾ ਨਹੀਂ, ਕੋਈ ਚੰਗਾ ਨਹੀਂ ।
ਕੋਈ ਸੋਹਣਾ ਨਹੀਂ, ਕੋਈ ਕੋਝਾ ਨਹੀਂ ।
ਕੋਈ ਹਛਾ ਨਹੀਂ, ਕੋਈ ਹੋਛਾ ਨਹੀਂ ।
ਕੋਈ ਪਰਉਪਕਾਰੀ ਸੂਰਾ ਨਹੀਂ ।
ਕੋਈ ਸਵਾਰਥੀ ਪੂਰਾ ਪੂਰਾ ਨਹੀਂ ।
ਜੋ ਹੈ ਸੋ ਤੇਰੇ ਅੰਦਰ ਹੈ,
ਜੋ ਚਾਹੇਂ ਜਿਸੇ ਬਣਾ ਦੇਵੇਂ ।

ਤੂੰ ਕਿਸੇ ਨੂੰ ਪੂਜਯ ਬਣਾਨਾ ਏਂ ।
ਤੂੰ ਕਿਸੇ ਤੋਂ ਬਹੁ ਘਿਣ ਖਾਨਾ ਏਂ ।
ਤੂੰ ਕਿਸੇ ਦੇ ਪਿਛੇ ਟੁਰਨਾ ਏਂ ।
ਤਕ ਕਿਸੇ ਨੂੰ ਜਿਉਂਦਾ ਝੁਰਨਾ ਏਂ ।
ਤੂੰ ਕਿਸੇ ਨੂੰ ਲੁਟ ਲੁਟ ਖਾਨਾ ਏਂ ।
ਤੇ ਕਿਸੇ ਲਈ ਲੁਟਿਆ ਜਾਨਾ ਏਂ ।
ਸਭ ਖੇਲ ਹੈ ਤੇਰੀ ਤਕਨੀ ਦਾ,
ਜੋ ਹੈ ਸਭ ਤੇਰੀ ਰਚਨਾ ਹੈ ।

ਤੂੰ ਅਰਸ਼ੀਂ ਕਿਸੇ ਚੜ੍ਹਾ ਦੇਵੇਂ ।
ਪਾਤਾਲੀਂ ਕਿਸੇ ਪੁਚਾ ਦੇਵੇਂ ।
ਮੁਰਦੇ ਨੂੰ ਜੀਂਦਾ ਕਰ ਦੇਵੇਂ ।
ਜੀਂਦੇ ਨੂੰ ਮੁਰਦਾ ਕਰ ਦੇਵੇਂ ।
ਬੰਦੇ ਨੂੰ ਅੱਲਾਹ ਕਰ ਦੇਵੇਂ ।
ਆਕਾ ਨੂੰ ਬਰਦਾ ਕਰ ਦੇਵੇਂ ।
ਕੋਈ ਬੰਗਾਲ ਦੀ ਲਕੜੀ ਹੈ,
ਜੋ ਨਜ਼ਰ ਤਿਰੀ ਦੀ ਤਕਣੀ ਹੈ ।

ਜੋ ਆਪਣੇ ਅੰਦਰੋਂ ਕਢਦਾ ਹੈਂ ।
ਚੁੱਕ ਕਿਸੇ ਦੇ ਅੰਦਰ ਧਰਦਾ ਹੈਂ ।
ਫਿਰ ਵੇਖ ਉਸ ਸਿਜਦਾ ਕਰਦਾ ਹੈਂ ।
ਤੇ ਦੀਦ ਆਪਣੀ ਤੇ ਮਰਦਾ ਹੈਂ ।
ਵਖ ਆਪਣੇ ਤਾਈਂ ਸਮਝਦਾ ਹੈਂ ।
ਤੇ ਵਖ-ਪੁਣੇ ਤੇ ਖਿਝਦਾ ਹੈਂ ।
ਇਹ ਸ਼ਕਤੀ ਤੇਰੇ ਅੰਦਰ ਹੈ,
ਜੋ ਸਮਝੇਂ ਜਿਸੇ ਉਹ ਹੋ ਜਾਵੇ ।

ਪਹਲੋਂ ਕੁਝ ਅਡਰਾ ਮਿਥਦਾ ਹੈਂ ।
ਫਿਰ ਉਸ ਨੂੰ ਲੱਭਣ ਟੁਰਦਾ ਹੈਂ ।
ਤਰਲੇ ਤੇ ਤਰਲਾ ਕਢਦਾ ਹੈਂ ।
ਜਦ ਨਹੀਂ ਲਭਦਾ ਤਦ ਮਰਦਾ ਹੈਂ ।
ਅਸਲੋਂ ਤੂੰ ਆਪ ਮਦਾਰੀ ਹੈਂ ।
ਸਭ ਤੇਰੀ ਖੇਲ ਖਿਲਾਰੀ ਹੈ ।
ਤੂੰ ਜੋ ਚਾਹੇਂ ਸੋ ਬਣ ਜਾਵੇਂ,
ਜੋ ਚਾਹੇਂ ਜਿਸੇ ਬਣਾ ਦੇਵੇਂ ।

ਸਭ ਪਿਆਰ ਮੁਹੱਬਤ ਤੇਰੀ ਹੈ ।
ਘਿਰਣਾ ਨਫ਼ਰਤ ਸਭ ਤੇਰੀ ਹੈ ।
ਸਭ ਭੈੜ ਬਦੀ ਦਾ ਕਰਤਾ ਤੂੰ ।
ਨੇਕੀ ਦਾ ਕਰਤਾ ਧਰਤਾ ਤੂੰ ।
ਨਰਕਾਂ ਸੁਰਗਾਂ ਦਾ ਤੂੰ ਵਾਲੀ ।
ਚੰਗੇ ਮੰਦੇ ਦਾ ਤੂੰ ਮਾਲੀ ।
ਸਭ ਤੇਰਾ ਰੋਣਾ ਹਾਸਾ ਹੈ,
ਤੇਰਾ ਹੀ ਖੇਲ੍ਹ ਤਮਾਸ਼ਾ ਹੈ ।

ਜੇ ਚਾਹੇਂ ਸੁਰਗ ਰਚਾ ਦੇਵੇਂ ।
ਪਿਆਰਾਂ ਦਾ ਬਾਗ਼ ਖਿੜਾ ਦੇਵੇਂ ।
ਜੇ ਚਾਹੇਂ ਨਰਕ ਬਣਾ ਦੇਵੇਂ ।
ਘਿਰਨਾ ਸੰਗ ਸਭ ਮੁਰਝਾ ਦੇਵੇਂ ।
ਸਭ ਕੁਦਰਤ ਤੇਰੇ ਅੰਦਰ ਹੈ ।
ਸਭ ਤਾਕਤ ਤੇਰੇ ਅੰਦਰ ਹੈ ।
ਫਿਰ ਕਿਉਂ ਨਹੀਂ ਸੁਰਗ ਬਣਾ ਦੇਂਦਾ,
ਪਿਆਰਾਂ ਦਾ ਬਾਗ਼ ਖਿੜਾ ਦੇਂਦਾ ।

ਜੇ ਰਤਾ ਚੁੜੇਰਾ ਬਣ ਜਾਵੇਂ ।
ਜੇ ਰਤਾ ਉਚੇਰਾ ਚੜ੍ਹ ਜਾਵੇਂ ।
ਅਰਸ਼ਾਂ ਵਲ ਤਕਨ ਲੱਗ ਜਾਵੇਂ ।
ਫਰਸ਼ਾਂ ਤੋਂ ਰਤਾ ਉਤਾਂਹ ਹੋਵੇਂ ।
ਪਿਆਰਾਂ ਦੀ ਪੌਣ ਝੁਲਾ ਦੇਵੇਂ ।
ਨਰਕਾਂ ਨੂੰ ਸੁਰਗ ਬਣਾ ਦੇਵੇਂ ।
ਫਿਰ ਕਿਉਂ ਨਹੀਂ ਚੌੜਾ ਬਣ ਰਹਿੰਦਾ ?
ਤੇ ਰਤਾ ਉਚੇਰਾ ਹੋ ਰਹਿੰਦਾ ।

15. ਕਮਜ਼ੋਰੀ ਮੇਰੀ ਤਾਕਤ ਹੈ

ਠੇਡਾ ਲਗਿਆਂ ਡਿਗ ਜਾਨਾਂ ਹਾਂ,
ਤੇ ਮਾਰ ਪਿਆਂ ਕੁਰਲਾਨਾ ਹਾਂ,
ਲਿਫ ਜਾਂਦਾ ਹਾਂ, ਉੜ ਜਾਂਦਾ ਹਾਂ,
ਘਬਰਾਂਦਾ ਗ਼ਮ ਪਿਆ ਖਾਂਦਾ ਹਾਂ ।

ਦਿਲਗੀਰੀਆਂ ਅੰਦਰ ਰਹਿੰਦਾ ਹਾਂ,
ਮੂੰਹ ਪਾੜ ਕੇ ਗੱਲ ਨਾ ਕਹਿੰਦਾ ਹਾਂ,
'ਚੁਪ' ਆਖਿਆਂ, ਚੁਪ ਕਰ ਜਾਂਦਾ ਹਾਂ,
'ਮਰ ਜਾ' ਸੁਣ ਕੇ ਮਰ ਜਾਂਦਾ ਹਾਂ ।

ਹੱਥ ਜੋੜਦਾ ਮਾਫ਼ੀਆਂ ਮੰਗਦਾ ਹਾਂ,
ਲਿਟ ਜਾਣੋਂ ਭੀ ਨਹੀਂ ਸੰਗਦਾ ਹਾਂ,
ਯਈਂ ਯਈਂ ਕਰਕੇ ਸਭ ਸਹਿੰਦਾ ਹਾਂ,
ਲਿਫ਼ਤਾ ਬਣ ਬਣ ਕੇ ਰਹਿੰਦਾ ਹਾਂ ।

ਕਮਜ਼ੋਰ ਜਿਹਾ ਮੈਂ ਬੰਦਾ ਹਾਂ,
ਕਮਜ਼ੋਰੀ ਮੇਰੀ ਤਾਕਤ ਹੈ,
ਇਸ ਤਾਕਤ ਦਾ ਇਹ ਚਾਰਾ ਹੈ,
ਇਸ ਚਾਰੇ ਨਾਲ ਗੁਜ਼ਾਰਾ ਹੈ ।

ਕਮਜ਼ੋਰਾਂ ਅੰਦਰ ਘਿਰਿਆ ਹਾਂ,
ਕਮਜ਼ੋਰੀਆਂ ਸੰਗ ਲਿਤੜਿਆ ਹਾਂ,
ਦਿਸਦਾ ਤੇ ਮਾੜਾ ਕੱਚਾ ਹਾਂ,
ਪਰ ਤਗੜਾ ਹਾਂ ਤੇ ਸੱਚਾ ਹਾਂ ।

ਸੱਚ ਸੁਣਨੋਂ ਦੁਨੀਆਂ ਡਰਦੀ ਹੈ,
ਬਲ ਤਾਕਤ ਵੇਖ ਕੇ ਮਰਦੀ ਹੈ;
ਇਉਂ ਕੱਚ ਹੈ ਉੱਚਾ ਪੱਕ ਨਾਲੋਂ,
ਤੇ ਕੁਫ਼ਰ ਹੈ ਉੱਚਾ ਹੱਕ ਨਾਲੋਂ ।

ਪਰ ਅਸਲੋਂ ਵੱਡਾ ਮਰਦ ਹਾਂ ਮੈਂ,
ਕਮਜ਼ੋਰਾਂ ਲਈ ਪੁਰ ਦਰਦ ਹਾਂ ਮੈਂ,
ਕਮਜ਼ੋਰ ਤੇਜ ਸਹ ਸਕਦੇ ਨਹੀਂ,
ਮਰ ਜਾਂਦੇ ਨੇ ਤੇ ਪਕਦੇ ਨਹੀਂ ।

ਕਮਜ਼ੋਰੀ ਮੇਰੀ ਵਰਦੀ ਹੈ,
ਕਰ ਤਰਸ ਦੁਨੀਂ ਲਈ ਧਾਰੀ ਹੈ ।
ਹਾਂ, ਹੌਲੇ ਹੌਲੇ, ਸਣੇ ਸਣੇ,
ਤੇ ਹੁੰਦੇ ਹੁੰਦੇ ਕਦੀ ਕਦੇ;

ਕਮਜ਼ੋਰ ਭੀ ਤਕੜੇ ਹੋ ਜਾਸਣ,
ਤਕੜੇ ਹੋ ਤਕ ਮੇਰੀ ਪਾਸਣ ।
ਕੱਚੇ ਸਭ ਪੱਕੇ ਹੋ ਰਹਸਣ,
ਝੂਠੇ ਸਭ ਸੱਚੇ ਹੋ ਵਹਸਣ;

ਸੱਚ-ਸੂਰਜ ਨੂੰ ਫਿਰ ਤਕ ਸਕਸਣ,
ਵਲ ਤਾਕਤ ਵੇਖ ਨਾ ਝੁਕ ਸਕਸਣ ।
ਤਦ ਫਿਰ ਮੈਂ ਪਰਦੇ ਲਾਹ ਦੇਸਾਂ,
ਸੱਚ ਤਾਕਤ ਕੁੱਲ ਦਿਖਾ ਦੇਸਾਂ ।

ਨੰਗਾ ਹੋ ਫਿਰ ਮੈਂ ਨੱਚਾਂਗਾ,
ਅੱਗ-ਸੂਰਜ ਹੋ ਕੇ ਮੱਚਾਂਗਾ ।
ਤਦ ਦੂਰ ਅਨ੍ਹੇਰੇ ਸਭ ਹੋਸਣ,
ਤੇ ਕੂੜ ਕੁਫ਼ਰ ਸਭ ਜਲ ਵਹਸਣ ।

ਕਮਜ਼ੋਰੀ ਪੱਕੀ ਫਸਲ ਨਹੀਂ,
ਪਰਛਾਵਾਂ ਹੈ ਇਹ ਅਸਲ ਨਹੀਂ ।

16. ਛਣਕਾਰ

ਲਰਜ਼ ਉੱਠਣ ਮੇਰੇ ਦਿਲ ਦੀਆਂ ਤਾਰਾਂ,
ਸੁਣ ਲਾਂ ਜਦ ਝਾਂਜਰ ਤੇਰੀ ਦੀ
ਛਣਨ ਛਣਨ,

ਕੰਨਾਂ ਵਿਚ ਗੂੰਜੇ,
ਆਪ ਮੁਹਾਰੀ ਤਾਣ ਉੱਠੇ ਕੋਈ,
ਗੀਤਾਂ ਦਾ ਸਾਵਣ ਆ ਝੂਮੇਂ;
ਨਿੱਕੀ ਨਿੱਕੀ ਵੱਸੇ ਫੁਹਾਰ ।

ਤੇਜ਼ ਤੇਜ਼ ਕਦੀ ਮੱਧਮ ਹੋਵੇ
ਚਾਲ ਤੇਰੀ ਦਾ ਝਾਉਲਾ ;
ਲਚਕ ਲਚਕ ਕੇ ਪੌਣ ਲੰਘੇ ਜਿਉਂ,
ਲਹਰਾਂ ਦੀ ਛਾਤੀ ਤੇ ਨਚਦੀ,
ਖਿੜੇ ਕੌਲਾਂ ਵਿਚਕਾਰ ।

ਦਿਲ ਮੇਰੇ ਦੀ ਡੂੰਘੀ ਗੁਠ 'ਚੋਂ,
ਉਠਦੀ ਹੈ ਇਹ 'ਵਾਜ਼ ਸੱਜਣ ;
ਕਿ ਛੋਹ ਜਾਂਦੀ ਹੈ ਪਰੀ ਕੋਈ
ਆ ਕੋਈ ਤਲਿਸਮੀ ਸਾਜ਼ ਸੱਜਣ ।

ਜਾਂ ਛਾਇਆ ਉਸ ਪੰਛੀ ਦੀ ਇਹ,
ਪਰ ਫੈਲਾ ਕੇ ਉਡ ਜਾਵੇ ਜੋ,
ਦੂਰ ਕਿਸੇ ਅਣਡਿੱਠੇ ਰੁਖ ਤੇ
ਸਣੇਂ ਆਪਣੀ ਡਾਰ ।

ਦਿਲ ਨੱਚੇ ਪਿਆ ਆਪਮੁਹਾਰਾ,
ਸੁਣਨਾ ਚਾਹੇ ਗੀਤ ਉਹੋ ਮੁੜ-
ਨਰਮ, ਨਰਮ ਤੇ ਕੋਮਲ, ਨਾਜ਼ੁਕ,
ਜਿਸ 'ਚੋਂ ਉਮਲੇ ਪਿਆਰ ;
ਬਣ ਬੈਠਾ ਤੇਰੀ ਝਾਂਜਰ ਦਾ
ਨਿੱਮ੍ਹਾਂ ਜਿਹਾ ਛਣਕਾਰ ।

17. ਇਹ ਕੀ ?

ਸੂਰਜ ਚੜ੍ਹਦਾ
ਲਾਲ ਲਾਲ
ਸੋਨੇ ਦਾ ਥਾਲ,
ਨਿੱਘਾ ਨਿੱਘਾ,
ਜੀਵਨ ਦਾਤਾ
ਸਾਰੀ ਧਰਤੀ ਪਾਲਦਾ ।

ਚੰਨ ਚੜ੍ਹਦਾ :
ਚਿੱਟਾ ਚਿੱਟਾ,
ਮਿੱਠਾ ਮਿੱਠਾ,
ਠੰਡਾ ਠੰਡਾ,
ਠੰਡਾਂ ਪਾਂਦਾ,
ਰਸ ਦਾ ਦਾਤਾ,
ਸਭ ਨੂੰ ਘੂਕ ਸਵਾਲਦਾ ।

ਤਾਰੇ ਦਿਸਦੇ :
ਨਿਮ੍ਹੇ ਨਿਮ੍ਹੇ,
ਨਿੱਕੇ ਨਿੱਕੇ,
ਚਮਕਣ, ਡਲ੍ਹਕਣ,
ਅੱਖਾਂ ਮਾਰਨ, ਡਲ੍ਹਕਾਂ ਛੱਡਣ,
ਅੱਖੀਆਂ ਦੇ ਵਿਚ ਅੱਖੀਆਂ ਪਾ ਕੇ,
ਪਏ ਬੁਝਾਰਤ ਪਾਂਵਦੇ ।

ਫੁੱਲ ਖਿੜਦੇ :
ਹਸਦੇ ਹਸਦੇ,
ਰਸਦੇ ਰਸਦੇ,
ਖੁਸ਼ਬੋ ਦਿੰਦੇ,
ਖੁਸ਼-ਰੰਗ ਰਹਿੰਦੇ,
ਅੱਖਾਂ ਠਾਰਨ,
ਦਿਲ ਨੂੰ ਚਾ ਪਏ ਚਾੜ੍ਹਦੇ ।

ਨਦੀਆਂ ਵੱਗਣ :
ਤਿਲ੍ਹਕ ਤਿਲ੍ਹਕ ਕੇ,
ਢਿਲਕ ਢਿਲਕ ਕੇ,
ਵਲ ਵਿੰਗ ਖਾ ਖਾ,
ਹੇਠਾਂ ਆ ਆ,
ਚਰਨ ਸਮਾ ਕੇ
ਸੜੀਆਂ ਹਿੱਕਾਂ ਠਾਰਦੀਆਂ ।

ਵਾਵਾਂ ਵੱਗਣ :
ਪੋਲੀਆਂ ਪੋਲੀਆਂ,
ਹੌਲੀਆਂ ਹੌਲੀਆਂ,
ਕੁਤਕੁਤੀ ਕਰ ਕਰ,
ਪਿਆਰ ਉਠਾ ਕੇ,
ਮਸਤ ਕਰਦੀਆਂ,
ਨਸ਼ਾ ਅਜਬ ਕੁਝ ਚਾੜ੍ਹਦੀਆਂ ।

ਸਾਰੀ ਦੁਨੀਆਂ :
ਸੁਹਣੀ ਦੁਨੀਆਂ,
ਮੋਹਣੀ ਦੁਨੀਆਂ,
ਵੱਡੀ ਦੁਨੀਆਂ,
ਚੌੜੀ ਦੁਨੀਆਂ,
ਸਭ ਕੁਝ ਇਸ ਵਿਚ,
ਘਾਟਾ ਕੁਝ ਨਾ ।
ਫੇਰ ਪਤਾ ਨਾ ਲਗਦਾ,
ਕਿਉਂ ਇਹ ਬੰਦੇ
ਇਕ ਦੂਜੇ ਨੂੰ
ਪਾੜ ਪਾੜ ਕੇ ਖਾਂਵਦੇ ।

18. ਮੁਰਦਾ

ਹਾਂ ਸੋਚਣਾ, ਫਿਰ ਬੋਲਣਾ,
ਫਿਰ ਗਾਵਣਾ, ਫਿਰ ਨੱਚਣਾ,
ਮਸਤ ਹੋ ਜਾਣਾ, ਗੁੰਮ ਹੋ ਜਾਣਾ,
ਟੁਰ ਜਾਣਾ ਵਿਸਮਾਦਾਂ ਨੂੰ,
ਛੱਡ ਅੰਤਾਂ ਨੂੰ, ਛੱਡ ਆਦਾਂ ਨੂੰ ।

ਜੋ ਸੋਚੇ ਨਾਂਹ, ਤੇ ਬੋਲੇ ਨਾਂਹ,
ਜੋ ਗਾਵੇ ਨਾਂਹ, ਉੱਠ ਨੱਚੇ ਨਾਂਹ,
ਜੋ ਮਸਤੇ ਨਾਂਹ, ਤੇ ਗੁੰਮੇਂ ਨਾਂਹ,
ਜੋ ਵੱਲ ਅਰਸ਼ਾਂ ਉੱਡ ਜਾਵੇ ਨਾਂਹ,
ਤੇ ਰਾਹ ਵਿਸਮਾਦਾਂ ਧਾਵੇ ਨਾ ।

ਜੋ ਵੇਖੇ-
ਸੂਰਜ ਉੱਗਦੇ ਨੂੰ, ਫਿਰ ਡੁੱਬਦੇ ਨੂੰ,
ਚੰਨ ਚੜ੍ਹਦੇ ਨੂੰ, ਚੰਨ ਲਹਿੰਦੇ ਨੂੰ,
ਤੇ ਘਟਦੇ ਵਧਦੇ ਰਹਿੰਦੇ ਨੂੰ,
ਜੋ ਤੱਕੇ-
ਖਿੜੀਆਂ ਕਲੀਆਂ, ਹਸਦੇ ਫੁਲਾਂ,
ਜੁਆਨੀ ਚੜ੍ਹੀਆਂ, ਸੋਹਣੀਆਂ ਕੁੜੀਆਂ,
ਵੇਖੇ, ਪਰ-

ਫਿਰ ਥਰਕੇ ਨਾ, ਫਿਰ ਫਰਕੇ ਨਾਂਹ,
ਫਿਰ ਕੰਬੇ ਨਾ, ਫਿਰ ਲਰਜ਼ੇ ਨਾਂਹ,
ਫਿਰ ਉੱਡ ਗਗਨਾਂ ਨੂੰ ਜਾਵੇ ਨਾਂਹ,
ਸੰਗ ਤਾਰਿਆਂ ਕਿਲਕਿਲੀ ਪਾਵੇ ਨਾ ।

ਉਹ ਬੰਦਾ ਨਹੀਂ, ਉਹ ਗੰਦਾ ਹੈ,
ਉਹ ਲੱਖ ਚੰਗਾ, ਪਰ ਮੰਦਾ ਹੈ ।
ਉਹ ਜੀਂਦਾ ਨਹੀਂ, ਉਹ ਮੋਇਆ ਹੈ,
ਮਰ ਪੱਥਰ ਵੱਟਾ ਹੋਇਆ ਹੈ ।
ਕੋਈ ਉਸ ਦੇ ਨਾਲ ਨਾ ਲੱਗਿਓ ਜੇ,
ਮੁਰਦੇ ਦੀ ਛੁਹ ਤੋਂ ਬਚਿਓ ਜੇ ।

19. ਕੀ ਹੋ ਗਿਆ ਤੈਨੂੰ ?

ਕੀ ਹੋ ਗਿਆ ਤੈਨੂੰ ?
ਬਹਿੰਦਾ ਜਾਂਦਾ,
ਢਹਿੰਦਾ ਜਾਂਦਾ,
ਲਹਿੰਦਾ ਜਾਂਦਾ,
ਰਹਿੰਦਾ ਜਾਂਦਾ,
ਮਰ ਮਰ ਮੁਕਦਾ ਮੌਤ ਆਈ ਬਿਨ,
ਡਰ ਡਰ ਸੁਕਦਾ ਫੜੀ ਫਾਹੀ ਬਿਨ ।

ਬਿਟ ਬਿਟ ਕਿਉਂ ਹੈਂ ਤਕਦਾ ਰਹਿੰਦਾ ?
ਆਸਰੇ, ਪਰਨੇ,
ਟੇਕਾਂ, ਧਰਨੇ,
ਆਲੇ, ਉਹਲੇ,
ਕੱਛਾਂ, ਕੋਠੇ,
ਛਪ ਛਪ ਨਹੀਂ ਗੁਜ਼ਾਰੇ ਹੋਣੇ,
ਟੁਹ ਟੁਹ ਟੁਰਿਆਂ ਸਫ਼ਰ ਨਾ ਮੁੱਕਣੇ ।

ਹਿੰਮਤ ਕਰ ਤੇ ਉੱਠ ਖੜੋ ਜਾ ।
ਰੱਸੇ ਰੱਸੀਆਂ,
ਕੜੀਆਂ ਕੱਸੀਆਂ,
ਬੰਨ੍ਹਣ ਬਸਤੇ,
ਫਾਹੀਆਂ ਫਸਤੇ,
ਕੁੱਟ ਦਿਹ ਸਾਰੇ, ਸੁੱਟ ਪਰ੍ਹਾਂ ਨੂੰ,
ਹੌਲਾ ਹੋ ਕੇ, ਉੱਠ ਖੜੋ ਤੂੰ ।

ਅੱਖਾਂ ਖੋਲ੍ਹ ਕੇ ਵੇਖ ਚਾਨਣਾ,
ਜੋ ਕੁਝ ਦਿਸਦਾ,
ਜੇਹਾ ਦਿਸਦਾ,
ਜੋ ਕੁਝ ਹੁੰਦਾ,
ਜੇਹਾ ਹੁੰਦਾ,
ਮਿਲ ਹੋਣੀ ਨੂੰ ਹਿੱਕਾਂ ਕੱਢ ਕੇ,
ਮਿਲ ਜੀਵਨ ਨੂੰ ਬਾਹਾਂ ਅੱਡ ਕੇ ।

ਆਪਣੇ ਦਿਲ ਨੂੰ ਚੌੜਾ ਕਰ ਲੈ,
ਸਭ ਕੋਈ ਜੀਵੇ,
ਤੂੰ ਭੀ ਜੀਵੇਂ,
ਸਭ ਕੋਈ ਥੀਵੇ,
ਤੂੰ ਭੀ ਥੀਵੇਂ,
ਤੂੰ ਨਾ ਜੀਵੇਂ ਕਿਸੇ ਦੇ ਖਰਚੇ,
ਕੋਈ ਨਾ ਜੀਵੇ ਤੇਰੇ ਖਰਚੇ ।

ਰੜੇ ਮੈਦਾਨੀ ਰੱਜ ਰੱਜ ਨਚ ਲੈ,
ਨੰਗਾ ਹੋ ਕੇ,
ਚੰਗਾ ਹੋ ਕੇ,
ਹੌਲਾ ਹੋ ਕੇ,
ਹੱਛਾ ਹੋ ਕੇ,
ਜੱਫੀਆਂ ਪਾ ਲੈ ਰੱਜ ਰੱਜ ਸਭ ਨੂੰ,
ਪਰਦੇ ਉਹਲੇ ਚੁੱਕ ਚੁੱਕ ਸਭ ਤੂੰ ।

ਰੱਜ ਰੱਜ ਜਿਉਂ ਲੈ, ਜਿਉਂ ਜਿਉਂ ਰੱਜ ਲੈ,
ਚੰਗਾ ਜੀਵਨ,
ਸਾਂਝਾ ਜੀਵਨ,
ਰਲਿਆ ਜੀਵਨ,
ਖਿੜਿਆ ਜੀਵਨ,
ਜਿਉਂ ਲੈ ਜਿਵੇਂ ਫੇਰ ਨਹੀਂ ਜਿਉਣਾ,
ਮਿਲ ਲੈ ਜਿਵੇਂ ਫੇਰ ਨਹੀਂ ਮਿਲਣਾ ।

ਭੜੇ ਭੁਲੇਖਿਆਂ ਵਿਚੋਂ ਨਿਕਲ ਤੂੰ,
ਫਿਰ ਨਹੀਂ ਔਣਾ,
ਮੁੜ ਨਹੀਂ ਜੀਣਾ,
ਅੱਗਾ ਦੂਰ,
ਪਿੱਛਾ ਦੂਰ,
ਆਪੂੰ ਖਿੜ ਲੈ, ਆਪੂੰ ਹੱਸ ਲੈ,
ਆਪੂੰ ਵਸ ਲੈ, ਆਪੂੰ ਰਸ ਲੈ,
ਕਿਸੇ ਖਿੜਾ ਲੈ, ਕਿਸੇ ਹਸਾ ਲੈ,
ਕਿਸੇ ਵਲਾ ਲੈ, ਕਿਸੇ ਵਸਾ ਲੈ ।

20. ਜੀਵਨ-ਆਸ਼ਾ

ਮੈਂ ਜੀਂਦਾ : ਜੀਨ ਨਾ ਦੇਂਦੇ ;
ਮੈਂ ਹੋਂਦਾ : ਹੋਣ ਨਾ ਦੇਂਦੇ ;
ਮੈਂ ਹਸਦਾ : ਹੱਸਣ ਨਾ ਦੇਂਦੇ ;
ਮੈਂ ਰੋਂਦਾ : ਰੋਣ ਨਾ ਦੇਂਦੇ ;
ਰਹਣ ਨਾ ਦੇਂਦੇ,
ਵਹਣ ਨਾ ਦੇਂਦੇ,
ਨੰਗਾ ਨੰਗਾ,
ਚੰਗਾ ਚੰਗਾ ।

ਇਹ ਸਭ ਵੱਡੇ ਵੱਡੇ,
ਧਰਮਾਂ ਵਾਲੇ,
ਭਰਮਾਂ ਵਾਲੇ,
ਮਜ਼੍ਹਬਾਂ ਵਾਲੇ,
ਮੁਲਕਾਂ ਵਾਲੇ,
ਸਮਝਾਂ ਅਤੇ ਸਮਾਜਾਂ ਵਾਲੇ,
ਅਕਲਾਂ ਅਤੇ ਕਾਨੂੰਨਾਂ ਵਾਲੇ,
ਦੁਕਾਨਦਾਰ,
ਫੰਧੇ ਲਾ ਲਾ ਬੈਠੇ,
ਲੁੱਟਣ ਹੱਕ ਪਰਾਏ ।

ਸਮਝਦੇ,
ਧਰਤ ਅਸਮਾਨ ਖੜ੍ਹੇ,
ਇਹਨਾਂ ਦੇ ਆਸਰੇ,
ਕੋਈ ਜੀਵੇ : ਜਿਵੇਂ ਇਹ ਜੀਣ ਦੇਣ ;
ਕੋਈ ਰਵ੍ਹੇ : ਜਿਵੇਂ ਇਹ ਰਹਣ ਦੇਣ ।
ਬੇਸੂਦ ਐਸਾ ਜੀਣਾ,
ਅਨਹੋਣ ਐਸਾ ਹੋਣਾ ।

ਮੈਂ ਮਰਦਾ ;
ਮਰਨ ਚੰਗੇਰਾ ਲੱਖ ਦਰਜੇ,
ਇਸ ਜੀਵਨ ਕੋਲੋਂ ;
ਮਰਨ ਨਾ ਦੇਂਦੇ,
ਜਿਵੇਂ ਮੈਂ ਮਰਨਾ ਮੰਗਦਾ ;
ਆਪਣੀ ਮਨ ਮੌਤੇ,
ਮਰਨ ਨਾ ਦੇਂਦੇ,
ਇਹ ਕਸਾਈ :
ਆਪ ਮਰੇ ਦਾ ਮਾਸ ਹਰਾਮ,
ਇਹ ਆਖਦੇ ।

ਕੋਈ ਜੀਵੇ, ਜਿਵੇਂ ਜਿਵਾਲਣ ਇਹ ;
ਕੋਈ ਮਰੇ, ਜਿਵੇਂ ਮਾਰਣ ਇਹ ।
ਕਦ ਮਰਸਣ,
ਇਹ ਕਸਾਈ,
ਮੂੰਹ ਚਿੱਟੇ ਚਿੱਟੇ,
ਮਨ ਕਾਲੇ ਕਾਲੇ ?

ਕਦ ਮੁਕਸਣ,
ਇਹਨਾਂ ਦੇ ਕੁੱਤੇ,
ਦੰਦੀਆਂ ਵੱਢਣੇ
ਤੇ ਭੌਂਕਣ ਵਾਲੇ ?

ਕਦ ਜੀਸਾਂ
ਉਹ ਜੀਵਨਾ
ਖੁੱਲ੍ਹਾ ਖੁੱਲ੍ਹਾ,
ਖਿੜਿਆ, ਖਿੜਿਆ,
ਅਟਕਣ, ਉਲਝਣ,
ਕੱਜਣ, ਢੱਕਣ
ਬਿਨ ?

ਜੀਵਨ ਜਿਵੇਂ ਦਾ ਜੀਣ ਲਈ
ਸੀ ਬਣਿਆ ਮੈਂ;
ਜੀਵਨ ਜਿਵੇਂ ਦਾ ਜੀਣ ਲਈ
ਹੈ ਹੱਕ ਸਭਸ ਦਾ ।

21. ਪਾਣੀ ਭਰਦੀ ਕੁੜੀ ਨੂੰ

ਨੀਂ ਪਾਣੀ ਭਰਦੀਏ,
ਨੀਂ ਕੁਝ ਕੁਝ ਕਰਦੀਏ,
ਚਰਖੜੀ ਚਲਾਣੀਏਂ,
ਲੱਜਾਂ ਵਹਾਣੀਏਂ,
ਡੋਲ ਡੁਬਕਾਣੀਏਂ,
ਸ਼ਰਮ ਪਈ ਖਾਣੀਏਂ,
ਸਹਿਮਦੀ ਸੰਙਦੀ,
ਡੁਬਕਦੀ ਸ਼ਰਮਦੀ,
ਖੂਹਾਂ ਦੇ ਅੰਦਰੀਂ, ਝਾਤੀਆਂ ਮਾਰਦੀ,
ਡੋਲ ਪਿਆ ਡੁੱਬਦਾ,
ਬੁਲ੍ਹਬੁਲ੍ਹੇ ਕੱਢਦਾ,
ਸਖਣੇਂ ਅੰਦਰੀਂ ਪਾਣੀ ਭਰੀਜਦਾ,
ਵੇਖਦੀ, ਹਸਦੀ, ਦੂਹਰੀ ਹੁੰਦੀ ਜਾਣੀਏਂ ।

ਭਰ ਗਿਆ, ਡੁੱਬ ਗਿਆ,
ਹੇਠਾਂ ਗੜੂੰਦਿਆ,
ਬਾਹੀਂ ਉਲਾਰ ਕੇ,
ਵਡੀਆਂ ਵਡੀਆਂ, ਲੰਮੀਆਂ ਲੰਮੀਆਂ,
ਲੱਜਾਂ ਲਮਕਾ ਕੇ,
ਚਰਖੜੀ ਚੜ੍ਹਾ ਕੇ,
ਛੂ ਮੰਤ੍ਰ ਨਾਲ, ਮੁੜ ਕੱਢ ਲਿਆਣੀਏਂ ।

ਪਾਣੀ ਜੋ ਕੱਢਿਆ,
ਲਿਸ਼ਕਦਾ ਪਾਣੀ ਇਹ,
ਚਮਕਦਾ ਪਾਣੀ ਇਹ,
ਸ਼ੀਸ਼ੇ ਬੇਦਾਗ ਵਾਂਗ,
ਚਿਲਕਦਾ ਪਾਣੀ ਇਹ,
ਮੂੰਹ ਤੇ ਪਾਣੀਂ ਏਂ,
ਪੈਰਾਂ ਤੇ ਪਾਣੀਂ ਏਂ,
ਸਿੱਜਦੀ, ਭਿੱਜਦੀ,
ਮਾਰ ਮਾਰ ਛੱਟੇ ਪਈ, ਸਾਰਾ ਵੰਞਾਣੀਏਂ ।

ਠੰਡ ਨਹੀਂ ਪੈਣੀ ਨੀਂ,
ਅੰਗ ਨਾ ਠਰਨੇ ਨੀਂ,
ਅੰਦਰ ਉਬਾਲ ਤੇਰੇ, ਜੋਸ਼ ਜੁਆਨੀ ਦਾ;
ਲੂੰਬਾ ਹੈ ਅੱਗ ਦਾ,
ਅੱਖਾਂ 'ਚੋਂ ਨਿਕਲਦਾ,
ਗਲ੍ਹਾਂ 'ਚੋਂ ਡਲ੍ਹਕਦਾ,
ਹੋਠਾਂ 'ਚੋਂ ਡੁਲ੍ਹਦਾ,
ਜੀਭੇ 'ਚੋਂ ਸਿੰਮਦਾ,
ਛਾਤੀਆਂ ਦੇ ਅੰਦਰ,
ਥਰਕਦਾ ਲਰਜ਼ਦਾ,
ਥ੍ਰਿਲਦਾ, ਕੰਬਦਾ, ਭੜਥੂ ਮਚਾਂਵਦਾ,
ਹੱਥਾਂ ਦੀਆਂ ਤਲੀਆਂ,
ਪੈਰਾਂ ਦੀਆਂ ਤਲੀਆਂ,
ਨਵ੍ਹਾਂ ਦੇ ਅੰਦ੍ਰੋਂ, ਖੂਨ ਵਗਾਂਵਦਾ ;
ਚੁੰਨੀਆਂ, ਝੱਗਿਆਂ,
ਲੀੜਿਆਂ ਦੇ ਅੰਦਰ,
ਬੱਝ ਨਾ ਰਹਿੰਦਾ, ਨਾ ਕੱਜਿਆ ਜਾਂਵਦਾ ।
ਬੁਰਕਿਆਂ, ਪਰਦਿਆਂ
ਕੱਜਣਾਂ, ਢੱਕਣਾਂ,
ਪਾੜ ਕੇ, ਸਾੜ ਕੇ,
ਸ਼ੋਖੀਆਂ ਨਾਲ ਇਹ, ਬਾਹਰ ਨੂੰ ਧਾਂਵਦਾ ।

ਕੌਣ ਕੱਜ ਸਕਦਾ ?
ਕੌਣ ਢੱਕ ਸਕਦਾ ?
ਇਹ ਕਹਰ ਖੁਦਾ ਦਾ,
ਮੇਹਰ ਅੱਲਾਹ ਦੀ,
ਸੁਬਹ ਇਨਸਾਨ ਦੀ,
ਸ਼ਾਮ ਜਹਾਨ ਦੀ,
ਵਸੋਂ ਸੰਸਾਰ ਦੀ,
ਕਿਰਤ ਕਰਤਾਰ ਦੀ,
ਰਹਮ ਰਹੀਮ ਦਾ,
ਕਰਮ ਕਰੀਮ ਦਾ,
ਇਹਨੂੰ ਕੱਜ ਨਾ ਸੁਹਣੀਏਂ,
ਢੱਕ ਨਾ ਚੰਨੀਏਂ,
ਖੂਹਾਂ ਤੇ ਖੂਹੀਆਂ ਦੇ,
ਲੱਜਾਂ ਦੇ ਪੱਜਾਂ ਵਿਚ ਵਲਿਆ ਨਾ ਰੱਖ ਨੀਂ ।

ਨਿਰਮਲਤਾ ਨਾਲ ਤੇ ਨਗਨਤਾ ਨਾਲ,
ਹਾਂ ਸੰਗਾਂ ਬਗੈਰ ਤੇ ਨਿਸਲ ਨਿਸੰਗ ਹੋ,
ਮਾਰ ਦੇਹ ਛਾਲ ਇਸ ਜੀਵਨ-ਸਮੁੰਦ੍ਰ ਵਿਚ,
ਡੁਬਕੀਆਂ ਮਾਰ ਤੇ ਤਾਰੀਆਂ ਲਾ ਕੇ,
ਸਾਥ ਸਹੇਲੀਆਂ ਨਾਲ ਰਲਾ ਕੇ,
ਹਾਸੀਆਂ ਹੱਸ ਕੇ, ਤੇ ਖੁਸ਼ੀਆਂ ਚੁੰਮ ਕੇ,
ਜੀਵਨ-ਸਵਾਦਾਂ ਨੂੰ ਰੱਜ ਕੇ ਚੱਖ ਨੀਂ ।

ਜਾਂਦਿਆਂ ਰਾਹੀਆਂ,
ਥੱਕਿਆਂ ਟੁੱਟਿਆਂ,
ਜੀਵਨ ਹੈ ਰੋਗ ਹੋ ਚੰਬੜਿਆ ਜਿਨ੍ਹਾਂ ਨੂੰ,
ਭਾਰ ਹੇਠ ਦੱਬਿਆਂ,
ਬੋਝ ਹੇਠ ਲੱਦਿਆਂ,
ਪੈਂਡਿਆਂ ਪੀੜਿਆਂ ਤੇ ਮੰਜ਼ਲਾਂ ਮਾਰਿਆਂ,
ਫਾਂਸੀਆਂ ਫਾਥਿਆਂ,
ਕਿਤੇ ਨਾ ਪੁੱਜਿਆਂ,
ਰੁੱਖਿਆਂ ਬੁੱਸਿਆਂ,
ਡਲ੍ਹਕਦੇ, ਡੁਲ੍ਹਦੇ, ਜੀਵਨ ਤੋਂ ਰੁੱਸਿਆਂ,
ਨਾਲ ਕੋਈ ਗੱਲ ਕਰ ।

ਮੁਸਕਣੀਂ ਮੁਸਕ ਕੇ,
ਚੁੰਮਣੀਂ ਸੁੱਟ ਕੇ,
ਬਾਹਾਂ ਉਲਾਰ ਕੇ,
ਤੇ 'ਵਾਜ਼ਾਂ ਮਾਰ ਕੇ,
ਜੀਂਦੀਏ ਚੰਨੀਏਂ,
ਪਾਣੀਆਂ ਭਰਦੀਏ,
ਉਹਨਾਂ ਨੂੰ ਸੱਦ ਕੇ, ਕੋਲ ਬਹਾਲ ਕੇ,
ਛੋਹ ਕੋਈ ਲਾ ਦੇ, ਜੀਵਨ ਦਾ ਚਾਅ ਦੇ ।

ਤੇਰੇ ਹੀ ਸਦਕਾ,
ਮੁਰਦੇ ਜਿਵੀਣ ਪਏ,
ਰੁੱਸੇ ਮੰਨੀਣ ਪਏ,
ਬੁੱਸੇ ਖਿੜੀਨ ਪਏ,
ਟੁੱਟੇ ਜੁੜੀਣ ਪਏ,
ਭੁੱਜੇ ਉਗੀਣ ਪਏ,
ਬੁੱਝੇ ਜਗੀਣ ਪਏ,
ਵੱਸੇ ਜਹਾਨ ਤੇ ਖੁਸ਼ੀ ਇਨਸਾਨ ਰਹੇ ।

22. ਉਹ

ਉਹ ਡਿੱਠੀ ਸੀ ਮੈਂ,
ਉਹ ਇਕ ਪਰੀ ਜਿਹੀ
ਗਗਨਾਂ ਦੀ-ਦੂਰ ਦਿਆਂ ਦੇਸਾਂ ਦੀ,
ਆ ਉੱਤਰੀ ਸਾਡੇ ਦੇਸ,
ਮੁੜ ਉੱਠਣਾ, ਉੱਡਣਾ ਭੁੱਲ ਗਈ ।

ਉਹ ਮਿੱਠੀ ਮਿੱਠੀ ਸ਼ਹਿਤ ਸੀ,
ਰੱਬ ਜਿੱਡੀ ਮਿੱਠੀ;
ਉਹ ਪਿਆਰੀ ਪਿਆਰੀ ਕਿੱਡੀ ਸੀ ?
ਮਾਂ ਜਿੱਡੀ ਪਿਆਰੀ;
ਉਹ ਭੋਲੀ ਭਾਲੀ ਕਿੰਨੀ ਸੀ ?
ਘੁੱਗੀ ਜੇਹੀ ਭੋਲੀ ।

ਉਹ ਆ ਉੱਤਰੀ ਸਾਡੇ ਦੇਸ,
ਮੁੜ ਉੱਠਣਾ, ਉੱਡਣਾ ਭੁੱਲ ਗਈ ।

ਇਸ ਸਾਡੇ ਦੇਸ ਦੀ ਹਾਏ ਕੁੜਿੱਤਣ !
ਹਾਏ, ਦੁਪਿਆਰ !
ਆਹ ! ਘਿਰਣਾ ਸਾਡੇ ਦੇਸ ਦੀ, ਹਾਏ ! ਹਾਏ !!
ਲਾਲਚ ਕੂੜਿਆਰ ।

ਉਹਦਾ ਜੀਵਨ, ਮਿੱਠਾ ਮਿੱਠਾ,
ਕੌੜਾ ਹੋ ਗਿਆ;
ਉਹਦਾ ਰਹਣਾ ਸੱਚਾ ਸੁੱਚਾ,
ਕੂੜਾ ਹੋ ਗਿਆ ।

ਉਫ਼ ! ਦੱਬੀ ਗਈ ਉਹ ਕੂੜੇ ਅੰਦਰ,
ਸਿੰਞਾਣੀ ਜਾਏ ਨਾਂਹ ਉਹਦੀ ਨੁਹਾਰ;
ਝੂਠਿਆਂ ਅੰਦਰ ਝੂਠੀ ਪੈ ਗਈ,
ਮੁਰਦਿਆਂ ਵਿਚ ਹੋਈ ਮੁਰਦਾਰ;
ਉਹ ਹੌਲੀ ਫੁੱਲ, ਹੋਈ ਪੱਥਰੋਂ ਭਾਰੀ,
ਕੂੜਿਆਂ ਦੀ ਕੂੜੀ ਕੂੜਿਆਰ;
ਬੁੱਚੜਾਂ, ਬੁਰਛਿਆਂ, ਬੁਰਿਆਂ 'ਚ ਰਹ ਕੇ,
ਉਹ ਚੰਗਿਆਂ ਦੀ ਚੰਗੀ, ਹੋਈ ਬੁਰਿਆਰ ।

ਹੁਣ ਮੈਂ ਡਿੱਠੀ ਏ ਉਹ,
ਸਿਞਾਣੀ ਨਹੀਂ ਜਾਂਦੀ,
ਬਦਲਦੀ ਬਦਲਦੀ ਬਦਲੀ ਏ ਸਾਰੀ,
ਸੜ੍ਹਾਂਦ ਪਈ ਆਉਂਦੀ ਏ, ਉਫ਼ !
ਖੁਸ਼ਬੂ ਉਡ ਗਈ ਸੂ ਸਾਰੀ ।

ਰੱਬਾ ! ਇਹ ਸਾਡੇ ਦੇਸ਼ ਦੀ ਮਿੱਟੀ ਦਾ ਗੁਣ ਏ,
ਮਿੱਟੀ 'ਚ ਮਿਲਾਣਾ ਜੋ ਆਏ ਇਹਦੇ ਕੋਲ,
ਸਾਡੀ ਮਿੱਟੀ 'ਚ ਲਗ ਕੇ ਫੁੱਲ ਕਿਉਂ ਮਿੱਟੀ ਹੋਂਦੇ ?
ਕਿਉਂ ਨਾ ਹੋਰ ਹੋਰ ਫੁੱਲ ਉਗਦੇ ਇਕ ਦੇ ਕੋਲ ਕੋਲ ।

ਉਫ਼ ! ਮਿੱਟੀ ਸਾਡੀ ਕੱਲਰ,
ਉਹ ਪਰੀ ਭੀ ਕੱਲਰ ਕੱਲਰ ਹੋ ਗਈ,
ਸੁੱਕਾ ਸੜਿਆ ਖਿੰਗਰ,
ਉਹ ਜੋ ਕਦੀ ਸੀ ਇਕ ਪਰੀ ਜਿਹੀ;
ਹੁਣ ਵੇਖ ਨਾ ਸਕਦਾ ਉਸ ਵੱਲ ਮੈਂ,
ਦਿਸਦੀ ਏ ਮਰੀਅਲ ਮਰੀ ਜਿਹੀ, ਮਰੀ ਜਿਹੀ ।

23. ਮੰਦਰ ਪ੍ਰੀਤਾਂ ਦਾ

ਪਿਆਰਾਂ ਵਾਲਿਓ !
ਆਓ, ਆਓ,
ਕਾਹਲੀ ਕਾਹਲੀ, ਛੇਤੀ ਛੇਤੀ,
ਚਿਰ ਨਾ ਲਾਓ,
ਭੱਜੇ ਆਓ,
ਪ੍ਰੀਤਾਂ ਪਾਓ,
ਪਿਆਰ ਵਧਾਓ ।

ਨਿਮ੍ਹ ਨਿਮ੍ਹ ਮੁਸਕੋ,
ਖਿੜ ਖਿੜ ਹੱਸੋ,
ਹੱਸੋ ਵੱਸੋ,
ਲੁੱਡੀਆਂ ਪਾਓ,
ਭੁੜਕੋ ਨੱਚੋ,
ਚੀਕਾਂ ਮਾਰੋ,
ਕਿਲਕਾਂ ਛੱਡੋ,
ਨੱਚੋ ਗਾਓ,
ਢੋਲੇ ਲਾਓ,
ਮੇਰੇ ਅੰਦਰ ਰਾਸ ਰਚਾਓ,
ਮੈਂ ਹਾਂ ਮੰਦਰ ਪ੍ਰੀਤਾਂ ਦਾ ।

ਨਸ ਨਸ ਅੰਦਰ ਭਰਿਆ ਪਿਆਰ,
ਰਗ ਰਗ ਅੰਦਰ ਰਚਿਆ ਪਿਆਰ,
ਕਿਣਕਾ ਕਿਣਕਾ ਮੇਰਾ ਲਰਜ਼ੇ,
ਪੁਰਜ਼ਾ ਪੁਰਜ਼ਾ ਮੇਰਾ ਥਰਕੇ,
ਰੂਹ ਪਈ ਕੰਬੇ,
ਜਿੰਦ ਪਈ ਹੰਬੇ,
ਕੰਬਣੀਆਂ ਨੂੰ ਜੱਫੀਆਂ ਪਾਓ,
ਰਿਸ਼ਮਾਂ ਨਾਲ ਉਤਾਂਹ ਚੜ੍ਹ ਜਾਓ,
ਉਥੇ ਬੁੱਤੇ
ਜਿੱਥੇ ਮੈਂ
ਮੈਂ ਹਾਂ ਸੋਮਾਂ ਪ੍ਰੀਤਾਂ ਦਾ,
ਮੈਂ ਹਾਂ ਮੰਦਰ ਪਿਆਰਾਂ ਦਾ ।

ਰੂਹ ਪਈ ਪੰਘਰ ਪੰਘਰ ਵੱਗੇ,
ਰਸ ਪਿਆ ਝਿੰਮ ਝਿੰਮ, ਝਿੰਮ ਝਿੰਮ ਵੱਸੇ,
ਸੋਮੇਂ ਸਿੰਮਣ,
ਚਸ਼ਮੇਂ ਚਲਣ,
ਨਹਰਾਂ ਛੁੱਟਣ,
ਨਦੀਆਂ ਵੱਗਣ,
ਕਣੀਆਂ ਬਰਸਣ,
ਮੋਤੀ ਖਿਲਰਣ,
ਪੈਣ ਫੁਹਾਰਾਂ ।
ਤ੍ਰੇਲਾਂ ਵੱਸਣ,
ਠੰਡੀਆਂ ਠੰਡੀਆਂ,
ਮਿੱਠੀਆਂ ਮਿੱਠੀਆਂ,
ਨਿਰਮਲ ਨਿਰਮਲ,
ਝਿਰਮਲ ਝਿਰਮਲ ।

ਕਪੜੇ ਲਾਹ ਕੇ,
ਸੰਗਾਂ ਲਾਹ ਕੇ,
ਆਓ ! ਨ੍ਹਾਓ,
ਰੀਝਾਂ ਲਾਹੋ,
ਟੁਭੀਆਂ ਲਾਓ,
ਗੋਤੇ ਖਾਓ,
ਪਾਣੀ ਦੇ ਗਲ ਪਾ ਗਲਵਕੜੀ,
ਭਿਜਦੇ ਆਓ, ਭਿਓਂਦੇ ਜਾਓ,
ਰਲ ਮਿਲ ਜਾਓ,
ਹਿਲ ਮਿਲ ਜਾਓ,
ਮੇਰੇ ਅੰਦਰ ਘੁਲ ਮਿਲ ਜਾਓ,
ਮੈਂ ਦਰਯਾ ਹਾਂ ਪ੍ਰੀਤਾਂ ਦਾ,
ਸ਼ਹੁ ਸਾਗਰ ਹਾਂ ਪਿਆਰਾਂ ਦਾ ।

24. ਪ੍ਰੀਤ ਗੀਤ

ਮੈਂ ਉਡ ਜਾਵਾਂ ਕਿਧਰੇ ਉੱਚਾ,
ਚੰਨੋਂ ਉਪਰ,
ਸੂਰਜੋਂ ਉਪਰ,
ਤਾਰਿਆਂ ਉਹਲੇ, ਗਗਨਾਂ ਅੰਦਰ ।

ਰੌਲਿਆਂ ਗੌਲਿਆਂ ਸ਼ੋਰਾਂ ਤੋਂ ਉੱਚਾ,
ਝਗੜੇ ਫਸਾਦਾਂ ਘੋਲਾਂ ਤੋਂ ਉੱਚਾ,
ਭੁੱਖਾਂ ਪਿਆਸਾਂ ਲੋੜਾਂ ਤੋਂ ਉੱਚਾ ;

ਹੌਲੀ ਹਵਾ ਵਿਚ,
ਪੋਲੀ ਪੋਲੀ, ਠੰਡੀ ਠੰਡੀ, ਮਿੱਠੀ ਫ਼ਿਜ਼ਾ ਵਿਚ,
ਖੰਭ ਛੱਡ ਕੇ ਖੁਲ੍ਹੇ ਡੁਲ੍ਹੇ ;
ਰੂਹ ਛੱਡ ਹੋ ਹਲਕੇ ਢਿਲੇ ।
ਗਾਵਾਂ ਕੋਈ ਗੀਤ-ਪ੍ਰੀਤਾਂ ਭਰਿਆ,
ਚੀਸਾਂ, ਦਰਦਾਂ, ਪੀੜਾਂ ਭਰਿਆ,
ਦੱਸੇ ਜੋ ਜੀਵਣ ਦੀ ਰੀਤ,
ਪਿਆਰ, ਪ੍ਰੇਮ, ਪ੍ਰੀਤ ਦਾ ਗੀਤ,
ਜ਼ਿੰਦਗੀ ਹੈ ਇਕ ਲਹਰ ਪ੍ਰੇਮ ਦੀ,
ਪਿਆਰੀ-ਨਿੱਘੀ, ਠੰਡੀ ਸੀਤ ।

ਹੇ ਰੱਬ !
ਇਹ ਤੇਰੀ ਦੁਨੀਆਂ,
ਕੇਹੀ ਸੁਹਣੀ, ਸੁਹਾਉਣੀ,
ਹਸਣੀ ਹਸਾਉਣੀ,
ਖਿੜਨੀ, ਖਿੜਾਉਣੀ,
ਬਣਾਈ ਏ, ਤੂੰ ਇਹ ਦੁਨੀਆਂ,
ਰੱਜ ਕੇ ਪਿਆਰ ਨਾ ਕਰਨ ਜਾਣਾ,
ਮੈਂ ਅੰਞਾਣਾ ।

ਇਸ ਦੁਨੀਆਂ ਦੇ ਇਹ ਪਹਾੜ,
ਇਸ ਦੁਨੀਆਂ ਦੇ ਔਹ ਉਜਾੜ,
ਬੱਦਲ ਤੇ ਹਵਾਵਾਂ,
ਧੁੱਪਾਂ ਤੇ ਛਾਵਾਂ,
ਪੱਧਰਾਂ ਦੇ ਚਿੱਟਾਨ,
ਗਗਨਾਂ ਦੇ ਨੀਲਾਨ,
ਹੇ ਰੱਬ ! ਕੇਹੇ ਚੰਗੇ ਚੋਖੇ ਬਣਾਏ ਨੇ ਤੂੰ,
ਮੈਂ ਰੱਜ ਕੇ ਪਿਆਰ ਨਾ ਕਰ ਸਕਾਂ ਤੈਨੂੰ ।

ਉਹ ਸਿਆਲੇ ਤੇ ਹੁਨਾਲੇ,
ਗਰਮੀਆਂ ਤੇ ਪਾਲੇ,
ਉਹ ਰੰਗਾ ਰੰਗੀ ਬਹਾਰ,
ਪਤਝੜ ਦੀ ਸੁੰਞੀ ਉਜਾੜ,
ਉਹ ਜੰਗਲ ਤੇ ਬੇਲੇ,
ਨਦੀਆਂ ਤੇ ਸ਼ਾਮਾਂ ਵੇਲੇ,
ਉਹ ਰਾਤਾਂ ਦੀਆਂ ਚਾਨਣੀਆਂ,
ਚਾਨਣੀਆਂ ਦੇ ਮੇਲੇ,
ਹੇ ਰੱਬ ਦੁਨੀਆਂ ਅਚਰਜ ਸੁਹਣੀ ਬਣਾਈ ਏ ਤੂੰ,
ਮੈਂ ਨਾ-ਸ਼ੁਕਰਾ,
ਸ਼ੁਕਰ ਨਾ ਕਰ ਜਾਣਾ ਤੇਰਾ ।

25. ਮੇਰਾ ਗੀਤ

ਮੇਰਾ ਗੀਤ,
ਇਕ ਦਰਦ, ਇਕ ਪੀੜ ਹੈ, ਇਕ ਉਦਾਸੀ ਤੇ ਦਿਲਗੀਰੀ,
ਪੀੜ 'ਚ ਪੈਣਾ, ਪਿਆ ਤੜਫਣਾ, ਇਹ ਬਸ ਮੇਰੀ ਪੀਰੀ,
ਝੀਣੀ ਬਾਣਿ, ਤੇ ਰੋਂਦੀ ਲਯ, ਤੜਫਦੀ ਜਿੰਦ, ਫਰਕਦੀ,
ਮੁਸਕਦੇ ਰੋਣੇ, ਡੁਸਕਦੇ ਹਾਸੇ, ਇਹ ਬਸ ਮੇਰੀ ਸੀਰੀ ।

ਪਕੜ-ਵਿਛੋੜੇ, ਮੇਲ ਜੁਦਾਈਆਂ,
ਹੌਕੇ, ਆਹਾਂ, ਅੱਖ ਸ਼ਰਮਾਈਆਂ ;
ਰੋਂਦੀਆਂ ਖੁਸ਼ੀਆਂ, ਹਸਦੀਆਂ ਗ਼ਮੀਆਂ,
ਵਗਦੇ ਅੱਥਰੂ, ਰਾਤਾਂ ਲੰਮੀਆਂ,
ਹਰੀਆਂ ਪੀੜਾਂ, ਪੰਘਰੀਆਂ ਖੁਸ਼ੀਆਂ,
ਮਸਤੀਆਂ ਹੋਸ਼ਾਂ, ਹੋਸ਼ ਮਸਤੀਆਂ ;
ਪਰਤੱਖ ਸੁਫਨੇ, ਗੁੱਝਾ ਜੀਵਣ ; ਮੇਰੇ ਗੀਤ ਦੀ ਰੀਤ ;
ਮੇਰੀ ਜ਼ਿੰਦਗੀ, ਮੇਰਾ ਗੀਤ ।

ਮੈਂ ਨਾ ਲਿਖਾਂ,
ਮੈਂ ਨਾ ਗਾਵਾਂ ;
ਕਿਸ ਨੂੰ ਲਿਖਾਂ,
ਕਿਹਨੂੰ ਸੁਣਾਵਾਂ ;
ਨਾ ਕੁਈ ਪੜ੍ਹਦਾ, ਨਾ ਕੁਈ ਸੁਣਦਾ ;
ਪੜ੍ਹ ਸੁਣ ਕੇ ਨਾ ਕੁਈ ਸਮਝਦਾ,
ਮੈਂ ਹੋਵਾਂ, ਜਾਂ ਮੇਰੇ ਜੇਹੇ, ਉਹ ਸਮਝਣ
ਇਹ ਗੀਤ ।
ਮੇਰਾ ਗੀਤ,
ਇੱਕ ਦਰਦ, ਪੀੜ,
ਉਦਾਸੀ ਤੇ ਦਿਲਗੀਰੀ ।

26. ਜੋ ਮੈਨੂੰ ਜਿਉਣ ਨਾ ਦੇਂਦੇ

ਉਹ ਸਭ ਪਰਮੇਸ਼ਰ ਮਾਰੇ ਨੇ,
ਜੋ ਮੁਰਦੇ ਆਪ ਨਾ ਜੀਂਦੇ ਨੇ,
ਉਹ ਪਾਪੀ ਨੇ ਹਤਿਆਰੇ ਨੇ,
ਤੇ ਹੋਰਾਂ ਜੀਣ ਨਾ ਦੇਂਦੇ ਨੇ,
ਉਹ ਗੁਨਾਹਗਾਰ ਵਡਭਾਰੇ ਨੇ,
ਸੁਰਗੇ ਨੂੰ ਨਰਕ ਬਣਾਉਂਦੇ ਨੇ,
ਦਰਗਾਹੋਂ ਗਏ ਫਿਟਕਾਰੇ ਨੇ,
ਵਸਦੇ ਉਦਿਆਨ ਕਰੇਂਦੇ ਨੇ,
ਉਹ ਆਪ ਨਾ ਜੀਵਣ ਜੋਗੇ ਨੇ,
ਜੋ ਮਰਦੇ ਨੇ ਨਾ ਜੀਂਦੇ ਨੇ,
ਜੋ ਮੈਨੂੰ ਜਿਉਣ ਨਾ ਦੇਂਦੇ ਨੇ,
ਉਹ ਜੀਵਨ ਜਿਉਣ ਨਾ ਦੇਂਦੇ ਨੇ ।

ਉਹ ਦਾਨ ਬਥੇਰਾ ਕਰਦੇ ਨੇ,
ਜੋ ਜੀਣ ਨਾ ਦੇਵੇ, ਧਰਮ ਕਿਹਾ ?
ਉਹ ਨਾਮ ਬਥੇਰਾ ਜਪਦੇ ਨੇ,
ਜੋ ਖੁਸ਼ੀ ਨਾ ਦੇਵੇ, ਕਰਮ ਕਿਹਾ ?
ਉਹ ਹੋਰ ਵੀ ਸੇਵਾ ਕਰਦੇ ਨੇ,
ਜੋ ਬੰਨ੍ਹਣ ਬੰਨ੍ਹੇ, ਮੁਕਤ ਕਿਹਾ ?
ਮੰਦਰ ਮਸਜਿਦ ਭੀ ਕਰਦੇ ਨੇ,
ਹੱਸਣ ਨਾ ਦੇਵੇ, ਜਗਤ ਕਿਹਾ,
ਉਹ ਫਿਰ ਭੀ ਪਾਪੀ ਭਾਰੇ ਨੇ,
ਉਹ ਧਰਮ ਕਰਮ ਸਭ ਮੰਦੇ ਨੇ,
ਜੋ ਮੈਨੂੰ ਜਿਉਣ ਨਾ ਦੇਂਦੇ ਨੇ ।
ਜੋ ਜਿਉਣ ਨਾ ਮੈਨੂੰ ਦੇਂਦੇ ਨੇ ।

ਮੈਂ ਜੀਂਦੀ ਹਾਂ ਮੈਂ ਥੀਂਦੀ ਹਾਂ,
ਉਹ ਹੌਲੇ ਨੇ, ਉਹ ਹੋਛੇ ਨੇ,
ਮੈਂ ਗੁਟਕਦੀ ਹਸਦੀ ਰਹਿੰਦੀ ਹਾਂ,
ਉਹ ਅੰਦਰੋਂ ਬਾਹਰੋਂ ਥੋਥੇ ਨੇ,
ਮੈਂ ਉਡ ਅਸਮਾਨੀ ਜਾਂਦੀ ਹਾਂ,
ਉਹ ਕੌੜੇ ਨੇ, ਉਹ ਕੋਝੇ ਨੇ,
ਉਥੋਂ ਦੀ ਖਬਰ ਲਿਆਂਦੀ ਹਾਂ,
ਜੋ ਸੁਰਗ ਨੂੰ ਲੱਭਦੇ ਉਥੇ ਨੇ,
ਤੇ ਸਭ ਨੂੰ ਆਣ ਸੁਣਾਂਦੀ ਹਾਂ,
ਉਹ ਲਭਦਾ ਕੁਝ ਨਾ ਐਥੇ ਹੈ,
ਫਿਰ ਮੈਨੂੰ ਜਿਉਣ ਨਾ ਦੇਂਦੇ ਨੇ ।
ਜੋ ਮੈਨੂੰ ਜੀਣ ਨਾ ਦੇਂਦੇ ਨੇ ।

ਮੈਂ ਕਿਸੇ ਨੂੰ ਕੁਝ ਨਾ ਕਹਿੰਦੀ ਹਾਂ,
ਜੋ ਕੁਝ ਹੈ ਸੋ ਸਭ ਐਥੇ ਹੈ,
ਮੈਂ ਕਿਸੇ ਦਾ ਕੁਝ ਨਾ ਲੈਂਦੀ ਹਾਂ,
'ਉਹ' ਭੀ ਜੇ ਹੈ ਤਾਂ ਐਥੇ ਹੈ,
ਨਾ ਦੁੱਖ ਕਿਸੇ ਨੂੰ ਦੇਂਦੀ ਹਾਂ,
ਸੁਖ ਸੁਰਗਾਂ ਦਾ ਸਭ ਐਥੇ ਹੈ,
ਨਾ ਭਾਰ ਕਿਸੇ ਤੇ ਪਾਂਦੀ ਹਾਂ,
ਜੋ ਉਥੇ ਹੈ ਸੋ ਐਥੇ ਹੈ,
ਬਸ ਖਿੜਦੀ ਹਾਂ ਤੇ ਜੀਂਦੀ ਹਾਂ,
ਪਏ ਇਸ ਨੂੰ ਨਰਕ ਬਣਾਂਦੇ ਨੇ,
ਕਿਉਂ ਮੈਨੂੰ ਜੀਣ ਨਾ ਦੇਂਦੇ ਨੇ ?
ਜੋ ਮੈਨੂੰ ਜਿਉਣ ਨਾ ਦੇਂਦੇ ਨੇ ।

ਜੋ ਮੈਨੂੰ ਜੀਵਣ ਦੇਵੇਗਾ,
ਉਹ ਦੂਹਰਾ ਜੀਵਣ ਪਾਵੇਗਾ,
ਇਸ ਨੂੰ ਜੋ ਸੁਰਗ ਬਣਾਵੇਗਾ,
ਉਹ ਸਦਾ ਸੁਰਗ ਰਹਾਵੇਗਾ,
ਜੋ ਜੀਂਦੇ, ਜੀਵਣ ਦੇਂਦੇ ਨੇ,
ਤੱਕ ਜੀਂਦੇ ਨੂੰ ਖੁਸ਼ ਹੋਂਦੇ ਨੇ,
ਜੋ ਰੁੱਸ਼ਿਆਂ ਤਾਈਂ ਮੰਨੇਂਦੇ ਨੇ,
ਤੇ ਬੁੱਝਿਆਂ ਤਾਈਂ ਜਗੇਂਦੇ ਨੇ,
ਉਹ ਆਪਣਾ ਜੀਣਾ ਮੰਗਦੇ ਨੇ,
ਉਹ ਆਪ ਭੀ ਜੀਂਦੇ ਰਹਿੰਦੇ ਨੇ,
ਮੈਨੂੰ ਭੀ ਜੀਵਣ ਦੇਂਦੇ ਨੇ ।

27. ਸਾਡਾ ਭੀ ਕੋਈ ਜੀਣਾ ਹੈ ?

ਜੀਣਾ ਕੀਹ ਜੀਣਾ ਹੈ ?
ਜੀਣਾ ਬਸ ਰੋਣਾ ਹੇ, ਰੋਣਾ ਖ਼ੁਸ਼ ਰਹਣਾ ਹੈ,
ਖਿੜਣਾ ਹੈ, ਹਸਣਾ ਹੈ, ਰਸਣਾ ਹੈ, ਵਧਣਾ ਹੈ,
ਅੱਗੇ ਦੀ ਲਾਰ ਬਿਨਾਂ, ਪਿੱਛੇ ਦੇ ਭਾਰ ਬਿਨਾਂ,
ਸੁਰਗੇ ਦੇ ਲਾਲਚ ਬਿਨ, ਨਰਕੇ ਦੇ ਖਤਰੇ ਬਿਨਾਂ,
ਮੌਤੇ ਦੇ ਖਿਆਲ ਬਿਨਾਂ, ਜਨਮਣ ਦੀ ਯਾਦ ਬਿਨਾਂ,
ਜ਼ੋਰੀ ਨਾ ਜੀਣਾ ਹੈ, ਯੁਮਨਾਂ ਸਿਰ ਜੀਣਾ ਹੈ,
ਜਿਤਨਾ ਚਿਰ ਜੀਣਾ ਹੈ, ਉਤਨਾ ਚਿਰ ਜੀਣਾ ਹੈ,
ਹੱਸ ਹੱਸ ਕੇ ਜੀਣਾ ਹੈ, ਰੱਜ ਰੱਜ ਕੇ ਜੀਣਾ ਹੈ,
ਜੀਣਾ ਹੈ, ਥੀਣਾ ਹੈ, ਹੋਣਾ ਹੈ, ਹੁਵੀਣਾ ਹੈ,
ਧੁਖਣਾ ਨਹੀਂ, ਬਲਣਾ ਨਹੀਂ, ਲਾਟਾਂ ਕੱਢ ਬਲਣਾ ਹੈ,
ਨਕਦ ਬਨਕਦਾਂ ਦਾ, ਰੋਕੜ ਦਾ ਜੀਣਾ ਹੈ,
ਭੰਨ ਘੜ ਦੀਆਂ ਸੋਚਾਂ ਦਾ, ਕਿਰਸਾਂ ਦਾ ਕੋਈ ਜੀਣਾ ਹੈ ?

ਫ਼ਿਕਰ ਨਹੀਂ, ਫਾਕਾ ਨਹੀਂ, ਅਟਕ ਨਹੀਂ, ਝਾਕਾ ਨਹੀਂ,
ਵਗਣਾ ਵਗ ਜਾਣਾ ਹੈ, ਜਿਧਰ ਨੂੰ ਜੀ ਚਾਹੇ,
ਖੁਲੇ ਮੂੰਹ, ਘੁੰਡ ਬਿਨਾਂ, ਜੀਵਨ ਨੂੰ ਮਿਲਣਾ ਹੈ,
ਜੀਣਾ ਹੈ ਜ਼ੋਰ ਬਿਨਾਂ, ਸਹਜੇ ਦਾ ਜੀਣਾ ਹੈ,
ਮਰਣਾ ਹੈ ਰੰਜ ਬਿਨਾਂ, ਸਹਜੇ ਦਾ ਮਰਣਾ ਹੈ,
ਇਹ ਜੀਣਾ, ਜੀਣਾ ਹੈ, ਬਾਕੀ ਸੱਭ ਰੋਣਾ ਹੈ,
ਹੋਣਾ ਨਾ ਹੋਣਾ ਹੈ, ਸਾਡਾ ਭੀ ਕੋਈ ਜੀਣਾ ਹੈ ?

ਕੀਨੇ ਦੀ ਕਾਰ ਸਦਾ, ਮਕਰਾਂ ਦੀ ਤਾਰ ਸਦਾ,
ਡਿੰਗੀ ਰਫ਼ਤਾਰ ਸਦਾ, ਝੂਠੀ ਗੁਫ਼ਤਾਰ ਸਦਾ,
ਪਰਦੇ ਵਿਚ ਰਹਣ ਸਦਾ, ਕੰਨਾਂ ਵਿਚ ਕਹਣ ਸਦਾ,
ਸਹਮਾਂ ਦਾ ਸਹਣ ਸਦਾ, ਕਬਰਾਂ ਦਾ ਰਹਣ ਸਦਾ,
ਹਸਣਾ ਨਾ, ਗੁੜ੍ਹਕਣਾ ਨਾ, ਨੰਗੇ ਹੋ ਭੁੜਕਣਾ ਨਾ,
ਭਾਰਾਂ ਬਿਨ ਉਡਣਾ ਨਾ, ਫ਼ਿਕਰਾਂ ਬਿਨ ਟੁਰਣਾ ਨਾ,
ਛੱਟਾਂ ਦੇ ਖੋਤੇ ਹਾਂ, ਲੱਦੇ ਦੇ ਬੋਤੇ ਹਾਂ,
ਕਤਰੇ ਹੋਏ ਖੰਭ ਅਸਾਂ, ਟੁਰਨਾ ਭੀ ਮਸਾਂ ਮਸਾਂ ।
ਇਹ ਜੀਣਾ ਜੀਣਾ ਹੈ ?

ਊਜਾਂ ਦਾ ਜੀਣਾ ਹੈ, ਹੁੱਜਾਂ ਦਾ ਜੀਣਾ ਹੈ,
ਕੋਝਾ ਜਿਹਾ ਜੀਣਾ ਹੈ, ਹੋਛਾ ਜੀਣਾ ਹੈ,
ਬੋਝਾ ਜਿਹਾ ਜੀਣਾ ਹੈ, ਬੁਝਿਆ ਜਿਹਾ ਜੀਣਾ ਹੈ,
ਬੇਹਾ ਜਿਹਾ ਜੀਣਾ ਹੈ, ਬੁੱਸਾ ਜਿਹਾ ਜੀਣਾ ਹੈ,
ਸਾਡਾ ਭੀ ਕੋਈ ਜੀਣਾ ਹੈ ?

28. ਹੁਣ ਤੂੰ ਆਇਓਂ ਕਾਸ ਨੂੰ

ਸਿੱਕਾਂ ਨਾ ਰਹੀਆਂ,
ਸਧਰਾਂ ਮਿਟ ਗਈਆਂ,
ਖਾਹਸ਼ਾਂ ਰੋ ਪਈਆਂ,
ਆਸਾਂ ਮੁਕ ਪਈਆਂ,
ਅੱਗਾਂ ਬਲ ਬੁਝੀਆਂ,
ਧੂੰਏਂ ਸੁਆਹ ਹੋ ਗਏ,
ਉਬਾਲੇ ਸਭ ਲਹ ਗਏ,
ਜੋਸ਼ ਭੀ ਕੁਲ ਬਹ ਗਏ,
ਵਲਵਲੇ ਸਭ ਢਹ ਪਏ,
ਹਲੂਣੇ ਬਸ ਰਹ ਗਏ,
ਨਜ਼ਰਾਂ ਥੱਕ ਹਟੀਆਂ,
ਅੱਖਾਂ ਮਿਟ ਚੁਕੀਆਂ,
ਸਮੇਂ ਅਗ੍ਹਾਂ ਲੰਘ ਗਏ,
ਮੈਂ ਭੀ ਬਦਲ ਚੁਕਿਆ,
ਦਿਲ ਭੀ ਬਦਲ ਹਟਿਆ;
ਐ ਆਵਣ ਵਾਲੇ ਦੱਸ,
ਹੁਣ ਕਾਸ ਨੂੰ ਆਇਓਂ ਤੂੰ ?
ਆਇਓਂ ਤੂੰ ਕਾਸ ਨੂੰ ਹੁਣ ?

29. ਚੋਭ ਦੀ ਚਸਕ

ਫੁੱਲ ਸੁਹਣਾ ਸੀ, ਰਿਹਾ ਨਾ ਗਿਆ ਜੀ ਲਲਚ ਪਿਆ,
ਤੇ ਝੱਟ ਤੋੜਕੇ ਘੁੱਟ ਸੀਨੇ ਨਾਲ ਲਾ ਲਿਆ,
ਪਰ ਨਾਲ ਹੀ ਕੰਡਾ ਚੁੱਭ ਗਿਆ ।
ਪੀੜ ਜਰੀ ਪਰ ਫੁੱਲ ਨੂੰ ਨਾ ਛੱਡਿਆ ।
ਸੀਨੇ ਨਾਲ ਲਾ ਨਪੀੜ ਲਿਆ ।
ਸਾਰੀ ਰਾਤ ਫੁੱਲ ਨੂੰ ਹਿੱਕ ਨਾਲ ਘੁੱਟ ਰਖਿਆ ।
ਦਿਨ ਚੜ੍ਹਿਆ-ਉਫ਼ !
ਫੁੱਲ ਕੁਮਲਾ ਚੁਕਾ ਸੀ, ਮਧੋਲਿਆ ਜਾਕੇ ।
ਪੱਤੀ ਪੱਤੀ ਹੋ ਚੁਕਿਆ ਸੀ ।
ਫੁੱਲ ਹੁਣ ਨਹੀਂ ਰਿਹਾ,
ਹੁਸਨ ਤੇ ਖੁਸ਼ਬੋ ਤੇ ਖਿੜਾਉ ਕੁਝ ਭੀ ਨਹੀਂ ਰਿਹਾ,
ਪਰ ਕੰਡੇ ਦੀ ਚੋਭ ਅਜੇ ਸੀਂਦਾਂ ਉਵੇਂ ਚਸਕਾਂ ਮਾਰਦੀ ਏ ।

ਹਾਏ ! ਸਾਰੇ ਸੁਹਲ ਤੇ ਸੁਹਣੇ ਫੁੱਲਾਂ ਨਾਲ ।
ਚੁਭਵੇਂ ਤੇ ਪੀੜ ਕਰਨੇ ਕੰਡੇ ਨੇ ?
ਤੇ ਸਾਰੇ ਫੁੱਲ ਅੰਤ ਕੁਮਲਾ ਜਾਂਦੇ ਨੇ,
ਸੁੱਕ ਜਾਂਦੇ ਨੇ ?

ਸੁਹਪਣ ਤੇ ਸੁੰਦ੍ਰਤਾ ਕਿਉਂ ਤਿਲ੍ਹਕਵੀਂ ਹੁੰਦੀ ਏ ?
ਕੰਡੇ ਦੀ ਚੋਭ ਤੇ ਚੋਭ ਦੀ ਚਸਕ,
ਕਿਉਂ ਟਿਕਵੀਂ ਤੇ ਚਿਰ-ਜੀਵੀ ਹੁੰਦੀ ਏ ?

30. ਮੈਂ ਤੈਨੂੰ ਪਿਆਰ ਕਰਨਾਂ ਵਾਂ

ਤੇਰਿਆਂ ਰੁਖ਼ਸਾਰਾਂ ਦੀ ਪਿਆਜ਼ੀ ਭਾਹ ਏ,
ਤੇਰਿਆਂ ਹੋਠਾਂ ਦਾ ਗੁਲਾਬੀ ਰੰਗ ਏ,
ਤੇਰੀਆਂ ਅੱਖਾਂ ਵਿਚ ਬਿਜਲੀ ਦੀ ਚਮਕ ਏ,
ਤੇਰੇ ਮਸਤਕ ਤੇ ਸੂਰਜ ਦੀ ਝਲਕ ਏ,
ਤੇਰੀਆਂ ਬਾਹਾਂ ਗੋਲ ਤੇ ਸਡੌਲ ਨੇ,
ਤੇ ਤੇਰੇ ਹੱਥ ਪਤਲੇ ਤੇ ਨਰਮ ਨੇ,
ਤੇਰੀ ਕਮਰ ਵਿਚ ਲਚਕ ਤੇ ਤੇਰੀਆਂ ਜੰਘਾਂ ਵਿਚ ਮਟਕ ਏ ।
ਤੇਰੀ ਚਾਲ ਮਸਤਾਨੀ ਤੇ ਅਦਾ ਅਲਬੇਲੀ ਏ ।
ਤੇਰੀ ਆਵਾਜ਼ ਇਕ ਮਸਤੀ ਤੇ ਤੇਰੀ ਮੁਸਕ੍ਰਾਹਟ ਇਕ ਜਾਦੂ ਏ,
ਤੇਰੀ ਖ਼ੁਸ਼ੀ ਨਾਲ ਆਲਮ ਸੁੱਖ ਦਾ ਸਾਹ ਲੈਂਦਾ ਏ ਤੇ ਵਸਦਾ ਏ,
ਤੇਰੀ ਹੰਸੀ ਨਾਲ ਕੁਦਰਤ ਹੱਸਦੀ ਏ,
ਤੇ ਮੈਂ ਤੈਨੂੰ ਪਿਆਰ ਕਰਨਾਂ ਵਾਂ ।

ਪਰ-ਪਰ ਇਕ ਦਿਨ ਆਵੇਗਾ ।
ਜਦ ਤੇਰਿਆਂ ਰੁਖ਼ਸਾਰਾਂ ਦੀ ਲਾਲੀ ਉਡ ਜਾਏਗੀ,
ਤੇਰਿਆਂ ਹੋਠਾਂ ਤੇ ਸਿੱਕਰੀ ਬੱਝ ਜਾਏਗੀ,
ਤੇਰੀਆਂ ਅੱਖਾਂ ਦੀ ਚਮਕ ਮੁੱਕ ਜਾਏਗੀ,
ਤੇਰੇ ਮੱਥੇ ਦੀ ਡਲ੍ਹਕ ਸੁੱਕ ਜਾਏਗੀ,
ਤੇਰੀਆਂ ਬਾਹਾਂ ਚੁੜ(ਝੁਰੜ) ਜਾਣਗੀਆਂ;
ਤੇਰੀ ਧੌਣ ਲਮਕ ਜਾਏਗੀ ।
ਤੇਰੀ ਚਾਲ ਲੜਖੜਾ ਜਾਏਗੀ ।
ਇਹ ਅਦਾ ਭੀ ਨਹੀਂ ਰਹੇਗੀ ।
ਆਵਾਜ਼ ਘੱਗੀ ਹੋ ਜਾਏਗੀ,
ਤੇਰੀ ਹੰਝੂ ਭਿੱਜੀ ਮੁਸਕਰਾਹਟ ਨੂੰ ਤੱਕ ਕੇ,
ਤੇਰੀ ਖੁਸ਼ੀ ਤੇ ਗਮੀ ਦੀ ਦੁਨੀਆਂ ਨੂੰ,
ਤੇ ਤੇਰੇ ਹੱਸਣ ਤੇ ਰੋਣ ਦੀ
ਕੁਦਰਤ ਨੂੰ,
ਰਤਾ ਪ੍ਰਵਾਹ ਨਾ ਹੋਵੇਗੀ ।

ਪਰ ਮੈਂ ਤੈਨੂੰ ਉਦੋਂ ਵੀ ਪਿਆਰ ਕਰਾਂਗਾ,
ਕਿਉਂਕਿ ਮੈਂ 'ਤੈਨੂੰ' ਪਿਆਰ ਕਰਨਾਂ ਵਾਂ ।

31. ਤਦੋਂ ਰੱਬ ਜਾਣੇ ਤੂੰ ਮੈਨੂੰ ਕਿਉਂ ਯਾਦ ਔਣਾ ਏਂ

ਜਦੋਂ ਰਾਤਾਂ ਦੇ ਅਨ੍ਹੇਰੇ ਵਿੱਚ,
ਸਾਰੇ ਚੁਪ ਚਾਂਦ ਵਰਤ ਜਾਂਦੀ ਏ,
ਜਦੋਂ ਸਾਰੇ ਜੀਵ ਜੰਤੂ,
ਆਪਣੇ ਆਪਣੇ ਘੁਰਨਿਆਂ ਵਿੱਚ ਨਿੱਘੇ ਹੋ,
ਘਰਾੜੇ ਮਾਰਨ ਲੱਗ ਜਾਂਦੇ ਨੇ,
ਜਦੋਂ ਪਾਲੇ ਨਾਲ ਨੀਲਾ ਹੋਇਆ ਅਸਮਾਨ,
ਹਜ਼ਾਰ ਜਗਦੀਆਂ ਅੱਖਾਂ ਨਾਲ,
ਕਿਸੇ ਦੇ ਔਣ ਦੀ ਉਡੀਕ ਕਰ ਰਿਹਾ ਹੁੰਦਾ ਹੈ ।
ਜਦੋਂ ਮੈਂ ਦੁਨੀਆਂ ਦੇ ਧੰਧਿਆਂ ਫੰਧਿਆਂ,
ਰੁਝੇਵਿਆਂ ਤੇ ਅਕੇਵਿਆਂ ਤੋਂ ਛੁੱਟੀ ਪਾ,
ਬੇ ਫਿਕਰੀ ਤੇ ਮਸਤੀ ਦੀ ਚਾਦਰ ਤਾਣੀ,
ਨੀਂਦਰ ਦੀ ਸੁਖ ਭਰੀ ਗੋਦ ਵਿਚ ਲੇਟ ਜਾਂਦਾ ਹਾਂ ।

ਜਦੋਂ ਮੈਂ ਸੁਫਨਿਆਂ ਦੇ ਦੇਸਾਂ ਦੇ ਸੁਰਗੀ ਮੰਡਲਾਂ ਵਿੱਚ
ਉਡਾਰੀਆਂ ਲਾਣ ਲੱਗ ਜਾਂਦਾ ਹਾਂ ।
ਜਦੋਂ ਮੁਹੱਬਤ ਬੇ-ਪਰਦਾ ਹੋ ਦੂਰ ਬੀਤ ਗਈਆਂ,
ਤੇ ਮੁੜ ਕਦੀ ਨਾ ਔਣ ਵਾਲੀਆਂ ਪ੍ਰੇਮ ਕਹਾਣੀਆਂ,
ਸੁਣਾ ਸੁਣਾ ਕੇ, ਮੈਨੂੰ ਖੂਨ ਦੇ ਅਥਰੂ ਰੁਵਾਣ ਲੱਗ ਜਾਂਦੀ ਹੈ ।

ਜਦੋਂ ਕਾਲਿਆਂ ਘਟਾ ਟੋਪ ਅਨ੍ਹੇਰਿਆਂ ਵਿੱਚ
ਹੱਥ ਪਸਾਰਿਆ ਨਹੀਂ ਸੁਝਦਾ,
ਜਦੋਂ ਨਿੱਕੀਆਂ ਨਿੱਕੀਆਂ ਕਣੀਆਂ ਦੀ ਫੁਹਾਰ,
ਆਪਣੀ ਦਿਲ ਖਿੱਚਵੀਂ ਬਹਾਰ,
ਨਾ-ਕਦਰਸ਼ਨਾਸੀ ਵਿੱਚ ਬਿਤਾਣੀ ਹੁੰਦੀ ਏ ।

ਜਦੋਂ ਸਰਦੀ ਦੀਆਂ ਰਾਤਾਂ ਦੇ ਕੜਕਦੇ ਪਾਲੇ ਵਿੱਚ
ਮੋਰ ਤੇ ਮੋਰਨੀ ਬੱਦਲਾਂ ਦੀ ਬਹਾਰ ਦੀ ਕਦਰ ਕਰਨੋਂ
ਅਸਮੱ੍ਰਥ ਹੁੰਦੇ ਨੇ,
ਜਦੋਂ ਬਾਗ ਵਿੱਚ ਪਪੀਹਾ-ਪੀ-ਪੀ ਕਰਕੇ ਰੋਂਦਾ ਏ ।

ਜਦੋਂ ਕਾਲਾ ਭੌਰਾ ਫੁੱਲ ਦੇ ਹਿਰਦੇ ਵਿੱਚ,
ਮਸਤ ਹੋ ਰੋਂਦਾ ਏ,
ਜਦੋਂ ਬੁਲਬੁਲ ਫੁੱਲ ਦੇ ਕੰਨ ਵਿੱਚ,
ਭੇਤ ਦੀਆਂ ਬਾਤਾਂ ਸੁਣਾਂਦੀ ਏ ;
ਤਦੋਂ-ਤਦੋਂ ਰੱਬ ਜਾਣੇਂ,
ਤੂੰ ਮੈਨੂੰ ਕਿਉਂ ਯਾਦ ਔਣਾ ਏਂ ?

32. ਬੇਕਾਰ ਹੈ ਹਸਤੀ ਮੇਰੀ

ਤੂੰ ਹੈਂ ਵਫ਼ਾ ਦੀ ਮੂਰਤੀ ਮੈਂ ਹਾਂ ਸਰਾਸਰ ਬੇ-ਵਫ਼ਾ,
ਤੂੰ ਪਾਕ ਹੈਂ ਪਾਕੀਜ਼ਗੀ, ਨਾਪਾਕ ਹਾਂ ਮੈਂ ਬੇ ਹਯਾ,
ਤੂੰ ਨੂਰ ਹੈਂ ਤੇ ਰੌਸ਼ਨੀ, ਮੈਂ ਹਾਂ ਹਨੇਰਾ ਰਾਤ ਦਾ,
ਤੂੰ ਸੁੱਚੜੀ ਤੇ ਸੱਚੜੀ, ਮੈਂ ਜੂਠ ਹਾਂ ਝੂਠਾ ਬੜਾ,
ਮੈਂ ਪਯਾਰ ਦੇ ਲਾਇਕ ਨਹੀਂ, ਐ ਸੁੰਦਰੀ ਦਿਲ ਨਾ ਲਗਾ ।

ਤੂੰ ਮੂਰਤੀ ਹੈਂ ਪ੍ਰੇਮ ਦੀ, ਮੈਂ ਸਵਾਰਥੀ ਪਾਜੀ ਬੜਾ,
ਸਦ ਗਿਰਦ ਤੇਰੇ ਰਹੇ ਖੁਸ਼ੀ, ਮੈਂ ਰੋਂਵਦਾ ਰਹਿੰਦਾ ਸਦਾ,
ਤੂੰ ਹੈਂ ਸਦਾ ਹੀ ਸ਼ਾਦ ਮੈਂ ਨਾਸ਼ਾਦ ਹਾਂ ਤੇ ਚਿੜਚਿੜਾ,
ਤੂੰ ਹੈਂ ਸਦਾ ਆਬਾਦ ਮੈਂ ਬਰਬਾਦ ਹੋਯਾ ਘੋਂਸਲਾ,
ਅਪਣੀ ਖੁਸ਼ੀ ਨੂੰ ਸੁਹਣੀਏਂ ਮੈਂ ਹਿਜਰ ਦੇ ਵਿਚ ਨਾ ਵੰਜਾ ।

ਤੂੰ ਸਾਫ਼ ਸੁੱਚੀ ਜ਼ਿੰਦਗੀ, ਮੈਂ ਖ਼ਵਾਬ ਹਾਂ ਡਰ ਵਾਲੜਾ,
ਤੂੰ ਮਾਲਿਕ ਹੈਂ ਮਹਲ ਦੀ ਤੇ ਮੈਂ ਆਵਾਰਾ ਬੇ-ਘਰਾ,
ਤੂੰ ਸਾਫ਼ ਦਿਲ, ਸਾਧੂ ਸੁਭਾ, ਮੈਂ ਇਕ ਉਚੱਕਾ ਬੋਝੜਾ,
ਤੂੰ ਮਧੁਰਤਾ ਗੰਧ ਵਾਲੜੀ, ਮੈਂ ਅੱਕ ਦਾ ਹਾਂ ਬੂਟੜਾ,
ਬੇਕਾਰ ਹੈ ਹਸਤੀ ਮਿਰੀ ਅਪਣੇ ਚਮਨ ਵਿਚ ਨਾ ਲਗਾ ।

ਤੂੰ ਅਰਸ਼ ਦੀ ਵਸਨੀਕ ਤੇ ਮੈਂ ਕਿਰਮ ਹਾਂ ਇਸ ਧਰਤ ਦਾ,
ਤੂੰ ਉੱਡਦੀ ਉਤਾਂਹ ਨੂੰ, ਮੈਂ ਹੇਠ ਨੂੰ ਡਿਗਦਾ ਸਦਾ,
ਤੂੰ ਮਹਿਰਮ-ਏ-ਇਸਰਾਰ ਹੈਂ, ਮੈਂ ਪ੍ਰੇਮ ਤੋਂ ਨਾ-ਆਸ਼ਨਾ,
ਤੂੰ ਹੋਰਨਾਂ ਦੀ ਆਸ ਹੈਂ, ਮੈਂ ਆਪ ਹਾਂ ਬੇ-ਆਸਰਾ,
ਬੇਕਾਰ ਹੈ ਮੇਰੇ ਲਈ ਇਹ ਰਾਤ ਭਰ ਦਾ ਜਾਗਣਾ ।

ਤੂੰ ਹੈਂ ਸੁਗੰਧੀ ਫੁੱਲ ਦੀ, ਮੈਂ ਗੰਦਗੀ ਦਾ ਲੋਥੜਾ,
ਤੂੰ ਸੁੰਦਰੀ ਹੈਂ ਸਵਰਗ ਦੀ ਮੈਂ ਦੋਜ਼ਖਾਂ ਦਾ ਰੋਝੜਾ,
ਤੂੰ ਰੂਹ ਹੈਂ ਕਿ ਆਤਮਾ, ਮਲ ਮੂਤ ਦਾ ਮੈਂ ਬੋਝੜਾ,
ਹੈ ਰੂਹ ਤੇਰੀ ਇਬਤਦਾ, ਤੇ ਖ਼ਾਕ ਮੇਰੀ ਇੰਤਹਾ,
ਨਾਪਾਕ ਹੋਸੇਂ ਛੋਹ ਕੇ ਹਰਗਿਜ਼ ਨਾ ਮੇਰੇ ਨੇੜ ਆ ।

ਤੂੰ ਰੰਗ ਹੈਂ ਰੰਗੀਨ, ਮੈਂ ਬੇਰੰਗ ਨਾ ਹਾਂ ਰੰਗਿਆ,
ਤੂੰ ਪਾਈ 'ਗੁਰੂ' ਤੋਂ ਸਿੱਖਿਆ, ਮੈਂ ਨੀਚ ਭੈੜਾ ਬੇ-ਗੁਰਾ,
ਤੂੰ ਪਾਈ ਅਬਦੀ ਜ਼ਿੰਦਗੀ, ਮੈਂ ਨਦੀ ਕੰਢੇ ਰੁੱਖੜਾ,
ਤੂੰ ਰੱਬ ਦੀ ਹਮਰਾਜ਼ ਹੈਂ, ਮੈਂ ਗੈਰ ਹਾਂ ਤੇ ਓਪਰਾ,
ਮੈਂ ਰਹਮ ਦੇ ਲਾਇਕ ਨਹੀਂ ਨਾ ਮੇਰੇ ਉੱਤੇ ਰਹਮ ਖਾ ।

ਤੂੰ ਪਰੀ ਹੈਂ ਕੁਈ ਖ਼ੁਸ਼ਖ਼ੁਲਕ, ਸ਼ੈਤਾਨ ਮੈਂ ਮੁਰਦਾ ਜਿਹਾ,
ਤੂੰ ਦੌਲਤਾਂ ਦੀ ਮਾਲਕਿਨ, ਮੈਂ ਨਾਦਾਰ, ਮੁਫਲਿਸ, ਮੰਗਤਾ,
ਤੂੰ ਆਜ਼ਾਦ ਬਖਸ਼ਿਸ਼ ਵਾਲੜੀ, ਮੈਂ ਭਾਰ ਖੋਤਾ ਲੱਦਿਆ,
ਭਰਪੂਰ ਤੂੰ ਨਹੀਂ ਡੋਲਦੀ, ਮੈਂ ਖੜਕਦਾ ਹਾਂ ਸੱਖਣਾ,
ਹਨ ਅੱਥਰੂ ਮੋਤੀ ਤਿਰੇ, ਮੈਂ ਯਾਦ ਦੇ ਵਿਚ ਨਾ ਵਹਾ ।

ਤੂੰ ਬਾ-ਹਯਾ ਸੰਗ ਗੈਰਤਾਂ, ਮੈਂ ਬੇ-ਹਯਾ ਬੇ ਕਿਰਕਵਾਂ,
ਤੂੰ ਚਿਲਕਵੀਂ ਤੇ ਤਿਲਕਵੀਂ, ਮੈਂ ਅਕੜਦਾ ਤੇ ਬਿਗੜਦਾ,
ਤੂੰ ਨਰਮ ਕੇਲਾ-ਪੱਤੇ ਜਿਉਂ, ਮੈਂ ਬੇਰ-ਕੰਡਾ ਰੜਕਦਾ,
ਤੂੰ ਝੂਲਦੀ ਤੇ ਲਹਿਰਦੀ, ਮੈਂ ਚੀਰਦਾ ਤੇ ਕੱਟਦਾ,
ਮੈਂ ਯਾਦ ਦੇ ਲਾਇਕ ਨਹੀਂ, ਐ ਸੁੰਦਰੀ ਮੁਹਿ ਭੁੱਲ ਜਾ ।

ਤੂੰ ਸੱਚ ਹੈਂ ਉਹੋ ਜਿਹੀ ਤੇ ਮੈਂ ਹਾਂ ਬੱਸ ਏਹੋ ਜਿਹਾ,
ਤੂੰ ਖੂਬ ਮੈਨੂੰ ਸਮਝਦੀ ਤੇ ਮੈਂ ਭੀ ਤੁਧ ਨੂੰ ਜਾਣਦਾ,
ਮੈਂ ਪਾਪਾਂ ਨੂੰ ਨਾ ਚਿਤ ਧਰ ਮੈਂ ਔਗਣਾਂ ਤੇ ਮੁਸਕਰਾ ।
ਬੇਕਾਰ ਹੈ ਹਸਤੀ ਮੇਰੀ, ਅਪਣੇ ਚਮਨ ਵਿਚ ਨਾ ਲਗਾ ।
ਮੈਂ ਪਯਾਰ ਦੇ ਲਾਇਕ ਨਹੀਂ, ਐ ਸੁੰਦਰੀ ਦਿਲ ਨਾ ਲਗਾ ।

33. ਰੰਗ ਮਾਣ ਲੈ

ਸੰਸੇ ਜੀਓ ਮਲੀਨ ਹੈ, ਦਿਸਦਾ ਆਰ ਨਾ ਪਾਰ ।
ਰਹਿੰਦਾ ਖੂੰਹਦਾ ਡੋਬਿਆ, ਮੁੱਲਾਂ ਦੀ ਸਰਕਾਰ ।
ਗਯਾਨ-ਗੜਾ ਕੁਝ ਪੈ ਗਿਆ, ਹੋਈ ਕਰਮਾਂ ਦੀ ਮਾਰ ।
ਅਗਨ ਅਕਲ ਦੀ ਭੁੰਨਿਆਂ, ਸੋਚਾਂ ਕੀਤਾ ਖਵਾਰ ।
ਨਾ ਕੁਝ ਰਸ ਹਰਿਆਵਲੀ ਖੁਸ਼ਕੀ ਦੀ ਭਰਮਾਰ ।
ਹੱਸਣ ਖੇਲਣ ਨੱਸਿਆ, ਹੋ ਗਈ ਖੁਸ਼ੀ ਉਡਾਰ ।
ਦੁਨੀਆਂ ਸੜੀਅਲ ਹੋ ਗਈ, ਮੂਧਾ ਬੱਠਲ ਮਾਰ ।
ਦਵੈਖ ਈਰਖਾ ਕਰ ਦਈ, ਚਿੰਤਾ ਚਿਖਾ ਤਿਆਰ ।
ਛਡਕੇ ਸਹਸ ਸਿਆਣਪਾਂ, ਭੈ ਭਰਮੋਂ ਹੋ ਪਾਰ ।
ਫਿੱਕਾ ਬੋਲਣ ਦੂਰ ਕਰ, ਭੁੱਲਾਂ ਮਨੋਂ ਵਿਸਾਰ ।
ਪੈਰੀਂ ਪੈ ਮਨਾ ਲਏ, ਵਿਛੜਿਆ ਜੇ ਯਾਰ ।
ਪਯਾਰ ਨਪੀੜਨੇ ਪੀੜ ਲੈ, ਘੁਟ ਗਲਵਕੜੀ ਮਾਰ ।
ਥੋੜੀ ਛੁਟੀ ਮਿਲੀ ਆ, ਕਰ ਲੈ ਰੱਜ ਪਿਆਰ ।
ਦੇਖੀ ਜਾਊ ਜਦ ਆਵਸੀ, ਹਾਲਾਂ ਮੌਤ ਵਿਸਾਰ ।
ਪ੍ਰੇਮ ਨਾਲ ਮਨ ਮਾਂਜਕੇ, ਹੋ ਜਾ ਸਹਜ ਸਵਾਰ ।
ਰਸ ਮੰਡਲ ਵਿਚ ਉਠ ਜਾ, ਸੰਸੇ ਸੋਚ ਵਿਚਾਰ ।
ਰੰਗ ਮਾਣ ਲੈ ਪਿਆਰਿਆ, ਕਰ ਲੈ ਮੌਜ ਬਹਾਰ ।
ਬਾਰ ਬਾਰ ਮਿਲਣਾ ਨਹੀਂ, ਇਹ ਮਨੁੱਖ ਤਨ ਯਾਰ ।

34. ਰੁੱਠਿਆਂ ਦਾ ਮਿਲਾਪ

ਉਸ ਆਖਿਆ-"ਮੈਨੂੰ ਹੱਥ ਨਾ ਲਾ,
ਫੁੱਲ ਵੇਖਣ ਵਾਸਤੇ ਹੁੰਦਾ ਏ, ਟੁਹਣ ਲਈ ਨਹੀਂ ।"
ਮੈਂ ਆਖਿਆ-"ਤਾਂ ਫੇਰ ਐਨਾਂ ਨੇੜੇ ਤੇ ਸਾਫ਼ ਹੋ ਕੇ ਦਿਖ
ਕਿ ਟੁਹਣ ਦੀ ਲੋੜ ਨਾ ਪਏ ।"
ਉਹ ਐਨਾਂ ਨੇੜੇ ਹੋਇਆ ਕਿ ਜੱਫੀ ਆਣ ਮਾਰੀ,
ਕੋਈ ਵਿੱਥ ਹੀ ਨਾ ਰਹੀ,
ਮੈਂ ਇਉਂ ਵੇਖਿਆ
ਕਿ ਤਕਨੀ ਵਿਚ ਸਮਾ ਗਿਆ ।
ਦੁਹਾਂ ਦੀ ਸ਼ਿਕਾਇਤ ਮੁੱਕ ਗਈ, ਸਦਾ ਲਈ ।

35. ਹਵਾ

ਹਵਾ ਕਿਸੇ ਡਿਠੀ ਨਹੀਂ, ਮੈਂ ਸੁਣੀ ਨਹੀਂ ਡਿਠੀ ਸੀ ।
ਨਿਸਰੀਆਂ ਕਣਕਾਂ ਵਿਚ, ਪਈ ਨੱਸੀ ਟੁਰੀ ਜਾਂਦੀ ਸੀ ।
ਨੀਲੀ ਜਹੀ ਸਾਰੀ ਸੀ, ਇਕ ਪੀਲਾ ਜਿਹਾ ਸਾਇਆ ਸੀ ।
ਕਣਕਾਂ ਦਿਆਂ ਖੇਤਾਂ ਵਿਚ, ਪਲਸੇਟੇ ਪਈ ਖਾਂਦੀ ਸੀ ।
ਖਬਰੇ ਕਿਤੋਂ ਡਰ ਗਈ ਸੀ, ਖਬਰੇ ਕਿਧਰੇ ਜਾਂਦੀ ਸੀ ।
ਲੁਕਦੀ ਪਈ ਛਿਪਦੀ ਸੀ, ਘਰਕਦੀ ਘਬਰਾਂਦੀ ਸੀ ।
ਬੌਂਦਲੀ ਹੋਈ ਫਿਰਦੀ ਸੀ, ਨੱਸੀ ਟੁਰੀ ਜਾਂਦੀ ਸੀ,
ਸਾਹ ਨਹੀਂ ਕੱਢਦੀ ਸੀ, ਨਾ ਸਫ਼ਰ ਮੁਕਾਂਦੀ ਸੀ,
ਮੈਂ ਬੰਨੇ ਤੇ ਖਲੋਤਾ ਸਾਂ, ਕੋਲੋਂ ਦੀ ਲੰਘ ਚਲੀ ।
ਖਬਰੇ ਕੀ ਚੁਰਾਇਆ ਸਾਸੂ, ਪਈ ਛਿਪਦੀ ਛਿਪਾਂਦੀ ਸੀ ।
ਮੈਂ ਨਾ ਜਦੋਂ ਹਿਲਿਆ ਰਤਾ, ਇਸ ਨੂੰ ਭੀ ਰਤਾ ਸਾਹ ਆਇਆ,
ਚੁਪ ਚਾਪ ਖਲੋ ਗਈ ਸੀ, ਐਵੇਂ ਨਖਰਾ ਹੀ ਵਿਖਾਂਦੀ ਸੀ ।

36. ਚੰਨ ਨੂੰ

ਚੰਨਾ ਹਾਂ ਵੇ ਸੁਹਣਿਆਂ ਚੰਨਾ, ਚੰਨ ਮੇਰਾ ਦੱਸ ਕਿੱਥੇ ਈ ।
ਭਾਲ ਵੇ ਜਾ ਕੇ ਭਾਲ ਉਸੇ ਨੂੰ, ਇਥੇ ਖੜੋਕੇ ਕਰਨਾ ਏਂ ਕੀ ।
ਨਾਲ ਲਿਆ ਤਾਂ ਜੰਮ ਜੰਮ ਆਵੀਂ, 'ਕੱਲਾ ਮੂੰਹ ਦਿਖਾਈਂ ਨਾ ।
ਤੈਨੂੰ ਡਿਠਿਆਂ ਠੰਡ ਨਾ ਪੈਂਦੀ, ਜਲਿਆਂ ਹੋਰ ਜਲਾਈਂ ਨਾ ।

ਮੇਰਾ ਚੰਨ ਜਦ ਕੋਲ ਹੁੰਦਾ ਸੀ, ਤੈਨੂੰ ਸੀਤਲ ਕਰਦਾ ਸੀ ।
ਵੇਖ ਵੇਖ ਕੇ ਤੈਨੂੰ ਚੰਨਾ, ਜੀ ਮੇਰਾ ਤਦ ਠਰਦਾ ਸੀ ।
ਅੱਜ ਤੂੰ ਅਤਿ ਹੀ ਤੱਤਾ ਲੱਗੇਂ, ਠੰਡਕ ਵਾਲਾ ਕੋਲ ਨਹੀਂ ।
ਚੰਨ ਮਿਰਾ ਨਹੀਂ ਕੋਲ ਮੇਰੇ, ਤਾਂ ਮੇਰੇ ਤੇਰੇ ਚੁਹਲ ਨਹੀਂ ।

ਮੰਨ ਵੇ ਚੰਨਾ ! ਉਹ ਮੇਰਾ ਚੰਨ, ਤੈਨੂੰ ਠੰਡਕ ਦੇਂਦਾ ਸੀ ।
ਅਪਣਾ ਹੁਸਨ ਤੇਰੇ ਵਿੱਚ ਪਾਕੇ, ਪੱਥਰ ਚੰਨ ਕਰੇਂਦਾ ਸੀ ।
ਅੱਜ ਤਾਂ ਸੀਤਲਤਾ ਵਿੱਚ ਤੇਰੇ, ਮੂਲੋਂ ਰਤਾ ਮਿਠਾਸ ਨਹੀਂ ।
ਅੱਜ ਤੂੰ ਫਿਰ ਪੱਥਰ ਦਾ ਪੱਥਰ, ਕਿਉਂਕਿ ਉਹ ਚੰਨ ਪਾਸ ਨਹੀਂ ।

ਦਿਲ ਰੋਸ਼ਨ ਸੀ ਨਾਲ ਜਿਦੇ, ਉਹ ਰੋਸ਼ਨੀ ਵਾਲਾ ਕਿੱਥੇ ਗਿਆ ।
ਅੱਖਾਂ ਵਿਚ ਸੀ ਜੋਤਿ ਜੇਸ ਦੀ, ਉਸ ਨੂੰ ਜਾਕੇ ਢੂੰਡ ਲਿਆ ।
ਚੰਨਾਂ ਹਾਂ ਮਨ ਮੋਹਣਿਆਂ ਚੰਨਾਂ, ਚੰਨ ਮੇਰਾ ਦੱਸ ਕਿੱਥੇ ਈ ।
ਭਾਲ ਵੇ ਜਾ ਕੇ ਭਾਲ ਉਸੇ ਨੂੰ, ਇਥੇ ਖਲੋ ਕੇ ਕਰਨਾ ਏਂ ਕੀ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾਕਟਰ ਦੀਵਾਨ ਸਿੰਘ ਕਾਲੇਪਾਣੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ