Anjum Saleemi ਅੰਜੁਮ ਸਲੀਮੀ
ਨਾਂ-ਅੰਜੁਮ ਸਲੀਮੀ, ਕਲਮੀ ਨਾਂ-ਅੰਜੁਮ ਸਲੀਮੀ,
ਜਨਮ ਸਥਾਨ-ਲਾਇਲਪੁਰ, ਪੰਜਾਬ,
ਵਿਦਿਆ-ਐਮ. ਏ., ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਸੰਤਾਪ (ਪੰਜਾਬੀ ਸ਼ਾਇਰੀ) ਨਵੀਂ ਪੁੰਗਾਰ (ਪੰਜਾਬੀ ਸ਼ਾਇਰੀ)
ਪਤਾ-27 ਜਿਨਾਹ ਕਾਲੋਨੀ, ਫ਼ੈਸਲਾਬਾਦ, ਪੰਜਾਬ ।
ਪੰਜਾਬੀ ਗ਼ਜ਼ਲਾਂ (ਸੰਤਾਪ 1996 ਵਿੱਚੋਂ) : ਅੰਜੁਮ ਸਲੀਮੀ
Punjabi Ghazlan (Santaap 1996) : Anjum Saleemi
ਸੁੱਕੇ ਹਰਿਆਂ ਕਰ-ਕਰ ਸਾਡੇ
ਸੁੱਕੇ ਹਰਿਆਂ ਕਰ-ਕਰ ਸਾਡੇ ਜੁੱਸੇ ਹੋ ਗਏ ਬੱਗੇ । ਫੇਰ ਬਹਾਰ ਆਈ ਤੇ ਮੌਜਾਂ ਮਾਨਣ ਵਾਲੇ ਅੱਗੇ । ਸਾਡੇ ਦੁੱਖ ਅਜਬ ਨੇ ਲੋਕਾ ਅਸੀਂ ਤਾਂ ਉਹ ਆਂ ਜਿਹੜੇ, ਹਾਰਿਆਂ ਅੱਗੇ ਹਾਰੇ, ਠੱਗਿਆਂ ਹੋਇਆਂ ਕੋਲੋਂ ਠੱਗੇ । ਸਾਨੂੰ ਐਥੇ ਜੋਅ ਕੇ ਕਿਸਮਤ ਖ਼ੁਦ ਤਿਰਹਾਈ ਸੋ ਗਈ, ਸਾਡਾ ਪੰਧ ਨਾ ਮੁੱਕਿਆ ਅਸਾਂ ਪੁਰਾਣੇ ਖੂਹ ਦੇ ਢੱਗੇ । ਤੋੜ ਹਿਆਤੀ ਦੁਨੀਆਂ ਅੰਦਰ ਇੰਜ ਹੀ ਚਾਨਣ ਵੰਡੀਂ, ਕਦੇ ਵੀ ਤੈਨੂੰ ਸੂਰਜ ਪੁਤਰਾ ਤੱਤੀ ਵਾ ਨਾ ਲੱਗੇ । ਮੁਸਤਕਬਿਲ ਨੂੰ ਕਿਧਰੇ ਰਾਹ ਵਿਚ ਛੱਡ-ਛਡਾਕੇ 'ਅੰਜੁਮ' ਆਪਣੇ ਪਿੱਛੇ ਲਗ ਕੇ ਕਿੰਨਾ ਲੰਘ ਆਇਆ ਹਾਂ ਅੱਗੇ ।
ਆਪਣੀ ਸੰਗਤ ਦੇ ਨਿੱਘ ਅੰਦਰ
ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ । ਤੂੰ ਵੀ ਸਾਨੂੰ ਛੱਡ ਜਾਣਾ ਏਂ ਹੋਰ ਉਦਾਸਾ ਕਰਕੇ । ਇਹ ਵੇਲਾ ਵੀ ਆਉਣੈਂ ਪਰ ਇਹ ਵੇਲਾ ਕਦੀ ਨਾ ਆਵੇ, ਲੰਘਣ ਕਿਰਨਾਂ ਜਦ ਇਕ ਦੂਜੇ ਕੋਲੋਂ ਪਾਸਾ ਕਰਕੇ । ਕੱਚੀ ਉਡਣੀ ਉੱਡਣ ਦੇ ਇਸ ਸ਼ੌਕ ਨੇ ਔਖਾ ਕੀਤਾ, ਭੰਨ ਲਏ ਆਪਣੇ ਖੰਭ ਹਵਾਵਾਂ ਤੇ ਭਰਵਾਸਾ ਕਰਕੇ । ਨਾਲੇ ਭਰਮ ਗਵਾਇਆ ਆਪਣਾ ਨਾਲੇ ਮਾਨ ਵੀ ਟੁੱਟਾ, ਲੱਭਿਆ ਕੀ ਉਸ ਥੋੜ ਦਿਲੇ ਦੇ ਅੱਗੇ ਕਾਸਾ ਕਰਕੇ । ਮੈਂ ਗਿਰਝਾਂ ਦੇ ਕੋਲੋਂ ਆਪਣਾ ਆਪ ਬਚਾਕੇ 'ਅੰਜੁਮ', ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ-ਮਾਸਾ ਕਰਕੇ ।
ਐਨਾ ਉਹਦੀਆਂ ਯਾਦਾਂ ਦਾ ਦਿਲ ਵਿਚ
ਐਨਾ ਉਹਦੀਆਂ ਯਾਦਾਂ ਦਾ ਦਿਲ ਵਿਚ ਘੜਮੱਸ ਪਿਆ । ਮੈਂ ਇਕਲਾਪਾ ਲੱਭਣ ਉਹਦੇ ਵੱਲ ਈ ਨੱਸ ਪਿਆ । ਕੇਸ ਪਿਛੋਕੜ ਉਮਰੇ ਨਾਡੀ ਰੁੱਤੇ ਫੁੱਲ ਖਿੜੇ, ਕੇਸ ਖ਼ਿਜ਼ਾਈਂ ਰੁੱਤੇ ਲਗ਼ਰਾਂ ਅੰਦਰ ਰਸ ਪਿਆ । ਕਿਸਰਾਂ ਉਹਨੂੰ ਇਹ ਸਮਝਾਵਾਂ ਸੁਣਕੇ ਉਹਦਾ ਦੁੱਖ, ਜੇ ਮੈਂ ਰੋਣਾ ਚਾਹੁੰਦਾ ਸੀ ਤੇ ਕਾਹਨੂੰ ਹੱਸ ਪਿਆ । ਜੇ ਮੇਰੇ ਹੱਥ-ਵਸ ਹੋਵੇ ਤੇ ਉਹਨੂੰ ਜਾਣ ਨਾ ਦੇਵਾਂ, ਐਵੇਂ ਮੁੜ-ਮੁੜ ਸੋਚੀ ਜਾਵਾਂ ਮੈਂ ਬੇਵਸ ਪਿਆ । ਛਾਤੀ ਤੇ ਸਿਰ ਰੱਖਕੇ ਉਸ ਨੇ ਬੁੱਕ-ਬੁੱਕ ਹੰਝੂ ਕੇਰੇ, ਤਿੱਸੀ ਰੂਹੀ ਉੱਤੇ 'ਅੰਜੁਮ' ਬੱਦਲ ਵੱਸ ਪਿਆ ।
ਆਖਿਆ ਸੀ ਨਾ ਕੰਮ ਨਹੀਂ ਆਉਣੇ
ਆਖਿਆ ਸੀ ਨਾ ਕੰਮ ਨਹੀਂ ਆਉਣੇ ਸੱਜਣਾ ਦੇ ਸਜਣਾਪੇ । ਨੁਕਰੇ ਲੱਗ ਕੇ ਅੰਦਰੋ-ਅੰਦਰੀ ਰੋ ਹੁਣ ਬੈਠਾ ਆਪੇ । ਏਸਰਾਂ ਉਸ ਵਹਿਮਾਂ ਮਾਰੇ ਨੇ ਬੇ-ਭਰਵਾਸਾ ਕੀਤਾ, ਉਮਰਾਂ ਬੱਧਾ ਸਾਥ ਵੀ ਕੱਚੇ ਧਾਗੇ ਵਰਗਾ ਜਾਪੇ । ਪਹਿਲਾਂ ਚੌਧਵੀਂ ਰਾਤ ਦੇ ਚੰਨ ਦੀ ਮਸਤੀ ਘੁੱਟ ਘੁੱਟ ਪੀਤੀ, ਮਗਰੋਂ ਨੇਰ੍ਹਾ ਕਰਕੇ ਕੀ-ਕੀ ਦੀਪਕ ਰਾਗ ਅਲਾਪੇ । ਆਪਣੇ ਸਭ ਜਗਰਾਤੇ ਘੂਕ ਸੁੱਤੇ ਦੇ ਅੱਗੇ ਧਰ ਕੇ, ਪਰਤ ਆਇਆ ਹਾਂ ਪੁੱਠੇ ਪੈਰੀਂ ਬੇ ਆਵਾਜ਼ੀ ਚਾਪੇ । ਏਸੇ ਲਈ ਨਹੀਂ ਉਹਨਾਂ ਨੂੰ ਮੈਂ ਜਾ-ਜਾ ਮਿਲਦਾ 'ਅੰਜੁਮ' ਮੈਥੋਂ ਨਹੀਉਂ ਦੇਖੇ ਜਾਂਦੇ ਯਾਰਾਂ ਦੇ ਇਕਲਾਪੇ ।
ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ
ਚੁੰਮ-ਚੁੰਮ ਸੀਨੇ ਸਾਂਭੀ ਜਾਵਾਂ ਜਿਸ ਦਾ ਮਿਲੇ ਵਿਸਾਲ । ਮੌਜਾਂ ਮਾਨਣ ਵਾਲੀ ਉਮਰ ਤੇ ਰਹਿ ਗਈ ਥੋੜੇ ਸਾਲ । ਦਿਲ ਵਿਚ ਪੁੱਟੀ ਬੈਠਾ ਹਾਂ ਕੁੱਝ ਨਿੱਕੀਆਂ ਵੱਡੀਆਂ ਕਬਰਾਂ । ਸੱਧਰਾਂ ਨੂੰ ਦਫ਼ਨਾਈ ਜਾਨਾਂ ਵਾਂ ਮੈਂ ਨਾਲੋ-ਨਾਲ । ਪਹਿਲਾਂ ਈ ਬਹੁਤ ਏ ਮੇਰੇ ਅੰਦਰ ਸਾਵੇ ਜ਼ਹਿਰ ਦਾ ਕਹਿਰ, ਉੱਤੋਂ ਹੋਰ ਵੀ ਪੁੰਗਰ ਪਈਆਂ ਵੇਲਾਂ ਆਲ-ਦਵਾਲ । ਸੁੱਤਿਆਂ ਕੰਨੀ ਪੈ ਗਈ ਕਿਧਰੇ ਦੂਰੋਂ ਢੋਲ ਦੀ ਵਾਜ, ਅੱਖਾਂ ਮਲਦੀ ਜਾਗ ਪਈ ਏ ਪਿੰਡੇ ਵਿੱਚ ਧਮਾਲ । 'ਅੰਜੁਮ' ਜਿਹੜੇ ਲਹੂ ਨੇ ਤੇਰੇ ਅੱਤ ਮਚਾਈ ਹੋਈ, ਉਸੇ ਲਹੂ ਨਾਲ ਅੰਦਰੋਂ ਆਪਣੇ ਜੁੱਸੇ ਨੂੰ ਹੰਘਾਲ ।
ਉਸ ਨੂੰ ਮਿਲਕੇ ਹੋਰ ਉਦਾਸੇ ਹੋਏ ਅੰਦਰੋ-ਅੰਦਰੀ
ਉਸ ਨੂੰ ਮਿਲਕੇ ਹੋਰ ਉਦਾਸੇ ਹੋਏ ਅੰਦਰੋ-ਅੰਦਰੀ । ਸੁੱਤੇ ਦਰਦ ਪੁਰਾਣੇ ਜਾਗ ਖਲੋਏ ਅੰਦਰੋ-ਅੰਦਰੀ । ਪਹਿਲਾਂ ਆਪਣੇ ਆਪ ਤੇ ਹੱਸੇ ਰਲਕੇ ਨਾਲ ਸਭਾਂ ਦੇ, ਮਗਰੋਂ ਕੱਲਿਆਂ ਭੁੱਬਾਂ ਮਾਰ ਕੇ ਰੋਏ ਅੰਦਰੋ-ਅੰਦਰੀ । ਕੌਣ ਅਸਾਡੇ ਉੱਪਰ ਸਾਨੂੰ ਜ਼ਾਹਰ ਕਰਦਾ ਜਾਏ? ਕੌਣ ਅਸਾਂ ਨੂੰ ਲੱਸੀ ਵਾਂਗ ਵਲੋਏ ਅੰਦਰੋ-ਅੰਦਰੀ? ਜੀਹਨੂੰ ਜਾਣ ਕੇ ਛੱਡ ਆਏ ਸਾਂ ਉਹ ਪਛਤਾਵਾ ਬਣਕੇਕਈ ਦਿਨਾਂ ਤੋਂ ਵੱਢ-ਵੱਢ ਦਿਲ ਨੂੰ ਕੋਏ ਅੰਦਰੋ-ਅੰਦਰੀ । ਦੋਹਾਂ ਆਪਣੇ-ਆਪਣੇ ਪਿਆਰ ਦਾ ਭੇਤ ਨਾ ਖੁੱਲ੍ਹਣ ਦਿੱਤਾ, ਦੋਹਾਂ ਆਪਣੇ-ਆਪਣੇ ਸਾਹ ਖ਼ੁਸ਼ਬੋਏ ਅੰਦਰੋ-ਅੰਦਰੀ ।
ਕੀ ਪੁੱਛਦਾ ਏਂ ਕਿਸਰਾਂ ਲੰਘੀ
ਕੀ ਪੁੱਛਦਾ ਏਂ ਕਿਸਰਾਂ ਲੰਘੀ ਹਿਜਰ ਦੀ ਪਹਿਲੀ ਰਾਤ । ਜਾਗਦਿਆਂ ਅੱਖਾਂ ਦੇ ਅੰਦਰ ਠਹਿਰ ਗਈ ਸੀ ਰਾਤ । ਸੂਰਜ ਚੜ੍ਹਿਆ ਤੇ ਇਕ-ਦੂਜੇ ਕੋਲੋਂ ਲੁਕਦੇ ਫਿਰੀਏ, ਸਭ ਦੇ ਚਿਹਰਿਆਂ ਉੱਤੇ ਆਪਣੀ ਕਾਲਖ ਮਲ ਗਈ ਰਾਤ । ਦੋਹਾਂ ਦੇ ਦਿਲ ਭਰ ਗਏ ਇਹੋ ਸੋਚਦਿਆਂ ਉੱਠਦੇ ਸਾਰ, ਖ਼ਵਰੇ ਫੇਰ ਕਦੇ ਨਾ ਆਵੇ ਐਨੀ ਚੰਗੀ ਰਾਤ । ਮੈਂ ਕੀ ਕਹਿੰਦਾ ਬਸ ਚੁੱਪ ਕਰਕੇ ਨੀਵੀਂ ਪਾਈ ਰੱਖੀ, ਘਰ ਦੇ ਪੁੱਛ-ਪੁੱਛ ਥੱਕੇ ਕਿੱਥੇ ਰਿਹਾ ਏਂ ਸਾਰੀ ਰਾਤ । ਹੋਰ ਭਲਾ ਕੀ ਹੋਣਾ 'ਅੰਜੁਮ' ਇਸ ਤੋਂ ਚੰਗਾ ਮੰਜ਼ਰ, ਵਗਦੀ ਨਹਿਰ ਦਾ ਕੰਢਾ ਉੱਤੋਂ ਪੂਰੀ ਚੰਨ ਦੀ ਰਾਤ ।
ਕਿਸਰਾਂ ਫਿਰ ਉਸ ਬੇਵਾ ਮਾਂ ਦੇ
ਕਿਸਰਾਂ ਫਿਰ ਉਸ ਬੇਵਾ ਮਾਂ ਦੇ ਦਿਲ ਵਿਚ ਡਰ ਨਾ ਹੋਵੇ, ਜਿਸ ਦਾ ਗਭਰੂ ਪੁੱਤਰ ਸ਼ਾਮਾਂ ਵੇਲੇ ਘਰ ਨਾ ਹੋਵੇ । ਆਪਣੀ ਪਾਰੇ ਵਰਗੀ ਏਸ ਤਬੀਅਤ ਪਾਰੋਂ ਸੱਜਣਾ, ਉਮਰਾਂ ਤੀਕਰ ਕੱਠੇ ਰਹਿਣ ਦੀ ਹਾਮੀ ਭਰ ਨਾ ਹੋਵੇ । ਆਪਣੇ ਸੱਜਣ ਦੀ ਬਾਂਹ ਆਪ ਕਿਸੇ ਨੂੰ ਕੌਣ ਫੜਾਉਂਦੈ, ਇਹ ਗੱਲ ਕਹਿਣੀ ਸੌਖੀ ਐਡਾ ਜਿਗਰਾ ਕਰ ਨਾ ਹੋਵੇ । ਉਹ ਦਰਿਆਉਂ ਪਾਰ ਖਲੋਤਾ ਮੈਨੂੰ ਵਾਜਾਂ ਮਾਰੇ, ਹੋਂਦ ਮੇਰੀ ਏ ਕੱਚੀ ਮਿੱਟੀ ਮੈਥੋਂ ਤਰ ਨਾ ਹੋਵੇ । ਓਸ ਨੂੰ ਆਖੀਂ ਘਰ ਦੀਆਂ ਕੰਧਾਂ ਦੇ ਸੰਗ ਯਾਰੀ ਰੱਖੇ, ਮੇਰੇ ਵਾਂਗੂੰ ਘਰ ਵਿਚ ਰਹਿਕੇ ਉਹ ਬੇਘਰ ਨਾ ਹੋਵੇ ।
ਖੜ੍ਹਿਆਂ ਪਾਣੀਆਂ ਉੱਤੇ ਮੇਰੀਆਂ ਅੱਖਾਂ
ਖੜ੍ਹਿਆਂ ਪਾਣੀਆਂ ਉੱਤੇ ਮੇਰੀਆਂ ਅੱਖਾਂ ਤਰਦੀਆਂ ਰਹੀਆਂ । ਮੌਜਾਂ ਦੇ ਸੰਗ ਖੇਡੇ ਪੈ ਕੇ ਮੌਜਾਂ ਕਰਦੀਆਂ ਰਹੀਆਂ । ਜੀਣੋਂ ਮੂਲ ਨਾ ਅੱਕੇ ਵੇਲੇ ਲੱਖ ਗ਼ਲੇਲਾਂ ਕਸੀਆਂ, ਸਮੇਂ ਦੀ ਵਗਦੀ ਨਹਿਰ ਚੋਂ ਆਸਾਂ ਝੱਜਰਾਂ ਭਰਦੀਆਂ ਰਹੀਆਂ । ਪੜ੍ਹ-ਪੜ੍ਹ ਫੂਕਾਂ ਮਾਰਨ ਸ਼ਾਲਾ! ਖ਼ੈਰੀਂ ਮੇਹਰੀਂ ਪਰਤਣ, ਪੁੱਤਰਾਂ ਨੂੰ ਸਫ਼ਰਾਂ ਤੇ ਘੱਲ ਕੇ ਮਾਵਾਂ ਡਰਦੀਆਂ ਰਹੀਆਂ । ਆਸ ਉਮੀਦ ਦੀ ਖੇਤੀ ਇਕ ਦਿਨ ਉੱਕਾ ਬੰਜਰ ਹੋਣੀ, ਜੇ ਰੀਝਾਂ ਦੀਆਂ ਫ਼ਸਲਾਂ ਨੂੰ ਮਾਯੂਸੀਆਂ ਚਰਦੀਆਂ ਰਹੀਆਂ । ਮੇਰੇ ਅੰਦਰ ਦੀ ਰੋਹੀ ਤੇ ਅੱਜ ਫਿਰ ਸੁੱਕੀ ਰਹਿ ਗਈ, ਅੱਜ ਤੇ ਫੇਰ ਘਟਾਵਾਂ ਮੇਰੇ ਬਾਹਰ ਈ ਵਰਦੀਆਂ ਰਹੀਆਂ ।
ਕਿਸੇ ਨੇ ਸਾਡੀ ਬਾਤ ਨਾ ਪੁੱਛੀ
ਕਿਸੇ ਨੇ ਸਾਡੀ ਬਾਤ ਨਾ ਪੁੱਛੀ, ਕਿਸੇ ਨਾ ਦਰਦ ਪਛਾਤੇ । ਦਰਦੀ ਨਹੀਂ ਜੇ ਇੱਕ ਦੂਜੇ ਦੇ ਕਾਹਦੇ ਰਿਸ਼ਤੇ ਨਾਤੇ । ਕਿਸ ਚਾਅ ਪਿੱਛੇ ਟੁਰ ਪਏ ਖ਼ਾਲੀ ਫੜ ਕੇ ਵਾਅ ਦੀ ਉਂਗਲੀ, ਕਿਸ ਉਮੀਦੇ ਛੱਡ ਆਏ ਸਾਂ ਵਿਹੜੇ ਭਰੇ-ਭਰਾਤੇ । ਨਾ ਉੱਪਰ ਅਸਮਾਨ ਅਸਾਡਾ ਨਾ ਥੱਲੇ ਕੋਈ ਧਰਤੀ, ਅਸਾਂ ਤੇ ਭਾਈਆ ਮੁੱਢ-ਕਦੀਮੋਂ ਬੇ-ਅਸਲੇ ਬੇ-ਜ਼ਾਤੇ । ਪੋਰ-ਪੋਰ ਵਿਚ ਸਿਮਦੀ ਜਾਵੇ, ਅੱਜ ਬੇਸੁਫ਼ਨੀ ਨੀਂਦਰ, ਕਿਸ ਕੰਮ ਆਏ ਸਾਂਭ ਕੇ ਰੱਖੇ ਵਰ੍ਹਿਆਂ ਦੇ ਜਗਰਾਤੇ । ਸ਼ਹਿਰ ਦੀਆਂ ਖ਼ਾਲੀ ਸੜਕਾਂ ਤੇ 'ਅੰਜੁਮ' ਕੱਲਮ-ਕੱਲਾ, ਨਾ ਫਿਰਿਆ ਕਰ ਲਾ-ਲਾ ਕੇ ਖ਼ੁਸ਼ਬੂਆਂ ਰਾਤ ਬਰਾਤੇ
ਅੱਥਰੇ ਤੇ ਬੇਰਹਿਮੇ ਘੋੜੇ ਦੌੜ ਰਹੇ ਨੇਂ
ਅੱਥਰੇ ਤੇ ਬੇਰਹਿਮੇ ਘੋੜੇ ਦੌੜ ਰਹੇ ਨੇਂ ਸੜ ਗਏ ਸੱਭੇ ਖ਼ੇਮੇ, ਘੋੜੇ ਦੌੜ ਰਹੇ ਨੇਂ ਤਾਂਗਿਆਂ ਦੇ ਵਿਚ ਜੁਤ ਕੇ,ਕਿੱਥੇ ਬੁਰਦਾਂ ਜੋਗੇ ਐਵੇਂ ਤੇਰਾ ਵਹਿਮ ਏ, ਘੋੜੇ ਦੌੜ ਰਹੇ ਨੇਂ ਛੈਂਟੇ ਵਾਲਾ ਦੂਰ ਖਲੋਤਾ ਘੂਰੀਆਂ ਵੱਟੇ ਅੱਗੇ ਲੱਗ ਕੇ ਸਹਿਮੇ ਘੋੜੇ ਦੌੜ ਰਹੇ ਨੇਂ ਤੇਰੇ ਹੱਥ ਵਿਚ ਵਾਗ ਏ, ਕਾਠੀ ਪਾ ਸਕਨਾ ਏਂ ਹਾਲੇ ਤੇਰਾ ਟੈਮ ਏ, ਘੋੜੇ ਦੌੜ ਰਹੇ ਨੇਂ ਇੱਕੋ ਲੇਖੇ ਬੱਧੇ ਵੱਖ ਵੱਖ ਨਾਵਾਂ ਵਾਲੇ ਜੱਗੂ, ਫੱਤੂ, ਰਹਿਮੇ, ਘੋੜੇ ਦੌੜ ਰਹੇ ਨੇਂ
ਕੁਝ ਹੋਰ ਰਚਨਾਵਾਂ
ਦੁਨੀਆਂ ਮੇਰਾ ਦੇਸ
ਦੁਨੀਆਂ ਮੇਰਾ ਦੇਸ ਇਹ ਸਾਰੀ ਦੁਨੀਆਂ ਮੇਰਾ ਦੇਸ ਆਸੇ ਪਾਸੇ ਤੇ ਵਿਚਕਾਰ ਵੀ ਮੈਂ ਈ ਮੈਂ ਆਂ ਫ਼ਲਕੋਂ ਪਾਰ ਵੀ ਕੋਈ ਦੇਸ ਨਹੀਂ ਪਰਦੇਸ ਇਹ ਸਾਰੀ ਦੁਨੀਆਂ ਮੇਰਾ ਦੇਸ ਮੈਂ ਆਦਮ, ਮੇਰਾ ਮਜ਼ਹਬ ਆਦਮ ਇਸ਼ਕ ਨਸਾਬ ਤੇ ਮਕਤਬ ਆਦਮ ਏਹੋ ਮੇਰਾ ਵੇਸ ਇਹ ਸਾਰੀ ਦੁਨੀਆਂ ਮੇਰਾ ਦੇਸ ਫੁੱਟੀਆਂ ਦੁੱਧ ਦੀਆਂ ਬੱਤੀ ਧਾਰਾਂ ਬੰਨ੍ਹ ਬੰਨ੍ਹ ਕੇ ਕੰਡਿਆਲੀਆਂ ਤਾਰਾਂ ਵੰਡਾਂ ਪਾਈਆਂ ਕੇਸ ? ਇਹ ਸਾਰੀ ਦੁਨੀਆਂ ਮੇਰਾ ਦੇਸ
ਧੀ ਦਾ ਵੈਣ
ਜਿਸ ਰਾਤੀਂ ਮੈਂ ਜੀਵਨ ਜੋਗੇ ਏਸ ਪਿੰਡੇ ਵਿਚ ਆਈ ਨਾੜੂ ਦੱਬ ਕੇ ਸਾਹ ਦਿੱਤਾ ਯਾ ਜਿਉਂਦੀ ਕਬਰ ਬਣਾਈ ਕੌੜੇ ਸ਼ਹਿਦ ਦੀ ਗੁੜਤੀ ਚੱਖ ਕੇ ਚੀਕ ਨੂੰ ਜੀਭ ਤੇ ਸੀਤਾ ਜਨਮ ਜਨਮ ਦਾ ਮੈਲਾ ਪਾਣੀ ਅੱਖ ਨਿਚੋੜ ਕੇ ਪੀਤਾ ਮਾਂ ਨੇ ਮੈਨੂੰ ਛਾਤੀ ਲਾ ਕੇ ਲੂਣੀ ਰੱਤ ਚੁੰਘਾਈ ਪਿਓ ਨੇ ਮੇਰਾ ਮੱਥਾ ਚੁੰਮਿਆ ਪੈਰੀਂ ਸੰਗਲੀ ਪਾਈ ਦਾਦੀ ਠੰਡਾ ਹੌਕਾ ਭਰਿਆ ਦਾਦੇ ਧੌਣ ਝੁਕਾਈ ਘਰ ਦੀਆਂ ਕੰਧਾਂ ਉੱਚੀਆਂ ਕੀਤੀਆਂ ਨੀਵੀਂ ਛੱਤ ਬਣਾਈ ਕੱਦ ਕੱਢਿਆ ਤੇ ਕੁੱਬੜੀ ਹੋ ਗਈ ਤਾਂ ਨੀਵੀਂ ਅਖਵਾਈ ਚੌਂਹ ਪੰਜਿਆਂ ਤੇ ਟੁਰਨਾ ਸਿੱਖਿਆ ਮੈਨੂੰ ਸੁਰਤ ਨਾ ਆਈ ਨਾ ਮੈਂ ਅੱਖ ਵਿਚ ਕਜਲਾ ਪਾਇਆ ਨਾ ਮੈਂ ਗੁੱਤ ਲਮਕਾਈ ਨਾ ਮੈਂ ਲੁਕ ਲੁਕ ਸ਼ੀਸ਼ਾ ਤੱਕਿਆ ਨਾ ਕਿਤੇ ਝਾਤੀ ਪਾਈ ਅੱਖ ਚੁੱਕਣ ਦੀ ਵਹਿਲ ਨਈਂ ਸੀ ਸੁਫਨੇ ਕਿਸਰਾਂ ਉਣਦੀ ਜੇ ਬੋਲਣ ਦੀ ਜਾਹ ਹੁੰਦੀ ਤੇਰੇ ਜ਼ੁਲਮ ਦੀ ਖੇਡ ਨੂੰ ਪੁਣਦੀ ਰੱਬਾ ਜੇ ਤੂੰ ਧੀ ਹੁੰਦੋਂ ਕਦੇ 'ਵਾਜ ਨਾ ਲਾਉਂਦਾ ਕੁੰਨ ਦੀ
ਕੁਤੀੜ
ਵਊ ਵਊ ਵਊ ਮਾਲਕਾ ਵਊ ਵਊ ਵਊ ਤੂੰ ਸਾਨੂੰ ਦੁਰ ਦੁਰ ਆਖੇਂ ਅਸੀਂ ਫੇਰ ਵੀ ਕਹੀਏ ਵਊ ਮਾਲਕਾ ਵਊ ਵਊ ਵਊ ਦੌਲਤ ਤੇਰੀ ਦੁਸ਼ਮਨ ਹੈ ਪਰ ਤੈਨੂੰ ਸੱਜਣ ਜਾਪੇ ਦੌਲਤ ਤੇਰੇ ਬੀਵੀ ਬੱਚੇ ਦੌਲਤ ਤੇਰੇ ਮਾਪੇ ਤੇਰੇ ਮੂੰਹ ਨੂੰ ਲੱਗਿਆ ਤੇਰੇ ਆਪਣਿਆਂ ਦਾ ਲਹੂ ਮਾਲਕਾ ਵਊ ਵਊ ਵਊ ਕਿਸੇ ਨੇ ਤੇਰੇ ਵਿਹੜੇ ਪੈਰ ਨਹੀਂ ਪਾਉਣਾ ਸੱਦੇ ਘੱਲਿਆਂ ਤੈਨੂੰ ਤੇਰੀ ਮਗ਼ਰੂਰੀ ਨੇ ਕਰ ਛੱਡਿਆ ਏ ਕੱਲਿਆਂ ਏਹੋ ਤੇਰੇ ਚਾਲੇ ਰਹੇ ਤੇ ਕਿਹੜਾ ਏਥੇ ਰਹੂ ਮਾਲਕਾ ਵਊ ਵਊ ਵਊ ਤੈਨੂੰ ਤੇਰਾ ਰਿਜ਼ਕ ਮੁਬਾਰਕ ਹੁਣ ਨਈਂ ਖਾਣਾ ਜੂਠਾ ਐਸੇ ਲਈ ਤੇ ਭੰਨ ਦਿੱਤਾ ਏ ਅਸਾਂ ਵੀ ਆਪਣਾ ਠੂਠਾ ਜਿਹੜਾ ਤੈਨੂੰ ਦੇਂਦਾ ਏ, ਉਹ ਸਾਨੂੰ ਵੀ ਤੇ ਦਊ ਮਾਲਕਾ ਵਊ ਵਊ ਵਊ
ਰੂਹੇ ਨੀ ਰੂਹੇ
ਰੂਹੇ ਨੀ, ਰੂਹੇ! ਜਿਸ ਗੁੱਠੇ ਸਾਡਾ ਸੰਗੀ ਵਸਦਾ ਜਾ ਵਸੀਏ ਉਸ ਜੂਹੇ ਰੂਹੇ ਨੀ, ਰੂਹੇ! ਛੱਡ ਕੇ ਆਪਣੀ ਮੈਂ ਦਾ ਕਲਮਾ ਸੀ ਲਿਆ ਪਾਟਾ ਹੋਇਆ ਗਲਮਾ ਅੱਖੀਆਂ ਭੀੜ ਕੇ ਅੰਦਰ ਵੱਲੇ ਖੋਲ੍ਹੇ ਦਿਲ ਦੇ ਬੂਹੇ ਰੂਹੇ, ਨੀ ਰੂਹੇ! ਹੱਡੀਂ ਸੇਕ ਅਵੱਲਾ ਰਚਿਆ ਨਾੜੀਂ ਇਸ਼ਕ ਦਾ ਭਾਂਬੜ ਮੱਚਿਆ ਅੰਦਰ ਸਾੜ ਸਵਾਹ ਕੀਤਾ ਏ ਅਸਾਂ ਕੱਲੇ ਹੱਥ ਨਈਂ ਲੂਹੇ ਰੂਹੇ, ਨੀ ਰੂਹੇ! ਲੱਖ ਭਾਵੇਂ ਅਸਾਂ ਪੁੰਗਰੇ ਦਿਸਦੇ ਦੁੱਖ ਰੱਤੜੇ ਬਣ ਹੰਝੂ ਰਿਸਦੇ ਸਾਨੂੰ ਫੱਬਦੇ ਕਾਲੇ ਬਾਣੇ ਸਾਡੇ ਤਨ ਸਾਵੇ, ਮਨ ਸੂਹੇ ਰੂਹੇ, ਨੀ ਰੂਹੇ!
ਰਾਬੀਆ ਬਸਰੀ
ਰੱਬ ਓਦੋਂ ਦਾ ਚੁੱਪ ਏ ਜਦੋਂ ਦਾ ਉਹਨੇ ਆਪਣੇ ਰੱਬ ਨੂੰ ਆਖਿਆ ਏ : "ਤੇਰੀ ਬੇਇਨਸਾਫ਼ੀ ਦਾ ਨਿਆਂ ਮੈਂ ਕਰਾਂਗੀ ਮੇਰੇ ਕੋਲ ਦੋ ਹੰਝੂ ਨੇ ਇੱਕ ਹੰਝੂ ਨਾਲ ਮੈਂ ਤੇਰੀ ਦੋਜ਼ਖ਼ ਬੁਝਾਵਾਂਗੀ ਤੇ ਦੂਜੇ ਹੰਝੂ ਵਿਚ ਤੇਰੀ ਜੰਨਤ ਰੋੜ੍ਹ ਦਿਆਂਗੀ" ਰੱਬ ਓਦੋਂ ਦਾ ਚੁੱਪ ਏ ਰਾਬੀਆ ਦੇ ਹੰਝੂ ਅਜੇ ਵੀ ਸੁੱਕੇ ਨਹੀਂ
ਖ਼ਿਆਲ ਮਰਦੇ ਨਈਂ ਹੁੰਦੇ
ਨੀ ਕੁੜੇ--! ਠੰਢੀ ਅੱਗ ਦਾ ਕੌੜਾ ਘੁੱਟ ਭਰ ਤੇ ਮੱਥੇ ਤੇ ਖਿੜੀ ਤੀਜੀ ਅੱਖ ਨਾਲ ਬੁੱਤ ਬਣੇ ਵੇਲੇ ਨੂੰ ਘੂਰੀ ਵੱਟ ਐਵੇਂ ਰੱਸੇ ਕਿਉਂ ਵੱਟਦੀ ਰਹਿਨੀ ਏਂ ? ਖ਼ਿਆਲ ਮਰਦੇ ਨਈਂ ਹੁੰਦੇ ਕੋਈ ਅੱਖ ਏ ਜੋ ਤੇਰੇ ਖ਼ਿਆਲ ਪੜ੍ਹ ਲੈਂਦੀ ਏ ਕੋਈ ਖ਼ਿਆਲ ਏ ਜੋ ਆਪਣਾ ਜੋੜਾ ਲੱਭ ਲੈਂਦਾ ਏ ਦੋ ਖ਼ਿਆਲਾਂ ਦੇ ਜੋੜੇ ਨੇ ਇਕ ਨਵਾਂ ਖ਼ਿਆਲ ਜਨਮਿਆ ਏ ਜਿਹਦਾ ਅਜੇ ਕੋਈ ਨਾਮ ਨਈਂ ਰੱਖਿਆ ਗਿਆ ਕਿਵੇਂ ਰੱਖਦੇ ? ਪਿਓ ਦੇ ਖ਼ਾਨੇ ਵਿਚ ਮਾਂ ਦਾ ਨਾਮ ਕੌਣ ਕਬੂਲਦਾ ? ਜਿਸ ਸੱਚ ਨੂੰ ਸਮੇਂ ਦੀ ਕੁੱਖ ਨਾ ਸਾਂਭ ਸਕੀ ਉਹਨੂੰ ਝੂਠ ਦਾ ਪੰਘੂੜਾ ਕੌਣ ਝੂਟਣ ਦੇਂਦਾ ? ਉਹ ਜ਼ਹਿਰ ਦਾ ਸਵਾਦ ਕੀ ਦੱਸੇ ? ਖ਼ਿਆਲ ਮਰਦੇ ਨਈਂ ਹੁੰਦੇ ਬਸ ਲਫ਼ਜ਼ਾਂ ਦੀਆਂ ਕਬਰਾਂ ਵਿਚ ਅੱਧ ਮੋਏ ਪਏ ਸਹਿਕਦੇ ਰਹਿੰਦੇ ਹਨ ਕਿਸੇ ਸੂਲੀ ਦਾ ਫਾਹ ਉਨ੍ਹਾਂ ਦੇ ਗਲ ਵਿਚ ਪੂਰਾ ਨਈਂ ਆਉਂਦਾ ਤੂੰ ਐਵੇਂ ਰੱਸੇ ਕਿਉਂ ਵੱਟਦੀ ਰਹਿਨੀ ਏਂ ? --- ਲਿਪੀਅੰਤਰ : ਜਸਪਾਲ ਘਈ
ਆਪਣੀ ਸੰਗਤ ਦੇ ਨਿੱਘ ਅੰਦਰ
ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ ਤੂੰ ਵੀ ਸਾਨੂੰ ਛੱਡ ਜਾਣਾ ਏ ਹੋਰ ਉਦਾਸਾ ਕਰਕੇ ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੀ ਨਾ ਆਵੇ ਲੰਘਿਆ ਕਰਨਾ ਜਦ ਇੱਕ ਦੂਜੇ ਕੋਲੋਂ ਪਾਸਾ ਕਰਕੇ ਨਾਲੇ ਭਰਮ ਗਵਾਇਆ ਆਪਣਾ ਨਾਲੇ ਮਾਣ ਵੀ ਟੁੱਟਾ ਲੱਭਿਆ ਕੀ ਓਸ ਥੋੜ੍ਹ ਦਿਲੇ ਦੇ ਅੱਗੇ ਕਾਸਾ ਕਰਕੇ ਮੈਂ ਗਿਰਝਾਂ ਦੇ ਕੋਲੋਂ ਆਪਣਾ ਆਪ ਬਚਾ ਕੇ 'ਅੰਜੁਮ' ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ ਮਾਸਾ ਕਰਕੇ
ਝੂਠਾ ਅੱਖਰ ਜੀਭ ਤੇ ਰੁਕਿਆ ਹੋਇਆ ਸੀ
ਝੂਠਾ ਅੱਖਰ ਜੀਭ ਤੇ ਰੁਕਿਆ ਹੋਇਆ ਸੀ ਐਸੇ ਲਈ ਮੇਰਾ ਸੰਘ ਵੀ ਸੁੱਕਿਆ ਹੋਇਆ ਸੀ ਰੱਜਿਆਂ ਪੈਰਾਂ ਹੇਠਾਂ ਆ ਕੇ ਮਿੱਧੀ ਗਈ ਕੀੜੀ ਦੇ ਘਰ ਆਟਾ ਮੁੱਕਿਆ ਹੋਇਆ ਸੀ ਰੱਬ ਦੇ ਅੱਗੇ ਕਿਵੇਂ ਰੱਦਿਆ ਜਾਂਦਾ ਮੈਂ ਭਾਵੇਂ ਸਿਰ ਨਈਂ ਦਿਲ ਤੇ ਝੁਕਿਆ ਹੋਇਆ ਸੀ ਇਸ ਲਈ ਉਸ ਨੇ ਮੇਰੀ ਹੋਂਦ ਗਵਾ ਛੱਡੀ ਮੈਂ ਸ਼ੀਸ਼ੇ ਦੇ ਮੂੰਹ ਤੇ ਥੁੱਕਿਆ ਹੋਇਆ ਸੀ ਭੋਰਾ ਥਾਂ ਨਈਂ ਲੱਭੀ ਪੈਰ ਟਿਕਾਵਣ ਲਈ ਮੈਂ ਧਰਤੀ ਨੂੰ ਸਿਰ ਤੇ ਚੁੱਕਿਆ ਹੋਇਆ ਸੀ
ਮਨੁੱਖ ਦੀ ਵਾਰ - 1
ਮੈਂ ਅੱਖ ਬਚਾ ਕੇ ਰੱਬ ਤੋਂ ਅੱਗ ਚੋਰੀ ਕੀਤੀ । ਸੁਫ਼ਨੇ ਦਾ ਬਾਣਾ ਲੂਹ ਲਿਆ ਜਿੰਦ ਕੋਰੀ ਕੀਤੀ । ਮੈਂ ਮਿੱਟੀ ਦੇ ਕਲਬੂਤ ਨੂੰ ਤੰਦੂਰ ਬਣਾਇਆ । ਫਿਰ ਉਸ ਵਿਚ ਅਪਣੇ ਆਪ ਨੂੰ ਰੱਜ ਸੇਕਾ ਲਾਇਆ । ਮੈਂ ਪੱਕਾ ਪੀਢਾ ਹੋ ਗਿਆ ਤਨ ਤਿੜਦਾ ਜਾਵੇ । ਮੇਰੀ ਅਜ਼ਲੋਂ ਭੁੱਖੀ ਹੋਂਦ ਵੀ ਮੈਨੂੰ ਵੱਢ ਵੱਢ ਖਾਵੇ । ਇਕ ਪੇੜਾ ਗੁੰਨ੍ਹਿਆਂ ਧਰਤ ਦਾ ਵਿਚ ਸਾਹ ਕੁਨਾਲੀ । ਉੱਤੇ ਉਂਗਲਾਂ ਨਾਲ ਤਰੌਂਕ ਲਈ ਮੈਂ ਲਹੂ ਦੀ ਲਾਲੀ । ਸਭ ਹੰਢੇ ਵਰਤੇ ਜਨਮ ਮੇਰੇ ਆ ਬਹੇ ਦੁਆਲੇ । ਮੈਂ ਵਾਸੀ ਅਗਲੀ ਸਦੀ ਦਾ ਮੈਂ ਜੰਮਣਾ ਹਾਲੇ । ਨਵੇਂ ਦੁੱਖ ਸਵਾਗਤ ਵਾਸਤੇ ਮੇਰਾ ਮੱਥਾ ਖਿੜਿਆ । ਮੁੜ ਐਨਾ ਹੱਸਿਆ, ਹੱਸ ਹੱਸ ਮੈਨੂੰ ਹੁੱਥੂ ਛਿੜਿਆ । ਉੱਤੋਂ ਧੱਫੇ ਮਾਰੇ ਰੂਹ ਨੂੰ ਸੀਨੇ ਦੀ ਧੜਕਣ । ਜਗਰਾਤੇ ਹਾਣੀ ਸਮੇ ਦੇ ਅੱਖੀਆਂ ਵਿਚ ਰੜਕਣ । ਜੇ ਜਾਗ ਮਿਲੇ ਇਕ ਕਣੀ ਦੀ ਮੈਂ ਛੱਟੇ ਮਾਰਾਂ । ਜਾਂ ਸੀਨੇ ਲਾਵੇ ਯਾਰ, ਤੇ ਮੈਂ ਸੀਨਾ ਠਾਰਾਂ । ਲਿੱਪੀਅੰਤਰ : ਜਸਪਾਲ ਘਈ