Punjabi Ghazals Amin Khayal
ਪੰਜਾਬੀ ਗ਼ਜ਼ਲਾਂ ਅਮੀਨ ਖ਼ਿਆਲ
੧. ਓਸ ਅਖ਼ੀਰੀ ਤੱਕਣੀ ਅੰਦਰ, ਕਿੰਨਾ ਦਰਦ ਸੀ ਹਾਏ
ਓਸ ਅਖ਼ੀਰੀ ਤੱਕਣੀ ਅੰਦਰ, ਕਿੰਨਾ ਦਰਦ ਸੀ ਹਾਏ !
ਉਹਦੇ ਵਿਛੜਣ ਵਾਲਾ ਵੇਲਾ, ਕਿੰਜ ਭੁਲਾਇਆ ਜਾਏ ।
ਕਾਲਖ਼ ਲਿੱਪੇ ਅੰਬਰੋਂ ਲੀਕੇ, ਨੈਣਾਂ ਤੀਕ ਹਨੇਰੇ,
ਤੇਰੇ ਬਾਝੋਂ ਕਿਹੜਾ ਮੇਰੀਆਂ, ਅੱਖੀਆਂ ਨੂੰ ਰੁਸ਼ਨਾਏ ।
ਨਾ ਦੇਹ ਭੇਤੀਆ ਐਨੇ ਲਾਰੇ, ਲੰਮੀਆਂ ਉਮਰਾਂ ਵਾਲੇ,
ਮਰ ਕੇ ਇੱਕ ਹੰਢਾਈ ਏ ਹੁਣ, ਦੂਜੀ ਕੌਣ ਹੰਢਾਏ ।
ਤੂੰ ਵੀ ਅਪਣੀਆਂ ਜ਼ੁਲਫ਼ਾਂ ਅੰਦਰ, ਫੁੱਲ ਟੰਗਣੇ ਭੁੱਲ ਗਈਉਂ,
ਮੈਂ ਵੀ ਰੰਗ ਬਰੰਗੇ ਬਾਣੇ, ਫੇਰ ਕਦੀ ਨਾ ਪਾਏ ।
ਇੰਜ ਅਧਵਾਟਿਉਂ ਟੁੱਟੀ ਯਾਰੀ, ਜਿਉਂਕਰ ਗੁੱਡੀ ਡੋਰੋਂ,
ਹੁਣ ਤੇ ਅਪਣੇ ਘਰ ਬੂਹੇ ਵੱਲ ਵੀ, ਨਾ ਪਰਤਿਆ ਜਾਏ ।
ਇਸ ਬੇਸੁਰਤੀ ਜੂਹ ਦੇ ਅੰਦਰ, ਹੋਇਆ ਵਾਸਾ ਮੇਰਾ,
ਰੁੱਖਾਂ ਨਾਲੋਂ ਲੰਮੇ ਜਿੱਥੇ, ਰੁੱਖਾਂ ਦੇ ਨੇ ਸਾਏ ।
ਸ਼ੇਅਰ ਦੀ ਦੇਹੀ ਉੱਤੇ ਮਲਿਆ, ਰੂਪ ਖ਼ਿਆਲ ਦਾ ਵਟਣਾ,
ਕਿਉਂ ਨਾ ਗ਼ਜ਼ਲਾਂ ਵਿੱਚੋਂ ਅੜੀਏ, ਖ਼ੁਸ਼ਬੂ ਤੇਰੀ ਆਏ ।
੨. ਦਿਲ ਲਈ ਜੇ ਕਰ ਵਸਲ ਉਹਦੇ ਦੀ, ਖ਼ਬਰ ਲਿਆਵਾਂ ਮੈਂ
ਦਿਲ ਲਈ ਜੇ ਕਰ ਵਸਲ ਉਹਦੇ ਦੀ, ਖ਼ਬਰ ਲਿਆਵਾਂ ਮੈਂ ।
ਹਿਜਰ ਇਹ ਆਖੇ ਨਿਤ ਤੇਰੇ ਲਈ, ਤਾਉਣੀ ਤਾਵਾਂ ਮੈਂ ।
ਬਿਜਲੀ ਵਰਗੀ ਅੱਖ ਏ ਉਹਦੀ, ਯਾ ਏ ਮਕਨਾਤੀਸੀ
ਅਖਾਂ ਸਾਹਵੇਂ ਹੋਏ ਦਿਲ ਨੂੰ, ਕਿੰਜ ਬਚਾਵਾਂ ਮੈਂ ।
ਕੱਲੇ ਦਿਲ ਨੂੰ ਵਸ ਵਿੱਚ ਕਰ ਲਾਂ, ਸੋਚਾਂ ਨੂੰ ਕੀ ਆਖਾਂ,
ਵਿਹੜਾ ਹੋਇਆ ਏ ਕਮਲਾ ਕੀਹਨੂੰ, ਹੁਣ ਸਮਝਾਵਾਂ ਮੈਂ ।
ਤੂੰ ਆਇਉਂ ਆਇਆ ਏ ਸਜਣਾਂ, ਕੀੜੀ ਘਰੇ ਨਰੈਣ,
ਤੇਰੇ ਆਵਣ ਉੱਤੇ ਲੱਖਾਂ, ਸ਼ੁਕਰ ਬਜਾਵਾਂ ਮੈਂ ।
ਸ਼ਿਅਰਾਂ ਦੇ ਲਫ਼ਜ਼ਾਂ ਦੇ ਅੰਦਰ, ਗੁੱਝਾ ਦਰਦ ਭਰਾਂ,
ਗ਼ਜ਼ਲ ਦੇ ਪਰਦਿਆਂ ਵਿੱਚ 'ਖ਼ਿਆਲਾ', ਹਾਲ ਸੁਣਾਵਾਂ ਮੈਂ ।
੩. ਰੱਬਾ ਰਹਿੰਦੀ ਦੁਨੀਆਂ ਤੀਕਰ, ਵਸਦੇ ਰਹਿਣ ਪਏ ਉਹ
ਰੱਬਾ ਰਹਿੰਦੀ ਦੁਨੀਆਂ ਤੀਕਰ, ਵਸਦੇ ਰਹਿਣ ਪਏ ਉਹ ।
ਜਿਹੜੇ ਸਾਡੇ ਉਦਰੇਵੇਂ ਦਾ, ਕਦੇ ਨਹੀਂ ਕਰਦੇ ਗਹੁ ।
ਮੇਰੇ ਲੇਖਾਂ ਅੰਦਰ ਤੇਰਾ ਕਦੇ ਨਹੀਂ ਹੋਣਾ ਮੇਲ,
ਫਿਰ ਵੀ ਤੇਰੇ ਬਾਝੋਂ ਮੇਰਾ, ਭਰਦਾ ਨਾਹੀਂ ਛਹੁ ।
ਯਾਰ ਮਿਰੇ ਦੀਏ ਯਾਦੇ ਰੁੱਸ ਕੇ, ਇੰਜ ਛੁਡਾ ਨਾ ਚੁੰਡ,
ਕਦੀ ਕਦਾਰੇ ਆਈਏਂ ਅੜੀਏ, ਝੱਟ ਦੋ ਝੱਟ ਤੇ ਬਹੁ ।
ਡੇਰਾ ਤੇਰਾ ਮੇਰੇ ਦਿਲ ਵਿੱਚ, ਤੂੰ ਸ਼ਾਹ ਰਗ ਦੇ ਕੋਲ,
ਤੂੰ ਅੰਗ ਅੰਗ ਵਿੱਚ ਐਵੇਂ ਜੀਵੇਂ, ਗੰਨੇ ਦੇ ਵਿੱਚ ਰਹੁ ।
ਦੇਖ ਲਵਾਂਗੇ ਤੈਨੂੰ ਚੱਲ ਖਾਂ, ਚੱਲਣਾ ਏਂ ਕਿੱਥੋਂ ਤੱਕ,
ਮੈਂ 'ਤੇ ਔਖੀਆਂ ਰਾਹਵਾਂ ਦੇ ਨਾਲ, ਟੁਰਿਆ ਕਰਨ ਧਰੋਹ ।
ਰਹਿੰਦਾ ਸੀ ਜੋ ਤੇਰੇ ਦਿਲ ਵਿੱਚ, ਉਹ ਤੇ ਨਹੀਂ 'ਖ਼ਿਆਲ'
ਪਾ ਖਾਂ ਜ਼ੋਰ ਅਕਲ ਤੇ ਸੱਜਣਾਂ, ਕਰ ਖਾਂ ਕੋਈ ਥਹੁ ।
੪. ਗ਼ਜ਼ਲਾਂ ਲਿਖੀਏ, ਨਜ਼ਮਾਂ ਲਿਖੀਏ, ਰਾਗ ਰੰਗ ਸੁਰਤਾਲ
ਗ਼ਜ਼ਲਾਂ ਲਿਖੀਏ, ਨਜ਼ਮਾਂ ਲਿਖੀਏ, ਰਾਗ ਰੰਗ ਸੁਰਤਾਲ ।
ਜੀਹਨੂੰ ਅਪਣਾ ਯਾਰ ਬਣਾਈਏ, ਕਰੀਏ ਮਾਲੋ ਮਾਲ ।
ਚੰਨ ਤੇ ਲੋਕੋ ਨੱਚ ਨੱਚ ਅਪਣਾ, ਕਰ ਲਿਆ ਮੰਦਾ ਹਾਲ,
ਰਾਤ ਮੁਕਾਲੀ ਤਾਈਂ ਫਿਰ ਵੀ, ਪੈਂਦਾ ਨਹੀਂ ਜੇ ਹਾਲ ।
ਚੇਤਰ ਰੁੱਤ ਜਦ ਬਾਗਾਂ ਅੰਦਰ, ਪਾਈ ਆਣ ਧਮਾਲ,
ਨੱਚਦੀ ਨੱਚਦੀ ਕਲੀ ਵੀ ਹੋਈ, ਫਿਰ ਤਾਲੋਂ ਬੇ ਤਾਲ ।
ਉੱਡ ਗਿਆ ਤੇ ਹੱਥ ਨਹੀਂ ਆਉਂਦਾ, ਉਹ ਮਿੱਟੀ ਦਾ ਢੇਰ,
ਲਾ ਕੋਈ ਮਨਤਰ ਚਾਰਾ ਸਾਜ਼ਾ, ਇਹਨੂੰ ਲੈ ਸੰਭਾਲ ।
ਕੱਲ੍ਹ ਅਜੇ ਸੀ ਤੇਰੀ ਮੇਰੀ, ਬਦਨਾਮੀ ਦਾ ਸ਼ੋਰ,
ਇੰਜ ਲਗਦਾ ਏ ਉਹਨੂੰ ਜੀਵੇਂ, ਬੀਤੇ ਸਦੀਆਂ ਸਾਲ ।
ਅੰਗ ਨਖੇੜਿਆ ਲਹਿਣ ਨਾ ਕਦਰੇ, ਪਿਛਲਾ ਕਰੇ ਧਿਆਨ,
ਮਿਲੀ ਜੇ ਕਿਧਰੇ ਨਹੀਂ 'ਖ਼ਿਆਲਾ', ਲੱਗੀਆਂ ਤਾਈਂ ਪਾਲ ।
੫. ਬਾਤਾਂ ਪਾਉਂਦੇ ਬਾਤਾਂ ਸੁਣਦੇ, ਪੈਂਡੇ ਕਟਦੇ ਜਾਂਦੇ
ਬਾਤਾਂ ਪਾਉਂਦੇ ਬਾਤਾਂ ਸੁਣਦੇ, ਪੈਂਡੇ ਕਟਦੇ ਜਾਂਦੇ ।
ਕਾਲੀ ਰਾਤ ਦੇ ਪਾਂਧੀ ਕੀਵੇਂ, ਚੰਨ ਨੂੰ ਕੋਲ ਬੁਲਾਂਦੇ ।
ਜਿਹੜਾ ਜਿਹੜਾ ਸੜਦਾ ਅਪਣੀ, ਅੱਗ ਅੰਦਰ ਹੀ ਸੜਦਾ,
ਐਵੇਂ ਮਰਨੇ ਲੋਕੀ ਦੂਜੀ, ਅੱਗ ਨੂੰ ਤੁਹਮਤ ਲਾਂਦੇ ।
ਜਲਵੇ ਵੀ ਨੇ ਅੰਦਰ ਡੁੱਬੇ, ਗੁੰਮੇਂ ਵਿੱਚ ਰਜ਼ਾ ਦੇ,
ਆਪੇ ਰੁਸਦੇ ਅਪਣੇ ਨਾਲ ਤੇ, ਅਪਣਾ ਆਪ ਮਨਾਂਦੇ ।
ਹੋਵੇ ਨਾ ਬੇ ਆਸਾ ਕੋਈ, ਫੇਰ ਦਵਾਂਗੇ ਹੋਕਾ,
ਮਿਲਣਾ ਚਾਹਵੇ ਜੇ ਕੋਈ ਜੋਗੀ, ਅੱਜ ਵੀ ਯਾਰ ਮਿਲਾਂਦੇ ।
ਸੂਰਜ, ਚੰਨ ਤੇ ਤਾਰੇ ਦਿਲ ਦੀ, ਕਾਲਖ਼ ਧੋ ਨਾ ਸੱਕੇ
ਦੇਖੀਏ ਅਥਰੂਆਂ ਦੇ ਛਿੱਟੇ, ਕਿਹੜਾ ਚੰਨ ਚੜ੍ਹਾਂਦੇ ।
ਰਿਸ਼ਮਾਂ ਟਹਿਕਣ, ਲੋਆਂ ਮਹਿਕਣ, ਚੰਨ ਬਦਲੀ 'ਚੋਂ ਨਿਕਲੇ,
ਕੱਢ 'ਖ਼ਿਆਲ' ਤੂੰ ਵੀ ਹੁਣ ਜਿਹੜੇ, ਸ਼ਿਅਰ ਨੇ ਲਿਖ ਕੇ ਆਂਦੇ ।