Amin Khayal ਅਮੀਨ ਖ਼ਿਆਲ

ਨਾਂ: ਮੁਹੰਮਦ ਅਮੀਨ (ਕਲਮੀ ਨਾਂ - 'ਅਮੀਨ ਖ਼ਿਆਲ')
ਪਿਤਾ ਦਾ ਨਾਂ: ਚਿਰਾਗ਼ ਦੀਨ
ਜੰਮਣ ਵਰ੍ਹਾ: 10 ਅਕਤੂਬਰ 1932
ਜਨਮ ਸਥਾਨ: ਗੁਰਜਾਖ਼ ਜ਼ਿਲਾ ਗੁਜਰਾਂਵਾਲਾ
ਵਿਦਿਆ: ਐਫ਼. ਏ. ਫ਼ਾਜ਼ਿਲ
ਕਿੱਤਾ: ਅਧਿਆਪਨ
ਛਪੀਆਂ ਕਿਤਾਬਾਂ: ਸ਼ਰਲਾਟੇ (ਗ਼ਜ਼ਲ ਸੰਗ੍ਰਿਹ), ਚਮਾਸੇ (ਗ਼ਜ਼ਲ ਸੰਗ੍ਰਿਹ), ਝਾਂਜੇ ਝੜੀਆਂ, ਕਿਣ-ਮਿਣ, ਠੰਢ ਦਿਲੇ ਦੀ, ਲਾਲਾਂ ਦੇ ਵਣਜਾਰੇ, ਤਜ਼ਕਰਾਏ ਪੰਜਾਬੀ ਸ਼ਾਇਰਾਂ, ਬਾਰਾਂ ਮਾਂਹ
ਪਤਾ: ਘਰਸਾਖ, ਜ਼ਿਲਾ ਗੁੱਜਰਾਂਵਾਲਾ

ਪੰਜਾਬੀ ਗ਼ਜ਼ਲਾਂ (ਸ਼ਰਲਾਟੇ 1975 ਵਿੱਚੋਂ) : ਅਮੀਨ ਖ਼ਿਆਲ

Punjabi Ghazlan (Sharlate 1975) : Amin Khayal

੧. ਸੋਚਾਂ ਤਾਈਂ ਜ਼ਖ਼ਮੀ ਕਰਦੇ

ਸੋਚਾਂ ਤਾਈਂ ਜ਼ਖ਼ਮੀ ਕਰਦੇ, ਨੁਕਤਾਚੀਨ ਖ਼ਿਆਲ ।
ਮੂਹੜਿਆਂ ਦੇ ਸੰਗ ਅੜਕੇ ਪਾਟਣ, ਜਿਉਂ ਮਹੀਨ ਖ਼ਿਆਲ ।

ਮੇਰੇ ਕੋਲ ਤੇ ਪਿਆਰ ਉਦੇ੍ਹ ਦੀ ਸਿੱਧੀ-ਸਾਦੀ ਗੱਲ,
ਸਾਦ ਮੁਰਾਦਾ ਕਿੱਥੋਂ ਲਿਆਵਾਂ ਮੈਂ ਰੰਗੀਨ ਖ਼ਿਆਲ ।

ਇਸ਼ਕ ਜ਼ੋਰਾਵਰ ਅਜ਼ਲੋਂ ਸਾਡੀ ਝੋਲੀ ਵਿਚ ਪਿਆ,
ਐਸੇ ਦੇ ਹੀ ਕਾਰਨ ਸਾਡੇ ਹੈਨ ਜ਼ਹੀਨ ਖ਼ਿਆਲ ।

ਦਿਲ ਦੀ ਝੁੱਗੀ ਝਾਤੀ ਪਾਕੇ ਤੁਰ ਗਈ ਇਕ ਮੁਟਿਆਰ,
ਅੱਜ ਤੀਕਰ ਨਾ ਵਿਸਰਣ ਚੇਤਿਉਂ, ਦੇਣ ਨਾ ਜੀਣ ਖ਼ਿਆਲ ।

ਜਦ ਦਾ ਆ ਕੇ ਉਹ ਤੇ ਆਪਣਾ ਪੱਤਰਾ ਵਾਚ ਗਿਆ ਏ,
ਦਿਲ ਨਗਰੀ ਵਿਚ ਅੱਜ ਵੀ ਉਹਦੇ ਹੈਨ ਕਮੀਨ ਖ਼ਿਆਲ ।

ਲੋਕਾਂ ਦੇ ਪਿਆ ਰੰਗ ਚੁਰਾ ਕੇ ਗ਼ਜ਼ਲਾਂ ਲਿਖਦਾ ਰਹਿੰਦੈ,
ਬਣਿਆ ਫਿਰਦੈ ਵੱਡਾ ਸ਼ਾਇਰ ਇਹ 'ਅਮੀਨ ਖ਼ਿਆਲ' ।

੨. ਭੁੱਲ-ਭੁਲੇਖੇ ਚੰਨ ਤੋਂ ਮੰਗੀ

ਭੁੱਲ-ਭੁਲੇਖੇ ਚੰਨ ਤੋਂ ਮੰਗੀ, ਚਾਨਣ ਦੀ ਇਕ ਲੱਪ ।
ਰਾਤ ਦਾ ਗੰਢੀ ਛੋੜ ਹਨ੍ਹੇਰਾ ਖੀਸਾ ਲੈ ਗਿਆ ਕੱਪ ।

ਕਿੰਨੇ ਸਾਰੇ ਉਭਰੇ ਦਾਇਰੇ ਮੇਰੀਆਂ ਸੋਚਾਂ ਵਿੱਚ,
ਕਿਸ ਬੇਦਰਦੀ ਨੇ ਦਿਲ ਦੀ ਢਾਬੇ ਮਾਰੀ ਡਾਂਗ ਖੜੱਪ ।

ਮਾਪਿਆਂ ਦੀ ਇਕ ਝਿੜਕ ਤੇ ਸਾਰੀ ਨਿਕਲ ਗਈਉ ਛੱਲ,
ਤੂੰ 'ਝਨਾਂ' ਕੀ ਚੀਰਣੈ ਤੂੰ ਇਕ ਖਾਲ ਨਾ ਸਕਿਉਂ ਟੱਪ ।

ਦਿਲ ਦੀ ਬੰਦ ਪਟਾਰੀ ਖੋਲ੍ਹਿਆਂ ਨੀਂਦਰ ਜਾਵੇ ਉੱਡ,
ਕੁਰਬਲ ਕੁਰਬਲ ਕਰਨ ਚੁਫ਼ੇਰੇ ਵਹਿਮਾਂ ਦੇ ਕਈ ਸੱਪ ।

ਵੇਲਾ ਨਹੀਉਂ ਯਾਰ ਕਿਸੇ ਦਾ, ਕਦੀ ਨਾ ਆਵੇ ਪਰਤ,
ਬੀਤੇ ਜਾਂਦੇ ਵੇਲੇ ਦੀ ਤੂੰ ਘੁੱਟ ਕੇ ਗਿੱਚੀ ਨੱਪ ।

'ਅਨਵਰ'ਜਿਹੇ ਗੁਰੂ ਦੇ ਹੁੰਦਿਆਂ ਸ਼ਿਅਰ ਦਾ ਕਾਹਦਾ ਭਾਰ,
ਗੁਰੂ ਜਿਨ੍ਹਾਂ ਦੇ ਹੋਣ ਸਿਆਣੇ ਚੇਲੇ ਜਾਣ ਸ਼ੜੱਪ ।

ਕਰ ਕੋਈ ਪੱਕਾ ਕੌਲ 'ਖ਼ਿਆਲਾ' ਜਿਹੜਾ ਤੋੜ ਚੜ੍ਹੇ,
ਐਵੇਂ ਨਾ ਪਿਆ ਵਿੱਚ ਖ਼ਿਆਲਾਂ ਰੇਤ ਦੇ ਕੋਠੇ ਥੱਪ ।

੩. ਵਗਣਾ ਨਾਹੀਂ ਏਹੋ ਜਿਹੀਆਂ 'ਵਾਵਾਂ

ਵਗਣਾ ਨਾਹੀਂ ਏਹੋ ਜਿਹੀਆਂ 'ਵਾਵਾਂ ਸਾਡੇ ਮਗਰੋਂ ।
ਟੁੱਟਣਾ ਨਾਹੀਂ ਕਦੇ ਵੀ ਇੰਜ ਤਨਾਵਾਂ ਸਾਡੇ ਮਗਰੋਂ ।

ਸਾਡੇ ਵਰਗੇ ਪਾਂਧੀਆਂ ਦਾ ਹੀ ਸੰਗ ਕਰਨ ਇਹ ਧੁੱਪਾਂ,
ਫੇਰ ਕਿਤੇ ਇਹ ਲੱਭਣੀਆਂ ਨਾਹੀਂ ਛਾਵਾਂ ਸਾਡੇ ਮਗਰੋਂ ।

ਸੁਹਣਿਆ ਚੰਨਾ ਤੇਰੀਉ ਈ ਇਕ ਸ਼ੈ ਥੀਂ ਤੇਰੇ ਉੱਤੇ,
ਕਿਸੇ ਨਾ ਸੁਟਣੀਆਂ ਸਾਡੇ ਵਾਂਗੂ ਲਾਵਾਂ ਸਾਡੇ ਮਗਰੋਂ ।

ਤਾਂਘ ਦੀ ਗਿੱਚੀ ਤੇ ਪੱਬ ਧਰਦੀਏ ਰਾਤੇ ਕਾਲੀਏ ਡੈਣੇਂ,
ਤੈਨੂੰ ਕਿਸੇ ਵੀ ਹੋਣਾ ਨਹੀਉਂ ਸਾਹਵਾਂ ਸਾਡੇ ਮਗਰੋਂ ।

ਸਾਡੇ ਵਸਦੇ-ਰਸਦੇ ਝੁੱਗੇ ਤਾਈਂ ਅੱਗਾਂ ਲਾ ਕੇ,
ਖੁੱਲੀਆਂ ਫਿਰਨ ਕਦੇ ਨਾ ਇੰਜ ਹਵਾਵਾਂ ਸਾਡੇ ਮਗਰੋਂ ।

ਦੂਹਰੀ ਆਸ ਦੀ ਏਸ ਵਸੋਂ ਦੇ ਇਕ ਵਸਨੀਕ 'ਖ਼ਿਆਲਾ',
ਏਸ ਤਰ੍ਹਾਂ ਨਹੀਂ ਹੋਣਾ ਓਸ ਨਿਥਾਵਾਂ ਸਾਡੇ ਮਗਰੋਂ ।

੪. ਓਸ ਅਖ਼ੀਰੀ ਤੱਕਣੀ ਦੇ ਵਿਚ

ਓਸ ਅਖ਼ੀਰੀ ਤੱਕਣੀ ਦੇ ਵਿਚ, ਕਿੰਨਾਂ ਦਰਦ ਸੀ ਹਾਏ ।
ਉਹਦੇ ਵਿਛੜਣ ਵਾਲਾ ਵੇਲਾ, ਕਿੰਜ ਭੁਲਾਇਆ ਜਾਏ ।

ਕਾਲਖ਼ ਲਿੱਪੇ ਅੰਬਰੋਂ ਲੀਕੇ, ਨੈਣਾਂ ਤੀਕ ਹਨ੍ਹੇਰ,
ਤੇਰੇ ਬਾਝੋਂ ਕਿਹੜਾ ਮੇਰੀਆਂ, ਅੱਖੀਆਂ ਨੂੰ ਰੁਸ਼ਨਾਏ ।

ਨਾ ਦੇਹ ਭੇਤੀਆ ਐਨੇ ਲਾਰੇ, ਲੰਮੀਆਂ ਉਮਰਾਂ ਵਾਲੇ,
ਮਰ ਕੇ ਇਕ ਹੰਢਾਈ ਏ ਹੁਣ, ਦੂਜੀ ਕੌਣ ਹੰਢਾਏ ।

ਤੂੰ ਵੀ ਆਪਣੇ ਵਾਲਾਂ ਅੰਦਰ, ਫੁਲ ਟੰਗਣੇ ਭੁੱਲ ਗਈ ਏਂ,
ਮੈਂ ਵੀ ਰੰਗ ਬਰੰਗੇ ਬਾਣੇਂ, ਫੇਰ ਕਦੀ ਨਈਂ ਪਾਏ ।

ਇੰਜ ਅਧਵਾਟਿਉਂ ਟੁੱਟੀ ਯਾਰੀ, ਜਿਉਂ ਕਰ ਗੁੱਡੀ ਡੋਰੋਂ,
ਹੁਣ ਤੇ ਆਪਣੇ ਘਰ ਬੂਹੇ ਵਲ, ਵੀ ਨਾ ਪਰਤਿਆ ਜਾਏ ।

ਇਸ ਬੇ ਸੁਰਤੀ ਜੂਹ ਦੇ ਅੰਦਰ, ਹੋਇਆ ਵਾਸਾ ਮੇਰਾ,
ਰੁੱਖਾਂ ਨਾਲੋਂ ਲੰਮੇ ਜਿੱਥੇ, ਰੁੱਖਾਂ ਦੇ ਨੇ ਸਾਏ ।

ਸ਼ਿਅਰ ਦੀ ਦੇਹੀ ਉੱਤੇ ਮਲਿਆ, ਰੂਪ 'ਖ਼ਿਆਲ' ਦਾ ਵਟਨਾ,
ਕਿਉਂ ਨਾ ਗ਼ਜ਼ਲਾਂ ਵਿੱਚੋਂ ਅੜੀਏ, ਖ਼ੁਸ਼ਬੂ ਤੇਰੀ ਆਏ ।

੫. ਗ਼ਜ਼ਲਾਂ ਲਿਖੀਏ ਨਜ਼ਮਾਂ ਲਿਖੀਏ

ਗ਼ਜ਼ਲਾਂ ਲਿਖੀਏ ਨਜ਼ਮਾਂ ਲਿਖੀਏ ਰਾਗ ਰੰਗ ਸੁਰਤਾਲ ।
ਜੀਹਨੂੰ ਆਪਣਾ ਯਾਰ ਬਣਾਈਏ ਕਰੀਏ ਮਾਲਾ ਮਾਲ ।

ਚੰਨ ਦੇ ਉੱਤੇ ਨੱਚ-ਨੱਚ ਆਪਣਾ ਕਰ ਲਿਆ ਮੰਦਾ ਹਾਲ,
ਰਾਤ ਮੁਕਾਲੀ ਤਾਈਂ ਫਿਰ ਵੀ ਪੈਂਦਾ ਨਹੀਂ ਜੇ ਹਾਲ ।

ਚੇਤਰ ਰੁੱਤ ਜਦ ਬਾਗ਼ਾਂ ਅੰਦਰ ਪਾਈ ਆਣ ਧਮਾਲ,
ਨੱਚਦੀ-ਨੱਚਦੀ ਕਲੀ ਵੀ ਹੋਈ ਫਿਰ ਹਾਲੋਂ ਬੇਹਾਲ ।

ਉੱਡ ਗਿਆ ਤੇ ਹੱਥ ਨਹੀਂ ਆਉਂਦਾ ਉਹ ਮਿੱਟੀ ਦਾ ਢੇਰ,
ਲਾ ਕੋਈ ਮੰਤਰ ਚਾਰਾ ਸਾਜ਼ਾ ਇਹਨੂੰ ਲੈ ਸੰਭਾਲ ।

ਕੱਲ੍ਹ ਅਜੇ ਸੀ ਤੇਰੀ ਮੇਰੀ ਬਦਨਾਮੀ ਦਾ ਸ਼ੋਰ,
ਇੰਜ ਲਗਦਾ ਏ ਉਹਨੂੰ ਜੀਵੇਂ ਬੀਤੇ ਸਦੀਆਂ ਸਾਲ ।

ਅੰਗ ਨਖੇੜਿਆਂ ਲਹਿਣ ਕਦੇ ਨਾ ਪਿਛਲਾ ਕਰੇ ਧਿਆਨ,
ਮਿਲੇ ਜੇ ਕਿਧਰੇ ਕਹੀਂ 'ਖ਼ਿਆਲਾ' ਲੱਗੀਆਂ ਤਾਈਂ ਪਾਲ ।

੬. ਰੱਬਾ, ਰਹਿੰਦੀ ਦੁਨੀਆ ਤੀਕਰ

ਰੱਬਾ, ਰਹਿੰਦੀ ਦੁਨੀਆ ਤੀਕਰ ਵਸਦੇ ਰਹਿਣ ਪਏ ਉਹ ।
ਜਿਹੜੇ ਸਾਡੇ ਉਦਰੇਵੇਂ ਦਾ ਕਦੇ ਨਾ ਕਰਦੇ ਮੋਹ ।

ਮੇਰੇ ਲੇਖਾਂ ਅੰਦਰ ਤੇਰਾ ਕਦੇ ਨਹੀਂ ਹੋਣਾ ਮੇਲ,
ਫਿਰ ਵੀ ਤੇਰੇ ਬਾਝੋਂ ਮੇਰਾ ਭਰਦਾ ਨਹੀਉਂ ਛੋਹ ।

ਯਾਰ ਮਿਰੇ ਦੀਏ ਯਾਦੇ ਰੁੱਸ ਕੇ ਇੰਜ ਛੁਡਾ ਨਾ ਚੁੰਡ,
ਕਦੀ ਕਦਾਰੇ ਆਈ ਏਂ ਅੜੀਏ, ਪਲ ਦੋ ਪਲ ਤੇ ਬਹੁ ।

ਤੇਰਾ ਡੇਰਾ ਮੇਰੇ ਦਿਲ ਵਿਚ ਤੂੰ ਸ਼ਾਹਰਗ ਦੇ ਕੋਲ,
ਤੂੰ ਅੰਗ-ਸੰਗ ਵਿਚ ਐਵੇਂ ਜੀਵੇਂ ਗੰਨੇ ਦੇ ਵਿਚ ਰਹੁ ।

ਦੇਖ ਲਵਾਂਗੇ ਤੈਨੂੰ ਚੱਲ ਖਾਂ ਚੱਲਣਾ ਏ ਕਿੱਥੋਂ ਤੱਕ,
ਮੈਂ ਤੇ ਔਖੀਆਂ ਰਾਹਵਾਂ ਦੇ ਨਾਲ ਤੁਰਿਆ ਕਰਨ ਧਰੋਹ ।

ਰਹਿੰਦਾ ਸੀ ਜੋ ਤੇਰੇ ਦਿਲ ਵਿਚ ਉਹ ਤੇ ਨਹੀਂ 'ਖ਼ਿਆਲ',
ਪਾ ਖਾਂ ਜ਼ੋਰ ਅਕਲ ਤੇ ਸੱਜਣਾਂ ਕਰ ਖਾਂ ਕੋਈ ਥੋਹ ।

੭. ਬਾਤਾਂ ਪਾਉਂਦੇ, ਬਾਤਾਂ ਸੁਣਦੇ

ਬਾਤਾਂ ਪਾਉਂਦੇ, ਬਾਤਾਂ ਸੁਣਦੇ, ਪੈਂਡੇ ਕਟਦੇ ਜਾਂਦੇ ।
ਕਾਲੀ ਰਾਤ ਦੇ ਪਾਂਧੀ ਕਿਵੇਂ, ਚੰਨ ਨੂੰ ਕੋਲ ਬੁਲਾਂਦੇ ।

ਜਿਹੜਾ ਕਿਹੜਾ ਸੜਦਾ ਆਪਣੀ, ਅੱਗ ਅੰਦਰ ਹੀ ਸੜਦਾ,
ਐਵੇਂ ਮਰਨੇ ਲੋਕੀ ਦੂਜੀ, ਅੱਗ ਨੂੰ ਤੁਹਮਤ ਲਾਂਦੇ ।

ਜਲਵੇ ਵੀ ਨੇ ਅੰਦਰ ਦੱਬੇ, ਗੁੰਮੇਂ ਵਿਚ ਰਜ਼ਾ ਦੇ,
ਆਪੇ ਰੁੱਸਦੇ ਆਪਣੇ ਨਾਲ ਤੇ ਆਪਣਾ ਆਪ ਮਨਾਂਦੇ ।

ਹੋਵੇ ਨਾ ਬੇ-ਆਸਾ ਕੋਈ, ਫੇਰ ਦਵਾਂਗੇ ਹੋਕਾ,
ਮਿਲਣਾ ਚਾਹਵੇ ਜੋ ਕੋਈ ਅੱਜ ਵੀ, ਜੋਗੀ ਯਾਰ ਮਿਲਾਂਦੇ ।

ਸੂਰਜ ਚੰਨ ਤੇ ਤਾਰੇ ਦਿਲ ਦੀ, ਕਾਲਖ ਧੋ ਨਾ ਸੱਕੇ,
ਦੇਖੀਏ ਅੱਥਰੂਆਂ ਦੇ ਸਿੱਟੇ, ਕਿਹੜਾ ਚੰਨ ਚੜ੍ਹਾਂਦੇ ।

ਰਿਸ਼ਮਾਂ ਟਹਿਕਣ, ਲੋਆਂ ਮਹਿਕਣ, ਚੰਨ ਬਦਲੀ ਚੋਂ ਨਿਕਲੇ,
ਕੱਢ 'ਖ਼ਿਆਲ' ਤੂੰ ਵੀ ਹੁਣ ਜਿਹੜੇ, ਸ਼ਿਅਰ ਨੇ ਲਿਖ ਕੇ ਆਂਦੇ ।

੮. ਜੀਵਨ ਜੀਵੇਂ ਥਲ ਮਾਰੂ ਵਿਚ

ਜੀਵਨ ਜੀਵੇਂ ਥਲ ਮਾਰੂ ਵਿਚ, ਬਲਦੀ ਸਿਖ਼ਰ ਦੁਪਹਿਰ ।
ਦਿਲ ਏ ਜੀਵੇਂ ਉਜੜਿਆ ਪੁਜੜਿਆ, ਲੁਟਿਆ ਪੁਟਿਆ ਸ਼ਹਿਰ ।

ਏਸ ਤਰ੍ਹਾਂ ਵੀ ਹੋ ਜਾਂਦੇ ਨੇ, ਸਾਕੀਆ ਗਿੱਲੇ ਹੋਂਟ,
ਤੂੰ ਜੇ ਭਾਰਾਂ ਤੇ ਪੈ ਜਾਵੇਂ, ਕਿਉਂ ਨਾ ਪੀਈਏ ਜ਼ਹਿਰ ।

ਪਤਾ ਨਹੀਂ ਸੀ ਐਡੀ ਛੇਤੀ, ਮੁੜ ਜਾਵੇਗਾ ਉਹ,
ਮੈਂ ਖ਼ਬਰੇ ਕਿਉਂ ਕਹਿ ਨਾ ਸਕਿਆ, ਤੂੰ ਕੁਝ ਪਲ ਤਾਂ ਠਹਿਰ ।

ਮੁੜ ਕੋਈ ਮੇਰੇ ਰੋਵਣ ਉੱਤੇ, ਹੱਸ ਪਿਆ ਅੱਜ ਫੇਰ,
ਚੁੱਪ ਝਨਾਂ ਚੋਂ ਫਿਰ ਕੋਈ ਉੱਠੀ, ਬਿਜਲੀ ਵਰਗੀ ਲਹਿਰ ।

ਯਾਦ ਦੀ ਲੰਮੀ ਚੁੱਭੀ ਦਾ ਕੀ, ਥਹੁ ਟਿਕਾਣਾ ਲੱਭੇ,
ਆਪਣਾ ਆਪ ਨਾ ਚੇਤੇ ਆਉਂਦਾ, ਹੁਣ ਤੇ ਸੋ-ਸੋ ਪਹਿਰ ।

ਚੜ੍ਹਦੇ ਵੱਲੇ ਠਾਠਾਂ ਮਾਰੇ, ਯਾਰ 'ਖ਼ਿਆਲਾ' ਆਪ,
ਲਹਿੰਦੇ ਵੱਲੇ ਠਾਠਾਂ ਮਾਰੇ, ਨਾਂ ਉਹਦੇ ਦੀ ਲਹਿਰ ।

੯. ਖ਼ਬਰੇ ਕਿਸ ਪੰਜ ਫੂਲਾ ਰਾਣੀ

ਖ਼ਬਰੇ ਕਿਸ ਪੰਜ ਫੂਲਾ ਰਾਣੀ, ਸਾਨੂੰ ਪਾਈਆਂ ਚਿੱਠੀਆਂ ।
ਮਹਿਕਦੀਆਂ ਵਾਵਾਂ ਦੇ ਹੱਥੀਂ, ਸਾਨੂੰ ਆਈਆਂ ਚਿੱਠੀਆਂ ।

ਜਿਨ੍ਹਾਂ ਵਿਚ ਰਕੀਬਾਂ ਤਾਈਂ ਨਿੱਤ ਸਲਾਮਾਂ ਆਵਣ,
ਮੇਰੇ ਨਾਂ ਤੇ ਆਉਂਣ ਸਦਾ ਹੀ ਇੰਜ ਪਰਾਈਆਂ ਚਿੱਠੀਆਂ ।

ਖ਼ਤ ਮੇਰੇ ਦੇ ਪੁਰਜੇ ਝੱਖੜਾਂ, ਮੇਰੇ ਈ ਮੱਥੇ ਮਾਰੇ,
ਵਾ-ਵਰੋਲਿਆਂ ਵਿੱਚ ਕਿਸੇ ਨੇ, ਇੰਜ ਉਡਾਈਆਂ ਚਿੱਠੀਆਂ ।

ਖ਼ਬਰੇ ਕਿਹੜੀ ਭਾਗ ਭਰੀ ਦੀਆਂ ਪੱਤਾਂ ਲਹਿਣ ਸਵੇਰੇ,
ਰਾਤ ਮੇਰੇ ਸਰਹਾਣੇ ਹੇਠੋਂ ਕਿਸੇ ਚੁਰਾਈਆਂ ਚਿੱਠੀਆਂ ।

ਸ਼ਾਲਾ ਹੁਣ ਨਾ ਪਕੜੇ ਜਾਵਣ, ਰੁੱਕੇ ਰੰਗ-ਬਰੰਗੇ,
ਫੇਰ ਨਾ ਓਸ ਗਵਾਂਢੀ ਦੇ ਘਰ, ਪਾਣ ਲੜਾਈਆਂ ਚਿੱਠੀਆਂ ।

ਉਹਨਾਂ ਬੇਪਰਵਾਹਾਂ ਤੇ ਇਲਜ਼ਾਮ ਕੋਈ ਨਾ ਆਵੇ,
ਆਪਣੇ ਆਪ ਨੂੰ ਯਾਰ 'ਖ਼ਿਆਲ' ਨੇ ਆਪੇ ਪਾਈਆਂ ਚਿੱਠੀਆਂ ।

੧੦. ਤੂੰ ਭਲਾ ਕੀ ਸ਼ੈ ਵੇਂ ਦੱਸ ਖਾਂ

ਤੂੰ ਭਲਾ ਕੀ ਸ਼ੈ ਵੇਂ ਦੱਸ ਖਾਂ ਸੱਚੀ-ਮੁੱਚੀ ਅੜਿਆ ।
ਸੁਲਾਹ-ਸਫ਼ਾਈ ਤੋਂ ਕੀ ਚੰਗਾ ਰਹੁ ਨਾ ਲੜਿਆ-ਲੜਿਆ ।

ਬੰਨੇ ਆ ਖ਼ਾਂ ਮੂੰਹ ਦਰ ਮੂੰਹੀ ਹੋ ਕੇ ਗੱਲਾਂ ਕਰੀਏ,
ਐਡਾ ਕਾਹਦਾ ਡਰ ਏ ਤੈਨੂੰ ਬੈਠੈਂ ਡਰਿਆ-ਡਰਿਆ ।

ਸਾਕੀ ਤੇਰੇ ਮੈਖ਼ਾਨੇ ਵਿਚ ਕੀ ਹੋਇਆ ਉਚਿਆਇਆ,
ਸਿਰਾਂ ਤੋਂ ਪੱਗਾਂ ਲੱਥੀਆਂ ਜੀਵੇਂ ਕਾਨਿਆਂ ਤੋਂ ਬੁਰ ਝੜਿਆ ।

ਗੱਲਾਂ ਫੁਲ ਪਏ ਝੜਦੇ ਮੂੰਹੋਂ ਪਾ ਵੰਡੇਂਦੀ ਮਿਸਰੀ,
ਹਾਸਾ ਕੀ ਦੱਸਾਂ ਮੈਂ ਉਹਦਾ ਹੀਰੇ ਮੋਤੀਆਂ ਜੜਿਆ ।

ਮੂਸਾ ਵਾਂਗੂੰ ਸਾਨੂੰ ਵੀ ਕਿਤੇ ਗ਼ਸ਼ੀਆਂ ਵਿਚ ਨਾ ਟਾਲੀਂ,
ਦੇਣੈਂ ਜੇ ਕਰ ਦਰਸ 'ਖ਼ਿਆਲਾ' ਚੱਜ ਨਾਲ ਦੇਵੀਂ ਅੜਿਆ ।

੧੧. ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ

ਤੁਰਦਿਆਂ ਤੁਰਦਿਆਂ ਸਦੀਆਂ ਹੋਈਆਂ ਪੰਧ ਅਜੇ ਨਾ ਮੁੱਕਾ ।
ਨਾ ਕਿਤੇ ਮੰਜ਼ਿਲ ਦਿਲ ਨੇ ਪਾਈ, ਨਾ ਚੰਨ ਨੇੜੇ ਢੁੱਕਾ ।

ਉਹ ਵੀ ਹੀਰ ਸਿਆਲਣ ਵਾਂਗੂੰ ਦੇ ਗਈ ਕੰਡ ਅਧਵਾਟੇ,
ਲੇਖਾਂ ਮਾਰੇ ਰਾਂਝੇ ਵਾਂਗੂੰ, ਮੈਂ ਵੀ ਰਹਿਆ ਸੁੱਕਾ ।

ਨੈਣ ਮਿਰੇ ਜਿਉਂ ਪਿਆਰ ਦੇ ਖੂਹ ਦੀਆਂ ਭਰੀਆਂ ਸਮਝੋ ਟਿੰਡਾਂ,
ਦਰ ਤੇਰਾ ਜਿਉਂ ਅੱਧੀ ਰਾਤੀਂ ਬੋਲੇ ਖੂਹ ਦਾ ਤੁੱਕਾ ।

ਹੁਣ ਤਾਂ ਖ਼ੁਸ਼ ਜੇ ਹੁਣ ਤਾਂ ਠੰਡੇ ਹੈਣ ਤੁਹਾਡੇ ਗੋਲੇ,
ਉਹਦੀ ਮੇਰੀ ਹੁਣ ਤਾਂ ਲੋਕੋ ਬਸ ਹੋ ਗਈ ਜੇ ਉੱਕਾ ।

ਫੂਹੜ ਦੇ ਕੱਖਾਂ ਵਾਂਗੂੰ ਜ਼ਾਹਿਦ ਪੈਰਾਂ ਹੇਠ ਲਤਾੜੇ,
ਵਿੱਚ ਮਸੀਤ 'ਅਮੀਨ ਖ਼ਿਆਲ' ਗਿਆ ਜੇ ਭੁੱਲਾ ਚੁੱਕਾ ।

੧੨. ਚੰਨਾਂ ਸੂਰਜਾਂ ਨਾਲੋਂ ਕਿਧਰੇ

ਚੰਨਾਂ ਸੂਰਜਾਂ ਨਾਲੋਂ ਕਿਧਰੇ ਸੋਹਣਾ ਨਾਂ ਸੱਜਣ ਦਾ ।
ਸਭ ਠਾਹਰਾਂ ਤੋਂ ਨਵਾਂ ਨਕੋਰ ਏ ਪਿੰਡ ਗਰਾਂ ਸੱਜਣ ਦਾ ।

ਵਿਛੀਆਂ ਹੋਈਆਂ ਨੇ ਖ਼ੁਸ਼ਬੂਆਂ ਬੇਲੇ-ਬੇਲੇ ਅੰਦਰ,
ਲਿਸ਼ਕਾਂ ਨਾਲ ਭਰੀਜਿਆ ਵਗੇ ਪੀਰ ਝਨ੍ਹਾਂ ਸੱਜਣ ਦਾ ।

ਸਭੇ ਬਹਾਰਾਂ, ਵਾਵਾਂ, ਰੁੱਤਾਂ, ਉਹਦੀ ਧੂੜ ਬਰਾਬਰ,
ਸਭ ਥਾਵਾਂ ਵਿਚ ਵਸਦਾ ਏ ਪਰ ਕਿਤੇ ਨਾ ਥਾਂ ਸੱਜਣ ਦਾ ।

ਕਹਿਕਸ਼ਾਂ ਵੀ ਜ਼ੁਲਫ਼ਾਂ ਅੰਦਰ ਕੱਢੀਆਂ ਨੇ ਫੁੱਲ ਝੜੀਆਂ,
ਅਰਸ਼ ਪੁਰਾਣੇ ਨਾਲੋਂ ਵਾਧੂ ਰੂਪ ਜਵਾਂ ਸੱਜਣ ਦਾ ।

ਹੁਣ ਤੇ ਇਕ ਮੁੱਦਤ ਤੋਂ ਦੋਵੇਂ ਚੇਤਿਆਂ ਅੰਦਰ ਵਸਦੇ,
ਕਦੀ ਤੇ ਸੱਜਣ ਮੇਰਾ ਸੀ ਤੇ ਮੈਂ ਵੀ ਸਾਂ ਸੱਜਣ ਦਾ ।

ਉਹਦੀ ਟੋਹਰ ਦੇ ਸਦਕੇ ਸਾਡਾ ਵੱਜ ਰਿਹਾ ਏ ਡੰਕਾ,
ਵੈਰੀਆਂ ਤੋਂ ਵੀ ਯਾਰ 'ਖ਼ਿਆਲਾ' ਪਿਆ ਅਕਵਾਂ ਸੱਜਣ ਦਾ ।

ਕੁਝ ਹੋਰ ਰਚਨਾਵਾਂ : ਅਮੀਨ ਖ਼ਿਆਲ

੧. ਦਿਲ ਲਈ ਜੇ ਕਰ ਵਸਲ ਉਹਦੇ ਦੀ

ਦਿਲ ਲਈ ਜੇ ਕਰ ਵਸਲ ਉਹਦੇ ਦੀ, ਖ਼ਬਰ ਲਿਆਵਾਂ ਮੈਂ ।
ਹਿਜਰ ਇਹ ਆਖੇ ਨਿਤ ਤੇਰੇ ਲਈ, ਤਾਉਣੀ ਤਾਵਾਂ ਮੈਂ ।

ਬਿਜਲੀ ਵਰਗੀ ਅੱਖ ਏ ਉਹਦੀ, ਯਾ ਏ ਮਕਨਾਤੀਸੀ,
ਅੱਖਾਂ ਸਾਹਵੇਂ ਹੋਏ ਦਿਲ ਨੂੰ, ਕਿੰਜ ਬਚਾਵਾਂ ਮੈਂ ।

ਕੱਲੇ ਦਿਲ ਨੂੰ ਵਸ ਵਿੱਚ ਕਰ ਲਾਂ, ਸੋਚਾਂ ਨੂੰ ਕੀ ਆਖਾਂ,
ਵਿਹੜਾ ਹੋਇਆ ਏ ਕਮਲਾ ਕੀਹਨੂੰ, ਹੁਣ ਸਮਝਾਵਾਂ ਮੈਂ ।

ਤੂੰ ਆਇਉਂ ਆਇਆ ਏ ਸਜਣਾਂ, ਕੀੜੀ ਘਰੇ ਨਰੈਣ,
ਤੇਰੇ ਆਵਣ ਉੱਤੇ ਲੱਖਾਂ, ਸ਼ੁਕਰ ਬਜਾਵਾਂ ਮੈਂ ।

ਸ਼ਿਅਰਾਂ ਦੇ ਲਫ਼ਜ਼ਾਂ ਦੇ ਅੰਦਰ, ਗੁੱਝਾ ਦਰਦ ਭਰਾਂ,
ਗ਼ਜ਼ਲ ਦੇ ਪਰਦਿਆਂ ਵਿੱਚ 'ਖ਼ਿਆਲਾ', ਹਾਲ ਸੁਣਾਵਾਂ ਮੈਂ ।