Amar Geet : Bawa Balwant

ਅਮਰ ਗੀਤ : ਬਾਵਾ ਬਲਵੰਤ

1. ਪਿੱਪਲ ਦੀਆਂ ਛਾਵਾਂ

ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !

ਆਵੇ ਕੌਲ 'ਕਰਾਰਾਂ ਵਾਲਾ
ਮੈਂ ਕੀ ਸ਼ਗਨ ਮਨਾਵਾਂ ?
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !

ਪਲ ਵਿਚ ਦੇਸ ਪਰਾਇਆ ਹੋਸੀ
ਖੇਡ-ਖਿਲਾਰਾਂ ਵਾਲਾ;
ਨਾ ਖੇਡਾਂ, ਨਾ ਗਲੀਆਂ ਰਹਿਸਨ,
ਨਾ ਗੁਡੀਆਂ ਦੀਆਂ ਮਾਵਾਂ
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !

ਲੁਕ ਜਾਏਗਾ ਟਿਮਕਦਾ ਦੀਵਾ
ਧੁੰਦ ਗੁਬਾਰਾਂ ਉਹਲੇ;
ਅਗਲੇ ਰਾਹ ਵਿਚ ਕੋਈ ਨਾ ਦਿਸਦਾ
ਮੰਜ਼ਲ ਦਾ ਪਰਛਾਵਾਂ
ਚਲੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !

ਚੰਦ-ਕਰਮਾਂ ਦੀ ਨਜ਼ਰ ਨਾ ਆਏ
ਦੂਰ ਕਿਤੇ ਰੁਸ਼ਨਾਈ;
ਅਪਨੀ ਖੇਡ ਨਾ ਬੰਦ ਕਰੇ ਕਿਉਂ
ਸਾਡੀ ਖੇਡ ਮੁਕਾਈ ?
ਬੁਝਦਾ ਦੇਖ ਕੇ ਆਲ ਦੁਆਲਾ
ਕੀ ਰੋਵਾ ? ਕੀ ਗਾਵਾਂ ?
ਆਵੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !

2. ਵਣਜਾਰੇ

ਨਾ ਆਏ ਦੂਰਾਂ ਦੇ ਵਣਜਾਰੇ !

ਜੋ ਗੁੱਡੀਆਂ ਦੀਆਂ ਖੇਡਾਂ ਅੰਦਰ
ਦੇਂਦੇ ਰਹੇ ਸਹਾਰੇ-
ਨਾ ਆਏ ਦੂਰਾਂ ਦੇ ਵਣਜਾਰੇ !

ਸਾਡੇ ਵਿਹੜੇ ਕਿਉਂ ਨਹੀਂ ਆਇਆ
ਹਾਰ-ਸ਼ਿੰਗਾਰਾਂ ਵਾਲਾ ?
ਉਮਰ ਤੋਂ ਸਖਣੇ ਤਰਸ ਰਹੇ ਨੇ
ਮੇਰੇ ਅੰਗ ਵਿਚਾਰੇ-
ਨਾ ਆਏ ਦੂਰਾਂ ਦੇ ਵਣਜਾਰੇ !

ਮੇਰੇ ਰਾਤ ਦਿਨਾਂ ਨੇ ਉਸ ਦੇ
ਰਾਹ ਵਿਚ ਗੀਤ ਖਿਲਾਰੇ-
ਨਾ ਆਏ ਦੂਰਾਂ ਦੇ ਵਣਜਾਰੇ !

ਕਿਸ ਕਿਸ ਦੇਸ ਦਿਸੌਰਾਂ ਦੇ ਵਲ
ਬਣ ਭਿਖਿਆਰਨ ਜਾਵਾਂ ?
ਉਸ ਦੀ ਪੰਡ 'ਕਰਾਰਾਂ ਵਾਲੀ
ਕਿਸ ਨੂੰ ਫੋਲ ਵਿਖਾਵਾਂ ?
ਕੌਣ ਬਣੇਗਾ ਦਰਦੀ ਮੇਰਾ ?
ਅਪਣੇ ਭਾਗ ਪਿਆਰੇ !
ਨਾ ਆਏ ਦੂਰਾਂ ਦੇ ਵਣਜਾਰੇ !

ਘਰ ਵਲ ਮੋੜ ਸੁਹਾਗ ਤੂੰ ਮੇਰਾ
ਅੰਤ-ਸੁਹਾਗਾਂ ਵਾਲੇ !
ਡੁਬ ਚੱਲੇ ਹਨ ਨੀਲਾਂ ਦੇ ਵਿਚ
ਆਸਾਂ ਦੇ ਚੰਦ-ਤਾਰੇ-
ਨਾ ਆਏ ਦੂਰਾਂ ਦੇ ਵਣਜਾਰੇ !

3. ਸਾਂਝ

ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !

ਦੋਹਾਂ ਨੂੰ ਮੰਜ਼ਲ ਦੀ ਗੋਦ ਪੁਚਾਏ
ਇਕ ਦੂਜੇ ਦੇ ਨੈਣਾਂ ਦੀ ਰੁਸ਼ਨਾਈ-
ਅਸੀਂ ਤੁਸੀਂ ਹਾਂ ਇਕ ਚਾਨਣ ਦੇ ਰਾਹੀ ।

ਇਕੋ ਪਿੰਡ ਦੇ ਦੋਵੇਂ, ਬੜੀ ਖ਼ੁਸ਼ੀ ਏ !
ਇਕੋ ਟਾਹਣ ਤੇ ਸਾਡੀ ਆਸ ਹਰੀ ਏ ।
ਸਾਡੇ ਖੇਤ ਨੇ ਸਾਂਝੇ ਦੁਖ ਦੇ ਮਾਰੇ,
ਇਕੋ ਬੱਦਲ ਹੇਠ ਨੇ ਸਾਡੇ ਤਾਰੇ ।
ਇਕ ਮਿੱਟੀ ਤੋਂ ਸਾਡੇ ਕਲਸ ਮੁਨਾਰੇ;
ਮੈਂ ਤੇਰੇ, ਤੂੰ ਮੇਰੇ ਖੜਾ ਦੁਆਰੇ ।
ਪਿੱਪਲਾਂ ਅਤੇ ਖਜੂਰਾਂ ਤੇ ਰਲ ਖੇਡੇ,
ਇਕੋ ਜਹੇ ਨੇ ਜੀਵਨ ਦੇ ਰਾਹ ਟੇਢੇ,
ਸਾਡੀ ਮਰਜ਼ ਦੀ ਇਕੋ ਪਿਆਰ ਦਵਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !

ਬੈਠੇ ਸਦੀਆਂ ਖੇਸ ਕਲੀਨ ਵਿਛਾ ਕੇ;
ਗਾਏ ਗੀਤ ਨੇ ਦੋਹਾਂ ਸ਼ਬਦ ਮਿਲਾ ਕੇ ।
ਮਧੂ-ਮੱਖੀਆਂ ਨੇ ਮਿਲ ਕੇ ਸ਼ਹਿਦ ਬਣਾਇਆ,
ਇਕ ਤੁਪਕਾ ਵੀ ਦਿਸਦਾ ਨਹੀਂ ਪਰਾਇਆ ।
ਤੇਰੀ ਰਾਤ 'ਚ ਦੀਵੇ ਜਗੇ ਨੇ ਮੇਰੇ,
ਮੇਰੇ ਦਿਨ ਵਿਚ ਨੂਰ ਉਜਾਲੇ ਤੇਰੇ ।
ਦੋਹਾਂ ਨੇ ਮਿਲ ਪੰਧ ਅਨੋਖੇ ਭਾਲੇ
ਦੂਰ ਦੂਰ ਚੰਦਾਂ ਤਕ ਜਾਵਣ ਵਾਲੇ ।
ਦੋਹਾਂ ਦੀ ਹੈ ਮੌਤ ਮਲੇਛ-ਜੁਦਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !

4. ਆਸ-ਗੀਤ

ਮੁੜ ਮੁੜ ਦੇਖ ਨਾ ਪਿਆ ਪਿਛਾਂਹ-
ਲੰਘ ਗਈ, ਲੰਘ ਜਾਏ,
ਅਗੇ ਹੋਰ ਹੈ ਠੰਢੀ ਛਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

ਅੰਤਰ-ਦੀਪ, ਬਾਹਰ ਦੇ ਟਾਪੂ
ਦੂਰ ਟਿਮਕਦੇ ਚੰਦ-ਸਿਤਾਰੇ,
ਸਾਰੇ ਤੇਰੇ ਥਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

"ਕੀ ਦੁਖ-ਸੁਖ ਤੇ ਸ਼ਾਮ-ਸਵੇਰੇ ?
ਸ਼ੌਕ-ਜੋਤ ਸੰਗ ਲੰਘ ਹਨੇਰੇ;
ਚਾਨਣ ਗਰਦ ਹੈ ਪੈਰ ਤੇਰੇ ਦੀ
ਦੇਖ ਤੂੰ ਜ਼ਰਾ ਉਤਾਂਹ",
ਆਖਣ ਉਡਦੇ ਉਡਦੇ ਕਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

ਚੰਦ-ਨਗਰ ਜਾਂ ਆਵਣ
ਸਾਵੇ ਸਾਵੇ ਖੰਡ ਹਿਨਾ;
ਕਿੱਕਰ ਬਨ ਆਵਣ ਜਾਂ ਆਵਣ
ਉਜੜੇ ਹੋਏ ਗਰਾਂ;
ਪ੍ਰੀਤਮ ਦੇ ਘਰ ਤਕ ਪੀਂਦਾ ਜਾ
ਘੋਲ ਬਹਾਰ ਖ਼ਿਜ਼ਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।

5. ਫੂਲਾਂ ਰਾਣੀ

ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਜਿਸ ਨੇ ਮਨ-ਧਰਤੀ ਤੇ ਬਾਗ਼ ਉਗਾਇਆ,
ਨੂਰ ਜਿਹਾ ਜਿਸ ਦੇ ਨੈਣਾਂ ਦਾ ਸਾਇਆ;
ਅੱਜ ਸੋਹਣੇ ਨੈਣਾਂ 'ਚੋਂ ਜਾਵਣ ਕਿਰਦੇ
ਕੂਲੇ ਕੂਲੇ ਲਖ ਤਾਰੇ ਅਸਮਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਸ਼ੀਸ਼-ਜੜਤ ਹੈ ਹੰਝੂਆਂ ਨਾਲ ਵਿਚਾਰਾ
ਮੋਰਛਲੀ ਸਾੜ੍ਹੀ ਦਾ ਪੱਲਾ ਸਾਰਾ;
ਗਰੜ-ਪਰੀ-ਮਖ਼ਮਲ ਦੇ ਬਸਤਰ ਸੋਹਣੇ
ਕਰ ਦਿਤੇ ਹਨ ਮਲਤ ਨਜ਼ਰ ਦੇ ਰੋਣੇ;
ਮੁੱਕ ਚੱਲਿਆ ਹੈ ਦਿਲ-ਝਰਨੇ ਦਾ ਪਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਇਕ ਦਿਨ ਜਿਨ੍ਹ ਹੱਥਾਂ ਨੇ ਤਖ਼ਤ ਬਿਠਾਇਆ
ਅਜ ਹੱਥਾਂ ਵਿਚ ਕਾਸਾ-ਭੀਖ ਫੜਾਇਆ !
ਸੂਲਾਂ ਦੀ ਧਰਤੀ ਤੇ ਤੁਰਦੀ ਜਾਏ,
ਅਜ ਰਾਣੀ ਨੂੰ ਖ਼ੈਰ ਨਾ ਕੋਈ ਪਾਏ !
ਪੱਥਰ ਹਨ ਸਭ ਇਸ ਨਗਰੀ ਦੇ ਪ੍ਰਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਚੰਦ-ਨਗਰ ਤੋਂ ਪਰ ਜਿਸ ਦੇ ਬਣ ਆਏ,
ਵਿਸਮਾਦਾਂ ਨੇ ਜਿਸ ਦੇ ਵਾਲ ਸਜਾਏ,
ਜੋ ਆਨੰਦ ਲਿਆਈ ਧੁਰ ਮੰਜ਼ਲ ਤੋਂ,
ਉਤਰ ਗਈ ਉਹ ਇਨਸਾਨਾਂ ਦੇ ਦਿਲ ਤੋਂ !
ਖ਼ਾਕ ਬਣੀ ਹੈ ਅਜ ਇਸ ਦੀ ਕੁਰਬਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਖਾ ਚੁਕੇ ਤੇਰੇ ਬੁੱਲ੍ਹਾਂ ਦੀ ਲਾਲੀ !
ਕੌਣ ਕਰੇ ਹੁਣ ਹੱਡੀਆਂ ਦੀ ਰਖਵਾਲੀ ?
ਹੁਸਨ ਲਈ ਇਹ ਸ਼ਰਤ ਅਨੋਖੀ ਠਹਿਰੀ
ਪਾਲਕ ਹੀ ਇਕ ਦਿਨ ਬਣਦੇ ਹਨ ਵੈਰੀ !
ਜਦ ਇਹ ਹੋਵੇ ਤਾਂ ਕੀ ਕਰੇ ਦੀਵਾਨੀ ?
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !

ਪਿੱਟ ਪਿੱਟ ਹੋ ਜਾ ਨੀਲੀ ਫੂਲਾਂ ਰਾਣੀ,
ਲਾਲ ਨਹੀਂ ਜਦ ਖ਼ੂਨ ਰਿਹਾ ਇਨਸਾਨੀ !

6. ਮੌਤ ਦਾ ਗੀਤ

(ਰਵੀਂਦ੍ਰ ਠਾਕੁਰ ਦੇ ਅੰਤਮ ਗੀਤ ਦੇ ਉਤਰ ਵਿਚ)

ਮੇਰਾ ਕਰਮ ਹੈ ਬੁਝਦੀ ਹਰ ਜੋਤ ਨੂੰ ਜਗਾਣਾ;
ਮੈਂ ਬਦਲਣਾ ਹੈ ਕੇਵਲ ਤੇਰਾ ਦੀਵਾ ਪੁਰਾਣਾ ।
ਦੀਵਾ ਲਘੂ ਸਜਾਏ ਆਲੋਕ ਦੀਪਮਾਲਾ,
ਭਰਦੀ ਹਾਂ ਤਾਰਿਆਂ ਦੇ ਰਸ ਤੋਂ ਤਿਰਾ ਪਿਆਲਾ ।
ਲੀਤੇ ਨੇ ਉਮਰ ਭਰ ਜੋ ਸੁਪਨੇ ਮਧੁਰ ਪਿਆਰੇ
ਇਕ ਪਲ 'ਚ ਨਜ਼ਰ ਆਵਣ ਦਿਲ ਦੇ ਮਹਾਂ-ਨਜ਼ਾਰੇ ।
ਮੈਂ ਲੈ ਕੇ ਆ ਰਹੀ ਹਾਂ ਮਿੱਠੀ ਵਿਸ਼ਾਲ ਗੋਦੀ,
ਤੇਰੇ ਲਈ ਪੰਘੂੜੇ ਘੱਲੇ ਨੇ ਵਿਸ਼ਵ-ਮੋਦੀ,
ਤੂੰ ਜਿਸ ਨੂੰ ਤਰਸਦਾ ਸੈਂ, ਉਹ ਲੋਰੀਆਂ ਤੇ ਗਾਉਣੇ,
ਦਿਲ ਨੂੰ ਬਹਿਲਾਉਣ ਵਾਲੇ ਨਾਲੇ ਅਜਬ ਖਿਲੌਣੇ ।
ਬੇੜੀ ਹਾਂ ਮੈਂ, ਤੂੰ ਅਪਣੇ ਬੰਦ ਨੈਣ ਕਰ ਕੇ ਬਹਿ ਜਾ,
ਜਿਤ ਹਾਰ ਦੇ ਗ਼ਮਾਂ ਵਿਚ ਅੰਤਮ ਸਮੇਂ ਨਾ ਰਹਿ ਜਾ ।
ਓਧਰ ਖੜ੍ਹੀ ਹੈ ਕੋਈ ਮਸਤੀ 'ਚ ਖੋਲ੍ਹ ਬਾਹਵਾਂ,
ਛੇਤੀ ਸਮੇਟ ਕੇ ਆ ਬੇਰੰਗ ਧੁਪ-ਛਾਵਾਂ ।
ਕਰਦੀ ਹੈ ਯਾਤਰਾ ਜਦ ਰੂਹ ਤੱਤ ਵਿਹੀਨ ਰਹਿ ਕੇ,
ਤੁਰਦੀ ਹਾਂ ਮੈਂ ਵੀ ਉਸ ਦਾ ਅਸਬਾਬ ਨਾਲ ਲੈ ਕੇ ।
ਮੈਂ ਫੂਕ ਮਾਰਦੀ ਹਾਂ ਕਰਮਾਂ ਦੀ ਬੰਸਰੀ ਵਿਚ,
ਲਖ ਰਾਗ ਗੂੰਜਦੇ ਹਨ ਮੁੜ ਸਾਰੀ ਜ਼ਿੰਦਗੀ ਵਿਚ ।
ਸਭ ਬਦਲੀਆਂ ਦੇ ਸ਼ੋਅਲੇ ਉਠੇ ਮੇਰੀ ਅਗਨ 'ਚੋਂ,
ਵਰ੍ਹਦੇ ਨੇ ਜੀਵ ਜੰਤੂ ਮੇਰੇ ਮਹਾਂ-ਗਗਨ 'ਚੋਂ ।
ਮੈਂ ਰਥ ਅਰੂਪ ਹਾਂ ਉਹ, ਸਾਗਰ ਹੈ ਲੀਕ ਜਿਸ ਦੀ;
ਗੋਦੀ ਮੇਰੀ 'ਚ 'ਉਹ' ਵੀ, ਸ਼ਕਤੀ ਵੀ ਸ਼ਾਂਤੀ ਵੀ ।
ਬਦਨਾਂ ਦੀ ਲੈ ਕੇ ਮਿੱਟੀ ਖੇਤਾਂ 'ਚ ਜਾ ਵਿਛਾਵਾਂ,
ਮੈਂ ਉਹ ਹਵਾ ਹਾਂ ਹਰਦਮ ਜੀਵਨ ਪਈ ਵਗਾਵਾਂ ।
ਮੈਂ ਤੋੜਦੀ ਹਾਂ ਤੇਰੇ ਸਭ ਬੰਦੀ-ਖ਼ਾਨਿਆਂ ਨੂੰ;
ਮੁੜ ਮੁੜ ਵਿਖਾ ਰਹੀ ਹਾਂ ਪੂਰਨ ਨਿਸ਼ਾਨਿਆਂ ਨੂੰ ।
ਇਸ ਦੇਸ਼ ਵਿਚ ਨਿਸ਼ਾ ਤੂੰ, ਉਸ ਦੇਸ਼ ਵਿਚ ਉਸ਼ਾ ਤੂੰ;
ਥਕੇ ਹੋਏ 'ਰਵੀ' ਆ, ਮੱਥਾ ਮੇਰਾ ਸਜਾ ਤੂੰ ।
ਮਾਵਾਂ ਦੇ ਸੀਨਿਆਂ 'ਚੋਂ ਕੋਈ ਨੂਰ ਫੁਟਣਾ ਚਾਹੇ,
ਸਭ ਨੂੰ ਚਮਕਦੀ ਜੋਤੀ ਅੰਦਰ ਹੀ ਨਜ਼ਰ ਆਏ ।
ਤੇਰੇ ਲਈ ਮੈਂ ਆਈ ਲੈ ਕੇ ਨਵੀਂ ਖ਼ੁਦਾਈ,
ਅੱਗੇ ਹੈ ਤੇਰੀ ਮਰਜ਼ੀ ਅਪਣੀ ਨਜ਼ਰ ਦੇ ਰਾਹੀ ।
ਤੇਰੇ ਲਈ ਮੈਂ ਆਈ ਲੈ ਕੇ ਬਹਾਰ-ਬਚਪਨ;
ਤੇਰੇ ਲਈ ਮੈਂ ਆਈ ਲੈ ਕੇ ਤੇਰਾ ਹੀ ਚਾਨਣ ।
ਐਵੇਂ ਨਹੀਂ ਮੈਂ ਆਈ, ਐਵੇਂ ਨਹੀਂ ਤੂੰ ਆਇਆ,
ਦੋਹਾਂ ਨੂੰ ਤੋਰਦੀ ਹੈ ਕੋਈ ਮਹਾਨ-ਛਾਇਆ !
ਘਬਰਾ ਨਾ ਚਾਹੇ ਆਵਾਂ, ਮੈਂ ਬਾਰ ਬਾਰ ਆਵਾਂ ।

7. ਮੋਤੀਏ

ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ !

ਕਿਸੇ ਮਹਾਂ-ਜੋਤੀ ਦਾ ਸਾਇਆ
ਇਨ੍ਹਾਂ ਨਾਜ਼ਕ ਦਿਲਾਂ ਤੇ ਛਾਇਆ;
ਬਦਲ ਗਏ ਨੈਣਾਂ ਵਿਚ ਮੇਰੇ
ਪਹਿਲੇ ਕੁਲ ਨਜ਼ਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ !

ਕਿਸ ਦੀ ਅੱਖ ਖਿਲਾਰੇ ਪਰੀਆਂ
ਕਲੀਆਂ ਦੇ ਰੋਸ਼ਨਦਾਨਾਂ 'ਚੋਂ ?
ਹੋ ਸਾਕਾਰ ਜਾਂ ਖੇਲਣ ਜਲਵੇ
ਨਿਕਲ ਕੇ ਮੇਰੇ ਅਰਮਾਨਾਂ 'ਚੋਂ,
ਝੰਗ ਸਿਆਲਾਂ ਨਾਲ ਤੜਪ ਕੇ
ਮਿਲਦੇ ਜਾਪਣ ਤਖ਼ਤ-ਹਜ਼ਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ !

ਲੱਖਾਂ ਵਾਰ ਖਿੜੇ ਮੁਰਝਾਏ,
ਅੰਦਰ ਬਾਹਰ ਦੇ ਗੀਤ ਸੁਣਾਏ;
ਪਰ ਤੋੜਨ ਵਾਲੇ ਗ਼ਾਫ਼ਿਲ ਦੀ
ਕਦੀ ਸਮਝ ਨਾ ਆਏ !

ਨਿਕਲ ਕੇ ਇਸ਼ਕ ਮੇਰੇ ਦੀ ਜੋਤੀ,
ਪ੍ਰੀਤਮ ਦੇ ਗਲ ਪੈਣ ਦੀ ਖ਼ਾਤਰ,
ਬਣੀ ਹੈ ਕੂਲੇ ਕੂਲੇ ਮੋਤੀ ।
ਹੁਣ ਪ੍ਰੀਤਮ ਸੰਗ ਰਹਿਣਗੇ ਮਿਲ ਕੇ
ਮੇਰੇ ਸਰਵ-ਖਿਲਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ !

8. ਦੀਪਕ ਗੀਤ

ਸੀਖਣ ਤੋਂ ਬਿਨ ਬੁਝਦਾ ਜਾਏ !

ਹੱਥ ਤੇਰੇ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ;
ਤੇਲ ਨਕੋ ਨਕ, ਬੱਤੀ ਸਾਬਤ,
ਫੇਰ ਵੀ ਆਣ ਹਨੇਰੇ ਛਾਏ-
ਸੀਖਣ ਤੋਂ ਬਿਨ ਬੁਝਦਾ ਜਾਏ !

ਇਹ ਕੀ ਬੱਸ ਇਕ ਵਾਰ ਜਗਾਇਆ,
ਫੇਰ ਚਮਕਦਾ ਹੱਥ ਨਾ ਲਾਇਆ ?
ਅੰਦਰ ਦੀ ਸੜ ਸੜ ਕੇ ਕਾਲਖ
ਦਰਵਾਜ਼ੇ ਤੇ ਜੰਮਦੀ ਜਾਏ;
ਹੱਥ ਤੇਰੇ ਬਿਨ ਕੌਣ ਹਟਾਏ ?
ਸੀਖਣ ਤੋਂ ਬਿਨ ਬੁਝਦਾ ਜਾਏ !

ਬਿਨ ਸੀਖਣ ਸੂਰਜ ਬੁਝ ਜਾਏ,
ਇਸ ਬਿਨ ਜੋਤ-ਕੰਵਲ ਕੁਮਲਾਏ ।
ਹੇ ਲਹਿਰਾਂ ਵਿਚ ਤੜਪਨ ਵਾਲੀ,
ਹੇ ਚੰਦ ਤਾਰੇ ਸੀਖਣ ਵਾਲੀ,
ਕਾਲੀ ਰਾਤ 'ਚ ਸੁੰਦਰ ਰਾਣੀ,
ਸੀਖੀ ਚਲ ਇਕ ਮੋਨ ਪਰਾਣੀ,
ਸੀਖਣ ਤੋਂ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ ।

9. ਸਰੋਵਰ

(ਸੌਨਿਟ)

ਅਨੇਕ ਮੱਛ, ਕਈ ਮੱਛੀਆਂ ਨੇ ਏਸ ਅੰਦਰ,
ਬੜੇ ਅਰਾਮ 'ਚ ਹੈ ਪਰ ਤਲਾ ਦਾ ਪਾਣੀ ਵੀ;
ਅਲੋਪ ਮੌਤ ਵੀ ਪਲਦੀ ਹੈ, ਜ਼ਿੰਦਗਾਨੀ ਵੀ,
ਅਨੰਦ-ਬਖ਼ਸ਼ ਵੀ ਹੈ ਲਹਿਰ-ਦੀਪ ਦਾ ਮੰਦਰ ।
ਬੜਾ ਤੂਫ਼ਾਨ ਹੈ ਅੰਦਰ, ਬਾਹਰ ਨਿਸ਼ਾਨ ਨਹੀਂ ।
ਬਦਲਦੇ ਰਹਿੰਦੇ ਨੇ ਹਰਦਮ ਜ਼ਮੀਨ ਤੇ ਅੰਬਰ;
ਅਜੀਬ ਜੰਗ, ਅਜਬ ਹੀ ਖਿਲਾਰ ਹਨ ਅੰਦਰ;
ਕਿਸੇ ਨੂੰ ਗ਼ਰਕ ਕਰੇ ਇਹ ਪਰ ਉਹ ਤੂਫ਼ਾਨ ਨਹੀਂ ।

ਮੇਰੇ ਤਲਾ ਦੀ ਸਿਖਰ ਤੇ, ਖ਼ਿਆਲ, ਜੰਗ ਨਾ ਕਰ;
ਨਾ ਅਰਥੀਆਂ ਕੋਈ ਕੱਢੋ ਬਾਹਰ ਬਜ਼ਾਰਾਂ ਵਿਚ;
ਬਣੋ ਮਿਟੋ ਮੇਰੇ ਅੰਦਰ ਅਗਮ-ਦੁਆਰਾਂ ਵਿਚ;
ਤੂਫ਼ਾਨ, ਅਪਣੇ ਤੋਂ ਬਾਹਰ ਕਿਸੇ ਨੂੰ ਤੰਗ ਨਾ ਕਰ ।
ਬਸ ਅਪਣੇ ਰੰਗ 'ਚ ਜੀਵਣ ਦੇ ਹਰ ਪ੍ਰਾਣੀ ਨੂੰ,
ਅਲੋਪ-ਤੋਰ 'ਚ ਰੱਖ ਜ਼ਿੰਦਗੀ ਦੇ ਪਾਣੀ ਨੂੰ ।

10. ਕਲਪਨਾ

ਅਰੂਪ-ਖੰਭ, ਉਡਾਰਾਂ ਮਹਾਨ, ਤੰਗ ਖਿਲਾਰ;
ਅਰਸ਼ ਦੀ ਆਖ਼ਰੀ ਸੀਮਾ ਤੋਂ ਉਡ ਰਿਹਾ ਹੈ ਸਵਾਰ ।
ਬਨਾਂ 'ਚ, ਬਾਗ਼ 'ਚ, ਸ਼ਹਿਰਾਂ 'ਚ, ਜ਼ਿੰਦਗੀ ਹੈ ਉਦਾਸ,
ਕਲਪਨਾ-ਸੋਮੇ ਤੇ ਬੁਝਦੀ ਹੈ ਆ ਕੇ ਰੂਹ ਦੀ ਪਿਆਸ ।
ਕਲਪਨਾ-ਪੁਲ ਤੋਂ ਗੁਜ਼ਰ ਕੇ ਹੈ ਯਾਰ ਦਾ ਘਰ ਵੀ,
ਇਸੇ ਖੜਾਕ ਤੋਂ ਖੁਲ੍ਹਦਾ ਹੈ ਮਹਿਲ ਬੇਦਰ ਵੀ ।
ਨਵੇਂ ਕਰਮ ਦੀ ਕਲਪਨਾ ਹੈ ਮਾਂ, ਪਿਆਰ ਵੀ ਏ,
ਕਲਪਨਾ ਰਾਗ ਵੀ ਰੂਹ ਦਾ, ਅਮਲ-ਸਤਾਰ ਵੀ ਏ ।
ਅਲੋਕ ਸ਼ਕਤੀ ਕਰੇਗਾ ਕਦਰ ਜਹਾਨ ਕਦੋਂ ?
ਸਮਝ 'ਚ ਆਏਗੀ ਇਲਹਾਮ ਦੀ ਜ਼ਬਾਨ ਕਦੋਂ ?
ਸਮੇਂ ਦੀ ਰੀੜ੍ਹ ਤਰਸਦੀ ਹੈ ਇਸ ਲਹੂ ਦੇ ਲਈ,
ਵਿਸ਼ਾਲ ਤੱਤ ਤੜਪਦੇ ਨੇ ਏਸ ਰੂਹ ਦੇ ਲਈ ।
ਕਲਪਨਾ ਹੀ ਤੋਂ ਨਵੇਂ ਨਿਤ ਜਹਾਨ ਪੈਦਾ ਨੇ,
ਨਵੀਨ ਬਾਗ਼, ਅਨੋਖੇ ਸਮਾਨ ਪੈਦਾ ਨੇ ।
ਬਿਨਾਂ ਖ਼ਿਆਲ ਦੇ ਹਰ ਨੂਰ ਗੁਮਨਾਮ ਰਿਹਾ,
ਬਿਨਾਂ ਕਲਪਨਾ ਦੇ ਜੀਣਾ ਵੀ ਇਕ ਹਰਾਮ ਰਿਹਾ ।
ਨਵੀਆਂ ਸ਼ਕਤੀਆਂ ਭਾਲੇ ਪੁਰਾਣੇ ਅਰਸ਼ਾਂ 'ਚੋਂ,
ਮਹਾਨ ਨੂਰ ਵਿਖਾਉਂਦੀ ਹੈ ਕਾਲੇ ਫ਼ਰਸ਼ਾਂ 'ਚੋਂ ।
ਇਹ ਸਿੱਪੀਆਂ ਦੇ ਰਸਾਂ ਤੋਂ ਕਹਾਣੀਆਂ ਲਿਖ ਕੇ,
ਜ਼ਮੀਰ ਮੁਰਦਾ ਜਹਾਨਾਂ ਨੂੰ ਜ਼ਿੰਦਗੀ ਦੇਵੇ ।
ਸਰਵ-ਖਿਲਾਰਾ ਕਿਸੇ ਦੀ ਅਮਰ ਕਲਪਨਾ ਏ,
ਅਸੀਂ ਵੀ ਸਾਇਆ-ਕਲਪਨਾ ਦੇ ਹਾਂ ਕਈ ਸਾਏ ।
ਕਲਪਨਾ-ਸ਼ਕਤੀ, ਸਦਾ ਹਾਂ ਤੇਰਾ ਪੁਜਾਰੀ ਮੈਂ,
ਅਲੋਕ ਰੂਹ ਦਾ ਕਵੀ ਹਾਂ ਨਹੀਂ ਵਪਾਰੀ ਮੈਂ ।

11. ਕਾਫ਼ਲਾ

ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

ਆਏ ਹਨ ਸਾਡੇ ਪਿੰਡ ਲਾਗੇ,
ਜਾਗੋ ਜੇ ਨਹੀਂ ਜਾਗੇ;
ਵੱਖ ਵੱਖ ਸੂਰਤ ਤੇ ਵੀ ਹਨ ਸਭ ਮਿਲੇ ਜੁਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

ਆਪਣੇ ਹੀ ਤਾਰੇ ਵਿਚ ਗਰਦਸ਼ ਕਰਦੇ,
ਯੁਗਾਂ ਯੁਗਾਂ ਤੋਂ ਦੁਖ-ਸੁਖ ਜਰਦੇ ਜਰਦੇ;
ਮੰਜ਼ਲ ਮੇਲ 'ਚ ਅਪਣੀ ਜੀਂਦੇ ਮਰਦੇ,
ਸਿੰਧੂ-ਕਾਲ-ਹਨੇਰ 'ਚ ਡੁਬਦੇ ਤਰਦੇ,
ਆਏ ਹਨ ਲੈ ਕੇ ਸੰਗ ਨਵੇਂ ਸਵੇਰੇ,
ਜਾ ਪਹੁੰਚਣਗੇ ਮੰਜ਼ਲ ਤੇ ਦਿਨ ਰਹੇ ਢਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !

12. ਅਧੂਰਾ ਗੀਤ

ਤੇਰਾ ਮੂੰਹ ਚੁੰਮਣਾ ਹੈ ਪਾਪ !
ਪਾਪ ਨਹੀਂ ਜੇ ਚੁੰਮ ਲੈ ਆਖੇਂ
ਮੂੰਹ ਆਪਣੇ ਤੋਂ ਆਪ ।

ਤੇਰਾ ਮੈਂ ਕਰਦਾ ਹਾਂ ਜਾਪ !
ਕਦੇ ਕਰਾਂ ਨਾ ਜੇ ਤੂੰ ਆਖੇਂ
ਅਪਣੀ ਜੀਭ ਤੋਂ ਆਪ ।
ਮੈਂ ਕਰ ਦਿਆਂ ਬਗ਼ਾਵਤ
ਚਾਹੇ ਦੇਂਦਾ ਰਹੇਂ ਸਰਾਪ ।

ਸਾਗਰ ਰਿਹਾ ਹਾਂ ਨਾਪ,
ਦਿਲ ਦੀ ਲਘੂ ਪਿਆਲੀ ਲੇ ਕੇ
ਮੈਂ ਹੁਣ ਅਪਣੇ ਆਪ ।
ਸਾਗਰ ਹੋ ਗਿਆ ਖ਼ਾਲੀ
ਭਰੀ ਨਾ ਲਘੂ ਪਿਆਲੀ…

13. ਰੋਸ਼ਨੀ ਲਈ

(ਸੌਨਿਟ)

ਬੁਝੇ ਬੁਝੇ ਜੁਗਨੂੰ ਸਭ ਮਿਟੇ ਮਿਟੇ ਤਾਰੇ,
ਬਲੰਦੀਆਂ 'ਚ ਵੀ ਦੀਵਾ ਨਹੀਂ ਕੋਈ ਰੋਸ਼ਨ;
ਨਾ ਦੂਰ ਦੂਰ ਕਿਤੇ ਕਰਮ-ਜੋਤ ਦਾ ਚਾਨਣ,
ਤੁਰੀ ਹੀ ਜਾਂਦੇ ਹਾਂ ਤਾਂ ਵੀ ਮੁਸੀਬਤਾਂ ਮਾਰੇ ।
ਕਿਸੇ ਪਹਾੜ ਦੀ ਬੂਟੀ ਜਗੇ ਨਾ ਹੁਣ ਰਾਤੀਂ,
ਲੁਕੀ ਹੈ ਮੂਰਛਾ ਮੇਰੀ ਦੀ ਹੁਣ ਦਵਾ ਕਿਧਰੇ,
ਗ਼ਰਕ ਗਈ ਮੇਰੇ ਕਲਿਆਣ ਦੀ ਹਵਾ ਕਿਧਰੇ;
ਤੁਹੀਂ ਹਨੇਰ ਦੀ ਜੋਤੀ, ਆਵਾਜ਼ ਸੁਣ ਰਾਤੀਂ !

ਨਜ਼ਰ ਗੁਆਚ ਗਈ ਡੰਡੀਆਂ ਦੀ ਭਾਲ ਅੰਦਰ,
ਕਿਸੇ ਵੀ ਚੰਦ ਨੇ ਰਸਤਾ ਤੇਰਾ ਵਿਖਾਇਆ ਨਾ ।
ਯੁਗਾਂ ਦੀ ਲਾਟ ਨੇ ਅੰਦਰ ਨੂੰ ਜਗਮਗਾਇਆ ਨਾ,
ਕਦੀ ਤਾਂ ਨਾਚ ਨਚਾ ਦੇ ਵਿਸ਼ਾਲ ਤਾਲ ਅੰਦਰ ।
ਤੜਪਦੀ ਏ ਮੇਰੀ ਕੁਦਰਤ ਕਰਮ-ਕਣੀ ਦੇ ਲਈ,
ਹਨੇਰ ਅਪਣੇ 'ਚੋਂ ਰੋਂਦਾ ਹਾਂ ਰੋਸ਼ਨੀ ਦੇ ਲਈ ।

14. ਬੇੜੀ

(ਸੌਨਿਟ)

ਤੜ੫ ਨਾ, ਰਾਤ ਤੋ ਪਹਿਲਾਂ ਪਹੁੰਚ ਹੀ ਜਾਏਗੀ,
ਤੁਰੀ ਜੋ ਜਾਂਦੀ ਏ ਗ਼ਮ ਦੀ ਸਿਕਲ ਦੁਪਹਿਰ ਅੰਦਰ;
ਪਹੁੰਚ ਹੀ ਜਾਏਗੀ ਉਜਲੇ ਦਮਾਂ ਦੇ ਸ਼ਹਿਰ ਅੰਦਰ ।
ਕੋਈ ਉਮੀਦ ਸੁਆਗਤ ਤੇਰੇ ਨੂੰ ਆਏਗੀ ।
ਚਮਕ ਰਹੇ ਨੇ ਕਲਸ ਦੇਖ ਉਸ ਕਿਨਾਰੇ ਤੇ,
ਮੇਰੇ ਖ਼ਿਆਲ ਕਿਨਾਰੇ ਤੋਂ ਕੋਈ ਦੂਰ ਨਹੀਂ :
ਸ਼ੁਕਰ ਕਿ ਅਮਲ ਥਕਾਵਟ ਤੋਂ ਚੂਰ ਚੂਰ ਨਹੀਂ !
ਲਵਾਂਗਾ ਦਮ ਮੈਂ ਪਹੁੰਚ ਕੇ ਉਸੇ ਸਤਾਰੇ ਤੇ।

ਸਭ ਅਪਣੀ ਰਾਣੀ ਦੇ ਸਿਰ ਤੋਂ ਲੁਟਾ ਦਿਆਂਗਾ ਮੈਂ
ਜੋ ਗੀਤ ਭਰ ਕੇ ਲਿਆਂਦੇ ਨੇ ਉਮਰ-ਨੌਕਾ ਵਿਚ ;
ਜੋ ਰੂਹ ਬਚਾਉਂਦੇ ਰਹੇ ਅੰਧਕਾਰ-ਦਰਿਆ ਵਿਚ,
ਜ਼ਬਾਨ ਅਪਣੀ ਤੋਂ ਸਾਰੇ ਸੁਣਾ ਦਿਆਂਗਾ ਮੈਂ।
ਕੋਈ ਵੀ ਗੀਤ ਜੇ ਉਸ ਨੂੰ ਪਸੰਦ ਆ ਜਾਏ,
ਯੁਗਾਂ ਦੀ ਕਾਰ ਮੇਰੀ ਨੂੰ ਅਨੰਦ ਆ ਜਾਏ !

15. ਗ਼ਜ਼ਲ

ਸਦੀਆਂ ਹੀ ਉਮਰ-ਆਸ਼ਾ ਫਿਰਦੀ ਰਹੀ ਬਨਾਂ ਵਿਚ,
ਦੇਖੀ ਨਾ ਜੋਤ ਤੇਰੀ ਅਪਣੀ ਹੀ ਭਾਵਨਾ ਵਿਚ !
ਅਪਣੇ ਹੀ ਸੁਪਨਿਆਂ ਚੋਂ ਖੁਲੀ ਨਾ ਅੱਖ ਹਾਲੇ,
ਆਉਂਦੀ ਰਹੀ ਹੈ ਬੇਸ਼ਕ ਕੋਈ ਕਿਰਨ ਮਨਾਂ ਵਿਚ ।
ਦਿਲ ਸਮਝਿਆ ਨਾ ਮਤਲਬ ਇਸ ਅਸਤ ਦਾ, ਉਦੇ ਦਾ ;
ਤੁਰਦੇ ਹਾਂ ਕਿਸ ਸਰਾਂ ਚੋਂ, ਜਾਣਾ ਹੈ ਕਿਸ ਸਰਾਂ ਵਿਚ ?
ਕਿਸ ਕਿਸ ਵਾ ਭੇਤ ਪਾਏ ਮੇਰੀ ਨਜ਼ਰ ਦੀ ਸ਼ਕਤੀ,
ਸਬਜ਼ੀ ਤੇਰੀ ਹਿਨਾ ਵਿਚ, ਸੁਰਖ਼ੀ ਤੇਰੀ ਹਿਨਾ ਵਿਚ ।
ਮਿਲਿਆ ਨਹੀਂ ਪਿਆਰਾ, ਆਇਆ ਨਹੀਂ ਕਿਨਾਰਾ !
ਲੱਖ ਵਾਰ ਮੇਰੀ ਸੋਹਣੀ ਡੁੱਬੀ ਹੈ ਇਸ ਝਨਾਂ ਵਿਚ ।
ਦੇ ਜ਼ਿੰਦਗੀ ਨੂੰ ਕੋਈ ਤਕਦੀਰ-ਮੇਟ-ਤਾਕਤ,
ਮੈਂ ਆਕੇ ਫਸ ਗਿਆਂ ਕਿਉਂ ਅਪਣੇ ਹੀ ਨਿਸ-ਦਿਨਾਂ ਵਿਚ ?
ਪੰਛੀ ਹਾਂ ਅਰਸ਼ ਦਾ ਮੈਂ, ਇਸ ਨੂੰ ਤਾਂ ਪਰ ਛੁਡਾ ਦੇ,
ਜੋ ਡੋਰ ਅੜ ਗਈ ਏ ਭਾਗਾਂ ਦਿਆਂ ਪਰਾਂ ਵਿਚ ।
ਲਹਿਰਾਂ 'ਚ ਰਹਿ ਨਾ ਜਾਏ ਸਾਗਰ-ਤਰੀ ਇਹ ਮੇਰੀ,
ਤਰਨਾ ਹੈ ਮੈਂ ਤਾਂ ਹਾਲੇ ਨੂਰਾਂ ਦੇ ਸਾਗਰਾਂ ਵਿਚ ।
ਬਾਹਰ ਦੀ ਰੋਸ਼ਨੀ ਕੀ ਸੋਤਾ ਹੈ ਖੁਸ਼ਕ ਜਦ ਤਕ ?
ਰਹਿਮਤ ਦਾ ਮੀਂਹ ਵਸਾ ਦੇ ਅੰਦਰ ਦੇ ਉਪਬਨਾਂ ਵਿਚ ।
ਬਾਗ਼ੀ ਬਣਾ ਰਿਹਾ ਹੈ ਕੀ ਦੋਸ਼ ਇਸ 'ਚ ਮੇਰਾ,
ਤੇਰਾ ਹੀ ਤੇਜ ਹੈ ਇਹ ਮਿੱਟੀ ਦੀਆਂ ਰਗਾਂ ਵਿਚ ।

16. ਤੇਰੇ ਗੀਤ

ਸੁਣ ਕੇ ਗੀਤ ਤੇਰੇ
ਨਿਰਮਲ ਚਾਂਦਨੀਆਂ ਦੇ ਡੁਲ੍ਹ ਪਏ ਨੈਣ ਅਮੋਲ,
ਦਰਦ ਦੇ ਸੋਮੇ ਬੋਲ:
ਜ਼ਖ਼ਮੀ ਲੈ ਸੁਣ ਕੇ ਸਭ ਤਾਰੇ ਲਗ ਪਏ ਰੋਣ,
ਪੀਲੇ ਲਗ ਪਏ ਹੋਣ ;
ਅੰਦਰ ਪੀੜ ਜਗੇ ਲਖ ਬੱਤੀਆਂ ਬਾਲੇ ਹੋਰ,
ਸੁਪਨੇ ਜਨਮਾਂ ਦੇ ਉਠ ਚੱਲਦੇ ਨੇ ਅਪਣੀ ਤੋਰ,
ਸੁਣ ਕੇ ਗੀਤ ਤੇਰੇ

ਦਿਲ-ਜੁਗਨੂੰ ਚਮਕੇ, ਤੜਪੇ ਲੱਖ ਜੀਭਾਂ ਨੂੰ ;
ਖਿੱਚਦਾ ਹੈ ਕੋਈ ਅੰਦਰ ਦੀਆਂ ਤਾਰਾਂ ਨੂੰ ।
ਮੁੜ ਵੱਜਦੇ ਨੇ ਜ਼ੁਲਫ਼ਾਂ ਦੇ ਤੀਰ ਜਹੇ
ਮੁੜ ਕੇ ਕਹਿੰਦਾ ਹਾਂ, "ਧੰਨ ਤੀਰਾਂ ਵਾਲਾ ਏ !''
ਮੁੜ ਕੇ ਤੱਕਦਾ ਹਾਂ, ਮੁੜ ਜਾਰੀ ਨੇ ਦਿਨ ਮੇਰੇ
ਸੁਣ ਕੇ ਗੀਤ ਤੇਰੇ

ਗੀਤ ਤੇਰੇ ਸੁਣ ਕੇ ਅਰਸ਼ ਨੂੰ ਆ ਗਈ ਨੀਂਦ ।
ਫ਼ਰਸ਼ ਤੇ ਗੀਤਾਂ ਦੇ ਇਹ ਕਿਸ ਦੇ ਨੇ ਪੈਰ ਅਲੋਪ?
ਜੀਵਨ-ਜੋਤ ਮੇਰੀ ਪਈ ਚੁੰਮਦੀ ਏ ਲੱਖ ਲੱਖ ਵਾਰ !
ਕਾਸ਼ ਕਿ ਹੋ ਸਕਦੇ ਅੱਜ ਮੇਰੇ ਨੈਣ ਹਜ਼ਾਰ !
ਲੁਕਿਆ ਰਹਿੰਦਾ ਨਾ ਕੋਈ ਮੇਰਾ ਬੰਦ-ਦੁਆਰ
ਸੁਣ ਕੇ ਗੀਤ ਤੇਰੇ

ਦਰਦੀ ਗੀਤਾਂ ਤੋਂ ਜਗ ਸੌਂਦੇ ਸੌਂਦੇ ਜਾਣ
ਪਰ ਅੰਦਰ ਮੇਰੇ ਕੋਈ ਅਨਹਦ ਰਾਸ ਰਚਾਣ ;
ਰੋਮਾਂ ਦੇ ਪਿੰਜਰ ਪਿੰਜਰ ਵਿਚ ਪੈ ਗਈ ਜਾਨ,
ਗੀਤਾਂ ਵਾਲੇ ਦੇ ਨੈਣਾਂ ਸੰਗ ਨੈਣ ਮਿਲਾਣ
ਦਰਦੀ ਗੀਤ ਤੇਰੇ—

ਹੋਈ ਨਗਰ ਮੇਰੇ ਵਿਚ ਵਿਸਮਾਦਾਂ ਦੀ ਲੋ,
ਜੀਵਨ-ਕਾਲ-ਗੁਫ਼ਾ ਵਿਚ ਪਹੁੰਚੀ ਕਿਰਨ ਅਲੋਕ ।
ਰਸਤੇ ਚੋਂ ਮੇਰੇ ਹਟਦੀ ਜਾਪੇ ਹਰ ਰੋਕ,
ਗੀਤਾਂ ਨੂੰ ਤੇਰੇ ਪਰ ਕੀ ਸਮਝਣਗੇ ਲੋਕ ?
ਮਿੱਠੇ ਗੀਤ ਤੇਰੇ :

ਗੀਤਾਂ ਦੀ ਸੁਰ ਤੋਂ ਦੁੱਖ ਢਲਦੇ ਢਲਦੇ ਜਾਣ,
ਵਿਖਮ ਗੁਨਾਹਾਂ ਦੇ ਦਿਨ ਟਲਦੇ ਟਲਦੇ ਜਾਣ,
ਦਮ ਦੇ ਪੰਛੀ ਨੂੰ ਮੁੜ ਕੇ ਪਰ ਲਗਦੇ ਜਾਣ,
ਗਾਉਂਦਾ ਜਾ ਪਿਆਰੇ ਇਹ ਚੇਤਨ ਰੂਪ ਪੁਰਾਣ ।
ਚਾਹੇ ਅਰਸ਼ਾਂ ਨੂੰ ਆ ਜਾਏ ਇਸ ਤੋਂ ਨੀਂਦ,
ਹਿਰਦਾ ਧਰਤੀ ਦਾ ਜਾਗੇਗਾ, ਯਾਰ, ਜ਼ਰੂਰ-
ਸੁਣ ਕੇ ਗੀਤ ਤੇਰੇ !

17. ਪਰਦੇਸਾਂ ਵਿਚ

ਨਾਮ ਵਹੀਨ ਰੰਜ ਕੋਈ ਜਾਗੇ ਧੁੰਦਲੀ ਯਾਦ-ਸੁਰਤ ਚੋਂ,
ਗਰਮ ਗਰਮ ਮੋਤੀ ਪਏ ਨਿਕਲਣ ਅਪਣੀ ਗਾੜ੍ਹੀ ਰਤ ਚੋਂ ।
ਸੋਚ ਰਿਹਾ ਹਾਂ ਕੀ ਕੁਝ ਖ਼ਬਰੇ ਮਤਲਬ ਸਮਝ ਨਾ ਆਏ,
ਇਕ ਬੱਦਲ ਜਾਂਦਾ ਨਹੀਂ ਹਾਲੇ ਝਟ ਦੂਜਾ ਆ ਛਾਏ !
ਨਜ਼ਰ ਨੇ ਲਖ ਲਖ ਵਰਕ ਉਥੱਲੇ ਅਪਣੇ ਕੋਸ਼-ਕਰਮ ਦੇ,
ਕਾਸ਼! ਪੜ੍ਹੇ ਜਾਂਦੇ ਦੋ ਅਖਰ ਜੀਵਨ-ਰੂਪ-ਭਰਮ ਦੇ ।
ਸੌਣ ਲਈ ਹੱਲੇ ਕਰਦਾ ਹਾਂ, ਕਾਬੂ ਨੀਂਦ ਨਾ ਆਏ,
ਪੁੱਤਲੀ ਰਸਤੇ ਦੇ ਪੱਥਰਾਂ ਸੰਗ ਬਚ ਬਚ ਕੇ ਟਕਰਾਏ !
ਦੂਰ ਚਮਕਦੇ ਖੇਤਾਂ ਅੰਦਰ ਗੀਤ ਪਿਆ ਕੋਈ ਗਾਏ,
ਗਾਉਂਦਾ ਗਾਉਂਦਾ ਬੈਲ ਵੀ ਤੋਰੇ, ਟਲੀਆਂ ਦੀ ਸੁਰ ਆਏ ।
ਤੜਪ ਰਿਹਾ ਹਾਂ ਸੁਣ ਸੁਣ ਵਾਜਾਂ ਅਪਣੇ ਖੇਤ ਪਛਾਣਾਂ,
ਪਰ ਮੈਂੱ ਭੁਲਿਆ ਭਟਕਿਆ ਰਾਹੀ ਕਦ ਹੋਵੇਗਾ ਜਾਣਾ ?
ਦੇਖ ਕੇ ਇਕ ਗੁਮਨਾਮ ਮੁਸਾਫ਼ਰ ਨੇੜੇ ਗੀਤ ਨਾ ਆਵਣ,
ਚਾਨਣ ਭਾਗ-ਲਕੀਰਾਂ ਮੈਥੋਂ ਦੂਰ ਹੀ ਲੁਕੀਆਂ ਜਾਵਣ ।
ਮੈਂ ਹੀ ਕਿਉਂ ਬੇਬਸ ਹਾਂ, ਪਿਆਰੇ, ਖੰਭ ਨਹੀਂ ਕਿਉਂ ਮੇਰੇ ?
ਕੁਝ ਦਿਨ ਮੈਂ ਵੀ ਤਾਂ ਆ ਜਾਂਦਾ ਜੋਤ-ਮਹਿਲ ਵਿਚ ਤੇਰੇ ।
ਭੁਲਣ ਵਿਚ ਕੋਈ ਮੰਜ਼ਲ ਹੈ ਕੀ ? ਬੈਠਣ ਵਿਚ ਕੋਈ ਤੁਰਨਾ ?
ਹੈ ਅਨੰਦ ਪੁਰੀ ਦਾ ਰਸਤਾ ਸ਼ਾਇਦ ਮੇਰਾ ਕਰੁਣਾ ?

18. ਮੁਰਲੀ

ਨਾ ਰਖ ਮੁਰਲੀ ਮੇਰੀ ਮੌਨ !
ਤੇਰੇ ਨਾਚ-ਭਵਨ ਵਿਚ, ਪਿਆਰੇ,
ਸਾਜ ਵਜਾਏ ਕੌਣ ?
ਨਾ ਰਖ ਮੁਰਲੀ ਮੇਰੀ ਮੌਨ !

ਪ੍ਰੀਤਮ, ਅਪਣੇ ਉਪਬਨ ਅੰਦਰ
ਛਾਵਣ ਦੇ ਰਾਗਾਂ ਦਾ ਅੰਬਰ ;
ਹੋ ਜਾਏ ਮੁਰਲੀ-ਸੁਰ ਚਾਨਣ,
ਲਘੂ-ਅਪਾਰ ਪਏ ਸਭ ਮਾਨਣ ;
ਅੰਧਕਾਰ-ਦੈਂਤਾਂ ਦੇ ਸਨਮੁਖ
ਝੁਕੇ ਨਾ ਆਤਮ-ਧੌਣ ।
ਹੈ ਸੁਰਕਾਰ, ਫੂਕ ਸੁਰ ਐਸੀ
ਗਾਏ ਤੇਰੇ ਗਾਉਣ-
ਨਾ ਰਖ ਮੁਰਲੀ ਮੇਰੀ ਮੌਨ !

19. ਅਰਜ਼ੋਈ

ਨਾ ਕਰ ਦੇਖ ਕੇ ਬੂਹੇ ਬੰਦ !

ਆਪੇ ਕਦੀ ਨਾ ਲੁਕਣਾ ਚਾਹੇ
ਬੱਦਲਾਂ ਉਹਲੇ ਚੰਦ--
ਨਾ ਕਰ ਦੇਖ ਕੇ ਬੂਹੇ ਬੰਦ !

ਬੇਸ਼ਕ ਇਹ ਬਾਗ਼ੀ ਦਿਲ ਮੇਰਾ
ਤੇਰੇ ਨਹੀਂ ਪਸੰਦ--
ਨਾ ਕਰ ਦੇਖ ਕੇ‌ ਬੂਹੇ ਬੰਦ !

ਸਦੀਆਂ ਹੋਈਆਂ ਕਟਦਿਆਂ ਗੇੜੇ,
ਦਿਨ ਦਿਨ ਵਧਦੇ ਜਾਣ ਬਖੇੜੇ:
ਫਿਰਦੇ ਫਿਰਦੇ ਆਲ-ਦੁਆਲੇ,
ਉਮਰ ਦੇ ਪੈਰ 'ਚ ਪੈ ਗਏ ਛਾਲੇ ;
ਦਰ ਤੇਰੇ ਤੇ ਆਇਆ ਹਾਂ ਮੈਂ
ਲੰਘ ਸਮਿਆਂ ਦੇ ਸਰਦੀਆਂ ਪਾਲੇ ;
ਦੇ ਦਰਸ਼ਨ, ਹੇ ਵਿਸ਼ਵ ਦੇ ਅਸਲੇ,
ਆਸ ਦੇ ਦਾਰੂ ਬੰਦ !
ਨਾ ਕਰ ਦੇਖ ਕੇ ਬੂਹੇ ਬੰਦ !

20. ਆਪਣਾ ਗੀਤ

ਨਜ਼ਰ ਵਿਚ ਆ੫ ਹਨੇਰ ਵਿਛਾਇਆ ।

ਤੇਜ਼ ਹਵਾ ਵਿਚ ਜਗ ਰਿਹਾ ਦੀਵਾ,
ਜੀਵਨ ਦੀ ਰੁਸ਼ਨਾਈ ;
ਭਾਗਹੀਣ ਆਪਣੇ ਪੱਲੇ ਨੇ
ਅਪਣਾ ਨੂਰ ਬੁਝਾਇਆ--
ਨਜ਼ਰ ਵਿਚ ਅੰਨ੍ਹ-ਹਨੇਰ ਵਸਾਇਆ ।

ਭਲਾ ਕਿਉਂ ਨੂਰੀ ਫੁੱਲ ਕੁਮਲਾਇਆ ?
ਪ੍ਰੇਮਜੋਸ਼ ਵਿਚ ਜਦ ਮੈਂ ਉਸ ਨੂੰ
ਸੀਨੇ ਦੇ ਸੰਗ ਲਾਇਆ,
ਹੱਥ-ਨਫ਼ਸ ਦੀ ਦਮ-ਗਰਮੀ ਤੋਂ
ਕੋਮਲ ਫੁੱਲ ਮੁਰਝਾਇਆ !
ਕਰਮ ਤੋਂ ਅਪਣੇ ਮੈਂ ਸ਼ਰਮਾਇਆ--
ਨਜ਼ਰ ਵਿਚ ਆ੫ ਹਨੇਰ ਵਿਛਾਇਆ ।

ਮੈਂ ਤੇਰਾ ਸੋਮਾ ਆਪ ਸੁਕਾਇਆ !
ਜੇ ਸੀ ਸਾਰੀ ਦੁਨੀਆ ਖ਼ਾਤਰ
ਮੈਂ ਉਸ ਨੂੰ ਬੰਨ੍ਹ ਮਾਰੇ ;
ਜੀਵਾਂ ਦੇ ਭਾਗਾਂ ਦਾ ਪਾਣੀ
ਅਪਣੇ ਖੇਤ ਨੂੰ ਲਾਇਆ :
ਮੌਲਣ ਦੀ ਥਾਂ ਗਲ ਗਈ ਖੇਤੀ,
ਅਜਬ ਹੀ ਰੰਗ ਵਟਾਇਆ ;
ਮੈਂ ਤੇਰਾ ਸੋਮਾ ਆਪ ਸੁਕਾਇਆ,
ਕਰਮ ਤੋ ਅਪਣੇ ਹੁਣ ਸ਼ਰਮਾਇਆ--
ਜਗਤ ਵਿਚ ਅੰਨ੍ਹ-ਹਨੇਰ ਵਸਾਇਆ ।

21. ਬੱਦਲ

ਬੱਦਲ, ਹੌਲੀ ਹੌਲੀ ਚੱਲ
ਖੇਤ ਖੜੇ ਨੇ ਕਦ ਤੋਂ ਮੇਰੇ
ਰਸਤਾ ਤੇਰਾ ਮੱਲ -
ਬੱਦਲ, ਹੌਲੀ ਹੌਲੀ ਚੱਲ

ਇਕ ਵਾਰੀ ਤਾਂ ਪਿਆਸ ਬੁਝਾ ਦੇ,
ਮੌਲਣ ਸਭ ਕੁਮਲਾਏ ਬੂਟੇ
ਜੋ ਚੁੱਕੀ ਮੂੰਹ ਦੇਖ ਰਹੇ ਨੇ,
ਉਮਰ ਤੋਂ ਤੇਰੇ ਵੱਲ -
ਬੱਦਲ, ਹੌਲੀ ਹੌਲੀ ਚੱਲ

ਇਕ ਪਲ ਦਾ ਕੀ ਆਉਣਾ ਜਾਣਾ,
ਜਲ ਥਲ ਕਰ ਜਾ ਖ਼ੁਸ਼ਕ ਜ਼ਮਾਨਾ,
ਯੁਗਾਂ ਯੁਗਾਂ ਤੋਂ ਕਹਿਣੀ ਚਾਹਵਾਂ
ਸੁਣ ਜਾ ਮੇਰੀ ਗੱਲ -
ਬੱਦਲ, ਹੌਲੀ ਹੌਲੀ ਚੱਲ

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬਲਵੰਤ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ