Ali Arshad Mir ਅਲੀ ਅਰਸ਼ਦ ਮੀਰ
ਅਲੀ ਅਰਸ਼ਦ ਮੀਰ (1 ਜਨਵਰੀ 1951 - 16 ਅਕਤੂਬਰ 2008) ਪੰਜਾਬੀ ਦੇ ਐਪਿਕ ਕਵੀ ਹਨ । ਉਨ੍ਹਾਂ ਨੂੰ ‘ਪੰਜਾਬ ਦਾ ਹੋਮਰ’ ਕਿਹਾ ਜਾਂਦਾ ਹੈ । ਉਨ੍ਹਾਂ ਦਾ ਜਨਮ ਚਿਸ਼ਤੀਆਂ, ਲਹਿੰਦੇ ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ ਐਮ ਏ ਪੰਜਾਬੀ ਹੈ । ਉਨ੍ਹਾਂ ਦੀਆਂ ਲਿਖਤਾਂ ਉਰਦੂ ਅਤੇ ਅੰਗਰੇਜ਼ੀ ਸਮੇਤ ਕਈ ਬੋਲੀਆਂ ਵਿੱਚ ਅਨੁਵਾਦ ਹੋਈਆਂ ਹਨ। 1970ਵਿਆਂ ਵਿੱਚ, ਉਸ ਦੇ ਕੌਮਾਂਤਰੀ ਗਾਣ ਨਾਲ ਉਨ੍ਹਾਂ ਨੂੰ ਮਾਨਤਾ ਮਿਲੀ। ਇਸ ਦੀਆਂ ਸਤਰਾਂ ‘ਗਿਰਤੀ ਹੂਈ ਦੀਵਾਰੋਂ ਕੋ ਏਕ ਧੱਕਾ ਔਰ ਦੋ’ ਪੰਜਾਬ ਖੇਤਰ ਵਿੱਚ ਆਮ ਨਾਹਰੇ ਦਾ ਰੁਤਬਾ ਹਾਸਲ ਕਰ ਗਈਆਂ ਹਨ। ਉਨ੍ਹਾਂ ਦੀ ਸ਼ਾਇਰੀ ਦੀ ਕਿਤਾਬ "ਇਕ ਕਥਾ ਦੀ ਵਾਰ" ਸਤੰਬਰ 2009 ਵਿੱਚ ਛਪੀ ਸੀ।

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਅਲੀ ਅਰਸ਼ਦ ਮੀਰ
Punjabi Ghazlan Te Kavitavan : Ali Arshad Mir
ਅੱਖ ਕਾਤਲ ਦੀ ਤੱਕ ਵੇ ਅੜਿਆ
ਅੱਖ ਕਾਤਲ ਦੀ ਤੱਕ ਵੇ ਅੜਿਆ ਫਿੱਕਾ ਪੈ ਗਿਆ ਸੱਕ ਵੇ ਅੜਿਆ ਦੁਸ਼ਮਣ ਵਾਅ ਪੁਰੇ ਦੀ ਚਲੇ ਭੌਰ ਗਿਆ ਕੁਛ ਪੱਕ ਵੇ ਅੜਿਆ ਫ਼ਜਰਾਂ ਜਿਹੀ ਸਤਰੰਗੀ ਮੂਰਤ ਨੇਜ਼ਾਂ ਲਈ ਅੱਜ ਡੱਕ ਵੇ ਅੜਿਆ ਜੰਮੀ ਨਾਲ਼ ਸ਼ਹਾਦਤ ਸਾਡੇ ਸਾਹ ਚੋਂ ਮਹਿਕੇ ਅੱਕ ਵੇ ਅੜਿਆ ਅਰਸ਼ਦ ਖ਼ੌਫ਼ ਸ਼ਹਿਰ ਦਾ ਮਾਰੇ ਕੁਝ ਸੱਜਣਾਂ ਦੀ ਨੱਕ ਵੇ ਅੜਿਆ
ਸੱਜਣ ਹੱਡ ਰਚਵਾਂ ਜ਼ਹਿਰ ਪੋਹ
(ਕਾਫ਼ੀ) ਵਾਜ ਪਹਾੜਾਂ ਅੰਦਰ ਕੰਬੇ ਹੱਥ ਵਿਚ ਗੁੰਮ ਦੁਆ ਸੱਜਣ ਹੱਡ ਰਚਵਾਂ ਜ਼ਹਿਰ ਪੋਹ ਜ਼ਹਿਰ ਬੁਝਾਰਤ ਅੱਗ ਜੰਗਲ਼ ਦੀ ਮਿੱਟੀ ਲਈ ਸਜ਼ਾ ਸੱਜਣ ਹੱਡ ਰਚਵਾਂ ਜ਼ਹਿਰ ਪੋਹ ਕੱਟੀਆਂ ਬਾਂਹਵਾਂ ਕਰਨ ਇਕੱਠਾ ਰੋਜ਼ ਨਵਾਂ ਦਰਿਆ ਸੱਜਣ ਹੱਡ ਰਚਵਾਂ ਜ਼ਹਿਰ ਪੋਹ ਖ਼ਾਬ ਸੁਨੇਹੜੇ ਹੰਸਾਂ ਵਾਲੇ ਪੈਰਾਂ ਵਿਚ ਫ਼ਨਾ ਸੱਜਣ ਹੱਡ ਰਚਵਾਂ ਜ਼ਹਿਰ ਪੋਹ ਹੱਥ ਅਸਮਾਨੋਂ ਹੋ ਹੋ ਮੁੜਦੇ ਅੱਖ ਅਗਮ ਦੀ ਰਾਹ ਸੱਜਣ ਹੱਡ ਰਚਵਾਂ ਜ਼ਹਿਰ ਪੋਹ ਅਰਸ਼ਦ ਕਿਹੜੇ ਕੁਲਜ਼ਮ ਅੰਦਰ ਹੋ ਗਈ ਕੈਦ ਹਵਾ ਸੱਜਣ ਹੱਡ ਰਚਵਾਂ ਜ਼ਹਿਰ ਪੋਹ
ਰੋ ਰੋ ਸੂਰਜ ਠੰਡਾ ਕੀਤਾ
ਰੋ ਰੋ ਸੂਰਜ ਠੰਡਾ ਕੀਤਾ ਕੰਧ ਤੇ ਬਦਲ ਲਾਏ ਠੰਡੀ ਰਾਤ ਪਹਾੜ ਅੰਦਰ ਖੰਬ ਲਾ ਕੇ ਉੱਡਦੀ ਆਏ ਵਗ ਨੂੰ ਲੈ ਗਏ ਚੋਰ ਸਾਝਰੇ ਚੂਚਕ ਮੰਗਲ ਗਾਏ ਪੱਕ ਕਰੋ ਜਿਹਦਾ ਜੀ ਕਰਦਾ ਏ ਜਾਏ ਖ਼ਸਮਾਂ ਦੇ ਘਰ ਰਾਤ ਨਾ ਲੰਘਦੀ ਮੱਕਿਓਂ ਕੌਣ ਬੁਲਾਏ
ਮਾਘ ਚੇਤਰ ਤੋਂ ਧੁੱਪਾਂ ਤੱਕ
(13 ਸਾਲ ਦੇ ਅਸ਼ਰਫ਼ ਲਈ) ਮਾਘ ਮਹੀਨੇ ਜਾਲ਼ ਵਿਛਾਇਆ ਸੁਰਖ਼ ਲਹੂ ਦੀਆਂ ਦਾਬਾਂ ਦਾ ਚੜ੍ਹਦੇ ਚੇਤਰ ਅੱਖ ਪਥਰਾ ਗਈ ਮੰਜ਼ਰ ਵੇਖ ਗੁਲਾਬਾਂ ਦਾ ਰਾਤੀਂ ਗ਼ਫ਼ਲਤ ਵਿਚ ਮੁੱਠੇ ਗਏ ਦਿਨ ਚੜ੍ਹਿਆ ਤੇ ਚੋਰ ਹੋਏ ਮੁਨਸਿਫ਼ ਸ਼ਾਹ ਰਗ ਤੇ ਹੱਥ ਧਰਿਆ ਪਿੱਛੇ ਲਸ਼ਕਰ ਖ਼ਵਾਬਾਂ ਦਾ ਮੁੜੇ ਹਰਫ਼ ਸ਼ੋਕੇਸਾਂ ਵਿਚ ਕੋਈ ਭਲੀ ਰੂਹ ਆ ਪੜ੍ਹਦੀ ਏ ਸੜਕਾਂ ਉਤੇ ਛਿੜਕ ਦਈਏ ਅੱਜ ਸਾਰਾ ਜ਼ਹਿਰ ਕਿਤਾਬਾਂ ਦਾ ਸਵਾ ਨੇਜ਼ੇ ਹੋ ਸੂਰਜ ਮਿਲਿਆ ਰੱਤੇ ਲਬ ਕਫ਼ਨੀਜ਼ੇ ਗਏ ਅੱਖ ਵੇੜ੍ਹੇ ਵਿਚ ਰਕਸ ਕਰੇ ਪਰ ਪਾਣੀ ਹਰੇ ਤਲਾਬਾਂ ਦਾ
ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ
ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ ਸ਼ਰਤਾਂ ਲਾ ਲਾ ਝੁੰਮਰ ਮਾਰੀ ਦਰ ਖ਼ੌਫ਼ਾਂ ਨਾਲ਼ ਅੜ ਗਏ ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ ਜੰਗਲ਼ ਦਿਲ ਦਾ ਦਾਰੂ ਬਣਿਆ ਰਾਹ ਵਿਚ ਕਿੱਕਰ ਲੜ ਗਏ ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ ਵੇੜ੍ਹੇ ਚੰਬਾ ਕੇਰਨ ਵਾਲੇ ਹੱਥ ਧੁੱਪਾਂ ਵਿਚ ਸੜ ਗਏ ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ ਮਰਨੋਂ ਬਾਅਦ ਤੇਰੇ ਲਈ ਚੜ੍ਹਈਏ ਅੱਖ ਸ਼ੀਸ਼ੇ ਵਿਚ ਜੜ ਗਏ ਸਾਡੀਆਂ ਮਗ਼ਜ਼ਾਂ ਨੂੰ ਜ਼ਹਿਰ ਪੁਰਾਣੇ ਚੜ੍ਹ ਗਏ
ਮਾਰੂਥਲ ਤੋਂ ਆਏ ਪਿਓ ਪੁੱਤ, ਲਹੌਰ ਸ਼ਹਿਰ ਚ ਭੌਂਦੇ ਹੋਏ,
(ਗੌਰਮਿੰਟ ਕਾਲਜ ਵਿੱਚ ਪੜ੍ਹਦੇ ਆਪਣੇ ਪੁੱਤਰ ਸਰਮਦ ਫ਼ਰੋਗ਼ ਅਰਸ਼ਦ ਲਈ) ਮਾਰੋ ਬਚਿਆ! ਕਿਹੜੇ ਸ਼ਹਿਰ ਚ ਆ ਗਏ ਆਂ ਜਿਥੇ ਲੋਹਾ ਚੱਟਦਾ ਤੇਲ ਪੈਰ ਉਠਦੇ ਵਾਅ ਤੇ ਚੜ੍ਹਦੀ ਝੱਟ ਕੁ ਪਹਿਲਾਂ ਘੱਲੀ ਖ਼ਬਰ ਸਮੁੰਦਰ ਲੰਘ ਗਈ ਤਾਅ ਤੇ ਆਏ ਸ਼ਹਿਰ ਚ ਜੱਤ ਸੱਤ ਕਿਵੇਂ ਸਲਾਮਤ ਰੱਖਿਆ ਮਾਰੋ ਬਚਿਆ! ਅਜਬ ਮਕਾਨ ਨੇਂ ਛੱਤ ਨਹੀਂ ਕਿਸੇ ਮਕਾਨ ਦੀ ਪੈਰਾਂ ਹੇਠ ਜ਼ਮੀਨ ਕੋਈ ਨਹੀਂ ਨਾ ਕੋਈ ਸ਼ਕਲ ਅਸਮਾਨ ਦੀ ਗਮਲਿਆਂ ਅੰਦਰ ਬਾਗ਼ ਬਗ਼ੀਚੀ ਫ਼ਸਲ ਸ਼ਾਪਰ ਵਿੱਚ ਧਾਨ ਦੀ ਕਿਹੜੇ ਸ਼ਹਿਰ ਆ ਗਏ ਆਂ ਕੈਦ ਬਰਾਕ ਤਬੇਲਿਆਂ ਅੰਦਰ ਨਾ ਕੋਈ ਰਾਤ ਵਸਲ ਦੀ ਦਿਵੇਂ ਨਿਯਤ ਨਮਾਜ਼ ਲਈ ਚੁੱਪ ਕਰ ਕੇ ਸ਼ੁਕਰ ਨਫ਼ਲ ਦੀ ਕਿਹੜੇ ਸ਼ਹਿਰ ਚ ਆ ਗਏ ਆਂ ਸਾਵੀ ਸੱਪ ਦੀ ਅੱਖ ਵਰਗੀ ਕੋਈ ਲਾਲ਼ ਗੁਲਾਲ ਬਲਾ ਸਾਰੀ ਸੜਕ ਨੂੰ ਖੁੰਬ ਲੱਗ ਗਈ ਅਸਾਂ ਫ਼ਰਸ਼ ਤੇ ਪੈਰ ਮਲੀ ਮਾਰੋ ਬਚਿਆ! ਕੁੱਲ ਆਲਮ ਦੀ ਖ਼ਬਰ ਮਿਲੀ ਪਰ ਆਪਣੀ ਖ਼ਬਰ ਨਾ ਕੋ ਨਾ ਦੁਰਗਾ ਤੇ ਰੱਬ ਮਿਲਿਆ ਨਾ ਥੇਹ ਥੇਹ ਹੋ ਮਰ ਮਰ ਇੱਕ ਬਣਾਵਣ ਸ਼ੀਸ਼ਾ ਮਾਰ ਵੱਟਾ ਇੱਕ ਭੰਨਦੀ ਵਿੱਚ ਸਮੁੰਦਰ ਰੋੜ੍ਹ ਆਏ ਆ ਟੋਟੇ ਕਰ ਕੇ ਚੰਨ ਦੇ ਕਿਹੜੇ ਸ਼ਹਿਰ ਆ ਗਏ ਆਂ ਨਾ ਆਪਾਂ ਰੰਗ ਪੁਰ ਵਾਲੇ ਖੇੜੀ ਨਾ ਆਪਾਂ ਵਗ ਨਾ ਚੋਰ ਅੱਖ ਵਿੱਚ ਤੂਰ ਜ਼ਹੂਰ ਫੇਰ ਇਈ ਜ਼ਮਜ਼ਮ ਨਾਲ਼ ਟਕੋਰ ਆਪਾਂ ਪਿਛਲਾ ਯੁਗ ਵੀ ਆਂ ਤੇ ਅੱਜ ਵੀ ਨਵੇਂ ਨਕੋਰ ਮਾਰੋ ਬਚਿਆ! ਕਿਹੜੇ ਸ਼ਹਿਰ ਚ ਆ ਗਏ ਆਂ ਜਿਥੇ ਲੋਹਾ ਚੱਟਦਾ ਤੇਲ ਪੈਰ ਉਠ ਵਾਅ ਤੇ ਚੜ੍ਹਦੀ