Akram Sheikh ਅਕਰਮ ਸ਼ੇਖ਼
ਅਕਰਮ ਸ਼ੇਖ਼ ਪੰਜਾਬੀ ਗ਼ਜ਼ਲਾਂ
1. ਸਿਰ 'ਤੇ ਸੂਰਜ ਕਹਿਰ ਦਾ ਸੀ
ਸਿਰ 'ਤੇ ਸੂਰਜ ਕਹਿਰ ਦਾ ਸੀ।
ਬੰਦ ਦਰਵਾਜ਼ਾ ਸ਼ਹਿਰ ਦਾ ਸੀ।
ਜਦ ਸਾਏ ਪੱਥਰ ਹੋਏ ਸਨ,
ਵੇਲਾ ਸਿਖ਼ਰ ਦੁਪਹਿਰ ਦਾ ਸੀ।
ਅੱਖ ਦੇ ਮੰਜ਼ਰ ਪੀਲੇ ਸਨ,
ਰੰਗ ਹਵਾ ਵਿਚ ਗਹਿਰ ਦਾ ਸੀ।
ਅੰਬਰਾਂ ਉੱਤੇ ਉਡਦਾ ਪੰਛੀ,
ਅੱਖਾਂ ਵਿਚ ਨਾ ਠਹਿਰਦਾ ਸੀ।
ਉਮਰਾਂ ਤੀਕਰ ਨਾਲ ਰਿਹਾ,
ਵਾਕਿਫ਼ ਇਕ ਦੁਪਹਿਰ ਦਾ ਸੀ।
2. ਪਾਣੀ 'ਤੇ ਪਰਛਾਵੇਂ ਤਰਦੇ ਰਹਿੰਦੇ ਨੇ
ਪਾਣੀ 'ਤੇ ਪਰਛਾਵੇਂ ਤਰਦੇ ਰਹਿੰਦੇ ਨੇ।
ਅਖ ਦੇ ਮੰਜ਼ਰ ਜੀਂਦੇ ਮਰਦੇ ਰਹਿੰਦੇ ਨੇ।
ਲੱਖਾਂ ਚਿਹਰੇ ਸ਼ਕਲਾਂ ਦੇ ਸ਼ੀਸ਼ੇ ਅੰਦਰ,
ਬੇਸ਼ਕਲੀ ਦਾ ਮਾਤਮ ਕਰਦੇ ਰਹਿੰਦੇ ਨੇ।
ਹੁਣ ਤੇ ਸੂਰਜ ਵੀ ਬੇਅਸਰ ਨੇ ਹੋ ਚੱਲੇ,
ਸਿਖ਼ਰ ਦੁਪਹਿਰੇ ਜੁੱਸੇ ਠਰਦੇ ਰਹਿੰਦੇ ਨੇ।
ਕਿਸ ਨੇ 'ਵਾ ਦੇ ਹੱਥੀਂ ਤੇਗ਼ ਫੜ੍ਹਾਈ ਏ,
ਪੰਛੀ ਪਿੰਜਰੇ ਵਿਚ ਵੀ ਡਰਦੇ ਰਹਿੰਦੇ ਨੇ।
ਕਿਹੜੇ ਖ਼ੌਫ਼ ਦੇ ਕਾਲੇ ਪਰਛਾਵੇਂ ਹੇਠਾਂ,
ਚੰਨ ਸਿਤਾਰੇ ਗੱਲਾਂ ਕਰਦੇ ਰਹਿੰਦੇ ਨੇ।
3. ਸ਼ਹਿਰ ਸਰਾਵਾਂ ਵਰਗੇ ਨੇ
ਸ਼ਹਿਰ ਸਰਾਵਾਂ ਵਰਗੇ ਨੇ।
ਲੋਕ ਖ਼ੁਦਾਵਾਂ ਵਰਗੇ ਨੇ।
ਸੱਭ ਰਵਈਏ ਸੋਚਾਂ ਦੇ,
ਤੇਜ਼ ਹਵਾਵਾਂ ਵਰਗੇ ਨੇ।
ਜਗ-ਮਗ ਕਰਦੇ ਹੋਠਾਂ ਤੇ,
ਹਰਫ਼ ਦੁਅਵਾਂ ਵਰਗੇ ਨੇ।
ਸਾਰੇ ਬੰਧਨ ਅੱਖ਼ੀਆਂ ਦੇ,
ਟੁੱਟੀਆਂ ਬਾਵ੍ਹਾਂ ਵਰਗੇ ਨੇ।
ਸੁੰਞੀ ਰਾਹ ਦੇ ਪਰਛਾਵੇਂ,
ਬਲਦੀਆਂ ਛਾਵਾਂ ਵਰਗੇ ਨੇ।
4. ਅੱਖਾਂ ਵਿਚ ਇਕ ਤਾਰਾ ਸੀ
ਅੱਖਾਂ ਵਿਚ ਇਕ ਤਾਰਾ ਸੀ।
ਜਿਹੜਾ ਸਫ਼ਰ ਸਹਾਰਾ ਸੀ।
ਰਾਤੀਂ ਸੋਚ ਸਮੁੰਦਰ ਦਾ,
ਅਖ ਤੋਂ ਦੂਰ ਕਿਨਾਰਾ ਸੀ।
ਸਿਰ 'ਤੇ ਗਿਰਝਾਂ ਉਡਦੀਆਂ ਸਨ,
ਅੱਖੀਂ ਖ਼ੌਫ਼ ਮੁਨਾਰਾ ਸੀ।
ਧਰਤੀ ਉੱਤੇ ਡਿਗਦਾ ਪੱਤਾ,
ਪੱਥਰ ਨਾਲੋਂ ਭਾਰਾ ਸੀ।
ਕੰਧਾਂ ਉੱਤੇ ਲਿਖਿਆ ਹੋਇਆ,
ਹਰ ਇਕ ਹਰਫ਼ ਇਸ਼ਾਰਾ ਸੀ।
ਖ਼ਾਬਾਂ ਵਾਲੇ ਮੰਜ਼ਰ ਦਾ,
ਹਰ ਇਕ ਰੰਗ ਉਧਾਰਾ ਸੀ।
'ਵਾ ਦੇ ਸ਼ੀਸ਼ੇ ਵਿਚ 'ਅਕਰਮ',
ਕਿਸਦਾ ਰੂਪ ਨਜ਼ਾਰਾ ਸੀ।