Akram Bajwa ਅਕਰਮ ਬਾਜਵਾ
ਨਾਂ-ਮੁਹੰਮਦ ਅਕਰਮ ਬਾਜਵਾ, ਕਲਮੀ ਨਾਂ-ਅਕਰਮ ਬਾਜਵਾ,
ਜਨਮ ਸਥਾਨ-ਬੂਰੇਵਾਲਾ, ਪੰਜਾਬ,
ਵਿੱਦਿਆ-ਬੀ. ਏ.
ਛਪੀਆਂ ਕਿਤਾਬਾਂ-ਸੂਰਜ ਨਾਲ ਸ਼ਰੀਕਾ 1999 (ਸ਼ਾਇਰੀ),
ਪਤਾ-ਗਲੀ ਨੰਬਰ 8 ਮਦੀਨਾ ਕਾਲੋਨੀ, ਮੁਲਤਾਨ ਰੋਡ,
ਬੂਰੇਵਾਲਾ, ਪੰਜਾਬ ।
ਪੰਜਾਬੀ ਗ਼ਜ਼ਲਾਂ (ਸੂਰਜ ਨਾਲ ਸ਼ਰੀਕਾ 1999) : ਅਕਰਮ ਬਾਜਵਾ
Punjabi Ghazlan (Suraj Naal Shareeka 1999) : Akram Bajwa
ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ
ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ । ਮੇਰੇ ਕੋਲ ਤੇ ਅੱਜ ਵੀ ਦਰਦ ਭੜੋਲੇ ਨੇ । ਨੇਰੇ੍ਹ ਘਰ ਵਿਚ ਕਿਹੜਾ ਦੀਵਾ ਬਾਲ ਗਿਆ, ਕੀਹਨੇ ਆ ਕੇ ਚਾਨਣ ਬੂਹੇ ਖੋਲ੍ਹੇ ਨੇ । ਮੇਰਿਆਂ ਖ਼ਾਬਾਂ ਦੇ ਵਿਚ ਬੇਲਾ ਵਸਦਾ ਏ, ਕੰਨਾਂ ਦੇ ਵਿਚ ਵੱਜਦੇ ਅੱਜ ਵੀ ਢੋਲੇ ਨੇ । ਵੇਲੇ ਭਾਵੇਂ ਕਿੰਨੀ ਔਕੜ ਦਿੱਤੀ ਏ, ਮੇਰੇ ਪੈਰ ਨਾ ਧਰਤੀ ਉੱਤੇ ਡੋਲੇ ਨੇ । ਅੱਜ ਵੀ ਗੋਰੀ ਤੋੜੇ ਕੱਚ ਦੀ ਚੂੜੀ ਨੂੰ, ਬਾਰੀ ਦੇ ਵਿਚ ਰੱਖੇ ਰੀਝ-ਪਟੋਲੇ ਨੇ । ਅਚਣਚੇਤੇ ਉਹਦੀਆਂ ਯਾਦਾਂ ਆ ਗਈਆਂ, ਹਸ ਕੇ ਮਿਲਣੀ ਕਰ ਲਈ 'ਅਕਰਮ' ਭੋਲੇ ਨੇ ।
ਇਹ ਨੇਰ੍ਹੇ ਦਾ ਜਾਦੂ
ਇਹ ਨੇਰ੍ਹੇ ਦਾ ਜਾਦੂ ਇਕ ਦਿਨ ਟੁੱਟੇਗਾ । ਮੇਰੇ ਜੁੱਸੇ ਵਿੱਚੋਂ ਸੂਰਜ ਫੁੱਟੇਗਾ । ਹੁਣ ਤੇ ਸਾਹ ਵੀ ਟਾਵਾਂ-ਟਾਵਾਂ ਆਉਂਦਾ ਏ, ਰੂਹ ਦਾ ਪੰਛੀ ਪਿੰਜਰੇ ਵਿੱਚੋਂ ਛੁੱਟੇਗਾ । ਰਸਮਾਂ ਦੇ ਇਸ ਭਰਵੇਂ-ਭਰਵੇਂ ਮੇਲੇ ਚੋਂ, ਸੋਚ ਰਿਹਾ ਵਾਂ ਕਿਹੜਾ ਝੰਡੀ ਪੁੱਟੇਗਾ । ਚੜ੍ਹਿਆ ਫਿਰਦਾ ਏਂ ਤੂੰ ਤਖ਼ਤਾਂ-ਤਾਜਾਂ ਤੇ, ਇਕ ਦਿਨ ਵੇਲਾ ਤੈਨੂੰ ਹੇਠਾਂ ਸੁੱਟੇਗਾ । ਗ਼ਮ ਦੀ ਜੰਝ ਚੜ੍ਹੀ ਏ ਬਾਜੇ-ਗਾਜੇ ਨਾਲ, ਕਿਹੜਾ ਪਲਕਾਂ ਉੱਤੋਂ ਹੀਰੇ ਲੁੱਟੇਗਾ । ਮੈਂ ਜੀਹਨੂੰ ਪਰਵਾਜਾਂ ਦਿੱਤੀਆਂ ਅੰਤ ਦੀਆਂ, ਪਤਾ ਨਹੀਂ ਸੀ ਮੈਨੂੰ ਅੰਬਰੋਂ ਸੁੱਟੇਗਾ । ਮੈਂ ਗਲਘੋਟੂ ਦਿੱਤੇ ਜਿਸਰਾਂ ਸੱਧਰਾਂ ਨੂੰ, ਮੇਰੇ ਵਾਂਗੂੰ ਕਿਹੜਾ ਸਾਹਵਾਂ ਪੁੱਟੇਗਾ । ਰਾਹ ਇਕਲਾਪੇ ਦਾ ਮੈਂ 'ਅਕਰਮ' ਛੋਹਿਆ ਏ, ਰਸਤਾ ਆਪੇ ਮੈਨੂੰ ਵੇਖ ਕੇ ਹੁੱਟੇਗਾ ।
ਝੱਲਾ ਰੇਤ 'ਚ ਰਾਹਵਾਂ ਲੱਭਦਾ
ਝੱਲਾ ਰੇਤ 'ਚ ਰਾਹਵਾਂ ਲੱਭਦਾ ਫਿਰਦਾ ਸੀ । ਸੂਰਜ ਤੋਂ ਪਰਛਾਵਾਂ ਲੱਭਦਾ ਫਿਰਦਾ ਸੀ । ਖ਼ਬਰੇ ਸਾਰੀ ਦੁਨੀਆਂ ਲੂਹਣੀ ਚਾਹੁੰਦਾ ਸੀ, ਲਾਂਬੂ ਤੇਜ ਹਵਾਵਾਂ ਲੱਭਦਾ ਫਿਰਦਾ ਸੀ । ਨੇਰ੍ਹੀ ਰਾਤ ਦਾ ਪਾਂਧੀ ਮੰਜ਼ਿਲ ਪੁੱਜਣ ਲਈ, ਤਾਰਾ ਟਾਵਾਂ-ਟਾਵਾਂ ਲੱਭਦਾ ਫਿਰਦਾ ਸੀ । ਸੁਣਿਐ ਉਹਦੇ ਸਾਹ ਵੀ ਪੱਥਰ ਹੋ ਗਏ ਨੇ, ਜਿਹੜਾ ਚੰਨ ਤੇ ਥਾਵਾਂ ਲੱਭਦਾ ਫਿਰਦਾ ਸੀ । ਧੁੱਪਾਂ ਨਾਵੇਂ ਲਾ ਕੇ ਨਾਜ਼ੁਕ ਜੀਵਨ ਨੂੰ, ਲੋਕਾਂ ਦੇ ਲਈ ਛਾਵਾਂ ਲੱਭਦਾ ਫਿਰਦਾ ਸੀ । ਜੀਹਦੇ ਕੋਲੋਂ ਰੋਗ ਮਿਲੇ ਸਨ ਉਮਰਾਂ ਦੇ, ਉਸੇ ਕੋਲ ਦਵਾਵਾਂ ਲੱਭਦਾ ਫਿਰਦਾ ਸੀ ।
ਤੇਰੇ ਨਾਲ ਨਜ਼ਾਰੇ ਚਲਦੇ
ਤੇਰੇ ਨਾਲ ਨਜ਼ਾਰੇ ਚਲਦੇ ਰਹਿੰਦੇ ਨੇ । ਮੇਰੇ ਨਾਲ ਸਿਤਾਰੇ ਚਲਦੇ ਰਹਿੰਦੇ ਨੇ । ਜਦ ਮੈਂ ਲਹਿਰਾਂ ਉੱਤੇ ਤੇਰਾ ਨਾਂ ਲਿੱਖਾਂ, ਸੋਚਾਂ ਵਿਚ ਕਿਨਾਰੇ ਚਲਦੇ ਰਹਿੰਦੇ ਨੇ । ਕੋਈ ਨਵੀਂ ਸਵੇਰ ਨਾ ਵਿੱਚ ਨਸੀਬਾਂ ਦੇ, ਫਿਰ ਵੀ ਕਰਮਾਂ ਮਾਰੇ ਚਲਦੇ ਰਹਿੰਦੇ ਨੇ । ਤੇਰਾ ਸਿੱਕਾ ਚਲਦਾ ਦਿਲ ਦੇ ਸ਼ਹਿਰਾਂ ਤੇ, ਮੇਰੇ ਨਾਲ ਖ਼ਸਾਰੇ ਚਲਦੇ ਰਹਿੰਦੇ ਨੇ । ਮੇਰੇ ਚਾਅ ਮਰ ਜਾਣੇ ਕਾਲੀਆਂ ਰਾਤਾਂ ਨੂੰ, ਲੈ ਕੇ ਯਾਦ ਸਹਾਰੇ ਚਲਦੇ ਰਹਿੰਦੇ ਨੇ । ਮੇਰਾ ਹਾਸਾ ਚੈਕ ਸੀ 'ਅਕਰਮ' ਜੀਵਨ ਦਾ, ਲਹੂ ਦੇ ਵਿਚ ਸ਼ਰਾਰੇ ਚਲਦੇ ਰਹਿੰਦੇ ਨੇ ।
ਚੰਨ ਜਿਹੇ ਜਦ ਲੋਕ ਦਿਲਬਰ
ਚੰਨ ਜਿਹੇ ਜਦ ਲੋਕ ਦਿਲਬਰ ਹੋ ਗਏ । ਤਾਰਿਆਂ ਦੇ ਵਾਂਗ ਅੱਖਰ ਹੋ ਗਏ । ਨਫ਼ਰਤਾਂ ਦੇ ਸ਼ਹਿਰ ਦੇ ਵਿਚ ਆਨ ਕੇ, ਕੱਚ ਦੇ ਜਜ਼ਬੇ ਵੀ ਖੰਗਰ ਹੋ ਗਏ । ਹਿਜਰ ਦੇ ਇਕ ਪਲ 'ਚ ਐਨਾ ਦਰਦ ਸੀ, ਨੈਣ ਗੋਰੀ ਦੇ ਸਮੁੰਦਰ ਹੋ ਗਏ । ਵਸਲ ਦੇ ਵੇਲੇ ਸੀ ਐਨੇ ਚਾਅ ਚੜ੍ਹੇ, ਸਾਹ ਮੇਰੇ ਸੀਨੇ 'ਚ ਝਾਂਜਰ ਹੋ ਗਏ । ਸੋਚ ਦੀ ਖੇਤੀ ਬੜੀ ਜ਼ਰਖ਼ੇਜ਼ ਸੀ, ਉਹਦੇ ਸਾਹਵੇਂ ਹਰਫ਼ ਬੰਜਰ ਹੋ ਗਏ । ਮੌਸਮਾਂ ਦੇ ਮੂੰਹ ਤੇ ਜ਼ਰਦੀ ਦੇਖਕੇ, ਪੰਛੀਆਂ ਦੇ ਗੀਤ ਪੱਥਰ ਹੋ ਗਏ । ਰੁੱਖ ਤੂੰ ਲਾਏ ਗ਼ਮਾਂ ਦੇ ਸੀ ਕਦੀ, ਅੱਜ ਉਹ ਮੇਰੇ ਬਰਾਬਰ ਹੋ ਗਏ । ਚਾਨਣੀ ਦਾ ਰੂਪ 'ਅਕਰਮ' ਧਾਰ ਕੇ, ਆਸ ਦੇ ਸੁਫ਼ਨੇ ਵੀ ਸੁੰਦਰ ਹੋ ਗਏ ।
ਪੱਥਰ ਵਰਗੇ ਲੋਕਾਂ ਦੇ ਵਿਚ
ਪੱਥਰ ਵਰਗੇ ਲੋਕਾਂ ਦੇ ਵਿਚ ਕੀ ਮੁਸਕਾਵੇ । ਕੱਚ ਦੀ ਗੁੱਡੀ ਕਿਰਚੀ-ਕਿਰਚੀ ਹੁੰਦੀ ਜਾਵੇ । ਉਹਦੇ ਹਾਸੇ ਵਿੱਚੋਂ ਸੱਤੇ ਰੰਗ ਗੁਆਚੇ, ਕਿਹੜਾ ਅੰਬਰ ਉੱਤੇ ਜਾ ਕੇ ਪੀਂਘ ਹਿਲਾਵੇ । ਉਹਦੀਆਂ ਜ਼ੁਲਫ਼ਾਂ ਦੇ ਸੰਗ ਖਹਿ ਕੇ ਝੱਲੀ ਹੋਈ, ਮਸਤ ਹਵਾ ਵੀ ਰਾਹਵਾਂ ਦੇ ਵਿਚ ਗਿੱਧਾ ਪਾਵੇ । ਅੱਲੜ ਗੋਰੀ ਇਕਲਾਪੇ ਵਿਚ ਚੋਰੀ ਚੋਰੀਸ਼ੀਸ਼ੇ ਸਾਹਵੇਂ ਵੇਖ ਕੇ ਆਪਣਾ ਮੁੱਖ ਸ਼ਰਮਾਵੇ । ਵੇਲੇ ਨੇ ਕਿਸ ਨ੍ਹੇਰੇ ਖੂਹ ਵਿਚ ਤਾੜਿਆ ਮੈਨੂੰ, ਅੱਖਾਂ ਨੂੰ ਰੰਗ ਭੁੱਲ ਗਏ ਨੇ ਸੋਹਣੇ ਤੇ ਸਾਵੇ । ਸੋਨੇ ਦੇ ਪਿੰਜਰੇ ਵੀ ਪੰਛੀ ਖ਼ੁਸ਼ ਨਹੀਂ ਰਹਿੰਦਾ, ਭਾਵੇਂ ਕੋਈ ਕੋਹਕਾਫ਼ਾਂ ਚੋਂ ਚੁੱਕ ਲਿਆਵੇ । ਇੰਜ ਤੇ ਬੱਦਲ ਬੜਾ ਵਰਾਊ ਲੱਗਦੈ 'ਅਕਰਮ', ਦਿਲ ਦੀ ਬੰਜਰ ਧਰਤੀ ਪਰ ਨਾ ਕਣੀਆਂ ਪਾਵੇ ।
ਯਾਦ ਬਨੇਰੇ ਬਾਲ ਕੇ ਰੱਖੇ
ਯਾਦ ਬਨੇਰੇ ਬਾਲ ਕੇ ਰੱਖੇ, ਜੋ ਚਾਵਾਂ ਦੇ ਦੀਵੇ । ਵਿੱਚ ਉਡੀਕਾਂ ਬੁਝ ਨਾ ਜਾਵਣ, ਇਹ ਸਾਹਵਾਂ ਦੇ ਦੀਵੇ । ਘੋਰ ਹਨ੍ਹੇਰੇ ਝੱਖੜਾਂ ਵਿਚ ਵੀ, ਰਤਾ ਨਾ ਡੋਲਣ ਦਿੱਤੇ, ਹਿਜਰ ਤੇਰੇ ਵਿਚ ਸਾਂਭ ਕੇ ਰੱਖੇ, ਮੈਂ ਰਾਹਵਾਂ ਦੇ ਦੀਵੇ । ਵਿਚ ਪਰਦੇਸਾਂ ਮੇਰੇ ਕੋਲ ਤੇ ਇਹੋ ਨੇ ਸ਼ਰਮਾਇਆ, ਨਫ਼ਰਤ ਨਾਲ ਨਾ ਨਿੰਮੇ ਹੋਣੇ, ਇਹ ਹਾਵਾਂ ਦੇ ਦੀਵੇ । ਸਫ਼ਰਾਂ ਤੇ ਜਦ ਪੁੱਤਰ ਤੋਰਨ, ਦੇਕੇ ਨਿੱਘ ਦੁਆਵਾਂ, ਰਾਹਵਾਂ ਦੇ ਵਿਚ ਚਾਨਣ ਕਰਦੇ, ਹੱਥ ਮਾਵਾਂ ਦੇ ਦੀਵੇ । ਦੂਰ ਦੇ ਪਾਂਧੀ, ਭੁੱਲ ਨਾ ਜਾਵਣ'ਅਕਰਮ'ਨੇਂਹ ਦੀ ਕਿੱਲੀ, ਤਾਰਿਆਂ ਥੀਂ ਪਏ ਗੱਲਾਂ ਕਰਦੇ, ਸਹਿਰਾਵਾਂ ਦੇ ਦੀਵੇ ।
ਭਾਵੇਂ ਮੇਰਾ ਲੂਹੀ ਜਾਵੇ
ਭਾਵੇਂ ਮੇਰਾ ਲੂਹੀ ਜਾਵੇ, ਮਾਜ਼ੀ ਹਾਲ ਸ਼ਰੀਕਾ । ਮੇਰਾ ਹਰ ਇਕ ਦੌਰ'ਚ ਰਹਿਣਾ, ਸੂਰਜ ਨਾਲ ਸ਼ਰੀਕਾ। ਮੈਂ ਨੇਰ੍ਹੇ ਦੀ ਜੂਹ ਵਿਚ ਜਦ ਵੀ, ਲਹੂ ਦੇ ਦੀਵੇ ਬਾਲੇ, ਮੇਰੇ ਸਾਹਵੇਂ ਆਨ ਖਲੋਤਾ, ਪਾਲੋ-ਪਾਲ ਸ਼ਰੀਕਾ । ਇਕ ਤੇ ਵੇਲੇ ਦੇ ਜਾਲੇ ਨੇ, ਕੈਦੀ ਕੀਤਾ ਮੈਨੂੰ, ਦੂਜੇ ਪਾਸੇ ਬੁਣਦਾ ਰਹਿੰਦਾ, ਨਫ਼ਰਤ-ਜਾਲ ਸ਼ਰੀਕਾ । ਮੈਂ ਵਰ੍ਹਿਆਂ ਦਾ ਪੰਧ ਮੁਕਾ ਕੇ, ਜਦ ਮੰਜ਼ਿਲ ਤੇ ਪੁੱਜਾ, ਆਚਨ-ਚੇਤੀ ਚੱਲਿਆ ਰਲ ਕੇ, ਵੱਖਰੀ ਚਾਲ ਸ਼ਰੀਕਾ। ਓੜਕ ਇਕ ਦਿਨ ਮੁੱਕ ਜਾਣਾ ਏ, ਇਹ ਜਬਰਾਂ ਦਾ ਮੌਸਮ, ਸਦਾ ਨਈਂ ਏਥੇ ਪਾਉਂਦਾ ਰਹਿਣਾ, ਇੰਜ ਧਮਾਲ ਸ਼ਰੀਕਾ । ਭਾਵੇਂ 'ਅਕਰਮ' ਬਾਗ਼ੀ ਰੁੱਤ ਨੇ ਲੱਖ ਉਬਾਲੇ ਖਾਧੇ, ਫਿਰ ਵੀ ਨਾਲ ਸਿਆਣਪ ਮੈਨੇ ਦਿੱਤਾ ਟਾਲ ਸ਼ਰੀਕਾ ।
ਜੇ ਨਾ ਵੇਲਾ ਸਰੋਂ ਜਮਾਉਂਦਾ
ਜੇ ਨਾ ਵੇਲਾ ਸਰੋਂ ਜਮਾਉਂਦਾ, ਗੋਰੀਆਂ ਤਲੀਆਂ ਉੱਤੇ । ਰੰਗ-ਬਰੰਗੇ ਰੰਗ ਨਾ ਆਉਂਦੇ ਫੁੱਲਾਂ ਕਲੀਆਂ ਉੱਤੇ । ਦਿਲ ਦੇ ਅੱਲੇ ਜ਼ਖ਼ਮਾਂ ਤੇ ਅੰਗੂਰ ਅਜੇ ਨਹੀਂ ਆਇਆ, ਮੈਂ ਯਾਦਾਂ ਦੀਆਂ ਕਿੰਨੀਆਂ ਠੰਢੀਆਂ, ਮਲ੍ਹਮਾਂ ਮਲੀਆਂ ਉੱਤੇ । ਸਾਰੀ ਉਮਰ ਉਦਾਸੀ ਕੱਤੀ, ਕੱਤ-ਕੱਤ ਵਿੰਨੀਆਂ ਪੋਰਾਂ, ਚਾਵਾਂ ਦੀ ਕੋਈ ਤੰਦ ਚੜ੍ਹੀ ਨਾ, ਸੱਧਰ ਨਲੀਆਂ ਉੱਤੇ । ਚਾਰ-ਚੁਫ਼ੇਰੇ ਫੁੱਲ ਜਏ ਖਿੜ ਪਏ ਖ਼ੁਸ਼ਬੂਆ ਮੁਸ਼ਕਾਈਆਂ, ਜਦ ਗੋਰੀ ਨੇ ਪੋਰਾਂ ਧਰੀਆਂ, ਸਾਵੀਆਂ ਫਲੀਆਂ ਉੱਤੇ । ਹੁਣ ਤੇ ਮੇਰੀ ਗ਼ੁਰਬਤ 'ਅਕਰਮ' ਚੱਸ ਦਿੰਦੀ ਏ ਮੈਨੂੰ, ਸੁਣਿਐਂ ਇਹ ਵੇਲਾ ਵੀ ਆਇਐ, ਕੁਤਬਾਂ, ਵਲੀਆਂ ਉੱਤੇ ।
ਸਿਰ ਤੇ ਭਾਵੇਂ ਧੁੱਪ ਦੀ ਖਾਰੀ
ਸਿਰ ਤੇ ਭਾਵੇਂ ਧੁੱਪ ਦੀ ਖਾਰੀ, ਫਿਰ ਵੀ ਜੁੱਸਾ ਠਰਿਆ-ਠਰਿਆ । ਬੁੱਲਾਂ ਉੱਤੇ ਹਾਸੇ ਨੇ ਪਰ, ਅੰਦਰੋਂ ਬੰਦਾ ਡਰਿਆ-ਡਰਿਆ । ਦੱਗ਼-ਦੱਗ਼ ਕਰਦੇ ਮੁੱਖੜੇ ਦੇਖਾਂ, ਰਚਨਾ ਵੀ ਨਾ ਸਾਂਭੀ ਜਾਵੇ, ਹਰ ਕੋਈ ਆਪਣੇ ਫਿਕਰੀਂ ਡੁੱਬਾ, ਭਾਵੇਂ ਮੇਲਾ ਭਰਿਆ-ਭਰਿਆ । ਚੰਨ ਦੀਆਂ ਕਿਰਨਾਂ ਉਸ ਜੁੱਸੇ ਤੇ, ਕੀ ਪਈਆਂ ਸਨ ਫੁੱਲ ਖਿੜੇ ਸਨ, ਜੀਵੇਂ ਰਸਤਾ ਜਿੱਧਰ ਦੇਖਾਂ, ਮਹਿਕਾਂ ਦੇ ਨਾਲ ਭਰਿਆ-ਭਰਿਆ । ਉਹਦੀਆਂ ਨਫ਼ਰਤ-ਨਜ਼ਰਾਂ ਅੰਦਰ, ਸੂਰਜ ਵਰਗਾ ਸੇਕਾ ਤੱਕ ਕੇ, ਮੈਂ ਤੇ ਕੀ ਪਰਛਾਵਾਂ ਵੀ ਸੀ, ਬਰਫ਼ਾਂ ਵਾਂਗੂੰ ਖਰਿਆ-ਖਰਿਆ । ਜੰਗਲ, ਬੇਲਾ, ਅੰਬਰ, ਧਰਤੀ, ਮੈਂ ਹਰਫ਼ਾਂ ਵਿਚ ਕੀਲ਼ੇ 'ਅਕਰਮ', ਸੋਚ-ਸਮੁੰਦਰ ਵੀ ਹੁਣ ਜਾਪੇ, ਪਲਕਾਂ ਉੱਤੇ ਧਰਿਆ-ਧਰਿਆ ।
ਕੁਝ ਹੋਰ ਰਚਨਾਵਾਂ : ਅਕਰਮ ਬਾਜਵਾ
ਜਦ ਵੀ ਯਾਦ ਸਮੁੰਦਰ ਜਾਗੇ
ਜਦ ਵੀ ਯਾਦ ਸਮੁੰਦਰ ਜਾਗੇ। ਸਾਹ ਲਹਿਰਾਂ ਵਿਚ ਦਿਲਬਰ ਜਾਗੇ। ਕੌਂਣ ਖ਼ਿਆਲ ਦੇ ਵਿਹੜੇ ਹੱਸਿਆ, ਬੰਦ ਅੱਖਾਂ ਵਿਚ ਮੰਜ਼ਰ ਜਾਗੇ। ਸ਼ੀਸ਼ੇ ਜ਼ਖ਼ਮਾਂ ਦੇ ਕੀ ਲਿਸ਼ਕੇ, ਸਾਰੇ ਸ਼ਹਿਰ ਦੇ ਪੱਥਰ ਜਾਗੇ। 'ਕੱਲੀ ਗੋਰੀ, ਨਦੀ ਕਿਨਾਰਾ, ਨਾਜ਼ਕ ਪੋਰਾਂ, ਕੰਕਰ ਜਾਗੇ। ਸੁਫ਼ਨੇ ਫੁੱਲਾਂ ਕਿਰਨਾਂ ਅੰਦਰ, ਖ਼ੁਸ਼ਬੂ ਵਰਗਾ ਪੈਕਰ ਜਾਗੇ। ਵੇਖਣ ਨੂੰ ਸੀ ਰੇਸ਼ਮ ਵਰਗਾ, ਪਰ ਲਹਿਜੇ ਵਿਚ ਨਸ਼ਤਰ ਜਾਗੇ। ਅਜ ਮਿੱਤਰ ਦੇ ਹੱਥੀਂ 'ਅਕਰਮ', ਜ਼ਹਿਰ 'ਚ ਭਿੱਜਾ ਖ਼ੰਜਰ ਜਾਗੇ।
ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ
ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ। ਮੈਨੂੰ ਕੋਈ ਵੇਖ ਰਿਹਾ ਸੀ ਬੰਦ ਦਰਵਾਜ਼ੇ ਪਿੱਛੇ। ਮੈਂ ਤੇ ਉਹਦੇ ਰੀਝ ਪਟੋਲੇ ਮੈਲੇ ਹੋਣ ਨਾ ਦਿੱਤੇ, ਖ਼ਬਰੇ ਕਿਸਦਾ ਹੱਥ ਏ ਉਸਦੇ ਰੋਸੇ ਤਾਜ਼ੇ ਪਿੱਛੇ। ਜਿਹੜੇ ਅੰਤਮ ਧਾਹਾਂ ਤੀਕਰ ਨਫ਼ਰਤ ਕਰਦੇ ਰਏ ਨੇ, ਅੱਜ ਉਹ ਦੇਖੋ ਟੁਰਦੇ ਆਉਂਦੇ ਯਾਰ ਜਨਾਜ਼ੇ ਪਿੱਛੇ। ਉਹਨੂੰ ਕੋਈ ਖ਼ੁਸ਼ ਫਹਿਮੀ ਏ ਖ਼ਬਰੇ ਅਪਣੇ ਬਾਰੇ, ਅਸਲੀ ਚਿਹਰਾ ਵੇਖ ਲਿਐ ਪਰ ਮੈਂ ਤੇ ਗ਼ਾਜ਼ੇ ਪਿੱਛੇ। ਰਾਤੀਂ ਖ਼ਾਬ 'ਚ ਤੱਕਿਆ 'ਅਕਰਮ' ਮੈਂ ਅਣਹੋਣਾ ਮੰਜ਼ਰ, ਸਾਰੀ ਖ਼ਲਕਤ ਦੌੜ ਰਹੀ ਸੀ ਇਕ ਆਵਾਜ਼ੇ ਪਿੱਛੇ।
ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ
ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ। ਦੂਣਾ ਸਰੂਪ ਆ ਗਿਆ ਉਸਦੇ ਜਮਾਲ ਵਿਚ। ਮੇਰੇ ਲਬਾਂ 'ਤੇ ਵੇਖਕੇ ਤੇ ਮੋਹਰ ਚੁੱਪ ਦੀ, ਕਿੰਨੇ ਸਵਾਲ ਜਾਗ ਪਏ ਉਹਦੇ ਸਵਾਲ ਵਿਚ। ਸ੍ਹਾਵਾਂ ਨੂੰ ਮੈਂ ਤਾਂ ਰੋਕ ਕੇ ਗੁੰਮ ਸੁਮ ਖਲੋ ਗਿਆ, ਸੁੱਤਾ ਜਾਂ ਉਸਨੂੰ ਵੇਖਿਆ ਖ਼ਾਬਾਂ ਦੇ ਜਾਲ ਵਿਚ। ਦੂਰੋਂ ਲਕਾਉਂਦਾ ਰੂਪ ਸੀ ਮੈਨੂੰ ਉਹ ਵੇਖਕੇ, ਕੀਕੂੰ ਉਹ ਸ਼ੋਖ਼ ਹੋ ਗਿਐ ਚਾਵਾਂ ਦੇ ਸਾਲ ਵਿਚ। ਹੁੰਦੀ ਦੁਆ ਦੇ ਹਰਫ਼ ਵਿਚ ਤਾਸੀਰ ਜੇ ਕਦੀ, ਮਿਲਦਾ ਨਾ ਤੈਨੂੰ ਆਣਕੇ ਮੌਸਮ ਵਸਾਲ ਵਿਚ। 'ਅਕਰਮ' ਕਦੀ ਤੇ ਸੋਚ ਦੇ ਘੇਰੇ 'ਚ ਆਏਗਾ, ਲੰਘਦਾ ਏ ਜਿਹੜਾ ਕੋਲ ਦੀ ਹਰਨਾਂ ਦੀ ਚਾਲ ਵਿਚ।