Akhtar Kashmiri ਅਖ਼ਤਰ ਕਾਸ਼ਮੀਰੀ
ਪੰਜਾਬੀ ਗ਼ਜ਼ਲਾਂ ਅਖ਼ਤਰ ਕਾਸ਼ਮੀਰੀ
੧. ਜਿਹੜੇ ਬੰਦੇ ਦੇ ਵਲ ਝਾਕਾਂ, ਲੱਗੇ ਖੋਇਆ ਖੋਇਆ
ਜਿਹੜੇ ਬੰਦੇ ਦੇ ਵਲ ਝਾਕਾਂ, ਲੱਗੇ ਖੋਇਆ ਖੋਇਆ ।
ਜਿਹੜਾ ਮੂੰਹ ਬੁੱਕਲ 'ਚੋਂ ਕੱਢੇ, ਜਾਪੇ ਰੋਇਆ ਰੋਇਆ ।
ਖ਼ੌਰੇ ਕਿਹੜਾ ਖ਼ੌਫ਼ ਹੈ ਤਾਰੀ ? ਸਹਿਮੇਂ ਸਹਿਮੇਂ ਬੰਦੇ,
ਇਸ ਬਸਤੀ ਦਾ ਇਕ ਇਕ ਬੂਹਾ, ਦਿੱਸੇ ਢੋਇਆ ਢੋਇਆ ।
ਇੰਝ ਲਗਦਾ ਹੈ ਜਿਉਂ ਧਰਤੀ 'ਤੇ, ਪੱਥਰ ਬਰਸੇ ਹੋਵਣ,
ਪੱਧਰ ਥਾਵਾਂ ਕਿਤੇ ਨਾ ਲੱਭਣ, ਜਾਪੇ ਟੋਇਆ ਟੋਇਆ ।
ਅਪਣੇ ਮੋਢਿਆਂ ਉੱਤੇ ਬੰਦਾ, ਅਪਣੀ ਲਾਸ਼ ਧਰੀਕੇ,
ਉਂਜ ਤੇ ਟੁਰਦਾ ਫਿਰਦਾ ਲੱਗੇ, ਪਰ ਹੈ ਮੋਇਆ ਮੋਇਆ ।
ਕਿੱਥੋਂ ਤੀਕ ਕਰੋਗੇ ਖੋਟੇ, ਵਣਜ ਵਪਾਰੀ ਲੋਕੋ,
ਕਫ਼ਨ ਨਵੇਂ ਦੇ ਮੁੱਲ ਜੋ ਦਿੱਤਾ, ਲੱਗੇ ਧੋਇਆ ਧੋਇਆ ।
ਰਸਮਾਂ ਦੇ ਇਸ ਨਗਰ ਦੇ ਅੰਦਰ, 'ਅਖ਼ਤਰ' ਅਪਣੀ ਪੂੰਜੀ,
ਲੁੱਟੀ ਗਈ ਇਕ ਪਲ ਦੇ ਅੰਦਰ, ਜੋੜੀ ਫੋਇਆ ਫੋਇਆ ।
੨. ਚੱਦਰ ਏ ਭਾਵੇਂ ਪੱਗ ਏ, ਤਾਰ ਤਾਰ ਦੇਖਨਾਂ
ਚੱਦਰ ਏ ਭਾਵੇਂ ਪੱਗ ਏ, ਤਾਰ ਤਾਰ ਦੇਖਨਾਂ ।
ਏਹੋ ਜਿਹਾ ਤਮਾਸ਼ਾ, ਵਾਰ-ਵਾਰ ਦੇਖਨਾਂ ।
ਫੁੱਲਾਂ ਦੀ ਆਸ ਲੈ ਕੇ ਮੈਂ ਗੁਲਸ਼ਨ 'ਚ ਆ ਗਿਆ,
ਗੁਲਸ਼ਨ ਦਾ ਪੋਟਾ-ਪੋਟਾ, ਖ਼ਾਰ ਖ਼ਾਰ ਦੇਖਨਾਂ ।
ਖ਼ੌਰੇ ਟਿਕਾਣੇ ਖੁੱਸੇ ਨੇ, ਨਹੀਂ ਹੋਰ ਲੱਭਦੇ,
ਕੁਰਲਾਂਦੀਆਂ ਕੂੰਜਾਂ ਦੀ ਡਾਰ ਡਾਰ ਦੇਖਨਾਂ ।
ਲੱਗਦਾ ਏ ਚੌਹਾਂ 'ਚੋਂ ਇਹਦਾ ਅਨਸਰ ਵਧੀਕ ਏ,
ਅੱਗ ਦੇ ਮਿਜ਼ਾਜ ਦੀ, ਮੈਂ ਨਾਰ ਨਾਰ ਦੇਖਨਾਂ ।
ਦੁਸ਼ਮਣ ਦੇ ਨਾਲ ਦੇਖਨਾਂ, ਦੁਸ਼ਮਣ ਦਾ ਅੱਜ ਸਲੂਕ,
ਯਾਰਾਂ ਦੇ ਨਾਲ ਖਹਿੰਦੇ, ਯਾਰ ਯਾਰ ਦੇਖਨਾਂ ।
ਖ਼ੌਰੇ ਤਾਬੀਰ ਹੋਵੇਗੀ 'ਅਖ਼ਤਰ' ਕੀ ਏਸ ਦੀ ?
ਚੜ੍ਹਿਆ ਹੋਇਆ 'ਮਨਸੂਰ' ਦਾਰ ਦਾਰ ਦੇਖਨਾਂ ।
੩. ਅੱਖ ਰੋਵੇ ਸਾਰਾ ਜੱਗ ਦੇਖੇ
ਅੱਖ ਰੋਵੇ ਸਾਰਾ ਜੱਗ ਦੇਖੇ, ਰੋਵੇ ਦਿਲ ਦਿਖਲਾਵਾਂ ਕੀਹਨੂੰ ?
ਅੱਜ ਪਏ ਦੋਵੇਂ ਹੰਝੂ ਕੇਰਨ, ਸੋਚ ਰਿਹਾਂ, ਸਮਝਾਵਾਂ ਕੀਹਨੂੰ ?
ਕੱਲ੍ਹ ਤੱਕ ਸੀ ਪੱਥਰਾਂ ਦਾ ਜਿਗਰਾ, ਅੱਜ ਮਿੱਟੀ ਬਣ ਭੁਰਿਆ ਏ,
ਇੱਕ ਟੁੱਟ-ਭੱਜ ਨੇ ਭੰਨ੍ਹ ਦਿੱਤਾ ਏ, ਦਿਲ ਦਾ ਹਾਲ ਸੁਣਾਵਾਂ ਕੀਹਨੂੰ ?
ਮੈਂ ਕੱਲਾ, ਦੁਖ-ਦਰਦ ਨੇ ਬਹੁਤੇ, ਦਰਦਾਂ ਮੈਨੂੰ ਘੇਰ ਲਿਆ ਏ,
ਦਰਦਾਂ ਵਿੱਚ ਕਿਸ ਦਰਦ ਵੰਡਾਣਾ ? ਦਰਦੀ-ਯਾਰ ਬਣਾਵਾਂ ਕੀਹਨੂੰ ?
ਐਧਰ ਮੈਂ, ਉਧਰ ਕੋਈ ਹੋਰ, ਤੇ ਵਿੱਚ ਏ ਅੱਤ ਪੁਰਾਣਾ ਰੁੱਖ,
ਖ਼ੌਰੇ ਚੜ੍ਹਦਾ-ਸੂਰਜ ਵੰਡੇ, ਧੁੱਪਾਂ ਕੀਹਨੂੰ ? ਛਾਵਾਂ ਕੀਹਨੂੰ ?
ਪਿਆਰ ਦੇ ਪੱਕੇ ਸਾਂਝੇ ਰਿਸ਼ਤੇ, ਟੁੱਟ ਗਏ ਕੱਚ ਦੀ ਚੂੜੀ ਵਾਂਗੂੰ,
ਖ਼ੌਰੇ ਹੁਣ ਇਲਜ਼ਾਮ ਪਏ ਦੇਵਣ, ਪੁੱਤਰ ਕੀਹਨੂੰ ? ਮਾਵਾਂ ਕੀਹਨੂੰ ?
ਸਾਨੂੰ ਵੀ ਸੱਜਣ ਤੋਂ ਵਿਛੜੇ, 'ਅਖ਼ਤਰ' ਕਈ ਸ਼ਾਮਾਂ ਨੇ ਹੋਈਆਂ,
ਸੱਜਣਾਂ ਬਾਝ ਸੁਨੇਹੜਾ ਦੇਵੇਂ, ਫ਼ਜ਼ਰੇ ਕਾਲਿਆ ਕਾਵਾਂ ਕੀਹਨੂੰ ?
੪. ਸਿਰ 'ਤੇ ਪੰਡ ਉਮੀਦਾਂ ਵਾਲੀ ਰਾਹਵਾਂ ਦੇ ਵਿੱਚ ਖੱਡੇ
ਸਿਰ 'ਤੇ ਪੰਡ ਉਮੀਦਾਂ ਵਾਲੀ ਰਾਹਵਾਂ ਦੇ ਵਿੱਚ ਖੱਡੇ ।
ਰਾਤ ਹਨੇਰੀ ਡੂੰਘੇ ਪੈਂਡੇ, ਦੁੱਖ ਉਮਰਾਂ ਤੋਂ ਵੱਡੇ ।
ਨਾ ਕੋਈ ਹੱਸੇ, ਨਾ ਕੋਈ ਰੋਵੇ, ਨਾ ਕੋਈ ਉੱਚੀ ਬੋਲੇ,
ਇੰਜ ਲਗਦੈ ਜਿਉਂ ਚਾਰ ਚੁਫੇਰੇ, ਸੱਪਾਂ ਦੇ ਮੂੰਹ ਅੱਡੇ ।
ਸਾਰੇ ਪਿੰਡ ਵਿੱਚ ਇਹ ਸੱਚਾਈ, ਕਿਧਰੇ ਨਜ਼ਰ ਨਾ ਆਵੇ,
ਫੇਰ ਵੀ ਲੋਕੀ ਏਹੋ ਕਹਿੰਦੇ, ਜੋ ਬੀਜੇ ਸੋ ਵੱਢੇ ।
ਉਹ ਕੁੜਤਾ ਵੀ ਆਖ਼ਰ ਸਾਨੂੰ ਰਖਣਾ ਪੈ ਗਿਆ ਗਹਿਣੇ,
ਜਿਸ ਕੁੜਤੇ ਤੇ ਰੀਝਾਂ ਦੇ ਨਾਲ ਫੁੱਲ ਬੂਟੇ ਸਨ ਕੱਢੇ ।
ਹੁਣ ਤੇ 'ਅਖ਼ਤਰ' ਅੱਕ ਦੀ ਝੋਲੀ, ਹੋ ਗਈ ਖ਼ਾਲਮ-ਖਾਲੀ,
ਫੁੱਲਾਂ ਤੋਂ ਖ਼ੁਸ਼ਬੂਆਂ ਰੁੱਸੀਆਂ, ਲਫਜ਼ਾਂ ਮਾਅਨੇ ਛੱਡੇ ।
੫. ਝੜ ਗਿਆ ਟਹਿਣੀਉਂ ਸੁੱਕੇ ਹੋਏ ਪੱਤਰ ਵਾਂਗ
ਝੜ ਗਿਆ ਟਹਿਣੀਉਂ ਸੁੱਕੇ ਹੋਏ ਪੱਤਰ ਵਾਂਗ ।
ਛਣਕ ਰਿਹਾਂ ਮੁਟਿਆਰ ਦੀ ਟੁੱਟੀ ਝਾਂਜਰ ਵਾਂਗ ।
ਜਿਹੜੀ ਬੇਵਾ ਬਣੀਂ, ਸੁਹਾਗਣ ਥੋੜ੍ਹੇ ਦਿਨ,
ਉਹ ਤੇ ਜ਼ਿੰਦਾ ਲਾਸ਼ ਏ ! ਚੁੱਪ ਏ ਪੱਥਰ ਵਾਂਗ ।
ਉਹਦੇ ਤਨ ਦੇ ਰਾਖੇ, ਲੀੜੇ ਸੀਚਣ ਕਿੰਜ ?
ਉਹ ਨੇ ਲੀਰਾਂ, ਮੇਰੇ ਸਿਰ ਦੀ ਚਾਦਰ ਵਾਂਗ ।
ਖ਼ੌਰੇ ਉਹਦੇ ਖ਼ਾਬ ਖ਼ਿਆਲ ਤੇ ਯਾਦਾਂ ਵੀ,
ਟੋਟੇ ਹੋਵਣ, ਮੇਰੇ ਦਿਲ ਦੀ ਸੱਧਰ ਵਾਂਗ ?
ਦਿਲ ਦੇ ਦੀਵੇ ਪਾ ਗਿਆ ਕੋਈ ਗ਼ਮ ਦਾ ਤੇਲ,
ਬਲਦਾ ਰਿਹਾ ਸਾਂ ਸਾਰੀ ਉਮਰ, ਭਾਂਬੜ ਵਾਂਗ ।
ਕੀ ਬੀਜਾਂਗਾ ? ਕੀ ਵੱਢਾਂਗਾ ? ਸੋਚ ਰਿਹਾਂ,
ਮੇਰੇ ਹਿੱਸੇ ਦੀ ਪੈਲੀ ਏ ਕੱਲਰ ਵਾਂਗ ।
ਮਾਰ ਨਾ ਪੱਥਰ, ਜਾਣ ਇਕੱਲਾ 'ਅਖ਼ਤਰ' ਨੂੰ,
ਮੇਰੀਆਂ ਪੈੜਾਂ ਨਾਲ ਨੇ, ਮੇਰੇ ਟੱਬਰ ਵਾਂਗ ।