Akhtar Hussain Akhtar ਅਖ਼ਤਰ ਹੁਸੈਨ ਅਖ਼ਤਰ
Punjabi Ghazals Akhtar Hussain Akhtar
ਪੰਜਾਬੀ ਗ਼ਜ਼ਲਾਂ ਅਖ਼ਤਰ ਹੁਸੈਨ ਅਖ਼ਤਰ
੧. ਕੋਈ ਸਿਰ ਨੂੰ ਸੂਲੀ ਚੜ੍ਹਾ ਕੇ ਤੇ ਦੇਖੇ
ਕੋਈ ਸਿਰ ਨੂੰ ਸੂਲੀ ਚੜ੍ਹਾ ਕੇ ਤੇ ਦੇਖੇ ।
ਉਨ੍ਹਾਂ ਨਾਲ ਨਜ਼ਰਾਂ ਮਿਲਾਕੇ ਤੇ ਦੇਖੇ ।
ਵਫ਼ਾ ਦੀ ਤੇ ਹਰ ਲੋੜ ਨੂੰ ਪੂਰਾ ਕਰਦਾ,
ਮਿਰੇ ਦਿਲ ਨੂੰ ਉਹ ਆਜ਼ਮਾ ਕੇ ਤੇ ਦੇਖੇ ।
ਬੜੇ ਮਿੱਠੇ ਦਰਦਾਂ ਦੀ ਸੌਗ਼ਾਤ ਮਿਲਦੀ,
ਕੋਈ ਯਾਰ ਦੇ ਦਰ ਤੇ ਜਾ ਕੇ ਤੇ ਦੇਖੇ ।
ਅਖ਼ੀਰ ਉਹ ਵੀ ਧਰਤੀ ਦੀ ਛਾਤੀ 'ਤੇ ਡਿੱਗੇ,
ਖ਼ਿਆਲਾਂ ਦੇ ਪੰਛੀ ਉਡਾ ਕੇ ਤੇ ਦੇਖੇ ।
ਮਿਰਾ ਪੱਲਾ ਖ਼ਾਲੀ ਦਾ ਖ਼ਾਲੀ ਰਿਹਾ ਏ,
ਤਿਰੇ ਨਾਂ ਤੇ ਸਿੱਕੇ ਚਲਾ ਕੇ ਤੇ ਦੇਖੇ ।
ਕਿਸੇ ਮੈਨੂੰ ਇਜ਼ਤ ਦੀ ਨਜ਼ਰੇ ਨਾ ਡਿੱਠਾ,
ਮੈਂ ਗ਼ੈਰਾਂ ਦੇ ਗ਼ਮ ਦਿਲ ਨੂੰ ਲਾਕੇ ਤੇ ਦੇਖੇ ।
ਉਹ ਅਪਣੀ ਪਨਾਹ ਢੂੰਡ ਲੈਂਦਾ ਏ 'ਅਖ਼ਤਰ',
ਜੋ ਮਨ ਅਪਣੇ ਵਿੱਚ ਝਾਤੀ ਪਾ ਕੇ ਤੇ ਦੇਖੇ ।
੨. ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ
ਵਿੱਚੋਂ ਡਾਹਢਾ ਡੋਲਿਆ ਹੋਇਆ, ਉੱਤੋਂ ਏ ਮਸਰੂਰ ।
ਅੱਜ ਦਾ ਬੰਦਾ, ਕੱਲ੍ਹ ਦੇ ਬੰਦੇ ਨਾਲੋਂ ਵੱਧ ਮਜਬੂਰ ।
ਇਸ ਦੁਨੀਆਂ ਦੀ ਰੱਜੀ-ਪੁੱਜੀ ਹਾਲਤ, ਵਾਂਗ ਉਸ ਬੂਟੇ-
ਫੁੱਲ ਤੇ ਫਲ ਲੱਗਣ ਤੋਂ ਪਹਿਲਾਂ ਝੜ ਗਿਆ ਜਿਸ ਦਾ ਬੂਰ ।
ਓਸ ਦਿਨ ਤੋਂ ਨਾਲ 'ਪਿਆਕਾਂ' ਟੁਰਕੇ ਵੀ ਨਹੀਂ ਡਿੱਠਾ,
ਜਦ ਦੇ ਉਸਦੇ ਨੈਣ-ਸ਼ਰਾਬੀ ਕਰ ਗਏ ਨੇ ਮਖ਼ਮੂਰ ।
ਸਾਦ-ਮੁਰਾਦੀ ਹਾਲਤ ਵਿੱਚ ਵੀ ਜਦ ਉਸ ਝਲਕ ਵਿਖਾਈ,
ਮੇਰਿਆਂ ਦੋ-ਨੈਣਾਂ ਨੂੰ ਲੱਗਿਆ ਜਲਵਾ 'ਕੋਹਿਤੂਰ' ।
ਚਾਹਵਾਨਾਂ ਦੀ ਪਰ੍ਹਿਆ ਦੇ ਵਿੱਚ ਫੇਰੀਆਂ ਸਾਥੋਂ ਅੱਖੀਆਂ,
ਅਣਮੁੱਲੀ ਚਾਹਤ ਦਾ ਮੁੱਲ ਇਹ ਪਾਇਆ ਉਸ ਮਗ਼ਰੂਰ ।
ਇਹ ਤਾਂ ਅਪਣੀ ਨਾ-ਸਮਝੀ ਸੀ, ਦੋਸ਼ ਨਹੀਂ ਸੀ ਉਹਦਾ,
ਦਿਲ ਦੇ ਨੇੜੇ ਸਮਝਿਆ ਉਹਨੂੰ, ਸੀ ਅੱਖਾਂ ਤੋਂ ਦੂਰ ।
ਏਹੋ ਦਿਲ ਸਾਗਰ ਤੋਂ ਡੂੰਘਾ, ਏਹੋ ਨਾਜ਼ੁਕ ਸ਼ੀਸ਼ਾ,
ਜ਼ੋਰਾਵਰਾਂ ਦੀ ਜ਼ੋਰਾਵਰੀ ਨੇ ਕੀਤਾ ਚਕਨਾਚੂਰ ।
ਇੱਕ ਜ਼ਾਲਮ ਦੇ ਪਿਆਰ-ਵਫ਼ਾ ਦੀ ਲੱਜ ਪਾਲਣ ਦੀ ਖ਼ਾਤਰ,
ਦੁਨੀਆਂ ਭਰ ਦੇ ਤਾਅਨੇ-ਮਿਹਣੇ 'ਅਖ਼ਤਰ' ਨੂੰ ਮੰਨਜ਼ੂਰ ।
੩. ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਆਂ
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਆਂ ।
ਕੀ ਦੱਸੀਏ ? ਨਾ ਜਾਵਣ ਦੱਸੀਆਂ ।
ਦਿਲ ਦੀ ਪੀੜ ਛੁਪਾਵਣ ਦੇ ਲਈ,
ਦਿਲ ਰੋਵੇ, ਤੇ ਰੋਵਣ ਅੱਖੀਆਂ ।
ਐਸੀਆਂ ਪੀੜਾਂ ਕੌਣ ਸਹਾਰੇ ?
ਜੋ ਮਾਰੂ, ਪਰ ਮਿੱਠੀਆਂ-ਮਿੱਠੀਆਂ ।
ਏਹੋ ਪੀੜਾਂ ਸਹਿੰਦਿਆਂ-ਸਹਿੰਦਿਆਂ,
ਲੱਖਾਂ 'ਹੀਰਾਂ' ਜ਼ਹਿਰਾਂ ਚੱਖੀਆਂ ।
ਪਰ 'ਅਖ਼ਤਰ' ਅੱਜ 'ਰਾਂਝੇ' ਕਿੱਥੇ ?
ਅੱਜ ਦੀਆਂ 'ਹੀਰਾਂ' ਕਾਰੇ-ਹੱਥੀਆਂ ।
੪. ਦੁਨੀਆਂ ਵਾਲਿਆਂ ਨੂੰ ਕਿਉਂ ਅਪਣੇ ਦੁਖ ਦੀ ਕਥਾ ਸੁਣਾਈਏ
ਦੁਨੀਆਂ ਵਾਲਿਆਂ ਨੂੰ ਕਿਉਂ ਅਪਣੇ ਦੁਖ ਦੀ ਕਥਾ ਸੁਣਾਈਏ ?
ਬੇ-ਕਦਰਾਂ ਬੇ-ਦਰਦਾਂ ਨੂੰ ਕਿਉਂ ਮਹਿਰਮ-ਰਾਜ਼ ਬਣਾਈਏ ?
ਦੁਨੀਆਂ ਵਾਲੇ ਆਪ ਨਿਮਾਣੇ, ਇਹ ਕੀ ਦਰਦ ਵੰਡਾਵਣ ?
ਲੈ ਦੇ ਕੇ ਇਕ ਦੁਖ ਹੀ ਰਹਿ ਗਿਆ, ਉਹ ਵੀ ਕਿਉਂ ਗੰਵਾਈਏ ?
ਨਾਗ਼ਾਂ ਤੋਂ ਵੱਧ ਜ਼ਹਿਰੀ ਦੁਨੀਆਂ, ਸਭਨਾਂ ਨੂੰ ਇਹ ਡੰਗੇ,
ਲੱਖ ਵਾਰੀ ਅਜ਼ਮਾਈ ਨੂੰ ਕਿਉਂ, ਮੁੜ-ਮੁੜ ਪਏ ਅਜ਼ਮਾਈਏ ?
ਖਾ ਖਾ ਥੱਕੀ, ਰੱਜ ਰੱਜ ਹਾਰੀ, ਫਿਰ ਭੁੱਖੀ ਦੀ ਭੁੱਖੀ,
ਦਿਲ ਕਰਦਾ ਏ ਭਰ ਕੇ ਆਹਾਂ, ਦੁਨੀਆਂ ਫੂਕ, ਮੁਕਾਈਏ ।
ਸਾਡੇ ਦਿਲ ਦਾ ਰੋਗ ਅਵੱਲਾ, ਇਹਦੀ ਪੀੜ ਨਿਰਾਲੀ,
ਜਿਨ੍ਹਾਂ ਸਾੜ ਮੁਕਾਇਆ ਦਿਲ ਨੂੰ, ਉਨ੍ਹਾਂ ਦਾ ਗ਼ਮ ਖਾਈਏ ।
ਦੁੱਖਾਂ-ਦਰਦਾਂ ਨੇ ਤਾਂ ਮਰਿਆਂ ਵੀ ਨਹੀਂ ਪਿੱਛਾ ਛੱਡਣਾ,
ਫਿਰ ਕਿਉਂ ਅਪਣੇ ਆਪ ਨੂੰ 'ਅਖ਼ਤਰ' ਜਿਉਂਦਿਆਂ ਮਾਰ ਮੁਕਾਈਏ ?
੫. ਜੋ ਪਲਕੀਂ ਮੋਤੀ ਤੁੱਲਦੇ ਨੇ
ਜੋ ਪਲਕੀਂ ਮੋਤੀ ਤੁੱਲਦੇ ਨੇ ।
ਉਹ ਹੱਦੋਂ ਬਾਹਰੇ ਮੁੱਲ ਦੇ ਨੇ ।
ਉਹ ਬੂਟੇ ਟਾਵੇਂ ਟਾਵੇਂ ਨੇ,
ਜੋ ਵਿੱਚ ਖ਼ਿਜ਼ਾਂ ਦੇ ਫੁਲਦੇ ਨੇ ।
ਜੋ ਫੁੱਲ ਬਣੇ ਸਨ ਹਾਰਾਂ ਲਈ,
ਅੱਜ ਵਿੱਚ ਖ਼ਿਜ਼ਾਂ ਦੇ ਰੁਲਦੇ ਨੇ ।
ਇਕ ਪਾਸੇ ਪੱਥਰ ਮੋਤੀ ਮੈਂ
ਅੱਜ ਸਾਵੇਂ ਵੇਖੇ ਤੁਲਦੇ ਨੇ ।
ਕੀ ਚਲਦਾ ਏ ਵਸ ਉਹਨਾਂ 'ਤੇ,
ਜੋ ਮੰਜ਼ਲ 'ਤੇ ਜਾ ਭੁਲਦੇ ਨੇ ।
ਜਦ 'ਅਖ਼ਤਰ' ਜ਼ੁਲਫ਼ ਸੰਵਾਰਣ ਉਹ
ਕਈ ਰਾਜ਼ ਹਕੀਕਤ ਖੁੱਲ੍ਹਦੇ ਨੇ ।