Akhlaq Aatif ਅਖ਼ਲਾਕ ਆਤਿਫ਼
ਕਲਮੀ ਨਾਂ: ਅਖ਼ਲਾਕ ਆਤਿਫ਼
ਜਨਮ ਤਾਰੀਖ਼: ਅਗਸਤ 1948
ਜਨਮ ਸਥਾਨ: ਵਜ਼ੀਰਾਬਾਦ ਜ਼ਿਲ੍ਹਾ ਗੁੱਜਰਾਂਵਾਲਾ
ਕੰਮ ਕਾਜ: ਕਮਰਸ਼ੀਅਲ ਆਰਟਿਸਟ
ਛਪੀਆਂ ਕਿਤਾਬਾਂ: ਗੁਲ ਅਕੀਦੇ (ਇੰਤਖ਼ਾਬ), ਰਾਹਬਰ ਕਾਮਿਲ (ਇੰਤਖ਼ਾਬ), ਜਾਨੇਂ ਰਹਿਮਤ (ਇੰਤਖ਼ਾਬ), ਕਰੀਆ ਕਰੀਆ ਖ਼ੁਸ਼ਬੂ (ਸ਼ਾਇਰੀ)
ਪਤਾ: ਗਲੀ ਨੰਬਰ 6, ਨਿਊ ਕੋਟ ਫ਼ਰੀਦ, ਸਰਗੋਧਾ ।
ਪੰਜਾਬੀ ਗ਼ਜ਼ਲਾਂ ('ਸਾਵੀਆਂ ਵੰਗਾਂ' 1994 ਵਿੱਚੋਂ) : ਅਖ਼ਲਾਕ ਆਤਿਫ਼
੧. ਵਿਹੜੇ ਦਾ ਰੁੱਖ ਖੂਹ ਦੀਆਂ ਟਿੰਡਾਂ, ਸੇਜ ਦੀ ਚੱਦਰ ਰੁੰਨੀ
ਵਿਹੜੇ ਦਾ ਰੁੱਖ ਖੂਹ ਦੀਆਂ ਟਿੰਡਾਂ, ਸੇਜ ਦੀ ਚੱਦਰ ਰੁੰਨੀ ।
ਉਹਦੇ ਮਗਰੋਂ ਘਰ ਦੀ ਹਰ ਸ਼ੈ, ਹੌਕੇ ਭਰ ਭਰ ਰੁੰਨੀ ।
ਬਾਨੋ ਤੇ ਲੰਬੜਾਂ ਦੀ ਧੀ ਏ, ਤੂੰ ਹਿਕ ਧੀ ਕੰਮੀ ਦੀ,
ਝੱਲੀਏ! ਤੂੰ ਕਿਉਂ ਦੇਖਕੇ ਉਹਦਾ, ਸੋਹਣਾ ਜ਼ੇਬਰ ਰੁੰਨੀ ।
ਠੰਢ ਬੜੀ ਸੀ ਸੁਪਨਿਆਂ ਅੰਦਰ, ਦੇਖ ਅਵੱਲੇ ਰਿਸ਼ਤੇ,
ਖੁੱਲੀ ਅੱਖ ਤੇ ਆਲ-ਦੁਆਲੇ, ਦੇਖ ਸਮੁੰਦਰ ਰੁੰਨੀ ।
ਆਪਣੀ ਗਲੀਉਂ ਲੰਘਦਾ ਤੱਕ ਕੇ ਕੋਈ ਸਿਹਰਿਆਂ ਵਾਲਾ,
ਖ਼ਬਰੇ ਉਹ ਕਿਉਂ ਚਿਰ ਤੱਕ ਆਪਣੇ, ਵਿਹੜੇ ਅੰਦਰ ਰੁੰਨੀ ।
ਕੋਈ ਤੇ ਫੱਟ ਸ਼ਾਵਾ ਹੋਇਐ, ਕੁਝ ਤੇ ਚੇਤੇ ਆਇਐ,
ਐਵੈਂ ਤੇ ਨਹੀਂ ਗਏ ਵਰ੍ਹੇ ਦਾ, ਦੇਖ ਕਲੰਡਰ ਰੁੰਨੀ ।
ਕਿੰਨਾਂ ਕਰਮਾਂ ਆਲਾ ਸੀ ਉਹ, 'ਆਤਿਫ਼' ਜੀਹਦੇ ਮਗਰੋਂ,
ਪਿਉ ਦੀਆਂ ਸਿੱਕਾਂ, ਮਾਂ ਦੀ ਮਮਤਾ, ਭੈਣ ਦੀ ਸੱਧਰ ਰੁੰਨੀ ।
੨. ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ
ਜਦ ਤੱਕ ਰਾਹੀਆਂ ਨੇ ਨਹੀਂ ਕਰਨੀ, ਕੋਈ ਸੂਰਤ ਏਕੇ ਦੀ ।
ਉਦੋਂ ਤੀਕਰ ਜੁੜ ਨਹੀਂ ਸਕਣੀ, ਕੰਧ ਕੋਈ ਵੀ ਰਿਸ਼ਤੇ ਦੀ ।
ਜਿੱਥੇ ਜ਼ੁਲਮ ਰਵਾਇਅਤ ਬਣ ਜਾਏ, ਸਦਾ ਈ ਰਾਤ ਹਨ੍ਹੇਰੀ ਰਹੇ,
ਰਾਖੇ ਹੀ ਜੇ ਸੰਨਾਂ ਲਾਵਣ, ਕਾਹਦੀ ਗੱਲ ਉਲਾਹਮੇਂ ਦੀ ।
ਆਪਣੇ ਪਿਉ ਦੇ ਮਗਰੋਂ ਆਪਣਾ ਬਚਪਨ ਕੀਕਣ ਕੱਟਿਆ ਸੀ,
ਮੈਨੂੰ ਕੀ ਕੁੱਝ ਯਾਦ ਕਰਾ ਗਈ, ਇਹ ਗੱਲ ਆਪਣੇ ਬੱਚੇ ਦੀ ।
ਅੱਜ ਵਿਛੜਣ ਦੀ ਸਾਲ ਗਿਰਾ ਏ, ਵਾਏ ਵਿਛੜਣ ਵਾਲੇ ਨੂੰ,
ਲੀਰ ਕੋਈ ਜਾਂ ਤੋਹਫ਼ਾ ਦੇਵੀ, ਸਾਡੇ ਪਾਟੇ ਗਲਮੇਂ ਦੀ ।
ਕੱਲਰ ਖਾਧੀ ਧਰਤੀ 'ਆਤਿਫ਼' ਕਰਮਾਂ ਮਾਰੇ ਬੰਦੇ ਨੇ,
ਇਸ ਤੋਂ ਵੱਧ ਬਦ-ਬਖ਼ਤੀ ਹੋਸੀ, ਕੀ ਪੰਜਾਬ ਦੇ ਖਿੱਤੇ ਦੀ ।
੩. ਜੀਹਦੇ ਪਾਰੋਂ ਜੱਗ ਤੇ ਸਾਡਾ, ਬਖ਼ਤ ਉਚੇਰਾ ਹੋਣਾ ਸੀ
ਜੀਹਦੇ ਪਾਰੋਂ ਜੱਗ ਤੇ ਸਾਡਾ, ਬਖ਼ਤ ਉਚੇਰਾ ਹੋਣਾ ਸੀ ।
ਵਾਹ ਤਕਦੀਰੇ! ਤੂੰ ਵੀ ਸਾਥੋਂ ਉਹ ਹੀ ਬੰਦਾ ਖੋਹਣਾ ਸੀ ।
ਸ਼ਕਲੋਂ ਵੀ ਉਹ ਘੱਟ ਤੇ ਨਹੀਂ ਸੀ, ਸੂਰਜ, ਚੰਨ, ਸਿਤਾਰਿਆਂ ਤੋਂ,
ਸੋਚਾਂ, ਅਮਲਾਂ ਪਾਰੋਂ ਵੀ ਉਹ ਸੋਹਣਾਂ ਤੇ ਮਨਮੋਹਣਾ ਸੀ ।
ਇਨਸਾਫ਼ਾਂ ਦੇ ਨਾਂ ਤੇ ਅਨਿਆ, ਜਿਹੜਾ ਚੰਨ ਚੜ੍ਹਾਇਆ ਏ,
ਦੱਸੋ ਬੇਇਨਸਾਫ਼ੀ ਵਿਚ ਵੀ, ਇਸ ਤੋਂ ਵੱਧ ਕੀ ਹੋਣਾ ਸੀ ।
ਜੀਵਨ ਦਾ ਵੱਲ ਦੱਸਿਐ ਮੈਨੂੰ, ਉਸ ਜੀਅ ਦਾਰ ਦੇ ਜੀਵਨ ਨੇ,
ਔਖੇ ਵੇਲੇ ਦਾ ਹਰ ਪੱਥਰ, ਜੀਹਦੇ ਲਈ ਖਿਡੌਣਾ ਸੀ ।
ਸਾਡੀ ਥੋੜ-ਦਿਲੀ ਦਾ ਵੀ ਏ, ਹਿੱਸਾ ਉਹਦੇ ਵੱਢਣ ਵਿਚ,
ਜਿਹੜੇ ਰੁੱਖ ਨੇ 'ਆਤਿਫ਼' ਸਾਨੂੰ ਧੁੱਪੋਂ ਬਹੁਤ ਲਕੋਣਾ ਸੀ ।
੪. ਯਾਦਾਂ, ਟੀਸਾਂ, ਰੋਣੇ-ਧੋਣੇ ਗੁੱਝੇ ਜ਼ਖ਼ਮ ਜੁਦਾਈ ਦੇ
ਯਾਦਾਂ, ਟੀਸਾਂ, ਰੋਣੇ-ਧੋਣੇ ਗੁੱਝੇ ਜ਼ਖ਼ਮ ਜੁਦਾਈ ਦੇ ।
ਕਿੰਨੇ ਤੋਹਫ਼ੇ ਮਿਲੇ ਨੇ ਸਾਨੂੰ, ਦੋ ਦਿਨ ਦੀ ਅਸ਼ਨਾਈ ਦੇ ।
ਸੱਸੀ, ਸੋਹਣੀ ਤੇ ਸਹਿਬਾਂ ਦੇ, ਕਿੱਸੇ ਅੱਜ ਵੀ ਦੱਸਦੇ ਨੇ,
ਦੇ ਦਿੰਦੇ ਨੇ ਜਾਨ ਵੀ ਆਪਣੀ ਸੱਜਨ ਨਹੀਂ ਅਜ਼ਮਾਈ ਦੇ ।
ਜਿਹੜੇ ਸਾਰੀ ਰਾਤੀਂ ਨੇਰ੍ਹਿਆਂ, ਅੰਦਰ ਚਾਨਣ ਕਰਦੇ ਨੇ,
ਧੱਮੀ ਵੇਲੇ ਬੇਦਰਦੀ ਨਾਲ, ਨਹੀਂ ਉਹ ਦੀਪ ਬੁਝਾਈ ਦੇ ।
ਕਹਿੰਦਾ ਸੀ ਕੋਈ ਸੁਣਕੇ ਖ਼ਬਰਾਂ, ਕਣਕ ਵਧੇਰੀ ਹੋਣ ਦੀਆਂ,
ਅਸੀਂ ਤੇ ਹੁਣ ਵੀ ਕਦੇ ਕਦਾਈ, ਭੁੱਖੇ ਬਾਲ ਸਵਾਈ ਦੇ ।
ਜਿਨ੍ਹਾਂ ਘਰਾਂ ਵਿਚ ਹੋਵੇ ਚਾਨਣ, ਜਜ਼ਬਿਆਂ ਆਲੇ ਦੀਵੇ ਦਾ,
'ਆਤਿਫ਼' ਉਹ ਨਹੀਂ ਭੁੱਖੇ ਹੁੰਦੇ, ਮਹਿਕਾਂ ਦੀ ਰੁਸ਼ਨਾਈ ਦੇ ।
੫. ਭਾਵੇਂ ਉਹਦੇ ਮਗਰੋਂ ਸਾਡਾ, ਕਿੰਨਾ ਮੰਦਾ ਹਾਲ ਰਿਹਾ
ਭਾਵੇਂ ਉਹਦੇ ਮਗਰੋਂ ਸਾਡਾ, ਕਿੰਨਾ ਮੰਦਾ ਹਾਲ ਰਿਹਾ ।
ਪਰ ਇਹ ਹਸਰਤ ਤੇ ਨਹੀਂ ਕੋਈ, ਦੋ ਦਿਨ ਵੀ ਨਾ ਨਾਲ ਰਿਹਾ ।
ਜਦ ਵੀ ਕੋਈ ਵਿਛੜਣ ਵਾਲਾ, ਯਾਦ ਆਏ ਤੇ ਮੰਗੋ ਖ਼ੈਰ,
ਇਹ ਨਾ ਸੋਚੋ ਸਾਡੇ ਨਾਲ ਉਹ, ਘੜੀ ਰਿਹਾ ਕਿ ਸਾਲ ਰਿਹਾ ।
ਜੀਹਨੇਂ ਪਿਆਰ ਦਾ ਕੋਈ ਬੂਟਾ, ਧਰਤੀ ਉੱਤੇ ਲਾਇਆ ਨਹੀਂ,
ਦੌਲਤ ਵਾਲਾ ਹੋ ਕੇ ਵੀ ਉਹ, ਮੈਂ ਕਹਿਣਾ ਕੰਗਾਲ ਰਿਹਾ ।
ਹੋਰਾਂ ਲਈ ਆਜ਼ਾਦੀ ਦੀ ਗੱਲ, ਕਿਹੜੇ ਮੂੰਹ ਨਾਲ ਕਰਦਾ ਸੀ,
ਜਿਹੜਾ ਆਪਣੇ ਘਰਦਿਆਂ ਉੱਤੇ, ਨਿੱਤ ਵਿਛਾਉਂਦਾ ਜਾਲ ਰਿਹਾ ।
ਉਹ ਜੇ ਡੁੱਬ ਕੇ ਬਣੀ ਨਾ ਸੋਹਣੀ, ਉਹਨੂੰ ਮਿਹਣਾ ਦਈਏ ਕਿਉਂ,
ਇਸ਼ਕੇ ਦੇ ਦਰਿਆ ਵਿਚ 'ਆਤਿਫ਼', ਤੂੰ ਵੀ ਕਦ ਮਹੀਵਾਲ ਰਿਹਾ ।
੬. ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ
ਖ਼ੁਸ਼ ਬਖ਼ਤਾਂ ਨੇ ਨਿੱਘੇ-ਨਿੱਘੇ ਅੱਖਰ ਲੀਕ ਲਏ ।
ਸਾਡੀਆਂ ਅੱਖਾਂ ਨੇ ਬਰਫ਼ੀਲੇ ਮਨਜ਼ਰ ਲੀਕ ਲਏ ।
ਖੰਭੇ ਵਾਂਗ ਖਲੋਵਣ ਦੇ ਜਦ ਲੋਕਾਂ ਮਾਰੇ ਬੋਲ,
ਅੱਖਾਂ ਉੱਤੇ ਖੋਪੇ ਚਾੜ੍ਹੇ੍ਹ ਚੱਕਰ ਲੀਕ ਲਏ ।
ਹੋਣਾ ਚਾਹੀਦੈ ਦਿਲ ਅੰਦਰ ਕੋਈ ਇਬਾਦਤ ਘਰ,
ਭਾਵੇਂ ਮਸਜਿਦ ਛੱਤੇ ਕੋਈ ਮੰਦਰ ਲੀਕ ਲਏ ।
ਅਜਲੋਂ ਲੇਖ ਥਲੋਚੀ ਸਾਡੇ, ਪਾਣੀ ਕੋਹਾਂ ਦੂਰ,
ਸੱਜਣ ਆਏ ਤੇ ਪਲਕਾਂ ਤੇ ਅੱਥਰ ਲੀਕ ਲਏ ।
ਰੌਣਕ ਮੇਲਿਆਂ ਦੇ ਵਿਚ ਡਰਦਾ ਹੁਣ ਨਹੀਂ ਜਾਂਦਾ ਮੈਂ,
ਕਿਧਰੇ ਫੇਰ ਨਾ ਦਿਲ ਕਮਲਾ ਕੋਈ ਸੱਧਰ ਲੀਕ ਲਏ ।
ਉਸ ਵੀ ਆਪਣੀ ਰੂਹ ਨੂੰ ਲਾ ਲਏ ਡਾਢੇ ਸੰਘਣੇ ਫੱਟ,
ਮੈਂ ਵੀ ਆਪਣੇ ਜੁੱਸੇ ਉੱਤੇ ਹੰਟਰ ਲੀਕ ਲਏ ।
ਆਸ਼ਕਾਂ ਆਪਣੇ ਨਾਂ ਲਿਖਵਾ ਲਏ ਬੇਲੇ, ਥਲ, ਦਰਿਆ,
ਅਕਲਾਂ ਵਾਲਿਆਂ 'ਆਤਿਫ਼' ਰਕਬੇ ਬੰਜਰ ਲੀਕ ਲਏ ।
੭. ਫੇਰ ਕਿਸੇ ਨੂੰ ਸਾਮ੍ਹਣੇ ਤੱਕ ਕੇ, ਸੋਚਾਂ ਨੂੰ ਤਰਸਾਣਾ ਕੀ
ਫੇਰ ਕਿਸੇ ਨੂੰ ਸਾਮ੍ਹਣੇ ਤੱਕ ਕੇ, ਸੋਚਾਂ ਨੂੰ ਤਰਸਾਣਾ ਕੀ ।
ਸੱਧਰਾਂ ਦੀ ਭੁੱਬਲ ਦੇ ਅੰਦਰ, ਮੁੜ-ਮੁੜ ਤੀਲੇ ਲਾਣਾ ਕੀ ।
ਹਾਲ ਦਿਲੇ ਦਾ ਅੱਖਾਂ ਰਾਹੀਂ, ਕਹਿਣਾ ਈ ਤੇ ਖੁੱਲ੍ਹ ਕੇ ਰੋ,
ਹਿਕ ਦੋ ਹੰਝੂ ਕੇਰ ਕੇ ਐਵੇਂ ਅਪਣਾ ਭਰਮ ਵਨਜਾਣਾ ਕੀ ।
ਯਾਰਾਂ ਅੱਗੇ ਫੋਲ ਕੇ ਦੁੱਖੜੇ, ਮੈਂ ਤੇ ਇਹ ਗੱਲ ਜਾਣੀ ਏ,
ਕੰਧਾਂ ਅੱਗੇ ਰੋਣਾ ਕੀ ਤੇ ਪੱਥਰਾਂ ਨੂੰ ਸਮਝਾਣਾ ਕੀ ।
ਰੋ-ਰੋ ਕਾਹਨੂੰ ਹੁਣ ਡਿਸਕੋਰੇ, ਭਰਨੈਂ ਯਾਰ ਨਾਦਾਨਾ ਵੇ,
ਜੇ ਕਰ ਪੋਂਦ ਨਾ ਸੋਚੀ ਹੋਵੇ, ਛੇਕੜ ਨੂੰ ਪਛਤਾਣਾ ਕੀ ।
ਹੱਕੀ ਗੱਲ ਏ ਅੱਜ ਦਾ ਬੰਦਾ, ਆਪੋ-ਆਪਣਾ ਵੈਰੀ ਏ,
ਕਰਮਾਂ ਮਾਰੇ ਹੋਰ ਕਿਸੇ ਤੇ, ਅੱਗੋਂ ਕਰਮ ਕਮਾਣਾ ਕੀ ।
ਉਹ ਜੇ ਨਹੀਂ ਤਾਂ ਉਹਦੇ ਵਰਗੇ, ਹੋਰ ਹਜ਼ਾਰਾਂ ਲੱਭਣਗੇ,
ਦਿਲ ਦਾ ਕੀ ਸਮਝਾਣਾ 'ਆਤਿਫ਼', ਬੱਚੇ ਦਾ ਵਲਚਾਣਾ ਕੀ ।
੮. ਮਾਣ ਕਿਸੇ ਨੂੰ ਧਨ ਦੌਲਤ ਦਾ
ਮਾਣ ਕਿਸੇ ਨੂੰ ਧਨ ਦੌਲਤ ਦਾ, ਕਿਸੇ ਨੂੰ ਸ਼ੋਖ਼ ਅਦਾਵਾਂ ਦਾ ।
ਅਸੀਂ ਗ਼ਰੀਬ ਨਿਮਾਣੇ ਸਾਨੂੰ, ਹਿੱਕੋ ਮਾਣ ਵਫ਼ਾਵਾਂ ਦਾ ।
ਦਿਲ ਦੇ ਕੱਚੇ ਵਿਹੜੇ ਅੰਦਰ, ਖੇਹ ਉਡਦੀ ਏ ਯਾਦਾਂ ਦੀ,
ਕਿੰਨੇ ਸਾਲਾਂ ਤੋਂ ਨਹੀਂ ਮੁੜਿਆ, ਰਾਹੀ ਦਿਲ ਦੀਆਂ ਰਾਹਵਾਂ ਦਾ ।
ਅੱਖਾਂ ਨੇ ਉਕਸਾਇਆ ਤੇਰੀ, ਤੱਕਣੀ ਹੋਸ ਵੰਜਾਇਆ ਸੀ,
ਨੀਅਤ ਨਹੀਂ ਸੀ ਬਦਲੀ ਮੇਰੀ, ਦੇਖ ਕੇ ਰੰਗ ਘਟਾਵਾਂ ਦਾ ।
ਅੱਜ ਵੀ ਮੇਰੀਆਂ ਪਲਕਾਂ ਉੱਤੇ, ਉਹਦੀ ਯਾਦ ਦੇ ਦੀਵੇ ਨੇ,
ਕੱਲ੍ਹ ਵੀ ਮੇਰਿਆਂ ਬੁੱਲਾਂ ਉੱਤੇ, ਸੇਕ ਸੀ ਉਹਦੀਆਂ ਸਾਹਵਾਂ ਦਾ ।
ਵੰਨ-ਸਵੰਨੇ ਰਾਹਬਰ ਲੱਭਣ, ਨਾਲ ਤੇ ਮੰਜ਼ਿਲ ਮਿਲਣੀ ਨਹੀਂ,
ਪਹਿਲਾਂ ਕੋਈ ਪੱਕ ਤੇ ਕਰ ਲਉ, ਝੱਲਿਉ ਆਪਣੇ ਰਾਹਵਾਂ ਦਾ ।
ਯਾਰੋ ਸੋਚੋ ਕਾਹਤੋਂ ਏਥੇ, ਬੇਵਕਤੇ ਮੀਂਹ ਆਉਂਦੇ ਨੇ,
ਲੋੜ ਪਵੇ ਤੇ ਸੁੱਕ ਜਾਂਦਾ ਹੈ, ਪਾਣੀ ਕਿਉਂ ਦਰਿਆਵਾਂ ਦਾ ।
ਸੁੱਕੇ ਦੁੱਧ ਦੇ ਡੱਬੇ 'ਆਤਿਫ਼', ਹਰ ਹੱਟੀ ਤੇ ਵਿਕਦੇ ਨੇ,
ਖ਼ਵਰੇ ਤਾਹੀਉਂ ਸੁੱਕ ਜਾਂਦਾ ਏ, ਦੁੱਧ ਵੀ ਅੱਜ ਕਲ ਮਾਵਾਂ ਦਾ ।
੯. ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ ਏ
ਨ੍ਹੇਰ ਸਮੇਂ ਦੀ ਪਾਕ ਨਿਸ਼ਾਨੀ ਵੇਖੀ ਏ ।
ਅੱਜ ਮੈਂ ਇਕ ਤਸਵੀਰ ਪੁਰਾਣੀ ਵੇਖੀ ਏ ।
ਜੀਹਦੀਆਂ ਗੱਲਾਂ ਚੇਤੇ ਕਰ-ਕਰ ਜੀਂਦੇ ਸਾਂ,
ਵਰ੍ਹਿਆਂ ਪਿੱਛੋਂ ਉਹ ਮਰਜਾਣੀ ਵੇਖੀ ਏ ।
ਅੱਜ ਜੇ ਉਹਨੂੰ ਵੇਖਿਆ ਏ ਤੇ ਖ਼ਬਰੇ ਕਿਉਂ,
ਉਹਦੀ ਅੱਖ ਵਿਚ ਸੁੰਝ-ਸਮਾਣੀ ਵੇਖੀ ਏ ।
ਲੋਕਾਂ ਹਸਦੇ ਮੁੱਖੜੇ ਵੇਖੇ ਨੇ ਪਰ ਮੈਂ,
ਉਨ੍ਹਾਂ ਉਹਲੇ ਦਰਦ ਕਹਾਣੀ ਵੇਖੀ ਏ ।
ਨਵੀਂ ਕਬਰ ਤੇ ਫੁੱਲ ਖਿਲਾਰ ਕੇ 'ਆਤਿਫ਼' ਮੈਂ,
ਰੋਂਦੀ ਇਕ ਮੁਟਿਆਰ ਨਿਮਾਣੀ ਵੇਖੀ ਏ ।
੧੦. ਦਿਲ ਦਾ ਵਰਕਾ ਉਂਜ ਤੇ ਨਵਾਂ ਨਕੋਰ ਜਿਹਾ
ਦਿਲ ਦਾ ਵਰਕਾ ਉਂਜ ਤੇ ਨਵਾਂ ਨਕੋਰ ਜਿਹਾ ।
ਪਰ ਸੋਚਾਂ ਦਾ ਕਲਮ ਬੜਾ ਕਮਜ਼ੋਰ ਜਿਹਾ ।
ਮੁਆਫ਼ ਕਰੀਂ ਚਾ ਪਿਆਰ ਦੀ ਸੋਹਣੀ ਭੁੱਲ ਮੇਰੀ,
ਲਗਦਾ ਏ ਅੱਜ ਮੌਸਮ ਈ ਕੁਝ ਹੋਰ ਜਿਹਾ ।
ਤੇਰੇ ਸਾਹਵੇਂ ਨਰਗਸ ਨੀਵੀਂ ਪਾਉਂਦੀ ਏ,
ਕੀ ਟੁਰਣਾ ਏ ਮੋਰਾਂ ਤੇਰੀ ਟੋਰ ਜਿਹਾ ।
ਨੇੜਿਉਂ ਤੱਕਿਆ ਤੇ ਉਹ ਪਿਆਰ ਦਾ ਭੁੱਖਾ ਸੀ,
ਦੂਰੋਂ ਜਿਹੜਾ ਲਗਦਾ ਸੀ ਮੂੰਹ ਜ਼ੋਰ ਜਿਹਾ ।
ਹੋਵੇ ਚੋਰ ਜੇ 'ਆਤਿਫ਼' ਆਪਣੇ ਮਨ ਅੰਦਰ,
ਹਰ ਕੋਈ ਆਂਦਾ-ਜਾਂਦਾ ਜਾਪੇ ਚੋਰ ਜਿਹਾ ।