Akbar Qazmi ਅਕਬਰ ਕਾਜ਼ਮੀ
Punjabi Ghazals Akbar Qazmi
ਪੰਜਾਬੀ ਗ਼ਜ਼ਲਾਂ ਅਕਬਰ ਕਾਜ਼ਮੀ
੧. ਅਪਣੇ ਜ਼ਖ਼ਮਾਂ ਦੇ ਨਜ਼ਾਰੇ ਦੇਖਦਾਂ
ਅਪਣੇ ਜ਼ਖ਼ਮਾਂ ਦੇ ਨਜ਼ਾਰੇ ਦੇਖਦਾਂ ।
ਦਿਨ ਦੇ ਵੇਲੇ ਵੀ ਮੈਂ ਤਾਰੇ ਦੇਖਦਾਂ ।
ਕੀ ਕਰਾਂ ਮੈਂ ਅਰਸ਼ ਦੇ ਮਜ਼ਲੂਮ ਦਾ ?
ਫ਼ਰਸ਼ 'ਤੇ ਦਰਦਾਂ ਦੇ ਮਾਰੇ ਦੇਖਦਾਂ ।
ਕਿੰਨੇ ਕੋਠੇ ਨੇ ਇਨ੍ਹਾਂ ਦੀ ਜ਼ੱਦ ਵਿੱਚ ?
ਸ਼ਹਿਰ ਦੇ ਉੱਚੇ ਮੁਨਾਰੇ ਦੇਖਦਾਂ ।
ਕੌਣ ਤਕਦੀਰਾਂ ਨੂੰ ਰੋਵੇ ਬੈਠ ਕੇ ?
ਕੌਣ ਜ਼ੰਜੀਰਾਂ ਉਤਾਰੇ ? ਦੇਖਦਾਂ ।
ਹੱਕ ਦੀ ਖ਼ਾਤਰ ਪਈ ਆਵਾਜ਼ ਦੇ-
ਵੱਧ ਕੇ ਪੱਥਰ ਕੌਣ ਮਾਰੇ ? ਦੇਖਦਾਂ ।
ਕਹਿਰ ਦੇ ਮਾਰੇ ਅਸੀਂ ਹਾਂ 'ਅਕਬਰਾ',
ਕੌਣ ਹੁਣ ਜ਼ੁਲਫ਼ਾਂ ਸੰਵਾਰੇ ? ਦੇਖਦਾਂ ।
੨. ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ
ਇੱਕ-ਇੱਕ ਕਰਕੇ ਯਾਦ ਪਏ ਆਵਣ ਸੱਜਣਾਂ ਦੇ ਸਭ ਲਾਰੇ ।
ਰਾਤ ਨੂੰ ਸੂਰਜ ਦੇਖਾਂ 'ਅਕਬਰ', ਦਿਨ ਨੂੰ ਦੇਖਾਂ ਤਾਰੇ ।
ਗੁੰਮ-ਸੁੰਮ ਖੜ੍ਹੀਆਂ ਮੇਰੀਆਂ ਸੱਧਰਾਂ ਤੇਰਾ ਰਸਤਾ ਦੇਖਣ,
ਜੁਗਨੂੰਆਂ ਵਾਂਗੂੰ ਦੇਣ ਭੁਲੇਖੇ ਵੇਲੇ ਦੇ ਲਿਸ਼ਕਾਰੇ ।
ਚਾਰ-ਚੁਫੇਰੇ ਜਾਗਦਿਆਂ ਖ਼ਾਬਾਂ ਨੇ ਪਹਿਰਾ ਲਾਇਆ,
ਰੰਗ-ਬਰੰਗੇ, ਬੇ-ਤਰਤੀਬੇ ਜਜ਼ਬੇ ਲੈਣ ਹੁਲਾਰੇ ।
ਯਾਦ ਤਿਰੀ ਜਦ ਆਵੇ ਦਿਲ 'ਚੋਂ ਇੰਜ ਆਵਾਜ਼ਾਂ ਆਵਣ-
ਰਾਤ ਦੇ ਪਿਛਲੇ-ਪਹਿਰ ਜਿਉਂ ਕੋਈ ਖੂਹ ਵਿੱਚ ਪੱਥਰ ਮਾਰੇ ।
ਲਹਿਰਾਂ ਦਿੰਦੀਆਂ ਤੇਜ਼ ਹਵਾਵਾਂ, ਬਿੱਟ-ਬਿੱਟ ਪਈਆਂ ਤੱਕਣ,
ਉਖੜਿਆਂ ਉਖੜਿਆਂ ਸਾਹਵਾਂ ਉੱਤੇ ਲੋਕਾਂ ਮਹਿਲ ਉਸਾਰੇ ।
ਉੱਚੇ-ਉੱਚੇ ਕੋਠਿਆਂ ਉੱਤੇ ਛੋਟੇ ਛੋਟੇ ਬੰਦੇ,
ਇੰਜ ਪਏ ਜਾਪਣ, ਜਿਵੇਂ ਜ਼ਮਾਨੇ ਸ਼ੀਸ਼ੇ ਵਿੱਚ ਉਤਾਰੇ ।
ਜਦੋਂ ਅਚਾਨਕ ਰਾਤਾਂ ਵੇਲੇ ਚੰਦ ਚਮਕਦਾ ਦੇਖਾਂ,
'ਅਕਬਰ' ਮੇਰੇ ਅੰਦਰੋਂ ਕੋਈ ਮੈਨੂੰ 'ਵਾਜ਼ਾਂ ਮਾਰੇ ।
੩. ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ
ਸੋਚਾਂ ਦੇ ਵਿੱਚ ਤੱਕ ਲਏ ਕਿੰਨੇ ਚਿਹਰੇ ਮੈਂ ।
ਜਿਹੜੇ ਨਹੀਂ ਸੀ ਲੱਭਦੇ ਆਪੇ ਘੇਰੇ ਮੈਂ ।
ਕਦੀ ਤੇ ਸੂਰਜ ਮੋਢੇ ਆਣ ਖਲੋਵੇਗਾ,
ਜੱਫੀਉਂ ਜੱਫੀ ਹੋਵਾਂ ਨਾਲ ਹਨੇਰੇ ਮੈਂ ।
ਕੋਈ ਹਿਲਾ ਨਾ ਸਕਿਆ ਸੋਚ-ਜ਼ੰਜੀਰਾਂ ਨੂੰ,
ਉਂਜ ਲਏ ਨੇ ਕਈ ਚਿੰਤਾ ਦੇ ਫੇਰੇ ਮੈਂ ।
ਚਿੱਟੇ ਨਾਗ਼ਾਂ ਨੂੰ ਵੀ ਕੋਈ ਕੀਲੇਗਾ,
ਡਿੱਠੇ ਫਿਰਦੇ ਸ਼ਹਿਰਾਂ ਵਿਚ ਸਪੇਰੇ ਮੈਂ ।
ਜਦ ਵੀ ਕਿਧਰੇ ਗੱਲ ਹੋਈ ਵੰਗਾਰੀ ਦੀ,
ਚੇਤੇ ਰੱਖੇ ਅੱਖਰਾਂ ਵਿੱਚ ਪਸੇਰੇ ਮੈਂ ।
ਕੋਈ ਸਾਹਵਾਂ ਦੀ ਯਾਰੀ ਤੋੜ ਨਿਭਾਉਂਦਾ ਨਹੀਂ,
'ਅਕਬਰ' ਛੱਜ ਪਾ ਛੰਡ ਲਏ ਯਾਰ ਵਧੇਰੇ ਮੈਂ ।
੪. ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ
ਚਾਰ ਚੁਫੇਰੇ ਨ੍ਹੇਰਿਆਂ ਦਾ ਇੱਕ ਹਾਲਾ ਏ ।
ਇੰਜ ਲੱਗੇ ਜਿਉਂ ਸੂਰਜ ਦਾ ਮੂੰਹ ਕਾਲਾ ਏ ।
ਹੁਣ ਕੋਈ 'ਸੁਕਰਾਤ' ਨਹੀਂ ਹੈਗਾ ਦੁਨੀਆਂ ਵਿੱਚ,
ਵੇਲੇ ਦੇ ਹੱਥ ਕਿਉਂ ਇਹ ਜ਼ਹਿਰ ਪਿਆਲਾ ਏ ।
ਸ਼ਹਿਰ ਦਿਆਂ ਲੋਕਾਂ ਦੇ ਚਾਲੇ ਦੱਸਦੇ ਨੇ,
ਮੁੜ ਜ਼ਖ਼ਮਾਂ ਦਾ ਮੇਲਾ ਲੱਗਣ ਵਾਲਾ ਏ ।
ਸਿੱਕਾਂ, ਸੱਧਰਾਂ ਸੀਨੇ ਵਿੱਚ ਕੁਰਲਾਂਦੀਆਂ ਨੇ,
'ਅਕਬਰ' ਨੇ ਬੁੱਲ੍ਹਾਂ ਤੇ ਲਾਇਆ ਤਾਲਾ ਏ ।
੫. ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ
ਅਸਮਾਨਾਂ ਤੱਕ ਪਹੁੰਚਿਆ ਇਕ ਆਵਾਜ਼ਾ ਏ ।
ਧਰਤੀ ਦੇ ਮੁੱਖੜੇ 'ਤੇ ਝੂਠਾ ਗ਼ਾਜ਼ਾ ਏ ।
ਸੱਜਨਾਂ ਦੀ ਬੂ ਆਵੇ ਮਿਰਿਆਂ ਜ਼ਖ਼ਮਾਂ 'ਚੋਂ,
ਮੂੰਹ 'ਤੇ ਸੱਚ ਬੋਲਣ ਦਾ ਇਹ ਖਮਿਆਜ਼ਾ ਏ ।
ਇਹ ਰਸਤਾ ਵੀ ਜੰਗਲ ਦੇ ਵੱਲ ਜਾਵੇਗਾ,
ਰੁੱਖਾਂ ਉੱਤੋਂ ਲਾਇਆ ਮੈਂ ਅੰਦਾਜ਼ਾ ਏ ।
ਬਾਹਰ ਖੜ੍ਹਾ ਏ ਲਸ਼ਕਰ ਜ਼ਖ਼ਮੀ ਲੋਕਾਂ ਦਾ,
ਹਸਪਤਾਲ ਦਾ ਇੱਕੋ ਹੀ ਦਰਵਾਜ਼ਾ ਏ ।
ਨਹਿਰ 'ਫ਼ਰਾਤ' ਤੇ ਹੁਣ ਵੀ ਪਹਿਰੇ ਲੱਗੇ ਨੇ,
ਸੱਚਾਈ ਦਾ ਖ਼ੌਫ਼ ਅਜੇ ਤੱਕ ਤਾਜ਼ਾ ਏ ।
'ਅਕਬਰ' ਕਿਸ ਦਾ ਨਾਂ ਬੁੱਲ੍ਹਾਂ 'ਤੇ ਆਇਆ ਈ,
ਦਰਦ ਪਰਾਇਆ ਮੁੜ ਕਿਉਂ ਹੋਇਆ ਤਾਜ਼ਾ ਏ ?
੬. ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ
ਜਿਉਂ ਜਿਉਂ ਕੋਠੇ ਉੱਚੇ ਹੁੰਦੇ ਜਾਂਦੇ ਨੇ ।
ਤਿਉਂ ਤਿਉਂ ਬੰਦੇ ਛੋਟੇ ਹੁੰਦੇ ਜਾਂਦੇ ਨੇ ।
ਪਿਆਰ ਦੀ ਦੁਨੀਆਂ ਅੰਦਰ ਜਿਹੜੇ ਚਲਦੇ ਸਨ,
ਉਹ ਸਿੱਕੇ ਵੀ ਖੋਟੇ ਹੁੰਦੇ ਜਾਂਦੇ ਨੇ ।
ਰੱਬਾ ! ਮੇਰੇ ਪਾਕ ਵਤਨ ਦੀ ਖ਼ੈਰ ਕਰੀਂ,
ਜ਼ਿਹਨਾਂ ਦੇ ਤੇ ਟੋਟੇ ਹੁੰਦੇ ਜਾਂਦੇ ਨੇ ।
ਰਾਵ੍ਹਾਂ ਵਿੱਚੋਂ ਕੰਡੇ ਚੁਗ ਚੁਗ ਥਕ ਗਿਆ ਵਾਂ,
ਜ਼ਖ਼ਮੀ ਉਂਗਲਾਂ ਪੋਟੇ ਹੁੰਦੇ ਜਾਂਦੇ ਨੇ ।
ਵੱਡਿਆਂ ਵੱਡਿਆਂ ਸ਼ਮਲਿਆਂ ਵਾਲੇ ਸਭ ਲੇਖਕ,
ਹੁਣ ਬੇਪੇਂਦੇ ਲੋਟੇ ਹੁੰਦੇ ਜਾਂਦੇ ਨੇ ।
੭. ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ
ਕੀ ਦੱਸਾਂ ਮੈਂ ਕਿਹੜੀ ਕਿਹੜੀ ਸਿਰੋਂ ਮੁਸੀਬਤ ਟਾਲੀ ਏ ।
ਪੰਝੀ ਵਰ੍ਹੇ ਕਮਾਂਦਿਆਂ ਗੁਜ਼ਰੇ ਫੇਰ ਵੀ ਝੋਲੀ ਖ਼ਾਲੀ ਏ ।
ਅੰਦਰੋਂ ਤੇ ਸਭ ਮਰੇ ਹੋਏ ਨੇ ਉੱਤੋਂ ਉੱਤੋਂ ਹਸਦੇ ਨੇ,
ਹਰ ਇਕ ਮੁਖੜਾ ਲੁਟਿਆ ਲੁਟਿਆ ਹਰ ਇਕ ਅੱਖ ਸਵਾਲੀ ਏ ।
ਜਿਹੜਾ ਵੀ ਜ਼ੋਰਾਵਰ ਆਕੇ ਬਾਗ਼ ਉਜਾੜਾ ਪਾਉਂਦਾ ਏ,
ਲੋਕੀ ਡਰਦੇ ਆਖਣ ਉਸਨੂੰ ਸਾਡੇ ਬਾਗ਼ ਦਾ ਮਾਲੀ ਏ ।
ਜਿਸਦਾ ਘਰ ਹੈ ਲੁਟਿਆ ਜਾਂਦਾ ਸੁਖ ਦੀ ਨੀਂਦਰ ਸੌਂਦਾ ਨਈਂ,
ਮੂਰਖ ਫੇਰ ਵੀ ਜਸ਼ਨ ਮਨਾਵਣ ਆਖਣ ਹਿੰਮਤ ਆਲੀ ਏ ।
'ਅਕਬਰ' ਜਿਹੜੇ ਰੁਖ ਦੇ ਥੱਲੇ ਬਹਿਕੇ ਔਂਸੀਆਂ ਪਾਉਨਾਂ ਏਂ,
ਇਹਦੇ ਇਕ ਇਕ ਪੱਤਰ ਉੱਤੇ ਸੌ ਸੌ ਨਕਸ਼ ਖ਼ਿਆਲੀ ਏ ।
੮. ਕਿਸਦੇ ਹੱਥ ਸਦਾਕਤ ਏਥੇ ਆਈ ਏ
ਕਿਸਦੇ ਹੱਥ ਸਦਾਕਤ ਏਥੇ ਆਈ ਏ ?
ਕਿਸਨੇ ਹਸਕੇ ਮੌਤ ਕਲੇਜੇ ਲਾਈ ਏ ।
ਕੌਣ ਏਂ ਜਿਹੜਾ ਹਕ ਲਈ ਸੂਲੀ 'ਤੇ ਚੜ੍ਹਿਆ,
ਕੌਣ ਏਂ ਜਿਸ ਮੂੰਹ ਆਈ ਗੱਲ ਸੁਣਾਈ ਏ ।
ਰਾਤੀਂ ਅਸੀਂ ਹਨੇਰਿਆਂ ਨਾਲ ਰਹੇ ਲੜਦੇ,
ਦਿਨ ਚੜ੍ਹਿਆ ਤੇ ਕਿਸ ਦੇ ਹੱਥ ਖ਼ੁਦਾਈ ਏ ।
ਜਦ ਵੀ ਛੇੜਿਆ ਕਿਸੇ ਨੇ ਜ਼ਿਕਰ ਸਦਾਕਤ ਦਾ,
ਓਦੋਂ ਮੈਨੂੰ ਯਾਦ ਹੁਸੈਨ ਦੀ ਆਈ ਏ ।
ਮੁੜ ਲੋਕਾਂ ਨੇ ਰਾਹ ਵਿਚ ਦੀਵੇ ਬਾਲੇ ਨੇ,
ਖ਼ਬਰੇ ਮੁੜ ਅੱਜ ਕਿਸਦੀ ਸ਼ਾਮਤ ਆਈ ਏ ।
ਵੇਲੇ ਦਾ ਮਨਸੂਰ ਕਹਾਉਣਾ ਸੌਖਾ ਨਈਂ,
'ਅਕਬਰ' ਤੈਨੂੰ ਪੱਟੀ ਕੇਸ ਪੜ੍ਹਾਈ ਏ ।
੯. ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ
ਤੇਰਿਆਂ ਰੰਗਾਂ ਵਿਚ ਸਮਾਇਆ ਹੁੰਦਾ ਮੈਂ ।
ਜੇ ਤੇਰੇ ਜੁੱਸੇ ਦਾ ਸਾਇਆ ਹੁੰਦਾ ਮੈਂ ।
ਨਾਂ ਨਾ ਲੈਂਦੇ ਕਦੇ ਬਹਾਰਾਂ ਵੇਖਣ ਦਾ,
ਜੇਕਰ ਅਪਣਾ ਹਾਲ ਸੁਣਾਇਆ ਹੁੰਦਾ ਮੈਂ ।
ਹਕ ਦੇ ਸ਼ਹਿਰ 'ਚ ਨਕਸ਼ ਨੇ ਕਿਸ ਦਿਆਂ ਪੈਰਾਂ ਦੇ,
ਇਕ ਦੋ ਘੜੀਆਂ ਪਹਿਲਾਂ ਆਇਆ ਹੁੰਦਾ ਮੈਂ ।
ਪਿਆਰ ਦੇ ਪਿੰਡੋਂ ਪੱਥਰ ਵੀ ਜੇ ਲੱਭ ਪੈਂਦਾ,
ਰਾਵ੍ਹਾਂ ਦੇ ਲਈ ਮੀਲ ਬਣਾਇਆ ਹੁੰਦਾ ਮੈਂ ।
'ਅਕਬਰ' ਮੈਂ ਸੋਚਾਂ ਵਿਚ ਡੁੱਬਾ ਰਹਿਨਾਂ ਵਾਂ,
ਕਿਸੇ ਦੇ ਮੁਖੜੇ ਰੰਗ ਚੜ੍ਹਾਇਆ ਹੁੰਦਾ ਮੈਂ ।