Akal Jaarh : Dr Gurnam Singh Teer

ਅਕਲ ਜਾੜ੍ਹ : ਡਾ: ਗੁਰਨਾਮ ਸਿੰਘ ਤੀਰ

1. ਬਹੁਤਾ ਕਹੀਏ ਬਹੁਤਾ ਹੋਵੇ

"ਬਹੁਤਾ ਕਹੀਏ ਬਹੁਤਾ ਹੋਵੇ",
ਇਹ ਮੈਂ ਵਾਕ ਪਕਾਇਆ ।
"ਬਹੁਤਾ" ਕੀ ? ਤੇ ਕੀਕਰ ਹੁੰਦਾ,
ਇਹ ਪਰ ਸਮਝ ਨ ਆਇਆ ।
ਜੇਬ 'ਚ ਭਾਵੇਂ ਇਕੋ ਦਮੜਾ,
ਸਵਾ ਲੱਖ ਲਿਖਵਾ ਤਾ ।
ਇੰਕਮ ਟੈਕਸ ਵਾਲੇ ਗੁਰਮੁਖ,
ਧੌਣੋਂ ਆਣ ਦਬਾਇਆ ।

2. ਨਾਨਕ ਦੁਖੀਆ ਸਭ ਸੰਸਾਰ

ਇਹ ਸੰਸਾਰ ਦੁਖਾਂ ਦਾ ਭਰਿਆ,
ਬਾਬਾ ਤੈਂ ਫ਼ਰਮਾਇਆ ।
ਮੇਰੇ ਹਿੱਸੇ ਵਡਿਓਂ ਵੱਡਾ,
ਦੁਖ ਜਗਤ ਦਾ ਆਇਆ ।
ਰਾਮ ਨਾਮ ਦਾ ਦਾਰੂ ਮਹਿੰਗਾ,
ਦੇਹ ਕੋਈ ਸਸਤੀ ਗੋਲੀ ।
'ਈਜ਼ੀਮੇਡ' ਬਣਾ ਦੇ 'ਹੈਵਨ',
ਕਰ ਰਹਿਮਤ ਦੀ ਛਾਇਆ ।

3. ਆਸ਼ਾਵਾਦੀ

ਤੂੰ ਤਾਂ ਗਿਣ ਗਿਣ ਬਦਲੇ ਲੈਂਦੀ
ਮੈਂ ਤੇਰਾ ਧੰਨਵਾਦੀ ।
ਜਿੰਨੀ ਤੈਥੋਂ ਹੋ ਸਕਦੀ ਹੈ,
ਕਰ ਮੇਰੀ ਬਰਬਾਦੀ ।
ਤੇਰੇ ਜ਼ੁਲਮ ਕਹਿਰ ਦੇ ਵਿਚੋਂ,
ਜੰਮੂ ਮਿਹਰਬਾਨੀ ।
ਮੇਰੇ ਜਿਹੇ ਮੂਰਖਾਂ ਨੂੰ ਹੀ
ਕਹਿੰਦੇ ਆਸ਼ਾਵਾਦੀ ।

4. ਭਰੀਆਂ ਅੱਖਾਂ

ਵੇਖ ਉਹਨਾਂ ਦੀਆਂ ਭਰੀਆਂ ਅੱਖਾਂ,
ਮੈਂ ਡਾਢਾ ਘਬਰਾਇਆ ।
ਪਹਿਲੀ ਵਾਰ ਰੋਂਦਿਆਂ ਤਕਿਆ
ਹੁਲੀਆ ਅਜਬ ਬਣਾਇਆ ।
ਅਰਥ ਰੋਣ ਦੇ ਲਾਵਣ ਲੱਗਾ,
ਏਸ ਨਤੀਜੇ ਪੁੱਜਾ ।
ਪਿਆਰ ਉਹਨਾਂ ਦਾ ਨਵੇਂ ਮੋੜ ਤੇ
ਸਮਝੋ ਕਿ ਹੁਣ ਆਇਆ ।

5. ਧਮਕੀ

ਗ਼ਮ ਉਹਨਾਂ ਨੇ ਦਿਤਾ ਸਾਨੂੰ
ਜਾਨ ਆਪਣੀ ਵਾਰੀ ।
ਆਤਮਘਾਤ ਦੀ ਪੜ੍ਹਕੇ ਚਿੱਠੀ,
ਹੋਸ਼ ਅਸਾਡੀ ਮਾਰੀ ।
ਸਾਨੂੰ ਗ਼ਮ ਹਲਾਲ ਕਰ ਗਿਆ
ਵੀਹ ਸਾਲ ਤੜਫਾਇਆ ।
ਪਤਾ ਲਗਾ ਕਿ ਜੀਂਦੇ ਨੇ ਉਹ
ਨਾਲੇ ਪਲਟਣ ਭਾਰੀ ।

6. ਮੇਰੇ ਲਈ

ਜਿਸਮ ਉਨ੍ਹਾਂ ਦਾ ਬਾਗ ਸੁਰਗ ਦਾ
ਭਰੀਆਂ ਲੱਖ ਬਹਾਰਾਂ ।
ਲੱਖ ਰਾਵੀਆਂ, ਲੱਖ ਚਨਾਬਾਂ
ਲੱਖਾਂ ਸ਼ਾਲਾ-ਮਾਰਾਂ ।
ਕੌੜੇ ਬੋਲ ਤੇ ਤਿੱਖੇ ਕੰਡੇ
ਪਰ ਮੇਰੇ ਲਈ ਰੱਖੇ ।
ਕਾਵਾਂ ਤੋਤਿਆਂ ਨਾਲੋਂ ਭੈੜੀ
ਕਰ ਛੱਡੀ ਸਰਕਾਰਾਂ ।

7. ਮੇਲ ਮਿਲਾਇਆ

ਬੋਘਾ ਮੋਟਾ, ਸਰਲਾ ਪਤਲੀ,
ਵੇਖੋ ਮੇਲ ਮਿਲਾਇਆ ।
ਸੱਠ ਸਾਲ ਦਾ ਦੁਨੀਆਂ ਸ਼ਾਹ ਜੀ,
ਅੱਲ੍ਹੜ ਨਾਲ ਵਿਆਹਿਆ ।
ਵੀਹ ਸਾਲ ਦਾ ਵੀਰ ਕਨ੍ਹਈਆ,
ਸੱਠ ਸਾਲ ਦੀ ਰਾਧਾ ।
ਬੰਸੀ ਵਾਲਾ ਹੋਵੇ ਪੁੱਛਾਂ,
ਇਹ ਕੀ ਤੇਰੀ ਮਾਇਆ ।

8. ਮੁਨਾਰਾ

ਲੰਮਾ ਲਾੜਾ, ਮਧਰੀ ਬੀਵੀ,
ਪਵੇ ਗੁਜ਼ਾਰਾ ਕਰਨਾ ।
ਗਿੱਠ ਮੁਠ ਬਾਬੂ, ਲੰਮੀ ਔਰਤ,
ਕੀਹਨੇ ਹੌਕਾ ਭਰਨਾ ?
ਸੀਮਤੀ ਜੀ ਕੋਇਲ ਬਾਗ ਦੀ
ਸ੍ਰੀਮਾਨ ਜੀ ਥਥਲੇ ।
ਇਹ ਨੇ ਰੰਗ ਸੰਜੋਗ ਹੁਰਾਂ ਦੇ
ਨ ਜੀਣਾ ਨ ਮਰਨਾ ।

9. ਦੂਰ ਦੀ ਸੁੱਝੀ

ਕਿਸੇ ਸਜਣ ਦੀ ਵਹੁਟੀ ਟੁਰ ਗਈ
ਕਿਤੇ ਉਧਾਲਾ ਖਾਕੇ ।
ਘਰ ਵਾਲਾ ਫਿਰ ਪਾਗਲਖਾਨੇ
ਪੁੱਛਣ ਲੱਗਾ ਜਾਕੇ ।
ਮੈਨੂੰ ਸ਼ਕ ਹੈ ਪਾਗਲ ਕੋਈ
ਤੁਸਾਂ ਦਾ ਨਸਿਆ ਹੋਣਾ ।
ਹੋਰ ਕੋਈ ਤਾਂ ਜਾ ਨਹੀਂ ਸਕਦਾ
ਰੰਨ ਮੇਰੀ ਖਿਸਕਾਕੇ ।

10. ਟ੍ਰੈਜਡੀ

ਸਾਡੇ ਨਾਲ ਟ੍ਰੈਜਡੀ ਸਭ ਤੋਂ
ਵਡੀ ਇਹ ਹੈ ਹੋਈ ।
ਸਾਨੂੰ ਅਕਲਮੰਦ ਨ ਸਮਝੇ
ਦੁਨੀਆਂ ਦੇ ਵਿੱਚ ਕੋਈ ।
ਕਾਰਨ ਇਹ ਕਿ "ਦਿਲ ਦੇ ਅੰਦਰ"
ਅਸੀਂ ਦਮਾਗ਼ ਨੂੰ ਰਖਿਆ ।
ਅਕਲ ਵਿਚਾਰੀ ਗਿਟਿਆਂ ਦੇ ਵਿੱਚ
ਫਿਰਦੇ ਅਸੀਂ ਲਕੋਈ ।

11. ਮਾਡਰਨ ਕੌਡਾ ਰਾਖਸ਼

ਮੇਰੇ ਅੰਦਰ ਕੌਡਾ ਰਾਖਸ਼,
ਬਹਿ ਗਿਆ ਡੇਰਾ ਲਾਕੇ ।
ਉਤੋਂ ਵੈਜੀਟੇਰਨ ਜਾਪਾਂ,
ਬੰਦੇ ਛਕਾਂ ਚੁਬਾਕੇ ।
ਮੇਰਾ ਤਿਲਕ, ਜਨੇਊ-ਮਾਲਾ,
ਮੈਨੂੰ ਫਿਰੇ ਲਕੋਈ ।
ਗੰਢੇ ਅਤੇ ਲਸਣ ਨੂੰ ਮੈਂ ਨ,
ਵੇਖਿਆ ਹੱਥ ਲਗਾਕੇ ।

12. ਫ਼ੋਟੋ ਤੇਰੀ ਕਰਤਬ ਸਾਡੇ

ਭਾਗੋ ਤੋਂ ਮੈਂ ਡਿਨਰ ਖਾਧਾ,
ਨਾਲੇ ਝਾੜਿਆ ਚੰਦਾ ।
ਲਾਲੋ ਹੁਰਾਂ ਤੋਂ ਵੋਟਾਂ ਲਈਆਂ,
ਬਣ ਉਹਨਾਂ ਦਾ ਬੰਦਾ ।
ਗੁਰੂ ਨਾਨਕ ਦੀ ਫ਼ੋਟੋ ਸਾਹਵੇਂ,
ਕਰੀਏ ਡਿਪਲੋਮੇਸੀ ।
ਬਾਬਾ ਜੀ ਗੁੱਸਾ ਨ ਕਰਨਾ,
ਸਾਡਾ ਤਾਂ ਇਹ ਧੰਦਾ ।

13. ਪਹਿਲੀ ਵਾਰ ਮੈਂ ਗਿਆ ਕਚਹਿਰੀ

ਸਾਥੋਂ ਝੱਲਿਆ ਕਿਵੇਂ ਸ਼ਰੀਕ ਜਾਂਦਾ,
ਸਾਡੇ ਜੀਂਦਿਆਂ ਹੀ ਲੜਣ ਚੋਣ ਲੱਗਾ ।
ਐਵੇਂ ਕੁਕੜਾਂ ਦੇ ਬਾਂਗ ਦੇਣ ਬਾਂਨ੍ਹੇ,
ਆਪੋ ਵਿਚ ਸਾਡਾ ਝਗੜਾ ਹੋਣ ਲੱਗਾ ।
ਨਾਲੇ ਸੱਤ ਅਕਵੰਜਾ ਦੀ ਰਪਟ ਦਿੱਤੀ,
ਥਾਣੇ ਵਿਚ ਜਾਕੇ ਭੈੜਾ ਰੋਣ ਲੱਗਾ ।
ਮੈਨੂੰ ਆਪ ਕੁਤਵਾਲ ਜੀ ਲੈਣ ਆ ਗਏ,
ਗਾਲ੍ਹਾਂ ਕਢਕੇ ਜਾਂ ਮੂੰਹ ਧੋਣ ਲੱਗਾ ।
ਜਾਣਾ ਪੈ ਗਿਆ ਵਿੱਚ ਕਚਹਿਰੀਆਂ ਦੇ,
ਮਿਲਿਆ ਵੇਖਣਾ ਨਵਾਂ ਅਸਥਾਨ ਸਾਨੂੰ ।
ਜਿਥੇ ਝੂਠ ਤੇ ਸੱਚ ਦਾ ਵਣਜ ਹੋਵੇ,
ਉਹ ਵੇਖਣਾ ਪਿਆ ਜਹਾਨ ਸਾਨੂੰ ।

ਸਾਨੂੰ ਕਹਿ ਰਹੇ ਪੰਚ ਪੰਚਾਇਤ ਵਾਲੇ,
ਅਸਾਂ ਸਾਰਿਆਂ ਨੂੰ ਟਿੱਚ ਜਾਣਿਆ ਜੀ ।
ਯਾਰਾਂ ਦੋਸਤਾਂ ਨੇ ਭੀ ਯਤਨ ਕੀਤੇ,
ਅਸਾਂ ਕਿਸੇ ਨੂੰ ਨਾ ਸਿਆਣਿਆ ਜੀ ।
ਧੌਣਾਂ ਵਿਚ ਸਾਡੇ ਕਿੱਲੇ ਜੜੇ ਹੋਏ,
ਵੱਧ ਵੱਧਕੇ ਸੀ ਸੀਨਾ ਤਾਣਿਆ ਜੀ ।
ਠੁੱਡੇ ਮਾਰਕੇ ਸੁਲਾਹ ਸਮਝੌਤਿਆਂ ਨੂੰ,
ਬੜਾ ਮਿੱਟ ਕਚਹਿਰੀ ਦਾ ਛਾਣਿਆ ਜੀ ।
ਉਹ ਜੋ ਵੇਖਿਆ, ਨਹੀਂ ਬਿਆਨ ਹੁੰਦਾ,
ਭੁਞੇਂ ਲਾਹਤਾ ਸਾਨੂੰ ਕਚਹਿਰੀਆਂ ਨੇ ।
ਚੂੰਡ ਚੂੰਡ ਕੇ ਸਾਨੂੰ ਵਕੀਲ ਖਾ ਗਏ,
ਨਾਲੇ ਲੁਟਿਆ ਰਲਕੇ ਸ਼ਹਿਰੀਆਂ ਨੇ ।

ਜਦੋਂ ਜਦੋਂ ਵਕੀਲ ਨੂੰ ਕਰਨ ਲੱਗੇ,
ਉਹਨੇ ਢੰਗ ਦੇ ਨਾਲ ਯਰਕਾਇਆ ਸਾਨੂੰ ।
ਹੇਰ ਫੇਰ ਪਾ ਪਾ ਗੱਲਾਂ ਕਰੀ ਜਾਵੇ,
ਉਤੇ ਦਫ਼ੇ ਦੇ ਦਫ਼ਾ ਸੁਣਾਇਆ ਸਾਨੂੰ ।
ਫੋਲ ਫੋਲ ਕੇ ਸਾਰਾ ਕਾਨੂੰਨ ਯਾਰੋ,
ਉਹਨੇ ਬੜਾ ਹੀ ਬੈਠ ਧਮਕਾਇਆ ਸਾਨੂੰ ।
ਗੱਲ ਗੱਲ ਤੇ ਪਿਆ ਡਰਾਏ ਸਾਨੂੰ,
'ਫ਼ਰਜ ਕਰੋ' ਵਿਚ ਜੇਲ੍ਹ ਪੁਚਾਇਆ ਸਾਨੂੰ ।
ਪੈਰ ਪਕੜ ਲੀਤੇ ਗਲ ਪਾ ਪੱਲੂ,
ਸਾਨੂੰ ਜਾਪੇ ਵਕੀਲ ਮਸੀਹਾ ਸਾਡਾ ।
ਜੋ ਮੰਗਿਆ ਦੇਣਾ ਕਬੂਲ ਕੀਤਾ,
ਉਜਰ ਕਰਨ ਦਾ ਪਿਆ ਨ ਹੀਆ ਸਾਡਾ ।

ਆਖਰ ਹੋ ਗਿਆ ਸ਼ੁਰੂ ਮੁਕੱਦਮਾ ਭੀ,
ਤੀਜੇ ਦਿਨ ਸਾਡੀ ਪੇਸ਼ੀ ਪੈਣ ਲੱਗੀ ।
ਪਹਿਲਾਂ ਇਸਤਗਾਸੇ ਦੇ ਹਾਮੀਆਂ ਦੀ,
ਕੋਰਟ ਆਪ ਅਗਵਾਈਆਂ ਲੈਣ ਲੱਗੀ ।
ਝੂਠ ਬੋਲਦਾ ਤੇ ਕੁਫ਼ਰ ਤੋਲਦਾ ਜਾਂ,
ਕੋਈ ਭੂਤ ਲੱਗਾ ਕੋਈ ਡੈਣ ਲੱਗੀ ।
ਵਾਧਾ ਇਹ ਕਿ ਇਹਨਾਂ ਗਵਾਹਾਂ ਵਿਚੋਂ,
ਕੋਈ ਭਾਈ ਲੱਗੇ ਕੋਈ ਭੈਣ ਲੱਗੀ ।
ਪੂਰੇ ਵੀਹ ਅਸਾਡੇ ਵਿਰੁਧ ਭੁਗਤੇ,
ਉਹਨਾਂ ਝੂਠ ਦੇ ਛੱਕੇ ਛੁਡਾ ਦਿਤੇ ।
ਸਾਨੂੰ ਆਪ ਬਿਆਨਾਂ ਤੋਂ ਜਾਪਦਾ ਸੀ,
ਭਾਈ ਬੰਦਾਂ ਨੇ ਜਾਣੋ ਅੜਾ ਦਿਤੇ ।

ਵਾਰੀ ਆ ਗਈ ਸਾਡੇ ਗਵਾਹਾਂ ਦੀ ਭੀ,
ਲੱਭ ਲਭਕੇ ਸਾਨੂੰ ਭਗਤਾਵਨੇ ਪਏ ।
ਭਾਵੇਂ ਇਕ ਭੀ ਮੌਕੇ ਤੇ ਨਹੀਂ ਹੈਸੀ,
ਸਾਨੂੰ ਝੂਠਿਓਂ ਸਚੇ ਬਣਾਵਣੇ ਪਏ ।
ਮੂੰਹੋਂ ਮੰਗਿਆ ਉਹਨਾਂ ਨੂੰ ਪਿਆ ਦੇਣਾ,
ਚਾਹਾਂ ਦੁੱਧ ਤੇ ਭੋਜਨ ਛਕਾਵਣੇ ਪਏ ।
ਜਿਨ੍ਹਾਂ ਵੱਲ ਮੈਂ ਕਦੀ ਨਾ ਤੱਕਿਆ ਸੀ,
ਪਾ ਪਾ ਵਾਸਤੇ ਉਹ ਮਨਾਵਣੇ ਪਏ ।
ਖਿੱਚ ਧੂ ਕੀਤੀ ਦੌੜ ਭੱਜ ਕੀਤੀ,
ਡਾਢੇ ਕਸ਼ਟਾਂ ਨਾਲ ਗਵਾਹੀ ਹੋਈ ।
ਇਹ ਜੋ ਕਹਿਣ 'ਡੀਫ਼ੈਂਸ' ਮੁਕੱਦਮੇ ਦੀ,
ਅਸਲ ਵਿੱਚ ਇਹ ਸਾਡੀ ਸਫ਼ਾਈ ਹੋਈ ।

ਹਰ ਪੇਸ਼ੀ ਤੇ ਕਹੇ ਵਕੀਲ ਸਾਨੂੰ,
ਹੋਰ ਦੇ ਜਾਓ ਫ਼ੀਸ ਇਵਜ਼ਾਨਿਆਂ ਦੀ ।
ਕੁਝ ਖਰਚ ਹੈ ਕਾਗ਼ਜ਼ਾਂ ਪੱਤਰਾਂ ਦਾ,
ਨਾਲੇ ਗੱਲ ਮੁਕਾਓ ਮੁਨਸ਼ਿਆਨਿਆਂ ਦੀ ।
ਬੰਦੇ ਨੌਂ ਗਵਾਹੀ ਲਈ ਤਲਬ ਕੀਤੇ,
ਰਕਮ ਦੇ ਦਿਓ ਅੱਜ ਤਲਬਾਨਿਆਂ ਦੀ ।
ਉਹਨਾਂ ਲੁਟਿਆ ਲੁਟ ਦੇ ਮਾਲ ਵਾਂਗਰ,
ਖੱਟੀ ਲੱਗ ਗਈ ਦਾਦਿਆਂ ਨਾਨਿਆਂ ਦੀ ।
ਕੁਲੰਜ ਕੁਲੰਜ ਕੇ ਲਾਤਾ ਘਰ ਸਾਰਾ,
ਅਜੇ ਪੇਸ਼ੀਆਂ ਤੇ ਪੇਸ਼ੀ ਪਈ ਜਾਵੇ ।
"ਆਪਾਂ ਜਿੱਤਣਾ ਕਰੋ ਨ ਫ਼ਿਕਰ ਮਾਸਾ",
ਮੈਨੂੰ ਮੇਰਾ ਵਕੀਲ ਇਉਂ ਕਹੀ ਜਾਵੇ ।

ਘਾ ਵੱਢਣਾ ਨਿਰਾ ਨ ਕੰਮ ਉਹਦਾ,
ਸਮਝਦਾਰ ਸੀ ਜੱਜ ਸਮਝਾਇਆ ਸਾਨੂੰ ।
ਸਾਰਾ ਘੋਖਿਆ ਸਾਡੇ ਮੁਕੱਦਮੇ ਨੂੰ,
ਉਹਨੇ ਨਾਲ ਪਿਆਰ ਬਠਾਇਆ ਸਾਨੂੰ ।
ਐਵੇਂ ਲੜੇ ਹੋ ਗੱਲਾਂ ਨਿਕੰਮੀਆਂ ਲਈ,
ਤੱਤ ਕੱਢਕੇ ਸਾਰਾ ਵਖਾਇਆ ਸਾਨੂੰ ।
ਰਾਜ਼ੀ ਨਾਮਿਆਂ ਲਈ ਤਿਆਰ ਹੋਏ,
ਜੇਲ੍ਹ ਜਾਣ ਤੋਂ ਉਹਨੇ ਬਚਾਇਆ ਸਾਨੂੰ ।
ਅੱਕੇ ਪਏ ਸਾਂ ਨਿੱਤ ਦੇ ਰਗੜਿਆਂ ਤੋਂ,
ਗੱਲਾਂ ਸੁਣਕੇ ਸਿਰ ਝੁਕਾ ਦਿਤੇ ।
ਅੱਗੋਂ ਵਾਸਤੇ ਕੰਨਾਂ ਨੂੰ ਹੱਥ ਲਾਏ,
ਫ਼ੌਰਨ ਗੂਠੇ ਸਮਝੌਤੇ ਤੇ ਲਾ ਦਿਤੇ ।

14. ਗੇਜਾ ਸਰਪੰਚ

ਗੇਜੇ ਜੱਟ ਦਾ ਏਜੰਡਾ ਮਹਿੰ ਵਰਗਾ,
ਜਾਣੇ ਵਿਚ ਉਹ ਨਗਰ ਦੇ ਬੰਦਿਆਂ ਨੂੰ ।
ਜਾਣੇ ਇੱਲ ਦੇ ਥਾਂ ਨ ਉਹ ਕੁਕੜ,
ਡੋਬੀਂ ਜਾਏ ਪੰਚਾਇਤ ਦੇ ਬੰਦਿਆਂ ਨੂੰ ।
ਦੇਵੇ ਕਦੇ ਹਿਸਾਬ ਨ ਫੰਡ ਦਾ ਉਹ,
ਤੀਜੇ ਦਿਨ ਮਾਰੇ ਗੇੜਾ ਚੰਦਿਆਂ ਨੂੰ ।
ਉਹਨੇ ਸਾਰੀ ਪੰਚਾਇਤ ਤੇ ਪਾਈ ਕਾਠੀ,
ਕਾਬਜ਼ ਹੋ ਗਿਆ ਉਹ ਕਰਮਾਂ ਮੰਦਿਆਂ ਨੂੰ ।
ਛੇੜੋ ਗੱਲ ਤਾਂ ਗੱਜ ਕੇ ਆਖਦਾ ਏ,
"ਬੇੜਾ ਪਿੰਡ ਦਾ ਹੀ ਬੰਨੇ ਲਾ ਦਿਆਂਗੇ ।
ਆਪਾਂ ਪਿੰਡ ਸੁਧਾਰ ਦੀ ਲਈ ਜੰਸੀ,
ਏਥੇ ਇਨਕਲਾਬ ਲਿਆ ਦਿਆਂਗੇ" ।

ਪਾਟੋਧਾੜ ਕੀਤੀ ਸਾਰੇ ਪਿੰਡ ਵਾਲੀ,
ਜੀਅ ਜੀਅ ਨੂੰ ਉਹ ਲੜਾ ਰਿਹਾ ਏ ।
ਝੁੱਗਾ ਚੌੜ ਕੀਤਾ ਜਣੇ ਖਣੇ ਦਾ ਸੂ,
ਤੇਲ ਮਚਦੀ ਦੇ ਉੱਤੇ ਪਾ ਰਿਹਾ ਏ ।
ਉਹ ਤੋਂ ਸਹਿਮਦਾ ਕੱਢੇ ਨ ਸਾਹ ਕੋਈ,
ਗੇਜਾ ਚੰਮ ਦੀ ਖ਼ੂਬ ਚਲਾ ਰਿਹਾ ਏ ।
ਉਹਦੇ ਸੂਤ ਆਇਆ ਲੋਕ ਰਾਜ ਐਸਾ,
ਨਾਲੇ ਖਾ ਰਿਹਾ ਨਾਲੇ ਡਰਾ ਰਿਹਾ ਏ ।
ਆਏ ਦਿਨ ਐਲਾਨ ਉਹ ਕਰੀ ਜਾਵੇ,
"ਸਾਰਾ ਪਿੰਡ ਹੀ ਸੁਰਗ ਬਣਾ ਦਿਆਂਗੇ ।
ਟੈਲੀਫ਼ੋਨ ਤੇ ਬਿਜਲੀ ਦੀ ਗੱਲ ਛੱਡੋ,
ਏਥੇ ਰੇਡੀਓ 'ਟੇਸ਼ਨ ਚਲਾ ਦਿਆਂਗੇ" ।

ਨ ਤਾਂ ਕੰਮ ਪੰਚਾਇਤਾਂ ਦੇ ਜਾਣਦਾ ਏ,
ਨ ਜਾਣੇ ਪੰਚਾਇਤਾਂ ਦੇ ਫ਼ਰਜ ਗੇਜਾ ।
ਦੂਜੇ ਪੰਚ ਪੰਚਾਇਤਾਂ ਰਾਹੀਂ ਕਰੂੰ ਸੇਵਾ,
ਪਟੜੀ ਫੇਰ ਦਾ ਹੀ ਕਰਦਾ ਹਰਜ ਗੇਜਾ ।
ਉਹਦੀ ਸਹੀ ਪੁਔਣੀ ਤਾਂ ਦਿਓ ਬੋਤਲ,
ਫਸ ਗਿਆ ਸ਼ਰਾਬ ਦੀ ਮਰਜ ਗੇਜਾ ।
ਜਾਵੋ ਕੰਮ ਕਰੌਣ ਜੇ ਕੋਲ ਉਹਦੇ,
ਪਹਿਲਾਂ ਆਪਣੀ ਦਸੇਗਾ ਗਰਜ ਗੇਜਾ ।
ਇਹਦੇ ਬਾਵਜੂਦ ਉਹ ਕਹੀ ਜਾਵੇ,
"ਆਪਾਂ ਟਾਕੀਆਂ ਅੰਬਰ ਨੂੰ ਲਾ ਦਿਆਂਗੇ ।
ਰਾਮ ਰਾਜ ਨੂੰ ਤਰਸਦੇ ਮਰੇ ਬਾਬੇ,
ਰਾਮ ਰਾਜ ਹੀ ਆਪਾਂ ਰਚਾ ਦਿਆਂਗੇ" ।

ਉਹਨੇ ਰੇਟ ਗਵਾਹੀ ਦੇ ਬੰਨ੍ਹ ਰੱਖੇ,
ਪੌਂਦਾ ਦੱਸ ਉਹ ਆਪ ਕਚਹਿਰੀਆਂ ਦੀ ।
ਕਦੀ ਹੱਕ ਤੇ ਕਦੀ ਖਿਲਾਫ਼ ਭੁਗਤੇ,
ਰੱਖੀ ਸੰਗ ਨਹੀਂ ਦੋਸਤਾਂ ਵੈਰੀਆਂ ਦੀ ।
ਲੋਕੀ ਫੇਰ ਭੀ ਉਹਦਾ ਇਤਬਾਰ ਕਰਦੇ,
ਭਾਵੇਂ ਖੋਪੜੀ ਹੈ ਨਾਗਾਂ ਜ਼ਹਿਰੀਆਂ ਦੀ ।
ਗੇਜਾ ਜੰਮਿਆਂ ਏ ਭਾਵੇਂ ਪਿੰਡ ਅੰਦਰ,
ਦੇਵੇ ਚਕਰੀ ਫੇਰ ਉਹ ਸ਼ਹਿਰੀਆਂ ਦੀ ।
ਨਾਲ ਢੀਠਤਾ ਢੋਲ ਨੂੰ ਜਾਏ ਪਿੱਟੀ,
"ਏਦਾਂ ਰਹੇ ਤਾਂ ਯੁਗ ਪਲਟਾ ਦਿਆਂਗੇ ।
ਸ਼ੋਸ਼ਲਿਸਟ ਪੈਟਰਨ ਦੀ ਗੱਲ ਛੱਡੋ,
ਭੇਡਾਂ ਵਾਸਤੇ ਪਾਰਕ ਬਣਾ ਦਿਆਂਗੇ" ।

15. ਨਸੀਹਤਨਾਮਾ ਕੈਦੋ

ਕੈਦੋ ਸੱਦਕੇ ਰਾਂਝੇ ਨੂੰ ਕਹਿਣ ਲੱਗਾ,
ਤੇਰੇ ਇਸ਼ਕ ਵਾਲਾ ਕੀੜਾ ਕੱਢਣਾ ਹੈ ।
ਤੂੰ ਵੱਢਿਆ ਨੱਕ ਬਰਾਦਰੀ ਦਾ,
ਮੈਂ ਆਸ਼ਕਾਂ ਦਾ ਨੱਕ ਵੱਢਣਾ ਹੈ ।
ਇਜ਼ਤ ਜੇ ਬਚਾਵਾਂ ਮੈਂ ਨੂੰਹ ਧੀ ਦੀ,
ਮੇਰੇ ਵਰਗਿਆਂ ਨੂੰ ਫੜਕੇ ਕੋਸਦੇ ਹੋ ।
ਦੁੱਧ ਪੀ ਪੀ ਕੇ ਜਿਹੜੇ ਡੰਗ ਮਾਰਨ,
ਨਾਗਾਂ ਜ਼ਹਿਰੀਆਂ ਤਾਈਂ ਪਲੋਸਦੇ ਹੋ ।
ਖਾਂਦਾ ਚੂਰੀਆਂ ਤੇ ਚੁੰਘੇ ਬੂਰੀਆਂ ਜੋ,
ਚੋਰ ਜ਼ਾਰ ਨੂੰ ਲੋਕ ਸਲਾਹ ਰਹੇ ਨੇ ।
ਮੇਰੇ ਜਿਹੇ ਫ਼ਕੀਰਾਂ ਦੇ ਝੁੱਗਿਆਂ ਨੂੰ,
ਵੇਖੋ ਆਪਣੇ ਹੀ ਲਾਂਬੂ ਲਾ ਰਹੇ ਨੇ ।
ਕੁੜੀ ਸਹੁਰਿਆਂ ਦੇ ਵਸਣ ਲਈ ਤੋਰੋ,
ਪਿਛਾ ਕਰਨਾ ਕੰਮ ਮੁਸ਼ਟੰਡਿਆਂ ਦਾ ।
ਗੋਰਖ ਨਾਥ ਵਰਗੇ ਉਹਨੂੰ ਜੋਗ ਦਿੰਦੇ,
ਜੀਹਦਾ ਹੱਕ ਬਣਦਾ ਖਾਣਾ ਡੰਡਿਆਂ ਦਾ ।
ਇਸ਼ਕ ਚਾਰ ਦਿਹਾੜੇ ਦਾ ਰੋਗ ਹੁੰਦਾ,
ਨਾ ਕਿ ਇਹ ਕਿ ਪੇਸ਼ਾ ਬਣਾ ਬੈਠੋ ।
ਰੋਟੀ ਟੁੱਕ ਭੀ ਮੰਗ ਕੇ ਖਾਣ ਲੱਗ ਜੋ,
ਨਾਲੇ ਆਪਣੇ ਕੰਨ ਪੜਵਾ ਬੈਠੋ ।
ਲਾਅਨਤ ਲੱਖ ਦੀ ਐਹੋ ਜਿਹੇ ਆਸ਼ਕਾਂ ਦੇ,
ਜਿਹੜੇ ਸਹਿਤੀਆਂ ਦੀ ਮਦਦ ਭਾਲਦੇ ਨੇ ।
ਖਾਨਦਾਨ ਦੇ ਸਿਰ ਸੁਆਹ ਪੌਂਦੇ,
ਸੋਨੇ ਜਿਹੀ ਜਵਾਨੀ ਨੂੰ ਗਾਲਦੇ ਨੇ ।
ਬੇਟਾ ਰਾਂਝਿਆ ਓ ਹੁੰਦਾ ਸੱਚ ਕੌੜਾ,
ਫਿਰ ਭੀ ਸੱਚੀਆਂ ਹੀ ਗੱਲਾਂ ਕਰਾਂਗਾ ਮੈਂ ।
ਤੇਰੇ ਜਿਹੇ ਜਵਾਨੀ ਤੋਂ ਟੁਟਦੇ ਨੇ,
ਬਣਕੇ ਪੰਚ ਸਮਾਜ ਦਾ ਮਰਾਂਗਾ ਮੈਂ ।
ਲੈ ਕੇ ਜਨਮ ਸਰਦਾਰਾਂ ਦੇ ਘਰ ਰਾਂਝੇ,
ਓ ਤੂੰ ਚੰਗੀਆਂ ਪੂਰੀਆਂ ਪਾ ਰਿਹਾ ਏਂ ।
ਤੇਰੇ ਨਾਲ ਦੇ ਰਾਂਝੇ ਮਰੱਬਿਆਂ ਦੇ,
ਤੂੰ ਮੱਝੀਆਂ ਗਾਈਆਂ ਚਰਾ ਰਿਹਾ ਏਂ ।
ਖੇਤੀ ਨ ਸਹੀ ਹੋਰ ਕੁਝ ਕਰ ਲੈਂਦਾ,
ਤੂੰ ਹੀ ਦਸ ਰੋਜ਼ਗਾਰ ਦੀ ਥੋੜ ਕੀ ਹੈ ?
ਜਿਥੇ ਹੱਥ ਹਿਲੌਣ ਤੇ ਮਿਲੇ ਸੋਨਾ,
ਫਾਕੇ ਕੱਟਣੇ ਦੀ ਓਥੇ ਲੋੜ ਕੀ ਹੈ ?
ਏਸ ਇਸ਼ਕ ਨਾਲੋਂ ਤੂੜੀ ਵੇਚ ਲੈਂਦਾ,
ਰੋਟੀ ਰੱਜ ਖਾਂਦਾ ਲੈਂਦਾ ਜੱਸ ਪੂਰਾ ।
ਵੰਗਾਂ ਚੂੜੀਆਂ ਦੀ ਖਾਰੀ ਚੁੱਕ ਸਿਰ ਤੇ,
ਹੋਕੇ ਦੇ ਦੇ ਕੇ ਕਰਦਾ ਝੱਸ ਪੂਰਾ ।
ਵੜੀਆਂ ਪਾਪੜਾਂ ਗੁੜ ਪਤਾਸਿਆਂ ਦਾ,
ਤੇਰਾ ਚੱਲ ਜਾਂਦਾ ਬੀਬਾ ਕੰਮ ਸੋਹਣਾ ।
ਨੇਕ ਕੰਮ ਕਰਦਾ ਓਹੀਓ ਨੇਕ ਹੁੰਦਾ,
ਕੌਣ ਪੁਛਦਾ ਏ ਨਿਰਾ ਚੰਮ ਸੋਹਣਾ ।
ਚੰਨਣ ਰੁੱਖ ਵਰਗੀ ਦਾਤੇ ਦੇਹ ਦਿਤੀ,
ਭੱਠੀ ਇਸ਼ਕ ਦੀ ਦੇ ਅੰਦਰ ਝੋਕ ਦਿੱਤੀ ।
ਡੋਲੀ ਹੀਰ ਦੀ ਕਫ਼ਨ ਵਿਚ ਬਦਲਕੇ ਤੇ,
ਮੇਖ ਉਹਦੇ ਜਨਾਜ਼ੇ ਤੇ ਠੋਕ ਦਿੱਤੀ ।
ਤੂੰ ਜ਼ਿੰਦਗੀ ਨਾਲ ਧ੍ਰੋਹ ਕੀਤਾ,
ਨਾਲੇ ਹਰਿ ਮਸੂਮ ਨੂੰ ਲੁਟਿਆ ਹੈ ।
ਵਾਹ ਓਹ ਬਾਹਮਣਾਂ ਆਪ ਤਾਂ ਡੁੱਬਿਆ ਸੈਂ,
ਨਾਲ ਘਰ ਜਜਮਾਨ ਦਾ ਪੁੱਟਿਆ ਹੈ ।
ਰਾਂਝਾ ਹੱਸਕੇ ਤੇ ਅੱਗੋਂ ਕਹਿਣ ਲੱਗਾ,
"ਬਾਬਾ ਆਸ਼ਕਾਂ ਨਾਲ ਨਾ ਲੜੀਦਾ ਹੈ ।
ਹੋਵੇ ਰੱਬ ਦੇ ਨਾਲ ਪ੍ਰੀਤ ਪੌਣੀ,
ਪਹਿਲਾਂ ਇਸ਼ਕ ਮਹੱਲੇ ਵਿਚ ਵੜੀਦਾ ਹੈ ।
ਭਾਵੇਂ ਹੀਰ ਸਿਆਲਾਂ ਲਈ ਇਕ ਨੱਢੀ,
ਮੇਰੇ ਵਾਸਤੇ ਧਰਮ ਈਮਾਨ ਹੈ ਉਹ ।
ਕੈਦੋਂ ਲੱਖ ਹੋਵਣ ਤਾਂ ਨ ਸਮਝ ਸਕਦੇ,
ਹੀਰ ਹੀਰ ਨਹੀਂ ਮੇਰਾ ਭਗਵਾਨ ਹੈ ਉਹ ।
ਹੀਰਾਂ, ਚੂਰੀਆਂ ਤੇ ਬੇਲੇ ਅਮਰ ਹੋਵਨ,
ਜੇਕਰ ਰਾਂਝਾ ਗੁਲਾਬ ਦਾ ਫੁੱਲ ਮਿਲ ਜਾਏ ।
ਰਾਂਝਾ ਬਣਕੇ 'ਤੀਰ' ਜੇ ਜੀਏਂ ਇਕ ਦਿਨ,
ਲੱਖਾਂ ਸਾਲ ਹਯਾਤੀ ਦਾ ਮੁੱਲ ਮਿਲ ਜਾਏ ।"

16. ਮੇਰੀ ਚੋਣ ਕਹਾਣੀ

ਹੋਸ਼ ਬੰਦੇ ਦੀ ਜਾਵੇ ਮਾਰੀ, ਔਣ ਜਦੋਂ ਦਿਨ ਪੁੱਠੇ ।
ਵਿਹੋ ਮਾਤਾ ਉਹਨੂੰ ਦੇਏ ਵਖਾਲੀ, ਜਦੋਂ ਸਵੇਰੇ ਉੱਠੇ ।
ਸੋਨਾ ਮਿਟੀ ਹੋ ਕੇ ਰਹਿ ਜਾਏ, ਨ ਚੱਲਣ ਤਦਬੀਰਾਂ ।
ਕੰਮੋਂ ਹੋਣ ਘੜੰਮ ਫਟਾਫਟ, ਹਾਰ ਬਹਿਣ ਤਕਦੀਰਾਂ ।
ਉਂਝ ਤੇ ਅਕਲ ਹਮੇਸ਼ਾਂ ਮੈਥੋਂ, ਦੂਰ ਦੁਰੇਡੇ ਵਸਦੀ ।
ਕਦੇ ਬਣਾਕੇ ਮੌਜੂ ਮੇਰਾ, ਮੇਰੇ ਤੇ ਹੀ ਹਸਦੀ ।
ਇੱਕ ਵਾਰ ਉਹਨੇ ਪੁੱਠੀ ਪੜ੍ਹਤ, ਮੈਨੂੰ ਬੁਰੀ ਪੜ੍ਹਾਈ ।
ਮੇਰੀ ਕਰਤੀ ਚੋਣ ਲੜਨ ਲਈ, ਫੜ ਕੇ ਤੁਰਤ ਚੜ੍ਹਾਈ ।
ਮੇਰੇ ਦਮਾਗ਼ 'ਚ ਚੋਣ ਦਾ ਕੀੜਾ ਪੁੱਠਾ ਹੋ ਕੇ ਵੜਿਆ ।
ਸੋਚਾਂ ਮੈਂ ਉਹ ਬੰਦਾ ਕੀ ਹੈ ਜੋ ਚੋਣ ਨਹੀਂ ਲੜਿਆ ?
ਚਾਨਸ ਆਪਣੀ ਜਿੱਤ ਦੇ ਮੈਨੂੰ ਸੌ ਤੋਂ ਉੱਤੇ ਜਾਪਣ ।
ਦਿਲ ਦਿਮਾਗ਼ ਦੋਵੇਂ ਹੀ ਚੰਦਰੇ ਇਕੋ ਹੀ ਰਾਗ ਅਲਾਪਣ ।
ਮੈਂਬਰ ਬਣ ਵਜ਼ੀਰ ਬਣਾਂਗੇ, ਮਿਲਸੀ ਸਾਨੂੰ ਕੋਠੀ ਕਾਰ ।
ਮੁੱਕ ਜਾਣਗੇ ਝਗੜੇ ਝਾਟੇ, ਹੋ ਜਾਊ ਬੇੜਾ ਪਾਰ ।
ਬੇਰੋਜ਼ਗਾਰ ਰਹਿਣ ਨਾ ਦੇਣਾ ਕੋਈ ਯਾਰ ਤੇ ਬੇਲੀ ।
ਲਗੇਗਾ ਦਰਬਾਰ ਸ਼ਾਹੀ ਫਿਰ, ਅਪਣੀ ਵਿੱਚ ਹਵੇਲੀ ।
ਜੰਤਾ ਦੇ ਅੱਖਾਂ ਵਿੱਚ ਘੱਟਾ, ਪੈ ਸਕਿਆ ਤਾਂ ਪਾਵਾਂਗੇ ।
ਦਿਨੇ ਰਾਤ "ਫਰਾਡ" ਰਚਾਕੇ, ਜ਼ਿੰਦਾਬਾਦ ਕਹਾਵਾਂਗੇ ।
ਨ, ਨ, ਐਸਾ ਕਦੀ ਨਹੀਂ ਕਰਨਾ, ਫਬਦਾ ਨਹੀਂ ਵਜ਼ੀਰਾਂ ਨੂੰ ।
ਲੱਖ ਫ਼ਰੇਬ ਰਚਾਏ ਦੁਨੀਆਂ, ਪਰ ਨਹੀਂ ਸੋਹੰਦਾ 'ਤੀਰਾਂ' ਨੂੰ ।
ਕੁਰਸੀ ਬੈਠ ਵਜ਼ੀਰੀ ਦੀ ਤੇ, ਲੋਕ ਰਾਜ ਚਲਾਵਾਂਗੇ ।
ਲੋਕਾਂ ਦੇ ਦੁਖ ਦੂਰ ਕਰਾਂਗੇ, ਸਭ ਨੂੰ ਸੁਖ ਪੁਚਾਵਾਂਗੇ :
ਹਸਪਤਾਲ, ਸਕੂਲ ਤੇ ਸੜਕਾਂ ਸਭ ਨੂੰ, ਨਹਿਰਾਂ ਦਾ ਇਕ ਜਾਲ ਹੋਊ ।
ਐਸਾ ਕੰਮ ਚਲਾਵਾਂਗੇ ਕਿ ਹਰ ਇਕ ਜੀਵ ਨਿਹਾਲ ਹੋਊ ।
ਬੇਇਨਸਾਫ਼ੀ ਰਹਿਣ ਨਹੀਂ ਦੇਣੀ ਕਰਾਂਗੇ ਮਸਲੇ ਹਲ ਵਲੇ ।
ਭੁਲ ਜਾਣਗੇ ਲੋਕੀ ਸ਼ਾਲਾ ਜਹਾਂਗੀਰ ਦਾ ਟਲ ਨਾਲੇ ।
ਏਨੇ ਸੁਪਨੇ ਸਧਰਾਂ ਲੈ ਕੇ, ਕੁਦਿਆ ਚੋਣ ਮੈਦਾਨ 'ਚ ਮੈਂ ।
ਜਿਸ ਗਲੋਂ ਸੀ ਮੂਸਾ ਡਰਦਾ, ਫਸਿਆ ਇਮਤਿਹਾਨ 'ਚ ਮੈਂ ।
ਅਸਲ ਗਲ ਜਾਂ ਏਦਾਂ ਕਹਿ ਲੌ, ਨ ਕੋਈ ਟਿਕਟ ਥਿਆਈ ਜੀ ।
ਬਿਨਾ ਟਿਕਟ ਦੇ ਚੋਣ ਸਫ਼ਰ ਦੀ, ਕੀਤੀ ਤੁਰਤ ਤਿਆਰੀ ਮੈਂ ।
ਚੋਣ ਫੰਡ ਦੇ ਪਿਛੇ ਅਪਣੀ ਗਹਿਣੇ ਧਰਤੀ ਕਿਆਰੀ ਮੈਂ ।
ਚੋਣ ਨਿਸ਼ਾਨ ਮਿਲ ਗਿਆ ਬੇੜੀ ਕੱਠੇ ਕਰ ਲਏ ਵੱਟੇ ਮੈਂ ।
ਅਪਣਾ ਘਰ ਤਾਂ ਪਟਿਆ ਹੀ ਸੀ ਯਾਰ ਬਸ ਕਈ ਪੱਟੇ ਮੈਂ ।
ਨੇਕ ਕੰਮ ਤੇ ਪਤਨੀ ਮੇਰੀ, ਗਹਿਣਾ ਗੱਟਾ ਲਾ ਦਿਤਾ ।
ਸੁਥਣ ਕੁੜਤੀ ਪੱਲੇ ਰਖਕੇ, ਸਭ ਕੁਝ ਵੇਚ ਵਟਾ ਦਿਤਾ ।
ਦੋ ਭੈਸਾਂ ਤੇ ਦੋ ਬਲਦਾਂ ਦਾ, ਸਣੇ ਊਠ ਦੇ ਟੱਟੂ ਪਾਰ ।
ਖੜੇ ਪੈਰ ਡੰਗਰਾਂ ਦਾ ਵੱਟਿਆ ਨਕਦ ਰੁਪੈਇਆ ਦੋ ਹਜ਼ਾਰ ।
ਜੋ ਪਏ ਸੀ ਦਾਣੇ ਘਰ ਵਿੱਚ, ਫੜਕੇ ਦਿੱਤਾ ਲੰਗਰ ਲਾ ।
ਕੁਝ ਦਿਨਾਂ ਦੇ ਅੰਦਰ ਲੋਕੀ ਸਾਰਾ ਕੁਝ ਗਏ ਛਕ ਛਕਾ ।
ਚੋਣ ਦਮਾਮਾ ਐਸਾ ਵਜਿਆ, ਘਰ ਘਰ ਲੱਗੇ ਚਰਚੇ ਹੋਣ ।
ਵੇਖ ਤਿਆਰੀ ਸ਼ਤਰੂ ਸਾਡੀ, ਬਾਹਰੋਂ ਹੱਸਣ ਅੰਦਰੋਂ ਰੋਣ ।
ਇਕੋ ਗੁਣ ਸੀ ਸਾਡੇ ਕੋਲ, ਢੰਗ ਪ੍ਰਾਪੇਗੰਡੇ ਦਾ ।
ਮੋਟਰ ਉਤੇ ਚਾਰੇ ਬੰਨ੍ਹ ਲਏ, ਰਿਹਾ ਨ ਰੌਲਾ ਝੰਡੇ ਦਾ ।
ਬੜਾ ਜਲੂਸ ਨਿਕਲਦਾ ਸਾਡਾ, ਬੜੇ ਲਗੌਂਦੇ ਨਾਅਰੇ ਲੋਕ ।
ਬੋਤਲ ਉਤੇ ਬੋਤਲ ਖੁਲਦੀ ਦੇਗਾਂ ਦੇ ਵਿਚ ਰਿਝਣ ਬੋਕ ।
ਹੁੰਦੇ ਰੱਬ ਨੂੰ ਭਗਤ ਪਿਆਰੇ ਜਿੱਦਾਂ ਮਾਂ ਨੂੰ ਅਪਣੇ ਲਾਲ ।
ਮੈਨੂੰ ਚੰਗੇ ਵੋਟਰ ਲੱਗਣ ਚਰਨ ਧੂੜ ਮੱਥੇ ਦੇ ਨਾਲ ।
ਇੱਕ ਇੱਕ ਪਰਚੀ ਵਾਲੇ ਦੇ ਮੈਂ ਸੌ ਸੌ ਨਾਜ਼ ਉਠਾਵਾਂ ।
ਘੁਟ ਘੁਟ ਮੈਂ ਪਾਵਾਂ ਜਫੀਆਂ ਵਾਰੇ ਵਾਰੇ ਜਾਵਾਂ ।
ਪੁੱਤ ਬਖ਼ਸ਼ਦਾ ਲੋਕਾਂ ਨੂੰ ਮੈਂ ਪੀਰ ਔਲੀਆ ਹੋਕੇ ।
ਕੋਰੇ ਚੈਕ ਤੇ ਕੋਰੇ ਵਾਅਦੇ ਥਾਂ ਥਾਂ ਦਿਆਂ ਖੜੋਕੇ ।
ਉਹ ਸਮਾਂ ਭੀ ਪੁੱਜ ਗਿਆ ਫਿਰ, ਵੋਟਾਂ ਪੈਣ ਦੀ ਵਾਰੀ ।
ਹਰ ਪੋਲਿੰਗ ਦੇ ਉਤੇ ਸਾਨੂੰ ਵੱਜੀ ਸੱਟ ਕਰਾਰੀ ।
ਪਾਰਟੀਆਂ ਵਿਚ ਵੰਡੇ ਗਏ ਹਾਏ, ਵੋਟਰ ਲੋਕ ਵਿਚਾਰੇ ।
ਅਸੀਂ ਅਜ਼ਾਦ ਖੜੋਤੇ ਰਹਿ ਗਏ, ਤਕਦੇ ਰਹੇ ਨਜ਼ਾਰੇ ।
ਪੁਛਣ ਮੇਰੇ ਹਮੈਤੀ ਮੈਨੂੰ, ਇਹ ਕੀ ਹੋਇਆ ਕਾਰਾ ?
ਵੋਟਰ ਸਾਡੇ ਤੰਬੂ ਤੋਂ ਹੀ ਕਰਦੇ ਦੂਰ ਕਿਨਾਰਾ ?
"ਕਰੋ ਫਿਕਰ ਨ ਰੱਤੀ ਮਾਸਾ, ਬਿਲਕੁਲ ਨ ਘਬਰਾਵੋ ।
ਦੰਦਾਂ ਹੇਠ ਜੀਭ ਨੂੰ ਲੈ ਕੇ, ਮੇਰੀ ਗਲ ਅਜ਼ਮਾਵੋ ।
ਲੋਕੀਂ ਪਰਚੀ ਓਸ ਕੈਂਪ ਚੋਂ ਬੇਸ਼ਕ ਨੇ ਕਟਵਾਂਦੇ ।
ਸੱਚ ਜਾਣੋ ਪਰ ਅੰਦਰ ਜਾਕੇ, ਸਾਨੂੰ ਹੀ ਨੇ ਪਾਂਦੇ" ।
ਮੇਰੇ ਚੋਣ ਏਜੰਟਾਂ ਫ਼ੌਰਨ, ਗਲ ਮੇਰੀ ਇਹ ਮੰਨੀ ।
ਹਰ ਹਮਾਇਤੀ ਸਾਡੇ ਦੇ ਸੀ, ਜਾ ਪਈ ਇਹ ਕੰਨੀ ।
"ਸਾਨੂੰ ਪਰਚੀ ਓਹੀਓ ਪੌਂਦੇ ਜੋ ਓਧਰ ਕਟਵੌਂਦੇ ।
ਸਾਥੋਂ ਜੋ ਕਟਵੌਂਦੇ ਸਮਝੋ, ਹੋਰ ਕਿਸੇ ਨੂੰ ਪੌਂਦੇ" ।
ਸਾਡੇ ਵਲ ਜਿਹੜਾ ਔਂਦਾ, ਓਹਨੂੰ ਝਟ ਭਜਾਵਣ ।
"ਪਾਏਂਗਾ ਤੂੰ ਪਰਚੀ ਓਧਰ", ਸੌ ਸੌ ਗਾਲ੍ਹ ਸੁਨਾਵਣ ।
ਮਿਰੇ ਹਮਾਇਤੀ ਰਲਕੇ ਮੇਰੀ ਬੇੜੀ ਡੋਬ ਵਖਾਈ ।
ਹੋ ਗਈ ਜ਼ਬਤ ਜਮਾਨਤ ਮੇਰੀ, ਉਹ ਜੋ ਜਮ੍ਹਾਂ, ਕਰਵਾਈ ।
ਅਗੋਂ ਲਈ ਤਬੀਅਤ ਮੇਰੀ, ਸਾਫ ਸਦਾ ਲਈ ਕਰ ਗਏ ।
ਜਿੱਤ ਗਏ ਹਾਂ ਅਕਲ ਦੀ ਬਾਜ਼ੀ ਭਾਵੇਂ ਚੋਣ 'ਚ ਹਰ ਗਏ ।
ਹਾਲੀ ਤਕ ਭੀ ਬਿਲ ਚੋਣ ਦੇ, ਮੈਨੂੰ ਔਂਦੇ ਰਹਿੰਦੇ ।
ਲੈਣੇ ਦੇਣੇ ਵਾਲੇ ਲੋਕੀ, ਬੜੇ ਸਤੌਂਦੇ ਰਹਿੰਦੇ ।
ਘਰ ਆਪਣੇ ਦੇ ਅੰਦਰ ਮਾਟੋ ਆਪਾਂ ਹੈ ਲਟਕਾਇਆ ।
ਔਣ ਵਾਲੀਆਂ ਨਸਲਾਂ ਦੇ ਲਈ ਏਦਾਂ ਏ ਫੁਰਮਾਇਆ :-
"ਬਾਬਾ ਤੀਰ ਕਹਿ ਗਿਆ ਸੁਣਲੌ-ਏਹੋ ਪੱਟੀ ਪੜ੍ਹਣੀ ।
ਹੋਵੋਗੇ ਜੇ ਅਸਲ ਨਸਲ ਦੇ ਚੋਣ ਕਦੇ ਨ ਲੜਣੀ-
ਲੜਣੀ ਪੈ ਜਾਏ ਬੇਸ਼ਕ ਲੜਣਾ, ਟਿਕਟ ਜੇਬ ਵਿੱਚ ਪਾਕੇ ।
ਬਿਨਾਂ ਟਿਕਟ ਦੇ ਕਦੇ ਨਾ ਲੜਣਾ, ਝੁਗਾ ਫੂਕ ਫੁਕਾਕੇ ।"

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ