Ahsan Rana ਅਹਿਸਾਨ ਰਾਣਾ

ਨਾਂ: ਰਾਣਾ ਅਹਿਸਾਨ ਅਲੀ ਖ਼ਾਂ
ਕਲਮੀ ਨਾਂ: ਅਹਿਸਾਨ ਰਾਣਾ
ਜੰਮਣ ਵਰ੍ਹਾ: 1948
ਜਨਮ ਸਥਾਨ: ਮੁਹੱਲਾ ਘਰਜਾਖ਼, ਗੁਜਰਾਂਵਾਲਾ
ਪਿਤਾ ਦਾ ਨਾਂ: ਰਾਣਾ ਰਸ਼ੀਦ ਅਹਿਮਦ ਖ਼ਾਂ
ਵਿਦਿਆ: ਐਫ਼. ਏ. ਬੀ. ਕਾਮ
ਕਿੱਤਾ: ਨੌਕਰੀ
ਛਪੀਆਂ ਕਿਤਾਬਾਂ: ਕਰਜ਼ ਏ ਸ਼ਜਰ (ਉਰਦੂ ਸ਼ਾਇਰੀ), ਰਕਸ਼ ਏ ਬਹਾਰ (ਉਰਦੂ ਸ਼ਾਇਰੀ), ਬਾਰਾ ਦਰੀ ਸੇ ਚਾਂਦ (ਉਰਦੂ ਸ਼ਾਇਰੀ), ਗੱਲਾਂ ਕਰਦੀ ਸ਼ਾਮ (ਪੰਜਾਬੀ ਸ਼ਾਇਰੀ), ਮੇਰੇ ਅੱਖਰ ਮੇਰੇ ਸੂਰਜ (ਪੰਜਾਬੀ ਸ਼ਾਇਰੀ), ਮੋਤੀ ਮੇਰੀ ਅੱਖ ਦੇ (ਪੰਜਾਬੀ ਸ਼ਾਇਰੀ)
ਪਤਾ: ਪਾਕਿ ਟਾਉਨ, ਜੀ ਟੀ ਰੋਡ, ਕਾਮੋਕੀ, ਗੁਜਰਾਂਵਾਲਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਗੱਲਾਂ ਕਰਦੀ ਸ਼ਾਮ 2007 ਵਿੱਚੋਂ) : ਅਹਿਸਾਨ ਰਾਣਾ

Punjabi Ghazlan (Gallan Kardi Sham 2007) : Ahsan Rana

1. ਵਸ ਚੱਲੇ ਮੈਂ ਹਰ ਇਕ ਰੁੱਤ ਨੂੰ

ਵਸ ਚੱਲੇ ਮੈਂ ਹਰ ਇਕ ਰੁੱਤ ਨੂੰ ਚੇਤਰ ਰੁੱਤ ਬਣਾਵਾਂ ।
ਏਸ ਵਤਨ ਦੀ ਮਿੱਟੀ ਗੋਵਾਂ ਸੁੱਚੇ ਫੁੱਲ ਉਗਾਵਾਂ ।

ਉਸ ਵੇਲੇ ਕਿਉਂ ਸਾਡੇ ਮੂੰਹ ਨੂੰ ਚੁੱਪ ਦੇ ਜਿੰਦਰੇ ਲੱਗੇ
ਚਿੜੀਆਂ ਦਾ ਜਦ ਭੱਪਾ ਖਾ ਖਾ ਸ਼ੋਰ ਮਚਾਇਆ ਕਾਵਾਂ ।

ਭਾਦੋਂ ਦੀ ਉਹ ਬਦਲੀ ਹੈਸੀ ਛਮ ਛਮਾ ਛਮ ਵੱਸੀ,
ਫੇਰ ਉਦਾਸੀ ਕੁੱਛੜ ਚਾ ਲਈ ਸਾਰੇ ਸ਼ਹਿਰ ਗਰਾਵਾਂ ।

ਇਨ੍ਹਾਂ ਲਈ ਤੇ ਸਾਡੇ ਸਿਰ ਵੀ ਕਾਲੀ ਹਾਂਡੀ ਹੋਈ,
ਅੰਨ੍ਹਿਆਂ ਹੱਥ ਬਟੇਰੇ ਆਏ ਕਿਸਰਾਂ ਗੱਲ ਵਲਾਵਾਂ ।

ਸੱਧਰਾਂ ਤਾਂਘਾਂ ਆਸ ਉਮੀਦਾਂ ਘੋਲ ਮਥੋਲਾ ਹੋਈਆਂ,
ਅੱਗੇ ਪਿੱਛੇ ਹੋ ਹੋ ਮਿਲਦਾ ਮੇਰਾ ਈ ਪਰਛਾਵਾਂ ।

ਖੂਹ ਪੁਰਾਣਾ ਗੇੜੇ 'ਰਾਣਾ' ਅੱਥਰ ਅੱਥਰ ਕੇਰੇ,
ਜਿੱਥੇ ਜਿੱਥੇ ਅੱਥਰ ਕੇਰੇ ਬਲ ਬਲ ਨਿਕਲਣ ਹਾਵਾਂ ।

2. ਤੇਰੀ ਯਾਦ ਦੇ ਝੱਖੜ ਕੀਤਾ

ਤੇਰੀ ਯਾਦ ਦੇ ਝੱਖੜ ਕੀਤਾ ਦਿਲ ਨੂੰ ਲੀਰਾਂ-ਲੀਰਾਂ ।
ਅੱਖ ਦੇ ਮੈਂਟਲਪੀਸ ਤੋਂ ਡਿੱਗੀਆਂ ਸਤ ਰੰਗੀਆਂ ਤਸਵੀਰਾਂ ।

ਸੁੱਕੇ ਹੋਏ ਫੁੱਲ ਵੀ ਇਕ ਦਿਨ ਕੰਡੇ ਬਣ ਕੇ ਚੁਭਦੇ,
ਰੇਸ਼ਮ ਦੇ ਗੁੱਛੇ ਵੀ ਇਕ ਦਿਨ ਬਣ ਜਾਂਦੇ ਜ਼ੰਜੀਰਾਂ ।

ਵੇਲੇ ਦੇ ਫੁਟਪਾਥ ਤੇ ਬੈਠਾ ਸਿਰ ਦਾ ਕਾਸਾ ਭੰਨਾਂ,
ਫਿਰ ਤਹਿਜ਼ੀਬ ਦੀ ਚਾਦਰ ਉੱਤੇ ਪੈਂਦੀਆਂ ਜਾਣ ਲਕੀਰਾਂ ।

ਬਕਸੇ ਵਿਚ ਕਸ਼ਮੀਰ ਮਹਿਲ ਦੇ ਗੁਲ ਬਕਾਉਲੀ ਹੱਸੇ,
ਸੁਫ਼ਨਾ ਜਾਣ ਕੇ ਦੇਖਣ ਦੇ ਲਈ ਉਂਗਲੀ ਆਪਣੀ ਚੀਰਾਂ ।

ਮੁਖੜੇ ਦੇ ਤਸਬੀ ਗੁਲਦਾਨ 'ਚ ਸਜਿਆ ਫੁੱਲ ਗੁਲਾਬੀ,
ਜੁੱਸੇ ਦਾ ਸਿਰਨਾਵਾਂ ਟੇਬਲ ਲੈਂਪ ਦੀਆਂ ਤਨਵੀਰਾਂ ।

3. ਬੇਰੰਗ ਸਾਡੇ ਪੱਤੇ ਯਾਰੋ

ਬੇਰੰਗ ਸਾਡੇ ਪੱਤੇ ਯਾਰੋ ਉਹਦੇ ਹੱਥ ਵਿਚ ਯੱਕੇ ਨੇ ।
ਸਾਡੇ ਸਿਰ ਤੋਂ ਪੀਹ ਨਾਂ ਲੱਥੀ ਹੱਥ ਪੀਹ-ਪੀਹ ਕੇ ਥੱਕੇ ਨੇ ।

ਸੱਧਰਾਂ ਵਾਂਗ ਖਜੂਰਾਂ ਖਿਲੀਆਂ, ਪੁੰਨੂੰ ਲੱਦ ਕਚਾਵੇ ਤੁਰਿਆ,
ਹੋਰ ਕਿਸੇ ਨੇ ਬਾਂਹ ਕੀ ਫੜਣੀ ਹੰਝੂ ਵਲ-ਵਲ ਡੱਕੇ ਨੇ ।

ਸੋਚ ਵਿਚਾਰਾਂ ਸ਼ਾਮੋਂ-ਸ਼ਾਮੀ ਹੱਥੋਂ ਬੁਰਕੀ ਡਿਗਦੀ ਏ,
ਰਾਤ ਫ਼ਿਰਾਕ ਝਨਾਂ ਦੀਆਂ ਛੱਲਾਂ ਕੌਲ-ਕਰਾਰ ਵੀ ਪੱਕੇ ਨੇ ।

ਏਸ ਜੁਰਮ ਦੀ ਦੇਖੋ ਹੁਣ ਤਾਜ਼ੀਰ ਨਵੀਂ ਕੀ ਲਾਵੇਗਾ,
ਸੱਧਰਾਂ ਦੇ ਮੈਂ ਘੁੱਟ ਭਰੇ ਸਨ ਉੱਤੋਂ ਮਾਰੇ ਫੱਕੇ ਨੇ ।

ਰਾਤ-ਬਰਾਤੇ ਸੰਨ੍ਹਾਂ ਲਾਈਆਂ ਚੋਰਾਂ ਦੇ ਫ਼ਰਮਾਨਾਂ ਤੇ,
ਚੋਰ ਉਚੱਕੇ ਘਰ ਵਿਚ ਬੈਠੇ ਬੱਚੇ ਬਾਹਰ ਧੱਕੇ ਨੇ ।

4. ਗੁੱਛੀ-ਮੁੱਛੀ ਡੋਰ ਨਹੀਂ ਤੇ ਚੰਗਾ ਏ

ਗੁੱਛੀ-ਮੁੱਛੀ ਡੋਰ ਨਹੀਂ ਤੇ ਚੰਗਾ ਏ ।
ਵੋਹ-ਕਾਟੇ ਦਾ ਸ਼ੋਰ ਨਹੀਂ ਤੇ ਚੰਗਾ ਏ ।

ਪੈਰਾਂ ਵੱਲੇ ਵੇਖੇਗਾ ਫਿਰ ਰੋਵੇਗਾ,
ਪੈਲਾਂ ਪਾਂਦਾ ਮੋਰ ਨਹੀਂ ਤੇ ਚੰਗਾ ਏ ।

ਅੱਥਰੂ ਅੱਥਰੂ ਤਸਬੀ ਕਰਦਾ ਟੁਰਿਆ ਜਾ,
ਜੰਗਲ ਆਦਮ ਖ਼ੋਰ ਨਹੀਂ ਤੇ ਚੰਗਾ ਏ ।

ਉੱਚੀ ਲੰਮੀ ਕੰਧ ਉਸਾਰੀ ਜਾਣੀ ਸੀ,
ਚਲਦਾ ਤੇਰਾ ਜ਼ੋਰ ਨਹੀਂ ਤੇ ਚੰਗਾ ਏ ।

ਚੁੱਪ ਬੈਠਾਂ ਤੇ ਚੁੱਪ ਵੀ ਗੱਲਾਂ ਕਰਦੀ ਏ,
ਕਰਦਾ ਗੱਲ ਤੇ ਗ਼ੌਰ ਨਹੀਂ ਤੇ ਚੰਗਾ ਏ ।

ਕਿਸਮਤ ਤੇਰੇ ਘਰ ਤੱਕ ਰਾਣਾ ਆਵੇਗੀ,
ਕੀੜੀ ਵਾਲੀ ਟੋਰ ਨਹੀਂ ਤੇ ਚੰਗਾ ਏ ।

5. ਹਸ ਕੇ ਗੱਲ ਜੋ ਟਾਲ ਗਿਆ ਵਾਂ

ਹਸ ਕੇ ਗੱਲ ਜੋ ਟਾਲ ਗਿਆ ਵਾਂ ।
ਚੱਲ ਮੈਂ ਇਹ ਵੀ ਚਾਲ ਗਿਆ ਵਾਂ ।

ਦੁਨੀਆ ਮੇਰੀ ਹਾਣੀ ਨਿਕਲੀ,
ਗਿਣਦਾ ਮਹੀਨੇ ਸਾਲ ਗਿਆ ਵਾਂ ।

ਉਹਦੀ ਮੰਜੀ ਘੁੰਮਦੀ ਦੇਖੋ,
ਬਣ ਕੇ ਇਕ ਭੂਚਾਲ ਗਿਆ ਵਾਂ ।

ਰਾਤਾਂ ਆਪਣੀ ਬੁੱਕਲ ਖੋਲ੍ਹਣ,
ਮੈਂ ਵੀ ਦੀਵਾ ਬਾਲ ਗਿਆ ਵਾਂ ।

ਅੱਡੀ ਮਾਰਿਆਂ ਚਸ਼ਮਾ ਨਿਕਲੇ,
ਪਾਉਂਦਾ ਇੰਜ ਧਮਾਲ ਗਿਆ ਵਾਂ ।

ਉਹ ਤੇ ਲਾਜਵਾਬ ਹੀ ਹੈਸੀ,
ਲੈ ਕੇ ਲੱਖ ਸਵਾਲ ਗਿਆ ਵਾਂ ।

ਆਦਮ ਖ਼ੋਰ ਬੇਸਬਰੇ ਹੈ ਸਨ,
ਜਿਉਂਦੀ ਜਾਨੇ ਪਾਲ ਗਿਆ ਵਾਂ ।

ਸਾਰੀਆਂ ਚਾਲਾਂ ਵੇਲੇ ਦੱਸੀਆਂ,
ਖਿੱਚ ਲਗਾਮ ਰਵਾਲ ਗਿਆ ਵਾਂ ।

ਕੈਸਰੋ ਕਿਸਰਾ 'ਰਾਣਾ' ਪੁੱਛੇ,
ਲਿਖ ਕਿਉਂ ਹਰਫ਼ ਜ਼ਵਾਲ ਗਿਆ ਵਾਂ

6. ਨਜ਼ਰਾਂ ਕਿੱਥੇ ਠਹਿਰ ਦੀਆਂ

ਨਜ਼ਰਾਂ ਕਿੱਥੇ ਠਹਿਰ ਦੀਆਂ ।
ਸਫ਼ਰੀ ਅੱਠੇ ਪਹਿਰ ਦੀਆਂ ।

ਕੰਨੋ ਬੋਲੇ ਹੋ ਗਏ ਆਂ,
ਗੱਲਾਂ ਸੁਣ ਸੁਣ ਸ਼ਹਿਰ ਦੀਆਂ ।

ਫੁੱਲਾਂ ਵਾਂਗੂੰ ਲੱਗੀਆਂ ਸਨ,
ਗ਼ਜ਼ਲਾਂ ਨਿੱਕੀ ਬਹਿਰ ਦੀਆਂ ।

ਮੇਰਾ ਪਿੰਡ ਵੀ ਕਰਦਾ ਏ,
ਰੀਸਾਂ ਤੇਰੇ ਸ਼ਹਿਰ ਦੀਆਂ ।

'ਰਾਣਾ' ਬਾਰੀ ਢੋਈ ਰੱਖ,
ਝੜੀਆਂ ਲੱਗੀਆਂ ਕਹਿਰ ਦੀਆਂ ।

7. ਰਿਸ਼ਤਾ ਭੈਣਾਂ-ਭਾਈਆਂ ਦਾ

ਰਿਸ਼ਤਾ ਭੈਣਾਂ-ਭਾਈਆਂ ਦਾ ।
ਰੌਲਾ ਖੇਸ ਰਜਾਈਆਂ ਦਾ ।

ਮਾਂ ਮੈਂ ਕਿਸਰਾਂ ਲਿੱਖਾਂਗਾ,
ਕਿੱਸਾ ਦਰਦ ਜੁਦਾਈਆਂ ਦਾ ।

ਮੁਨਸਫ਼ ਵੀ ਕੁਝ ਦੱਸੇਗਾ,
ਉੱਚਾ ਮੁੱਲ ਗਵਾਹੀਆਂ ਦਾ ।

ਇਕ ਦੋ ਫੂਕਾਂ ਬੜੀਆਂ ਸਨ,
ਲਾ ਨਾ ਢੇਰ ਦਵਾਈਆਂ ਦਾ ।

'ਰਾਣਾ' ਧੂੜਾਂ ਪੁੱਟੇਗਾ,
ਅਗਲਾ ਪੰਧ ਜੁਦਾਈਆਂ ਦਾ ।

8. ਸੁੱਤਾ ਸ਼ਹਿਰ ਵਿਖਾਇਆ ਉਹਨੇ

ਸੁੱਤਾ ਸ਼ਹਿਰ ਵਿਖਾਇਆ ਉਹਨੇ ।
ਰਸਤਾ ਇੰਜ ਲੁਭਾਇਆ ਉਹਨੇ ।

ਖੰਭੋਂ ਡਾਰਾਂ ਬਣੀਆਂ ਹੈਸਨ,
ਰੱਸੀਉਂ ਸੱਪ ਬਣਾਇਆ ਉਹਨੇ ।

ਚਾਰ-ਚੁਫ਼ੇਰੇ ਭਾਦੋਂ ਵੱਸੀ,
ਸਾਨੂੰ ਸੁਕਣੇ ਪਾਇਆ ਉਹਨੇ ।

ਮੇਰੀ ਅੱਖੋਂ ਉਹਲੇ ਉਹਲੇ,
ਕੀ ਕੀ ਰੂਪ ਵਟਾਇਆ ਉਹਨੇ ।

ਦਮ ਦਮ ਨਵੀਆਂ ਤਾਂਘਾਂ 'ਰਾਣਾ',
ਦਿਲ ਨੂੰ ਦਿਲ ਬਣਾਇਆ ਉਹਨੇ ।

9. ਅੱਲਾ ਸੋਹਣੇ ਦਿੱਤੀਆਂ ਜੇ ਅੱਥਰਾਂ ਉਧਾਰੀਆਂ

ਅੱਲਾ ਸੋਹਣੇ ਦਿੱਤੀਆਂ ਜੇ ਅੱਥਰਾਂ ਉਧਾਰੀਆਂ ।
ਪਾਣੀ ਵਿਚ ਲੀਕਾਂਗਾ ਮੈਂ ਸ਼ਕਲਾਂ ਪਿਆਰੀਆਂ ।

ਪਾਣੀ ਪੀ ਪੰਜਾਬ ਦਾ ਪੰਜਾਬੀ ਰੰਗ ਛਾ ਗਿਆ,
ਦਿੱਲੀ ਵਾਲੇ ਭੁੱਲ ਗਏ ਹਮਾਰੀਆਂ ਤੁਮਹਾਰੀਆਂ ।

ਗੰਨਾ ਮੰਗ ਚੂਪਦਾ ਤੇ ਕਿੱਡੀ ਸੋਹਣੀ ਗੱਲ ਸੀ,
ਤੋਤੇ ਵਾਂਗੂੰ ਟੁੱਕਦੈ ਅਲ਼ੈਚੀਆਂ-ਸੁਪਾਰੀਆਂ ।

ਵੇਖੋ ਹੁਣ ਕਿਹੜੇ ਕਿਹੜੇ ਨਾਗ ਨੂੰ ਹੈ ਕੀਲਦਾ,
ਲੋਕਾਂ ਨੇ ਵੀ ਰਾਹਵਾਂ ਵਿਚ ਖੋਲ੍ਹੀਆਂ ਪਟਾਰੀਆਂ ।

ਚੰਨਾਂ ਤੇਰੀ ਯਾਦ ਦੇ ਸ਼ਹਿਤੂਤ ਝੜ ਗਏ ਨੇ,
ਸੰਗ ਕੂੜਾ ਕੂੜਾ ਏ ਤੇ ਖੁੱਜੀਆਂ ਬੀਮਾਰੀਆਂ ।

ਪੱਬਾਂ ਭਾਰ ਟੁਰਿਆਂ ਤੇ ਟੋਰ ਭੁੱਲ ਗਈ ਏ,
ਗਿੱਠ ਗਿੱਠ ਉਚੀਆਂ ਨੇ ਢਾਰੀਆਂ ਚੁਬਾਰੀਆਂ ।

ਝੱਲੇ ਸਾਂ ਤੇ ਝੱਲਿਆਂ ਨੇ ਚੁੱਪ ਵੱਟ ਲਈ ਏ,
ਮੁਸੀਬਤਾਂ ਤੇ ਸਾਰੀਆਂ ਵਜ਼ਾਹਤਾਂ ਖਿਲਾਰੀਆਂ ।

ਇੰਜ ਲੱਗਾ ਰੁੱਖਾਂ ਨੂੰ ਹਲੂਣਾ ਜਿਹਾ ਆਗਿਆ,
ਆਂਦਾ ਦੇਖ ਉਨੂੰ 'ਰਾਣੇ' ਬਾਹਵਾਂ ਸੀ ਖਿਲਾਰੀਆਂ ।