ਅਹਿਮਦ ਜ਼ਫ਼ਰ - ਪੰਜਾਬੀ ਗ਼ਜ਼ਲਾਂ

Ahmed Zafar - Punjabi ghazals

1. ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ

ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ ।
ਤੇਰੇ ਨਾਂ ਮੇਰੇ ਹੰਝੂਆਂ ਦਾ ਹਿਸਾਬ ।

ਵੇਖ ਲੈ ਮੋਰ ਦੇ ਪਰਾਂ ਦੇ ਰੰਗ,
ਵੇਖ ਲੈ ਨਚਦਾ ਸੁਨਹਿਰੀ ਖ਼ਾਬ ।

ਬਾਗ਼ ਵਿਚ ਹਸਕੇ ਦਸ ਰਹੀ ਏ ਤ੍ਰੇਲ,
ਨਾਲ ਈ ਰੋ ਰਿਹਾ ਏ ਕੋਈ ਗੁਲਾਬ ।

ਖੋਲ੍ਹ ਬੂਹਾ ਸਵੇਰ ਦੀ ਅੱਖ ਦਾ,
ਸ਼ਾਮ ਦੇ ਹੋਂਠ 'ਤੇ ਸਜਾ ਮਤਾਬ ।

ਰਾਤ ਲੰਘੀ 'ਜ਼ਫ਼ਰ' ਕਿਆਮਤ ਦੀ,
ਸਿਰ ਤੇ ਫੇਰ ਆ ਖਲਾ ਦਿਨ ਦਾ ਅਜ਼ਾਬ ।

2. ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ

ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ ।
ਬਾਲਾਂ ਵਾਂਗੂੰ ਅੱਖਰ ਪਾਂਦਾ ਦਿਲ ।

ਫੁੱਲ ਗੁਲਾਬ ਦਾ ਖਿੜਿਆ ਹੋਇਆ ਵੇਖ,
ਪੁੱਛ ਨਾ ਕੀਕੂੰ ਟੋਟੇ ਹੋਇਆ ਦਿਲ ।

ਮੇਰੀ ਗੱਲ ਨਾ ਪੱਲੇ ਉਹਦੇ ਪਈ,
ਜਿਸਦੇ ਹੱਥ ਵਿਚ ਰਹਿੰਦਾ ਮੇਰਾ ਦਿਲ ।

ਸੱਧਰ ਮੈਨੂੰ ਵਾਂਗ ਭੰਵਰ ਦੇ ਸੀ,
ਦਿਲ ਦਰਿਆ ਵਿਚ ਡੁੱਬਾ ਹੋਇਆ ਦਿਲ ।

ਸਾਰੀ ਰਾਤ ਨਾ ਮੈਨੂੰ ਦੇਵੇ ਸੌਣ,
ਪਿੰਜਰੇ ਵਿਚ ਪਖੇਰੂ ਵਰਗਾ ਦਿਲ ।

ਹੋਰ 'ਜ਼ਫ਼ਰ' ਮੈਂ ਉਹਨੂੰ ਆਖਾਂ ਕੀ,
ਓਹੋ ਅੱਛਾ ਜਿਸਦਾ ਅੱਛਾ ਦਿਲ ।

3. ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ

ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ ।
ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ ।

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ ।

ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ,
ਹੱਥਾਂ ਦੇ ਵਿਚ ਪੱਥਰ ਲੈ ਕੇ ਟੁਰਦਾ ਰਹੁ ।

ਪਲਕਾਂ ਉੱਤੇ ਨਗ ਜੇ ਉਹਦੀ ਯਾਦ ਦੇ ਨੇ,
ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ ।

ਸੋਚ ਦੇ ਵਿੱਚ 'ਜ਼ਫ਼ਰ' ਜੇ ਵੰਡਾਂ ਪਾਈਆਂ ਨੇ,
ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ ।

4. ਧਰਤੀ ਸੁਪਨੇ ਵੇਖ ਰਹੀ ਸੀ ਕਲ ਸਹਿਰਾ ਦੇ ਵਾਂਗੂੰ

ਧਰਤੀ ਸੁਪਨੇ ਵੇਖ ਰਹੀ ਸੀ ਕਲ ਸਹਿਰਾ ਦੇ ਵਾਂਗੂੰ ।
ਚਾਰ ਚੁਫੇਰੇ ਹੱਸਿਆ ਕੋਈ ਅੱਜ ਦਰਿਆ ਦੇ ਵਾਂਗੂੰ ।

ਵਗਦੇ ਪਾਣੀ ਦੇ ਮੱਥੇ 'ਤੇ ਸੂਰਜ ਟਿੱਕਾ ਲਾਇਆ,
ਰੁੱਤ ਨੇ ਜ਼ਖ਼ਮਾਂ ਉੱਤੇ ਰੱਖੇ ਹੱਥ ਦਵਾ ਦੇ ਵਾਂਗੂੰ ।

ਹਰਿਆਲੀ ਦੀ ਚੁੰਨੀ ਉੱਤੇ ਖ਼ੁਸ਼ਬੂ ਅੱਖਰ ਪਾਏ,
ਲੰਘ ਗਿਆ ਏ ਕੋਲੋਂ ਕੋਈ ਤੇਜ਼ ਹਵਾ ਦੇ ਵਾਂਗੂੰ ।

ਅਪਣੀ ਅਪਣੀ ਬੋਲੀ ਦੇ ਵਿਚ ਪੰਛੀ ਗੱਲਾਂ ਕਰਦੇ,
ਨਵੀਂ ਸਵੇਰ ਦੇ ਬੁੱਲ੍ਹਾਂ ਉੱਤੇ ਹਰਫ਼ ਦਆ ਦੇ ਵਾਂਗੂੰ ।

ਚਰਖੇ ਦੀ ਘੂਕਰ ਦੇ ਉੱਤੇ ਲੋਕ ਧਮਾਲਾਂ ਪਾਉਂਦੇ,
ਵਿੱਚ ਤ੍ਰਿੰਝਣਾਂ ਕੁੜੀਆਂ ਹੱਸੀਆਂ ਨਵੀਂ ਕਪਾਹ ਦੇ ਵਾਂਗੂੰ ।