Punjabi Kafian : Ahmed

ਪੰਜਾਬੀ ਕਾਫ਼ੀਆਂ : ਅਹਿਮਦ

1

ਮੈਂ ਤਨ ਸਿੱਕ ਘਣੀ,
ਸਾਜਨ ਆਉ ਕਦਾਹੀਂ ।੧।ਰਹਾਉ।

ਜੇ ਤੈਂਡੀ ਦਿਲ ਮੈਂ ਨਾਲ ਹੋਂਦੀ,
ਮਿਲਦੋਂ ਸੰਝ ਸਬਾਹੀਂ ।
ਹੁਣ ਕੇਹੀ ਬੇ ਪਰਵਾਹੀ ਚਾਈਆ,
ਮਿਲੇ ਨਾ ਪਾਖੀ ਮਾਹੀ ।੧।

ਚਿਤ ਚੁਰਾਵਣ ਤੇ ਛਪ ਜਾਵਣ,
ਏਹਾ ਬਾਣ ਤਦਾਹੀਂ ।੨।

ਪੁਰ ਤਕਸੀਰ ਕਿਉਂ ਮਨੁਹੁ ਵਿਸਾਰੇ,
ਉਜਰ ਨਾ ਕੁਝ ਅਸਾਂਹੀਂ ।
ਅਹਿਮਦ ਸਾਈਂ ਦੀ ਪ੍ਰੀਤ ਚਰੋਕੀ,
ਕੋਈ ਅਜ ਅਜੋਕੜੀ ਨਾਹੀਂ ।੩।
(ਰਾਗ ਆਸਾ)

(ਸਬਾਹੀਂ=ਸੁਬਹ, ਪਾਖੀ=ਪੱਖ,ਪੰਦਰਾਂ ਦਿਨ,
ਪੁਰ ਤਕਸੀਰ=ਗਲਤੀਆਂ ਨਾਲ ਭਰਿਆ)

2

ਅੰਙਣੁ ਫੇਰਾ ਮੂਲ ਨਾ ਘਤਦਾ ।
ਸੱਜਣ ਵਿਚ ਗਿਰਾਵੇਂ ਦੇ ਵਸਦਾ ।੧।ਰਹਾਉ।

ਬੇਪਰਵਾਹ ਸਭਸ ਦਾ ਸਾਂਝਾ,
ਭਾਗ ਤਿਨ੍ਹਾਂ ਦੇ, ਜਿਨ੍ਹਾਂ ਨਾਲ ਹਸਦਾ ।੧।

ਇਕਨਾਂ ਨੂੰ ਦੇ ਗਲ ਬਾਹੀਂ ਮਿਲਦਾ,
ਸਾਨੂੰ ਦੇਖਿ ਪਿਛਾਹਾਂ ਨਸਦਾ ।੨।

ਅਹਿਮਦ ਇਹ ਦਿਲ ਵਸ ਕੀਤੋ ਸੇ,
ਦੇਖਣ ਨੂੰ ਮੇਰਾ ਜੀਉ ਤਰਸਦਾ ।੩।
(ਰਾਗ ਕਲਿਆਨ)

3

ਮਨ ਤਰਸੇ ਤੇ ਨੈਨ ਉਡੀਕਨ,
ਕਿਚਰਕ ਤਾਈਂ ਮੈਂ ਛਿਪ ਛਿਪ ਰਹਸਾਂ ।
ਆਪ ਨਾ ਆਵਹਿ ਲਿਖਿ ਲਿਖਿ ਭੇਜਹਿ,
ਆਸਾਂ ਦੇ ਨਾਲਿ ਨਾ ਮਿਟਨ ਪਿਆਸਾਂ ।੧।ਰਹਾਉ।

ਬਿਰਹੁ ਤੁਹਾਡੇ ਦੀਆਂ ਅਲੀਆਂ ਛਮਕਾਂ,
ਮੁਢ ਕਲੇਜੇ ਦੇ ਪਉਂਦੀਆਂ ਲਾਸਾਂ ।੧।

ਅਹਿਮਦੁ ਸਾਈਂ ਦਰਸ ਦਿਖਾਈਂ,
ਪੁਜਨ ਮੁਰਾਦਾਂ ਮਨ ਦੀਆਂ ਆਸਾਂ ।੨।
(ਰਾਗ ਕਲਿਆਨ)

(ਅਲੀਆਂ=ਕੱਚੀਆਂ)