Agha Nisaar ਆਗ਼ਾ ਨਿਸਾਰ
ਨਾਂ-ਆਗ਼ਾ ਨਿਸਾਰ ਅਲੀ ਖ਼ਾਂ, ਕਲਮੀ ਨਾਂ-ਆਗ਼ਾ ਨਿਸਾਰ,
ਪਿਤਾ ਦਾ ਨਾਂ-ਜ਼ਫ਼ਰ ਅਲੀ ਖ਼ਾਂ, ਵਿਦਿਆ-ਐਫ਼. ਏ.
ਜਨਮ ਤਾਰੀਖ਼-15 ਫ਼ਰਵਰੀ 1964, ਜਨਮ ਸਥਾਨ-ਲਾਹੌਰ,
ਕਿੱਤਾ-ਮੁਸੱਵਰੀ,
ਛਪੀਆਂ ਕਿਤਾਬਾਂ-ਗਵਾਹੀ, ਤਸਦੀਕ, ਕਾਂਚ ਕੇ ਜੁਗਨੂੰ,
ਫ਼ਿਕਰਾਂ ਕੱਦ ਤੋਂ ਵੱਡੀਆਂ ਨੇ,
ਪਤਾ-ਲਾਹੌਰ, ਪੰਜਾਬ ।
ਪੰਜਾਬੀ ਗ਼ਜ਼ਲਾਂ (ਫ਼ਿਕਰਾਂ ਕੱਦ ਤੋਂ ਵੱਡੀਆਂ ਨੇ 1982 ਵਿੱਚੋਂ) : ਆਗ਼ਾ ਨਿਸਾਰ
Punjabi Ghazlan (Fikran Kadd Ton Vaddian Ne 1982) : Agha Nisaar
ਪੈਰ ਜਦੋਂ ਦੇ ਚੰਨ ਤੇ ਪਹੁੰਚੇ ਨੇ ਇਨਸਾਨਾਂ ਦੇ
ਪੈਰ ਜਦੋਂ ਦੇ ਚੰਨ ਤੇ ਪਹੁੰਚੇ ਨੇ ਇਨਸਾਨਾਂ ਦੇ । ਉੱਥੇ ਵਧ ਗਏ ਨੇ ਅੰਦੇਸ਼ੇ ਨਿੱਤ ਤੂਫ਼ਾਨਾਂ ਦੇ । ਮੈਂ ਕੀ ਜਾਣਾ ਕੌਣ ਗਿਆ ਤੇ ਕੌਣ ਆਇਆ ਏ ਘਰ, ਮੈਂ ਤੇ ਤਾਰੇ ਗਿਣਦਾ ਰਹਿਣਾ ਬਸ ਅਸਮਾਨਾਂ ਦੇ । ਨਿਤ ਨਵੇਂ ਬਹੁਤਾਨ ਨੂੰ ਜਰਨਾ ਕਿਸਮਤ ਉਨ੍ਹਾਂ ਦੀ, ਜਿਨ੍ਹਾਂ ਭਰੋਸੇ ਕਰ ਲਏ ਭੁੱਲ ਕੇ ਵੀ ਅਣਜਾਨਾਂ ਦੇ । ਨਫ਼ਸਾ-ਨਫ਼ਸੀ ਦੁਨੀਆ ਉੱਤੇ ਐਨੀ ਵਧ ਗਈ ਏ, ਵੇਖ ਰਿਹਾ ਹਾਂ ਥਾਂ ਥਾਂ ਸੌਦੇ ਮੈਂ ਈਮਾਨਾਂ ਦੇ । ਆਪਣੇ ਜਜ਼ਬੇ ਜੋ ਨਹੀਂ ਰੱਖਦੇ ਗਿਰਵੀ ਗ਼ਰਜ਼ਾਂ ਕੋਲ, ਭਾਰ ਕਦੇ ਨਹੀਂ ਚੁਕਦੇ ਯਾਰੋ ਉਹ ਅਹਿਸਾਨਾਂ ਦੇ । ਆ ਜਾਂਦਾ ਏ ਵੇਲਾ ਜਦ ਵੀ ਆਪਣੀ ਆਈ ਤੇ, ਰੇਜ਼ਾ-ਰੇਜ਼ਾ ਕਰਦਾ ਪਲ ਵਿਚ ਮਾਨ ਚਟਾਨਾਂ ਦੇ । ਫੜੀਆਂ ਹੋਵਣ ਜੇ ਕਰ 'ਆਗ਼ਾ' ਕੰਬਦੇ ਹੱਥਾਂ ਵਿਚ, ਤੀਰ ਨਿਸ਼ਾਨੇ ਤੇ ਨਹੀਂ ਲੱਗਦੇ ਫੇਰ ਕਮਾਨਾਂ ਦੇ ।
ਰਾਤ ਦਿਨੇ ਮੈਂ ਤੈਨੂੰ ਟੋਲ੍ਹਾਂ ਤੇਰੇ ਲਈ
ਰਾਤ ਦਿਨੇ ਮੈਂ ਤੈਨੂੰ ਟੋਲ੍ਹਾਂ ਤੇਰੇ ਲਈ । ਪਿਆਰ ਦੇ ਸੁੱਚੇ ਮੋਤੀ ਰੋਲਾਂ ਤੇਰੇ ਲਈ । ਆਪਣੇ ਸੱਭੇ ਸੁਖ ਮੈਂ ਲਾ ਕੇ ਤੇਰੇ ਨਾਂ, ਦੁੱਖਾਂ ਵਿਚ ਵੀ ਸੁੱਖ ਟਟੋਲਾਂ ਤੇਰੇ ਲਈ । ਤੂੰ ਆਵੇਂ ਤੇ ਪਿਆਸ ਬੁਝਾਵਾਂ ਅੱਖੀਆਂ ਦੀ, ਦਿਲ ਦੇ ਸਾਰੇ ਬੂਹੇ ਖੋਲ੍ਹਾਂ ਤੇਰੇ ਲਈ । ਜ਼ਿੰਦਾ ਰਹਿਣ ਦਾ ਬਲ ਤੂੰ ਮੈਨੂੰ ਦੱਸਿਆ ਏ, ਕਿਉਂ ਨਾ ਫੇਰ ਹਿਆਤੀ ਰੋਲਾਂ ਤੇਰੇ ਲਈ । ਤੂੰ ਹੋਵੇਂ ਤੇ ਯਾਦ ਰਹਵੇ ਨਾ ਆਪਣਾ ਆਪ, ਤੇਰੇ ਬਾਝੋਂ ਫਿਰ ਮੈਂ ਡੋਲਾਂ ਤੇਰੇ ਲਈ । ਲੋਕ ਤੇ ਆਪਣੀ ਖ਼ਾਤਰ ਟੋਲ੍ਹਣ ਆਪਣਾ ਆਪ, ਤੇ ਮੈਂ ਆਪਣਾ ਆਪ ਟਟੋਲਾਂ ਤੇਰੇ ਲਈ । ਬੋਲਣ ਦੀ ਫਿਰ ਜਾਚ ਨਾ ਮੈਨੂੰ ਯਾਦ ਰਹਵੇ, 'ਆਗ਼ਾ' ਮੰਦਾ ਬੋਲ ਜੇ ਬੋਲਾਂ ਤੇਰੇ ਲਈ ।
ਖ਼ਾਹਸ਼ਾਂ ਦੀ ਧੂੜ ਦੇ ਤੂਫ਼ਾਨ ਵਿਚ
ਖ਼ਾਹਸ਼ਾਂ ਦੀ ਧੂੜ ਦੇ ਤੂਫ਼ਾਨ ਵਿਚ । ਲੱਭ ਰਿਹਾ ਹਾਂ ਮੈਂ ਵਫ਼ਾ ਇਨਸਾਨ ਵਿਚ । ਦੋ ਕਦਮ ਦਾ ਫ਼ਾਸਲਾ ਵੀ ਹੈ ਤਵੀਲ, ਹੌਸਲਾ ਹੋਵੇ ਨਾ ਜੇ ਇਨਸਾਨ ਵਿਚ । ਆਰਜ਼ੂ ਦਾ ਹਰ ਸਫ਼ੀਨਾ ਡੁਬ ਗਿਆ, ਨਾਉਮੀਦੀ ਦੇ ਚੜ੍ਹੇ ਤੂਫ਼ਾਨ ਵਿਚ । ਮੈਂ ਸਦਾ ਕਰਨਾ ਵਾਂ ਉਹਦੀ ਜੁਸਤਜੂ, ਤੇਰੇ ਭਾਣੇ ਜੋ ਨਹੀਂ ਅਮਕਾਨ ਵਿਚ । ਖ਼ੌਫ਼ ਖਾਂਦਾ ਆਪ ਉਹ ਇਨਸਾਨ ਤੋਂ, ਅਕਲ ਹੁੰਦੀ ਜੇ ਕਦੇ ਹੈਵਾਨ ਵਿਚ । ਫਿਰ ਰਿਆਇਆ ਕਿਉਂ ਮੁਖ਼ਾਲਿਫ਼ ਹੋ ਗਈ, ਜੇ ਬੁਰਾਈ ਕੁਝ ਨਹੀਂ ਸੁਲਤਾਨ ਵਿਚ । ਜਦ ਕਸ਼ਿਸ਼ 'ਆਗ਼ਾ' ਵਿਖਾਈ ਕੁਫ਼ਰ ਨੇ, ਤਾਜ਼ਗੀ ਆਈ ਮੇਰੇ ਈਮਾਨ ਵਿਚ ।
ਸ਼ਾਮ ਢਲੇ ਤੇ ਆਪਣਾ ਸੀਨਾ ਠਾਰੇ ਰਾਤ
ਸ਼ਾਮ ਢਲੇ ਤੇ ਆਪਣਾ ਸੀਨਾ ਠਾਰੇ ਰਾਤ । ਚੰਨ ਨੂੰ ਵੇਖੇ ਨਾਲੇ ਵੇਖੇ ਤਾਰੇ ਰਾਤ । ਮਿੱਠੀ ਨੀਂਦਰ ਸੌਂਦੇ ਲੋਕੀ ਬਿਸਤਰ ਤੇ, ਸਾਡੀ ਨੀਂਦ ਉਡਾ ਕੇ ਪੈਰ ਪਸਾਰੇ ਰਾਤ । ਟੁਰਦੀ ਟੁਰਦੀ ਥੱਕ ਜਾਂਦੀ ਏ ਆਪ ਜਦੋਂ, ਸੂਰਜ ਪਿੱਛੇ ਲੁਕ ਕੇ ਥਕਨ ਉਤਾਰੇ ਰਾਤ । ਲੋਕੀ ਸ਼ਿਕਵਾ ਕਰਦੇ ਨਿੱਕੀਆਂ ਰਾਤਾਂ ਦਾ, ਸਾਨੂੰ ਲੱਗਣ ਪਲ ਵੀ ਭਾਰੇ ਭਾਰੇ ਰਾਤ । ਦਿਲ ਤੇ ਜਰਦਾ ਤਾਅਨੇ ਸਭਨਾਂ ਸੱਧਰਾਂ ਦੇ, ਤਾਰੇ ਗਿਣ ਗਿਣ ਕੱਟਦੇ ਨੈਣ ਵਿਚਾਰੇ ਰਾਤ । ਕਰਦੇ ਨੇ ਇਤਬਾਰ ਕਿਸੇ ਦਾ 'ਆਗ਼ਾ' ਜੋ, ਉਨ੍ਹਾਂ ਨੂੰ ਤਰਸਾ ਤਰਸਾ ਕੇ ਮਾਰੇ ਰਾਤ ।
ਸੁੱਤਿਆਂ ਨੂੰ ਬੇਦਾਰ ਕਰਾਂ ਮੈਂ
ਸੁੱਤਿਆਂ ਨੂੰ ਬੇਦਾਰ ਕਰਾਂ ਮੈਂ ਸੋਚ ਰਿਹਾਂ । ਕੋਸ਼ਿਸ਼ ਫਿਰ ਇਕ ਵਾਰ ਕਰਾਂ ਮੈਂ ਸੋਚ ਰਿਹਾਂ । ਆਪਣੇ ਮਗਰੋਂ ਆਵਣ ਵਾਲੇ ਲੋਕਾਂ ਲਈ, ਰਸਤੇ ਨੂੰ ਹਮਵਾਰ ਕਰਾਂ ਮੈਂ ਸੋਚ ਰਿਹਾਂ । ਬੰਦਿਆਂ ਤੇ ਇਤਬਾਰ ਕਰਨ ਤੋਂ ਚੰਗਾ ਏ, ਸੱਪਾਂ ਤੇ ਇਤਬਾਰ ਕਰਾਂ ਮੈਂ ਸੋਚ ਰਿਹਾਂ । ਮਰ ਵੀ ਜਾਵਾਂ ਤੇ ਇਹ ਦੁਨੀਆਂ ਯਾਦ ਕਰੇ, ਉਹ ਅਣਹੋਣੀ ਕਾਰ ਕਰਾਂ ਮੈਂ ਸੋਚ ਰਿਹਾਂ । ਜਿੰਦੜੀ ਨੂੰ ਤੇ ਨੇੜੇ ਹੋ ਕੇ ਵੇਖ ਲਿਆ, ਮੌਤ ਦਾ ਹੁਣ ਦੀਦਾਰ ਕਰਾਂ ਮੈਂ ਸੋਚ ਰਿਹਾਂ । ਅੱਖਾਂ ਜੀਹਦੀ ਸੂਰਤ ਵੀ ਨਾ ਤੱਕਣਾ ਚਾਹੁਣ, 'ਆਗ਼ਾ' ਉਹਨੂੰ ਪਿਆਰ ਕਰਾਂ ਮੈਂ ਸੋਚ ਰਿਹਾਂ ।
ਜਦ ਤੱਕ ਜਾਰੀ ਮੇਰੀਆਂ ਸਾਹਵਾਂ
ਜਦ ਤੱਕ ਜਾਰੀ ਮੇਰੀਆਂ ਸਾਹਵਾਂ ਰਹਿਣਗੀਆਂ । ਮੇਰੇ ਦਿਲ ਨੂੰ ਤੇਰੀਆਂ ਤਾਂਘਾਂ ਰਹਿਣਗੀਆਂ । ਇਕ ਵੀ ਸ਼ਾਖ਼ ਦਾ ਪੱਤਾ ਹੋਇਆ ਪੀਲਾ ਤੇ, ਖ਼ੌਫ਼ਜਦਾ ਫਿਰ ਸਾਰੀਆਂ ਸ਼ਾਖ਼ਾਂ ਰਹਿਣਗੀਆਂ । ਤੇਰੀ ਫ਼ਿਤਰਤ ਵਿਚ ਵਫ਼ਾ ਏ ਜਦ ਤੀਕਰ, ਮੇਰੀਆਂ ਸੱਭੇ ਸੱਧਰਾਂ ਹਰੀਆਂ ਰਹਿਣਗੀਆਂ । ਅੱਖ ਖੁੱਲ੍ਹੀ ਤੇ ਟੁਟ ਜਾਵੇਗਾ ਸੁਫ਼ਨਾ, ਪਰ ਸੋਚਾਂ ਵਿਚ ਤਨਹਾਈਆਂ ਡੁੱਬੀਆਂ ਰਹਿਣਗੀਆਂ । ਬਹਿ ਜਾਣਾ ਏ ਰਾਹੀਆਂ ਥੱਕ ਕੇ ਰਸਤੇ ਵਿਚ, ਮੰਜ਼ਿਲ ਦੇ ਵਲ ਸੜਕਾਂ ਤੁਰੀਆਂ ਰਹਿਣਗੀਆਂ । 'ਆਗ਼ਾ' ਕਿਸਰਾਂ ਸਾਫ਼ ਤੂੰ ਚਿਹਰੇ ਦੇਖੇਂਗਾ, ਜੇ ਕਰ ਤੇਰੀਆਂ ਅੱਖਾਂ ਭਿੱਜੀਆਂ ਰਹਿਣਗੀਆਂ ।
ਮੈਨੂੰ ਚੰਗੀ ਏ ਤਨਹਾਈ ਰਹਿਣ ਦਿਓ
ਮੈਨੂੰ ਚੰਗੀ ਏ ਤਨਹਾਈ ਰਹਿਣ ਦਿਓ । ਮੈਂ ਇਹ ਵਖ਼ਤਾਂ ਨਾਲ ਕਮਾਈ ਰਹਿਣ ਦਿਓ । ਸੱਚ ਦਾ ਸਾਥ ਨਿਭਾਉਣਾ ਜੇ ਰੁਸਵਾਈ ਏ, ਮੇਰੇ ਜੋਗੀ ਇਹ ਰੁਸ਼ਵਾਈ ਰਹਿਣ ਦਿਓ । ਧੋ ਨਹੀਂ ਸਕਦੇ ਜੋ ਜ਼ਿਹਨਾਂ ਦੀ ਤਲਖ਼ੀ ਨੂੰ, ਉਨ੍ਹਾਂ ਦੇ ਨਾਲ ਸੁਲਾਹ ਸਫ਼ਾਈ ਰਹਿਣ ਦਿਓ । ਲੋੜ ਪਵੇਗੀ ਇਹਦੀ ਇਕ ਦਿਨ ਨੇਰ੍ਹੇ ਵਿਚ, ਸੋਚਾਂ ਦੇ ਵਿਚ ਕੁਝ ਰੁਸ਼ਨਾਈ ਰਹਿਣ ਦਿਓ । ਉਨ੍ਹਾਂ ਨੇ ਤਾਰੀਖ਼ ਅਸਾਡੀ ਲਿਖਣੀ ਏ, ਆਉਣ ਵਾਲਿਆਂ ਲਈ ਦਾਨਾਈ ਰਹਿਣ ਦਿਓ । ਓੜਕ ਏਸੇ ਮਿੱਟੀ ਹੇਠਾਂ ਜਾਣਾ ਏ, ਏਸ ਮਿਟੀ ਨਾਲ ਤੇ ਅਸ਼ਨਾਈ ਰਹਿਣ ਦਿਓ । ਟੁਟ ਨਹੀਂ ਸਕਣਾ ਗੋਲ ਕਤਾਰਾ ਵੇਲੇ ਦਾ, 'ਆਗ਼ਾ ਜੀ' ਇਹ ਜ਼ੋਰ ਅਜ਼ਮਾਈ ਰਹਿਣ ਦਿਓ ।