Punjabi Ghazlan : Afzal Ahsan Randhawa

ਪੰਜਾਬੀ ਗ਼ਜ਼ਲਾਂ : ਅਫ਼ਜ਼ਲ ਅਹਿਸਨ ਰੰਧਾਵਾ

1. ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ

ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ ।
ਕੈਦ 'ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ ।

ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ ਭਰ ਵੰਡਾਂ,
ਚੰਗੇ ਲੋਕੀ ਹਸ-ਹਸ ਝੋਲੀਆਂ ਭਰ-ਭਰ ਲੁੱਟਣ ।

ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ,
ਇਕ ਇਕ 'ਬੀ' 'ਚੋਂ ਸੌ ਸੌ ਬੂਟੇ ਫੁੱਟਣ ।

ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ,
ਇਕ ਦੂਜੇ ਤੇ ਗੁੱਸੇ ਨਾਲ ਨਾ 'ਫੁੱਲ' ਵੀ ਸੁੱਟਣ ।

ਮੈਂ ਲਿਖਾਂ, ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ,
'ਸ਼ਾਲਾ' ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ ।

'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇਂ ਆਜ਼ਮ ਜਾਗੇ,
ਦੁੱਖਾਂ, ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ ।

2. 'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ

'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ ।
ਚੁੱਕਣ ਲਈ 'ਸਲੀਬ' ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ ।

ਯਾ ਮੈਥੋਂ ਇਹ ਸੁਨਣਾ, ਬੋਲਣਾ, ਵੇਖਣਾ, ਸੋਚਣਾ ਲੈ ਲੈ,
ਯਾ ਮੈਨੂੰ ਵੀ ਅਪਣੀ ਡੂੰਘੀ, ਚੁੱਪ ਦੇ ਰੰਗ 'ਚ ਰੰਗ ।

ਯਾ ਤੇ ਮੈਨੂੰ ਅੱਖੀਆਂ ਦੇਹ ਮੈਂ ਤੈਨੂੰ ਦੇਖਾਂ-ਚਾਖਾਂ,
ਯਾ ਫਿਰ ਮੈਂ ਵੀ ਲੋਕਾਂ ਵਾਂਗੂੰ, ਬਹਿ ਕੇ ਘੋਟਾਂ ਭੰਗ ।

ਮੰਗ ਲਿਆ ਤੇ ਇਕ ਭੋਰਾ ਜਿਹਾ, ਚਾਨਣ ਵੀ ਨਹੀਂ ਦਿੰਦਾ,
ਕਹਿੰਦਾ ਹੁੰਦਾ ਸੈਂ ਮੰਗ ਲੈ, ਮੰਗ ਲੈ, ਮੰਗ ਲੈ ਨਾ ਸੰਗ ।

ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ,
ਅੱਜ ਕੱਲ੍ਹ ਕਿਸੇ ਨਾ ਕਿਸੇ ਬਹਾਨੇ, ਟੁਰਿਆ ਰਹਿਨੈਂ ਝੰਗ ।

ਇਸ਼ਕ ਤੇ ਵਾਰਾ ਖਾ ਜਾਂਦਾ, ਪਰ ਥਾਂ ਸੀ ਬਹੁਤਾ ਉੱਚਾ,
'ਅਫ਼ਜ਼ਲ ਅਹਿਸਨ' ਮਾਰ ਗਿਆ, ਯਾਰਾਂ ਨੂੰ ਤੇੜ ਦਾ ਨੰਗ ।

3. ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ

ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ ।
ਜ਼ੇਲ੍ਹ ਤੇ ਓੜਕ ਜ਼ੇਲ੍ਹ ਏ ਬੱਚੜਾ ।

ਜਿਹੜਾ ਹੱਥ ਖੜ੍ਹੇ ਕਰ ਜਾਏ,
ਇਸ਼ਕ 'ਚ ਉਹੀ ਫ਼ੇਲ੍ਹ ਏ ਬੱਚੜਾ ।

ਟਿਗਟਾਂ ਵਾਲੇ ਪੈਦਲ ਟੁਰਦੇ
ਬੇ-ਟਿਗਟੇ ਦੀ ਰੇਲ ਏ ਬੱਚੜਾ ।

ਜਿਹੜਾ ਸਾਮ੍ਹਣੇ ਆਏ, ਹੈ ਨਹੀਂ,
ਅੰਨ੍ਹੇ ਹੱਥ ਗੁਲੇਲ ਏ ਬੱਚੜਾ ।

ਸਾਡੇ ਹਿਜਰ ਤੇ ਰੋੜ੍ਹਨ ਹੰਝੂ,
ਅੱਗ ਪਾਣੀ ਦਾ ਮੇਲ ਏ ਬੱਚੜਾ ।

'ਬਿਜੂ' ਖੁੱਲ੍ਹੇ ਬੰਦੇ ਬੱਧੇ,
ਚੰਗਾ ਤੇਰਾ ਖੇਲ੍ਹ ਏ ਬੱਚੜਾ ।

ਨਹੀਂ ਹੰਝੂ ਕਿੱਥੋਂ ਆਉਂਣੇ ਨੇ,
ਅੱਖਾਂ ਵਿੱਚ ਤਰੇਲ ਏ ਬੱਚੜਾ ।

'ਅਫ਼ਜ਼ਲ ਅਹਿਸਨ' ਲੁੱਟ ਕੇ ਲੈ ਜਾ,
ਦਰਦ ਫ਼ਿਰਾਕ ਦੀ ਸੇਲ ਏ ਬੱਚੜਾ ।

4. ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ

ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ ।
ਆਹੋ ਮੈਨੂੰ ਉਹਦੀ ਕੋਈ ਪਰਵਾਹ ਨਹੀਂ ।

ਹੁਣ ਉਹ ਚਾਰੂ ਹੋ ਗਿਆ ਹਰੀਆਂ ਫ਼ਸਲਾਂ ਦਾ,
ਮੇਰੇ ਕੋਲ ਤੇ ਇਕ ਦੋ ਰੁੱਗ ਵੀ 'ਘਾਹ' ਨਹੀਂ ।

ਅਪਣੇ ਹੰਝੂਆਂ ਵਿੱਚ ਉਹ ਗੋਤੇ ਖਾਂਦਾ ਏ,
ਡੁੱਬ ਜਾਵੇਗਾ ਉਹਦਾ ਲੰਬਾ ਸਾਹ ਨਹੀਂ ।

ਹੁਣ ਉਹ ਅਪਣੇ ਸਿਰ ਦੇ ਵਿੱਚ ਕੀ ਪਾਏਗਾ,
ਸੱਤਾਂ ਚੁੱਲ੍ਹਿਆਂ ਵਿੱਚ ਤੇ ਮੁੱਠ ਸੁਆਹ ਨਹੀਂ ।

ਅੱਗ ਦੇ ਕੋਲ ਘਿਉ ਵੀ ਪੰਘਰ ਜਾਂਦਾ ਏ,
ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ ।

ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ,
ਮੌਤ ਦਾ ਮੈਨੂੰ ਰੱਤੀ ਭਰ 'ਤਰਾਹ' ਨਹੀਂ ।

ਮੇਰੇ ਦੁੱਖੋਂ ਮੌਤ ਕਿਨਾਰੇ ਬੈਠਾ ਏ,
ਉੱਤੋਂ ਆਂਹਦਾ ਮੈਨੂੰ ਕੋਈ ਪ੍ਰਵਾਹ ਨਹੀਂ ।

ਵਿੱਛੜ ਕੇ ਰੋਂਦਾ ਸੀ ਮਿਲ ਕੇ ਆਕੜ ਦਾ,
'ਅਫ਼ਜ਼ਲ ਅਹਿਸਨ' ਉਹਦਾ ਕੁਝ ਵਿਸਾਹ ਨਹੀਂ ।

5. ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ

ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ ।
ਉਹਨੂੰ ਮਿਲ ਕੇ ਦਿਲ ਦਾ ਦਰਦ ਲਕੋਈ ਰੱਖ ।

ਖੋਲੇਂਗਾ ਕੋਈ ਅੰਦਰ ਵੜ ਆਊਗਾ,
ਅਖਾਂ ਵਾਲੇ ਦੋਵੇਂ ਬੂਹੇ ਢੋਈ ਰੱਖ ।

ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।

ਉਹਦੇ ਹੱਥ ਨਾਜ਼ੁਕ ਤੇ ਧਾਰਾਂ ਸਖਤੀਆਂ ਨੇ,
ਉਹ ਪਸ਼ਮਾਉਂਦਾ ਜਾਂਦੈ ਤੇ ਤੂੰ ਚੋਈ ਰੱਖ ।

ਸ਼ਿਖਰ ਦੁਪਹਿਰੇ ਫਿਰਕੇ ਦੇਖ ਚੁੜੇਲਾਂ ਨੂੰ,
ਕੰਨ ਵਿੱਚ ਰੂੰ ਦਾ ਤੂੰਬਾ ਭਿਊਂ ਖ਼ੁਸ਼ਬੋਈ ਰੱਖ ।

ਜਿੰਨੇ ਜੋਗਾ ਏਂ ਉਨਾ ਤੇ ਕਰਦਾ ਰਹੁ,
ਮੈਲੀ ਧਰਤੀ ਪਾਣੀ ਪਾ ਪਾ ਧੋਈ ਰੱਖ ।

ਇਕ ਵਾਰੀ ਤੇ ਫ਼ਸਲਾਂ ਔੜ ਨੂੰ ਭੁੱਲ ਜਾਵਣ,
'ਅਫ਼ਜ਼ਲ ਅਹਿਸਨ' ਉੱਠ ਰਾਤ ਦਿਨ ਖੂਹ ਜੋਈ ਰੱਖ ।

6. ਇੰਜ ਹਾਲੋਂ ਬੇ ਹਾਲ ਨੀ ਮਾਏ

ਇੰਜ ਹਾਲੋਂ ਬੇ ਹਾਲ ਨੀ ਮਾਏ
ਭੁੱਲ ਗਈ ਆਪਣੀ ਚਾਲ ਨੀ ਮਾਏ

ਓਨੇ ਫੱਟ ਮੇਰੇ ਜੁੱਸੇ 'ਤੇ
ਜਿੰਨੇ ਤੇਰੇ ਵਾਲ਼ ਨੀ ਮਾਏ

ਦੋਜ਼ਖ਼ ਤੈਥੋਂ ਦੂਰੀ, ਜੰਨਤ
ਤੇਰੇ ਆਲ-ਦਵਾਲ ਨੀ ਮਾਏ

ਹੁਣ ਤੇ ਕੁੱਝ ਨਈਂ ਨਜ਼ਰੀਂ ਆਉਂਦਾ
ਹੋਰ ਇਕ ਸੂਰਜ ਬਾਲ ਨੀ ਮਾਏ

ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ਼ ਨੀ ਮਾਏ

ਮੇਰੀ ਚਿੰਤਾ ਛੱਡ ਦੇ, ਐਥੇ
ਰੁਲਦੇ ਸਭ ਦੇ ਬਾਲ ਨੀ ਮਾਏ

ਮੇਰਾ ਮੱਥਾ ਚੁੰਮਿਆਂ ਤੈਨੂੰ
ਹੋ ਗਏ ਚਵੀ ਸਾਲ ਨੀ ਮਾਏ

ਹਰ ਛੋਟੀ ਵੱਡੀ ਆਫ਼ਤ ਵਿਚ
ਤੂੰ ਸੈਂ ਸਾਡੀ ਢਾਲ ਨੀ ਮਾਏ

ਹੁਣ ਨਾ ਦੁੱਧ ਪਿਆਈਂ ਪੂਰਾ
ਵੱਡੇ ਹੋਣ ਨਾ ਬਾਲ ਨੀ ਮਾਏ

ਜਿਹਨੂੰ ਮਿਲੀਏ ਫਾਹ ਲੈਂਦਾ ਏ
ਹਰ ਬੰਦਾ ਕੋਈ ਜਾਲ਼ ਨੀ ਮਾਏ

ਸ਼ਹਿਰ ਦੇ ਸੁੱਖ ਕੀਹ ਲਿਖਾਂ ਤੈਨੂੰ
ਮੁੱਲ ਨਹੀਂ ਲਭਦੀ ਦਾਲ਼ ਨੀ ਮਾਏ

ਅਫ਼ਜ਼ਲ ਅਹਸਨ ਲੋਹਾ ਸੀ, ਪਰ
ਖਾ ਗਿਆ ਦਰਦ ਜੰਗਾਲ਼ ਨੀ ਮਾਏ
(ਰਾਹੀਂ: ਮਜ਼ਹਰ ਕਯੂਮ ਧਾਰੀਵਾਲ ਜਹਾਨੀਆਂ ਪਾਕਿਸਤਾਨ)

7. ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ

ਕਿਸ ਤਰ੍ਹਾਂ ਮੈਂ ਡੰਗ ਟਪਾਏ, ਕੀਤਾ ਕਿੰਜ ਗੁਜ਼ਾਰਾ ਮਾਂ
ਕਿਹੜਾ ਕਿਹੜਾ ਸੁੱਖ ਪਾਇਆ ਏ, ਛੱਡ ਕੇ ਤਖ਼ਤ ਹਜ਼ਾਰਾ ਮਾਂ

ਜੰਮਪਲ ਮੈਂ ਬਸੰਤਰ ਤੇ ਰਾਵੀ ਦੇ ਮਿੱਠੇ ਪਾਣੀ ਦਾ ਸਾਂ
ਜਿੱਥੇ ਜਾ ਕੇ ਉਮਰ ਗੁਜ਼ਾਰੀ, ਓਥੇ ਪਾਣੀ ਖਾਰਾ ਮਾਂ

ਜਿਹੜੀ ਜੂਹ ਦਾ ਮੈਂ ਲਾੜ੍ਹਾ ਸਾਂ, ਜਦ ਉਹ ਜੂਹ ਮੈਂ ਛੱਡੀ
ਲੱਖੋਂ ਕੱਖ ਤੇ ਕੱਖੋਂ ਹੌਲਾ ਹੋਇਆ ਸਾਂ ਦੁਖਿਆਰਾ ਮਾਂ

ਭਲਾ ਹੋਇਆ ਏ ਤੂੰ ਨਹੀਂ ਵੇਖਿਆ ਕਿੰਜ ਰੁਲਿਆ ਏ ਤੇਰੇ ਬਾਦ
ਤੇਰਾ ਹੀਰਾ, ਲਾਲ, ਜਵਾਹਰ, ਤੇਰੀ ਅੱਖ ਦਾ ਤਾਰਾ ਮਾਂ

ਭੰਨ ਤਰੋੜ ਕਬੀਲਦਾਰੀਆਂ ਦੋਹਰਾ ਕੀਤਾ, ਮੈਂ ਜੋ ਸਾਂ
ਤੇਰੇ ਦੁੱਧ ਤੇ ਪਲਿਆ ਹੋਇਆ, ਲੱਠ ਦੇ ਵਾਂਗ ਇਕਾਹਰਾ ਮਾਂ

ਤੂੰ ਕੀਹ ਘੜ੍ਹਨਾ ਚਾਹੁੰਦੀ ਸੈਂ ਤੇ ਕਿਸ ਸਾਂਚੇ ਵਿਚ ਢਲਿਆ ਮੈਂ
ਤੇਰਾ ਅਕਬਰ ਬਾਦਸ਼ਾਹ ਬਣ ਗਿਆ, ਹਾਵਾਂ ਦਾ ਵਣਜਾਰਾ ਮਾਂ

ਕਿਆਮਪੁਰ ਦੇ ਘੱਟੇ, ਮਿੱਟੀ ਮੇਰੀ ਦੇਹ ਨੂੰ ਰੰਗਿਆ ਇੰਜ
ਸਾਰੀ ਦੁਨੀਆਂ ਵੇਖੀ, ਵਾਚੀ ਕਿਤੇ ਨਾ ਰੰਗ ਹਮਾਰਾ ਮਾਂ

ਮੈਂ ਤੇ ਹੱਸ ਕੇ ਅਪਣੀ ਜ਼ਿੰਦਗੀ ਤੇਰੇ ਨਾਵੇਂ ਲਾ ਦੇਂਦਾ
ਤੇਰੀ ਘਟੀ ਜੇ ਵਧ ਸਕਦੀ ਤੇ ਕਰਦਾ ਕੋਈ ਚਾਰਾ ਮਾਂ

ਬੁੱਢੇ ਵਾਰੇ ਤੱਕ ਮਾਪੇ ਕਦ ਸਾਥ ਨਿਭਾਉਂਦੇ ਦੁਨੀਆਂ ਵਿਚ
ਬੁੱਢੇ ਵਾਰੇ ਮੈਨੂੰ ਜਾਪੇ ਏਹੋ ਇਕ ਦੁੱਖ ਭਾਰਾ ਮਾਂ

ਬੱਸ ਕਰ ਅਫ਼ਜ਼ਲ ਅਹਸਨ! ਮਾਂ ਤੋਂ ਕਦ ਇਹ ਸੁਣਿਆਂ ਜਾਣਾ ਸਭ
ਏਹੋ ਆਖ ਮੈਂ ਖੈਰੀਂ ਵੱਸਨਾਂ, ਚੰਗਾ ਬਹੁਤ ਗੁਜ਼ਾਰਾ ਮਾਂ

8. ਸਾਰੇ ਔਖੇ ਭਾਰੇ ਸਾਹਿਬ

ਸਾਰੇ ਔਖੇ ਭਾਰੇ ਸਾਹਿਬ
ਤੂੰ ਹੀ ਕਾਜ ਸਵਾਰੇ ਸਾਹਿਬ

ਸ਼ੇਅਰ 'ਚ ਰੂਹ ਹੋਵੇ ਤੇ ਬੋਲੇ
ਗੂੰਗੇ ਲਫ਼ਜ਼ ਨਕਾਰੇ ਸਾਹਿਬ

ਕਰ ਗਏ ਚੱਟ ਖੇਤੀ ਸਭ ਰਾਖੇ
ਲੋਕੀ ਭੁੱਖ ਨੇ ਮਾਰੇ ਸਾਹਿਬ

ਕਹਿਤ ਭੁਚਾਲ ਬਿਮਾਰੀਆਂ ਸੋਕੇ
ਤੇਰੇ ਹੈਣ ਇਸ਼ਾਰੇ ਸਾਹਿਬ

ਰੱਜਿਆ ਗ਼ਾਫ਼ਿਲ, ਭੁੱਖਾ ਹਾਜ਼ਿਰ
ਖੜਾ ਤੇਰੇ ਦਰਬਾਰੇ ਸਾਹਿਬ

ਜਿਹਨੂੰ ਕਿਤੇ ਨਾ ਢੋਈ ਲੱਭੇ
ਪੁੱਜਿਆ ਤੇਰੇ ਦਵਾਰੇ ਸਾਹਿਬ

ਮਹਿਕਾਂ, ਰੰਗ, ਰੋਸ਼ਨੀਆਂ, ਲੋਆਂ
ਤੇਰੇ ਨੂਰ ਨਜ਼ਾਰੇ ਸਾਹਿਬ

ਕੁੱਲ੍ਹੀ ਦੇਹ ਮੈਂ ਮੰਗਦਾ ਨਹੀਂ
ਮਾੜੀਆਂ, ਮਹਿਲ, ਚੁਬਾਰੇ ਸਾਹਿਬ

'ਅਫ਼ਜ਼ਲ ਅਹਸਨ' ਦਮ ਦਮ ਪਲ ਪਲ
ਤੇਰਾ ਨਾਓਂ ਚਿਤਾਰੇ ਸਾਹਿਬ

9. ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ

ਕੰਡ ਉੱਤੇ ਹੱਥ ਫੇਰ ਕੇ ਅੰਦਰ ਦੇ ਸਭ ਰੋਗ ਮਿਟਾਏ
ਮਾਏ! ਤੇਰੇ ਵਰਗੇ ਹੱਥ ਹੁਣ ਬੰਦਾ ਕਿਥੋਂ ਲਿਆਏ

ਅੰਦਰੋਂ ਭੱਜਣ ਟੁੱਟਣ ਉੱਤੋਂ ਹੱਸਦੇ ਦੇਣ ਵਖਾਲੀ
ਮਾਏ! ਇਕ ਦੂਜੇ ਨੂੰ ਦੁੱਖ ਨਈਂ ਦਸਦੇ ਤੇਰੇ ਜਾਏ

ਬੁੱਢੇ ਹੋ ਕੇ ਅਕਸਰ ਅਪਣੇ ਮਾਪਿਆਂ ਵਰਗੇ ਲਗਦੇ
ਮਾਪੇ ਅਪਣੇ ਬੱਚਿਆਂ ਅੰਦਰ ਜਿਉਂਦੇ ਜਾਗਦੇ ਆਏ

ਦਰਦਾਂ ਦੀ ਫੁਲਕਾਰੀ ਬਖ਼ਸ਼ੀ ਨਾਲ ਹੀ ਇਹ ਫ਼ਰਮਾਇਆ
ਦਰਦ ਦੇ ਖਾਨਿਆਂ ਪਿੜੀਆਂ ਵਿਚ ਹੀ ਬੰਦਾ ਉਮਰ ਲੰਘਾਏ

ਅੱਲ੍ਹਾ ਦੀ ਮਨਜ਼ੂਰੀ ਮਾਪਿਆਂ ਦੀਆਂ ਦੁਆਵਾਂ ਨਾਲ
ਤੇਰੇ ਬੱਚਿਆਂ ਮਿਹਨਤਾਂ ਮਾਰੀਆਂ ਵੱਡੇ ਮਰਾਤਬੇ ਪਾਏ

ਯੂਸਫ਼ ਸੀ ਪੈਗ਼ੰਬਰ ਜ਼ਾਦਾ ਮੈਂ ਮਾੜਾ ਜਿਹਾ ਜੱਟ
ਮੈਂ ਵਿਕਣ ਨੂੰ ਆਇਆ ਮੈਨੂੰ ਕੌਣ ਖਰੀਦ ਲੈ ਜਾਏ

ਪਿੰਡ ਵਿਚ ਕੋਈ ਮਰੇ ਤੇ ਸੋਗ 'ਚ ਰਲਦੇ ਸਾਰੇ ਲੋਕ
ਸ਼ਹਿਰ 'ਚ ਰਲਦੇ ਨਹੀਂ ਜਨਾਜ਼ੇ ਨਾਲ ਵੀ ਦੋ ਹਮਸਾਏ

ਤਖਲੀਕਾਂ ਦੇ ਸੋਮੇ ਫੁੱਟਣ ਦਰਦ ਫ਼ਿਰਾਕਾਂ ਵਿਚੋਂ
ਅਫ਼ਜ਼ਲ ਅਹਸਨ! ਏਸ ਦੁੱਖ ਤੇ ਬੰਦਾ ਰੋ ਰੋ ਖ਼ੁਸ਼ੀ ਮਨਾਏ

10. ਜਦ ਹੁਨਰੀਆਂ ਲਈ ਸੰਭਾਲ ਗ਼ਜ਼ਲ

ਜਦ ਹੁਨਰੀਆਂ ਲਈ ਸੰਭਾਲ ਗ਼ਜ਼ਲ
ਤਦ ਹੋ ਹੋ ਗਈ ਨਿਹਾਲ ਗ਼ਜ਼ਲ

ਇਰਾਨ ਤੋਂ ਤੁਰਦੀ ਆਣ ਵੜੀ
ਪੰਜਾਬੀਆਂ ਦੇ ਚੌਪਾਲ ਗ਼ਜ਼ਲ

ਮੰਗੇ ਕਈ ਇਸ਼ਕ ਦੇ ਸਾਲ ਗ਼ਜ਼ਲ
ਫਿਰ ਆਪਾ ਦਏ ਵਖਾਲ ਗ਼ਜ਼ਲ

ਯਾ ਨਾਫ਼ੇ ਵਿਚ ਯਾ ਅੱਖਾਂ ਵਿਚ
ਸਾਂਭੀ ਪਏ ਫਿਰਨ ਗ਼ਜ਼ਾਲ ਗ਼ਜ਼ਲ

ਫ਼ਾਰਸ ਦੀ ਤੇ ਮਹਿਬੂਬਾ ਸੀ
ਪੰਜਾਬ ਦੇ ਦਿਲ ਦੇ ਨਾਲ ਗ਼ਜ਼ਲ

ਹਾਫ਼ਿਜ਼ ਕਿੱਥੇ, ਗ਼ਾਲਿਬ ਕਿੱਥੇ,
ਪੁੱਛਦੀ ਹੈ ਰੋਜ਼ ਸਵਾਲ ਗ਼ਜ਼ਲ

ਥੋੜ੍ਹੀ ਕਹਿ ਗਏ, ਚੰਗੀ ਕਹਿ ਗਏ
ਕੁਛ ਫ਼ੈਜ਼ ਤੇ ਕੁਛ ਇਕਬਾਲ ਗ਼ਜ਼ਲ

ਲਫ਼ਜ਼ਾਂ ਦੀ ਸ਼ਾਨ ਜਲਾਲ ਗ਼ਜ਼ਲ
ਲਫ਼ਜ਼ਾਂ ਦੀ ਫੱਬ ਜਮਾਲ ਗ਼ਜ਼ਲ

ਔਰਤ ਨਾਲ ਬਾਤਾਂ ਕਰਦੀ ਸੀ
ਹੁਣ ਸਾਂਭੇ ਰੋਂਦੇ ਬਾਲ ਗ਼ਜ਼ਲ

ਹੈ ਜਾਮ ਏ ਜਮ ਵਿਖਾਉਂਦੀ ਹੈ
ਸਾਨੂੰ ਸਾਡੇ ਅਹਿਵਾਲ ਗ਼ਜ਼ਲ

ਉੱਚਾ ਨੀਵਾਂ ਸੌ ਵਾਰ ਆਇਆ
ਚਲਦੀ ਰਹੀ ਅਪਣੀ ਚਾਲ ਗ਼ਜ਼ਲ

ਇਰਾਨ 'ਚ ਵੀ ਚੌਧਰਾਣੀ ਸੀ
ਪੰਜਾਬ 'ਚ ਵੀ ਖ਼ੁਸ਼ਹਾਲ ਗ਼ਜ਼ਲ

ਇਹ ਫ਼ੈਸਲਾ ਕਰਨਾ ਔਖਾ ਏ
ਕਿੱਥੇ ਪਾਇਆ ਜਾ ਕਮਾਲ ਗ਼ਜ਼ਲ

ਅਫ਼ਜ਼ਲ ਅਹਸਨ! ਵੰਡ ਲਈ ਰੰਗਾਂ
ਕੁਝ ਸਾਵੀ ਹੈ ਕੁਝ ਲਾਲ ਗ਼ਜ਼ਲ

ਲਿਖ ਸਕੀਏ ਯਾ ਨਾ ਲਿਖ ਸਕੀਏ
ਰਹਿੰਦੀ ਹੈ ਹਰਦਮ ਨਾਲ ਗ਼ਜ਼ਲ

ਇਜ਼ਹਾਰ ਹੈ ਜ਼ਾਤ ਦਾ ਕੁਝਨਾਂ ਲਈ
ਕੁਝਨਾਂ ਲਈ ਰੋਟੀ ਦਾਲ ਗ਼ਜ਼ਲ

ਇਹ ਰੂਹਾਂ ਦੀ ਹੈ ਮੌਸੀਕੀ
ਮੰਗਦੀ ਹੈ ਸਹੀ ਸੁਰ ਤਾਲ ਗ਼ਜ਼ਲ

ਕੋਈ ਫੜਕਦਾ ਸ਼ੇਅਰ ਜੇ ਹੋ ਜਾਵੇ
ਲਏ ਮੁਰਦੇ ਨੂੰ ਵੀ ਜਿਵਾਲ ਗ਼ਜ਼ਲ

ਅਫ਼ਜ਼ਲ ਅਹਸਨ! ਗੱਲ ਮੁੱਕ ਜਾਂਦੀ
ਜੇ ਕਰ ਨਾ ਬਣਦੀ ਢਾਲ ਗ਼ਜ਼ਲ

ਅੱਧੀ ਰਤੀਂ ਮੇਰੇ ਸਿਰ ਵਿਚ
ਪਾਉਂਦੀ ਹੈ ਆਣ ਧਮਾਲ ਗ਼ਜ਼ਲ

ਲਫ਼ਜ਼ਾਂ ਦਾ ਮੱਟ ਸ਼ਾਇਰ ਪਾਵੇ
ਕੱਢ ਲੈਂਦਾ ਕੋਈ ਕਲਾਲ ਗ਼ਜ਼ਲ

ਕੋਈ ਕਾਫ਼ੀਆ ਪਿੱਛੇ ਛੱਡੇ ਵੀ
ਕਰ ਦੇਂਦੀ ਹੈ ਕੰਗਾਲ ਗ਼ਜ਼ਲ

ਨਾਕਦਰਿਆਂ ਨਾਅਹਿਸਾਸਿਆਂ ਦਾ
ਕਰਦੀ ਹੈ ਬਹੁਤ ਮਲਾਲ ਗ਼ਜ਼ਲ

ਨਹੀਂ ਢਹਿੰਦੀ ਤਗੜੀ ਹੈ ਕੋਠੀ
ਵੇਂਹਦੀ ਹੈ ਰੋਜ਼ ਭੁਚਾਲ ਗ਼ਜ਼ਲ

ਅਫ਼ਜ਼ਲ ਅਹਸਨ! ਨਈਂ ਮਰਨ ਲੱਗੀ,
ਪੈਰਾਂ ਤੇ ਹੈ ਤਾ ਹਾਲ ਗ਼ਜ਼ਲ

ਕੋਈ ਆ ਕੇ ਰੇਤੀ ਫੇਰ ਦਵੇ
ਖਾ ਜਾਂਦੀ ਜਦੋਂ ਜੰਗਾਲ ਗ਼ਜ਼ਲ

ਛੋਹਰਾਂ ਨੇ ਚੜ੍ਹ ਰੜੀ ਤੇ ਲਈ
ਕਰਦੀ ਰਹੀ ਕੀਲ-ਓ-ਕਾਲ ਗ਼ਜ਼ਲ

ਜੇ ਇਲਮ ਦੇ ਜੋਤਰੇ ਲਗਦੇ ਰਹਿਣ
ਨਹੀਂ ਹੁੰਦੀ ਫੇਰ ਵਰ੍ਹੇਆਲ ਗ਼ਜ਼ਲ

ਵਸਦਾ ਰਹੇ ਨਗਰ ਮੁਹੱਬਤ ਦਾ
ਜੰਮਦੀ ਰਹੇ ਨਵੇਂ ਮਸਾਲ ਗ਼ਜ਼ਲ

ਮਹਿਬੂਬਾ ਤੇ ਸੀ ਫ਼ਾਰਸੀ ਦੀ
ਉਰਦੂ ਨੇ ਲਈ ਸੰਭਾਲ ਗ਼ਜ਼ਲ

'ਅਫ਼ਜ਼ਲ ਅਹਸਨ' ਅੱਲ੍ਹਾ ਬਖ਼ਸ਼ੇ
ਰਖਦਾ ਸੀ ਦਿਲ ਦੇ ਨਾਲ ਗ਼ਜ਼ਲ

11. ਇੰਜ ਹਯਾਤੀ ਪਈ ਮਧੋਲੇ

ਇੰਜ ਹਯਾਤੀ ਪਈ ਮਧੋਲੇ
ਆਪ ਰੁਲੇ ਤੇ ਸਾਨੂੰ ਰੋਲੇ

ਮਾਸ਼ੂਕਾਂ ਦੀ ਇਕੋ ਬਣਤਰ
ਅੰਦਰੋਂ ਸਖਤੇ ਬਾਹਰੋਂ ਪੋਲੇ

ਅਮਨ ਦੀ ਥਾਂ ਹੁਣ ਕਿਹੜੀ ਰਹਿ ਗਈ
ਮਸਜਿਦ ਵਿਚ ਪਏ ਫਟਦੇ ਗੋਲੇ

ਤਗੜਾ ਹੋ ਕੇ ਪੈਰਾਂ ਤੇ ਹੋ
ਬੰਦਿਆ ! ਖਾਹ ਨਾ ਡੱਕੇ ਡੋਲੇ

ਚਲਦੀ ਸਾਹ ਦਾ ਰੰਡੀ ਰੋਣਾ
ਚਲਦੀ ਸਾਹ ਦੇ ਰੌਲੇ ਗੌਲੇ

ਹੜ੍ਹ ਵਾਂਗੂੰ ਚੜ੍ਹ ਆਇਆ ਆਪੂੰ
ਪਿੱਛੇ ਰਹਿ ਗਏ ਕਿਤੇ ਵਿਚੋਲੇ

ਫੜ ਕੇ ਮੋੜ ਦਿੱਤੇ ਪਾਣੀ ਨੂੰ
ਜਲ 'ਚ ਆਏ ਦੁੰਬੜੇ ਦੌਲੇ

ਕਿੰਨੇ ਸਾਹ ਹਯਾਤੀ ਬਾਕੀ
ਕੌਣ ਰੰਧਾਵਿਆ ਜੋਖੇ ਤੋਲੇ

ਨਵਾਂ ਘੱਲੂਘਾਰਾ

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।

ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।

ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।

ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।

ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।

ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।

ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।