Adil Siddiqui ਆਦਿਲ ਸਿੱਦੀਕੀ
ਨਾਂ- ਮੁਹੰਮਦ ਸ਼ੱਬੀਰ ਸਿੱਦੀਕੀ, ਕਲਮੀ ਨਾਂ- ਆਦਿਲ ਸਿੱਦੀਕੀ,
ਪਿਤਾ ਦਾ ਨਾਂ- ਅਬਦੁਲ ਅਜ਼ੀਮ ਸਿੱਦੀਕੀ,
ਜਨਮ ਤਾਰੀਖ਼- 5 ਦਸੰਬਰ 1954,
ਜਨਮ ਸਥਾਨ- ਬਰਹਾਨਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲਕੋਟ,
ਵਿਦਿਆ- ਐਮ. ਏ. (ਪੰਜਾਬੀ, ਉਰਦੂ), ਕਿੱਤਾ- ਅਧਿਆਪਨ,
ਛਪੀਆਂ ਕਿਤਾਬਾਂ- ਪਾਲੇ ਠਰਦੇ ਪੰਛੀ (ਗ਼ਜ਼ਲਾਂ), ਬਰਫ਼ਾਂ ਵੰਡੇ ਸੂਰਜ (ਨਜ਼ਮਾਂ), ਕੱਲਰ ਵਿਚ ਗੁਲਾਬ (ਗ਼ਜ਼ਲਾਂ),
ਪਤਾ- ਬੁਰਹਾਨ ਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲ ਕੋਟ, ਪੰਜਾਬ।
ਪੰਜਾਬੀ ਗ਼ਜ਼ਲਾਂ (ਕੱਲਰ ਵਿਚ ਗੁਲਾਬ ਵਿੱਚੋਂ) : ਆਦਿਲ ਸਿੱਦੀਕੀ
Punjabi Ghazlan (Kallar Vich Gulab) : Adil Siddiqui
1. ਰੁੱਖ ਨੇ ਜਦ ਵੀ ਸਹਿਮ ਕੇ ਪਾਏ
ਰੁੱਖ ਨੇ ਜਦ ਵੀ ਸਹਿਮ ਕੇ ਪਾਏ ਕਜ਼ਾ ਦੇ ਵਾਸਤੇ ।
ਪੱਤਰ ਵੀ ਪਾਵਣ ਲੱਗ ਪਏ ਪਾਗਲ ਹਵਾ ਦੇ ਵਾਸਤੇ ।
ਪਾਣੀ ਦੀ ਇਕ ਵੀ ਬੂੰਦ ਨਹੀਂ ਆਉਂਦੀ ਜ਼ਮੀਨ ਵਲ ਪਈ,
ਪਾਉਂਦੇ ਨੇ ਸੁੱਕੇ ਖੇਤ ਪਏ ਉਡਦੀ ਘਟਾ ਦੇ ਵਾਸਤੇ ।
ਲੱਗਦਾ ਏ ਸਾਡਾ ਰੱਬ ਵੀ ਬਿਲਕੁਲ ਵਿਚਾਰਾ ਏ, ਜਿਵੇਂ
ਮੰਗਦਾ ਏ ਕੋਈ ਜਦ ਕਿਤੇ ਭਿੱਖਿਆ ਖ਼ੁਦਾ ਦੇ ਵਾਸਤੇ ।
ਦੁਨੀਆ ਤੇ ਆਪਣੇ ਟੌਹਰ ਦਾ ਜਜ਼ਬਾ ਤੇ ਹੈ ਬੜਾ ਪਰ,
ਕਰਨੇ ਆ ਕਿੰਨੇ ਫੇਲ ਪਏ ਆਪਣੀ ਵਕਾਅ ਦੇ ਵਾਸਤੇ ।
ਬੁਤ ਨੇ ਅਸਾਡੇ ਜ਼ਿਹਨਾਂ 'ਚ ਮਤਲਬ ਪਰਸਤੀਆਂ ਦੇ,
ਰੱਬ ਦੇ ਹਜ਼ੂਰ ਸਿਜਦੇ ਵੀ ਸਾਡੇ ਜਜ਼ਾ ਦੇ ਵਾਸਤੇ ।
ਆਉਂਦੀ ਏ ਸ਼ਰਮ ਅਪਣਿਆਂ ਐਬਾਂ ਨੂੰ ਦੇਖ ਕੇ ਤੇ,
ਉੱਠਣ ਜੇ ਮੇਰੇ ਹੱਥ ਕਦੇ 'ਆਦਿਲ' ਦੁਆ ਦੇ ਵਾਸਤੇ ।
2. ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ
ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ ਘੁਲਦੇ ਰਹਿੰਦੇ ਨੇ ।
ਰੁੱਖ ਤੋਂ ਟੁੱਟੇ ਪੱਤਰਾਂ ਵਾਂਗੂੰ ਰੁਲਦੇ-ਖੁਲਦੇ ਰਹਿੰਦੇ ਨੇ ।
ਗ਼ਮ ਦਾ ਕੱਲਰ ਖਾਂਦਾ ਰਹਿੰਦੈ ਮੇਰੇ ਦਿਲ ਦੀ ਧਰਤੀ ਨੂੰ,
ਉਮੀਦਾਂ ਦੇ ਬੂਟੇ ਫਿਰ ਵੀ ਵਧਦੇ ਫੁਲਦੇ ਰਹਿੰਦੇ ਨੇ ।
ਮੈਥੋਂ ਜਿਹੜੀ ਗ਼ਲਤੀ ਹੋਵੇ ਮੈਂ ਉਹ ਹਸ ਕੇ ਮੰਨਣਾਂ ਵਾਂ,
ਕਿਉਂ ਜੇ ਮੈਂ ਵੀ ਬੰਦਾ ਹਾਂ ਤੇ ਬੰਦੇ ਭੁੱਲਦੇ ਰਹਿੰਦੇ ਨੇ ।
ਵਿਰਲੇ ਵਾਂਝੇ ਲੋਕ ਨੇ ਜਿਹੜੇ ਪੜ੍ਹਨ ਕਿਤਾਬ ਹਿਆਤੀ ਦੀ,
ਬਹੁਤੇ ਲੋਕੀ ਅੱਖੀਆਂ ਮੀਟ ਕੇ ਵਰਕੇ ਥਲਦੇ ਰਹਿੰਦੇ ਨੇ ।
ਪਲ ਵਿਚ ਏਥੇ ਪਲ ਵਿਚ ਉੱਥੇ ਇਹ ਵੇ ਕਾਗ ਬਨੇਰੇ ਦਾ,
ਇਸ ਦੌਲਤ ਦੀ ਸ਼ਹਿ ਤੇ ਬੰਦੇ ਐਵੇਂ ਫੁਲਦੇ ਰਹਿੰਦੇ ਨੇ ।
ਉਹਨੂੰ ਫੇਰ ਇਨਸਾਫ਼ ਤਰਾਜ਼ੂ ਦੱਸੋ ਕਿਸਰਾਂ ਮੰਨ ਲਈਏ,
ਜਿਸ ਤੱਕੜੀ ਵਿਚ ਫੁੱਲ ਤੇ ਕੰਡੇ ਸਾਵੇਂ ਤੁਲਦੇ ਰਹਿੰਦੇ ਨੇ ।
ਬੇਸ਼ਕ ਕੋਈ ਨਾ ਵਾਕਫ਼ ਹੁੰਦਾ 'ਆਦਿਲ' ਗੁੱਝੀਆਂ ਪੀੜਾਂ ਦਾ,
ਭੇਦ ਦਿਲਾਂ ਦੇ ਅੱਖੀਆਂ ਰਾਹੀਂ ਆਪੇ ਖੁੱਲ੍ਹਦੇ ਰਹਿੰਦੇ ਨੇ ।
3. ਤੂੰ ਏਂ ਕਿਸ ਹਾਲ ਤੇਰਾ ਇਸ਼ਕ
ਤੂੰ ਏਂ ਕਿਸ ਹਾਲ ਤੇਰਾ ਇਸ਼ਕ ਪਤਾ ਦਿੰਦਾ ਏ ।
ਮੇਰੀ ਹਰ ਹਿਸ ਨੂੰ ਤੇਰਾ ਦਰਦ ਜਗਾ ਦਿੰਦਾ ਏ ।
ਜ਼ਿੰਦਗੀ ਰੂਪ ਵਟਾਂਦੀ ਏ ਕਈ ਹਰ ਵੇਲੇ,
ਵਸਲ ਬੇਕੈਫ਼ ਕਦੇ ਹਿਜਰ ਮਜ਼ਾ ਦਿੰਦਾ ਏ ।
ਉهਦੀ ਹਰ ਬਾਤ 'ਚ ਆ ਜਾਂਦਾ ਏ ਤਕੱਬਰ ਆਪੇ,
ਰਿਜ਼ਕ ਅਨਹਦ ਜੇ ਕਿਸੇ ਨੂੰ ਵੀ ਖ਼ੁਦਾ ਦਿੰਦਾ ਏ ।
ਯਾਦ ਰੱਖੇ ਨਾ ਜੋ ਨੇਕੀ ਉਹ ਵੀ ਇਨਸਾਨ ਨਹੀਂ,
ਉਹ ਵੀ ਕਮ ਜ਼ਰਫ਼ ਏ ਜੋ ਅਹਿਸਾਨ ਜਤਾ ਦਿੰਦਾ ਏ ।
ਵਕਤ ਅਨਮੋਲ ਹੈ ਦੁਨੀਆ ਤੇ ਬਦਲ ਇਸ ਦਾ ਨਹੀਂ,
ਵਕਤ ਇਨਸਾਨ ਨੂੰ ਇਨਸਾਨ ਬਣਾ ਦਿੰਦਾ ਏ ।
ਮੈਂ ਹਾਂ ਖ਼ੁਸ਼ਬਖ਼ਤ ਜ਼ਮਾਨੇ ਤੇ ਯਕੀਣਨ 'ਆਦਿਲ',
ਮੇਰਾ ਦੁਸ਼ਮਣ ਵੀ ਪਿਆ ਮੈਨੂੰ ਦੁਆ ਦਿੰਦਾ ਏ ।
4. ਵਸਾਲ ਲਮਹਾ ਨਸੀਬ ਹੋਇਆ
ਵਸਾਲ ਲਮਹਾ ਨਸੀਬ ਹੋਇਆ ਤੇ ਜੀ ਪਵਾਂਗੇ ।
ਜੇ ਉਹਦਾ ਮਿਲਣਾ ਨਸੀਬ ਹੋਇਆ ਤੇ ਜੀ ਪਵਾਂਗੇ ।
ਅਜੇ ਤੇ ਮੇਰੀ ਹਿਆਤ ਉੱਤੇ ਖ਼ਿਜ਼ਾਂ ਏ ਤਾਰੀ,
ਗੁਲਾਬ ਮੁੱਖੜਾ ਨਸੀਬ ਹੋਇਆ ਤੇ ਜੀ ਪਵਾਂਗੇ ।
ਮੈਂ ਉਹਦੇ ਹੋਠਾਂ ਤੇ ਮੁਸਕਰਾਹਟ ਦਾ ਆਸਮੰਦ ਹਾਂ,
ਅਗਰ ਉਹ ਵੇਲਾ ਨਸੀਬ ਹੋਇਆ ਤੇ ਜੀ ਪਵਾਂਗੇ ।
ਹਜ਼ਾਰ ਦੁੱਖਾਂ ਦੀ ਧੁੱਪ ਹੋਵੇ ਤੇ ਫੇਰ ਕੀ ਏ,
ਇਕ ਉਹਦਾ ਸਾਇਆ ਨਸੀਬ ਹੋਇਆ ਤੇ ਜੀ ਪਵਾਂਗੇ ।
ਉਜਾਲਿਆਂ ਦੀ ਤਲਾਸ਼ ਵਿਚ ਹਾਂ ਅਜਲ ਤੋਂ ਮੈਂ ਤੇ,
ਕੋਈ ਸਿਤਾਰਾ ਨਸੀਬ ਹੋਇਆ ਤੇ ਜੀ ਪਵਾਂਗੇ ।
ਅਨਾ ਪ੍ਰਸਤ ਆਂ ਕਿਸੇ ਦਾ ਅਹਿਸਾਨ ਮੈਂ ਨਹੀਂ ਚੁਕਣਾ,
ਜੇ ਮੈਨੂੰ ਜੀਣਾ ਨਸੀਬ ਹੋਇਆ ਤੇ ਜੀ ਪਵਾਂਗੇ ।
ਬਸ ਉਹਦੀ ਕੁਰਬਤ ਹੈ ਮੇਰੇ ਜੀਵਨ ਦਾ ਰਾਜ਼ 'ਆਦਿਲ',
ਉਹ ਸ਼ਖ਼ਸ਼ ਮੇਰਾ ਨਸੀਬ ਹੋਇਆ ਤੇ ਜੀ ਪਵਾਂਗੇ ।
5. ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ
ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ ।
ਪੇਸ਼ ਆਉਂਦੇ ਨੇ ਹਰ ਪੈਰ ਤੇ ਮਸਅਲੇ ।
ਸਾਡੇ ਸਿਰ ਤੇ ਨਵੀਂ ਕੋਈ ਬਿਪਤਾ ਨਹੀਂ,
ਸਾਨੂੰ ਵਿਰਸੇ ਦੇ ਵਿਚ ਈ ਮਿਲੇ ਮਸਅਲੇ ।
ਹੱਲ ਹੋ ਵੀ ਗਿਆ ਜੇ ਕੋਈ ਮਸਅਲਾ,
ਹੋਰ ਵੀ ਹੋ ਗਏ ਦੋ ਖੜ੍ਹੇ ਮਸਅਲੇ ।
ਖੇਡ ਬਾਲਾਂ ਦੀ ਨਈਂ ਇਹ ਮੁਹੱਬਤ ਕੋਈ,
ਏਸ ਰਸਤੇ ਦੇ ਵਿਚ ਨੇ ਬੜੇ ਮਸਅਲੇ ।
ਦਰਦ ਵੰਡਾਂ ਕਿਸੇ ਦੇ ਮੈਂ ਕਿਸਰਾਂ ਭਲਾ,
ਮੇਰੇ ਆਪਣੇ ਬੜੇ ਨੇ ਅਜੇ ਮਸਅਲੇ ।
ਮੇਰੀ ਮੁਸ਼ਕਿਲ ਅਜੀਬ ਮੋੜ ਤੇ ਆ ਗਈ,
ਮੈਂ ਘਟਾਂਦਾ ਰਿਹਾ ਵਧ ਗਏ ਮਸਅਲੇ ।
ਜੋ ਵੀ ਔਕੜ ਸੀ 'ਆਦਿਲ' ਉਹ ਔਕੜ ਰਹੀ,
ਸਾਰੇ ਉਵੇਂ ਦੇ ਉਵੇਂ ਰਹੇ ਮਸਅਲੇ ।
6. ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ
ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ ।
ਦੂਜੇ ਲਫ਼ਜ਼ਾਂ 'ਚ ਜ਼ਿੰਦਗੀ ਚਾਹਨਾਂ ।
ਲੋਕ ਹਸਦੇ ਨੇ ਮੇਰੀ ਹਿਕਮਤ ਤੇ,
ਕਿ ਮੈਂ ਦੁਸ਼ਮਣ ਤੋਂ ਦੋਸਤੀ ਚਾਹਨਾਂ ।
ਮੈਂ ਵੀ ਮੰਜ਼ਿਲ ਨੂੰ ਸਹਿਕਦਾ ਰਹਿਸਾਂ,
ਰਾਹਵਾਂ ਖੁੰਝੀਆਂ ਤੋਂ ਰਾਹਬਰੀ ਚਾਹਨਾਂ ।
ਦੂਰ ਰਹਿਣਾ ਵਾਂ ਹਰ ਤਕੱਲਫ਼ ਤੋਂ,
ਖ਼ੁਦ ਵੀ ਸਾਦਾ ਹਾਂ ਸਾਦਗੀ ਚਾਹਨਾਂ ।
ਬੁਰਾ ਮੰਗਦਾ ਏ ਉਹ ਮੇਰਾ ਭਾਵੇਂ,
ਖ਼ੈਰ ਭੂੰ-ਝੂੰ ਕੇ ਓਸ ਦੀ ਚਾਹਨਾਂ ।
ਬਣ ਕੇ ਮੁਖਲਿਸ ਮਿਲੇ ਜੋ ਨਿੱਤ 'ਆਦਿਲ',
ਇਕ ਅੱਧ ਐਸਾ ਵੀ ਆਦਮੀ ਚਾਹਨਾਂ ।
7. ਅਦਾ ਇਕ ਸ਼ਾਨ ਬਣ ਜਾਵੇ
ਅਦਾ ਇਕ ਸ਼ਾਨ ਬਣ ਜਾਵੇ ।
ਹਿਆ ਬਿਸਤਾਨ ਬਣ ਜਾਵੇ ।
ਉਹ ਮੇਰੇ ਮਨ ਦੇ ਵਿਚ ਉਤਰੇ,
ਮੇਰੀ ਜ਼ਿੰਦ-ਜਾਨ ਬਣ ਜਾਵੇ ।
ਨਾ ਬਦਲੇ ਧਰਮ ਉਹ ਭਾਵੇਂ,
ਮਗਰ ਇਨਸਾਨ ਬਣ ਜਾਵੇ ।
ਮੈਂ ਛੇੜਾਂ ਮਿਸਰ ਦਾ ਕਿੱਸਾ,
ਤੇ ਦਿਲ ਕਨਿਆਨ ਬਣ ਜਾਵੇ ।
ਅੱਜ ਉਹਦੇ ਆਉਣ ਦਾ 'ਆਦਿਲ',
ਕੋਈ ਅਮਕਾਨ ਬਣ ਜਾਵੇ ।
ਕੁਝ ਹੋਰ ਰਚਨਾਵਾਂ : ਆਦਿਲ ਸਿੱਦੀਕੀ
1. ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ
ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ ।
ਇੰਜ ਵੀ ਸਾਡੇ ਜੀਵਨ ਦੇ ਦਿਨ ਲੰਘਦੇ ਰਏ ।
ਅੱਖੀਆਂ ਦੇ ਵਿਚ ਗ਼ਮ ਦੀ ਧੁੱਦਲ ਉਡਦੀ ਰਈ,
ਦਿਲ ਦੀ ਜੂਹ 'ਚੋਂ ਯਾਦ ਦੇ ਲਸ਼ਕਰ ਲੰਘਦੇ ਰਏ ।
ਮੈਂ ਧੰਨਵਾਦੀ ਵੇਲੇ ਦੇ ਜੱਲਾਦਾਂ ਦਾ,
ਜਿਹੜੇ ਮੇਰੀਆਂ ਸੋਚਾਂ ਸੂਲ਼ੀ ਟੰਗਦੇ ਰਏ ।
ਆਵਣ ਵਾਲੀ ਆਫ਼ਤ ਫਿਰ ਵੀ ਆ ਗਈ ਏ,
ਲੋਕੀਂ ਭਾਵੇਂ ਰੋਜ਼ ਦੁਆਵਾਂ ਮੰਗਦੇ ਰਏ ।
ਸੋਚ ਰਿਹਾਂ ਕਿਉਂ ਫੁੱਲ ਤੇ ਤਿਤਲੀ ਏਸ ਸਮੇਂ,
ਇਕ ਦੂਜੇ ਤੋਂ ਪਲ ਪਲ ਝਕਦੇ ਸੰਗਦੇ ਰਏ ।
ਮੈਂ ਖ਼ਸਿਆਨਾ ਹਾਸਾ ਹੱਸੀ ਜਾਂਦਾ ਸਾਂ,
ਬਾਲ ਵਿਚਾਰੇ ਰੋ ਰੋ ਪੈਸੇ ਮੰਗਦੇ ਰਏ ।
ਕੋਈ ਕੋਈ ਦੁਖ ਦੀਆਂ ਕੰਧਾਂ ਢਾਹ ਸਕਿਐ,
ਬਹੁਤੇ ਲੋਕੀ ਐਵੇਂ ਮੱਥੇ ਰੰਗਦੇ ਰਏ ।
'ਆਦਿਲ' ਭੁੱਖ ਨਾ ਮੁੱਕੀ ਸ਼ਰਮਾਂ ਵਾਲਿਆਂ ਦੀ,
ਚਾਤਰ ਠੱਗੀਆਂ ਲਾ ਲਾ ਕੇ ਹਥ ਰੰਗਦੇ ਰਏ ।
2. ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ
ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ ।
ਰੱਬਾ! ਹੁਣ ਤੇ ਦੂਰ ਹਨੇਰਾ ਹੋ ਜਾਵੇ ।
ਮੈਨੂੰ ਕੀ ਫਿਰ ਲੋੜ ਏ ਹੋਰ ਸਹਾਰੇ ਦੀ,
ਜੇਕਰ ਮੇਰਾ ਦਿਲ ਈ ਮੇਰਾ ਹੋ ਜਾਵੇ ।
ਫਿਰ ਤੂੰ ਜਾਣੇਂ ਦੁਨੀਆਂ ਕਿੱਥੇ ਵਸਦੀ ਏ,
ਮੇਰੇ ਵਰਗਾ ਹਾਲ ਜੇ ਤੇਰਾ ਹੋ ਜਾਵੇ ।
ਉਹਨੂੰ ਦੁਨੀਆਂ ਉਜੜੀ ਪੁਜੜੀ ਲਗਦੀ ਏ,
ਸੁੰਝਾ ਜਿਸਦੀ ਆਸ ਦਾ ਡੇਰਾ ਹੋ ਜਾਵੇ ।
ਉਹਨੂੰ ਸਾਰੇ ਲੋਕੀ ਬੌਣੇ ਦਿਸਦੇ ਨੇ,
ਜਦ ਵੀ ਕੋਈ ਸ਼ਖ਼ਸ ਵਡੇਰਾ ਹੋ ਜਾਵੇ ।
ਮੈਂ ਇਹ ਸੋਚ ਕੇ ਦਸਦਾ ਨਈਂ ਦੁਖ ਯਾਰਾਂ ਨੂੰ,
ਕਿਧਰੇ ਰੋਗ ਨਾ ਹੋਰ ਵਧੇਰਾ ਹੋ ਜਾਵੇ ।
'ਆਦਿਲ' ਜੇਕਰ ਰਾਹ ਵਿਚ ਸੰਗੀ ਹੋਵੇ ਨਾ,
ਛੋਟਾ ਪੰਧ ਵੀ ਬਹੁਤ ਲੰਮੇਰਾ ਹੋ ਜਾਵੇ ।