Adhvate : Professor Mohan Singh
ਅਧਵਾਟੇ : ਪ੍ਰੋਫੈਸਰ ਮੋਹਨ ਸਿੰਘ
1. ਉਂਗਲੀ ਕੋਈ ਰੰਗੀਨ
ਗਿੜੇ ਸਮੇਂ ਦੇ ਕਿਤਨੇ ਚੱਕਰ,
ਬੀਤੇ ਜੁਗ ਹਜ਼ਾਰ,
ਲੱਖਾਂ ਘੋਲ ਤੱਤਾਂ ਦੇ ਹੋਏ,
ਜੁੜੇ ਟੁਟੇ ਕਈ ਵਾਰ,
ਏਦਾਂ ਹੋਂਦ ਮੇਰੀ ਦਾ ਹੋਇਆ,
ਖ਼ਾਕਾ ਜਿਹਾ ਤਿਆਰ ।
ਵਧਦਾ ਗਿਆ ਅਕਾਰ ਦਿਨੋ ਦਿਨ
ਹੁੰਦਾ ਗਿਆ ਜਵਾਨ,
ਇਲਮ, ਹਵਸ, ਸ਼ੁਹਰਤ ਤੇ ਪਲ ਪਲ,
ਫੈਲਿਆ ਧਰਤ ਸਮਾਨ,
ਬਣ ਗਿਆ ਓੜਕ ਵਧਦਾ ਵਧਦਾ,
ਅਪਣਾ ਆਪ ਜਹਾਨ ।
ਪਰ ਇਹ ਵਾਧਾ ਨਿਰਾ ਅਕਾਰੀ,
ਰੁੱਖਾਂ ਜਿਵੇਂ ਪਹਾੜ;
ਛਿਆਂ ਦਿਸ਼ਾਂ ਵਲ ਵੱਧੀ ਜਾਣਾ,
ਸੁੰਞ ਮੁਸੁੰਞ ਉਜਾੜ,
ਦੈਂਤ ਮਿੱਟੀ ਦਾ ਅੰਬਰ ਚੋਟੀ,
ਨਿਸਫ਼ਲ ਧਰਤ-ਲਿਤਾੜ ।
ਕੀ ਹੋਇਆ ਜੇ ਫੈਲ ਫੈਲ ਕੇ,
ਮੱਲੀ ਕੁਲ ਜ਼ਮੀਨ;
ਸੁੰਞ-ਮੁਸੁੰਞਾ ਖ਼ਾਕਾ ਮੇਰਾ
ਪਿਆ ਏ ਰਸ-ਰੰਗ-ਹੀਨ,
ਕੀ ਨਹੀਂ ਮੇਰੇ ਭਾਗਾਂ ਅੰਦਰ
ਉਂਗਲੀ ਕੋਈ ਰੰਗੀਨ ?
2. ਮੇਰੀ ਬੱਚੀ !
ਮੇਰਾ ਦੇਸ਼ !
ਫਿਕਰਾਂ ਵਿਚ ਮੈਂ ਲੀਨ ।
ਕੋਲ ਪਈ ਹੈ ਬੱਚੀ ਮੇਰੀ,
ਜਿਸ ਦੀ ਰਤ ਬੀਮਾਰੀ ਚੂਸੀ,
ਤਪ ਲੂਹਰੀ ਵਿਚ ਕਲੀ ਝਲੂਸੀ,
ਭਖ ਭਖ ਕੇ ਜਿੰਦ ਜਿਸ ਦੀ ਹੋਈ
ਚਾਨਣ ਦੀ ਇਕ ਤਾਰ ਮਹੀਨ ।
ਗਲ ਬੱਚੀ ਦੇ ਪਾਈ ਬਾਂਹ,
ਉੱਤੇ ਉਲਰੀ ਉਸ ਦੀ ਮਾਂ,
ਚੂਚਿਆਂ ਉੱਤੇ ਖੰਭ ਖਿਲਾਰੀ ਕੁਕੜੀ ਹਾਰ
ਫੜ ਫੜ ਕਰਦੇ ਜਿਸ ਦੇ ਸੀਨੇ,
ਕਿਸੇ ਅਦਿਸਦੇ ਘਾਤਕ ਤੋਂ ਡਰ,
ਕਰਦੇ ਜਾਪਣ ਮੂਕ ਪੁਕਾਰ ।
ਪੜ੍ਹ ਬੱਚੀ ਦੀ ਮਾਂ ਦੇ ਨੈਣ,
ਜਿਨ੍ਹਾਂ ਵਿਚ ਦੁਖ ਦੇ ਝਲਕਾਰੇ,
ਪਿਉ ਦੇ ਨੈਣਾਂ ਤੋਂ ਲਖ ਵਾਰੇ
ਪਹਿਲਾਂ ਆ ਕੇ ਪੈਣ,
ਕੂਕ ਕਿਹਾ ਮੈਂ-ਮੇਰੀ ਬੱਚੀ !
ਹੇਠਾਂ ਵਿਚ ਬਜ਼ਾਰ,
ਕੌਮੀ ਕੋਈ ਜਵਾਨ,
ਮੂੰਹ ਦੇ ਵਿਚੋਂ ਝੱਗ ਵਗਾਈ,
ਲੱਖ ਜਣਿਆਂ ਨੂੰ ਪਿੱਛੇ ਲਾਈ,
ਪਾਈ ਸ਼ਹੀਦੀ ਵੇਸ਼,
ਪਿਆ ਪੁਕਾਰੇ-ਮੇਰਾ ਦੇਸ਼ !
ਮੇਰੀ ਬੱਚੀ !
ਮੇਰਾ ਦੇਸ਼ !
3. ਸੁਫ਼ਨੇ ਵਿਚ ਕੋਈ ਆਵੇ
ਸੁਫ਼ਨੇ ਵਿਚ ਕੋਈ ਆਵੇ,
ਗ਼ਮ ਦਾ ਪਿਆਲਾ ਮੂੰਹ ਮੂੰਹ ਭਰਿਆ,
ਬੁਲ੍ਹੀਆਂ ਨਾਲ ਛੁਹਾਵੇ ।
ਨ੍ਹੇਰੇ ਦੀ ਚਾਦਰ ਵਿਚ ਲੁਕਿਆ,
ਬੁੱਤ ਓਸ ਦਾ ਸਾਰਾ;
ਪਰ ਪਿਆਲੇ ਗਲ ਲਗੀਆਂ ਉਂਗਲਾਂ,
ਦੇਵਣ ਪਈਆਂ ਨਜ਼ਾਰਾ ।
ਸੇਕ ਉਗਲਦੀਆਂ ਅੱਖਾਂ ਮੇਰੀਆਂ,
ਪਿਆਲੇ ਵਲ ਤਕਾਵਣ;
ਭਖੀਆਂ ਦਰਦ-ਰੰਜਾਣੀਆਂ ਬੁਲ੍ਹੀਆਂ,
ਪਿਆਲਿਓਂ ਮੂੰਹ ਨਾ ਚਾਵਣ ।
ਪੀ ਪੀ ਕੇ ਬੁਲ੍ਹੀਆਂ ਹੰਭ ਗਈਆਂ,
ਪਰ ਨਾ ਮੁਕਿਆ ਪਿਆਲਾ;
ਫਿਰ ਵੀ ਲੂੰ ਲੂੰ ਦਏ ਅਸੀਸਾਂ,
ਜੀਏ ਪਿਆਵਣ ਵਾਲਾ ।
4. ਕੇਹਾ ਰਹਿਨਾ ਏਂ ਨਿਤ ਵਾਂਢੇ
ਕੇਹਾ ਰਹਿਨਾ ਏਂ ਨਿਤ ਵਾਂਢੇ !
ਤੈਂ ਬਾਝੋਂ ਕੁਲ ਦੇਸ ਬਿਗਾਨਾ,
ਸੋਨੇ ਜਿਹਾ ਜੋਬਨਾ ਢਲੀ ਢਲੀ ਜਾਨਾ,
ਨੈਣ ਪਏ ਦਰਮਾਂਦੇ ।
ਮੀਹਾਂ ਨਾਲ ਕਸੀਆਂ ਭਰੀ ਭਰੀ ਜਾਨੀਆਂ,
ਕੰਢੇ ਖਲੋਤੀ ਮੈਂ ਮਰੀ ਮਰੀ ਜਾਨੀਆਂ,
ਪਲੜੂ ਨਜ਼ਰ ਨਾ ਆਂਦੇ ।
ਢੱਕੀ ਪਿਛੇ ਢਲੀ ਢਲੀ ਜਾਂਦੀਆ ਲੋ ਵੇ,
ਅਜੇ ਨਾ ਪਈ ਕੋਈ ਤੈਂਡੀ ਕਨਸੋ ਵੇ,
ਤਿਲਕ੍ਹ ਤਿਲਕ੍ਹ ਦਿਹੁੰ ਜਾਂਦੇ ।
ਕੇਹਾ ਰਹਿਨਾ ਏਂ ਨਿਤ ਵਾਂਢੇ !
5. ਅੱਜ ਮਿਲੇਂ ਤਾਂ ਮੈਂ ਜੀਵਾਂ
ਅੱਜ ਮਿਲੇਂ ਤਾਂ ਮੈਂ ਜੀਵਾਂ,
ਹੁਣੀਏਂ ਮਿਲੇਂ ਤਾਂ ਮੈਂ ਜੀਵਾਂ ।
ਤੈਂ ਬਾਝੋਂ ਨਿਰਾ ਬੁੱਤਾਂ ਦਾ ਜੀਵਣਾ,
ਮਿੱਟੀ ਦਾ ਵਧਣਾ, ਮਿੱਟੀ ਦਾ ਥੀਵਣਾ,
ਜਿੰਦ ਆਖੇ ਮੈਂ ਨਾ ਜੀਵਾਂ ।
ਜੁਗਾਂ ਜੁਗਾਂ ਤੋਂ ਜੀ ਕੇ ਹਾਰੀ,
ਜੀ ਜੀ ਕੇ ਹਾਰੀ, ਥੀ ਥੀ ਕੇ ਹਾਰੀ,
ਹੋਰ ਨਾ ਤੈਂ ਬਿਨ ਜੀਵਾਂ ।
ਉਂਜ ਤਾਂ ਮੈਂ ਹੱਸਦੀ ਖੇਡਦੀ, ਜੀਵੰਦੀ,
ਵਸਦੀ ਰਸਦੀ, ਖਾਵੰਦੀ ਪੀਵੰਦੀ,
ਵਿਚੋਂ ਮੈਂ ਮੂਲ ਨਾ ਜੀਵਾਂ ।
ਅੱਜ ਮਿਲੇਂ ਤਾਂ ਮੈਂ ਜੀਵਾਂ,
ਹੁਣੀਏਂ ਮਿਲੇਂ ਤਾਂ ਮੈਂ ਜੀਵਾਂ ।
6. ਨਿੱਕਾ ਰੱਬ
ਵਡੇ ਰੱਬ ਦੀਆਂ ਵੱਡੀਆਂ ਗੱਲਾਂ,
ਅਗਮ ਅਗੋਚਰ ਅਲਖ ਅਪਾਰ ।
ਚਕ੍ਰ ਚਿਹਨ ਅਰ ਬਰਨ ਜਾਤ ਨਾ,
ਰੂਪ ਰੰਗ ਅਰ ਰੇਖ ਨੁਹਾਰ ।
ਲੱਖ ਉਗਮਣ ਯਾ ਗ਼ਰਕਣ ਟਾਪੂ,
ਲੱਖ ਜੰਮਣ ਯਾ ਟੁੱਟਣ ਤਾਰੇ,
ਨੇਕੀ ਬਦੀ ਸ਼ਤਾਨ ਫ਼ਰਿਸ਼ਤੇ,
ਕੋਈ ਜਿੱਤੇ ਕੋਈ ਹਾਰੇ;
ਵੱਗਣ ਹੜ੍ਹ ਹੰਝੂਆਂ ਦੇ ਭਾਰੇ,
ਹੋਵਣ ਲਹੂਆਂ ਦੇ ਘਲੂਘਾਰੇ,
ਵੱਡਾ ਰੱਬ ਕੋਈ ਦਖ਼ਲ ਨਾ ਦੇਵੇ,
ਬੈਠਾ ਰਹੇ ਕਿਨਾਰੇ ।
ਬਾਬੇ ਨਾਨਕ ਸਚ ਫਰਮਾਇਆ:
"ਏਤੀ ਮਾਰ ਪਈ ਕਰਲਾਣੇ
ਤੈਂ ਕੀ ਦਰਦ ਨਾ ਆਇਆ ?"
ਨਿੱਕੀ ਜਿਹੀ ਜਿੰਦ ਮੇਰੀ ਤਾਹੀਉਂ
ਨਿੱਕੇ ਰੱਬ ਨਾਲ ਪਾਇਆ ਪਿਆਰ ।
ਨਿੱਕੇ ਰੱਬ ਦੀਆਂ ਨਿੱਕੀਆਂ ਗੱਲਾਂ,
ਨਿੱਕੇ ਰੋਸੇ, ਨਿੱਕੇ ਹਾਸੇ,
ਨਿੱਕੇ ਉਹਲੇ, ਨਿੱਕੇ ਦਲਾਸੇ,
ਬਣਦੇ ਜੀਵਨ ਦਾ ਆਧਾਰ ।
ਲੱਗੇਗਾ ਇਹ ਕੁਫ਼ਰ ਜ਼ਰੂਰ,
ਐਪਰ ਕੁਫ਼ਰ ਮੇਰਾ ਮਜ਼ਬੂਰ ।
ਕਦਮ ਕਦਮ ਦੀਆਂ ਬੇਇਨਸਾਫ਼ੀਆਂ,
ਨਿਕੇ ਵਡੇ ਵਿਰੋਧ ਹਜ਼ਾਰਾਂ,
ਜਿੰਦ ਕਰਨ ਜਦ ਤਾਰਾਂ ਤਾਰਾਂ,
ਤੇ ਵੱਡਾ ਰੱਬ ਲਏ ਨਾ ਸਾਰਾਂ,
ਨਿੱਕਾ ਰੱਬ ਕੋਈ ਚੁਣਨਾ ਪੈਂਦਾ,
ਨਿਕਾ ਦੇਵ ਕੋਈ ਘੜਨਾ ਪੈਂਦਾ ।
7. ਕਹੇ ਤੱਕ ਬੈਠਾ ਮੈਂ ਨੈਣ
ਕਹੇ ਤੱਕ ਬੈਠਾ ਮੈਂ ਨੈਣ,
ਜੇ ਜਾਗਾਂ ਮੇਰੇ ਨਾਲ ਹੀ ਜਾਗਣ,
ਸਵਾਂ ਤੇ ਨਾਲ ਹੀ ਸੈਣ ।
ਜਦ ਦਾ ਹੋਇਆ ਸੰਗ ਨੈਣਾਂ ਦਾ,
ਲੂੰ ਲੂੰ ਚੜ੍ਹਿਆ ਰੰਗ ਨੈਣਾਂ ਦਾ,
ਇਨ੍ਹਾਂ ਨੈਣਾਂ ਦੇ ਰੰਗ ਕਦੇ ਨਾ ਲਹਿਣ ।
ਨੈਣ ਤਕਾਣੇ ਕਿਸਮਤ ਵਸ ਦੇ,
ਨੈਣ ਭੁਲਾਣੇ ਕਿਸੇ ਨਾ ਵਸ ਦੇ,
ਮੇਰੇ ਹਰ ਦਮ ਸਾਹਵੇਂ ਰਹਿਣ ।
ਇਸ ਦੁਨੀਆਂ ਵਲ ਵਾਗ ਜੇ ਮੋੜਾਂ,
ਉਸ ਦੁਨੀਆਂ ਵਲ ਧਿਆਨ ਜੇ ਜੋੜਾਂ,
ਇਹ ਨੈਣ ਵਿਚਾਲੇ ਪੈਣ ।
ਨਾ ਡਿਠਾ ਜ਼ਾਹਿਦਾਂ ਨਾਹੀਂ ਸਿਆਣਿਆਂ,
ਰਤਾ ਮਾਸਾ ਕੁਝ ਕਵੀਆਂ ਸਿਞਾਣਿਆਂ,
ਜੋ ਨੈਣ ਨੈਣਾਂ ਨੂੰ ਕਹਿਣ ।
ਨੈਣ ਆਲ੍ਹਣੇ ਨੈਣ ਪੰਖੇਰੂ,
ਨੈਣ ਨੈਣਾਂ ਵਿਚ ਰਹਿਣ,
ਕਹੇ ਤੱਕ ਬੈਠਾ ਮੈਂ ਨੈਣ !
8. ਕਦੇ ਢੋਕ ਸਾੜ੍ਹੀ ਦਰ ਅਛ ਢੋਲਾ
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ ।
ਓਦਰੇ ਕੱਸ ਜਿੱਥੇ ਗੱਲਾਂ ਨੀ ਕੀਤੀਆਂ,
ਓਦਰੀ ਰੱਖ ਜਿੱਥੇ ਪਾਈਆਂ ਨੀ ਪ੍ਰੀਤੀਆਂ,
ਨਾਲੇ ਓਦਰ ਗਈ ਮੈਂ ਵੱਖ ਢੋਲਾ ।
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ ।
ਸਾਵੀ ਧਰੇਕਾਂ ਨਾਲ ਪੈਣ ਧਰਕੇਨੂ ਵੇ,
ਪੈਣ ਧਰਕੇਨੂ ਆਪੇ, ਢਹਿਣ ਧਰਕੇਨੂ ਵੇ,
ਢਹਿ ਢਹਿ ਜਾਣ, ਕੇ ਅਸਾਂ ਨੇ ਵਸ ਢੋਲਾ ।
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ ।
ਉੱਚੀ ਖ਼ਨਗਾਹੀਂ ਦੀਵਾ ਬਾਲ ਬਾਲ ਰੱਖਾਂ ਵੇ,
ਨਿਤ ਨਿਤ ਚਸ਼ਮਾਂ ਤੈਂਡਿਆਂ ਰਾਹਾਂ ਤੇ ਰੱਖਾਂ ਵੇ,
ਮੈਂਢੀ ਪਲਕ ਨਾ ਸੈਨੀ ਆਂ ਅੱਖ ਢੋਲਾ ।
ਕਦੇ ਢੋਕ ਸਾੜ੍ਹੀ ਦਰ ਅਛ ਢੋਲਾ ।
9. ਨਿਕਾ ਨਿਕਾ ਦਿਲ ਕਰਨਾ
ਨਿਕਾ ਨਿਕਾ ਦਿਲ ਕਰਨਾ
ਮਿੱਘੀ ਘਿਨ ਜੁਲੋ ਢੋਲੇ ਕੋਲ ।
ਨਿਕੇ ਨਿਕੇ ਫੁਲ ਚੁਣਕੇ
ਮੈਂਢੀ ਭਰੋ ਸਹੇਲੀਓ ਝੋਲ ।
ਨਿਕਾ ਨਿਕਾ ਮੀਂਹ ਵਸਨਾ,
ਨੀ ਮੈਂ ਬਹਿ ਗਈ ਢੋਲੇ ਕੋਲ ।
ਨਿਕੀ ਨਿਕੀ ਆਏ ਵਾਸ਼ਨਾ,
ਮੈਂਢੀ ਭਰੀ ਫੁਲਾਂ ਨਾਲ ਝੋਲ ।
ਨਿਕਾ ਨਿਕਾ ਜਗ ਲਗਨਾ,
ਮਿੱਘੀ ਵੱਡਾ ਵੱਡਾ ਲਗਨਾ ਢੋਲ ।
ਨਿਕੀ ਨਿਕੀ ਉਮਰ ਦਿਸਨੀ,
ਨੀ ਮੈਂ ਕੇ ਕੇ ਦਸਸਾਂ ਫੋਲ ।
ਨਿਕੇ ਨਿਕੇ ਹਸ ਹਾਸੇ,
ਮੈਂਢੇ ਢੋਲੇ ਕੀਤੇ ਕੌਲ ।
ਨਿਕੇ ਨਿਕੇ ਡੋਲ ਅਥਰੂ,
ਮੈਂ ਵੀ ਬੋਲੇ ਇਕ ਦੋ ਬੋਲ ।
ਨਿਕੀ ਨਿਕੀ ਅਖ ਖੁਲ੍ਹ ਗਈ,
ਮੈਂਢਾ ਢੋਲ ਨਾ ਮੈਂਢੇ ਕੋਲ ।
ਨਿਕਾ ਨਿਕਾ ਦਿਲ ਦੁਖਨਾ,
ਮੈਂਢੀ ਸਖਣੀ ਫੁਲਾਂ ਤੋਂ ਝੋਲ ।
10. ਮੈਂ ਖ਼ਿਆਲ ਤੇਰੇ ਨਾਲ ਹਿਲੀਆਂ
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਨਾ ਹੁਣ ਤਾਂਘਾਂ, ਨਾ ਹੁਣ ਸਧਰਾਂ,
ਨਾ ਹੁਣ ਉਹ ਦੋ-ਦਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਨਾ ਹੁਣ ਹੋ ਹੋ ਬਹਿਣਾ ਰਾਹੀਂ,
ਨਾ ਹੁਣ ਦੀਵੇ ਨਾ ਖ਼ਨਗਾਹੀਂ,
ਨਾ ਡਸਕੋਰੇ ਤੇ ਨਾ ਹੁਣ ਆਹੀਂ,
ਨਾ ਹੁਣ ਅੱਖੀਂ ਗਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਬੁਤ ਤੇਰਾ ਸੁਹਣਿਆਂ ਮਦ ਦੀ ਪਿਆਲੀ,
ਨਸ਼ਾ ਇਹਦਾ ਜੀਵੇਂ ਹਾਲੀ ਦੀ ਹਾਲੀ,
ਖ਼ਿਆਲ ਤੇਰੇ ਦੀ ਪਰ ਬਾਤ ਨਿਰਾਲੀ,
ਪੈਣ ਨਾ ਤਾਰਾਂ ਢਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਇਸ਼ਕਾਂ ਦਾ ਸ਼ੌਹ ਡਾਢਾ ਵਗਦਾ ਸਤ੍ਰਾਣਾ,
ਕੱਚੇ ਘੜੇ ਨੇ ਇਥੇ ਪਾਰ ਕੀ ਲਗਾਣਾ,
ਤਾਹੀਓਂ ਤਾਂ ਫੜਕੇ ਖ਼ਿਆਲ ਦਾ ਮੁਹਾਣਾ,
ਸ਼ੌਹ ਦਰਿਆ ਵਿਚ ਠਿਲ੍ਹੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
ਬੁੱਤ ਤੇਰਾ ਭਾਵੇਂ ਮਨ-ਮੋਹਣਾ,
ਖ਼ਿਆਲ ਤੇਰਾ ਉਸ ਤੋਂ ਵੀ ਸੋਹਣਾ,
ਇਹ ਵੀ ਖਿਡੌਣਾ, ਉਹ ਵੀ ਖਿਡੌਣਾ,
ਇਹ ਰਮਜ਼ਾਂ ਹੁਣ ਮਿਲੀਆਂ,
ਮੈਂ ਖ਼ਿਆਲ ਤੇਰੇ ਨਾਲ ਹਿਲੀਆਂ ।
11. ਤੇਰੀ ਮੇਰੀ ਪ੍ਰੀਤ ਚਿਰੋਕੀ
ਤੇਰੀ ਮੇਰੀ ਪ੍ਰੀਤ ਚਿਰੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤ ਚਿਰੋਕੀ ।
ਅੱਜ ਦੀ ਨਾ ਜਾਣੀ, ਹੁਣ ਦੀ ਨਾ ਜਾਣੀ,
ਲੱਖ ਸੈ ਵਰ੍ਹਿਆਂ ਤੋਂ ਵਧ ਇਹ ਪੁਰਾਣੀ,
ਅਜੇ ਨਾ ਉਪਜੇ ਨਭ, ਖੰਡ, ਖਾਣੀ,
ਚੰਨ, ਸੂਰ, ਤਾਰੇ, ਅਗ, ਪੌਣ, ਪਾਣੀ
ਇਸ ਦੀ ਕਹਾਣੀ ਤਾਂ ਜਗ ਦੀ ਕਹਾਣੀ ।
ਤੇਰੀ ਮੇਰੀ ਪ੍ਰੀਤ ਅਜੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤ ਚਿਰੋਕੀ ।
ਭਰ ਨਾ ਤੂੰ ਹੰਝੂ ਤੇ ਭਰ ਨਾ ਤੂੰ ਹਾਵੇ,
ਹੋਇਆ ਕੀ ਜੇ ਸਜਨੀ ਉਮਰਾ ਵਿਹਾਵੇ,
ਜਿਉਂ ਜਿਉਂ ਖੁਲ੍ਹਦੇ ਸਮੇਂ ਦੇ ਕਲਾਵੇ,
ਤਿਉਂ ਤਿਉਂ ਵਿਛੋੜਾ ਪ੍ਰੀਤ ਨੂੰ ਪਕਾਵੇ,
ਲੱਖ ਸਾਲ, ਲੱਖ ਜੁਗ ਤੇ ਲੱਖ ਜਗ ਸੁਹਾਵੇ,
ਪ੍ਰੀਤ ਉਮਰ ਦੀ ਇਕ ਛਿਨੋਕੀ,
ਨੀ ਸਜਨੀ,
ਤੇਰੀ ਮੇਰੀ ਪ੍ਰੀਤ ਚਿਰੋਕੀ ।
ਹੋਇਆ ਕੀ, ਅਨਕੂਲ ਨਾ ਭਾਈਚਾਰੇ,
ਹੋਇਆ ਕੀ ਮਿਲ ਨਾ ਸਕੇ ਇਸ ਸਿਤਾਰੇ,
ਕਦੀ ਨਾ ਕਦੀ ਤਾਂ ਸਮੇਂ ਦੇ ਹੁਲਾਰੇ,
ਮਿਲਾਵਣਗੇ ਸਾਨੂੰ ਕਿਸੇ ਜਗ ਨਿਆਰੇ,
ਤੇ ਗਾਵਣਗੇ ਰਲ ਮਿਲ ਕੇ ਬ੍ਰਹਿਮੰਡ ਸਾਰੇ,
ਤੇਰੀ ਮੇਰੀ ਪ੍ਰੀਤ ਸਦੋਕੀ
ਨੀ ਸਜਨੀ,
ਤੇਰੀ ਮੇਰੀ ਪ੍ਰੀਤ ਚਿਰੋਕੀ ।
12. ਲਹਿਰਾਂ
ਰੰਗ ਰੰਗਾਂ ਦੀਆਂ ਲਹਿਰਾਂ ਸੁਤੀਆਂ,
ਡੂੰਘੇ ਸਾਗਰ ਦੇ ਵਿਚਕਾਰ;
ਕਈ ਨੀਲੀਆਂ, ਕਈ ਊਦੀਆਂ,
ਫਿੱਕੇ ਗੂਹੜੇ ਰੰਗ ਹਜ਼ਾਰ;
ਕਈ ਕਾਲੀਆਂ ਪਾਪਾਂ ਵਾਂਗਰ,
ਕਈ ਉਜਲੀਆਂ ਨੇਕੀ ਹਾਰ;
ਕੰਢਿਆਂ ਨਾਲ ਚਮੁਟੀਆਂ ਲੱਖਾਂ,
ਡਰੂਆਂ ਵਾਂਗ ਕਲਾਵੇ ਮਾਰ;
ਪਈਆਂ ਕਈ ਸਤਹ ਦੇ ਉੱਤੇ,
ਜੋਬਨ ਮਤੀਆਂ ਹਿਕ ਉਭਾਰ;
ਨਾਲ ਮੋਤੀਆਂ ਝੋਲਾਂ ਭਰ, ਕਈ
ਸੁੱਤੀਆਂ ਡੂੰਘਾਣਾਂ ਵਿਚਕਾਰ;
ਹਿਲਣ ਡੁਲਣ ਕਈ ਸਹਿਜੇ ਸਹਿਜੇ,
ਜਿਉਂ ਹਿਲਦਾ ਅਲਸਾਇਆ ਪਿਆਰ;
ਸਭ ਸੁਹਾਵਣ, ਦਿਲ ਲਲਚਾਵਣ,
ਰੰਗ ਰੰਗਾਂ ਦੇ ਜਾਲ ਖਿਲਾਰ;
ਪਰ ਜੋ ਉਠ ਕੇ ਨਾਲ ਚਟਾਨਾਂ,
ਪਾਸ਼ ਪਾਸ਼ ਹੋਏ ਟੱਕਰ ਮਾਰ,
ਫੇਰ ਜੁੜੇ, ਜੁੜੀ ਦੂਣੀ ਬਿਫਰੇ,
ਡਿਗ ਡਿਗ, ਉਠ ਉਠ, ਆਖ਼ਰਕਾਰ,
ਮਾਣ-ਮਤਾ ਪਰਬਤ ਦਾ ਮੱਥਾ,
ਭੰਨ ਡੇਗੇ ਪੈਰਾਂ ਵਿਚਕਾਰ;
ਐਸੀ ਹੋਂਦ-ਨਸ਼ੇ ਵਿਚ ਡੁੱਬੀ,
ਲਹਿਰ ਉਤੋਂ ਜਿੰਦੜੀ ਬਲਿਹਾਰ ।
13. ਮੰਗਤੀ
ਤਰਸ-ਭਰੇ ਲਹਿਜੇ ਵਿਚ ਜੀਵੇਂ ਬੋਲ ਨਾ,
ਤਕ ਤਕ ਮੇਰੀ ਬੇਹਾਲੀ ਹੰਝੂ ਡੋਲ੍ਹ ਨਾ,
ਮੇਰੇ ਤ੍ਰੀਮਤ-ਪਨ ਨੂੰ ਘੱਟੇ ਰੋਲ ਨਾ ।
ਕੀ ਹੋਇਆ ਜੇ ਝੱਖੜ ਭੁਖ ਦਾ ਝੁੱਲਿਆ,
ਕੀ ਹੋਇਆ ਜੇ ਬੁਤ ਮੇਰਾ ਅਜ ਰੁੱਲਿਆ,
ਕੀ ਹੋਇਆ ਜੇ ਹੁਸਨ ਮੇਰਾ ਹੈ ਉੱਲਿਆ ।
ਕੀ ਹੋਇਆ ਜੇ ਰਾਤ ਦਿਨੇ ਮੈਂ ਮੰਗਦੀ,
ਕੀ ਹੋਇਆ ਜੇ ਥਾਂ ਪਰ ਥਾਂ ਤੋਂ ਲੰਘਦੀ,
ਕੀ ਹੋਇਆ ਜੇ ਅੱਖ ਤੇਰੀ ਨਾ ਸੰਗਦੀ ।
ਰੋਣਾਂ ਧੋਣਾ, ਝੁਕ ਝੁਕ ਹੋਣਾ ਦੂਹਰੀਆਂ,
ਹਸ ਕੂਣਾ, ਹਵਸਾਂ ਕਰਨੀਆਂ ਪੂਰੀਆਂ,
ਤਨ ਦੇਣਾ, ਟੁਕ ਲੈਣਾ, ਇਹ ਮਜ਼ਬੂਰੀਆਂ ।
ਤਕ ਨਾ ਮੈਂ ਤਕ ਕਿੱਦਾਂ ਆਇਆ ਅੰਨ ਮੇਰਾ,
ਤੱਕ ਨਾ ਉਤੋਂ ਜੀਵੇਂ ਤਨ ਮੇਰਾ,
ਤਕ ਸੱਕੇਂ ਤਾਂ ਤੱਕੀਂ ਤ੍ਰੀਮਤ-ਪਨ ਮੇਰਾ ।
ਮੈਂ ਤ੍ਰੀਮਤ ਕੋਈ ਸਾਗਰ ਅਲਖ ਅਪਾਰ ਵੇ,
ਇਹ ਗੱਲਾਂ ਸਭ ਉਤਲੀ ਝਗ ਦੇ ਹਾਰ ਵੇ,
ਤ੍ਰੀਮਤ-ਪਨ ਤਾਂ ਸੁੱਤਾ ਡੂੰਘ ਡੂੰਘਾਰ ਵੇ ।
ਸੁੱਚੇ ਮੋਤੀ ਵਾਂਗਰ ਸਿਪ-ਵਲ੍ਹੇਟਿਆ,
ਕੁੱਖ ਮੇਰੀ ਦੀਆਂ ਘੋਰ ਗੁੱਫਾਂ ਵਿਚ ਲੇਟਿਆ,
ਆਬ ਜਿਦੀ ਨੂੰ ਅਜੇ ਨਾ ਲਹਿਰਾਂ ਮੇਟਿਆ ।
ਸਚ ਝੂਠ ਤੋਂ ਪਰੇ, ਪਰੇ ਪੁੰਨ ਪਾਪ ਤੋਂ,
ਜਿਤ ਹਾਰ ਤੋਂ ਪਰੇ, ਪਰੇ ਵਰ ਸਰਾਪ ਤੋਂ,
ਧਰਮ ਕਰਮ ਤੋਂ ਪਰੇ, ਪਰੇ ਜਪ ਜਾਪ ਤੋਂ ।
ਐਵੇਂ ਮੇਰੇ ਦੁਖ ਤੇ ਹੋਰ ਨਾ ਝੁੱਖ ਵੇ,
ਅਜੇ ਵੀ ਇਤਨੀ ਜਿੰਦਾ ਮੇਰੀ ਕੁੱਖ ਵੇ,
ਅੰਮ੍ਰਿਤ ਵਿਚ ਪਲਟਾ ਸਕਦੀ ਜੋ ਬਿੱਖ ਵੇ ।
ਅਜੇ ਵੀ ਇਹ ਇਕ ਐਸਾ ਬੱਚਾ ਜਣ ਸਕੇ,
ਸਭਨਾਂ ਦਾ ਜੋ ਸਾਂਝਾ ਬਾਪੂ ਬਣ ਸਕੇ,
ਮੁੜ ਕੇ ਜਗ ਦੀ ਕਿਸਮਤ ਨੂੰ ਘੜ-ਭੰਨ ਸਕੇ ।
14. ਪਸ਼ੂ
ਨਾਲ 'ਸਮਾਨਾਂ ਗੱਲਾਂ ਕਰਦਾ
ਬਾਂਦਰ ਬੈਠਾ ਰੁਖ ਦੀ ਚੋਟੀ,
ਦੋਹਾਂ ਮੁੱਠੀਆਂ ਦੇ ਵਿਚ ਘੁੱਟੀ,
ਤਿੰਨ-ਚੁਥਾਈ ਜਗ ਦੀ ਰੋਟੀ ।
ਚਾਰ ਚੁਫੇਰੇ ਟਹਿਣਾਂ ਦੇ ਵਿਚ,
ਘਤ ਆਲ੍ਹਣੇ ਨਿੱਕੇ ਨਿੱਕੇ,
ਬਾਂਦਰ ਦੇ ਅੱਤ ਗੋਹਲੇ ਕੀਤੇ,
ਰਹਿਣ ਪੰਖਣੂ ਕਈ ਲਡਿੱਕੇ ।
ਹੋਰ ਹੇਠਲੇ ਟਾਹਣਾਂ ਦੇ ਵਿਚ,
ਪਾਲ ਪਾਲ ਹਨ ਉਸਨੇ ਰੱਖੇ,
ਕਈ ਖ਼ੂਨੀ ਲਹੂ ਪੀਣੇ ਚਿਤਰੇ,
ਨੈਣ ਜਿਨ੍ਹਾਂ ਦੇ ਅੱਗ ਜਿਉਂ ਭੱਖੇ ।
ਧੁਰ ਹੇਠਾਂ ਰੁਖ ਦੇ ਪੈਰਾਂ ਵਿਚ
ਪਰ ਕੁਝ ਸ਼ੇਰ ਚੁਫਾਲ ਪਏ ਨੇ,
ਪਹੁੰਚਿਆਂ ਉਤੇ ਥੁੰਨੀਆਂ ਸੁੱਟੀ,
ਭੁੱਖ ਦੇ ਨਾਲ ਨਢਾਲ ਪਏ ਨੇ ।
ਕੋਲ ਉਨ੍ਹਾਂ ਦੇ ਵੱਡੇ ਹਾਥੀ
ਵਾਂਗ ਪਰਬਤਾਂ ਢੇਰੀ ਹੋਏ,
ਨਾਲ ਭੋਖੜੇ ਅੱਖਾਂ ਲਥੀਆਂ,
ਵਖੀਆਂ ਦੇ ਵਿਚ ਪੈ ਗਏ ਟੋਏ ।
ਪਰ ਕੁਝ ਊਠ ਤੇ ਮੂਰਖ ਖੋਤੇ,
ਹਸ ਬਾਂਦਰ ਦੀਆਂ ਕਰਨ ਵਗਾਰਾਂ,
ਢੋ ਢੋ ਲਿਆਵਣ ਸੁਹਜ ਜਗਤ ਦਾ,
ਚਾੜ੍ਹਨ ਬਾਂਦਰ ਦੇ ਦਰਬਾਰਾਂ ।
ਇਸ ਸਾਰੀ ਮੇਹਨਤ ਦੇ ਬਦਲੇ
ਦਏ ਉਨ੍ਹਾਂ ਨੂੰ ਬਾਂਦਰ ਸਿਆਣਾ,
ਮੀਲਾਂ ਤੀਕ ਤਬੇਲੇ ਲੰਮੇ
ਖੁਲ੍ਹ ਖੁਰਲੀਆਂ ਚੋਖਾ ਦਾਣਾ ।
ਬਹੁਤ ਰੀਝੇ ਤਾਂ ਝੁਲ ਸੁਨਹਿਰੀ,
ਉਹਨਾਂ ਦੀ ਪਿੱਠ ਉਤੇ ਪਾਏ,
ਯਾ ਕੌਡਾਂ ਘੋਗਿਆਂ ਦੀ ਗਾਨੀ
ਨਾਲ ਉਨ੍ਹਾਂ ਦੇ ਗਲ ਸਜਾਏ ।
ਹੀਂਗਣ ਖੋਤੇ, ਊਠ ਕੁਲੱਤਣ,
ਬਾਂਦਰ ਦੇ ਅੱਤ ਭੂਏ ਕੀਤੇ,
ਬਿਟ ਬਿਟ ਤੱਕਣ ਬੋਲ ਨਾ ਸੱਕਣ
ਬੈਠੇ ਸ਼ੇਰ ਭਰੇ ਤੇ ਪੀਤੇ ।
ਬਾਂਦਰ ਸਮਝੇ ਸਦਾ ਬਿਰਛ ਨੇ
ਨਾਲ 'ਸਮਾਨਾਂ ਖਹਿੰਦੇ ਰਹਿਣਾ,
ਨਾ ਸ਼ੇਰਾਂ ਨੇ ਉੱਤੇ ਚੜ੍ਹਨਾ
ਨਾ ਓਸ ਨੇ ਥੱਲੇ ਲਹਿਣਾ ।
ਨਾ ਜਾਣੇ ਕੋਈ ਬਾਜ਼ ਅਕਾਸ਼ੋਂ
ਉਸ ਦੀ ਗਿੱਚੀ ਨੂੰ ਫੜ ਸਕਦਾ,
ਯਾ ਕੋਈ ਚਿੱਟਾ ਰਿੱਛ ਬਰਫ਼ਾਨੀ
ਬਿਰਛ ਦੇ ਉੱਤੇ ਵੀ ਚੜ੍ਹ ਸਕਦਾ ।
15. ਕੋਈ ਆਇਆ ਸਾਡੇ ਵੇਹੜੇ
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
ਲਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂੰ,
ਆਇਆ ਨੀ ਖ਼ੌਰੇ ਅੰਬਰ ਘੁਮ ਘੁਮ ਕਿਹੜੇ ।
ਆਇਆ ਨੀ ਲੱਖ ਨਾਲ ਬਹਾਰਾਂ ਲੈ ਕੇ,
ਭਰੇ ਸੂ ਸਾਡੇ ਅੰਗ ਅੰਗ ਦੇ ਵਿਚ ਖੇੜੇ ।
ਚੁੰਮੋ ਨੀ ਇਹਦੇ ਹੱਥ ਚੰਬੇ ਦੀਆਂ ਕਲੀਆਂ,
ਧੋਵੋ ਨੀ ਇਹਦੇ ਪੈਰ ਮਖਣ ਦੇ ਪੇੜੇ ।
ਰਖੋ ਨੀ ਇਹਨੂੰ ਚੁਕ ਚੁਕ ਚਸ਼ਮਾਂ ਉੱਤੇ,
ਕਰੋ ਨੀ ਇਹਨੂੰ ਘੁਟ ਘੁਟ ਜਿੰਦ ਦੇ ਨੇੜੇ ।
ਬੰਨ੍ਹੋ ਨੀ ਕੋਈ ਪਹਾੜ ਸਮੇਂ ਦੇ ਪੈਰੀਂ,
ਡਕੋ ਨੀ ਕੋਈ ਰਾਤ ਦਿਵਸ ਦੇ ਗੇੜੇ ।
ਪੁਛੋ ਨਾ ਇਹ ਕੌਣ ਤੇ ਕਿਥੋਂ ਆਇਆ,
ਤਕੋ ਨੀ ਇਹਦਾ ਰੂਪ ਭੁਲਾ ਸਭ ਝੇੜੇ ।
ਨੀ ਅਜ ਕੋਈ ਆਇਆ ਸਾਡੇ ਵੇਹੜੇ,
ਤਕਣ ਚੰਨ ਸੂਰਜ ਢੁਕ ਢੁਕ ਨੇੜੇ ।
16. ਗੱਲ ਸੁਣੀ ਜਾ ਵੇ
ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਉਂਜ ਤੇ ਮੈਂ ਕਈ ਗੱਲਾਂ ਦਿਹੁ ਰਾਤੀਂ ਬਾਣੀਆਂ
ਹਿੱਕ ਗੱਲ ਪਈ ਜੀਵੇਂ ਚਿਰਾਂ ਤੋਂ ਛਪਾਣੀਆਂ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਗੱਲ ਮ੍ਹਾੜੀ ਬੁੱਝਣ ਨਾ ਢੋਕਾਂ ਤੇ ਪਿਆਰੇ ਵੋ
ਕਸੀਆਂ ਪਹਾੜ ਨਾਹੀਂ ਫ਼ਜਰੋ ਤੇ ਤਾਰੇ ਵੋ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਨਿਕਲ ਨਿਕਲ ਵੰਜੇ ਮੈਂਢੇ ਮੂੰਹ-ਜ਼ੋਰ ਵੋ
ਸਾਂਭੀ ਨਾ ਜਾਵੇ ਹੁਣ ਮ੍ਹਾੜੇ ਕੋਲੂੰ ਹੋਰ ਵੋ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
ਨਿਕੀ ਜਿਹੀ ਗੱਲ ਮ੍ਹਾੜੀ ਬਹੂੰ ਅਟਕਾਣੀ ਨਾ
ਹਿੱਕਾ ਵੇਰੀ ਕਰੀ ਛੋੜ ਸਾਂ ਬਹੂੰ ਸਮਝਾਣੀ ਨਾ
ਗੱਲ ਸੁਣੀ ਜਾ ਵੇ
ਉਹੀਓ ਗੱਲ ਸੁਣੀ ਜਾ ਵੇ
ਮ੍ਹਾੜੀ ਗੱਲ ਸੁਣੀ ਜਾ ।
17. ਅਗਿਉ ਅਗੇ ਚਲਣਾ
ਅਸਾਂ ਤੇ ਹੁਣ ਅਗਿਉ ਅਗੇ ਚਲਣਾ,
ਅਸਾਂ ਨਾ ਹੁਣ ਕਿਸੇ ਪੜਾ ਢਲਣਾ ।
ਰਿਹਾ ਨਾ ਜਦ ਲਾਂਭ-ਚਾਂਭ ਤਕਣਾ,
ਸਾਨੂੰ ਕੀ ਫਿਰ ਸੋਨ-ਮ੍ਰਿਗਾਂ ਛਲਣਾ ।
ਅਸਾਂ ਤੇ ਸੱਤੇ ਸਾਗਰ ਟਪ ਜਾਣੇ,
ਅਸਾਂ ਤੇ ਪੈਰੀਂ ਤਾਰਿਆਂ ਨੂੰ ਮਲਣਾ ।
ਅਸਾਂ ਤੇ ਅਜੇ ਹੋਰ ਉਤਾਂਹ ਚੜ੍ਹਨਾ,
ਅਸਾਂ ਤੇ ਸੀਨਾ ਗਗਨਾਂ ਦਾ ਸਲਣਾ ।
ਅਸਾਂ ਤੇ ਲਾ ਪਿਆਰ-ਖੰਭ ਉਡਣਾ,
ਸਾਨੂੰ ਕੀ ਇਸ ਧਰਤ ਅੰਬਰ ਵਲਣਾ ।
ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ,
ਸਾਨੂੰ ਕੀ ਇਸ ਲੋਕ-ਰਾਜ ਠਲ੍ਹਣਾ ।
ਅਜੇ ਤਾਂ ਇਕੋ ਚਿਣਗ ਲਗੀ ਸਾਨੂੰ,
ਅਜੇ ਤਾਂ ਅਸੀਂ ਪਿਆਲਿਆਂ ਤੇ ਪਲਣਾ ।
ਅਸਾਂ ਤੇ ਹੁਣ ਅਗਿਉ ਅਗੇ ਚਲਣਾ,
ਅਸਾਂ ਨਾ ਹੁਣ ਕਿਸੇ ਪੜਾ ਢਲਣਾ ।
18. ਹੱਥ
ਕਿਸਦਾ ਸੀ ਤਕਿਆ
ਕਦ, ਕਿਥੇ, ਤਕਿਆ
ਕਿਉਂ ਕਿੱਦਾਂ, ਤਕਿਆ
ਸੱਜਾ ਕਿ ਖੱਬਾ
ਕੁਝ ਓਦੂੰ ਅਗਾਂਹ ਸੀ
ਕੁਝ ਓਦੂੰ ਪਰਾਂਹ ਸੀ
ਨਾ ਲੋੜ ਹੀ ਕੋਈ
ਨਾ ਖ਼ਿਆਲ ਹੀ ਮੈਨੂੰ ।
ਹਾਂ ਇਤਨਾ ਚੇਤੇ-
ਜਿਉਂ ਹੀ ਮੈਂ ਤਕਿਆ
ਉਹ ਸੀ ਕੁਝ ਕੰਬਿਆ,
ਸੰਙਿਆ ਤੇ ਝਕਿਆ,
ਫਿਰ ਚਿਟਿਉਂ ਗੋਰਾ
ਤੇ ਗੋਰਿਉਂ ਭੋਰਾ
ਦਿਹੁੰ-ਰੰਗਾ ਹੋ ਕੇ
ਊਸ਼ਾ ਦੀ ਲਾਲੀ ਵਾਂਗਰ ਸੀ ਭਖਿਆ,
ਤੇ ਜਦ ਸੀ ਛੂਹਿਆ
ਗੁਹਲੇ ਕਲਬੂਤਰ
ਜਿਉਂ ਗੁਟਕੂੰ ਗੁਟਕੂੰ
ਕਰਦਾ ਉਹ ਕੂਇਆ;
ਕੁਝ ਹੋਰ ਜਾਂ ਘੁਟਿਆ
ਤਾਂ ਸ਼ਾਂਤ ਨਸ਼ੇ ਵਿਚ
-
ਕੁਝ ਗੁਮਿਆ ਗੁਮਿਆ
ਕੁਝ ਟੁਟਿਆ ਟੁਟਿਆ
ਅਤੇ ਨਿੱਸਲ ਹੋ ਕੇ
ਸਿਰ ਉਸ ਸੀ ਸੁਟਿਆ ।
ਬਸ ਇਸ ਤੋਂ ਵਧ ਕੇ
ਕੁਝ ਖ਼ਿਆਲ ਨਾ ਮੈਨੂੰ-
ਕੁਝ ਓਦੂੰ ਅਗਾਂਹ ਸੀ
ਕੁਝ ਓਦੂੰ ਪਰਾਂਹ ਸੀ
ਸੱਜਾ ਕਿ ਖੱਬਾ
ਕਿਉਂ ਕਿੱਦਾਂ, ਤਕਿਆ
ਕਦ, ਕਿੱਥੇ, ਤਕਿਆ
ਕਿਸਦਾ ਸੀ ਤਕਿਆ ।
19. ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ,
ਮੇਰਾ ਪਤ ਪਤ ਹੋਇਆ ਹਰਿਆ ਨੀ ।
ਨੀ ਮੈਂ ਸਿਰ ਤੋਂ ਪੈਰਾਂ ਤੀਕ ਭਿਜੀ,
ਨੀ ਮੈਂ ਧਰਤੋਂ ਅੰਬਰ ਤੀਕ ਡੁਬੀ,
ਐਸਾ ਹੜ੍ਹ ਅੰਮ੍ਰਿਤ ਦਾ ਚੜ੍ਹਿਆ ਨੀ ।
ਸਭ ਆਸ-ਅੰਦੇਸ਼ਾ ਦੂਰ ਹੋਇਆ,
ਮੇਰਾ ਸਖਣਾ-ਪਨ ਭਰਪੂਰ ਹੋਇਆ,
ਮੇਰੇ ਮੂੰਹ ਮੂੰਹ ਅੰਮ੍ਰਿਤ ਭਰਿਆ ਨੀ ।
ਚਿੱਕੜ ਵਿਚ ਸੁੱਤਾ ਕੰਵਲ ਮੇਰਾ,
ਕਰ ਧੌਣ ਉਚੇਰੀ ਵਿਗਸ ਪਿਆ,
ਛੱਡ ਨ੍ਹੇਰੇ ਚਾਨਣ ਤਰਿਆ ਨੀ ।
ਮੇਰੇ ਤਪਦੇ ਮਨ ਦੀ ਤਪਤ ਬੁਝੀ,
ਮੇਰੇ ਭਖਦੇ ਸਿਰ ਨੂੰ ਸ਼ਾਂਤ ਮਿਲੀ,
ਮੇਰਾ ਅੰਗ ਅੰਗ ਲੂੰ ਲੂੰ ਠਰਿਆ ਨੀ ।
ਸਾਡੇ ਵੇਹੜੇ ਅੰਮ੍ਰਿਤ ਵਰ੍ਹਿਆ ਨੀ,
ਮੇਰਾ ਪਤ ਪਤ ਹੋਇਆ ਹਰਿਆ ਨੀ ।
20. ਸਤਿਸੰਗ
ਸ਼ਹਿਰ ਪਿਸ਼ੌਰ,
ਤਿਕਾਲਾਂ ਵੇਲਾ,
ਦਿਨ ਹਾੜ ਦੇ,
ਬੀਬਾ ਸਿੰਘ ਦੇ ਗੁਰੂਦਵਾਰੇ
ਵਲ ਜਾਵੰਦੀ ਗਲੀ-
ਉੱਚੀ ਨੀਵੀਂ, ਭੀੜੀ ਪਤਲੀ
ਵਿੰਗ-ਵਲਾਵੇਂ ਵਲੀ ।
ਅਧ-ਵਿਚਾਲੇ, ਖੱਬੇ ਪਾਸੇ,
ਵੱਖੀ ਜਹੀ ਇਕ ਬਣੀ,
ਜਿੱਥੋਂ ਕੁੱਝ ਪੌੜੀਆਂ ਚੜ੍ਹ ਕੇ
ਥੜ੍ਹੇ ਜਹੇ ਤੇ ਖੁਲ੍ਹਣ,
ਜਿਸ ਦੇ ਉਤੇ-
ਨਾਲ 'ਸਮਾਨਾਂ ਗੱਲਾਂ ਕਰਦੀ,
ਕਿਸੇ ਪੁਰਾਣੇ ਸਾਊ ਘਰ ਦੀ
ਇਕ ਹਵੇਲੀ ਖਲੀ ।
ਪੌੜੀਆਂ ਉੱਤੇ ਸਤਿਸੰਗ ਲੱਗਾ;
ਇਕ ਹੱਥ ਗੁਟਕੇ, ਇਕ ਹੱਥ ਪੱਖੀਆਂ,
ਸੋਨ-ਸੁਨਹਿਰੀ ਜਿਲਦਾਂ,
ਲਾਲ ਨੀਲੀਆਂ ਡੰਨੀਆਂ,
ਸੁਤੀਆਂ ਸੁਤੀਆਂ ਅੱਖੀਆਂ,
"ਕੁਝ ਪਿਸ਼ੌਰਨਾਂ ਜੁੜੀਆਂ-
ਉਮਰੋਂ ਅਧਖੜ, ਹੰਢੀਆਂ ਹੋਈਆਂ,
ਗੋਲ ਗੁਦਲੀਆਂ, ਮਧਰੀਆਂ ਬਾਹੀਂ,
ਭਰੇ ਪਲੇ ਅੱਧ-ਢਿਲਕੇ ਸੀਨੇ,
ਲਸ਼ ਲਸ਼ ਕਰਦੇ ਭਾਰੇ ਕੁੱਲੇ,
ਢੇਰ ਮਾਸ ਦੇ ।"
ਗਹਿਰ-ਗੰਭੀਰ ਜਹੀਆਂ ਉਹ ਜੁੜੀਆਂ,
ਮਾਸ-ਬਹੁਲਤਾ-ਨਿਘ ਅਲਸਾਈਆਂ,
ਮਾਸ-ਸੁਗੰਧੀ ਮਤੀਆਂ,
ਹੌਲੀ ਹੌਲੀ ਮੁੰਡੀਆਂ ਮੋੜਨ
ਸਤਸੰਗ ਦੇ ਪਰਭਾਵ ਜਿਹੇ ਵਿਚ
ਰੰਗ ਅਨੋਖੇ ਰੱਤੀਆਂ;
ਸਹਿਜੇ ਸਹਿਜੇ, ਧੀਰੇ ਧੀਰੇ,
ਕਰਨ ਘਰੋਗੀ ਗੱਲਾਂ-
ਧੀਆਂ, ਨੋਹਾਂ, ਪੁੱਤਾਂ, ਖਸਮਾਂ,
ਕੁੜਮਾਂ, ਅਤੇ ਸ਼ਰੀਕਾਂ ਦੀਆਂ,
ਯਾ ਫਿਰ ਹੋਣ ਵਾਲਿਆਂ ਜੀਆਂ
ਯਾ ਗੰਵਾਢਣ ਦੀ ਚੋਰੀ ਯਾਰੀ
ਬਾਰੇ ਘੁਰ ਘੁਰ ਕਰ ਮੁਸਕਾਣ,
ਰਖ ਮੂੰਹਾਂ ਤੇ ਪੱਖੀਆਂ;
ਮਸਤ ਬਣਾ ਕੇ ਅੱਖੀਆਂ ।
ਲਿਸ਼ਕਣ ਸੋਨ-ਸੁਨਹਿਰੀ ਜਿਲਦਾਂ,
ਹਿੱਲਣ ਲਾਲ ਨੀਲੀਆਂ ਡੰਨੀਆਂ,
ਪੌੜੀਆਂ ਉੱਤੇ ਸਤਿਸੰਗ ਲੱਗਾ,
ਇਕ ਹੱਥ ਗੁਟਕੇ, ਇਕ ਹੱਥ ਪੱਖੀਆਂ,
ਸੁਤੀਆਂ ਸੁਤੀਆਂ ਅੱਖੀਆਂ,
ਕੁਝ ਪਿਸ਼ੌਰਨਾਂ ਜੁੜੀਆਂ ।
21. ਸੁੰਗੜੀ ਵਿਚ ਕਲਾਵੇ
ਥਾਂ ਦੀ ਫੈਲ, ਸਮੇਂ ਦੀ ਦੂਰੀ
ਛਾਲੀਂ ਵਧ ਰਹੇ ਬੁਧ-ਬਲ ਅਗੇ
ਪਲ ਪਲ ਘਟਦੀ ਜਾਵੇ ।
ਪੇਰੂ ਤੋਂ ਲੈ ਕੇ ਪੇਸ਼ਾਵਰ
ਰਾਸ ਉਮੀਦੋਂ ਬੇਰੰਗ ਤੀਕਰ,
ਦੇਸ਼-ਦੀਪ ਸੁੰਗੜੀਂਦੇ ।
ਹਿਟਲਰ, ਐੱਟੀਲਾ, ਚੰਗੇਜ਼ ਖਾਂ,
ਰੱਤੇ ਗ਼ਟ ਗ਼ਟ ਭਰੇ ਪਿਆਲੇ
ਮੱਤੇ ਗੁਡ-ਲੱਕ ਪੀਂਦੇ ।
ਜ਼ਰ-ਖ਼ਰੀਦ ਗੋਰੀ ਵਿਚ ਨ੍ਹੇਰੇ,
ਕੋਝੇ ਤੇ ਬਲਵਾਨ ਵਿਸ਼ੇ ਦੇ
ਸੁੰਗੜੀ ਵਿਚ ਕਲਾਵੇ ।
22. ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ
ਜਾਣਦਾ ਹਾਂ ਕੀ ਹੈ ਸਾਂਝੀਵਾਲਤਾ
ਧਰਮ ਦੇ ਆਦਰਸ਼ ਦਾ ਜਬਰੀ ਰਵਾਜ
ਭਾਵੇਂ ਇਹ ਨਾ ਧਰਮ ਦੀ ਉੱਕੀ ਮੁਥਾਜ
ਭਾਵੇਂ ਇਸ ਵਿਚ ਥਾਂ ਨਾ ਕੋਈ ਰੱਬ ਦਾ ।
ਜਾਣਦਾ ਹਾਂ ਇਹ ਵੀ ਇਸ ਦੇ ਆਉਣ ਨਾਲ
ਹੋਵਣਾ ਹੈ ਦੁੱਖਾਂ ਤੇ ਭੁੱਖਾਂ ਦਾ ਅੰਤ
ਮੌਲਣੇ ਨੇ ਮੁੜਕੇ ਸਾਰੇ ਜੀਆ ਜੰਤ
ਮਿਟਣਾ ਸਰਮਾਏਦਾਰੀ ਦਾ ਸਵਾਲ ।
ਘੁਲਣੇ ਮੁਲਕਾਂ ਅਤੇ ਵਤਨਾਂ ਦੇ ਬੰਨ
ਹੋਵਣਾਂ ਅਸਲਾਂ ਤੇ ਨਸਲਾਂ ਦਾ ਅਖ਼ੀਰ
ਟੁਟਣੇ ਜੇਹਲਾਂ ਦੇ ਵਾੜੇ ਤੇ ਜ਼ੰਜੀਰ
ਮੁਕਣੇ ਇਹ ਮਹਿਲ, ਇਹ ਮਾੜੀ, ਇਹ ਛੰਨ ।
ਪਰ ਮੈਂ ਇਸ ਕਰ ਕੇ ਨਾ ਸਾਂਝੀਵਾਲਤਾ
ਦੇ ਲਈ ਲਿਖਦਾ ਤੇ ਲੜਦਾ ਸੋਹਣੀਏਂ
ਕਿਉਂਕਿ ਇਸ ਦੇ ਨਾਲ ਸਭ ਦੀ ਹੋਣੀਏਂ
ਏਕਤਾ, ਭਰਾਤ੍ਰੀਅਤਾ, ਸਵੈਤੰਤ੍ਰਤਾ ।
ਮੈਂ ਸਗੋਂ ਚਾਹੁੰਦਾ ਹਾਂ ਸਾਂਝੀਵਾਲਤਾ
ਕਿਉਂਕਿ ਹੋ ਆਜ਼ਾਦ ਮਿਲ ਜਾਵੇਂਗੀ ਤੂੰ
ਨਹੀਂ ਤੇ ਕੀ ਵਖਰਾ ਤੇ ਕੀ ਸਾਂਝਾ ਜਨੂੰ
ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ !
23. ਤਵੀ
ਤਵੀ ਵਗਦੀ,
ਤਵੀ ਵਗਦੀ,
ਇਸ ਜੰਮੂਏਂ ਦੇ ਪੈਰਾਂ ਨਾਲ ਵੇ,
ਤਵੀ ਵਗਦੀ ।
ਮਿੱਠੀ ਲਗਦੀ,
ਸੋਹਣੀ ਲਗਦੀ,
ਇਹਦੀ ਸੁਤ-ਉਨੀਂਦੀ ਜਹੀ ਚਾਲ ਵੇ,
ਮਿੱਠੀ ਲਗਦੀ ।
ਚੰਨ ਡੁਬਦਾ,
ਚੰਨ ਡੁਬਦਾ,
ਚਾਂਦੀ ਸੋਨੇ ਦਾ ਢਲਿਆ ਥਾਲ ਵੇ,
ਚੰਨ ਡੁਬਦਾ ।
ਸੂਰਜ ਚੜ੍ਹਦਾ,
ਨੂਰ ਹੜਦਾ,
ਤਵੀ, ਥਲ, ਪਰਬਤ ਲਾਲੋ ਲਾਲ ਵੇ,
ਸੂਰਜ ਚੜ੍ਹਦਾ ।
ਮੰਦਰ ਚਮਕਦੇ,
ਮੰਦਰ ਲਿਸ਼ਕਦੇ,
ਲਗੇ ਨੀਲਿਆਂ ਗਗਨਾਂ ਨਾਲ ਵੇ,
ਮੰਦਰ ਚਮਕਦੇ ।
ਦਿਲ ਤੁਰੇ ਨਾ,
ਦਿਲ ਤੁਰੇ ਨਾ,
ਗਡੀ ਨਸ ਪਈ ਤਿਖੜੀ ਚਾਲ ਵੇ,
ਦਿਲ ਤੁਰੇ ਨਾ ।
ਤਵੀ ਲੁਕ ਗਈ,
ਮੰਦਰ ਲੁਕ ਗਏ,
ਮੁੜ ਸ਼ਹਿਰਾਂ ਦੇ ਜਾਲ ਜੰਜਾਲ ਵੇ,
ਤਵੀ ਲੁਕ ਗਈ ।
ਇਕ ਯਾਦ ਜਹੀ,
ਸੋਹਣੀ ਯਾਦ ਜਹੀ,
ਲਗੀ ਰਹਿ ਗਈ ਕਲੇਜੇ ਦੇ ਨਾਲ ਵੇ,
ਇਕ ਯਾਦ ਜਹੀ ।
24. ਤਾਹਨਾ
ਮੈਨੂੰ ਆਖਣ ਸੌਂ ਜਾ, ਸੌਂ ਜਾ
ਮੈਨੂੰ ਆਖਣ ਗੁਮ ਜਾ, ਗੁਮ ਜਾ
ਮੈਨੂੰ ਆਖਣ ਵਿਚੇ ਪੀ ਜਾ
ਤੇ ਵਾਂਗ ਸਮੁੰਦਰਾਂ ਥੀ ਜਾ
ਬੇਛੋਰ ਅਥਾਹ ਤੇ ਡੂੰਘਾ
ਜਿਸ ਦੀ ਹਿਕ ਲੁਕੀਆਂ ਪੀੜਾਂ
ਚੀਕਾਂ ਕੂਕਾਂ ਫ਼ਰਿਆਦਾਂ
ਤੇ ਹਿਕ ਵਲ੍ਹੇਟੇ ਸੁਫ਼ਨੇ
ਕੋਈ ਦੂਜਾ ਸੁਣੇ ਨਾ ਜਾਣੇ;
ਯਾ ਵਾਂਗ ਪਰਬਤਾਂ ਹੋ ਜਾ
ਠੰਢਾ, ਉਜਲਾ, ਹਿਮ-ਕਜਿਆ
ਤੇ ਇਤਨਾ ਦੁਰਗਮ ਉੱਚਾ
ਜਿਸ ਦਾ ਤੱਤਾਂ ਨਾਲ ਘੁਲਣਾ
ਕਦੀ ਢਹਿਣਾ ਕਦੀ ਉਭਰਨਾ
ਕੋਈ ਦੂਜਾ ਤਕ ਨਾ ਸਕੇ;
ਰੋ ਰੋ ਕੇ ਐਵੇਂ ਢਲ ਨਾ
ਤੂੰ ਨਾਲ ਸਾਡੇ ਕੀ ਚਲਣਾ
ਨਸ਼ਿਆਂ ਦੇ ਦੇਸ਼ ਨਸ਼ੀਲੇ
ਤੇ ਦੁਰਗਮ ਰਾਹ ਕਟੀਲੇ
ਇਕ ਚਿਣਗ ਲੁਕਾ ਨ ਸੱਕੇਂ
ਇਕ ਕਣੀ ਪਚਾ ਨਾ ਸੱਕੇਂ ।
25. ਮੈਂ ਜਾਤਾ
ਮੈਂ ਜਾਤਾ
ਉਹ ਮੇਰੇ ਵਾਂਗ ਹੀ
ਵਿਚ ਵਿਛੋੜੇ ਘੁਲਦੀ
ਹੰਝੂ ਹੰਝੂ ਡੁਲ੍ਹਦੀ,
ਨਾ ਖਾਂਦੀ, ਨਾ ਲਾਂਦੀ,
ਥੱਲੇ ਲਹਿੰਦੀ ਜਾਂਦੀ ।
ਪਰ ਸਿਨਮੇ ਤੋਂ ਬਾਹਰ ਨਿਕਲਦੀ
ਜਦ ਮੈਂ ਤੱਕੀ,
ਜੋਬਨ-ਮੱਤੀ,
ਚੰਚਲ-ਅੱਖੀ,
ਲੂੰ ਲੂੰ ਭੱਖੀ,
ਹਾਸਾ ਦੂਣ ਸਵਾਇਆ,
ਖ਼ੁਸ਼ੀਆਂ ਦਾ ਹੜ੍ਹ ਆਇਆ,
ਨਾਲ ਉਦਾਸੀ ਦੇ ਜੂਝਣ ਦੇ
ਰੂਹ ਮੇਰਾ ਕੁਰਲਾਇਆ
ਸੰਭਵ, ਸੰਭਵ,
ਸਭ ਕੁਝ ਸੰਭਵ,
ਪਿਆਰੇ ਦਾ ਸੀ ਜੁੜਨ ਅਸੰਭਵ,
ਉਹ ਵੀ ਹੋਇਆ ਸੰਭਵ,
ਮੈਂ ਜਾਤਾ ਹੁਣ ਟੁਟਣ ਅਸੰਭਵ,
ਉਹ ਵੀ ਹੋਇਆ ਸੰਭਵ,
ਫਿਰ ਜਾਤਾ ਸੀ ਭੁਲਣ ਅਸੰਭਵ,
ਉਹ ਵੀ ਹੋਇਆ ਸੰਭਵ,
ਸੰਭਵ, ਸੰਭਵ,
ਸਭ ਕੁਝ ਸੰਭਵ,
ਜੀਣਾ ਮਰਨਾ
ਜਿਤਣਾ ਹਰਨਾ
ਜਪਣਾ ਭੁਲਣਾ
ਚਾਹੁਣਾ ਘ੍ਰਿਣਨਾ
ਤੇ ਟੁਟ ਜਾਣਾ
ਨਫ਼ਰਤ ਦਾ ਵੀ ਨਾਤਾ
ਮੈਂ ਜਾਤਾ ।
26. ਕੁਝ ਚਿਰ ਪਿਛੋਂ
ਕੀ ਹੋਇਆ ਜੇ
ਜੋਬਨ-ਮੱਤੀ,
ਚੰਚਲ-ਅੱਖੀ,
ਲੂੰ ਲੂੰ ਭੱਖੀ,
ਹਾਸਾ ਦੂਣ ਸਵਾਇਆ,
ਕੀ ਹੋਇਆ ਜੇ ਗ਼ਮ ਦੁਖ ਅਪਣਾ
ਉਸ ਨੇ ਇਉਂ ਭੁਲਾਇਆ,
ਨਹੀਂ, ਨਹੀਂ, ਇਉਂ ਲੁਕਾਇਆ ।
ਬਾਹਰੋਂ ਸਾਵੇ ਠੰਢੇ ਪਰਬਤ
ਅੰਦਰ ਭੁਚਾਲੀ ਪੀੜਾਂ,
ਦੂਰੋਂ ਲਿਸ਼ ਲਿਸ਼ ਕਰਦੇ ਤਾਰੇ,
ਨੇੜਿਉਂ ਨ੍ਹੇਰੇ ਸੁੰਞਾਂ ।
ਉਹ ਕੀ ਪਿਆਰ ਜੋ ਕਰੇ ਕਿਸੇ ਦੀ
ਦੁਨੀਆਂ ਇਤਨੀ ਸੌੜੀ,
ਦੋ ਬਾਹਾਂ ਦੀ ਤੰਗ ਵਲਗਣੋਂ
ਜੋ ਨਾ ਹੋਵੇ ਚੌੜੀ ।
ਉਹ ਕੀ ਪਿਆਰ ਜੋ ਪਿਆਰੇ ਪਾਸੋਂ
ਖੋਹ ਹਾਸੇ ਤੇ ਰਸ ਲਏ,
ਉਹ ਕੀ ਪਿਆਰ ਜੋ ਹਕ ਜੀਣ ਦਾ
ਵੀ ਪਿਆਰੇ ਤੋਂ ਖੱਸ ਲਏ ।
ਮੰਦਾ ਜੀਵਣ ਦਾ ਹਕ ਖੋਹਣਾ
ਖੁਹਾਉਣਾ ਹੋਰ ਮੰਦੇਰਾ,
ਬੇਸ਼ਕ ਪਿਆਰ ਹੈ ਉੱਚੀ ਵਸਤੂ
ਪਰ ਜੀਉਣਾ ਹੋਰ ਉਚੇਰਾ ।
27. ਇਹ ਦਿਲ ਹੈ
ਇਹ ਦਿਲ ਹੈ ਕੋਈ ਖਿਡਾਲ ਨਹੀਂ,
ਇਤਨਾ ਵੀ ਨਿਤਾਣਾ ਕਿਉਂ ਹੋਵੇ ?
ਇਕ ਛੋਹਰੀ ਦੇ ਜੀ ਪਰਚਾਵੇ ਲਈ,
ਸਭ ਜਗ ਤੋਂ ਬਗਾਨਾ ਕਿਉਂ ਹੋਵੇ ?
ਜੇ ਜੀਵਨ ਨਾਂ ਕੁਰਬਾਨੀ ਦਾ
ਤੇ ਸੁਟਣਾ ਵਾਰ ਜਵਾਨੀ ਦਾ,
ਦੀਵੇ ਵੀ ਕਈ ਲਾਟਾਂ ਵੀ ਕਈ,
ਤੇਰਾ ਪਰਵਾਨਾ ਕਿਉਂ ਹੋਵੇ ?
ਜੇ ਬੰਦਾ ਬਣਿਆ ਪੀਣ ਲਈ
ਤੇ ਲੋਰ ਕਿਸੇ ਵਿਚ ਜੀਣ ਲਈ,
ਕਈ ਦਾਰੂ ਤੇ ਕਈ ਮਸਤੀਆਂ ਫਿਰ
ਤੇਰਾ ਮਸਤਾਨਾ ਕਿਉਂ ਹੋਵੇ ?
ਮੰਨਿਆ ਇਸ ਦਿਲ ਦੀ ਧਰਤੀ ਤੇ
ਜੰਗਲ ਨਾ ਉਗਾਈਏ ਹਵਸਾਂ ਦੇ,
ਤੇਰੇ ਇਸ਼ਕ ਬਿਨਾ ਕੁਝ ਉਗ ਨਾ ਸਕੇ
ਇਤਨਾ ਵੀਰਾਨਾ ਕਿਉਂ ਹੋਵੇ ?
ਜੇ ਦੁਨੀਆਂ ਦੀ ਹਰ ਇਕ ਸ਼ੈ ਨੇ
ਆਖ਼ਰ ਨੂੰ ਫ਼ਸਾਨਾ ਬਣਨਾ ਹੈ,
ਤਾਂ ਬਣੇ ਫ਼ਸਾਨਾ ਜਿੱਤਣ ਦਾ
ਹਾਰਨ ਦਾ ਫ਼ਸਾਨਾ ਕਿਉਂ ਹੋਵੇ ?
"ਇਹ ਹੁਸਨ ਕਿਹਾ ਤੇ ਇਸ਼ਕ ਕਿਹਾ ?
ਜਦ ਸਿਰ ਅਪਣਾ ਭੰਨਣਾ ਹੋਇਆ,
ਤਾਂ ਤੂਹੇਂ ਦਸ ਅਨੀ ਪੱਥਰ ਜਹੀਏ
ਤੇਰਾ ਅਸਥਾਨਾ ਕਿਉਂ ਹੋਵੇ ?"
28. ਇਕ ਦੋਹੜਾ
ਛੱਡ ਇਕ ਵਾਰੀ ਹੱਥੋਂ ਦਿਲ ਨੂੰ
ਫਿਰ ਵਲਣਾ ਤੇ ਡਕਣਾ ਕੀ ।
ਪੈ ਕੇ ਲੰਬੜੀ ਵਾਟ ਇਸ਼ਕ ਦੀ
ਫਿਰ ਅਕਣਾ ਤੇ ਥਕਣਾ ਕੀ ।
ਇਸ਼ਕ ਵਿਚ ਅਣ-ਮੰਜ਼ਲ, ਮੰਜ਼ਲ
ਮਰ ਜਾਣਾ, ਜੀਉਂਦੇ ਰਹਿਣਾ,
ਖੋਹਲ ਪੱਤਣ ਤੋਂ ਕੇਰਾਂ ਬੇੜੀ
ਫੇਰ ਕੰਢੇ ਵਲ ਤਕਣਾ ਕੀ ।
29. ਕਨਸੋ
ਕੁਝ ਪਤਾ ਨਾ ਲਗਦਾ
ਕਿੱਥੋਂ ਆਵੇ ਕਨਸੋ ।
ਬੱਤੀ ਹਯਾਤੀ ਦੀ ਬੁਝ ਜਾਏ ਸਾਰੀ,
ਨ੍ਹੇਰੇ ਦੀ ਕਰ ਲਵਾਂ ਤਿਆਰੀ,
ਭੱਖ ਉੱਠੇ ਕੋਈ ਫਿਰ ਚੰਗਿਆਰੀ,
ਨਿਕੀ ਨਿਕੀ ਨਿਘੀ ਨਿਘੀ ਲੋ ।
ਲੱਖ ਮੂੰਹ ਦਿਸਣ ਇਕ ਮੂੰਹ ਨਹੀਂ ਦਿਸਦਾ,
ਲਖ ਰੌਲੇ ਇਕ ਬੋਲ ਨਾ ਉਸ ਦਾ,
ਪੀਣ ਲਗਾਂ ਜਦ ਪਿਆਲਾ ਵਿਸ ਦਾ,
ਕੋਈ ਖ਼ਿਆਲ ਰਹੇ ਕੋਲ ਖਲੋ ।
ਬੁੱਤ ਮੇਰਾ ਜਦ ਥਕੀ ਥਕੀ ਵੈਂਦਾ,
ਰੂਹ ਮੇਰਾ ਜਦ ਅਕੀ ਅਕੀ ਸੈਂਦਾ,
ਆਸਾ ਪਾਸਾ ਤ੍ਰਕੀ ਤ੍ਰਕੀ ਢਹਿੰਦਾ,
ਮੇਰੇ ਅੰਦਰੋਂ ਉਠੇ ਖ਼ੁਸ਼ਬੋ ।
ਕੁਝ ਪਤਾ ਨਾ ਲਗਦਾ
ਕਿੱਥੋਂ ਆਵੇ ਕਨਸੋ ।
30. ਯਾਦ
ਮੈਂ ਸੀ ਜਾਣਿਆ ਸਗਵੀਂ ਬੁਝ ਗਈ ਏ,
ਰਿਹਾ ਨਾਮ ਨਿਸ਼ਾਨ ਨਾ ਅੱਗ ਦਾ ਈ ।
ਰੱਬ ਖ਼ੈਰ ਕਰੇ, ਇਹ ਕੀ ਸੇਕ ਜਿਹਾ
ਫੇਰ ਵਿਚ ਕਲੇਜੇ ਦੇ ਮੱਘਦਾ ਈ ।
ਹੌਲੀ ਹੌਲੀ ਦਿਲ-ਭੋਈਂ ਤੇ ਉਗੇ ਜੰਗਲ,
ਬਣੇ ਤੁਰਤ ਭਬੂਕੜਾ ਅੱਗ ਦਾ ਈ ।
ਇਸ਼ਕ ਤਾਈਂ ਸੁਆਲਣ ਵਿਚ ਵਰ੍ਹੇ ਲੱਗਣ,
ਐਪਰ ਜਾਗਿਆ ਪਲਕ ਨਾ ਲੱਗਦਾ ਈ ।
ਭੜਕ ਉਠਿਆ ਇਸ਼ਕ ਦਾ ਤੇਜ਼ ਲੂੰਬਾ,
ਅੰਦਰ ਵਾਂਗ ਅਕਾਸ਼ਾਂ ਦੇ ਜੱਗਦਾ ਈ ।
ਲਾਣ ਵਾਲੇ ਦਾ ਵਿਸਰਿਆ ਮੂੰਹ-ਸੋਇਨਾ
ਫਿਰ ਪਿਆ ਸਾਹਮਣੇ ਭੱਖਦਾ ਦੱਗਦਾ ਈ ।
ਆ ਕੇ ਫੇਰ ਜਨੂੰਨ ਨੇ ਜ਼ੋਰ ਪਾਇਆ
ਦਿਲ ਧੰਧਿਆਂ ਵਿਚ ਨਾ ਲੱਗਦਾ ਈ ।
ਹੋਇਆ ਦਿਲ ਦਾ ਫੇਰ ਮੂੰਹ-ਜ਼ੋਰ ਘੋੜਾ
ਪੱਕੇ ਪੰਧ ਛਡ ਓਝੜੀਂ ਵੱਗਦਾ ਈ ।
ਦੁਨੀਆਂ ਦੀਨ ਪਏ ਜਾਪਦੇ ਫੇਰ ਸੌੜੇ,
ਇਲਮ ਭਾਰ ਵਾਧੂ ਜਿਹਾ ਲੱਗਦਾ ਈ ।
"ਅੱਜ ਯਾਦ ਆਇਆ ਸਾਨੂੰ ਫੇਰ ਸੱਜਨ,
ਜੀਦ੍ਹੇ ਮਗਰ ਉਲਾਂਭੜਾ ਜੱਗ ਦਾ ਈ ।"
31. ਮਾਹੀਆ
ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ,
ਦੋ ਅੱਖੀਆਂ ਨਾ ਲਾਈਂ ਵੇ ।
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ,
ਤੇਰੀਆਂ ਕਿਹੜੀ ਜਾਈਂ ਵੇ ?
ਬਿਖ ਨਾਲ ਭਰਿਆ ਸਾਡਾ ਪਿਆਲਾ,
ਅੰਮ੍ਰਿਤ ਤੇਰੀ ਸੁਰਾਹੀਂ ਵੇ ।
ਅਸੀਂ ਜੀਵ ਧਰਤੀ ਦੇ ਮਾਹੀਆ
ਤੇਰਾ ਉਡਣ ਹਵਾਈਂ ਵੇ ।
ਅਸੀਂ ਕਲਾਵੇ ਭਰ ਭਰ ਦੌੜੇ
ਫੜਨ ਤੇਰੀ ਅਸਨਾਈ ਵੇ ।
ਤੂੰ ਖ਼ੁਸ਼ਬੂ ਜਿਹਾ ਸੂਖਸ਼ਮ ਮਾਹੀਆ
ਸਖਣੀਆਂ ਸਾਡੀਆਂ ਬਾਹੀਂ ਵੇ ।
ਭਜ ਭਜ ਥੱਕੇ, ਥੱਕ ਥੱਕ ਭੱਜੇ
ਪਿਆਰ ਤੇਰੇ ਦੇ ਰਾਹੀਂ ਵੇ ।
ਜਿਥੋਂ ਤੁਰੇ ਅਜ ਉਥੇ ਹੀ ਮਾਹੀਆ
ਤੇਰੀਆਂ ਬੇਪਰਵਾਹੀਂ ਵੇ ।
ਨਾ ਹੁਣ ਬੇੜੀ, ਨਾ ਹੁਣ ਚੱਪੂ,
ਨਾ ਹੁਣ ਆਸ ਮਲਾਹੀਂ ਵੇ ।
ਮਿਹਰ ਤੇਰੀ ਦੇ ਬਾਝੋਂ ਮਾਹੀਆ,
ਮੁਸ਼ਕਲ ਤਰਨ ਝਨਾਈਂ ਵੇ ।
ਦੋ ਅੱਖੀਆਂ ਨਾ ਲਾਈਂ ਮੇਰੇ ਮਾਹੀਆ,
ਦੋ ਅੱਖੀਆਂ ਨਾ ਲਾਈਂ ਵੇ ।
ਮੇਰੀਆਂ ਅੱਖੀਆਂ ਤੈਂ ਵਲ ਮਾਹੀਆ,
ਤੇਰੀਆਂ ਕਿਹੜੀ ਜਾਈਂ ਵੇ ?
32. ਮੋਹ
ਸਭ ਧਰਤੀ ਹੋ ਗਈ ਲਾਲ ਨੀ,
ਬੰਦੇ ਦੇ ਲਹੂ ਦੇ ਨਾਲ ਨੀ,
ਖੜਦੈਂਤ ਵਡੇ ਸਰਮਾਏ ਦੇ
ਪਏ ਨੱਚਣ ਤਾਲ ਬੇ ਤਾਲ ਨੀ,
ਉਨ੍ਹਾਂ ਧੁਰ ਤਕ ਅੰਬਰ ਨੌਂਹਦਰੇ
ਅਤੇ ਸਾਗਰ ਸੁਟੇ ਹੰਗਾਲ ਨੀ,
ਉਨ੍ਹਾਂ ਕੁਦ ਕੁਦ ਮਿਧਿਆ ਧਰਤ ਨੂੰ
ਅੱਤ ਕੋਝੇ ਵਿਸ਼ਿਆਂ ਨਾਲ ਨੀ,
ਸਦੀਆਂ ਵਿਚ ਉਸਰੀ ਸਭਿਤਾ
ਸੁਟ ਦਿੱਤੀ ਧੌਣ ਨਢਾਲ ਨੀ,
ਲਿਆ ਪੀੜ ਉਨ੍ਹਾਂ ਵਿਗਿਆਨ ਨੂੰ
ਤੇ ਇਲਮ ਕੀਤਾ ਜ਼ਿਲਹਾਲ ਨੀ,
ਪਿਆ ਹੁਨਰ ਹਨੇਰੇ ਭਾਲਦਾ
ਰਿਹਾ ਧਰਮ ਨਿਰਾ ਇਕ ਸਵਾਲ ਨੀ,
ਤਕ ਰੱਬ ਨੇਕੀ ਦੀ ਬੇ-ਬਸੀ
ਲੋਕਾਂ ਸੁੱਟੀ ਇਹ ਵੀ ਚਾਲ ਨੀ,
ਲੱਖ ਪਿਆਰ ਟੁਟੇ ਅਧਵਾਟਿਉਂ
ਲੱਖ ਵੈਰ ਵੀ ਵਿਸਰੇ ਨਾਲ ਨੀ,
ਪਰ ਮੈਨੂੰ ਅਜੇ ਨਾ ਭੁਲਦਾ
ਤੇਰੇ ਦੋ ਨੈਣਾਂ ਦਾ ਖ਼ਿਆਲ ਨੀ ।
33. ਨਿਕੀ ਜਿੰਦ ਮੇਰੀ
ਨਿਕੀ ਜਿੰਦ ਮੇਰੀ
ਤੇ ਬੰਧਨ ਹਜ਼ਾਰਾਂ ।
ਆਖਣ ਸਿਆਣੇ ਕਿਉਂ ਉਡਦਾ ਨਹੀਂ ਤੂੰ ?
ਭੋਂ ਨਾਲ ਬੱਝਾ ਏ ਜਿੰਦੜੀ ਦਾ ਲੂੰ ਲੂੰ,
ਭੋਂ-ਪਿਆਰ ਭਰਿਆ ਏ ਜਿੰਦੜੀ ਦੇ ਮੂੰਹੋਂ ਮੂੰਹ,
ਕਿੱਦਾਂ ਤੇ ਕਿਧਰ ਮੈਂ ਮਾਰਾਂ ਉਡਾਰਾਂ ?
ਇਤਨਾ ਕੀ ਥੋਹੜਾ ਅਕਾਸ਼ਾਂ ਨੂੰ ਤੱਕ ਲਾਂ,
ਕਿਸਮਤ, ਖ਼ੁਦਾ, ਹੋਣੀ ਦੇ ਉਲਟ ਬਕ ਲਾਂ,
ਤੇ ਕਿਧਰੇ ਰਤਾ ਜਾਲ ਭੋਂ ਤੋਂ ਵੀ ਚਕ ਲਾਂ,
ਲਵਾਂ ਇਨਕਲਾਬਾਂ ਦੀਆਂ ਮਾਰ ਟਾਹਰਾਂ ।
ਕੀ ਥੋਹੜਾ ਹੈ ਸ਼ਿਕਵੇ ਕਰਾਂ ਨਾ ਸੁਣਾਂ ਹੁਣ,
ਤੇ ਪੁਨ ਪਾਪ ਸੱਚ ਝੂਠ ਨੂੰ ਨਾ ਪੁਣਾਂ ਹੁਣ,
ਨਾ ਸ਼ਤਰੂ ਤਿਆਗਾਂ ਨਾ ਮਿੱਤਰ ਚੁਣਾਂ ਹੁਣ,
ਤੇ ਇਕ-ਸਾਰ ਤੱਕਾਂ ਖਿਜ਼ਾਂ ਤੇ ਬਹਾਰਾਂ ।
ਨਿਕੀ ਜਿੰਦ ਮੇਰੀ
ਤੇ ਬੰਧਨ ਹਜ਼ਾਰਾਂ ।
34. ਨਿੱਕੀ ਜਹੀ ਮੈਂ ਕਲੀ
ਨਿੱਕੀ ਜਹੀ ਮੈਂ ਕਲੀ ।
ਅਰਸ਼ਾਂ ਵੰਨੀ ਮੂੰਹ ਭਵਾਈ
ਚਿਰਾਂ ਚਿਰਾਂ ਤੋਂ ਖਲੀ ।
ਤਾਰਿਆਂ-ਜੜੀ ਸਵੇਰ ਬੀਤ ਗਈ,
ਬੀਤ ਦੁਪਹਿਰ ਚਲੀ ।
ਸ਼ਾਮਾਂ ਦੇ ਪੈ ਗਏ ਝਾਂਵਲੇ,
ਦੁਖ ਗਈ ਧੌਣ ਅਲੀ ।
ਸੁਕ ਗਏ ਅੱਥਰੂ, ਮੁਕ ਗਏ ਹਾਸੇ
ਗਈ ਸੁਗੰਧ ਛਲੀ ।
ਕੀ ਸਖੀਉ ਉਹ ਮੂਲ ਨਾ ਮਿਲਸੀ,
ਮੈਂ ਜਿਸ ਦੀ ਆਸ ਖਲੀ ?
ਨਿੱਕੀ ਜਹੀ ਮੈਂ ਕਲੀ ।
35. ਸਾਰ ਲਈਂ ਅੱਜ ਨੀ
ਲੈਣੀ ਆਂ ਜੇ ਸਾਰ ਕਦੀ
ਸਾਰ ਲਈਂ ਅੱਜ ਨੀ ।
ਯਾਦਾਂ ਉੱਤੇ ਕਰੇ ਕੋਈ
ਕਿਥੋਂ ਤੀਕ ਰੱਜ ਨੀ ।
ਕਾਲੀਆਂ ਵਿਛੋੜੇ ਦੀਆਂ
ਚੜ੍ਹੀਆਂ ਹਨੇਰੀਆਂ ।
ਦੀਵਾ ਮੇਰੀ ਜਿੰਦੜੀ ਦਾ
ਪੱਲੇ ਥੱਲੇ ਕੱਜ ਨੀ ।
ਤੇਲ ਜਿਦ੍ਹਾ ਤਿਲੀਂ
ਓਸ ਦੀਵੇ ਨੇ ਕੀ ਜਗਣਾ,
ਜਿੰਦ ਜਿਦ੍ਹੀ ਦੂਰ
ਓਹਦੇ ਜੀਣ ਦਾ ਕੀ ਹੱਜ ਨੀ ।
ਯਾਰ ਜਿਦ੍ਹਾ ਡੋਲਣਾ,
ਕੀ ਓਸ ਮੂੰਹੋਂ ਬੋਲਣਾ,
ਘੜਾ ਜਿਦ੍ਹਾ ਕੱਚਾ,
ਓਸ ਆਪੇ ਰਹਿਣਾ ਮੰਝ ਨੀ ।
ਦਿਲ ਜਿਦ੍ਹਾ ਵੈਰੀ
ਓਸ ਦੂਜੇ ਨੂੰ ਕੀ ਆਖਣਾ,
ਇਸ਼ਕ ਜਿਦ੍ਹੇ ਖਹਿੜੇ
ਓਸ ਜਾਣਾ ਕਿੱਥੇ ਭੱਜ ਨੀ ।
ਹੁਸਨ ਤੇਰਾ ਰੱਜਵਾਂ
ਤੇ ਇਸ਼ਕ ਮੇਰਾ ਪੁੱਜਵਾਂ,
ਕਾਹਦੇ ਹੁਸਨ ਇਸ਼ਕ
ਜੇ ਨਾ ਕੋਲੋ ਕੋਲ ਅੱਜ ਨੀ ।
36. ਕੋਇਲ ਨੂੰ
ਅੰਬਾਂ ਤੇ ਪੈ ਗਿਆ ਬੂਰ
ਕੋਇਲੇ, ਅੰਬਾਂ ਤੇ ਪੈ ਗਿਆ ਬੂਰ ।
ਝੁੱਝੂ ਝੂ ਟਾਹਣੀਆਂ, ਝੁੱਝੂ ਝੂ ਪੱਤੇ,
ਰਾਤ ਦਿਵਸ ਹੋਏ ਬੂਰ-ਗੰਧ-ਮੱਤੇ,
ਹੂਕ ਤੇਰੀ ਗੂੰਜੇ ਅੰਬਰ ਸੱਤੇ,
ਦੁਨੀਆਂ ਨਸ਼ੇ ਵਿਚ ਚੂਰ,
ਕੋਇਲੇ, ਅੰਬਾਂ ਤੇ ਪੈ ਗਿਆ ਬੂਰ ।
ਉਡ ਗਈ ਏਂ ਕਿਉਂ ਦੂਰ,
ਕੋਇਲੇ, ਉਡ ਗਈ ਏਂ ਕਿਉਂ ਦੂਰ ?
ਸੋਨੇ ਦੀ ਚੁੰਝ ਤੂੰ ਜਦ ਦੀ ਮੜ੍ਹਾਈ ਨੀ,
ਅੰਬਰ-ਗੁੰਜਾਣੀ ਤੇਰੀ ਜੀਭ ਪਥਰਾਈ ਨੀ,
ਸੁੱਕ ਸੁੱਕ ਪੀਲੀ ਹੋਈ ਸਭ ਹਰਿਆਈ ਨੀ,
ਅੰਬਾਂ ਦਾ ਝੜ ਗਿਆ ਬੂਰ
ਕੋਇਲੇ, ਅੰਬਾਂ ਦਾ ਝੜ ਗਿਆ ਬੂਰ ।
37. ਦੋ ਜੀਵਨ ਮੈਂ ਜੀਵਾਂ
ਦੋ ਜੀਵਨ ਮੈਂ ਜੀਵਾਂ,
ਇਕ ਆਸ਼ਾ ਤੇ ਅਭਲਾਸ਼ਾ ਦਾ
ਸਿਖਰ ਦੁਪਹਿਰਾਂ ਵਾਂਗ
ਚੁਹਲੀ, ਚੰਚਲ ਅਤੇ ਚਾਨਣਾ-
ਲੜਦਾ ਘੁਲਦਾ ਅੱਗੇ ਜਾਂਦਾ,
ਨਾਲ ਹੋਣੀਆਂ ਆਢੇ ਲਾਂਦਾ,
ਕਿਸਮਤ ਨੂੰ ਪੈਰੀਂ ਠੁਕਰਾਂਦਾ,
ਭਰਿਆ ਨਾਲ ਵੰਗਾਰ
ਕਦੀ ਨਾ ਮੰਨੇ ਹਾਰ ।
ਦੋ ਜੀਵਨ ਮੈਂ ਜੀਵਾਂ,
ਦੂਜਾ ਹਾਰ ਤੇ ਬੇਬਸੀਆਂ ਦਾ,
ਅੱਧੀ ਰਾਤ ਦੇ ਵਾਂਗ
ਕਾਲਾ, ਕੱਲਾ, ਗ਼ਮ-ਖਾਵਣਾ-
ਵਿਛੜੀ ਕੂੰਜ ਵਾਂਗ ਕੁਰਲਾਂਦਾ,
ਬੇਬਸ, ਆਜਜ਼ ਤੇ ਦਰਮਾਂਦਾ,
ਵਿਚ ਹਨੇਰੇ ਗੁੰਮਦਾ ਜਾਂਦਾ,
ਕੰਮ ਏਸੇ ਦਾ ਰੋਣ,
ਕਦੀ ਨਾ ਚੁੱਕੇ ਧੌਣ ।
38. ਅੱਧਾ ਹਨੇਰੇ ਅੱਧਾ ਸਵੇਰੇ
ਰਹਿਣ ਦਿਉ ਮੈਨੂੰ ਭੋਂ ਦੀ ਹਿਕ ਤੇ,
ਚੁੰਘਣ ਦਿਉ ਮੈਨੂੰ ਇਸ ਦੇ ਸੀਨੇ ।
ਭਾਵੇਂ ਇਹ ਕਹਿਰਾਂ ਦੇ ਕਰੜੇ,
ਦੋ ਬੂੰਦਾਂ ਕੱਢ ਦੇਣ ਪਸੀਨੇ ।
ਮੰਨਿਆਂ ਇਕ ਥਣ ਅੰਮ੍ਰਿਤ ਇਸ ਦੇ,
ਦੂਜੇ ਥਣ ਵਿਚ ਬਿਖ ਲਹਿਰਾਵੇ ।
ਇਸ ਜੀਵਣ ਦੇ ਨਸ਼ੇ ਅਜਬ ਪਰ,
ਦੋਜ਼ਖ਼ ਜੰਨਤ ਇਜੋ ਕਲਾਵੇ ।
ਜੀਣ ਦਿਉ ਮੈਨੂੰ ਬਿਰਛ ਵਾਂਗਰਾਂ,
ਅੱਧਾ ਹਨੇਰੇ ਅੱਧਾ ਸਵੇਰੇ ।
ਨਿਰਾ ਚਾਨਣ ਵੀ ਨਿਰਜਿੰਦ ਕਰਦਾ,
ਘੋਪ ਸੁਟਣ ਜੇ ਨਿਰੇ ਹਨੇਰੇ ।
ਅਗੇ ਸ਼ੂਨ ਜੋ ਏਦੂੰ ਬੱਤਰ,
ਪਿੱਛੇ ਹਨੇਰੇ ਕਾਲ ਕਲਾਟੇ,
ਇਥੇ ਜੀਵਨ, ਭਾਵੇਂ ਬਿਖ-ਭਰਿਆ,
ਮੈਂ ਚੰਗਾ ਅਧਵਾਟੇ ।