Abdul Quddus Kaifi ਅਬਦੁਲ ਕੁੱਦੂਸ 'ਕੈਫ਼ੀ'
ਨਾਂ-ਅਬਦੁਲ ਕੁੱਦੂਸ, ਕਲਮੀ ਨਾਂ-ਅਬਦੁਲ ਕੁੱਦੂਸ 'ਕੈਫ਼ੀ',
ਜਨਮ ਸਥਾਨ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ,
ਛਪੀਆਂ ਕਿਤਾਬਾਂ-ਸੰਘਣੀ ਛਾਂ (ਸ਼ਾਇਰੀ), ਵਿਹੜਾ ਅੱਖੀਆਂ ਦਾ (ਸ਼ਾਇਰੀ),
ਪਤਾ ਪਿੰਡ ਅਤੇ ਡਾਕਖ਼ਾਨਾ ਬਿਦਾਨਾ ਸ਼ਿਕਰੀ, ਚਿਸ਼ਤੀਆਂ, ਪੰਜਾਬ ।
ਪੰਜਾਬੀ ਗ਼ਜ਼ਲਾਂ (ਸੰਘਣੀ ਛਾਂ 2003 ਵਿੱਚੋਂ) : ਅਬਦੁਲ ਕੁੱਦੂਸ 'ਕੈਫ਼ੀ'
Punjabi Ghazlan (Sanghani Chhaan 2003) : Abdul Quddus Kaifi
ਦਿਲ ਦੇ ਕੋਲੋਂ ਵੱਖਰਾ ਹੋ ਕੇ
ਦਿਲ ਦੇ ਕੋਲੋਂ ਵੱਖਰਾ ਹੋ ਕੇ, ਦਰਦ ਵੀ ਭਰਦੇ ਹਾਵਾਂ ਨੇ । ਇਕਲਾਪੇ ਦੇ ਦੁਖ ਇੰਜ ਵਿੰਨ੍ਹਿਆ, ਔਖੀਆਂ ਹੋਈਆਂ ਸਾਹਵਾਂ ਨੇ । ਯਾਦ ਮਾਹੀ ਦੀ ਹਾਅ ਨੂੰ ਠਾਰੇ, ਦਿਲ ਦੇ ਰੋਗ ਮਿਟਾਉਂਦੀ ਏ, ਜਮ-ਜਮ ਆਵੇ ਸ਼ਾਮ-ਸਵੇਰੇ ਅੱਖੀਆਂ ਤੱਕਦੀਆਂ ਰਾਹਵਾਂ ਨੇ । ਫ਼ਿਕਰਾਂ, ਉਮਰਾਂ ਨਾਲ ਹੰਢਾਈਆਂ, ਬਚਪਨ ਦੀਆਂ ਸੌਗ਼ਾਤਾਂ ਨੇ, ਕਮਲੀ ਅੱਖ ਅੱਜ ਵੈਣ ਕਰੇਂਦੀ, ਕਸੀਆ ਸੋਚ ਤਨਾਵਾਂ ਨੇ । ਵਿਛੜੇ ਮਿਲਦੇ ਨਾਲ ਨਸੀਬਾਂ, ਹੋਣੀ ਨੂੰ ਕੋਈ ਰੋਕੇ ਨਾ, ਸੰਝ-ਸਵੇਰੇ ਪਲਕ ਬਨੇਰੇ, ਸੁਫ਼ਨੇ ਭਰਦੇ ਹਾਵਾਂ ਨੇ । ਇਕ ਇਕ ਪਲ ਨੂੰ ਕੱਠਿਆਂ ਕਰਕੇ, ਪਿਆਰ ਦੀ ਕੁੱਲੀ ਪਾਈ ਸੀ, ਤੀਲਾ-ਤੀਲਾ ਕਰ ਛੱਡਿਆ ਇੰਜ ਚੱਲੀਆਂ ਹਿਰਸ ਹਵਾਵਾਂ ਨੇ । ਕੱਚੀਆਂ ਪਿੱਲੀਆਂ ਘਰ ਦੀਆਂ ਕੰਧਾਂ, ਖ਼ੌਫ਼ ਦੀ ਸੂਲੀ ਟੰਗੀਆਂ ਨੇ, ਸਾਵਣ ਆਇਆ, ਘੁੰਗਰੂ ਬੰਨ੍ਹ ਕੇ, ਚੜ੍ਹੀਆਂ ਘੋਰ ਘਟਾਵਾਂ ਨੇ । ਝੂਠਿਆਂ ਦੀ ਇਸ ਮਹਿਫ਼ਲ ਦੇ ਵਿਚ, ਸੱਚੀਆਂ ਗੱਲਾਂ ਕਰਦਾ ਹਾਂ, ਡਰ ਨਹੀ 'ਕੈਫ਼ੀ' ਜਗ ਦਾ ਕੋਈ, ਮਾਂ ਦੀਆਂ ਨਾਲ ਦੁਆਵਾਂ ਨੇ ।
ਦਿਲ ਨੂੰ ਸਾਰੀ ਰਾਤ ਸਤਾਵੇ
ਦਿਲ ਨੂੰ ਸਾਰੀ ਰਾਤ ਸਤਾਵੇ, ਗਰਮੀਂ ਬਲਦੇ ਸਾਹਵਾਂ ਦੀ । ਸੱਧਰਾਂ ਭੁੱਜਕੇ ਕੋਲੇ ਹੋਈਆਂ, ਭੱਠੀ ਧੁਖਦੀ ਹਾਵਾਂ ਦੀ । ਜਿੱਥੇ ਜਿੱਥੇ ਪੈਰ ਧਰੇ ਨੇ, ਜਿਸ ਥਾਉਂ ਮਾਹੀ ਲੰਘਿਆ ਏ, ਚੁੰਮ ਚੰੁਮ ਸੀਨੇ ਲਾਵਣ ਅੱਖੀਆਂ, ਖ਼ਾਕ ਵੀ ਉਨ੍ਹਾਂ ਰਾਹਵਾਂ ਦੀ । ਯਾਰ ਦੀ ਖ਼ਾਤਰ ਹਸ ਕੇ ਜਰੀਏ, ਜੱਗ ਦੇਵੇ ਜੋ ਦੁਖੜੇ ਵੀ, ਮਰਨ ਤੋਂ ਬਾਅਦ ਵੀ ਦੁਨੀਆਂ ਵਾਲੇ, ਦੇਣ ਮਿਸ਼ਾਲ ਵਫ਼ਾਵਾਂ ਦੀ । ਕਾਹਨੂੰ ਇਸਰਾਂ ਝਿੜਕਾਂ ਦੇਵੇ, ਕਾਸਦ ਓਸ ਵਿਚਾਰੇ ਨੂੰ, ਤਾਂਘ ਦੀ ਸੂਲੀ ਟੰਗ ਛੱਡਿਆ ਈ, ਲੋੜ ਕੀ ਹੋਰ ਸਜ਼ਾਵਾਂ ਦੀ । ਅੱਖੀਆਂ ਤੇਰੇ ਦੀਦ ਨੂੰ ਤਰਸਣ, ਦਿਲ ਸਿੱਕਦਾ ਏ ਮਿਲਣੇ ਨੂੰ, ਮੁਖੜਾ ਚੁੰਮਣ, ਜੱਫੀਆਂ ਪਾਵਣ, ਕਿਸਮਤ ਦੇਖ ਹਵਾਵਾਂ ਦੀ । ਥਾਂ-ਥਾਂ ਤੇ ਅੱਜ ਕੋਠੀਆਂ ਬਣੀਆਂ ਘਰ ਤਾਂ ਟਾਵੇਂ ਟਾਵੇਂ ਨੇ, ਇੱਜ਼ਤ, ਗ਼ੈਰਤ ਗਲੀਆਂ ਰੁਲਦੀ, ਘਾਟ ਏ ਸ਼ਰਮ ਹਿਆਵਾਂ ਦੀ । ਤੱਕ-ਤੱਕ ਅੱਖਾਂ ਪੱਥਰ ਹੋਈਆ, ਖ਼ਬਰ ਨਾ ਆਈ ਮਿੱਤਰਾਂ ਦੀ' ਰੋਜ਼ ਉਡੀਕਾਂ ਚੁੱਕ-ਚੁੱਕ ਅੱਡੀਆਂ, ਲੰਘੀ ਰੁੱਤ ਕਪਾਹਵਾਂ ਦੀ । ਛੱਡ ਕੈਫ਼ੀ ਸਭ ਝਗੜੇ ਝੇੜੇ, ਆਪਣੀ ਢੱਠੀ ਛੱਤ ਦੀ ਸੋਚ, ਨੀਯਤ ਭੈੜੀ ਲੱਗਦੀ ਮੈਨੂੰ, ਕਾਲੀਆਂ ਘੋਰ ਘਟਾਵਾਂ ਦੀ ।
ਅੱਥਰੂ ਕਜਲੇ ਦੀ ਥਾਂ ਮੱਲ ਗਏ
ਅੱਥਰੂ ਕਜਲੇ ਦੀ ਥਾਂ ਮੱਲ ਗਏ, ਹਾਸਿਆਂ ਦੀ ਥਾਂ ਹਾਵਾਂ । ਹਰ ਕੋਈ ਆਪਣੇ ਦੁਖੜੇ ਰੋਂਦਾ, ਕਿਸ ਨੂੰ ਹਾਲ ਸੁਣਾਵਾਂ । ਖ਼ੁਦ-ਗ਼ਰਜ਼ੀ ਦੀ ਇਸ ਨਗਰੀ ਵਿਚ, ਗ਼ਰਜ਼ਾਂ ਜਾਲ ਵਿਛਾਏ, ਇਸ ਦੁਨੀਆਂ ਦੇ ਧਨਵਾਨਾਂ ਤੋਂ, ਕਿੰਜ ਮੈਂ ਜਾਨ ਬਚਾਵਾਂ । ਯਾਦ ਆਉਂਦੀ ਉਹ ਰਾਤ ਹਨੇਰੀ, ਪੱਲੇ ਪਏ ਵਿਛੋੜੇ, ਭੁੱਲੇ ਭੈਂਣ ਭਰਾ ਜਿਸ ਵੇਲੇ, ਬੱਚੜੇ ਵਿਸਰੀਆਂ ਮਾਵਾਂ । ਹਰ ਕੋਈ ਏਥੇ ਸੁਖ ਦਾ ਸਾਂਝੀ, ਦੁੱਖ ਦੇ ਸਾਂਝੀ ਵਿਰਲੇ, ਏਸੇ ਲਈ ਤੇ ਸੱਜਣਾਂ ਕੋਲੋਂ, ਦਿਲ ਦੇ ਜ਼ਖ਼ਮ ਲੁਕਾਵਾਂ । ਮਜਬੂਰੀ ਨੇ ਸੰਗਲ ਪਾਏ, ਤਾਹੀਉਂ ਸਭ ਦੁਖ ਜਰਦਾਂ, ਛੱਡ ਕੇ ਧਰਤੀ ਮਾਂ ਨੂੰ 'ਕੈਫ਼ੀ', ਕਿਹੜੇ ਦਰ ਤੇ ਜਾਵਾਂ ।
ਕਿੱਥੇ ਗਈਆਂ ਖ਼ੁਸ਼ੀਆਂ ਮੇਰੇ ਸ਼ਹਿਰ ਦੀਆਂ
ਕਿੱਥੇ ਗਈਆਂ ਖ਼ੁਸ਼ੀਆਂ ਮੇਰੇ ਸ਼ਹਿਰ ਦੀਆਂ । ਉੱਡੀਆਂ ਉੱਡੀਆਂ ਵਸਤਾਂ ਮੇਰੇ ਸ਼ਹਿਰ ਦੀਆਂ । ਜਦ ਦਾ ਉਹ ਪਰਦੇਸੀ ਏਥੋਂ ਤੁਰਿਆ ਏ, ਲੈ ਗਿਆ ਨਾਲ ਬਹਾਰਾਂ ਮੇਰੇ ਸ਼ਹਿਰ ਦੀਆਂ ਖ਼ਬਰੈ ਕਿਹੜੇ ਖ਼ੌਫ਼ ਨੇ ਤੰਬੂ ਤਾਣੇ ਨੇ, ਸੁੰਨੀਆਂ ਦਿੱਸਣ ਗਲੀਆਂ ਮੇਰੇ ਸ਼ਹਿਰ ਦੀਆਂ । ਦਾਜ ਦੀ ਲਾਅਨਤ ਪਾਰੋਂ ਡੋਲੇ ਉੱਠਦੇ ਨਹੀਂ, ਪੁੱਠੀਆਂ ਸਿੱਧੀਆਂ ਰੀਤਾਂ ਮੇਰੇ ਸ਼ਹਿਰ ਦੀਆਂ । ਲੱਗਦੈ ਮਾਹੀ ਵਿਹੜੇ ਫੇਰਾ ਪਾਇਆ ਏ, ਹੋਈਆਂ ਮਸਤ ਫ਼ਿਜ਼ਾਵਾਂ ਮੇਰੇ ਸ਼ਹਿਰ ਦੀਆਂ । ਖ਼ਬਰੈ ਕਿਸ ਨੇ ਨਫ਼ਰਤ ਦੇ ਬੀ ਬੋਏ ਨੇ, ਲਹੂ ਥੀਂ ਰੰਗੀਆਂ ਕੰਧਾਂ ਮੇਰੇ ਸ਼ਹਿਰ ਦੀਆਂ । ਸਭ ਦੀ ਮੰਗਾਂ ਖ਼ੈਰ ਮੈਂ ਰੱਬ ਤੋਂ 'ਕੈਫ਼ੀ' ਜੀ, ਸ਼ਾਲਾ! ਦੂਰ ਬਲਾਵਾਂ ਮੇਰੇ ਸ਼ਹਿਰ ਦੀਆਂ ।
ਜਦੋਂ ਸਿਰ ਤੋਂ ਸ਼ਮਲੇ ਉਤਾਰੇ ਗਏ ਨੇ
ਜਦੋਂ ਸਿਰ ਤੋਂ ਸ਼ਮਲੇ ਉਤਾਰੇ ਗਏ ਨੇ । ਨਵੇਂ ਹੌਸਲੇ ਫਿਰ ਉਸਾਰੇ ਗਏ ਨੇ । ਟੁਰੇ ਜੋ ਵੀ ਰਾਹੇ ਉਹ ਪਹੁੰਚੇ ਟਿਕਾਣੇਂ, ਟੁਰੇ ਜੋ ਕੁਰਾਹੇ ਉਹ ਮਾਰੇ ਗਏ ਨੇ । ਨਾ ਸਖ਼ੀਆਂ ਦੇ ਹਾਸੇ, ਨਾ ਬੇਲੇ ਦੀ ਰੌਣਕ, ਸਭੇ ਖੁੱਸ ਦਿਲ ਦੇ ਸਹਾਰੇ ਗਏ ਨੇ । ਜਿਨ੍ਹਾਂ ਦੀ ਹਿਆਤੀ ਵਫ਼ਾ ਕਰਦੇ ਲੰਘੀ, ਉਨ੍ਹਾਂ ਨੂੰ ਵੀ ਪੱਥਰ ਹੀ ਮਾਰੇ ਗਏ ਨੇ । ਨਾ ਮੁੜਿਆ ਉਹ 'ਕੈਫ਼ੀ' ਮੈਂ ਰੋਂਦਾ ਰਿਹਾ, ਜਿਵੇਂ ਹਾਵਾਂ ਅੱਥਰੂ ਵੰਗਾਰੇ ਗਏ ਨੇ ।
ਹੋਈਆਂ ਤਲਖ਼ ਫ਼ਿਜ਼ਾਵਾਂ ਕਿਉਂ?
ਹੋਈਆਂ ਤਲਖ਼ ਫ਼ਿਜ਼ਾਵਾਂ ਕਿਉਂ? ਗਲ ਨੂੰ ਆਈਆਂ ਬਾਹਵਾਂ ਕਿਉਂ? ਕੱਲ ਤੱਕ ਹੈ ਸਾਂ ਜਾਨ ਮੈਂ ਤੇਰੀ, ਹੋਇਆ ਅੱਜ ਬੁਰਾ ਵਾਂ ਕਿਉਂ? ਭੁੱਲਕੇ ਅਪਣੀ ਮਾਂ ਬੋਲੀ ਨੂੰ, ਢੋਡਰ ਕਾਗ ਸੱਦਾਵਾਂ ਕਿਉਂ? ਕਰੇਂ ਹਮੇਸ਼ਾ ਅਪਣੀ ਮਰਜ਼ੀ, ਕਰਦੈਂ ਫੇਰ ਸਲਾਹਵਾਂ ਕਿਉਂ? ਜਦ ਉਹ ਜਾਣੇ ਦਿਲ ਦੀ 'ਕੈਫ਼ੀ', ਮੰਗਾਂ ਫੇਰ ਦੁਆਵਾਂ ਕਿਉਂ?
ਅਸਲੀ ਤੱਕ ਕੇ ਚਿਹਰੇ ਏਥੇ
ਅਸਲੀ ਤੱਕ ਕੇ ਚਿਹਰੇ ਏਥੇ । ਟੁੱਟ ਜਾਂਦੇ ਨੇ ਜੇਰੇ ਏਥੇ । ਸੱਧਰਾਂ ਨੂੰ ਕੀ ਜੰਦਰੇ ਲਾਵਾਂ, ਰਾਖੇ ਆਪ ਲੁਟੇਰੇ ਏਥੇ । ਕੋਈ ਨਾ ਦਿਲ ਦੇ ਦਰਦ ਸਹੇੜੇ, ਸੱਜਣ ਯਾਰ ਵਧੇਰੇ ਏਥੇ । ਸੱਪਾਂ ਨਾਲੋਂ ਜ਼ਹਿਰੀ ਬੰਦੇ, ਲਾਈ ਬੈਠੇ ਡੇਰੇ ਏਥੇ । ਮੁਲਕ ਨੂੰ ਰਲ ਮਿਲ ਲੁੱਟੀ ਜਾਂਦੇ, ਹਾਕਮ ਖ਼ਾਨ ਵਧੇਰੇ ਏਥੇ ।
ਵੇਲਾ ਜਦ ਵੀ ਉੱਚੀ ਖੰਘਿਆ
ਵੇਲਾ ਜਦ ਵੀ ਉੱਚੀ ਖੰਘਿਆ । ਸੂਰਜ ਨੀਵਾਂ ਹੋਕੇ ਲੰਘਿਆ । ਚੰਨ ਨਹੀਂ ਮੰਗਿਆ ਰੱਬ ਦੇ ਕੋਲੋਂ, ਤੇਰੇ ਰੂਪ ਦਾ ਚਾਨਣ ਮੰਗਿਆ । ਉਹ ਨਾ ਵੇਖੇ ਲੀਰ-ਕਤੀਰਾਂ, ਜਿਹੜਾ ਇਸ਼ਕ ਦੇ ਰੰਗੀ ਰੰਗਿਆ । ਮੈਨੂੰ ਪੈਣ ਭੁਲੇਖੇ ਤੇਰੇ, ਜਦ ਵੀ ਕੋਈ ਕੋਲੋਂ ਲੰਘਿਆ । 'ਕੈਫ਼ੀ' ਉਹ ਪਿਆ ਮੌਜਾਂ ਮਾਣੇ, ਜਿਸ ਨੇ ਤਾਂਘ ਦੀ ਸੂਲੀ ਟੰਗਿਆ ।