Abdul Hamid Nizami ਅਬਦੁਲ ਹਮੀਦ 'ਨਿਜ਼ਾਮੀ'
ਨਾਂ-ਅਬਦੁਲ ਹਮੀਦ, ਕਲਮੀ ਨਾਂ-ਅਬਦੁਲ ਹਮੀਦ ਨਿਜ਼ਾਮੀ,
ਜਨਮ ਵਰ੍ਹਾ-1961, ਜਨਮ ਸਥਾਨ-ਭਾਈ ਫੇਰੂ ਜ਼ਿਲਾ ਕਸੂਰ,
ਵਿਦਿਆ-ਐਫ਼. ਏ. ਛਪੀਆਂ ਕਿਤਾਬਾਂ-ਰੁੱਖਾਂ ਅੱਗ ਵਰਾਈ (ਪੰਜਾਬੀ ਸ਼ਾਇਰੀ),
ਪਤਾ-ਫ਼ੈਸਲ ਮਾਰਕੀਟ ਭਾਈ ਫੇਰੂ, ਜ਼ਿਲਾ ਕਸੂਰ, ਪੰਜਾਬ ।
ਪੰਜਾਬੀ ਗ਼ਜ਼ਲਾਂ (ਰੁੱਖਾਂ ਅੱਗ ਵਰਾਈ 2002 ਵਿੱਚੋਂ) : ਅਬਦੁਲ ਹਮੀਦ 'ਨਿਜ਼ਾਮੀ'
Punjabi Ghazlan (Rukkhan Agg Warhai 2002) : Abdul Hamid Nizami
ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦੈ
ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦੈ । ਐਵੇਂ ਕਿਸਮਤ ਦੇ ਨਾਲ ਝੱਲਾ ਲੜਿਆ ਫਿਰਦੈ । ਕੱਚੀ ਪੈਂਸਲ ਵਾਂਗੂੰ ਬੰਦਾ ਟੁੱਟਦਾ ਜਾਂਦਾ, ਹਿਰਸ ਤਮੇ ਦੇ ਘਾੜੂ ਅੰਦਰ ਘੜਿਆ ਫਿਰਦੈ । ਮੈਂ ਇਕ ਬੁਲਬੁਲਾ ਡਿੱਠਾ ਮਿੱਟੀ ਤੇ ਪਾਣੀ ਦਾ, ਖ਼ਬਰੈ ਕਿਹੜੀ 'ਵਾ ਦੇ ਘੋੜੇ ਚੜ੍ਹਿਆ ਫਿਰਦੈ । ਇਕ ਗ਼ਲਤੀ ਤੇ ਮੰਗ ਕੇ ਮਾਫ਼ੀ ਮੁੜ-ਮੁੜ ਭੁੱਲੇ, ਅਜੇ ਵੀ ਆਪਣੀ ਗੱਲ ਦੇ ਉੱਤੇ ਅੜਿਆ ਫਿਰਦੈ । ਬਿਨ ਰਹਿਬਰ ਦੇ ਪੰਧ ਅਗਾਂਹ ਦਾ ਕਿੰਜ ਉਹ ਕਰਸੀਂ, ਦੁਨੀਆ ਵਾਲੀ ਮੰਜ਼ਿਲ ਪਾ ਕੇ ਖੜਿਆ ਫਿਰਦੈ । ਪਿੰਜਰੇ ਵਿਚ ਬੇਅਮਰਾ ਥਾਂ-ਥਾਂ ਚੁੰਝਾਂ ਮਾਰੇ, ਚਸ਼ਕੇਦਾਰ ਇਕ ਦਾਣਾ ਖਾ ਕੇ ਤੜਿਆ ਫਿਰਦੈ । ਕਿਤੇ ਵੀ ਟਿਕਣ ਨਾ ਦੇਵੇ ਉਹ ਤੇ ਯਾਰ 'ਨਿਜ਼ਾਮੀ', ਜਦ ਦਾ ਸੱਜਣ ਦੋ ਚਾਰ ਅੱਖਰ ਪੜ੍ਹਿਆ ਫਿਰਦੈ ।
ਹਾਲੇ ਜਾਬਰ ਜ਼ਾਲਮ ਵੱਡਾ ਰੱਜਿਆ ਨਹੀਂ
ਹਾਲੇ ਜਾਬਰ ਜ਼ਾਲਮ ਵੱਡਾ ਰੱਜਿਆ ਨਹੀਂ । ਘਰ ਘਰ ਦੇ ਵਿਚ ਪਾ ਕੇ ਫੱਡਾ ਰੱਜਿਆ ਨਹੀਂ । ਕੰਠ ਫ਼ੌਲਾਦੀ ਵੇਖ ਕੇ ਜ਼ਾਲਮ ਜਰਿਆ ਨਾ, ਉਹਦੇ ਉੱਤੇ ਪਾ ਕੇ ਵੱਢਾ ਰੱਜਿਆ ਨਹੀਂ । ਸਾਨੂੰ ਹੋਸ਼ ਨਈਂ ਆਵਣ ਦਿੱਤੀ ਓਸੇ ਨੇ, ਸੱਧਰਾਂ ਅੱਗੇ ਮਾਰ ਕੇ ਖੱਡਾ ਰੱਜਿਆ ਨਹੀਂ । ਅੱਗੇ ਚੱਲ ਕੇ ਕੀ ਕਰਨਾ ਏਂ ਸਾਨੂੰ ਦੱਸ, ਐਨੇ ਚਿਰ ਦਾ ਗਾਹ ਕੇ ਡੱਡਾ ਰੱਜਿਆ ਨਹੀਂ । ਸੋਚਾਂ ਦੇ ਵਿਚ ਪਾਏ ਬੰਦੇ ਕੁਰਸੀ ਨੇ, ਵੇਖ 'ਨਿਜ਼ਾਮੀ' ਦਿਲ ਦਾ ਵੱਢਾ ਰੱਜਿਆ ਨਹੀਂ ।
ਆ ਗਈਆਂ ਨੇ ਫੇਰ ਬਹਾਰਾਂ
ਆ ਗਈਆਂ ਨੇ ਫੇਰ ਬਹਾਰਾਂ, ਹਸ ਦਿਲਾ । ਜੀ ਆਇਆਂ ਨੂੰ ਆਖਿਆ ਯਾਰਾਂ, ਹਸ ਦਿਲਾ । ਸੱਜਣਾ ਦੇ ਨਾਲ ਕੋਈ ਗਿਲਾ ਤੇ ਫਬਦਾ ਨਹੀਂ, ਭਾਵੇਂ ਲੱਗਣ ਜ਼ਖ਼ਮ ਹਜ਼ਾਰਾਂ, ਹਸ ਦਿਲਾ । ਸੱਜਣਾ ਦੀ ਇਕ ਗੱਲ ਤੇ ਫੁੱਲ ਚੜ੍ਹਾ ਕੇ ਤੇ, ਫੜ ਲਈਆਂ ਨੇ ਨੰਗੀਆਂ ਤਾਰਾਂ, ਹਸ ਦਿਲਾ । ਜੀਣ ਮਰਨ ਦੀਆਂ ਕਸਮਾਂ ਖਾ ਕੇ ਸਾਡੇ ਨਾਲ, ਰਹਿ ਗਏ ਨੇ ਤੱਕ ਬੰਗਲੇ ਕਾਰਾਂ, ਹਸ ਦਿਲਾ । ਝਟ ਝਟ ਮਾਰ ਜੀਵਾਵਣ ਪਏ 'ਨਿਜ਼ਾਮੀ' ਨੂੰ, ਯਾਰਾਂ ਕਰ ਛੱਡਿਆ ਕੋਈ ਕਾਰਾ, ਹਸ ਦਿਲਾ ।
ਅੱਗੇ ਅੱਗੇ ਭੱਜ ਗਵਾਚੇ
ਅੱਗੇ ਅੱਗੇ ਭੱਜ ਗਵਾਚੇ । ਜੀਵਨ ਵਾਲੇ ਚੱਜ ਗਵਾਚੇ । ਦਿਲ ਵਿਚ ਮਾਸਾ ਮੈਲ ਜੇ ਆਈ, ਸਮਝੋ ਰੋਜ਼ੇ ਹੱਜ ਗਵਾਚੇ । ਉਹ ਦਿਨ ਕਰਨੀ ਵਾਲਾ ਜਿਸ ਦਿਨ, ਨਾ ਕਰਨੀ ਦੇ ਪੱਜ ਗਵਾਚੇ । ਅੰਦਰ ਕਿੰਜ ਸਫ਼ਾਈਆਂ ਹੋਵਣ, ਛੱਟਣ ਵਾਲੇ ਛੱਜ ਗਵਾਚੇ । ਪਾਣੀ ਤਾਂ ਫੇਰ ਸੜਣਾ ਈ ਸੀ, ਜੇ ਕਰ ਖੂਹ ਦੀ ਲੱਜ ਗਵਾਚੇ । ਜੱਗ ਦੀ ਭੁੱਖ ਮਿਟਾਵਣ ਵਾਲੇ, ਕਰਕੇ ਆਪਣਾ ਰੱਜ ਗਵਾਚੇ । ਅੱਜ ਕਲ ਕਾਹਦੇ ਯਾਰ 'ਨਿਜ਼ਾਮੀ', ਆਏ, ਸੀਨੇ ਵੱਜ, ਗਵਾਚੇ ।
ਤੋੜੇ ਜਿੰਨੇ ਤਾਰੇ ਗਏ ਨੇ
ਤੋੜੇ ਜਿੰਨੇ ਤਾਰੇ ਗਏ ਨੇ । ਰੂਪ ਤੇਰੇ ਤੋਂ ਵਾਰੇ ਗਏ ਨੇ । ਇਸ਼ਕ ਦੇ ਟੇਟੇ ਚੜ੍ਹ ਕੇ ਏਥੇ, ਬੜੇ ਵਿਚਾਰੇ ਮਾਰੇ ਗਏ ਨੇ । ਫੇਰ ਅੱਜ ਗਏ ਨੇ ਖ਼ੁਸ਼ ਦੀਵਾਨੇ, ਫੇਰ ਅੱਜ ਸੁਣ ਕੇ ਲਾਰੇ ਗਏ ਨੇ । ਤੇਰੇ ਆਉਣ ਦਾ ਸੁਣ ਕੇ ਸੱਜਣਾ, ਲਹਿ ਉਦਰੇਵੇਂ ਸਾਰੇ ਗਏ ਨੇ । ਇਸ਼ਕ ਤੇਰੇ ਵਿਚ ਵਾਂਗ ਪਤੰਗਾਂ, ਕਈ ਲੁੱਟੇ ਕਈ ਮਾਰੇ ਗਏ ਨੇ । ਸਾਂਭ ਕੇ ਰੱਖੇ ਸਨ ਦੋ ਅੱਥਰੂ, ਹਿਜਰ 'ਚ ਡੁੱਲ੍ਹ ਵਿਚਾਰੇ ਗਏ ਨੇ । ਹੁਣ ਤੇ ਹੱਸਣ-ਬੋਲਣ ਛੱਡਿਆ, ਕਿੰਜ ਦੇ ਹੋ ਵਰਤਾਰੇ ਗਏ ਨੇ । ਪਿੱਛੇ ਪਿੱਛੇ ਆ 'ਨਿਜ਼ਾਮੀ', ਕਰਕੇ ਉਹ ਇਸ਼ਾਰੇ ਗਏ ਨੇ ।
ਭਿਸ਼ਤੋਂ ਹੇਠ ਉਤਾਰੇ ਗਏ ਆਂ
ਭਿਸ਼ਤੋਂ ਹੇਠ ਉਤਾਰੇ ਗਏ ਆਂ । ਜੀਂਦੀ ਜਾਨੇ ਮਾਰੇ ਗਏ ਆਂ । ਫੇਰ ਵੀ ਹਸਦੇ ਵਸਦੇ ਫਿਰੀਏ, ਲੱਖਾਂ ਝੱਲ ਖ਼ਸਾਰੇ ਗਏ ਆਂ । ਇਸ਼ਕੇ ਦਾ ਇਹ ਫ਼ਾਇਦਾ ਹੋਇਆ, ਆਪਣੇ ਆਪ ਸਵਾਰੇ ਗਏ ਆਂ । ਰੱਬਾ ਤੇਰੀ ਦੁਨੀਆਂ ਉੱਤੇ, ਕੱਖਾਂ ਵਾਂਗ ਖਿਲਾਰੇ ਗਏ ਆਂ । ਪਲ ਪਲ ਮਰਦੇ ਰਹੇ 'ਨਿਜ਼ਾਮੀ', ਫੇਰ ਵੀ ਕਰੀ ਗੁਜ਼ਾਰੇ ਗਏ ਆਂ ।
ਦਿਲ ਦਾ ਵਿਹੜਾ ਵੱਸ ਪਵੇ ਜੇ
ਦਿਲ ਦਾ ਵਿਹੜਾ ਵੱਸ ਪਵੇ ਜੇ । ਇਕ ਵਾਰੀ ਉਹ ਹੱਸ ਪਵੇ ਜੇ । ਉਹਦੇ ਮੇਲ ਦੀ ਸੱਧਰ ਉਭਰੇ, ਯਾਦਾਂ ਦਾ ਘੜਮੱਸ ਪਵੇ ਜੇ । ਮੈਂ ਦੁਨੀਆਂ ਤੇ ਜੰਨਤ ਦੇਖਾਂ, ਦਿਲ ਦੇ ਬਾਗੀਂ ਰੱਸ ਪਵੇ ਜੇ । ਫੇਰ ਕੀ ਬਣਸੀ ਮੇਰੀ ਕੀਤੀ, ਮੇਰੇ ਵੱਲ ਈ ਨੱਸ ਪਵੇ ਜੇ । ਯਾਰ 'ਨਿਜ਼ਾਮੀ' ਉਡ ਕੇ ਅੱਪੜਾਂ, ਕਿਧਰੇ ਉਹਦੀ ਦੱਸ ਪਵੇ ਜੇ ।
ਦੱਖ ਸਿਆਲਣ ਹੀਰ ਜਿਹੀ ਏ
ਦੱਖ ਸਿਆਲਣ ਹੀਰ ਜਿਹੀ ਏ । ਉੱਤੋਂ ਤੱਕਣੀ ਤੀਰ ਜਿਹੀ ਏ । ਸ਼ੌਹ ਦਰਿਆ ਦੇ ਹੁੰਦੇ ਸੁੰਦੇ, ਜਿੰਦੜੀ ਸੁੱਕੇ ਨੀਰ ਜਿਹੀ ਏ । ਉਹਦੇ ਨਾਂ ਦਾ ਪਤਾ ਨਾ ਕਾਈ, ਨੈਣਾਂ ਵਿਚ ਤਸਵੀਰ ਜਿਹੀ ਏ । ਧਰਤੀ ਉੱਤੇ ਦਰਵੇਸ਼ਾਂ ਦੀ, ਬਹਿਣੀ ਰੱਬ ਕਦੀਰ ਜਿਹੀ ਏ । ਲੋਕੀ ਆਖਣ ਯਾਰ 'ਨਿਜ਼ਾਮੀ', ਤੇਰੀ ਗ਼ਜ਼ਲ ਅਖ਼ੀਰ ਜਿਹੀ ਏ ।