Aatish Kayani
ਆਤਿਸ਼ ਕਿਆਨੀ

ਨਾਂ- ਹਮਾਦ ਰਜ਼ਾ ਕਿਆਨੀ, ਕਲਮੀ ਨਾਂ-ਆਤਿਸ਼ ਕਿਆਨੀ,
ਉਸਤਾਦ-ਜੋਗੀ ਜਿਹਲਮੀ, ਪਿਤਾ ਦਾ ਨਾਂ-ਰਾਜਾ ਮੁਹੰਮਦ ਕਿਆਨੀ,
ਕਿੱਤਾ-ਖੇਤੀ ਬਾੜੀ,
ਪਤਾ- ਚੱਕ ਨੰਬਰ 5/11 ਐਲ, ਗੱਖੜਾਂ ਵਾਲਾ, ਬਰਾਸਤਾ ਹੜੱਪਾ, ਜ਼ਿਲਾ ਸਾਹੀਵਾਲ ।
ਛਪੀਆਂ ਕਿਤਾਬਾਂ-ਹੋਕਰਾ 2007 (ਗ਼ਜ਼ਲਾਂ)

ਪੰਜਾਬੀ ਗ਼ਜ਼ਲਾਂ (ਹੋਕਰਾ 2007 ਵਿੱਚੋਂ) : ਆਤਿਸ਼ ਕਿਆਨੀ

Punjabi Ghazlan (Hokara 2007) : Aatish Kayani



ਉਮਰਾਂ ਦੇ ਇਕਲਾਪੇ ਨੂੰ ਮੈਂ

ਉਮਰਾਂ ਦੇ ਇਕਲਾਪੇ ਨੂੰ ਮੈਂ, ਸੋਚਾਂ ਨਾਲ ਮੁਕਾਇਆ ਏ । ਸੁੰਦਰ ਘੜੀਆਂ ਚੇਤੇ ਕਰਕੇ, ਵਾਹਵਾ ਰੰਗ ਜਮਾਇਆ ਏ । ਅਣਖੀ ਸ਼ੀਸ਼ਾ ਦਿੱਸਣ ਵਾਲਾ, ਕੋਈ ਵੀ ਰਾਹਬਰ ਲੱਭੇ ਨਾ, ਬਾਜ਼ਾਂ ਨੂੰ ਅੱਜ ਇੱਲ੍ਹਾਂ ਨੇ ਕਿੰਜ ਆਪਣੇ ਹੇਠਾਂ ਲਾਇਆ ਏ । ਗ਼ੈਰਾਂ ਨਾਲ ਭਿਆਲੀ ਪਾਇਆਂ, ਇੱਕੋ ਸਿੱਟਾ ਨਿਕਲੇਗਾ, ਤੋਤੇ ਕਾਂ ਦੀ ਯਾਰੀ ਦੇ ਵਿਚ ਜੋ ਤੋਤੇ ਨੇ ਪਾਇਆ ਏ । ਇਕ-ਇਕ ਗੱਭਰੂ ਪੋਰਸ ਵਰਗਾ, ਸਾਨੂੰ ਮੂਲ ਨਾ ਲੋੜਾਂ ਸਨ, ਇਕ ਬਣੀਏ ਦੀਆਂ ਤੜ੍ਹੀਆਂ ਪਾਰੋਂ, ਅੱਕ ਕੇ ਕੰਮ ਮੁਕਾਇਆ ਏ । ਆਪਣੀ ਸੁਰਤ ਨਾ ਰਹਿੰਦੀ ਮੈਨੂੰ, ਤੇਰੀ ਕੀ ਸੁਰ ਰੱਖਾਂ ਮੈਂ, ਭੁੱਖ ਕਲਹਿਣੀ ਕਾਲ ਦੇ ਵਾਂਗਰ, ਘਰ ਘਰ ਰੋਣਾ ਪਾਇਆ ਏ । ਰੁੱਖਾਂ ਵਾਂਗੂੰ ਛਾਂ ਵਰਤਾਏ, ਨਾਲ ਸ਼ਿਲਾ ਨਾ ਮੰਗੇ ਜੋ, ਉਹੀਉ ਆਪਣਾ ਲੀਡਰ ਹੈਸੀ, ਉਹੀਉ ਧਰਤੀ ਜਾਇਆ ਏ । ਭਾਵੇਂ ਰਾਤਾਂ ਲੰਮੀਆਂ 'ਆਤਿਸ਼' ਓੜਕ ਨੂੰ ਦਿਨ ਚੜ੍ਹਨਾ ਏ, ਜਿਸ ਦੀ ਖ਼ਾਤਰ ਸੇਵਕ ਵੀਰੋ ਸੂਰਜ ਯਾਰ ਬਣਾਇਆ ਏ ।

ਅਦਬੀ ਦੁਨੀਆਂ ਅੰਦਰ ਮਿੱਤਰੋ

ਅਦਬੀ ਦੁਨੀਆਂ ਅੰਦਰ ਮਿੱਤਰੋ, ਖਿੜਿਆ ਏ ਗੁਲਜ਼ਾਰ ਗ਼ਜ਼ਲ ਦਾ । ਰੋਜ਼ ਕਿਆਮਤ ਤੀਕਰ ਰਹਿਸੀ, ਜਗ ਤੇ ਹਾਰ ਸ਼ਿੰਗਾਰ ਗ਼ਜ਼ਲ ਦਾ । 'ਪੀਰ ਗੁਜਰਾਤੀ'ਆ ਸਮਝਾਇਆ, ਪਿੰਡਾਂ ਤੀਕਰ ਰਾਜ਼ ਗ਼ਜ਼ਲ ਦਾ । ਉਰਦੂ ਸ਼ਾਇਰਾਂ ਟੁੱਲ ਵੀ ਲਾਇਆ, ਖੁੱਲ੍ਹਿਆ ਨਾ ਇਸਰਾਰ ਗ਼ਜ਼ਲ ਦਾ । ਲੋਕਾਂ ਲੱਖ ਤਜ਼ਰਬੇ ਕੀਤੇ, ਸਹਿ ਨਾ ਸੱਕੇ ਵਾਰ ਗ਼ਜ਼ਲ ਦਾ, ਸੱਭੇ ਸਿਨਫ਼ਾਂ ਆਪਣੇ ਥਾਹਰੇ, ਨਾਵਾਂ ਏ ਸਰਦਾਰ ਗ਼ਜ਼ਲ ਦਾ । ਸੂਫ਼ੀ ਵਲੀਆਂ ਹੱਥ ਜਦ ਧਰਿਆ, ਵਧਿਆ ਹੋਰ ਨਿਖਾਰ ਗ਼ਜ਼ਲ ਦਾ, ਦੱਸੋ ਕੀਹਨੇ ਬੂਟਾ ਲਾਇਆ, ਜੇਹਲਮ ਪੋਠੋਹਾਰ ਗ਼ਜ਼ਲ ਦਾ । 'ਆਤਿਸ਼' ਮੂਲ ਨਾ ਸਮਝੀਂ ਸ਼ਾਇਰ, ਕਰਦਾ ਜੋ ਇਨਕਾਰ ਗ਼ਜ਼ਲ ਦਾ, ਇਕ ਇਕ ਅੱਖਰ ਮੂੰਹੋਂ ਬੋਲੇ, ਦਿਲ ਵਿਚ ਮੇਰੇ ਪਿਆਰ ਗ਼ਜ਼ਲ ਦਾ ।

ਤੇਰੀ ਜ਼ਾਤ ਤੇ ਆਸਾਂ ਮੈਨੂੰ

ਤੇਰੀ ਜ਼ਾਤ ਤੇ ਆਸਾਂ ਮੈਨੂੰ, ਹੋਰ ਕਿਸੇ ਤੇ ਮਾਣਾ ਨਹੀਂ । ਜਿਸ ਵੀ ਉਹਦੇ ਦਰ ਤੋਂ ਮੰਗਿਆ ਖ਼ਾਲੀ ਉਹ ਪਰਤਾਣਾ ਨਹੀਂ । ਸਿੱਧੀ ਵਾਟ ਤੇ ਟੁਰਦਾ ਜਾਵੀਂ, ਸਾਈਆਂ ਨੇ ਫਰਮਾਇਆ ਸੀ, ਇੱਕੋ ਥਾਂ ਤੋਂ ਝੋਲੀ ਭਰ ਲੈ, ਥਾਂ ਥਾਂ ਸ਼ੀਸ਼ ਨਿਵਾਣਾ ਨਹੀਂ । ਬੀਤੇ ਬਾਰੇ ਕਿਉਂ ਮੈਂ ਸੋਚਾਂ, ਬੀਤੇ ਨੇ ਕਦ ਆਉਣਾ ਹੱਥ, ਆਵਣ ਵਾਲਾ ਕੱਲ੍ਹ ਏ ਮੇਰਾ, ਮਾਜ਼ੀ ਨੂੰ ਦੁਹਰਾਉਣਾ ਨਹੀਂ । ਜੀਣਾ ਮਰਨਾ ਇੱਕੋ ਗੱਲ ਏ, ਮਰ ਕੇ ਵੀ ਕਈ ਜੀਂਦੇ ਨੇ, ਰੋਜ਼ ਕਿਆਮਤ ਤੀਕਰ ਸੱਚਿਆਂ ਮਿੱਟੀ ਥੱਲੇ ਆਣਾ ਨਹੀਂ । 'ਪੋਰਸ' ਵਰਗੇ ਟੁਰ ਗਏ ਏਥੋਂ ਜਿਹੜੇ ਸ਼ਾਨਾਂ ਵਾਲੇ ਸਨ, ਉੱਥੇ ਪੱਕੇ ਬੰਨ੍ਹ ਕੀ ਲਾਣੇ, ਜਿੱਥੇ ਅਸਲ ਟਿਕਾਣਾ ਨਹੀਂ ।

ਹੰਢੀ ਵਰਤੀ ਗੱਲ ਏ ਮੇਰੀ

ਹੰਢੀ ਵਰਤੀ ਗੱਲ ਏ ਮੇਰੀ, ਸੱਪਾਂ ਨਾਲ ਪਿਆਰ ਨਾ ਚੰਗਾ । ਨੀਚਾਂ ਦੀ ਅਸ਼ਨਾਈ ਉੱਤੇ, ਹੱਦੋਂ ਵੱਧ ਇਤਬਾਰ ਨਾ ਚੰਗਾ । ਸੁੱਖਾਂ ਪੱਲੇ ਕੀ ਪੈਣਾ ਸੀ, ਦੁਖ ਨਾ ਜੇ ਕਰ ਪੇਟੇ ਪੈਂਦੇ, ਤੇਰਾ ਮਾਨ ਵੀ ਤੋੜ ਨਾ ਦੇਵੇ, ਐਨਾ ਯਾਰ ਹੰਕਾਰ ਨਾ ਚੰਗਾ । ਨਸਲਾਂ ਦੀ ਤੂੰ ਗੱਲ ਨਾ ਛੇੜੀਂ, ਮੁਰਸ਼ਦ ਨੇ ਮੱਤ ਦਿੱਤੀ ਮੈਨੂੰ, ਤੇਰੇ ਮੂੰਹੋਂ ਮੂਲ ਨਾ ਸ਼ੋਭੇ, ਹੌਲੀ ਜ਼ਾਤ ਦਾ ਯਾਰ ਨਾ ਚੰਗਾ । ਨਾਜ਼ੁਕ ਦਿਲ ਤੇ ਸੱਟ ਲੱਗੇ ਤੇ ਅੱਥਰੂ ਗਿੱਲਾਂ ਛੱਡ ਜਾਂਦੇ ਨੇ, ਤੇਰੇ ਸੁੰਦਰ ਮੁੱਖੜੇ ਉੱਤੇ ਹੰਝੂਆਂ ਦਾ ਇਕ ਹਾਰ ਨਾ ਚੰਗਾ । ਚੁੱਪ ਦਾ ਰੋਗ ਹੀ ਖਾ ਗਿਆ ਮੈਨੂੰ ਜਿੰਦਰਾ ਤੋੜ ਦੇ 'ਆਤਿਸ਼' ਘੁਣ ਦੇ ਵਾਂਗਰ ਖਾ ਜਾਂਦਾ ਏ ਦਿਲ ਵਿਚ ਬੰਦ ਗ਼ੁਬਾਰ ਨਾ ਚੰਗਾ ।

ਇਕ ਇਕ ਕਰਕੇ ਡਿਗਦੇ ਜਾਂਦੇ

ਇਕ ਇਕ ਕਰਕੇ ਡਿਗਦੇ ਜਾਂਦੇ ਜਿਹੜੇ ਰੁੱਖ ਪੁਰਾਣੇ ਨੇ । ਨਵਿਆਂ ਨੇ ਕੀ ਛਾਂ ਵਰਤਾਣੀ, ਹਾਲੀ ਆਪ ਅਯਾਣੇ ਨੇ । ਆਪ ਮੁਹਾਰੀਆਂ ਲਗਰਾਂ ਦੇਖੋ, ਮੁੱਢ ਨੂੰ ਪੈਰੀਂ ਦੇਵਣ ਪਾ, ਬਾਗ਼ ਦੀ ਛਾਂਟੀ ਕਰਕੇ ਰੱਖੀਉ ਕਹਿ ਗਏ ਸੱਚ ਸਿਆਣੇ ਨੇ । ਮਾਰੋ ਮਾਰੀ ਕੀਕਣ ਮੁੱਕੇ ਭੁੱਖ ਨਹੀਂ ਮੁੱਕਦੀ ਅੱਖੀਆਂ ਦੀ, ਅੱਖੀਆਂ ਬੱਧੀ ਭੁੱਖ ਦੇ ਸ਼ੀਸ਼ੇ ਅੱਖਰਾਂ ਨਾਲ ਹਟਾਣੇ ਨੇ । ਲੋੜਾਂ ਪੈਂਰੀ ਸੰਗਲ ਪਾਏ, ਸਭਨਾਂ ਸੰਗਾਂ ਸਾਕਾਂ ਨੂੰ, ਚੇਤੇ ਰੱਖ ਇਸ ਦੌਰ ਦੇ ਮਿੱਤਰ ਆਪਾਂ ਨਈਂ ਅਜ਼ਮਾਣੇ ਨੇ । ਵੱਖਰਾ ਵੱਖਰਾ ਕਰਕੇ ਸਾਨੂੰ ਆਪਣਾ ਚਾਕਰ ਕੀਤਾ ਨੇ, ਇਕਲਾਪੇ ਨੂੰ 'ਆਤਿਸ਼' ਲਾ ਕੇ ਅਕੜੇ ਸਿਰ ਨੀਵਾਣੇ ਨੇ ।

ਸੜਕਾਂ ਉਤੇ ਰੁਲਦੇ ਤੱਕੇ

ਸੜਕਾਂ ਉਤੇ ਰੁਲਦੇ ਤੱਕੇ, ਧਰਤੀ ਦੇ ਮੈਂ ਲਾਲ ਕਈ । ਅੱਖਾਂ ਦੇ ਵਿਚ ਪੜ੍ਹ ਲਉ ਲਿੱਖੇ, ਹੰਝੂਆਂ ਨਾਲ ਸਵਾਲ ਕਈ । ਇਕ ਮੁੱਠ ਅੰਨ੍ਹੇ ਗੁੰਬਦ ਅੰਦਰੋਂ ਪਾ ਗਏ ਯਾਰ ਵਸਾਲ ਕਈ, ਜੰਗਲਾਂ ਦੇ ਵਿਚ ਰੁਲ ਗਏ ਕੁੜਮੇਂ, ਕਰਦੇ ਕਰਦੇ ਭਾਲ ਕਈ । ਕੀ ਹੁੰਦਾ ਨਾ ਬਚਪਨ ਮੁੱਕਦਾ, ਰਹਿੰਦਾ ਮੈਂ ਬੇਸੁਰਤੀ ਵਿਚ, ਜਿਉਂ ਜਿਉਂ ਸੁਰਤ ਸੰਭਾਲਾਂ ਮਿੱਤਰੋ ਵਧਦੇ ਜਾਣ ਜੰਜਾਲ ਕਈ । ਵਰ੍ਹਿਆਂ ਬੱਧੇ ਦੁੱਖ ਨੇ ਮੇਰੇ, ਕੀਹਨੇ ਸਾਥ ਨਿਭਾਣਾ ਏ, ਸੁਖ ਪਰਤਣ ਦੀ ਆਸ ਜੇ ਹੁੰਦੀ ਰਹਿੰਦੇ ਮੇਰੇ ਨਾਲ ਕਈ । ਕੀ ਕੀ ਮਿੱਠੇ ਸੁਪਨੇ ਦਿੱਸਣ ਚਾਰ ਦਿਨਾਂ ਦੇ ਟਹਿਕੇ ਲਈ, ਕੋਈ ਨਾ ਕੌਲਾਂ ਉੱਤੇ ਲੱਥਾ, ਲੰਘਦੇ ਜਾਵਣ ਸਾਲ ਕਈ । ਨਫ਼ਸ ਪਲੀਤ ਨਾ ਸੂਰਤ ਹੋਇਆ, ਸਾਰੇ ਟੁਲ ਵਰਤਾ ਬੈਠੇ, ਇਕ ਮੂਜੀ ਸੰਗ ਘੁਲਦੇ ਘੁਲਦੇ, ਹੋ ਗਏ ਨੇ ਬੇਹਾਲ ਕਈ । ਤੇਰਾ ਦਰ ਏ ਆਸਾਂ ਵਾਲਾ, ਆਸ ਚਿਰੋਕੀ ਲਾਈ ਮੈਂ, ਲੇਖਾਂ ਵਾਲੇ ਲੈ ਗਏ ਏਥੋਂ, ਭਰ ਭਰ ਸੱਖਨੇ ਥਾਲ ਕਈ । ਸੁੱਖ ਦਿਹਾੜੇ ਨਾਲ ਨਸੀਬਾਂ, ਕਦੋਂ ਮੁਹਾਰਾਂ ਮੋੜਣਗੇ, ਆਸ ਦੇ ਸਿੱਕੇ ਬੋਝੇ ਪਾ ਕੇ, ਵੇਖਾਂ ਖ਼ਾਬ ਖ਼ਿਆਲ ਕਈ ।

ਬੇਦਰਦਾ ਨਾ ਦਰਦ ਫਰੋਲੀਂ

ਬੇਦਰਦਾ ਨਾ ਦਰਦ ਫਰੋਲੀਂ, ਆਪਣੇ ਦਿਲ ਤੇ ਜਰਿਆ ਕਰ! ਓੜਕ ਲੰਮੀਆ ਰਾਤਾਂ ਮੁਕਣਾ, ਤੂੰ ਨਾ ਚਿੰਤਾ ਕਰਿਆ ਕਰ!! ਹਰ ਇਕ ਬੰਦਾ ਕੈਦੀ ਐਥੇ, ਕੈਦੀ ਕੋਲੋਂ ਆਸ ਨਾ ਰੱਖ, ਨੇੜੇ ਤੋਂ ਵੀ ਨੇੜੇ ਜਿਹੜਾ, ਉਹਦੀ ਆਸ ਤੇ ਟੁਰਿਆ ਕਰ । ਦਿਲ ਦਾ ਸ਼ੀਸ਼ਾ ਢੇਰ ਸੀ ਨਾਜ਼ੁਕ, ਤੋੜ ਕੇ ਖਿੜ-ਖਿੜ ਹੱਸਿਆ ਉਹ ਟੁੱਟਿਆ ਸ਼ੀਸ਼ਾ ਜੋੜ ਲਵੇਂ ਤੇ ਫਿਰ ਤੂੰ ਹਾਵਾਂ ਭਰਿਆ ਕਰ । ਠੋਕਰ ਖਾ ਕੇ ਉਠਦੇ ਵੇਖੇ, ਨਜ਼ਰੋਂ ਡਿਗਿਆ ਉਠਦਾ ਨਹੀਂ, ਸੋਚਾਂ ਨੂੰ ਤੂੰ ਦੇ ਕੜਿਆਲਾ ਮਾਲ ਤੇ ਚਿਤ ਨਾ ਧਰਿਆ ਕਰ । ਹੱਥ ਉਧਾਰੇ ਸਾਹ ਨੇ ਤੇਰੇ ਕਾਹਦੀ ਆਕੜ ਰੱਖੇਂ ਤੂੰ, ਲੰਮੀ ਰੱਸੀ ਛੱਡੀ ਤੇਰੀ ਉਹਦੀ ਖਿੱਚ ਤੋਂ ਡਰਿਆ ਕਰ । ਜ਼ਰ ਤੇ ਸ਼ੁਹਰਤ ਰਹਿ ਜਾਂਦੀ ਜਦ, ਆਪਣੀ ਕਦਰ ਜਤਾਵੇ ਆਪ, ਸੌਖੀਆਂ ਟੌਰ੍ਹਾਂ ਖ਼ਾਤਰ 'ਆਤਿਸ਼' ਮਨ ਨਾ ਹੌਲਾ ਕਰਿਆ ਕਰ ।

ਦੁਨੀਆਂ ਲਈ ਕੁੱਝ ਸੁੱਖ ਕਮਾਈਏ

ਦੁਨੀਆਂ ਲਈ ਕੁੱਝ ਸੁੱਖ ਕਮਾਈਏ ਮੈਂ ਤੇ ਤੂੰ! ਚੰਨ ਦੇ ਵਾਂਗਰ ਲੋ ਵਰਤਾਈਏ ਮੈਂ ਤੇ ਤੂੰ!! ਆਪਣੀ ਹਸਤੀ ਖ਼ਾਕ ਰੁਲਾਈਏ ਮੈਂ ਤੇ ਤੂੰ, ਫਿਰ ਜਾ ਰਾਜ਼ ਹਕੀਕਤ ਪਾਈਏ ਮੈਂ ਤੇ ਤੂੰ । ਭਾਰ ਪਰਾਇਆ ਸਿਰ ਤੇ ਚਾਈਏ ਮੈਂ ਤੇ ਤੂੰ, ਰੱਬ ਸੱਚਾ ਕਰ ਰਾਜ਼ੀ ਜਾਈਏ ਮੈਂ ਤੇ ਤੂੰ । ਕੰਡਿਆਂ ਵਾਲੀ ਤਾਰ ਹਟਾਈਏ ਮੈਂ ਤੇ ਤੂੰ, ਰਲ ਮਿਲ ਏਹੋ ਵਿੱਥ ਮੁਕਾਈਏ ਮੈਂ ਤੇ ਤੂੰ । ਬੁੱਤ ਤੇ ਰੂਹ ਦੀ ਗੱਲ ਮੁਕਾਈਏ ਮੈਂ ਤੇ ਤੂੰ, ਕਤਰੇ ਤੋਂ ਬਣ ਦਰਿਆ ਜਾਈਏ ਮੈਂ ਤੇ ਤੂੰ ।