Aashiq Chaudhari/Lahore
'ਆਸ਼ਿਕ' ਚੌਧਰੀ/ਲਾਹੌਰ

ਨਾਂ-ਆਸ਼ਿਕ ਹੁਸੈਨ ਚੌਧਰੀ, ਕਲਮੀ ਨਾਂ-ਆਸ਼ਿਕ,
ਜੰਮਣ ਵਰ੍ਹਾ-1938, ਜਨਮ ਸਥਾਨ-ਲਾਹੌਰ,
ਵਿਦਿਆ-ਐਮ.ਏ.ਐਲ.ਐਲ. ਬੀ, ਕਿੱਤਾ-ਵਕਾਲਤ,
ਛਪੀਆਂ ਕਿਤਾਬਾਂ : ਅਸੀਂ ਨੈਣਾਂ ਦੇ ਆਖੇ ਲੱਗੇ,
ਪਤਾ-15/1 ਸੁਲਤਾਨ ਪੁਰਾ ਰੋਡ ਲਾਹੌਰ ।

ਪੰਜਾਬੀ ਗ਼ਜ਼ਲਾਂ (ਅਸੀਂ ਨੈਣਾਂ ਦੇ ਆਖੇ ਲੱਗੇ-2001 ਵਿੱਚੋਂ) : 'ਆਸ਼ਿਕ' ਚੌਧਰੀ/ਲਾਹੌਰ

Punjabi Ghazlan (Aseen Naina De Aakhe Lagge-2001) : Aashiq Chaudhari/Lahore



ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ

ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿਚ ਕਰ ਤਕਰੀਰਾਂ! ਮਾਂ ਬੋਲੀ ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ!! ਸਾਡੇ ਦੇਸ਼ 'ਪੰਜਾਬ' ਤੇ ਅਜ਼ਲੋਂ, ਹੋਣੀ ਕਾਬਜ਼ ਹੋਈ, 'ਸੋਹਣੀਆਂ' ਵਿੱਚ ਝਨਾਂ ਦੇ ਡੁੱਬੀਆਂ, ਮੋਹਰਾ ਖਾਧਾ ਹੀਰਾਂ! ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ, ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ-ਲੀਰਾਂ! ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ ਤੇ ਜਿੰਦਰੇ ਲੱਗੇ, ਸਾਨੂੰ ਹਿਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ! ਰੰਰ-ਬਰੰਗੇ ਸੁਹਣੇ ਪੰਛੀ, ਏਥੋਂ ਤੁਰਦੇ ਹੋਏ, ਥੋੜ੍ਹੇ ਉੱਲੂ ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ । ਆਪਣੀ ਬੋਲੀ, ਆਪਣੀ ਧਰਤੀ, ਛੱਡਿਆਂ ਕੁੱਝ ਨਹੀਂ ਰਹਿੰਦਾ, ਕੁਦਰਤ ਮੁਆਫ਼ ਕਦੇ ਨਹੀਂ ਕਰਦੀ 'ਅਸ਼ਿਕ' ਇਹ ਤਕਸੀਰਾਂ ।

ਦੁਨੀਆਂ ਦੀ ਹਰ ਚੀਜ਼ ਦੇ ਵਿੱਚੋਂ

ਦੁਨੀਆਂ ਦੀ ਹਰ ਚੀਜ਼ ਦੇ ਵਿੱਚੋਂ, ਅੱਜ-ਕੱਲ੍ਹ ਅਸਰ ਗਵਾਚੇ । ਪੱਥਰ ਦੇ ਬੁੱਤ ਬਾਕੀ ਰਹਿ ਗਏ, ਏਥੋਂ ਬਸ਼ਰ ਗਵਾਚੇ । ਕਾਗਜ਼ ਦੇ ਫੁੱਲਾਂ ਨੇ ਰਲ-ਮਿਲ, ਏਥੇ ਰੌਣਕ ਲਾਈ, ਧਰਤੀ ਤੋਂ ਖ਼ੁਸ਼ਬੂਆਂ ਮੁੱਕੀਆਂ, ਨਾਲੇ ਇਤਰ ਗਵਾਚੇ । ਰਾਤ ਹਨ੍ਹੇਰੀ ਕਾਬਜ਼ ਹੋਈ, ਇਹਦਾ ਜ਼ੋਰ ਨਾ ਟੁੱਟੇ, ਫ਼ਜਰ ਨਿਮਾਣੀ ਰੋ-ਰੋ ਲੱਭੇ, ਕਿੱਥੇ ਗਜਰ ਗਵਾਚੇ । ਏਸ ਜ਼ਮਾਨੇ ਦੇ ਸਭ ਲੋਕੀ, ਨਿੰਮੋਂ-ਝੂਣੇ ਹੋਏ, ਰੂਹ ਦੀ ਦੌਲਤ ਲੁੱਟੀ-ਪੁੱਟੀ, ਦਿਲ ਦੇ ਨਗਰ ਗਵਾਚੇ । ਸੜਦੀ ਬਲਦੀ ਧਰਤੀ ਉੱਤੇ, ਧੁੱਪਾਂ ਕਹਿਰ ਵਸਾਏ, ਰਹਿਮਤ ਦਾ ਮੀਂਹ ਖ਼ਾਬਾਂ ਹੋਇਆ, ਠੰਢੇ ਅਬਰ ਗਵਾਚੇ । ਆਸ਼ਿਕ ਪਿਆਰ ਦਾ ਚੇਤਾ ਭੁੱਲ ਕੇ, ਹੋਰ ਕਿਤੇ ਈ ਟੁਰ ਗਏ, ਸੰੁਜੀ ਸੱਖਣੀ ਸੂਲੀ ਰੋਵੇ, ਮੇਰੇ ਫ਼ਖ਼ਰ ਗਵਾਚੇ । ਲੱਖਾਂ ਚਿੜੀਆਂ ਰੁੱਖਾਂ ਉੱਤੇ, ਫੇਰ ਦੁਬਾਰਾ ਚਹਿਕਣ, ਇਹਨਾਂ ਲਈ ਮੈਂ ਲੱਭਦਾ ਫਿਰਨਾਂ, 'ਆਸ਼ਿਕ' ਫ਼ਜਰ ਗਵਾਚੇ ।

ਥਾਂ ਥਾਂ ਕੈਦੋਂ ਖੇੜੇ, ਅੱਜ ਕੱਲ

ਥਾਂ ਥਾਂ ਕੈਦੋਂ ਖੇੜੇ, ਅੱਜ ਕੱਲ, ਵਸ ਨਹੀਂ ਚਲਦਾ ਹੀਰਾਂ ਦਾ । ਐਵੇਂ ਰਾਂਝੇ ਪੱਲਾ ਫੜ ਫੜ, ਮਰ ਗਏ ਪੰਜਾਂ ਪੀਰਾਂ ਦਾ । ਹਾਸੇ ਨੂੰ ਵੀ ਲੋਕੀ ਮੂੰਹ ਤੇ, ਪਾਉਡਰ ਵਾਂਗੂੰ ਲਾਉਂਦੇ ਨੇ, ਬਾਹਰੋਂ ਹਰ ਕੋਈ ਰੇਸ਼ਮ ਦਿਸਦਾ, ਅੰਦਰੋਂ ਖਿੱਦੋ ਲੀਰਾਂ ਦਾ । ਇਸ਼ਕ ਅਵੱਲੀਆਂ ਸੱਟਾਂ ਮਾਰੇ, ਅੰਦਰੋਂ ਅੰਦਰੀ ਜੇਰੇ ਨੂੰ, ਮਰਹਮ ਕਿੱਧਰੋਂ ਹੱਥ ਨਾ ਆਵੇ, ਇਹਨਾਂ ਗੁੱਝੀਆਂ ਪੀੜਾਂ ਦਾ । ਇਸ਼ਕ ਤੇ ਆਸ਼ਿਕ ਇੱਕੋ ਦੋਵੇਂ, ਇਕ ਦੂਜੇ ਨਾਲ ਸਜਦੇ ਨੇ, ਆਪਸ ਦੇ ਵਿਚ ਸਾਥ ਇਨ੍ਹਾਂ ਦਾ, ਜਿਸਰਾਂ ਖੰਡ ਤੇ ਖੀਰਾਂ ਦਾ । ਇਸ਼ਕ ਨੇ ਦੁਨੀਆਂ ਰੋਸ਼ਨ ਕੀਤੀ, ਨੂਰੋ-ਨੂਰ ਸੁਹਾਉਂਦਾ ਏ, ਜਿਸਰਾਂ ਰਾਤ ਹਨੇਰੀ ਦੇ ਵਿਚ, ਚਾਨਣ ਬਦਰ ਮੁਨੀਰਾਂ ਦਾ । ਚੰਨ ਤੇ ਤਾਰੇ ਦੂਰ ਦੁਰਾਡੇ, ਕਿੱਥੇ ਨੱਸ ਕੇ ਜਾਵਾਂ ਮੈਂ, 'ਆਸ਼ਿਕ' ਮਕਸਦ ਸੁੱਝਦਾ ਨਾਹੀਂ, ਹੁਣ ਉੱਚੀਆਂ ਤਾਮੀਰਾਂ ਦਾ ।

ਜ਼ੋਰ ਲਗਾ ਕੇ ਥੱਕ ਗਏ ਦਰਿਆ

ਜ਼ੋਰ ਲਗਾ ਕੇ ਥੱਕ ਗਏ ਦਰਿਆ, ਨਦੀਆਂ ਰਹਿ ਗਈਆਂ! ਪਾਣੀ ਲੱਭਣ ਹਾਰੀਆਂ ਅੱਖੀਆਂ, ਟੱਡੀਆਂ ਰਹਿ ਗਈਆਂ!! ਕੁਦਰਤ ਨੇ ਕੋਈ ਕਸਰ ਨਾ ਛੱਡੀ, ਲੋਕਾਂ ਜ਼ੋਰ ਲਗਾਏ, ਫੇਰ ਵੀ ਪੱਲੇ ਖ਼ਾਲੀ ਝੋਲੀਆਂ, ਅੱਡੀਆਂ ਰਹਿ ਗਈਆਂ । ਮਹਿਲ ਦੁਮਹਿਲੇ ਸੱਧਰਾਂ ਵਾਲੇ, ਆਖ਼ਰ ਸੱਭੇ ਡਿੱਠੇ, ਕਿਧਰ ਜਾਵਣ ਆਸਾਂ ਦਿਲ ਚੋਂ ਕੱਢੀਆਂ ਰਹਿ ਗਈਆਂ । ਉੱਭੜ ਵਾਹੇ ਫਿਰਦਾ ਸਾਂ ਮੈਂ, ਵਕਤ ਬੜਾ ਸੀ ਥੋੜਾ, ਜਿਹੜੀਆਂ ਥਾਵਾਂ ਛੱਡੀਆਂ ਗਈਆਂ, ਛੱਡੀਆਂ ਰਹਿ ਗਈਆਂ । ਅੱਗੇ ਵਰਗੇ ਰੌਣਕ ਮੇਲੇ, ਸਾਡੇ ਦਿਲ ਵਿੱਚ ਕਿੱਥੇ, ਸਾਰੇ ਪਾਂਧੀ ਟੁਰ ਗਏ ਖ਼ਾਲੀ, ਗੱਡੀਆਂ ਰਹਿ ਗਈਆਂ । ਆਖ਼ਰ ਇਕ ਦਿਨ ਇਹ ਵੀ 'ਆਸ਼ਿਕ'ਦਿਲੋਂ ਵਿਸਾਰ ਦਵਾਂਗੇ, ਬਹੁਤੀਆਂ ਰੀਝਾਂ ਭੁੱਲੀਆਂ ਇਕ ਦੋ, ਵੱਡੀਆਂ ਰਹਿ ਗਈਆਂ ।

ਲਾਂਬੂ ਸਾਡੇ ਸੀਨੇ ਦੇ ਵਿਚ

ਲਾਂਬੂ ਸਾਡੇ ਸੀਨੇ ਦੇ ਵਿਚ, ਬਲ-ਬਲ ਉੱਠਦੇ ਹਾਵਾਂ ਨਾਲ! ਏਹ ਨਿਰਾਲੀ ਅੱਗ ਨਾ ਬੁਝਦੀ, ਯਾਰੋ ਠੰਡੀਆਂ ਛਾਵਾਂ ਨਾਲ!! ਇਸ਼ਕ ਤੇਰੇ ਵਿੱਚ, ਸਭ ਕੁਝ ਖੁਸਾ, ਦੀਨ ਈਮਾਨ ਤੇ ਦੁਨੀਆਂ ਵੀ, ਆਪਣੀ ਜ਼ਾਤ-ਸ਼ਿਫ਼ਾਤ ਕੀ ਦੱਸੀਏ? ਸਾਨੂੰ ਕੀ ਹੁਣ ਨਾਵਾਂ ਨਾਲ? ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ, ਹੁਕਮ ਕਰੇਂ ਤਾਂ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ! ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ, ਕਿਹੜਾ ਮੂੰਹ ਲੈ ਵਾਪਸ ਜਾਈਏ? ਆਏ ਹੈਸਾਂ ਚਾਵਾਂ ਨਾਲ! ਅਸੀਂ ਨਿਮਾਣੇ ਸਾਦ ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ, ਇਸ਼ਕ ਨੇ ਸਾਡਾ ਸੱਭ ਕੁੱਝ ਲੁੱਟਿਆ ਪੁਠੇ-ਸਿੱਧੇ ਦਾਵਾਂ ਨਾਲ! ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ ਤੇ ਜੋ ਬੀਤੀ ਹੈ, ਉਹਦੇ ਵਸ ਦੀ ਗੱਲ੍ਹ ਨਈਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ!

ਸੌ ਸੌ ਸਾਲਾਂ ਉਮਰਾਂ ਹੋਈਆਂ

ਸੌ ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ । ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ । ਆਪਣੇ ਆਪ ਨੂੰ ਕਿੱਦਾਂ ਬਦਲਾਂ, ਜਾਨ ਛੁਡਾਵਾਂ ਦੁੱਖਾਂ ਤੋਂ, ਜਿੱਧਰ ਜਾਵਾਂ ਉੱਧਰ ਅੱਗੇ, ਦੁੱਖੜਾ ਨਵਾਂ ਨਵੇਲਾ ਸੀ । ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ, ਮਸਜਿਦ ਸੀ, ਮੰਦਰ ਸੀ ਯਾ ਫਿਰ, ਬਾਲ ਨਾਥ ਦਾ ਟਿੱਲਾ ਸੀ । ਆਪਣੀ ਅੱਗ ਵਿਚ ਆਪੇ ਸੜ ਕੇ, ਆਖ਼ਰ ਕੁੰਦਨ ਹੋਇਆ ਮੈਂ, ਉਸਦਾ ਰੁਤਬਾ ਉਚਾ ਹੋਇਆ, ਜਿਹੜਾ ਸਾਡਾ ਚੇਲਾ ਸੀ । ਮੈਨੂੰ ਵਹਿਸ਼ਤ ਦੇ ਵਿਚ 'ਆਸ਼ਿਕ' ਦੂਰ ਨਈਂ ਜਾਣਾ ਪੈਣਾ ਸੀ, ਮੇਰੇ ਆਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ ਬੇਲਾ ਸੀ ।

ਬਾਗਾਂ ਦੇ ਵਿਚ ਫਿਰਨ ਸ਼ਿਕਾਰੀ

ਬਾਗਾਂ ਦੇ ਵਿਚ ਫਿਰਨ ਸ਼ਿਕਾਰੀ, ਸਾਨੂੰ ਕੀ । ਰੁੱਖਾਂ ਨੂੰ ਪਈ ਵੱਢੇ ਆਰੀ, ਸਾਨੂੰ ਕੀ । ਜਿਹੜਾ ਤੱਕੜੀ ਫੜ ਕੇ ਵੰਡਣ ਬੈਠਾ ਸੀ, ਬਾਂਦਰ ਵਾਂਗੂੰ ਖਾ ਗਿਆ ਸਾਰੀ, ਸਾਨੂੰ ਕੀ । ਏਥੇ ਰੋਜ਼ ਤਮਾਸ਼ੇ ਹੁੰਦੇ ਰਹਿੰਦੇ ਨੇ, ਭਾਵੇਂ ਆਵੇ ਕੋਈ ਮਦਾਰੀ, ਸਾਨੂੰ ਕੀ । ਜਿਹੜੇ ਪੰਛੀ ਚਿਰ ਤੋਂ ਦੁੱਖੜੇ ਸਹਿੰਦੇ ਨੇ, ਉੱਡ ਜਾਵਣ ਜੇ ਮਾਰ ਉਡਾਰੀ, ਸਾਨੂੰ ਕੀ । 'ਸਾਨੂੰ ਕੀ' ਦਾ ਨਾਅਰਾ ਕੌਮੀ ਨਾਅਰਾ ਏ, ਸਭਨਾਂ ਤੇ ਹੈ ਗਫ਼ਲਤ ਤਾਰੀ, ਸਾਨੂੰ ਕੀ । ਖੇਡ ਇਸ਼ਕ ਦੀ ਵਿੱਚੋਂ ਮੁੱਕ ਸਵਾਦ ਗਿਆ, ਕਹਿੰਦੇ ਨੇ ਪਏ ਆਪ ਖਿਡਾਰੀ, ਸਾਨੂੰ ਕੀ । 'ਆਸ਼ਿਕ' ਬਹੁਤੀ ਫ਼ਿਕਰਾਂ ਵਿਚ ਨਾ ਜਾਨ ਫਸਾ, ਦੇਖਾਂਗੇ ਜਦ ਆਈ ਵਾਰੀ, ਸਾਨੂੰ ਕੀ ।

ਸਾਨੂੰ ਆਪਣੇ ਉੱਤੇ ਐਡਾ ਮਾਣ ਵੀ ਨਹੀਂ

ਸਾਨੂੰ ਆਪਣੇ ਉੱਤੇ ਐਡਾ ਮਾਣ ਵੀ ਨਹੀਂ । ਸੱਚੀ ਗੱਲ ਏ ਮਜਨੂੰ ਸਾਡਾ ਹਾਣ ਵੀ ਨਹੀਂ । ਉਹਦੇ ਅੱਗੇ ਡਰਿਆ ਡਰਿਆ ਰਹਿੰਦਾ ਏ, ਵੈਸੇ ਦਿਲ ਨੂੰ ਉਹਦੀ ਕੁੱਝ ਪਹਿਚਾਣ ਵੀ ਨਹੀਂ । ਹਿਜਰ ਵਿਛੋੜੇ ਦੇ ਦਿਨ ਕਿਸਰਾਂ ਜਰਦਾ ਹਾਂ, ਮੇਰੇ ਜੁਸੇ ਦੇ ਵਿਚ ਐਡੀ ਜਾਨ ਵੀ ਨਹੀਂ । ਮੇਰਾ ਰੋਣਾ ਸੁਣ ਕੇ ਉਹ ਪਿਆ ਕਹਿੰਦਾ ਸੀ, ਤੇਰੇ ਰੋਣੇ ਦੇ ਵਿਚ ਸੁਰ ਤੇ ਤਾਨ ਵੀ ਨਹੀਂ । ਐਵੇਂ ਲੋਕੀ ਮਜ੍ਹਮਾਂ ਲਾਈ ਰੱਖਦੇ ਨੇ, ਉਹਨਾਂ ਦਿੱਤਾ ਕਦੇ ਕਿਸੇ ਨੂੰ ਦਾਨ ਵੀ ਨਹੀਂ । ਛੋਟੀ ਜਿੰਨੀ ਗੱਲ ਦਾ ਐਡਾ ਪਿੱਟਣਾ ਕੀ, 'ਆਸ਼ਿਕ' ਤੇਰੀ ਐਡੀ ਉੱਚੀ ਸ਼ਾਨ ਵੀ ਨਹੀਂ ।

ਵਾਰੀਆਂ ਇਸ਼ਕ ਮੈਦਾਨੇ ਆਖ਼ਰ ਪੁੱਗੀਆਂ ਨੇ

ਵਾਰੀਆਂ ਇਸ਼ਕ ਮੈਦਾਨੇ ਆਖ਼ਰ ਪੁੱਗੀਆਂ ਨੇ । ਅਸੀਂ ਵੀ ਬੇਲੇ ਦੇ ਵਿਚ ਪਾਈਆਂ ਝੁੱਗੀਆਂ ਨੇ । ਬਾਗ਼ਾਂ ਦੇ ਵਿਚ ਰੌਣਕ ਹੁਸਨ ਖ਼ਿਆਲਾਂ ਦੀ, ਫੁੱਲ ਨਹੀਂ ਇਹ ਮੇਰੀਆਂ ਸੱਧਰਾਂ ਉੱਗੀਆਂ ਨੇ । ਬਾਗ਼ਾਂ ਉੱਤੇ ਗਿਰਝਾਂ ਚੀਲਾਂ ਕਾਬਜ਼ ਨੇ, ਦੂਰ ਨਿਮਾਣੇ ਭੌਰ ਤੇ ਖੁਮਰੇ ਘੁੱਗੀਆਂ ਨੇ । ਰੀਝਾਂ ਦੀ ਜੋ ਡਾਰ ਸੀ ਮੇਰੇ ਸੀਨੇ ਵਿਚ, ਹਿਜਰ ਬਲਾ ਨੇ ਇਕ-ਇਕ ਕਰਕੇ ਚੁਗੀਆਂ ਨੇ । ਹੁਣ ਕਿਉਂ 'ਆਸ਼ਿਕ' ਥਲ ਬਰੇਤੇ ਗਾਹੁੰਦਾ ਨਈਂ, ਬਾਰਾਂ ਪਾਲਣ ਵਾਲੀਆਂ ਅੱਖੀਆਂ ਸੁੱਕੀਆਂ ਨੇ ।

ਕੁਝ ਹੋਰ ਰਚਨਾਵਾਂ : 'ਆਸ਼ਿਕ' ਚੌਧਰੀ/ਲਾਹੌਰ



ਦੁੱਖ ਦਰਿਆ ਸਮੁੰਦਰ ਬਣ ਗਏ

ਦੁੱਖ ਦਰਿਆ ਸਮੁੰਦਰ ਬਣ ਗਏ, ਟੁੱਟੇ ਸੱਭ ਸਹਾਰੇ । ਆਸਾਂ ਨੂੰ ਇੰਝ ਢਾਵਾਂ ਲੱਗੀਆਂ, ਖੁਰ-ਖੁਰ ਗਏ ਕਿਨਾਰੇ । ਹੁਣ ਤੇ ਦਿਲ ਵਿੱਚ ਕਿਧਰੇ ਵੀ ਕੋਈ, ਆਸਾ ਉਮੀਦ ਨਹੀਂ ਵਸਦੀ, ਇੱਕ-ਇੱਕ ਕਰਕੇ ਬੁਝੇ ਆਖ਼ਰ, ਇਹ ਸਭ ਨੂਰ-ਮੁਨਾਰੇ । ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ, ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ । ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ, ਖ਼ੂਨ ਦਾ ਵੱਤਰ ਲਾਵੇ ਕਿਹੜਾ ? ਸਾਨੂੰ ਕੌਣ ਪੁਕਾਰੇ ? ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ, ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ । ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ, ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ । ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ, ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ ।

ਚੱਲੋ ਬਾਗ਼ਾਂ ਦੇ ਵਿੱਚ ਚੱਲੀਏ

ਚੱਲੋ ਬਾਗ਼ਾਂ ਦੇ ਵਿੱਚ ਚੱਲੀਏ, ਆਈ ਰੁੱਤ ਬਹਾਰਾਂ । ਫੁੱਲ ਤੇ ਕਲੀਆਂ ਪਾਲਣ ਦੇ ਲਈ, ਡੋਲ੍ਹੇ ਰੱਤ ਫੁਹਾਰਾਂ । ਹੁਣ ਤੇ ਅਪਣਾ ਭਾਰ ਵੀ ਸਾਨੂੰ, ਚੁੱਕਣਾ ਔਖਾ ਹੋਇਆ, ਕੱਪੜੇ ਲੀਰੋ-ਲੀਰ ਕਰੋ, ਤੇ ਗਲ਼ਮਾ ਚੀਰ ਲੰਗਾਰਾਂ । ਰੀਝਾਂ, ਸੱਧਰਾਂ ਨੇ ਸੁਪਨੇ ਵਿੱਚ, ਬਾਤ ਅਨੋਖੀ ਕੀਤੀ, ਬਾਜ਼ ਤੇ ਸ਼ਿਕਰੇ ਰੁਲਦੇ ਫਿਰਦੇ, ਹੋਇਆ 'ਕੱਠ ਗੁਟਾਰਾਂ । ਜਿੰਦ ਵਿਚਾਰੀ ਰੋ ਰੋ ਹਾਰੀ, ਇਸ ਦੇ ਅੱਥਰੂ ਪੂੰਝੋ, ਰੱਤ ਜਿਗਰ ਦੀ ਦੇ ਕੇ ਬਖ਼ਸ਼ੋ, ਜ਼ੀਨਤ, ਜ਼ੇਬ ਸ਼ਿੰਗਾਰਾਂ । 'ਆਸ਼ਿਕ' ਕਿਧਰੇ ਸਾਡੇ 'ਤੇ ਕੋਈ, ਕਹਿਰ ਨਾ ਆਉਂਦਾ ਹੋਵੇ, ਪੰਛੀ ਹਿਜਰਤ ਕਰ ਗਏ ਏਥੋਂ, ਭਲਕੇ ਬੰਨ੍ਹ ਕਤਾਰਾਂ ।