Vihlian Gallan (Punjabi Essay) : Principal Teja Singh

ਵਿਹਲੀਆਂ ਗੱਲਾਂ (ਲੇਖ) : ਪ੍ਰਿੰਸੀਪਲ ਤੇਜਾ ਸਿੰਘ

ਅੱਜਕਲ ਦੀ ਜਿੰਦਗੀ ਇਕ ਹੁੱਲੜ ਹੈ, ਵਾਵਰੋਲਾ ਹੈ, ਇਸ ਵਿਚ ਵਿਹਲ ਕਿੱਥੇ ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ ? ਫਿਰ ਸਾਰੇ ਸਿਆਣੇ, ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ, ਉਥੇ ਹਰ ਕਥਨ ਦੀ ਵੀ ਗਿਣ ਗਿਣ ਕੇ ਲੇਖਾ ਦੇਣਾ ਪਏਗਾ। ਇਸ ਲਈ ਹਰ ਇਕ ਆਦਮੀ ਨੂੰ ਆਪਣੀ ਜੀਭ ਨੂੰ ਲਗਾਮ ਪਾ ਕੇ ਰੱਖਣਾ ਚਾਹੀਦਾ ਹੈ। ਸਿਰਫ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਾਂ ਝੱਟ ਜੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ। "ਚੁੱਪ ਸੁਨਹਿਰੀ ਹੈ ਤੇ ਬੋਲ ਰੁਪਹਿਰੀ"। ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉੱਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ, ਜਿਵੇਂ ਕੋਈ ਆਰਾਮ ਢੂੰਡਣ ਲਈ ਸੌ ਕੋਹ ਪੈਂਡਾ ਮਾਰੇ, ਜਾਂ ਵਰਤ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇਤਨੇ ਗੁਣ ਗਾਏ ਹਨ ਕਿ ਹੁਣ ਹਰ ਇੱਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫ਼ਤੇ ਭਰ ਦੇ ਲੈਕਚਰਾਂ ਤੇ ਇੰਟਰਵਿਊਆਂ ਮਗਰੋਂ ਮਹਾਤਮਾ ਗਾਂਧੀ ਨੂੰ ਪ੍ਰਾਸ਼ਚਿਤ ਵਜੋਂ ਇੱਕ ਦਿਨ ਮੌਨ ਵਰਤ ਰੱਖਣਾ ਪੈਂਦਾ ਸੀ। ਜਿਤਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ, ਉਤਨਾ ਹੀ ਚੁੱਪ ਤੇ ਖੁਲ੍ਹੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਕਿਸੇ ਗੱਲ ਤੋਂ ਕੋਈ ਗ਼ਲਤ ਫਾਇਦਾ ਨਾ ਉਠਾ ਲਵੇ। ਨਾਲੇ ਕਈ ਵੱਡੇ ਨਿਰੇ ਧਨ ਕਰਕੇ ਜਾਂ ਪਦਵੀ ਕਰਕੇ ਵੱਡੇ ਹੁੰਦੇ ਹਨ। ਉਹਨਾਂ ਵਿੱਚ ਕੋਈ ਗੁਣ ਵੱਡਾ ਨਹੀਂ ਹੁੰਦਾ। ਇਸ ਲਈ ਉਹ ਆਪਣਾ ਕੰਮ ਪ੍ਰਾਈਵੇਟ ਸਕੱਤਰ ਰਾਹੀਂ ਟਪਾ ਲੈਂਦੇ ਹਨ, ਅਤੇ ਲੋਕਾਂ ਸਾਹਮਣਿਉਂ ਮੱਥੇ ਤੇ ਘੂਰੀ ਪਾਂਦੇ ਜਾਂ ਮੁੱਛਾਂ ਨੂੰ ਤਾਅ ਦੇਂਦੇ ਲੰਘ ਜਾਂਦੇ ਹਨ। ਫ਼ਾਰਸੀ ਦੇ ਅਖਾਣ ਮੂਜਬ, ਜਦ ਤੋੜੀ ਉਹ ਮੂੰਹ ਖੋਲ ਕੇ ਗੱਲ ਨਹੀਂ ਕਰਦੇ, ਤਦ ਤੋੜੀ ਉਹਨਾਂ ਦੇ ਗੁਣ-ਔਗਣ ਛੁਪੇ ਰਹਿੰਦੇ ਹਨ।

ਜੇ ਉਹਨਾਂ ਅੰਦਰ ਗੁਣ ਹੋਣ ਵੀ ਤਾਂ ਜ਼ਰੂਰੀ ਨਹੀਂ ਕਿ ਉਹ ਦੱਸ ਸਕਣ ਕਿਉਂਕਿ ਗੱਲ-ਬਾਤ ਕਰਨ ਦਾ ਵੱਲ ਹਰ ਇਕ ਨੂੰ ਨਹੀਂ ਆਉਂਦਾ। ਆਮ ਲੋਕੀਂ ਤਾਂ ਸੰਗਲ ਫੜ ਕੇ ਨਹਾ ਛਡਦੇ ਹਨ। ਖੁੱਲ੍ਹ ਦੀ ਤਾਰੀ ਕੋਈ ਹੀ ਲਾਉਂਦਾ ਹੈ। ਪਰ ਜਦ ਤੱਕ ਕੋਈ ਆਦਮੀ ਖੁੱਲ੍ਹ ਕੇ ਗੱਲ ਨਾ ਕਰੇ ਉਸ ਦੇ ਦਿਲ ਦੀ ਰੌਂ ਪਤਾ ਨਹੀਂ ਲੱਗ ਸਕਦਾ।

ਆਮ ਤੌਰ ਤੇ ਵੱਡਿਆਂ ਦੇ ਦਿਲ ਤੱਕ ਪਹੁੰਚਣਾ ਔਖਾ ਹੁੰਦਾ ਹੈ। ਲੋਕ ਕਹਿੰਦੇ ਹਨ ਕਿ ਬੋਲੀ ਅੰਦਰ ਦਾ ਭਾਵ ਜ਼ਾਹਰ ਕਰਨ ਵਾਸਤੇ ਬਣੀ ਹੈ। (ਵਿਆਕਰਨ ਦੇ ਮੁੱਢਲੇ ਭਾਗ ਵਿੱਚ ਇਉਂ ਹੀ ਪੜ੍ਹੀਦਾ ਹੈ) ਪਰ ਅਸਲ ਵਿਚ ਜੋ ਗੱਲ ਦੇਖੀ ਜਾਂਦੀ ਹੈ ਉਹ ਇਹ ਹੈ ਕਿ ਅੱਜਕਲ ਬੋਲੀ ਬਹੁਤ ਕਰ ਕੇ ਦਿਲ ਦੇ ਭਾਵ ਲੁਕਾਣ ਲਈ ਵਰਤੀ ਜਾਂਦੀ ਹੈ। ਵੱਡਿਆਂ ਦੇ ਚਿਹਰੇ ਨੂੰ ਵੇਖ ਕੇ ਅਨੁਮਾਨ ਲਾਣਾ ਔਖਾ ਹੁੰਦਾ ਹੈ। ਚਿਹਰਾ ਕੀ ਹੁੰਦਾ ਹੈ ਦਿਲ ਦੇ ਬੂਹੇ ਤੇ ਪਿਆ ਇਕ ਪਰਦਾ, ਜਿਸ ਦੇ ਰੰਗ ਬਿਰੰਗੇ ਚਿੱਤਰਾਂ ਤੋਂ ਅੰਦਰ ਦਾ ਅਸਲ ਹਾਲ ਲੱਭਣਾ ਔਖਾ ਹੁੰਦਾ ਹੈ। ਇਹੋ ਜਿਹੇ ਆਦਮੀ ਦੀ ਹਰ ਗੱਲ, ਹਰ ਹਰਕਤ ਰਸਮੀ ਹੋਵੇਗੀ। ਜੇ ਕਿਤੇ ਉਹ ਆਪਣੇ ਅਸਲੀ ਰੂਪ ਵਿਚ ਵੇਖਿਆ ਜਾ ਸਕਦਾ ਹੈ ਤਾਂ ਕੇਵਲ ਉਸ ਵੇਲੇ ਜਦ ਉਹ ਆਪਣੇ ਦੋ-ਚਾਰ ਮਿੱਤਰਾਂ ਨਾਲ ਅੰਦਰਖਾਨੇ ਬਹਿ ਕੇ ਵਿਹਲੀਆਂ ਗੱਪਾਂ ਮਾਰ ਰਿਹਾ ਹੁੰਦਾ ਹੈ। ਉਸ ਵੇਲੇ ਉਸ ਦੇ ਮੂੰਹ ਤੋਂ, ਦਿਲ ਤੋਂ, ਬੋਲੀ ਤੋਂ ਪਰਦਾ ਲਹਿ ਗਿਆ ਹੁੰਦਾ ਹੈ ਤੇ ਉਹ ਪਲ-ਛਿਣ ਲਈ ਆਪਣੇ ਆਪ ਨੂੰ ਹਊ-ਬਹੂ ਕਰ ਰਿਹਾ ਹੁੰਦਾ ਹੈ।

ਇਸ ਪੈਂਤੜੇ ਤੋਂ ਦੇਖੀਏ ਤਾਂ ਵਿਹਲੀਆਂ ਗੱਲਾਂ ਲੈਕਚਰਾਂ ਤੇ ਉਪਦੇਸ਼ਾਂ ਕੋਲੋਂ ਵਧੇਰੇ ਨਿਰੋਲ ਤੇ ਸੱਚ-ਪਰਖਾਊ ਹੁੰਦੀਆਂ ਹਨ, ਕਿਉਂਕਿ ਲੈਕਚਰ, ਕਥਾ ਜਾਂ ਬਹਿਸ ਕਰਨ ਵੇਲੇ ਆਦਮੀ ਇੱਕ ਰਸਮੀ ਚੋਗਾ ਆਪਣੇ ਮਨ ਤੇ ਬੋਲੀ ਉੱਤੇ ਪਾ ਲੈਂਦਾ ਹੈ, ਜਿਸ ਦੇ ਹੇਠਾਂ ਉਸ ਦਾ ਆਪਣਾ ਅਸਲਾ ਛੁਪਿਆ ਰਹਿੰਦਾ ਹੈ। ਪਰ ਓਹੀ ਆਦਮੀ ਜਦ ਨਿਵੇਕਲਾ ਬਹਿ ਕੇ ਕਿਸੇ ਨਾਲ ਖੁਲ੍ਹੀਆਂ ਗੱਲਾਂ ਕਰਦਾ ਹੈ ਤਾਂ ਉਸ ਅੰਦਰ ਵਧੇਰੇ ਨਿੱਖਰ ਕੇ, ਸਭ ਸੁਕੜੇਵੇਂ ਤੇ ਦਿਖਾਵੇ ਦੂਰ ਕਰ ਕੇ ਪ੍ਰਤੱਖ ਹੁੰਦਾ ਹੈ। ਇਸ ਵਿਚ ਕਿਸੇ ਹੋਰ ਦਾ ਰਲਾ ਨਹੀਂ ਹੁੰਦਾ। ਬੋਲੀ ਵੀ ਉਸ ਵੇਲੇ ਸੁਤੰਤਰ, ਨਿਰੋਲ ਅਤੇ ਸਭ ਬਣਾਵਟਾਂ ਤੋਂ ਬਰੀ ਹੁੰਦੀ ਹੈ। ਉਸ ਕਿਸੇ ਉੱਤੇ ਖਾਸ ਅਸਰ ਪਾਣ ਲਈ "ਚਰਨਾਰਬਿੰਦ", "ਮੁਖਾਰਬਿੰਦ" "ਦੋਹਾਂ ਜਹਾਨਾਂ ਦੇ ਵਾਲੀ", "ਜਗਤ ਰੱਖਿਅਕ", ਆਦਿ ਰਸਮੀ, ਇਸਤਲਾਹਾਂ ਵਰਤਣ ਦੇ ਮਜ਼ਬੂਰ ਨਹੀਂ ਹੁੰਦਾ। ਉਹ "ਸੀਤਲ ਜਲ ਛਕਦੇ ਹਨ" ਨਹੀਂ ਕਹਿੰਦਾ, ਬਲਕਿ "ਠੰਢਾ ਪਾਣੀ ਪੀਓ" ਜਿਹੇ ਸਧਾਰਨ ਵਾਕ ਵਰਤਦਾ ਹੈ।

ਕਈ ਸੱਜਣ ਆਪਣੇ ਖਿਆਲਾਂ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਕਦੇ ਹਨ। ਜੇ ਔਖੇ-ਸੌਖੇ ਹੋ ਕੇ ਖੜ੍ਹੇ ਹੋ ਵੀ ਜਾਣ ਤਾਂ ਉਹਨਾਂ ਦੇ ਖਿਆਲ ਦੀ ਸੰਗਲੀ ਟੁੱਟ-ਟੁੱਟ ਪੈਂਦੀ ਹੈ, ਅਤੇ ਬੋਲੀ ਭਈ ਰਸਮੀ ਵਹਾਅ ਵਿਚ ਵਹਿਣ ਤੋਂ ਸੰਗਦੀ ਹੈ। ਪਰ ਜਦ ਉਹ ਵਿਹਲੇ ਬਹਿ ਕੇ ਗੱਲਾਂ ਕਰਨ ਲੱਗਣ ਤਾਂ ਬਹੁਤ ਸੋਹਣਾ ਅਸਰ ਪਾਂਦੇ ਹਨ। ਕਈ ਵਾਰੀ ਡੂੰਘੇ ਖਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬੱਝਵੇਂ ਵਖਿਆਨਾਂ ਰਾਹੀਂ ਨਹੀਂ ਜ਼ਾਹਰ ਕਰ ਸਕਦੇ ਪਰ ਨਿੱਜੀ ਤੌਰ ਤੇ ਆਪਣੇ ਸੰਗੀਆਂ-ਸਾਥੀਆਂ ਵਿਚ ਬੈਠੇ ਉਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਣ-ਪਲਟਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਉਹ ਦੱਸ ਸਕਦਾ ਹੈ ਕਿ ਪ੍ਰਾਈਵੇਟ ਗੱਲ-ਬਾਤ ਕਰਨ ਵਿੱਚ ਕਿਤਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ। ਇਹਨਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਨ ਬਣਾਉਣ ਵਿਚ ਕੀਤਾ ਹੈ ਉਸ ਤੋਂ ਜ਼ਿਆਦਾ ਇਹਨਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡੀ ਤੋਂ ਸੈਦਪੁਰ ਨੂੰ ਜਾਂਦੀ ਸੜਕ ਉੱਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨਿਆਂ ਨੌਜਵਾਨਾਂ ਦੇ ਦਿਲਾਂ ਵਿੱਚ ਦਸ਼ਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ। ਭਾਈ ਵੀਰ ਸਿੰਘ ਜੀ ਨੇ ਆਪਣੇ ਸੋਹਣੇ ਬਾਗ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ ਵਾਂਗੂੰ ਕਿਣ-ਮਿਣ ਲਾ ਕੇ, ਕਿਤਨਿਆਂ ਦੀ ਜੀਵਣ ਵਿਚ ਰਸ ਭਰਿਆ, ਸੁਗੰਧਿਤ ਕੀਤਾ ਤੇ ਕੋਮਲ ਬਣਾਇਆ।

ਇਸੇ ਤਰ੍ਹਾਂ ਹਰ ਸ਼ਹਿਰ, ਹਰ ਪਿੰਡ ਵਿਚ ਕੁਝ ਕੁ ਆਦਮੀ ਹੁੰਦੇ ਹਨ ਜੋ ਕਿਤਾਬਾਂ ਤਾਂ ਨਹੀਂ ਲਿਖਦੇ ਤੇ ਨਾ ਕਿਧਰੇ ਖੜ੍ਹੇ ਹੋ ਕੇ ਲੈਕਚਰ ਕਰਦੇ ਹਨ, ਪਰ ਪਰ੍ਹੇ ਵਿਚ ਬਹਿ ਕੇ ਜੋ ਅਸਰ ਉਹ ਆਪਣੀਆਂ ਗੱਲਾਂ ਨਾਲ ਪਾਂਦੇ ਹਨ, ਉਸ ਦੇ ਨਾਲ ਦਾ ਅਸਰ ਪਿੰਡਾਂ ਦੇ ਗ੍ਰੰਥੀ, ਪੰਡਤ ਜਾਂ ਮੁੱਲਾਂ ਭੀ ਨਹੀਂ ਪਾ ਸਕਦਾ। ਗੁਰਦੁਆਰਿਆਂ, ਮੰਦਰਾਂ ਤੇ ਮਸੀਤਾਂ ਵਿਚ ਜੋ ਕੁਝ ਥੋਕ ਕਰਕੇ ਵਿਕਦਾ ਹੈ, ਇਥੇ ਪਰਚੂਨ ਕਰ ਕੇ ਵਿਹਾਜਿਆ ਜਾਂਦਾ ਹੈ, ਜੋ ਉੱਥੇ ਖ਼ਰਾਸ ਵਾੰਗੂ ਦਰਾਲ੍ਹਿਆ ਜਾਂਦਾ ਹੈ, ਇੱਥੇ ਚੱਕੀ ਵਾਂਗੂ ਮਹੀਨ ਪੀਠਾ ਜਾਂਦਾ ਹੈ, ਜਾਂ ਇਉਂ ਕਹੋ ਕਿ ਜੋ ਉੱਥੇ ਬਿਨਾਂ ਸੋਚੇ ਸਮਝੇ ਨਿਗਲਿਆ ਜਾਂਦਾ ਹੈ, ਉਹ ਇੱਥੇ ਉਗਾਲੀ ਕਰ ਕੇ ਪਚਾਇਆ ਜਾਂਦਾ ਹੈ। ਇਹ ਇੱਕ ਪਾਰਲੀਮੈਂਟ ਹੈ ਜੋ ਹਰ ਥਾਂ ਹਰ ਵੇਲੇ ਲੱਗੀ ਰਹਿੰਦੀ ਹੈ। ਇਸ ਵਿਚ ਆਮ ਰਾਇ ਬਣਦੀ, ਵੱਡੀਆਂ ਵੱਡੀਆਂ ਗੱਲਾਂ ਦੇ ਫ਼ੈਸਲੇ ਹੁੰਦੇ, ਕੌਮਾਂ ਉੱਸਰਦੀਆਂ, ਨਿੱਸਰਦੀਆਂ ਤੇ ਢਹਿੰਦੀਆਂ ਹਨ। ਕੌਸਲਾਂ ਤੇ ਅਸੈਂਬਲੀਆਂ ਵਿਚ ਜਾ ਕੇ ਮਤੇ ਪਿੱਛੋਂ ਪਾਸ ਹੁੰਦੇ ਹਨ, ਪਰ ਪਹਿਲਾਂ ਉਹ ਮਤੇ ਇੱਥੇ ਬਣਦੇ, ਵੋਟਾਂ ਦੀ ਤਿਆਰੀ ਹੁੰਦੀ ਤੇ ਪਾਸ-ਫੇਲ੍ਹ ਕਰਨ ਦੇ ਮਨਸੂਬੇ ਬਣਦੇ ਹਨ। ਜੋ ਜੋ ਖ਼ਿਆਲ ਅੰਤਿਮ ਸ਼ਕਲ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਵਿਚ ਪ੍ਰਕਾਸ਼ਿਤ ਹੁੰਦੇ ਹਨ, ਪਹਿਲਾਂ ਵਿਹਲੀਆਂ ਗੱਲਾਂ ਗੱਪਾਂ ਦੀ ਸ਼ਕਲ ਵਿਚ ਇੱਧਰ-ਉੱਧਰ ਗੇੜੇ ਲਾਂਦੇ ਰਹਿੰਦੇ ਹਨ। ਜਦ ਉਹ ਇਸ ਛੱਜ ਵਿਚੋਂ ਛਟ ਛਟ ਕੇ, ਸਾਫ਼ ਹੋ ਕੇ, ਸਾਰੀ ਜਨਤਾ ਦੇ ਸਾਹਮਣੇ ਆਉਂਦੇ ਹਨ ਤਾਂ ਵਧੇਰੇ ਪ੍ਰਮਾਣਿਕ ਗਿਣੇ ਜਾਂਦੇ ਹਨ। ਪਰ ਕੀ ਇਹ ਛਟਣ-ਛਟਾਣ ਵਾਲਾ ਕੰਮ ਨਿਕੰਮਾ ਹੈ ? ਇਸ ਤੋਂ ਬਿਨਾਂ ਕੋਈ ਖ਼ਿਆਲ, ਕੋਈ ਰਾਇ ਪੱਕੀ ਨਹੀਂ ਹੋ ਸਕਦੀ ਅਤੇ ਜੋ ਉਸਾਰੀ ਕੰਮ ਦੀ ਜਾਂ ਇਸ ਦੇ ਕੰਮਾਂ ਦੀ ਹੋਵੇਗੀ ਉਹ ਕੱਚੀ ਪਿੱਲੀ ਜਾਂ ਛੇਤੀ ਬਦਲਣ ਵਾਲੀ ਹੋਵੇਗੀ। ਇਹ ਇਕ ਸਕੂਲ ਹੈ ਜਿਸ ਵਿਚ ਅਕਬਰ, ਰਣਜੀਤ ਸਿੰਘ, ਡਿਕਨਜ਼, ਟੈਗੋਰ, ਬ੍ਰਾਉਨਿੰਗ, ਆਦਿ ਮਹਾਂ ਪੁਰਖ ਪੜ੍ਹੇ।

ਆਮ ਗੱਲ-ਬਾਤ ਉੱਤੇ ਕੋਈ ਕਾਪੀ-ਰਾਈਟ ਦਾ ਦਾਬਾ ਨਹੀਂ ਹੁੰਦਾ। ਜਿਹੜਾ ਵੀ ਖ਼ਿਆਲ ਚੰਗਾ ਲੱਗੇ ਉਹੋ ਤੁਸੀਂ ਲੈ ਕੇ ਆਪਣਾ ਬਣਾ ਸਕਦੇ ਹੋ। ਕੋਈ ਨੁਕਤਾ ਜਾਂ ਪੜਚੋਲੀਆ ਤੁਹਾਡੇ ਖ਼ਿਆਲਾਂ ਦੇ ਸੋਮੇ ਲੱਭ ਕੇ ਤੁਹਾਨੂੰ ਚੋਰ ਨਹੀਂ ਆਖ ਸਕਦਾ।

ਇਸ ਵਿਚ ਆਜ਼ਾਦੀ ਪੂਰੀ ਪੂਰੀ ਹੈ। ਨਾ ਇਸ ਵਿਚ ਖ਼ੁਫੀਆ ਪੁਲਿਸ ਦਾ ਡਰ, ਨਾ ਕਿਸੇ ਕਾਨੂੰਨ ਦੀ ਉਲੰਘਣਾ ਦਾ (ਘਰ ਬੈਠੇ ਜੁ ਇੱਕ-ਦੋ ਨਾਲ ਗੱਲ ਕਰਨੀ ਹੋਈ)। ਕਿਤਾਬਾਂ ਲਿਖਣ ਲਈ ਹਜ਼ਾਰ ਪ੍ਰਿੰਟ ਕਰਨੇ ਪੈਂਦੇ ਹਨ। ਪਹਿਲਾਂ ਮਸਾਲਾ ਇਕੱਠਾ ਕਰਨਾ ਹੈ, ਫਿਰ ਉਸ ਨੂੰ ਸੋਧ ਕੇ ਇਉਂ ਛਾਪਣਾ ਹੈ ਕਿ ਕੋਈ ਗ਼ਲਤੀ ਨਾ ਪਕੜ ਸਕੇ, ਫਿਰ ਸੱਜਣਾਂ ਮਿੱਤਰਾਂ ਦੀਆਂ ਨਰਾਜ਼ਗੀਆਂ, ਲੋਕਾਂ ਦੇ ਵਹਿਮਾਂ ਤੇ ਕਾਨੂੰਨ ਦੀਆਂ ਪਕੜਾਂ ਤੋਂ ਬਚਣਾ। ਜ਼ਬਾਨੀ ਗੱਲ-ਕੱਥ ਕਰਨ ਵਿਚ ਇਹ ਪੁਆੜੇ, ਇਹ ਸੰਗਾਂ, ਇਹ ਰੁਕਾਵਟਾਂ ਨਹੀਂ ਹੁੰਦੀਆਂ, ਇਸ ਲਈ ਇਸ ਵਿਚ ਵਧੇਰੇ ਖੁੱਲ੍ਹ ਹੁੰਦੀ ਹੈ, ਜਿਸ ਵਿੱਚ ਵਧੇਰੇ ਅਪਣੱਤ, ਵਧੇਰੇ ਨੇਕ-ਨੀਤੀ, ਵਧੇਰੇ ਦਿਆਨਤਦਾਰੀ ਵਰਤਣ ਦਾ ਅਵਸਰ ਮਿਲਦਾ ਹੈ।

ਜੇ ਇਸ ਖੁੱਲ੍ਹ ਦੇ ਵਰਤਣ ਦੀ ਜਾਚ ਜਾਂ ਜਿੰਮੇਵਾਰੀ ਦਾ ਭਾਵ ਨਾ ਹੋਵੇ ਤਾਂ ਇਹ ਖੁੱਲ੍ਹ ਬਹੁਤ ਖਰੂਦ ਮਚਾਂਦੀ ਹੈ। ਆਪ-ਹੁਦਰਾ ਆਦਮੀ ਗੱਪ-ਸ਼ੱਪ ਨੂੰ ਵੈਰ ਕੱਢਣ ਦਾ ਸਾਧਨ ਬਣਾ ਲੈਂਦਾ ਹੈ। ਉਹ ਲੋਕਾਂ ਦੀ ਨਿੰਦਾ-ਚੁਗਲੀ ਕਰਦਾ ਘਰ ਨੂੰ ਘਰ ਤੋਂ ਪਾੜਦਾ, ਦੋਸਤਾਂ-ਮਿੱਤਰਾਂ ਵਿਚ ਗ਼ਲਤ ਫਹਿਮੀਆਂ ਪਾ ਕੇ ਨਖੇੜਦਾ ਤੇ ਸਾਰੇ ਭਾਈਚਾਰੇ ਵਿਤ ਕੁਰਸ ਤੇ ਗੁੰਝਲਾਂ ਪਾ ਦਿੰਦਾ ਹੈ। ਪਰ ਗੱਪੀ ਹੋਣ ਕਰਕੇ ਉਸ ਦੇ ਅੰਦਰ ਦੇ ਔਗੁਣ ਛੇਤੀ ਬਾਹਰ ਆ ਜਾਂਦੇ ਹਨ। ਲੋਕੀਂ ਉਸ ਨੂੰ ਪਛਾਣ ਕੇ ਜਾਂ ਤਾਂ ਉਸੇ ਵੇਲੇ ਕੁੱਟ ਕੁਟਾ ਕੇ ਸੋਧ ਲੈਂਦੇ ਹਨ, ਜਾਂ ਉਸ ਤੋਂ ਦੂਰ ਰਹਿ ਕੇ ਉਸ ਤੋਂ ਪਿੱਛਾ ਛੁੜਾ ਲੈਂਦੇ ਹਨ।

ਖੁੱਲ੍ਹੀਆਂ ਗੱਲਾਂ ਕਰਨ ਦਾ ਵੀ ਇਕ ਹੁਨਰ ਹੈ, ਜੋ ਹਰ ਕਿਸੇ ਨੂੰ ਨਹੀਂ ਆਉਂਦਾ। ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾਂ ਦੀ ਲੋੜ ਹੈ। ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁੱਖ ਹੋਵੇ, ਉਸ ਦੇ ਦਿਲ ਵਿਚ ਲੰਮੇ ਲੰਮੇ ਵੈਰ ਨਾ ਹੋਣ। ਉਸ ਦੀ ਆਮ ਵਾਕਫੀ ਤੇ ਤਜ਼ਰਬਾ ਬਹੁਤ ਹੋਵੇ, ਜੋ ਬਹੁਤ ਕਰਕੇ ਸਫਰ ਕਰਨ ਤੇ ਦੇਸ਼ਾਂ ਵਿਚ ਭਉਣ-ਚਉਣ ਤੋਂ ਮਿਲਦਾ ਹੈ। ਸ਼ਾਇਦ ਇਸੇ ਲਈ ਗੁਰੂ ਨਾਨਕ ਜੀ ਨੇ ਕਿਹਾ ਹੈ - "ਬਹੁ ਤੀਰਥ ਭਵਿਆ ਤੇਤੇ ਲਵਿਆ", ਜੋ ਕੁਝ ਆਲੇ-ਦੁਆਲੇ ਵਿਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰਖਦਾ ਹੋਵੇ। ਨਹੀਂ ਤਾ ਉਸ ਦੀਆਂ ਗੱਲਾਂ, ਉਸ ਦੇ ਮਖੌਲ, ਇੱਕ-ਦੋ ਵਾਰੀ ਦੁਹਰਾਏ ਜਾ ਕੇ ਬਾਸੀ ਜਹੇ ਲੱਗਣ ਲੱਗ ਪੈਣਗੇ। ਉਸ ਨੂੰ ਲੋਕਾਂ ਦੀ ਸੁਭਾਅ ਤੇ ਮੌਕਾ ਪਛਾਨਣ ਦੀ ਜਾਚ ਹੋਵੇ, ਲੋਕਾਂ ਦੀਆਂ ਆਮ-ਰੂਚੀਆਂ ਨਾਲ ਹਮਦਰਦੀ ਹੋਵੇ ਅਤੇ ਆਪਣੀ ਰਾਇ ਤੇ ਦਲੀਲ ਉੱਤੇ ਹੱਠ ਨਾ ਕਰੇ, ਖ਼ਾਸ ਕਰਕੇ ਆਪਣੀ ਬੋਲੀ ਉੱਤੇ ਚੰਗਾ ਕਾਬੂ ਹੋਵੇ।

ਇਹੋ ਜਿਹਾ ਗੱਲਾਂ ਦਾ ਹੁਨਰਮੰਦ ਭਾਈਚਾਰੇ ਦਾ ਭੂਸ਼ਣ ਹੁੰਦਾ ਹੈ। ਲੋਕੀਂ ਸਿੱਖੇ-ਸਿਖਾਏ ਵਿਹਲੀਆਂ ਗੱਲਾਂ ਨੂੰ ਐਵੇਂ ਪਏ ਨਿੰਦਣ, ਪਰ ਦਿਲੋਂ ਹਰ ਕੋਈ ਜਾਣਦਾ ਹੈ ਕਿ ਵਿਹਲੀਆਂ ਗੱਲਾਂ ਬਿਨਾਂ ਗੁਜ਼ਾਰਾ ਨਹੀਂ। ਅੱਜਕਲ ਦੀ ਘੁਠੀ ਹੋਈ ਚਲਦੀ ਦੁਨੀਆਂ ਵਿਚ ਜਿੱਥੇ ਇੰਨੇ ਦੁੱਖ ਤੇ ਰੁਝੇਵੇਂ ਹਨ ਵਿਹਲੀਆਂ ਗੱਲਾਂ ਦਾ ਹੁਨਰ ਬਹੁਤ ਲਾਭਵੰਦ ਹੈ। ਕਾਰਖਾਨੇ ਵਿਚ ਕੰਮ ਕਰ ਕੇ ਥੱਕੇ-ਟੁੱਟੇ ਮਜੂਰਾਂ ਦੀ ਥੱਕੀ ਹੋਈ ਤਬੀਅਤ ਲਈ ਇਹ ਇਕ ਤਰ੍ਹਾਂ ਦੀ ਮਲ੍ਹਮ ਹੈ। ਜੇ ਦਫਤਰੋਂ ਆਏ ਬਾਬੂ ਨੂੰ ਆਪਣੀ ਵਹੁਟੀ ਸਾਰੇ ਦਿਨ ਦੀਆਂ ਚੋਂਦੀਆਂ ਚੋਂਦੀਆਂ ਗੱਲਾਂ ਨਾ ਸੁਣਾਏ, ਜਾਂ ਸ਼ਾਮ ਨੂੰ ਉਸ ਦਾ ਮਿੱਤਰ ਸੈਰ ਕਰਦੇ ਕਰਦੇ ਵਿਹਲੀਆਂ ਠੋਕ ਕੇ ਉਸ ਨੂੰ ਨਾ ਹਸਾਏ ਤਾਂ ਉਸ ਵਿਚਾਰੇ ਦਾ ਥੋੜ੍ਹੇ ਦਿਨਾਂ ਵਿਚ ਘਾਣ ਹੋ ਜਾਏ।

ਜੇ ਕਿਸੇ ਸਬੰਧੀ ਦੇ ਘਰ ਮਰਨੇ ਉੱਤੇ ਜਾ ਕੇ ਪਰਚਾਉਣੀ ਕਰਨੀ ਪਏ ਤਾਂ ਲਕੀਰ ਦਾ ਫਕੀਰ ਤਾਂ ਆਪਣੇ ਸਬੰਧੀ ਨੂੰ ਮੌਤ ਚੇਤੇ ਕਰਾ ਕੇ ਉਸ ਦੇ ਅੱਲੇ ਘਾਓ ਇਉਂ ਉਚੇੜੇਗਾ, "ਵਿਚਾਰਿਆ! ਤੇਰਾ ਕੁਝ ਨਹੀਂ ਰਿਹਾ, ਤੇਰਾ ਹੁਣ ਜੀਣਾ ਕਿਸ ਅਰਥ?" ਪਰ ਜਿਹੜਾ ਆਦਮੀ ਸਮਝਦਾਰ ਹੈ, ਉਹ ਗੱਲਾਂ ਗੱਲਾਂ ਵਿਚ ਆਪਣੇ ਦੁਖੀ ਸਬੰਧੀ ਨੂੰ ਆਪਣੀ ਹਮਦਰਦੀ ਦੱਸ ਦਏਗਾ, ਪਰ ਉਮੀਦ ਵਾਲੀਆਂ ਢਾਰਸ ਵਾਲੀਆਂ ਗੱਲਾਂ ਦੇ ਜ਼ਰੀਏ ਉਸ ਦੇ ਖ਼ਿਆਲ ਨੂੰ ਮੌਤ ਤੇ ਇਸ ਦੇ ਨਾਲ ਆਏ ਕਸ਼ਟਾਂ ਨੂੰ ਉਸ ਦੀਆਂ ਅੱਖਾਂ ਤੋਂ ਉਹਲੇ ਰੱਖਣ ਦੀ ਕੋਸ਼ਿਸ਼ ਕਰੇਗਾ। ਇਉਂ ਕਰਨ ਲਈ ਬਹੁਤ ਸਾਰੀਆਂ, ਵਿਹਲੀਆਂ ਗੱਲਾਂ ਦੀ ਲੋੜ ਹੈ ਜੋ ਇਸ ਹੁਨਰ ਵਿਚ ਪ੍ਰਪੱਕ ਆਦਮੀ ਹੀ ਕਰ ਸਕਦਾ ਹੈ।

ਇਸੇ ਤਰ੍ਹਾਂ ਜਦ ਭੀ ਕੋਈ ਜ਼ਰੂਰੀ ਕੰਮ ਦੀ ਗੱਲ ਕਰਨ ਲੱਗੋ ਤਾਂ ਭੂਮਿਕਾ ਦੇ ਤੌਰ ਤੇ ਕੁਝ ਚਿਰ ਆਸ-ਪਾਸ ਦੀਆਂ ਵਿਹਲੀਆਂ ਗੱਲਾਂ ਕਰਨ ਦੀ ਲੋੜ ਹੁੰਦੀ ਹੈ। ਕਿਸੇ ਮਿੱਤਰ ਪਾਸੋਂ (ਜੋ ਸ਼ਾਹੂਕਾਰ ਨਾ ਹੋਵੇ) ਉਧਾਰ ਲੈਣ ਜਾਓ ਤਾਂ ਤੂਹਾਨੂੰ ਹਜ਼ਾਰ ਵੇਲਣੇ ਸਿੱਧੇ-ਪੁੱਠੇ ਵੇਲਣੇ ਪੈਣਗੇ, ਤਦ ਜਾ ਕੇ ਅਸਲੀ ਮਜ਼ਮੂਨ ਵੱਲ ਆਓਗੇ। ਗੱਲ ਸ਼ੂਰੁ ਕਰਨੀ ਹੀ ਔਖੀ ਹੁੰਦੀ ਹੈ। ਜਦ ਇੱਕ ਵਾਰ ਗੱਲ ਰਿੜ੍ਹ ਪਏ ਤਾਂ ਖਿੱਦੋ ਵਾਂਗ ਖੇਡ ਜਾਰੀ ਰਹਿੰਦੀ ਹੈ। ਵਿਚ-ਵਿਚਾਲੇ ਜਿੱਥੇ ਭੀ ਮੌਕਾ ਲੱਗ ਜਾਏ, ਆਪਣੇ ਮਤਲਬ ਦੀ ਗੱਲ ਠੇਲ੍ਹ ਦਈਦੀ ਹੈ।
"ਸੁਣਾ ਯਾਰ! ਤੂੰ ਤਾਂ ਈਦ ਦਾ ਚੰਦ ਹੀ ਹੋ ਗਿਓਂ। ਕਿੱਥੇ ਰਹਿੰਦਾ ਏ?"
"ਰਹਿਣਾ ਕੀ ਏ? ਕਈ ਦਿਨਾਂ ਤੋਂ ਪਿਆ ਪਾਸੇ ਮਾਰਦਾ ਹਾਂ। ਗੋਡੇ ਵਿਚ ਜੁ ਦਰਦ ਆ ਨਿਕਲੀ ਐ!"
"ਹਾਂ ਜੀ! ਧਨੀ ਲੋਕਾਂ ਦੀਆਂ ਬਿਮਾਰੀਆਂ ਵੀ ਆਰਾਮ ਵਾਲੀਆਂ ਹੁੰਦੀਆਂ ਨੇ। ਡਾਕਟਰ ਹੈ ਨਾ। ਲੋਕੀ ਮੰਜੇ ਤੇ ਪਿਆਂ ਨੂੰ ਵੀ ਆ ਦੁਆਈ ਪੁੱਛਦੇ ਨੇ ਤੇ ਫ਼ੀਸਾਂ ਪਏ ਦਿੰਦੇ ਨੇ। ਜੇ ਮੇਰੇ ਵਰਗਾ ਕੰਗਾਲ ਹੁੰਦੋਂ ਤਾਂ ਬਿਮਾਰ ਪਏ ਦੇਖਦੋਂ ਕਿ ਕਿੰਨੀ ਵੀਹੀਂ ਸੌ ਹੁੰਦਾ ਹੈ।"
"ਵਾਹ ਭਈ! ਤੂੰ ਕਦੋਂ ਦਾ ਕੰਗਾਲ ਹੋ ਗਿਓਂ?"
"ਤੈਨੂੰ ਪਤਾ ਨਹੀਂ? ਮਕਾਨ ਬਣਾ ਬੈਠਾ ਹਾਂ। ਸਭ ਕੁਝ ਵਿੱਚੇ ਲੱਗ ਗਿਐ। ਛੇ ਕੁ ਮਹੀਨੇ ਦੀ ਔੜ ਹੈ! ਫੇਰ ਜਲ-ਥਲ ਹੋ ਜਾਏਗਾ। ਹਾਂ ਸੱਚੀਂ! ਇੱਕ ਸੌ ਦੀ ਡਾਹਢੀ ਲੋੜ ਹੈ। ਭਰਜਾਈ ਕੋਲੋਂ ਪੁੱਛ ਖਾਂ, ਕਿਤੇ ਏਧਰ-ਓਧਰ ਰੱਖੇ ਹੋਣ ਤਾਂ ਕੁਝ ਦਿਨਾਂ ਲਈ ਦੇ ਦੇਵੇ।"

ਬੱਸ, ਇੱਥੋਂ ਆਪਣੇ ਮਤਲਬ ਦੀ ਗੱਲ ਸਿੱਧੀ ਕਰ ਲਈ ਦੀ ਹੈ। ਔਖ ਕੇਵਲ ਸ਼ੁਰੂ ਕਰਨ ਵਿਚ ਹੀ ਹੁੰਦੀ ਹੈ। ਸੋ ਇਹ ਸ਼ੁਰੂ ਕਰਨ ਦਾ ਹੁਨਰ ਵੀ ਗੱਪ-ਸ਼ੱਪ ਅਖਵਾਂਦਾ ਹੈ। ਕੋਈ ਦੁੱਖ ਵਾਲਾ ਸੁਨੇਹਾਂ ਦੇਣਾ ਹੋਵੇ, ਕੋਈ ਸਿਫਾਰਸ਼ ਪਾਣੀ ਹੋਵੇ, ਕੋਈ ਸਾਕ-ਸਬੰਧ ਕਰਨਾ ਪਏ ਤਾਂ ਅਸਲੀ ਮਤਲਬ ਦੀ ਇਮਾਰਤ ਖੜ੍ਹੀ ਕਰਨ ਤੋਂ ਪਹਿਲਾਂ ਕੁਝ ਵਿਹਲੀਆਂ ਗੱਲਾਂ ਦੀ ਡਿਊੜ੍ਹੀ ਉਸਾਰਨੀ ਪੈਂਦੀ ਹੈ। ਕੌਣ ਕਹਿ ਸਕਦਾ ਹੈ ਕਿ ਇਹ ਕੰਮ ਸੌਖਾ ਹੈ ਜਾਂ ਲੌੜੀਂਦਾ ਨਹੀਂ।

ਪਿਆਰ ਦੇ ਮਾਮਲੇ ਵਿਚ ਵਿਹਲੀਆਂ ਗੱਲਾਂ ਇਕ ਖਾਸ ਮਹਾਨਤਾ ਰੱਖਦੀਆਂ ਹਨ। ਇਹ ਮੀਆਂ ਦੇ ਰੂਹ ਦੀ ਖ਼ੁਰਾਕ ਹਨ। ਹਰ ਇੱਕ ਪ੍ਰੇਮੀ ਏਹੋ ਕਹਿੰਦਾ ਹੈ ਕਿ ਦੁਨੀਆਂ ਸਾਰੀ ਲਾਂਭੇ ਹੋ ਜਾਏ ਤੇ ਬੱਸ, "ਇਕ ਤੂੰ ਹੋਵੇਂ ਇਕ ਮੈਂ ਹੋਵਾਂ ਤੇ ਦੋਵੇਂ ਬਹਿ ਕੇ ਗੱਲਾਂ ਕਰੀਏ!"

"ਟਾਹਲੀ ਦੇ ਥੱਲੇ ਬਹਿ ਕੇ,
ਹਾਂ ਮਾਹੀਆ ਵੇ!
ਆ ਕਰੀਏ ਦਿਲ ਦੀਆਂ ਗੱਲਾਂ!
ਤੂੰ ਮੇਰਾ ਦਰਦ ਵੰਡਾਵੇਂ!
ਮੈਂ ਤੇਰੇ ਦਰਦ ਉੱਥਲਾਂ!"

ਅੰਬੀ ਦਾ ਬੂਟਾ ਹੋਵੇ, ਜਾਂ ਖੜ ਖੜ ਕਰਦੇ ਪੱਤਰਾਂ ਵਾਲਾ ਪਿੱਪਲ, ਜਿੱਥੇ ਭੀ ਬਹਿ ਕੇ ਦਿਲ ਦੀਆਂ ਕੋਮਲ ਗੱਲਾਂ ਕੀਤੀਆਂ ਹੋਣ ਉਹ ਥਾਂ ਦਿਲ ਤੋਣ ਨਹੀਂ ਭੁੱਲਦਾ, ਬਲਕਿ ਯਾਦਗਾਰ ਕਾਇਮ ਕਰਨ ਦੇ ਲਾਇਕ ਹੋ ਜਾਂਦਾ ਹੈ।
"ਜਿੱਥੇ ਬਹਿ ਗੱਲਾਂ ਕੀਤੀਆਂ
ਬੂਟਾ ਰੱਖਿਆ ਨਿਸ਼ਾਨੀ!"

ਮੈਨੂੰ ਆਪਣੇ ਮਿੱਤਰ ਤੇ ਜਮਾਤੀ ਚਰਨਜੀਤ ਸਿੰਘ ਦੇ ਪਿਆਰ ਦੀਆਂ ਯਾਦਗਾਰਾਂ ਵਿਚੋਂ ਸਭ ਤੋਂ ਵਧੇਰੇ ਯਾਦ ਰਹਿਣ ਵਾਲੀ ਉਹ ਝਾਕੀ ਹੈ ਕਿ ਜਦੋਂ ਅਸੀਂ ਐਂਟਰੈਂਸ ਦੇ ਇਮਤਿਹਾਨ ਤੋਂ ਵਿਹਲੇ ਹੋ ਕੇ ਕਾਲਜ ਦੇ ਸਾਹਮਣੇ ਵਾਲੇ ਕਿੱਕਰ ਹੇਠਾਂ ਰਲ ਕੇ ਬੈਠੇ ਸਾਂ ਤੇ ਘੰਟਿਆਂ ਬੱਧੀ ਅੱਗੇ-ਪਿੱਛੇ ਦੀਆਂ ਗੱਲਾਂ ਕਰਦੇ ਰਹੇ ਸਾਂ। ਪਿਛਲੀਆਂ ਯਾਦਾਂ ਤੇ ਅੱਗੇ ਆਉਣ ਵਾਲੇ ਵਿਛੋੜੇ ਦੇ ਖ਼ਿਆਲ ਨੇ ਸਾਡੀਆਂ ਨਾੜਾਂ ਨੂੰ ਤਣ ਰੱਖਿਆ ਸੀ ਤੇ ਅਸੀਂ ਇੰਨੇ ਸੂਖਮ ਭਆਵ ਵਾਲੇ ਹੋ ਗਏ ਸਾਂ ਕਿ ਲਹਿੰਦੇ ਸੂਰਜ ਦੀ ਟਿੱਕੀ ਉੱਤੇ ਸਰਕਦੇ ਬੱਦਲਾਂ ਦੇ ਪਰਛਾਵੇਂ ਨੂੰ ਆਪਣੇ ਉੱਤੋਂ ਲੰਘਦੇ ਦੇਖ ਕੇ ਤ੍ਰਬਕ ਪੈਂਦੇ ਸਾਂ, ਅਤੇ ਗੁਰਦੁਆਰੇ ਦੇ ਤੀਜੇ ਧੌਂਸੇ ਦੀ ਉਡੀਕ ਵਿਚ ਗੱਲਾਂ ਕਾਹਲੀ ਕਾਹਲੀ ਕਰਨ ਲੱਗ ਪੈਂਦੇ ਸਾਂ। ਪਰ ਅਮੁੱਕ ਗੱਲਾਂ ਸਨ। ਉਹ ਅਜੇ ਤਾਈਂ ਨਹੀਂ ਮੁੱਕੀਆਂ।

  • ਮੁੱਖ ਪੰਨਾ : ਪ੍ਰਿੰਸੀਪਲ ਤੇਜਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ